ਕਵਿਤਾ ਕਵਿਤਾ ਹੋਣਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ ਕਿ ਚੁੱਪ ਦੀ ਵੀ ਜ਼ੁਬਾਨ ਹੁੰਦੀ, ਜਿਸ ਦੇ ਬੋਲਾਂ ਵਿਚ ਬਹੁਤ ਕੁਝ ਅਬੋਲ ਹੁੰਦਾ।…ਚੁੱਪ ਕਦੇ ਵੀ ਕਮਜੋ਼ਰੀ ਜਾਂ ਬੁਜ਼ਦਿਲੀ ਨਹੀਂ। ਇਹ ਤਾਂ ਸਮਝਦਾਰੀ ਅਤੇ ਵਕਤ ਦਾ ਤਕਾਜ਼ਾ ਹੁੰਦੀ।

ਚੁੱਪ ਨੂੰ ਸਮਝਣ ਲਈ ਸਮਰੱਥਾ, ਸੂਖਮਤਾ ਅਤੇ ਸਿਆਣਪ ਦੀ ਲੋੜ। ਉਨ੍ਹਾਂ ਨਸੀਹਤ ਕੀਤੀ ਸੀ, “ਕਦੇ ਵੀ ਘਰ ਵਿਚ ਚੁੱਪ ਨਾ ਸਿਰਜੋ। ਸਗੋਂ ਇਸ ਚੁੱਪ ਨੂੰ ਕੁਝ ਬੋਲ ਦਿਓ ਤਾਂ ਕਿ ਇਸ ਚੁੱਪ ਵਿਚੋਂ ਸੁਗਮ-ਸੰਗੀਤ, ਮਿੱਠੜੇ ਬੋਲ, ਸੁ਼ਭ-ਕਾਮਨਾਵਾਂ ਅਤੇ ਸੁ਼ਭ-ਚਿੰਤਨ ਦੀਆਂ ਮਧੂਰ ਧੁਨਾਂ ਪੈਦਾ ਹੋਣ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਹੈ ਕਿ ਕਵਿਤਾ ਨੂੰ ਪੜ੍ਹਨ ਤੇ ਸਮਝਣ ਲਈ ਦਿੱਬ ਦ੍ਰਿਸ਼ਟੀ ਦੀ ਲੋੜ। ਕਵਿਤਾ ਨਾਲ ਕਵਿਤਾ ਕਵਿਤਾ ਹੋਣਾ ਹੀ ਮਨੁੱਖੀ ਯਾਤਰਾ ਦਾ ਸਭ ਤੋਂ ਅਹਿਮ ਸੁਭਾਅ ਤੇ ਸਰੋਕਾਰ।…ਕਵਿਤਾਵਾਂ ਤਾਂ ਬਹੁਤ ਹੁੰਦੀਆਂ, ਪਰ ਸਭ ਤੋਂ ਮੁਕੱਦਸ ਕਵਿਤਾ ਹੈ, ਅੰਦਰ ਵਿਚ ਉਗਦੀ ਕਵਿਤਾ। ਅਵਾਜ਼ਾਰ, ਅਚਨਚੇਤੀ ਅਤੇ ਅਫਲਾਤੂਨੀ ਕਵਿਤਾ ਵਿਚੋਂ ਆਪਣੇ ਆਪ ਨੂੰ ਪੜ੍ਹਨਾ। ਡਾ. ਭੰਡਾਲ ਦੇ ਸ਼ਬਦਾਂ ਵਿਚ, “ਸਭ ਤੋਂ ਖੂਬਸੂਰਤ ਕਵਿਤਾ ਕਿਸਾਨ ਤੇ ਮਜਦੂਰ ਲਿਖਦਾ ਜਾਂ ਸਮਾਜ-ਸੇਵਾ ਨੂੰ ਅਰਪਿੱਤ ਵਿਅਕਤੀ ਲਿਖਦਾ। ਇਹ ਕਵਿਤਾ ਸੋਚਾਂ ਵਿਚ ਲਿਖੀ ਜਾਂਦੀ, ਕਰਮਾਂ ਵਿਚੋਂ ਉਘੜਦੀ, ਕੀਰਤੀ ਵਿਚੋਂ ਪ੍ਰਗਟਦੀ ਜਾਂ ਆਪਣੇ ਲੇਖਾਂ ਨੂੰ ਖੁਦ ਲਿਖਦੀ। ਇਹ ਕਵਿਤਾ ਕਿਸੇ ਦੀ ਮੁਥਾਜ਼ ਨਹੀਂ ਅਤੇ ਨਾ ਹੀ ਕਿਸੇ ਦੀ ਬਾਂਦੀ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਕਵਿਤਾ ਆਵੇਸ਼, ਇਲਹਾਮ, ਅੰਤਰੀਵ ਵਿਚ ਫੁੱਟਦੀ ਨਿਰਮਲ-ਧਾਰਾ, ਵਿਚਾਰਾਂ ਦਾ ਪ੍ਰਵਾਹ, ਸੋਚਾਂ ਦੀਆਂ ਲਾਮਡੋਰੀਆਂ ਅਤੇ ਭਾਵਾਂ ਦੀਆਂ ਵੱਗਦੀਆਂ ਪੌਣਾਂ। ਕਵਿਤਾ ਜੁਗਲਬੰਦੀ, ਜੁਗਾੜਬੰਦੀ, ਜ਼ਬਰਦਸਤੀ, ਜ਼ਰਬ/ਤਕਸੀਮ, ਜਮ੍ਹਾਂ/ਘਟਾਓ ਨਹੀਂ। ਇਹ ਤਾਂ ਆਪ ਮੁਹਾਰਾ ਸ਼ਬਦ-ਆਵੇਗ, ਅਰਥਾਂ ਦੀ ਸ਼ਮੂਲੀਅਤ। ਕਵਿਤਾ ਦਾ ਰੂਪ ਕਿੰਜ ਕਿਆਸੋਗੇ? ਕਵਿਤਾ, ਆਪਣਾ ਰੂਪ ਜਾਂ ਮੁਹਾਂਦਰਾ ਆਪ ਹੀ ਲੈ ਕੇ ਆਉਂਦੀ। ਹਰ ਕਵਿਤਾ ਵੱਖਰੀ ਤੇ ਵਿਲੱਖਣ ਹੋਵੇ ਤਾਂ ਹੀ ਇਹ ਆਪਣਾ ਨਕਸ਼ ਅਤੇ ਨਦਰਿ ਹੁੰਦੀ।
ਕਵਿਤਾ, ਬੰਦੇ ਦੇ ਅੰਤਰੀਵ ਦੀ ਯਾਤਰਾ। ਆਪਣੇ ਆਪ ਦੇ ਸਨਮੁੱਖ ਹੋਣਾ। ਆਪਣਾ ਵਿਸਥਾਰ ਤੇ ਹੁਲਾਰ। ਸੁਪਨੇ ਤੇ ਸੰਭਾਵਨਾ। ਅੰਦਰਲੇ ਸੱਚ ਨੂੰ ਸ਼ਬਦਾਂ ਦੀ ਨੁਹਾਰ ਬਖਸ਼ਣੀ। ਇਸ ‘ਚੋਂ ਹੀ ਨਿਵੇਲੀ ਕਾਵਿ-ਬਿੰਬ ਅਤੇ ਵਰਣਮਾਲਾ ਦਾ ਜਨਮ।
ਕਵਿਤਾ ਨੂੰ ਤਾਂ ਭਾਲਣ ਦੀ ਵੀ ਲੋੜ ਨਹੀਂ। ਇਹ ਤਾਂ ਮਨੁੱਖ ਦੇ ਅੰਦਰ। ਕੁਝ ਜੰਮਣ-ਪੀੜਾਂ ਹੰਢਾਉਂਦੀਆਂ ਤੇ ਕੁਝ ਲਾਡ ਲਡਾਉਂਦੀਆਂ। ਕੁਝ ਅਧੂਰੀਆਂ ਤੇ ਕੁਝ ਪੂਰਨ। ਇਨ੍ਹਾਂ ਕਵਿਤਾ ਦੇ ਰੂਬਰੂ ਹੋ, ਇਨ੍ਹਾਂ ਨੂੰ ਮੁਖਾਤਬ ਹੋਵੇਗੇ ਤਾਂ ਕਵਿਤਾ ਨੂੰ ਲੱਭਣ ਦੀ ਨੌਬਤ ਨਹੀਂ ਆਵੇਗੀ।
ਕਵਿਤਾ, ਸਾਡੇ ਆਲੇ-ਦੁਆਲੇ ਪਸਰੀ। ਚੌਗਿਰਦੇ ਵਿਚ ਸਮਾਈ। ਹਵਾਵਾਂ ‘ਚ ਗੁਣਗੁਣਾਉਂਦੀ। ਪਾਣੀਆਂ ਦੀਆਂ ਲਹਿਰਾਂ ਸੰਗ ਉਛਲਦੀ, ਪਰ ਇਸ ਕਵਿਤਾ ਨੂੰ ਤੱਕਣ ਵਾਲੇ ਨੈਣ ਵਿਕੋਲਿਤਰੇ ਅਤੇ ਪੜ੍ਹਨ ਵਾਲੀ ਸੋਚ ਵੱਖਰੀ। ਇਸ ਦੀਆਂ ਰਮਜ਼ਾਂ ਨੂੰ ਸਮਝਣ ਤੇ ਇਸ ਨੂੰ ਅੰਤਰੀਵ ਵਿਚ ਉਤਾਰਨ ਵਾਲੇ ਬਹੁਤ ਹੀ ਵਿਰਲੇ ਲੋਕ।
ਕਵਿਤਾ ਨੂੰ ਪੜ੍ਹਨ ਤੇ ਸਮਝਣ ਲਈ ਦਿੱਬ ਦ੍ਰਿਸ਼ਟੀ ਦੀ ਲੋੜ। ਕਵਿਤਾ ਨਾਲ ਕਵਿਤਾ ਕਵਿਤਾ ਹੋਣਾ ਹੀ ਮਨੁੱਖੀ ਯਾਤਰਾ ਦਾ ਸਭ ਤੋਂ ਅਹਿਮ ਸੁਭਾਅ ਤੇ ਸਰੋਕਾਰ।
ਕਵਿਤਾ ਸਾਡੇ ਚੇਤਨ ਤੇ ਅਵਚੇਤਨ ‘ਚ। ਸੰਵੇਦਨਸ਼ੀਲਤਾ ਅਤੇ ਸੂਖਮਤਾ ‘ਤੇ ਨਿਰਭਰ। ਚੇਤਨਾ ਅਤੇ ਚਿੰਤਨ ‘ਚ ਰੂਪ ਘੜਦੀ। ਸੂਖ਼ਮਤਾ ‘ਚ ਆਪਣਾ ਅਕਾਰ ਅਤੇ ਹੋਂਦ ਧਾਰਦੀ।
ਤਾਰਿਆਂ ਵਲੋਂ ਅੰਬਰ ਦੀ ਸਲੇਟ ‘ਤੇ ਲਿਖੀ ਜਾ ਰਹੀ ਕਿਰਨ-ਕਵਿਤਾ ਨੂੰ ਪੜ੍ਹਨਾ। ਇਹ ਕਵਿਤਾ ਸੂਰਜਾਂ, ਤਾਰਿਆਂ ਦੀਆਂ ਖਿਤੀਆਂ, ਗ੍ਰਹਿਆਂ, ਉਪ-ਗ੍ਰਹਿਆਂ ਦਾ ਰੂਪ ਵਟਾਉਂਦੀ, ਚਾਨਣ ਰੰਗੇ ਅੰਬਰ ਨੂੰ ਧਰਤੀ ਦਾ ਚੰਦੋਆ ਬਣਾਉਂਦੀ। ਚੰਨ-ਚਾਨਣੀ, ਕਵਿਤਾ ਦਾ ਸੰਧੂਰੀ ਰੰਗ। ਹੁਸੀਨ ਰੂਹਾਂ, ਪਿਆਰਿਆਂ ਦੀ ਆਗੋਸ਼ ਨੂੰ ਚਾਨਣ-ਰੱਤਾ ਕਰਦੀਆਂ। ਇਸ ਦਾ ਹੁਨਰ ਤੇ ਹਾਸਲ ਸਿਰਫ ਚੰਨ ਨੂੰ। ਤਾਂ ਹੀ ਲੋਕ ਮੱਸਿਆ ਤੋਂ ਉਕਤਾਏ ਪੁੰਨਿਆ ਦੀ ਉਡੀਕ ਦੌਰਾਨ, ਚੰਨ ਲਈ ਔਂਸੀਆਂ ਪਾਉਂਦੇ। ਚੰਨ-ਮਾਮਾ ‘ਤੇ ਚਰਖਾ ਕੱਤਦੀ ਦਾਦੀ ਮਾਂ, ਧਰਤੀ ਦੇ ਬੱਚਿਆਂ ਲਈ ਕਵਿਤਾ ਦੀਆਂ ਪੂਣੀਆਂ ਹੀ ਤਾਂ ਕੱਤਦੀ ਆ।
ਕਵਿਤਾ, ਪਹਾੜਾਂ ਦੇ ਪਿੰਡੇ ‘ਤੇ ਵੀ ਉਘੜੀ ਹੁੰਦੀ। ਜੰਗਲਾਂ, ਬਰਫ ਦੀ ਚਾਦਰ, ਪਹਾੜੀ ਜੀਵਾਂ ਦਾ ਨਿਆਰਾਪਣ ਅਤੇ ਪਹਾੜਾਂ ਦੀ ਲਿਖੀ ਜਾ ਰਹੀ ਕਵਿਤਾ ਨੂੰ ਕਦੇ ਮਿਲਣਾ। ਤੁਸੀਂ ਪਹਾੜਾਂ ਦੀ ਸੁੰਦਰਤਾ, ਪਾਕੀਜ਼ਗੀ ਅਤੇ ਜੀਵਨ-ਬਖਸ਼ਣਹਾਰੀ ਆਬੋ ਹਵਾ ਨੂੰ ਸਲਾਮ ਕਰੋਗੇ। ਅੰਬਰ ਛੂੰਹਦੀਆਂ ਪਰਬਤੀ ਟੀਸਿਆਂ ਨਾਲ ਖਹਿੰਦੀ ਪੌਣ ਵੀ ਅਜਿਹੀ ਕਵਿਤਾ ਪੈਦਾ ਕਰਦੀ ਹੈ, ਜੋ ਪਹਾੜਾਂ ਨੂੰ ਜਿਊਣ-ਜੋਗਾ ਕਰਦੀ; ਤਾਂ ਹੀ ਲੋਕ ਆਪਣੇ ਆਪ ਨਾਲ ਰਾਬਤਾ ਕਾਇਮ ਕਰਨ ਲਈ ਪਹਾੜਾਂ ਦੀ ਪਨਾਹ ਲੈਂਦੇ। ਪਹਾੜ ਤੋਂ ਅੰਬਰ ਲਈ ਪੌੜੀ ਬਣਦੇ ਬੱਦਲਾਂ ‘ਤੇ ਲਿਖੀ ਕਵਿਤਾ ਨੂੰ ਰਮਾਓ। ਕਵਿਤਾ ਵਿਚ ਖੁਦ ਨੂੰ ਭਿਉਂ ਕੇ ਆਪਣੇ ਆਪ ਨੂੰ ਲਬਰੇਜ਼ ਕਰੋ। ਤਾਂ ਹੀ ਬੱਦਲੋਟੀਆਂ ਜਾਂ ਤਿੱਤਰਖੰਭੀਆਂ ਜਦ ਕਾਲੀਆਂ ਘਟਾਵਾਂ ਦਾ ਰੂਪ ਧਾਰਦੀਆਂ ਤਾਂ ਬਹੁਤ ਕੁਝ ਜੀਵ-ਸੰਸਾਰ ਨੂੰ ਅਰਪਿੱਤ ਕਰਦੀਆਂ। ਇਸ ਅਰਪਣ ਨਾਲ ਧਰਤ ਨੂੰ ਆਪਣੀ ਨੁਹਾਰ ਅਤੇ ਅੰਦਾਜ਼ ਨੂੰ ਬਦਲਣ ਅਤੇ ਇਸ ਨੂੰ ਅਦਬ ਤੇ ਅਦਾਬ ਮਿਲਦਾ। ਬੱਦਲਾਂ ‘ਤੇ ਉਕਰੀਆਂ ਕਵਿਤਾਵਾਂ ਜਦ ਬਾਰਸ਼ ਦਾ ਰੂਪ ਵਟਾਉਂਦੀਆਂ ਤਾਂ ਇਹ ਜਿ਼ੰਦਗੀ ਦਾ ਗੀਤ ਗਾਉਂਦੀਆਂ। ਕਦੇ ਮੀਂਹ ਦੀ ਰਿਮਝਿਮ, ਮੋਹਲੇਧਾਰ ਬਾਰਸ਼ ਜਾਂ ਨਿੱਕੀ ਨਿੱਕੀ ਕਣੀ ਦੀ ਭੂਰ ਵਿਚ ਖੁਦ ਨੂੰ ਭਿਆਉਣਾ, ਮੀਂਹ ਦੀ ਕਵਿਤਾ ਨੂੰ ਆਪਣੇ ਵਿਚ ਰਚਾਉਣਾ, ਤੁਹਾਨੂੰ ਕਵਿਤਾ ਵਿਚ ਭਿੱਜ ਕੇ ਕਵਿਤਾ-ਕਵਿਤਾ ਹੋਣ ਦਾ ਵਿਸਮਾਦ ਤੇ ਵਿਲੱਖਣਤਾ ਨਸੀਬ ਹੋਵੇਗੀ।
ਬਹੁਤ ਸਾਰੀਆਂ ਕਵਿਤਾਵਾਂ ਬਚਪਨ, ਜਵਾਨੀ, ਅੱਧਖੜ ਉਮਰ ਜਾਂ ਢਲਦੀ ਸ਼ਾਮ ਵਿਚ ਬੰਦੇ ਨੂੰ ਮਿਲਣਾ ਲੋਚਦੀਆਂ, ਪਰ ਬੰਦੇ ਕੋਲ ਵਕਤ ਹੀ ਨਹੀਂ ਇਨ੍ਹਾਂ ਕਵਿਤਾਵਾਂ ਨੂੰ ਮਿਲਣ, ਪੜ੍ਹਨ ਅਤੇ ਇਸ ਨੂੰ ਸੋਚ-ਧਰਾਤਲ ਦਾ ਹਿੱਸਾ ਬਣਾ ਕੇ ਇਸ ਨੂੰ ਨਵਾਂ ਵਿਸਥਾਰ ਦੇਣ ਲਈ। ਜੀਵਨ ਦਾ ਹਰ ਪੜਾਅ ਹੀ ਰੰਗ-ਬਿਰੰਗੀਆਂ ਕਵਿਤਾਵਾਂ ਦੀ ਨਗਰੀ। ਅਸੀਂ ਕਿਹੜੀ ਕਵਿਤਾ ਪੜ੍ਹਨੀ, ਕਿਸ ਨੂੰ ਆਪਣੀ ਸੋਚ ਦਾ ਹਾਣੀ ਬਣਾਉਣਾ, ਕਿਸ ਨਾਲ ਸੰਵਾਦ ਰਚਾਉਣਾ ਅਤੇ ਕਿਸ ਨੂੰ ਦੁੱਖਾਂ-ਦਰਦਾਂ ਦੀਆਂ ਬਾਤਾਂ ਸੁਣਾਉਣੀਆਂ, ਕਿਸ ਦੇ ਮੋਢੇ ‘ਤੇ ਸਿਰ ਰੱਖ ਕੇ ਰੋਣਾ, ਕਿਸ ਨੂੰ ਅਪਨਾਉਣਾ ਅਤੇ ਕਿਸ ਨੂੰ ਗਵਾਉਣਾ? ਇਸ ਦਾ ਕੋਈ ਇਲਮ ਹੀ ਨਹੀਂ! ਫਿਰ ਸਮਾਂ ਬੀਤਣ ਤੋਂ ਬਾਅਦ, ਇਕ ਪਛਤਾਵਾ ਹੀ ਹੱਥ ਵਿਚ ਰਹਿ ਜਾਂਦਾ।
ਸਭ ਤੋਂ ਖੂਬਸੂਰਤ ਕਵਿਤਾ ਕਿਸਾਨ ਤੇ ਮਜਦੂਰ ਲਿਖਦਾ ਜਾਂ ਸਮਾਜ-ਸੇਵਾ ਨੂੰ ਅਰਪਿੱਤ ਵਿਅਕਤੀ ਲਿਖਦਾ। ਇਹ ਕਵਿਤਾ ਸੋਚਾਂ ਵਿਚ ਲਿਖੀ ਜਾਂਦੀ, ਕਰਮਾਂ ਵਿਚੋਂ ਉਘੜਦੀ, ਕੀਰਤੀ ਵਿਚੋਂ ਪ੍ਰਗਟਦੀ ਜਾਂ ਆਪਣੇ ਲੇਖਾਂ ਨੂੰ ਖੁਦ ਲਿਖਦੀ। ਇਹ ਕਵਿਤਾ ਕਿਸੇ ਦੀ ਮੁਥਾਜ਼ ਨਹੀਂ ਅਤੇ ਨਾ ਹੀ ਕਿਸੇ ਦੀ ਬਾਂਦੀ।
ਦੀਪੂ ਝਿਊਰੀ ਦੀ ਭੱਠੀ ‘ਤੇ ਕੜਾਹੀ ਵਿਚ ਭੁੱਜਦੇ ਦਾਣਿਆਂ ਦੀ ਤਿੱੜ-ਤਿੱੜ ਵਿਚੋਂ ਮਹਿਕ ਖਿਲੇਰਦੀ ਕਵਿਤਾ ਨੂੰ ਮਹਿਸੂਸ ਕਰੋ ਕਿ ਕਿਵੇਂ ਚੁੰਗ ਲੈ ਕੇ ਬੈਠੇ ਹਰ ਬੱਚੇ ਨੂੰ ਉਸ ਦੇ ਛੋਟੇ ਨਾਂ ਜਾਂ ਅੱਲ ਨਾਲ ਬੁਲਾਉਂਦੀ, ਬੱਚਿਆਂ ਦੀ ਝੋਲੀ ਵਿਚ ਭੁੱਜੇ ਦਾਣਿਆਂ ਦੇ ਨਾਲ ਲਾਡ-ਪਿਆਰ ਵੀ ਪਾਉਂਦੀ ਸੀ। ਇਸ ਕਵਿਤਾ ਨੂੰ ਕੌਣ ਉਲਥਾਅ ਜਾਂ ਅਰਥ ਕਰ ਸਕਦਾ? ਭੀੜੇ ਮੌਜ਼ੇ ਪਾ ਕੇ ਤੁਰਦਿਆਂ ਚੀਕੂੰ-ਚੀਕੂੰ ਦੀ ਆਵਾਜ਼ ਸੁਣਨ ਲਈ ਅਹੁਲਦੇ ਕੰਨਾਂ ਵਿਚ ਸੁਗੰਧ ਘੋਲਦੀ ਕਵਿਤਾ ਨੂੰ ਕੌਣ ਪੜ੍ਹ ਸਕਦਾ, ਜਿਹੜਾ ਧੰਨੂ ਚਮਿਆਰ ਹੁੱਕੇ ਦੀ ਨੜੀ ਮੂੰਹ ਵਿਚ ਪਾ, ਆਪਣੀ ਗੱਦੀ `ਤੇ ਪੈਰਾਂ ਭਾਰ ਬੈਠਾ ਲਿਖਦਾ ਹੁੰਦਾ ਸੀ। ਉਸ ਦੇ ਕੋਲ ਬਹਿ ਕੇ ਟੁੱਟੇ ਮੌਜਿਆਂ ਨੂੰ ਗੰਢਾਉਣ ਲਈ ਮਿੰਨਤ ਵੀ ਕਰਨੀ ਪੈਂਦੀ ਸੀ। ਛੱਪੜ ਦੇ ਕਿਨਾਰੇ ਫੱਟੀ ਨੂੰ ਪੋਚਣਾ ਅਤੇ ਫਿਰ ਸੂਰਜ ਨੂੰ ਫੱਟੀ ਸੁਕਾਉਣ ਲਈ ਗਾਈ ਕਵਿਤਾ ਵਿਚੋਂ ਪ੍ਰਗਟਦੀ ਅੱਖਰ-ਜੋਤ ਨੈਣਾਂ ਨੂੰ ਰੁੱਸ਼ਨਾਅ ਦਿੰਦੀ ਸੀ। ਨਾਲੇ, ਨਹਿਰ, ਛੱਪੜ ਜਾਂ ਦਰਿਆ ਵਿਚ ਮੱਝਾਂ ਸੰਗ ਨਹਾਉਣਾ। ਇਸ ‘ਚੋਂ ਸਮੁੰਦਰ ਵਰਗੀ ਵਿਸ਼ਾਲਤਾ ਕਿਆਸਦੀ ਕਵਿਤਾ ਜਿਹੜੀ ਮਨ ਵਿਚ ਉਤਰਦੀ ਸੀ, ਉਹ ਹੁਣ ਕਿਵੇਂ ਉਤਰੇਗੀ? ਇਸ ਨੂੰ ਚੇਤਿਆਂ ਵਿਚ ਯਾਦ ਕਰਕੇ ਹੀ ਬੰਦਾ ਕਵਿਤਾ-ਕਵਿਤਾ ਹੋਣ ਨੂੰ ਫਿਰਦਾ। ਚੰਨਣ ਸਿੰਘ ਮਿਸਤਰੀ ਵਲੋਂ ਤੇਸੇ ਨਾਲ ਘੜ੍ਹਿਆ ਗੁੱਲੀ-ਡੰਡਾ, ਕੇਹਰੂ ਲੁਹਾਰ ਵਲੋਂ ਵਦਾਣ ਨਾਲ ਰੰਬੇ, ਕਹੀਆਂ, ਚੌਅ ਨੂੰ ਚੰਡਣਾ, ਦਾਤੀਆਂ ਦੇ ਦੰਦੇ ਕੱਢਣ ਦੌਰਾਨ ਪੈਦਾ ਹੋਏ ਰਿਦਮ ਨਾਲ ਅਣਮੁੱਲੀ ਕਵਿਤਾ ਪੈਦਾ ਹੁੰਦੀ ਸੀ, ਜੋ ਕਾਰੀਗਰੀ ਦੇ ਕਮਾਲ ਨਾਲ ਅੰਨਦਾਤੇ ਨੂੰ ਪ੍ਰਸੰਨਤਾ ਪ੍ਰਦਾਨ ਕਰਦੀ ਸੀ। ਖਰਾਸ, ਖੂਹ, ਸੁਹਾਗਾ, ਹੱਲ, ਫਲ੍ਹਾ ਜਾਂ ਗੱਡਾ ਵਾਹੁੰਦਿਆਂ, ਜਾਂ ਪੋਰ ਨਾਲ ਬੀਅ ਕੇਰਦਿਆਂ, ਕਵਿਤਾ ਦੇ ਬੀਜ ਜਦ ਖੇਤਾਂ ਵਿਚ ਉਗੀਆਂ ਫਸਲਾਂ ਤੇ ਖਲਿਆਣ ਬਣ, ਭਰੀਆਂ ਕੋਠੜੀਆਂ ਤੇ ਭੜੋਲਿਆਂ ਨੂੰ ਭਾਗ ਲਾਉਂਦੇ ਤਾਂ ਕਵਿਤਾ ਨੂੰ ਧੰਨ-ਭਾਗਤਾ ਦਾ ਅਹਿਸਾਸ ਹੁੰਦਾ।
ਕਦੇ ਆੜ੍ਹ ਵਿਚ ਪਾਣੀ ਨਾਲ ਪੈਦਾ ਹੋਈ, ਟਿੰਡਾਂ ਵਿਚੋਂ ਨਛਾਰ ਵਿਚ ਡੁੱਲ੍ਹਦੇ ਪਾਣੀ ਜਾਂ ਚੁਬੱਚੇ ਵਿਚ ਪੈਂਦੀ ਪਾਣੀ ਦੀ ਧਾਰ ਨਾਲ ਪੈਦਾ ਹੋਈ ਸੰਗੀਤਕ ਕਵਿਤਾ ਵਿਚੋਂ ਆਪਣੇ ਬਚਪਨੀ ਮੁਹਾਂਦਰੇ ਨੂੰ ਨਿਹਾਰਨ `ਤੇ ਪਤਾ ਲੱਗੇਗਾ ਕਿ ਉਸ ਕਵਿਤਾ ਅਤੇ ਅਜੋਕੀ ਕਵਿਤਾ ਵਿਚ ਕਿੰਨਾ ਅੰਤਰ ਤੇ ਕਿਹੜੇ ਸਰੋਕਾਰ ਨੇ? ਕਿਵੇਂ ਉਹ ਕਵਿਤਾ ਜਿ਼ੰਦਗੀ ਨਾਲ ਜੁੜੀ, ਜਿਉਂਦੀ, ਜਾਗਦੀ, ਜਰਖੇਜ਼ ਅਤੇ ਜਿੰਦਾਦਿਲੀ ਨਾਲ ਭਰਪੂਰ ਸੀ?
ਕਵਿਤਾ ਤਾਂ ਬਸਤਿਆਂ ਵਿਚ ਪਏ ਕਾਇਦਿਆਂ, ਕਿਤਾਬਾਂ, ਕਾਪੀਆਂ, ਕਲਮਾਂ ਵਿਚ ਵੀ ਅੰਗੜਾਈ ਭਰਦੀ। ਇਹ ਕਵਿਤਾ ਬੱਚੇ ਦੇ ਮਨ ਵਿਚ ਕਿਤਾਬਾਂ ਪ੍ਰਤੀ ਮੋਹ, ਪੂਰਨਿਆਂ ਵਿਚੋਂ ਹਰਫ ਉਘਾੜਨ ਦੀ ਅਦਾ ਤੇ ਇਸ ‘ਚੋਂ ਨਵੇਂ ਅਕਾਰ, ਅਰਥ, ਆਵੇਸ਼, ਆਗੋਸ਼ ਅਤੇ ਅਕਾਂਖਿਆਂਵਾਂ ਨੂੰ ਵੀ ਜਨਮਦੀ।
ਕਵਿਤਾ, ਮਨੁੱਖ ਨਾਲ ਜੁੜੀ ਹੋਵੇ, ਇਸ ਦੇ ਸਰੋਕਾਰਾਂ ਦੀ ਸਰਪ੍ਰਸਤੀ ਕਰਦੀ ਹੋਵੇ, ਮਨੁੱਖੀ ਭਾਵਾਂ ਦੀ ਤਰਜਮਾਨ ਹੋਵੇ, ਮਨੁੱਖ ਦੀ ਗੁੰਮਸ਼ੁਦਗੀ ਨੂੰ ਉਲਥਾਵੇ ਜਾਂ ਮਨੁੱਖ ਵਿਚੋਂ ਮਨਫੀ ਹੋਈ ਮਨੁੱਖਤਾ ਨੂੰ ਸੰਬੋਧਤ ਹੋਵੇ ਤਾਂ ਇਹ ਕਵਿਤਾ ਆਪਣਾ ਧਰਮ ਨਿਭਾਵੇ। ਅਜਿਹੀ ਕਵਿਤਾ ਮਨੁੱਖ ਦੇ ਚੇਤਿਆਂ ਵਿਚੋਂ ਕਦੇ ਮਨਫੀ ਨਹੀਂ ਹੁੰਦੀ। ਕਿਵੇਂ ਮਨਫੀ ਹੋਵੇਗੀ ਨਲਕੇ ਦੀ ਆਵਾਜ਼, ਖੂਹ ਦੇ ਕੁੱਤੇ ਦੇ ਸੰਗੀਤਕਤਾ, ਬਲਦਾਂ ਦੀਆਂ ਟੱਲੀਆਂ, ਵੱਛਰੂਆਂ ਦੇ ਗਲ ਵਿਚ ਪਏ ਘੁੰਗਰੂਆਂ ਜਾਂ ਕਿਸੇ ਅਲਕ ਵਛੇਰੇ ਦੇ ਪੈਰਾਂ ਵਿਚ ਪਾਈਆਂ ਝਾਂਜਰਾਂ ਵਿਚ ਪੈਦਾ ਹੋਇਆ ਜੀਵਨ-ਰੱਤਾ ਸੰਗੀਤ। ਇਹ ਕਾਵਿ-ਮਈ ਸੰਗੀਤ ਸਦਾ ਰੂਹ ਵਿਚ ਵੱਸਦਾ।
ਕਵਿਤਾ, ਫੁੱਲਾਂ ਦੀ ਮਹਿਕ ਨਾਲ ਲਰਜ਼ਾਈਆਂ ਪੌਣਾਂ, ਪੱਤਿਆਂ ਵਿਚ ਪੈਦਾ ਹੋ ਰਹੀ ਸਰਸਰਾਹਟ, ਪੈਰਾਂ ਨਾਲ ਸੁੱਕੇ ਪੱਤਿਆਂ ਦੀ ਖੜ-ਖੜ ਅਤੇ ਹਵਾ ‘ਚ ਉਡ ਰਹੇ ਸੁੱਕੇ ਪੱਤਿਆਂ ਵਿਚੋਂ ਉਤਪੰਨ ਹੋ ਰਹੀ ਕਵਿਤਾ ਨੂੰ ਕਿਹੜੇ ਮਾਪਦੰਡ ਨਾਲ ਮਿਣੋਗੇ? ਇਸ ਦੇ ਸਰੋਤ ਦੀ ਭਾਲ ਕਿੰਜ ਕਰੋਗੇ? ਤਿਤਲੀਆਂ/ਭੌਰਿਆਂ ਦੀ ਕਵਿਤਾ ਕਦੇ ਸੁਣੀ ਆ? ਪੰਛੀਆਂ ਦੀ ਆਵਾਜ਼ ਵਿਚ ਕਵਿਤਾ ਦਾ ਕਿਹੜਾ ਰੰਗ ਹੁੰਦਾ? ਪਰਿੰਦੇ ਆਪਣੇ ਸਾਥੀਆਂ ਨਾਲ ਕਿਹੜੀ ਕਵਿਤਾ ਵਿਚ ਹਾਵ-ਭਾਵ ਪ੍ਰਗਟਾਉਂਦੇ, ਕਦੇ ਕਿਆਸ ਲਾਇਆ?
ਕਵਿਤਾ ਕਿਧਰੇ ਵੀ ਨਹੀਂ ਗਈ ਹੁੰਦੀ। ਇਹ ਤਾਂ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਭਾਵੀ ਛਿੱਣ ਦੀ ਉਡੀਕ ਕਰਦੀ। ਜਰੂਰੀ ਹੁੰਦਾ ਏ ਇਸ ਛਿੱਣ ਵਿਚੋਂ ਕਵਿਤਾ ਨੂੰ ਮਨ ਦੀ ਕੈਨਵਸ `ਤੇ ਉਤਾਰ ਲਿਆ ਜਾਵੇ, ਵਰਨਾ ਦੇਰ ਹੋਣ ‘ਤੇ, ਕਵਿਤਾ ਦਾ ਪਰਿੰਦਾ ਉਡ ਜਾਂਦਾ। ਫਿਰ ਕਦੇ ਮੁੜ ਨਹੀਂ ਪਰਤਦਾ।
ਕਵਿਤਾ ਤਾਂ ਡੰਗਰ ਚਾਰਦਿਆਂ, ਗਲ ਵਿਚ ਪਾਏ ਡਹੇ ਦੀ ਪੀੜ-ਕਰਾਹੁਣੀ, ਜਾਂ ਪਸ਼ੂਆਂ ਦੀਆਂ ਹਮੇਲਾਂ ਜਾਂ ਅਵੈੜੇ ਡੰਗਰ ਦੀਆਂ ਲਾਈਆਂ ਦੁੜੱਕੀਆਂ ਵਿਚੋਂ ਵੀ ਆਪਣਾ ਨਿਵੇਕਲਾ ਰੂਪ ਅਖਤਿਆਰ ਕਰਦੀ।
ਕਵਿਤਾ ਤਾਂ ਨੰਗੇ ਪੈਰੀਂ ਧੁੱਦਲ ਵਿਚ ਉਕਰੀ ਜਾਂਦੀ। ਇਹ ਧੁੱਦਲ ਖੁੱਚਾਂ ਵਿਚ ਵੱਖਰੇ ਕਵਿਤਾ ਦੇ ਨਿਸ਼ਾਨ ਛੱਡ ਜਾਂਦੀ। ਕਵਿਤਾ ਤਾਂ ਪੈਰ-ਚਾਪ, ਪੈੜ-ਚਾਲ ਜਾਂ ਨੰਘੇ ਪੈਰਾਂ ਦੀ ਧੜੱਪ ਧੜੱਪ ਵਿਚੋਂ ਵੀ ਇਕ ਵੱਖਰੀ ਕਿਸਮ ਦਾ ਸੁਖਨ ਅਤੇ ਸਕੂਨ ਪੈਦਾ ਕਰਦੀ। ਬਸ਼ਰਤੇ ਅਸੀਂ ਇਸ ਵਿਚੋਂ ਨਵੇਂ ਸੁਪਨੇ, ਸਫਰ, ਸਫਲਤਾ ਅਤੇ ਸੰਪੂਰਨਤਾ ਹਾਸਲ ਕਰ ਸਕੀਏ ਤਾਂ ਕਵਿਤਾ ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਕਰਦੀ।
ਕਵਿਤਾ ਤਾਂ ਵੀ ਸਰਸਰਾਉਂਦੀ ਜਦ ਬੁੱਕ ਨਾਲ ਪਾਣੀ ਪੀਂਦਿਆਂ, ਪਾਣੀਆਂ ਦੀਆਂ ਕੁਝ ਛਿੱਟਾਂ ਲਿਬੜੇ ਪੈਰਾਂ ਨੂੰ ਧੋ ਜਾਂਦੀਆਂ ਅਤੇ ਬੰਦਾ, ਪਿਆਸ ਮਿਟਾਉਣ ਦੇ ਨਾਲ ਨਾਲ ਮੈਲ ਲਾਹੁਣ ਵਿਚ ਵੀ ਕਮਾਯਾਬ ਹੁੰਦਾ।
ਬਹੁਤ ਯਾਦ ਏ ਸੂਰਜ ਦੀ ਟਿੱਕੀ ਉਗਣ ਤੋਂ ਪਹਿਲਾਂ ਤ੍ਰੇਲ-ਧੋਤੀ ਵੱਟ ‘ਤੇ ਤੁਰਨਾ, ਪੈਰਾਂ ਨੂੰ ਧੋਣਾ ਅਤੇ ਪੈਰਾਂ ਦੀ ਸੁੰਨ ਵਿਚੋਂ ਹੀ ਦੰਦੋੜਿੱਕੀ ਰੂਪੀ ਕਵਿਤਾ ਦਾ ਹੋਠਾਂ ‘ਤੇ ਜੰਮ ਜਾਣਾ। ਇਹ ਕਵਿਤਾ ਤਾਂ ਹੁਣ ਤੀਕ ਵੀ ਬੁੱਲ੍ਹਾਂ ‘ਤੇ ਉਕਰੀ ਪਈ ਆ।
ਸਭ ਤੋਂ ਪਾਕੀਜ਼ ਹੁੰਦੀ ਸੀ ਮਾਂ ਦੀਆਂ ਝਿੱੜਕਾਂ, ਬਾਪ ਦੀਆਂ ਘੂਰੀਆਂ, ਵੱਡਿਆਂ ਦੀਆਂ ਨਸੀਹਤਾਂ, ਮਾਸਟਰਾਂ ਦੀਆਂ ਚਪੇੜਾਂ ਅਤੇ ਹੱਥਾਂ `ਤੇ ਪਈਆਂ ਸੋਟੀਆਂ ਕਾਰਨ ਪੈਦਾ ਹੋਈ ਕਵਿਤਾ। ਕੈਂਚੀ ਸਾਈਕਲ ਚਲਾਉਂਦਿਆਂ ਡਿੱਗ ਕੇ ਛਿੱਲੇ ਹੋਏ ਗੋਡਿਆਂ ਦੀ ਚੀਸ ਜਾਂ ਨੜੇ ਦੀ ਕਲਮ ਘੜਦਿਆਂ, ਉਂਗਲ ‘ਤੇ ਚਾਕੂ ਨਾਲ ਹੋਏ ਜਖਮ ਕਾਰਨ ਫੁੱਟੀ ਹੋਈ ਖੂਨ ਤਤੀਰੀ ਅਤੇ ਉਤੋਂ ਮਾਪਿਆਂ ਦੀ ਮੁੰਜ-ਕੁੱਟ ਰੂਪੀ ਕਵਿਤਾ। ਅਜਿਹੀਆਂ ਪਿਆਰੀਆਂ ਕਵਿਤਾਵਾਂ ਨੂੰ ਮਨ ਦੇ ਵਰਕਿਆਂ ਵਿਚੋਂ ਕਿਵੇਂ ਪੂੰਝਿਆ ਜਾ ਸਕਦਾ ਜਾਂ ਕਿਹੜੀ ਰਬੜ ਨਾਲ ਮਨ-ਸਲੇਟ ਤੋਂ ਮਿਟਾਇਆ ਜਾ ਸਕਦਾ?
ਕਵਿਤਾ ਤਾਂ ਕਲਾਸ ਵਿਚੋਂ ਫੇਲ੍ਹ ਹੋਣ ਦੀ ਸਿਸਕੀ, ਨੌਕਰੀ ਨਾ ਮਿਲਣ ਦੀ ਚਸਕ ਜਾਂ ਨੌਕਰੀ ਤੋਂ ਕੱਢੇ ਜਾਣ ਦੀ ਹੂਕ ਵਿਚੋਂ ਵੀ ਪੈਦਾ ਹੁੰਦੀ ਰਹੀ, ਪਰ ਇਹ ਕਵਿਤਾ ਵਰਕਿਆਂ `ਤੇ ਉਦੋਂ ਨਾਜ਼ਲ ਹੋਈ ਜਦ ਸੰਭਲਣ ਦੀ ਸੋਝੀ ਪੈਦਾ ਹੋਈ।
ਜੀਵਨ ਦੇ ਪੜਾਅ ਦੌਰਾਨ ਕੁਝ ਕਵਿਤਾਵਾਂ ਅਚਨਚੇਤੀ ਹੀ ਜੀਵਨ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਜੋ ਜੀਵਨ ਦੀ ਰੰਗ-ਬਿਰੰਗਤਾ ਤੇ ਰੌਣਕ ਨੂੰ ਖਤਮ ਕਰ ਦਿੰਦੀਆਂ। ਫਿਕਰ ਹੀ ਜੀਵਨ ਦਾ ਹਾਸਲ ਰਹਿ ਜਾਂਦਾ। ਆਪਣਿਆਂ ਦੇ ਵਿਛੋੜੇ ਜਾਂ ਦਿਲਗੀਰੀ ਵਿਚੋਂ ਪੈਦਾ ਹੋਈ ਉਦਾਸੀ, ਇਕ ਅਜਿਹੀ ਕਵਿਤਾ ਹੁੰਦੀ, ਜਿਹੜੀ ਤੁਹਾਡੇ ਅੰਤਰੀਵ ਵਿਚ ਰੀਂਘਦੀ, ਕੁਝ ਅਣਚਾਹਿਆ ਅਤੇ ਅਚੇਤ, ਆਤਮਿਕਤਾ ਵਿਚ ਧਰ ਜਾਂਦੀ। ਇਸ ਨੂੰ ਮੁਖਾਤਬ ਹੋਣਾ ਵੀ ਪੈਂਦਾ ਅਤੇ ਪੀੜ ਨੂੰ ਵਾਰ-ਵਾਰ ਜਿਊਣ ਦੀ ਮਜਬੂਰੀ ਵੀ।
ਉਹ ਕਵਿਤਾ ਪੜ੍ਹਨੀ ਸਭ ਤੋਂ ਕਠਿਨ ਜਦ ਕਿਸੇ ਸੱਜ-ਵਿਆਹੇ ਨੂੰ ਟਰਮੀਨੇਸ਼ਨ ਦਾ ਸ਼ਗਨ ਮਿਲੇ। ਕਿਹੜੇ ਹਰਫ ਉਸ ਕਵਿਤਾ ਨੂੰ ਲਿਖਣਗੇ, ਜਦ ਸਫਰ ਵਿਚ ਕਾਲਖਾਂ ਦੀ ਨਿਸ਼ਾਨਦੇਹੀ ਹੋਵੇ। ਅਪਣੱਤ ਵਿਚੋਂ ਬੇਗਾਨਗੀ ਦਾ ਜਖਮ ਮਿਲੇ। ਇਮਾਨਦਾਰੀ ਨੂੰ ਬੇਈਮਾਨੀ ਦਾ ਇਵਜ਼ਾਨਾ ਮਿਲੇ। ਸ਼ਰਾਫਤ ਨੂੰ ਕੁਹਜਤਾ ਦਾ ਕੁਫਰ ਮਿਲੇ ਜਾਂ ਸ਼ਬਦਾਂ ਵਿਚੋਂ ਸੰਤਾਪ ਝਰੇ। ਦੰਭੀ ਬੋਲਾਂ ਵਿਚੋਂ ਕੂੜ ਤੇ ਕੁੜੱਤਣ ਪਨਪੇ। ਨੈਣਾਂ ਵਿਚ ਤਿਸ਼ਨਗੀ ਅਤੇ ਤ੍ਰਿਸ਼ਨਾ ਨੂੰ ਤਸੀਹੇ ਮਿਲਣ ਦੀ ਨੌਬਤ ਆਵੇ।
ਕਵਿਤਾ, ਕਲਮ, ਕਲਾ, ਕੀਰਤੀ, ਕਿਰਸਾਨੀ, ਕਲਾਕਾਰੀ ਨੂੰ ਆਪਣਾ ਸਾਧਨ ਬਣਾ, ਜਦ ਕਹਿਣੀ ਤੇ ਕਥਨੀ ਵਿਚੋਂ ਪੂਰਨਤਾ ਹਾਸਲ ਕਰਦੀ ਤਾਂ ਕਵਿਤਾ, ਕਵਿਤਾ ਹੋਣ ਦਾ ਮਾਣ ਬਣਦੀ।
ਸਭ ਤੋਂ ਸੁਹਜਮਈ ਅਤੇ ਸਹਿਜਮਈ ਹੁੰਦੀਆਂ ਨੇ ਘਰ ਦੇ ਦਰਾਂ, ਰੌਸ਼ਨਦਾਨਾਂ ਤੇ ਖਿੜਕੀਆਂ, ਦਰਵਾਜਿਆਂ, ਦਲਾਨ, ਕਮਰਿਆਂ, ਕੋਠੜੀਆਂ ਕੰਧਾਂ, ਕੌਲਿਆਂ, ਵਿਹੜਾ, ਪੌੜੀਆਂ, ਬਨੇਰਿਆਂ, ਚੁਬਾਰਿਆਂ, ਚੌਂਕੇ, ਚੁੱਲਿਆਂ, ਓਟਿਆਂ ਤੇ ਆਟੇ ਦੀਆਂ ਚਿੱੜੀਆਂ ਵਲੋਂ ਘਰ ਦੇ ਚੌਗਿਰਦੇ ਵਿਚ ਰੁਮਕਾਈਆਂ ਕਵਿਤਾਵਾਂ। ਇਨ੍ਹਾਂ ਦੀ ਸੰਗੀਤਕਤਾ ਅਤੇ ਸੁਖਨਤਾ ਵਿਚੋਂ ਸਕੂਨ ਦਾ ਨਾਦ ਗੂੰਜਦਾ।
ਕਵਿਤਾ ਜਦ ਖੇਤਾਂ ਤੋਂ ਤੁਰ, ਹਵੇਲੀਆਂ ਥੀਂ ਹੁੰਦੀ, ਘਰ ਦੀ ਦਹਿਲੀਜ਼ ਟੱਪਦੀ ਤਾਂ ਕਵਿਤਾ, ਕਵਿਤਾ ਕਵਿਤਾ ਹੋ ਕੇ ਸਮੁੱਚੇ ਪਰਿਵਾਰ ਨੂੰ ਆਪਣੇ ਆਗੋਸ਼ ਵਿਚ ਲੈਂਦੀ ਅਤੇ ਸਮੁੱਚੇ ਸਮਾਜ ਦੀਆਂ ਸੁੱਖਾਂ ਸੁੱਖਦੀ। ਇਹ ਕਵਿਤਾ ਕਦੇ ਵੀ ਅਕਵਿਤਾ ਨਾ ਹੋਵੇ, ਇਹ ਦੁਆ ਜਰੂਰ ਕਰਨੀ ਚਾਹੀਦੀ।
ਕਵਿਤਾ ਉਹ ਸੱਚ ਹੁੰਦਾ, ਜੋ ਅਕਸਰ ਵਰਤਮਾਨ ਵਿਚ ਝੂਠ ਜਾਪਦਾ ਅਤੇ ਫਿਰ ਜਦ ਰਚਣਹਾਰਾ ਤੁਰ ਜਾਂਦਾ ਤਾਂ ਕਵਿਤਾ ਦਾ ਸੱਚ ਕੂਕ ਕੂਕ, ਆਪਣੀ ਸੱਚਾਈ ਨੂੰ ਕੋਹਣ ਜੋਗਾ ਹੀ ਰਹਿ ਜਾਂਦਾ।
ਕਵਿਤਾ, ਰੂਹ ਦੀ ਪਰਵਾਜ਼ ਤੇ ਅੰਤਰੀਵ ਦੀ ਆਵਾਜ਼। ਕਵਿਤਾ, ਪਾਕ-ਪੈਗਾਮਾਂ ਦੀ ਲੜੀ ਅਤੇ ਸੁੱਚੀਆਂ ਸੋਚਾਂ ਦੀ ਸਾਵਨੀ ਝੜੀ। ਇਸ ਵਿਚ ਉਤਰਨ ਅਤੇ ਇਸ ਦੇ ਹਾਣੀ ਹੋਣ ਦੀ ਜਾਚ ਹੋਵੇ ਤਾਂ ਹਰ ਕੋਈ ਕਵਿਤਾ ਹੀ ਹੋ ਜਾਂਦਾ।
ਕਵਿਤਾਵਾਂ ਤਾਂ ਬਹੁਤ ਹੁੰਦੀਆਂ, ਪਰ ਸਭ ਤੋਂ ਮੁਕੱਦਸ ਕਵਿਤਾ ਹੈ, ਅੰਦਰ ਵਿਚ ਉਗਦੀ ਕਵਿਤਾ। ਅਵਾਜ਼ਾਰ, ਅਚਨਚੇਤੀ ਅਤੇ ਅਫਲਾਤੂਨੀ ਕਵਿਤਾ ਵਿਚੋਂ ਆਪਣੇ ਆਪ ਨੂੰ ਪੜ੍ਹਨਾ। ਫਿਰ ਇਸ ਵਿਚ ਰਮਾਈ ਖੁਦਾਈ ਨੂੰ ਪੜ੍ਹਨਾ, ਸਮਝਣਾ, ਸਮਾਉਣਾ ਅਤੇ ਖੁਦ ਕਵਿਤਾ-ਕਵਿਤਾ ਹੋਣਾ, ਬਹੁਤ ਮੁਸ਼ਕਿਲ। ਖੁਦ ਨੂੰ ਆਪਣੇ ਸੱਚ ਦੇ ਸਾਹਵੇਂ ਸਨਮੁੱਖ ਕਰਨਾ ਅਤੇ ਇਸ ਸੱਚ ਵਿਚੋਂ ਅੰਤਿਮ ਸੱਚ ਦੀ ਰਹਿਨੁਮਾਈ ਪ੍ਰਾਪਤ ਕਰਨਾ ਹੀ ਮਨੁੱਖ ਦੀ ਪ੍ਰਮੁੱਖਤਾ। ਇਸ ‘ਚੋਂ ਹੀ ਦੁਨੀਆਂ ਦੀ ਸਭ ਤੋਂ ਸਦੀਵ, ਸੰੁਦਰ, ਸਾਰਥਿਕ ਅਤੇ ਅਲਹਾਮੀ ਕਵਿਤਾ ਨੇ ਉਗਮਣਾ ਹੁੰਦਾ। ਅਜਿਹੀ ਕਵਿਤਾ ਨੂੰ ਆਪਣੀ ਤਰਜ਼ੀਹ ਜਰੂਰ ਬਣਾਉਣਾ। ਇਸ ਨਾਲ ਬੰਦਾ ਆਪਣੇ ਆਪ ਦੇ ਰੂਬਰੂ ਹੁੰਦਾ।