ਗੁਰਬਖਸ਼ ਸਿੰਘ ਭੰਡਾਲ-ਕਾਵਿਕ ਅੰਦਾਜ਼

ਡਾ. ਬਲਵਿੰਦਰ ਕੌਰ ਬਰਾੜ
ਫੋਨ: 403-590-9629
ਗੁਰਬਖਸ਼ ਸਿੰਘ ਭੰਡਾਲ ਨੂੰ ਮੈਂ ਲਿਖੀ ਸਤਰ ਵਿਚਲੇ ਖਾਲੀ ਥਾਂ ਭਰਨ ਜੋਗਾ ਸਮਾਂ ਹੀ ਮਿਲ ਰਹੀ ਹਾਂ, ਪਰ ਮੈਂ ਉਸ ਨੂੰ ਉਸ ਦੀਆਂ ਦੋ ਲਿਖਤਾਂ ਰਾਹੀਂ ਵੱਧ ਜਾਣਿਆ ਹੈ। ਇਉਂ ਲੱਗਦਾ ਹੈ ਕਿ ਉਹ ਆਪਣੇ ਦੁਆਲੇ ਦੇ ਸੰਸਾਰ ਨੂੰ ਦੇਖਦਾ ਕਵਿਤਾ ਵਿਚ ਹੈ, ਪਰ ਉਲੀਕਦਾ ਵਾਰਤਕ ਵਿਚ ਹੈ। ਉਸ ਦੀਆਂ ਦੋ ਲਿਖਤਾਂ ‘ਧੁੱਪ ਦੀਆਂ ਕਣੀਆਂ’ ਤੇ ‘ਰੂਹ ਰੇਜ਼ਾ’ ਮੈਂ ਸੱਜਰੀਆਂ ਹੀ ਪੜ੍ਹੀਆਂ ਹਨ। ਇਨ੍ਹਾਂ ਲਿਖਤਾਂ ਨੂੰ ਪੜ੍ਹਦਿਆਂ ਲੱਗਿਆ

ਜਿਵੇਂ ਰਸੀ, ਪੱਕੀ ਅਤੇ ਆਠਰੀ ਸਿਆਣਪ ਕੋਲ ਜਾ ਅੱਪੜੀ ਹੋਵਾਂ, ਜਿਵੇਂ ਕਿਸੇ ਦਰਗਾਹ `ਤੇ ਅਰਦਾਸ ਸੁਣ ਰਹੀ ਹੋਵਾਂ ਜਾਂ ਜਿਵੇਂ ਕਿਸੇ ਧਾਰਮਿਕ ਅਸਥਾਨ ਦੀਆਂ ਪੌੜੀਆਂ ਚੜ੍ਹ ਰਹੀ ਹੋਵਾਂ। ਭੰਡਾਲ ਦੀ ਲਿਖਤ ਵਿਚ ਪਰਪੱਕਤਾ, ਰਵਾਨਗੀ ਅਤੇ ਸਹਿਜਤਾ ਹੈ। ਉਸ ਦਾ ਕੋਮਲ ਮਨ, ਹਕੀਕਤਾਂ ਨਾਲ ਮੱਥਾ ਲਾ ਕੇ, ਅੰਦਰ ਉਠਦੇ ਜਜ਼ਬਾਤ ਨੂੰ ਸੇਧ ਦੇ ਕੇ, ਖੂਬਸੂਰਤ ਅੱਖਰਾਂ ਤੱਕ ਅਪੜਾ ਦੇਣ ਦੇ ਸਮਰੱਥ ਹੈ। ਉਸ ਦੀਆਂ ਲਿਖਤਾਂ ਪੜ੍ਹਦਿਆਂ ਸੁਹਜ਼, ਸੁਆਦ ਅਤੇ ਮਨੋਰੰਜਨ ਦਾ ਝੱਸ ਤਾਂ ਪੂਰਾ ਹੁੰਦਾ ਹੈ, ਨਾਲ ਹੀ ਉਸ ਦੇ ਵਿਸਿ਼ਆਂ ਵਿਚਲੀ ਚੇਤਨਤਾ ਸਾਨੂੰ ਜਾਗ੍ਰਿਤ ਵੀ ਕਰਦੀ ਹੈ। ਦਰਸ਼ਨ ਬੁੱਟਰ ਦੇ ਸ਼ਬਦ ਗੌਲਣਯੋਗ ਹਨ, “ਕਵਿਤਾ ਰਾਹੀਂ ਨਸੀਹਤ ਅਤੇ ਜੁ਼ਅਰਤ ਭਰੇ ਬੋਲ ਕਹਿ ਦੇਣੇ ਭੰਡਾਲ ਦੇ ਹਿੱਸੇ ਆਏ ਹਨ।”
ਉਸ ਦੇ ਲਿਖੇ ਅੱਖਰਾਂ ਵਿਚ ਕਿਤੇ ਵੀ ਨਾਂਹ-ਮੁੱਖੀ ਸੋਚ ਨਹੀਂ, ਰੋਹ ਜਾਂ ਵਿਦਰੋਹ ਨਹੀਂ, ਸਗੋਂ ਕੁਦਰਤ ਦੀ ਗੋਦ ਵਿਚ ਪਲਦਿਆਂ, ਮੋਕਲੀ ਸੋਚ ਜਿਹੀ ਹਲੀਮੀ ਹੈ। ਉਸ ਨੂੰ ‘ਕਵਿਤਾ ਵਰਗੇ ਲੋਕ’ ਭਾਅ ਜਾਂਦੇ ਹਨ, ਜਿਨ੍ਹਾਂ ਨੂੰ ‘ਹਰਫਾਂ ਦੀ ਬੁੱਕਲ’ ਦਾ ਨਿੱਘ ਦੇਣ ਦੀ ਲਾਲਸਾ ਰੱਖਦਾ ਹੈ। ਉਸ ਨੂੰ ਹਰ ਸ਼ੈਅ ਵਿਚਲੀ ਖੂਬਸੂਰਤੀ ਭਰਮਾ ਰਹੀ ਲੱਗਦੀ ਹੈ। ਇਸੇ ਲਈ ਬਿਨਾ ਕਿਸੇ ਸਿ਼ਕਵੇ, ਸਿ਼ਕਾਇਤ ਤੋਂ ਉਹ ਇਕ ਵੱਖਰੀ ਧਾਰਨਾ ਸਥਾਪਤ ਕਰਦਾ ਹੈ। ਉਪਰਲੀ ਤਹਿ ਤੀਕ ਲਫਾਫੇ ਵਰਗੀ ਸੁੰਦਰਤਾ ਲਈ ਉਸ ਦੇ ਸ਼ਬਦ ਗੌਲਣਯੋਗ ਹਨ,
“ਸੁਹੱਪਣ ਨੂੰ ਕਿਹੜੇ ਯੰਤਰ ਤੇ ਪੈਮਾਨੇ ਨਾਲ ਮਿਣੋਗੇ? ਕਿਵੇਂ ਇਸ ਦੀ ਅਸੀਮਤਾ ਬਿਆਨ ਕਰੋਗੇ? ਕਿਵੇਂ ਇਸ ਨੂੰ ਹਰਫਾਂ ਦੇ ਮੇਚ ਕਰੋਗੇ?”
ਉਸ ਦੀ ਮਾਨਸਿਕਤਾ ਵਿਚ ਪਲਦੇ ਭਾਵਾਂ ਤੇ ਵਿਚਾਰਾਂ ਦਾ ਦੁਮੇਲ ਬਹੁਤ ਖੂਬਸੂਰਤ ਹੈ। ਉਹ ਲਿਖਦਾ ਹੈ,
“ਜਦ ਮੈਂ ਬਹੁਤ ਉਦਾਸ ਹੋਵਾਂ
ਤਾਂ ਮੈਂ ਚੁੱਪ ਹੋ ਜਾਂਦਾ ਹਾਂ।…

ਤੇ ਅੱਜ ਕਲ ਮੈਂ ਅਕਸਰ
ਚੁੱਪ ਹੀ ਰਹਿੰਦਾ ਹਾਂ।”
ਇਸ ਕਵਿਤਾ ਨਾਲ ਪਾਠਕ ਮਨ ਵਿਚ ਉਸ ਦੀ ਖਾਮੋਸ਼ੀ ਖੌਰੂ ਪਾ ਰਹੀ ਹੈ। ਭੰਡਾਲ ਦੇ ਭਾਵਾਂ ਦੇ ਸੇਕ ਨਾਲ ਅੱਖਰ ਪਿਘਲਦੇ ਪ੍ਰਤੀਤ ਹੁੰਦੇ ਹਨ।
ਭੰਡਾਲ ਦੇ ਸ਼ਬਦਾਂ ਤੋਂ ਲੋਕਾਂ ਨਾਲ ਹੋ ਰਿਹਾ ਵਿਹਾਰ ਕਿਆਸਿਆ ਜਾ ਸਕਦਾ ਹੈ। ਉਸ ਨੂੰ ਹਰ ਸੀਨੇ ਵਿਚ ਪਲਦੇ ਗੁਣਾਂ ਨੂੰ ਗੌਲਣ ਦੀ ਸੂਝ ਹੈ। ਉਸ ਨੂੰ ‘ਧੁੱਪ ਦੇ ਵਸਤਰ’ ਵਿਚ ਲਪੇਟੇ ਲੋਕਾਂ ਦੇ ਦਰਦ ਦੀ ਥਹੁ ਹੈ। ਆਪਣੇ ਪਿਤਾ ਦੀ ਮੌਤ ਦੇ ਸੋਗੀ ਜਿਹੇ ਵਾਤਾਵਰਣ ਨੂੰ ਪੂਰੇ ਕਾਵਿਕ ਅੰਦਾਜ਼ ਤੀਕ ਪਹੁੰਚਾਇਆ ਹੈ। ਅਜਿਹੀ ਭਾਰੂ ਹੋਈ ਸਥਿਤੀ ਨੂੰ ਹਰ ਸੀਨੇ ਵਿਚ ਹੰਢਾਈ ਮੌਤ ਨੂੰ ਸੱਜਰੀ ਕਰ ਵਿਖਾਉਣ ਦਾ ਹੀਲਾ ਹੈ। ਉਸ ਕੋਲ ਦੋਸਤ ਮਨ ਵਿਚ ਰੱਖੇ ਸੁਝਾਅ ਵਾਂਗ ਗੱਲ ਰੱਖਣ ਦਾ ਹੁਨਰ ਹੈ। ਉਸ ਦੀ ਲਿਖਤ ਪੜ੍ਹਦਿਆਂ ਲੱਗਦਾ ਹੈ ਕਿ ਉਸ ਨੇ ਕੁਦਰਤ ਦੇ ਹਰ ਮਹੀਨ ਜ਼ੱਰੇ ਨੂੰ ਰੂਹ ਨਾਲ ਦੇਖਿਆ, ਪਰਖਿਆ, ਜਾਣਿਆ ਅਤੇ ਪ੍ਰਸਾਰਿਆ ਹੈ। ਉਸ ਦੇ ਸ਼ਬਦਾਂ ਵਿਚ ਯਾਦਾਂ ਜਾਂ ਅਨੁਭਵ, ਵਿਚਾਰ, ਭਾਵ ਸਭ ਇਕ ਰਸ ਹੋਏ ਨਜ਼ਰ ਆਉਂਦੇ ਹਨ। ਸਿਰਲੇਖ ਹੀ ਆਪਣੇ ਆਪ ਵਿਚ ਆ ਰਹੇ ਸੁਨੇਹੇ ਦਾ ਸਬੂਤ ਬਣਦੇ ਹਨ, ਜਿਵੇਂ ਯਾਦ-ਜੂਹੇ, ਹਰਫਾਂ ਦੀ ਬੁੱਕਲ, ਕਵਿਤਾ ਵਰਗੇ ਲੋਕ, ਧੁੱਪ ਦੇ ਬਸਤਰ ਆਦਿ।
ਇਸ ਕਾਵਿ ਦੀ ਇਕ ਹੋਰ ਵਿਸ਼ੇਸ਼ਤਾ, ਉਸ ਦੁਆਰਾ ਨਵੇਂ ਸ਼ਬਦ-ਅਰਥ ਸਿਰਜਣ ਵਿਚ ਹੈ। ਜਿਵੇਂ ਬੋਲ-ਬੀਹੀ, ਵਕਤ-ਦਹਿਲੀਜ਼, ਫਰਜ਼-ਸਨਾਸ਼ੀ, ਹੌਕੇ-ਹਾੜੇ, ਪੈੜ-ਪਾਹੁਲ, ਜਿੰਦ-ਭੋਰ, ਸੂਰਜ-ਜੂਨ, ਆਦਿ।
ਉਸ ਦੀ ਨਿਵੇਕਲੀ ਸੈ਼ਲੀ ਦੀ ਰਵਾਨਗੀ ਦੀ ਗਵਾਹੀ ਕਈ ਵਾਕ ਭਰਦੇ ਹਨ,
“ਨੀਂਦ ਮਨੁੱਖੀ ਸਰੀਰ ਲਈ ਊਰਜਾ ਸਰੋਤ, ਥੱਕੇ ਹਾਰਿਆਂ ਲਈ ਸੁਖਨ-ਸੇਜ਼ ਅਤੇ ਮਾਨਸਿਕ ਰੁਮਕਣੀ ਲਈ ਸੁਪਨ-ਸਾਜ਼।”
ਉਸ ਨੇ ਸਿੱਧੀ ਸਿਖਿਆ ਦੇਣ ਦੀ ਥਾਂ, ਇਕ ਸੁਨੇਹਾ ਪਾਠਕ-ਮਨ ਵਿਚ ਧਰਿਆ ਹੈ। ਉਸ ਦੇ ਸ਼ਬਦਾਂ ਵਿਚਲਾ ਸਰੋਦੀ ਅੰਸ਼ ਇਕ ਵੱਖਰਾ ਖਾਸਾ ਹੈ। ਜਿਵੇਂ ਸ਼ਾਇਸਤਗੀ, ਸੁੰਦਰਤਾ, ਸੀਰਤ, ਸਾਦਗੀ, ਸਲੀਕਾ, ਸੁਹਜ, ਸਹਿਜ ਅਤੇ ਸੂਖਮਤਾ ਦਾ ਸੁੰਦਰ ਸੁਮੇਲ।
ਭੰਡਾਲ ਕੋਲ ਇਸ ਕੁਦਰਤ ਦੇ ਕਾਦਰ ਦੀ ਹਰ ਕਰਾਮਾਤ ਨੂੰ ਨੇੜੇ ਹੋ ਕੇ ਦੇਖਣ ਦੀ ਰੀਝ ਹੀ ਅੱਖਰਾਂ ਦਾ ਆਧਾਰ ਰਹੀ ਹੈ। ਉਸ ਦੀ ਲਿਖਤ ਵੱਖਰੇ ਅੰਦਾਜ਼ ਨਾਲ ਪੇਸ਼ ਹੁੰਦੀ ਹੈ। ਇਸ ਲਈ ਪਾਠਕ ਵਰਗ ਵੀ ਵਿਸ਼ੇਸ਼ ਹੀ ਹੋਵੇਗਾ।
ਉਸ ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਤੋਂ ਸਾਨੂੰ ਕਈ ਆਸਾਂ ਹਨ। ਨਿਰਸੰਦੇਹ ਇਹ ਲਿਖਤਾਂ ਪਾਠਕ ਜਗਤ ਦਾ ਹੁੰਗਾਰਾ ਵਸੂਲਣ ਵਿਚ ਸਫਲ ਰਹਿਣਗੀਆਂ।
——————————–
ਚੁੱਪ ਹੋ ਜਾਂਦਾ ਹਾਂ
ਜਦ ਸੁੰਨ ਦੀ ਆਗੋਸ਼ ‘ਚ ਜਾਵਾਂ
ਤੇ ਹੋਸ਼ੋਂ-ਬੇਹੋਸ਼ ਹੋ ਜਾਵਾਂ
ਤਾਂ ਚੁੱਪ ਹੋ ਜਾਂਦਾ ਹਾਂ।

ਜਦ ਖੁਦ ਤੋਂ ਬੇਖਬਰ ਹੋਵਾਂ
ਤੇ ਜੀਂਦੇ ਜੀਅ ਕਬਰ ਹੋਵਾਂ
ਤਾਂ ਚੁੱਪ ਹੋ ਜਾਂਦਾ ਹਾਂ।

ਜਦ ਖੜ੍ਹੇ ਦਿਨ ਸੂਰਜ ਡੁੱਬੇ
ਤੇ ਮਨ ‘ਚ ਉਦਾਸੀ ਹੁੱਬੇ
ਤਾਂ ਚੁੱਪ ਹੋ ਜਾਂਦਾ ਹਾਂ।

ਜਦ ਹਾਉਕੇ ਦੀ ਲੋਰ ਸੁਣਾਂ
ਤੇ ਸਾਹਾਂ ਦਾ ਸ਼ੋਰ ਸੁਣਾਂ
ਤਾਂ ਚੁੱਪ ਹੋ ਜਾਂਦਾ ਹਾਂ

ਜਾਂ ਦੁੱਖਾਂ ਦਾ ਆਗਾਜ਼ ਦੇਖਾਂ
ਤੇ ਪੀੜਾ ਦਾ ਅੰਦਾਜ਼ ਦੇਖਾਂ
ਤਾਂ ਚੁੱਪ ਹੋ ਜਾਂਦਾ ਹਾਂ।

ਜਦ ਪਰਖਿਆ ਜਾਂਦਾ ਸਬਰ ਹੋਵਾਂ
ਤੇ ਅਖਬਾਰ ਦੀ ਖਬਰ ਹੋਵਾਂ
ਤਾਂ ਚੁੱਪ ਹੋ ਜਾਂਦਾ ਹਾਂ।

ਜਦ ਖੌਫ-ਰੱਤਾ ਹਸ਼ਰ ਹੋਵੇ
ਤੇ ਚੀਖ ਬਣਿਆ ਬਸ਼ਰ ਹੋਵੇ
ਤਾਂ ਚੁੱਪ ਹੋ ਜਾਂਦਾ ਹਾਂ।

ਜਦ ਪਿੰਡ ਦਾ ਜਿ਼ਕਰ ਹੋਵੇ
ਤੇ ਗਰਾਈਆਂ ਦਾ ਫਿਕਰ ਹੋਵੇ
ਤਾਂ ਚੁੱਪ ਹੋ ਜਾਂਦਾ ਹਾਂ।

ਅੱਜ ਕੱਲ੍ਹ
ਅਕਸਰ ਮੈਂ ਚੁੱਪ ਹੀ ਰਹਿੰਦਾ ਹਾਂ।
-ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080