ਕੌਣ ਸੀ ਬੰਦਾ ਸਿੰਘ ਬਹਾਦਰ

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-6
ਹਰਪਾਲ ਸਿੰਘ
ਫੋਨ: 916-236-8830
ਕੀ ਬੰਦਾ ਸਿੰਘ ਬਹਾਦਰ ਬ੍ਰਾਹਮਣ ਸੀ?
ਬਾਬਾ ਬੰਦਾ ਸਿੰਘ ਬਹਾਦਰ ਨੂੰ ਬ੍ਰਾਹਮਣ ਦਰਸਾਉਣ ਦੀਆਂ ਕੋਸ਼ਿਸ਼ਾਂ ਗਾਹੇ-ਬਗਾਹੇ ਹਿੰਦੂ ਮਹਾਂਸਭੀਆਂ ਵਲੋਂ ਕੀਤੀਆਂ ਜਾਂਦੀਆਂ ਰਹੀਆਂ ਹਨ। ਢਹਿ-ਢੇਰੀ ਹੋਈ ਹਿੰਦੂ ਮਾਨਸਿਕਤਾ ਨੂੰ ਆਸਰਾ ਦੇਣ ਲਈ ਉਨ੍ਹਾਂ ਨੂੰ ਅਜਿਹੀ ਸ਼ਖ਼ਸੀਅਤ ਦੀ ਲੋੜ ਵੀ ਸੀ। ਵਿਨਾਇਕ ਦਮੋਦਰ ਸਾਵਰਕਰ ਅਨੁਸਾਰ ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਨਾਲ ਅਤੇ ਸਿੱਖਾਂ ਨਾਲ ਇਸ ਲਈ ਸਾਂਝ ਪਾਈ ਤਾਂ ਕਿ ਉਹ ਹਿੰਦੂਆਂ ਉਤੇ ਮੁਸਲਮਾਨਾਂ ਵਲੋਂ ਕੀਤੇ ਜ਼ੁਲਮਾਂ ਦਾ ਬਦਲਾ ਲੈ ਸਕੇ। ਐਮæਐਸ਼ ਚੰਦੇਲਾ ਆਪਣੀ ਪੁਸਤਕ ‘ਬੰਦਾ ਬਹਾਦਰ’ ਵਿਚ ਉਨ੍ਹਾਂ ਵਿਅਕਤੀਆਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਦੀਆਂ ਨਜ਼ਰਾਂ ਵਿਚ ਬੰਦਾ ਸਿੰਘ ਬਹਾਦਰ ‘ਮੋਹਿਆਲ’ ਬ੍ਰਾਹਮਣ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਧਾਰਮਿਕ ਗ੍ਰੰਥਾਂ ਦਾ ਪਾਠ ਕਰ, ਦੱਕਸ਼ਣਾ ਲੈ ਕੇ ਗੁਲਾਮ ਕਰਨ ਵਾਲੇ ਬ੍ਰਾਹਮਣਾਂ ਦੇ ਮੁਕਾਬਲੇ ਮੋਹਿਆਲ ਬ੍ਰਾਹਮਣ (ਉਨ੍ਹਾਂ ‘ਚੋਂ ਕੁਝ ਆਪਣਾ ਗੋਤ ਆਮ ਤੌਰ ‘ਤੇ ਭਾਰਦਵਾਜ ਦੱਸਦੇ ਹਨ) ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਫੌਜ ਦੀ ਨੌਕਰੀ ਹੈ। ਪੀæਐਨæ ਬਾਲੀ ਜੋ ਖੁਦ ਮੋਹਿਆਲ ਬ੍ਰਾਹਮਣ ਹੈ, ਆਪਣੀ ਕਿਤਾਬ ‘ਮੋਹਿਆਲਾਂ ਦਾ ਇਤਿਹਾਸ’ ਵਿਚ ਕਹਿੰਦਾ ਹੈ ਕਿ ਬੰਦਾ ਮੋਹਿਆਲ ਬ੍ਰਾਹਮਣਾਂ ਦੇ ਪਰਿਵਾਰ ਵਿਚ ਪੈਦਾ ਹੋਇਆ ਅਤੇ ਉਹ ਭਾਈ ਮਤੀ ਦਾਸ ਦੇ ਵੰਸ਼ ਵਿਚੋਂ ਸੀ। ਆਮ ਧਾਰਨਾ ਹੈ ਕਿ ਬੰਦਾ ਅਕਤੂਬਰ 1670 ਵਿਚ ਰਾਮ ਦੇਵ ਦੇ ਘਰ ਪੈਦਾ ਹੋਇਆ, ਪਰ ਬਾਲੀ ਵੀ ਬਾਕੀ ਲਿਖਾਰੀਆਂ ਵਾਂਗ ਰਾਮ ਦੇਵ ਦੇ ਪਿਤਾ ਦਾ ਨਾਂ ਨਹੀਂ ਦੱਸਦਾ। ਕੇਸਰ ਸਿੰਘ ਛਿੱਬਰ ਨੇ ਸੰਨ 1769 ਦੇ ਨੇੜੇ ਤੇੜੇ ‘ਬੰਸਾਵਲੀਨਾਮਾ ਦਸਾਂ ਗੁਰੂਆਂ ਕਾ’ ਲਿਖਿਆ ਅਤੇ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਦੇਣ ਵਾਲਾ ਉਹ ਪਹਿਲਾ ਲੇਖਕ ਹੈ। ਜਦੋਂ ਬੰਦੇ ਦੀ ਸ਼ਹੀਦੀ ਹੋਈ, ਉਸ ਸਮੇਂ ਛਿੱਬਰ ਚੜ੍ਹਦੀ ਜਵਾਨੀ ਵਿਚ ਸੀ। ਜੇ ਬੰਦਾ ਮੋਹਿਆਲ ਬ੍ਰਾਹਮਣ ਹੁੰਦਾ ਤਾਂ ਉਹ ਇਹ ਗੱਲ ਜ਼ਰੂਰ ਦੱਸਦਾ, ਕਿਉਂਕਿ ਉਹ ਖੁਦ ਮੋਹਿਆਲ ਸੀ, ਪਰ ਉਸ ਨੇ ਬੰਦੇ ਦੇ ਮੋਹਿਆਲ ਬ੍ਰਾਹਮਣ ਹੋਣ ਬਾਰੇ ਕੁਝ ਨਹੀਂ ਦੱਸਿਆ।
ਬੰਦੇ ਦੇ ਮੋਹਿਆਲ ਬ੍ਰਾਹਮਣ ਹੋਣ ਦਾ ਜ਼ਿਕਰ ਅਮਰੀਕ ਸਿੰਘ ਭੀਮਵਾਲ ਵੀ ਕਰਦਾ ਹੈ ਜੋ ਅਕੈਡਮੀ ਆਫ਼ ਆਰਟਸ, ਕਲਚਰ ਐਂਡ ਲੈਂਗੁਏਜਜ਼, ਜੰਮੂ ਦਾ ਇਨਾਮ ਵਿਜੇਤਾ ਲਿਖਾਰੀ ਅਤੇ ਐਡੀਟਰ ਰਿਹਾ ਹੈ। 1982 ਵਿਚ ਛਪੀ ਕਿਤਾਬ ‘ਰਿਲੀਜਨਜ਼ ਐਂਡ ਕਮਿਊਨਟੀਜ਼ ਆਫ਼ ਇੰਡੀਆ’ ਦਾ ਲੇਖਕ ਪੀæਐਨæ ਚੋਪੜਾ ਵੀ ‘ਮੋਹਿਆਲ ਕਮਿਊਨਿਟੀ’ ਦੇ ਸਿਰਲੇਖ ਹੇਠਾਂ ਲਿਖਦਾ ਹੈ ਕਿ ਬੰਦਾ ਬੈਰਾਗੀ ਮੋਹਿਆਲ ਹੀਰੋ ਸੀ (ਪੰਨਾ 68)। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਬਨਾਲੀ ਵਾਸੀ ਮੋਹਿਆਲ ਸਰਦਾਰ ਬਹਾਦਰ ਕੈਪਟਨ ਮੰਗਤ ਰਾਮ ਛਿੱਬੜ ਵੀ ਤਸਦੀਕ ਕਰਦਾ ਹੈ ਕਿ ਬੰਦਾ ਛਿੱਬੜ ਗੋਤ ਦਾ ਮੋਹਿਆਲ ਸੀ।
ਇਸ ਤੋਂ ਪਹਿਲਾਂ ਕਿ ਅਸੀਂ ਬੰਦਾ ਸਿੰਘ ਬਹਾਦਰ ਨੂੰ ਬ੍ਰਾਹਮਣ ਜਾਂ ਮੋਹਿਆਲ ਬ੍ਰਾਹਮਣ ਮੰਨੀਏ, ਇਕ ਨਜ਼ਰ ਬ੍ਰਾਹਮਣੀ ਸਮਾਜ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਉਤੇ ਮਾਰ ਲੈਣੀ ਚਾਹੀਦੀ ਹੈ। ਜੇ ਬੰਦਾ ਸਿੰਘ ਬਹਾਦਰ ਵਿਚ ਬ੍ਰਾਹਮਣੀ ਸਮਾਜ ਦੇ ਗੁਣ ਹੁੰਦੇ ਤਾਂ ਨਿਸ਼ਚੇ ਹੀ ਉਹ ਬ੍ਰਾਹਮਣ ਹੋ ਸਕਦਾ ਹੈ; ਨਹੀਂ ਤਾਂ ਇਹ ਵਿਚਾਰ ਹਾਸੋ ਹੀਣਾ ਹੈ। ਸਨਾਤਨੀ ਧਰਮ (ਬ੍ਰਾਹਮਣੀ) ਜਾਤ-ਪਾਤ, ਵਰਣ ਆਸ਼ਰਮ ਅਤੇ ਫੋਕੇ ਕਰਮ ਕਾਂਡਾਂ ਵਿਚ ਵਿਸ਼ਵਾਸ ਰੱਖਦਾ ਸੀ। ਸ਼ਾਸਤਰਾਂ ਅਤੇ ਹੋਰ ਬ੍ਰਾਹਮਣੀ ਧਾਰਮਿਕ ਸਾਹਿਤ ਨੇ ਜਾਤ-ਪਾਤ ਲਈ ਵੇਦਾਂ ਦੀ ਪ੍ਰਵਾਨਗੀ ਹਾਸਲ ਕੀਤੀ ਹੋਈ ਸੀ। ਇਸ ਦੀ ਲਪੇਟ ਵਿਚ ਸਮੁੱਚਾ ਸਮਾਜ ਆਇਆ; ਸਾਧੂ ਅਤੇ ਫਕੀਰਾਂ ਨੂੰ ਛੱਡ ਕੇ ਜੋ ਆਪਣੇ ਆਪ ਨੂੰ ਸਮਾਜ ਨਾਲੋਂ ਵੱਖ ਕਰ ਲੈਂਦੇ ਸਨ। ਜਾਤ-ਪਾਤ ਉਤੇ ਕੋਈ ਭੂਗੋਲਿਕ ਬੰਧਨ ਵੀ ਨਹੀਂ ਸੀ। ਕੋਈ ਬ੍ਰਾਹਮਣ ਜਾਂ ਨੀਚ ਜਾਤ ਦਾ ਬੰਦਾ ਭਾਵੇਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾਵੇ, ਉਹ ਬ੍ਰਾਹਮਣ ਜਾਂ ਨੀਚ ਹੀ ਰਹਿੰਦਾ ਸੀ। ਜਾਤ-ਪਾਤੀ ਸਮਾਜ ਨੇ ਆਪਣੀ ਹੀ ਕਿਸਮ ਦੀ ਗੁਲਾਮੀ ਦਾ ਨਮੂਨਾ ਘੜਿਆ ਹੋਇਆ ਸੀ ਜਿਸ ਨਾਲ ਸਾਰੀਆਂ ਜਾਤਾਂ ਜਾਤ-ਪਾਤੀ ਸਮਾਜ ਦੀਆਂ ਗੁਲਾਮ ਹੋ ਗਈਆਂ ਸਨ।
ਬੰਦਾ ਬਹਾਦਰ ਦੇ ਚਿਤਵੇ ਸਮਾਜਕ ਪ੍ਰਬੰਧ ਵਿਚ ਜਾਤ-ਪਾਤ ਲਈ ਕੋਈ ਥਾਂ ਨਹੀਂ ਸੀ। ਦੱਬੇ-ਕੁਚਲੇ ਅਤੇ ਨੀਵੀਆਂ ਜਾਤਾਂ ਵੱਲ ਉਸ ਦਾ ਅਥਾਹ ਪਿਆਰ ਸੀ। ਉਸ ਨੇ ਰਾਜ ਸੱਤਾ ਆਮ ਸ਼ੂਦਰਾਂ ਅਤੇ ਲਤਾੜੇ ਹੋਏ ਲੋਕਾਂ ਦੇ ਹੱਥਾਂ ਵਿਚ ਦਿੱਤੀ। ਇਸ ਸ਼ਕਤੀ ਨੇ ਉਨ੍ਹਾਂ ਨੂੰ ਅਮੀਰਾਂ ਅਤੇ ਜਗੀਰਦਾਰਾਂ ਉਤੇ ਆਪਣਾ ਹੁਕਮ ਚਲਾਉਣ ਦੇ ਸਮਰੱਥ ਕਰ ਦਿੱਤਾ ਸੀ। ਉਸ ਨੇ ਸ਼ੂਦਰਾਂ ਨੂੰ ਤਲਵਾਰ ਫੜਾ ਕੇ ਐਸਾ ਯੋਧਾ ਬਣਾ ਦਿੱਤਾ ਸੀ ਜਿਨ੍ਹਾਂ ਨੇ ਪੇਸ਼ੇਵਰ ਜਰਨੈਲਾਂ ਅਤੇ ਹਾਕਮਾਂ ਦੇ ਤਾਜ ਮਿੱਟੀ ਵਿਚ ਰੋਲ ਦਿੱਤੇ। ਉਸ ਨੇ ਆਪਣੇ ਰਾਜ ਪ੍ਰਬੰਧ ਵਿਚ ਨੀਵੇਂ ਤੋਂ ਨੀਵੇਂ ਲੋਕਾਂ ਨੂੰ ਉਚੀਆਂ ਪਦਵੀਆਂ ਤੱਕ ਪਹੁੰਚਾਇਆ। ਫਾਰਸੀ ਸਰੋਤ ਸਵੀਕਾਰ ਕਰਦੇ ਹਨ ਕਿ ਬੰਦਾ ਬਹਾਦਰ ਨੇ ਭਾਰਤੀ ਸਮਾਜ ਵਿਚ ਸਦੀਆਂ ਤੋਂ ਲਤਾੜੇ ਅਤੇ ਅਛੂਤ ਕਹੇ ਜਾਂਦੇ ਲੋਕਾਂ ਨੂੰ ਰਾਜ ਭਾਗ ਵਿਚ ਭਾਈਵਾਲ ਬਣਾਇਆ। ਮੁਹੰਮਦ ਸਫੀ ਵਾਹਿਦ ਲਿਖਦਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਜਿਹੜਾ ਵੀ ਸਿੱਖਾਂ ਦੀ ਲੜੀ ਵਿਚ ਪਰੋਇਆ ਜਾਂਦਾ ਸੀ, ਉਹ ਉਨ੍ਹਾਂ ਨਾਲ ਇਕੋ ਥਾਲੀ ਵਿਚ ਖਾਣਾ ਖਾਣ ਦਾ ਭਾਈਵਾਲ ਬਣ ਜਾਂਦਾ ਸੀ। ਨੀਵੇਂ ਪੇਸ਼ੇ ਵਾਲਾ ਭੰਗੀ ਤੇ ਵੱਡੀ ਜਾਤ ਵਾਲਾ ਰਾਜਾ, ਇਕੋ ਭਾਂਡੇ ਵਿਚੋਂ ਖਾਣਾ ਖਾਂਦੇ ਸਨ।
ਮੁਹੰਮਦ ਸਫੀ ਵਾਹਿਦ ਅਨੁਸਾਰ, “ਚੂਹੜੇ ਤੇ ਚਮਾਰ ਜਿਨ੍ਹਾਂ ਨਾਲੋਂ ਹਿੰਦੁਸਤਾਨ ਵਿਚ ਕੋਈ ਹੋਰ ਕੌਮ ਵਧੇਰੇ ਨਾਪਾਕ ਨਹੀਂ ਹੈ, ਉਸ ਮਰਦੂਦ (ਬੰਦਾ ਬਹਾਦਰ) ਦੀ ਸੇਵਾ ਵਿਚ ਹਾਜ਼ਰ ਹੋ ਕੇ ਆਪਣੇ ਸ਼ਹਿਰ ‘ਤੇ ਹਕੂਮਤ ਕਰਨ ਲਈ ਨਿਯੁਕਤ ਹੋ ਰਹੇ ਸਨ ਅਤੇ ਹਕੂਮਤ ਦਾ ਦਸਤੂਰ (ਕਾਨੂੰਨ/ਅਧਿਕਾਰ) ਪ੍ਰਾਪਤ ਕਰ ਕੇ ਪਰਤ ਰਹੇ ਸਨ। ਜਦੋਂ ਉਹ (ਨਵ-ਨਿਯੁਕਤ ਸਿੱਖ ਅਧਿਕਾਰੀ) ਕਿਸੇ ਸ਼ਹਿਰ ਜਾਂ ਪਿੰਡ ਵਿਚ ਪੈਰ ਪਾਉਂਦਾ ਸੀ ਤਾਂ ਸਾਰੇ ਵੱਡੇ ਲੋਕ ਤੇ ਮੁਖੀਏ ਨੱਠ ਕੇ ਉਸ ਦਾ ਸਵਾਗਤ ਕਰਦੇ ਸਨ ਅਤੇ ਉਸ ਦੇ ਪੜਾਅ ਕਰਨ ‘ਤੇ ਹੱਥ ਬੰਨ੍ਹ ਕੇ ਉਸ ਅੱਗੇ ਖਲੋਤੇ ਰਹਿੰਦੇ ਸਨ।”
ਬ੍ਰਾਹਮਣਵਾਦੀ ਮਨੋਰਥਾਂ ਨੂੰ ਪੂਰਾ ਕਰਨ ਲਈ ਕਰਮ ਸਿਧਾਂਤ ਦੀ ਖੁੱਲ੍ਹੀ ਵਰਤੋਂ ਕੀਤੀ ਗਈ। ਕਰਮ ਸਿਧਾਂਤ ਵਿਚ ਬੱਝੇ ਹੋਏ ਲੋਕ ਸਮਾਜ ਵਿਚ ਹਮੇਸ਼ਾ ਉਚਾ ਨੀਵਾਂ ਦਰਜਾ ਰੱਖਦੇ ਸਨ। ਇਸ ਸਿਧਾਂਤ ਅਨੁਸਾਰ ਆਦਮੀ ਦਾ ਕਿਸੇ ਜਾਤ ਵਿਚ ਜਨਮ ਲੈਣਾ ਇਤਫਾਕ ਨਹੀਂ ਸਗੋਂ ਪੂਰਬਲੇ ਜਨਮਾਂ ਦਾ ਸਿੱਟਾ ਸਮਝਿਆ ਜਾਂਦਾ ਹੈ। ਬ੍ਰਾਹਮਣਾਂ ਦਾ ਕਰਮ ਸਿਧਾਂਤ, ਜਾਤ-ਪਾਤ ਪ੍ਰਬੰਧ ਨਾਲ ਪੂਰੀ ਤਰ੍ਹਾਂ ਇਕਸੁਰ ਸੀ।
ਕਰਮ ਕਾਂਡ ਨੂੰ ਬੰਦਾ ਸਿੰਘ ਬਹਾਦਰ ਨਹੀਂ ਮੰਨਦਾ ਸੀ। ਕਰਮਾਂ ਦਾ ਮਨੁੱਖ ਦੇ ਜੀਵਨ ਨੂੰ ਸੁਆਰਨ ਜਾਂ ਉਚਿਆਉਣ ਨਾਲ ਕੋਈ ਧੁਰੋਂ ਹੀ ਸਬੰਧ ਹੋਵੇ, ਉਹ ਇਸ ਗੱਲ ਤੋਂ ਇਨਕਾਰੀ ਸੀ। ਉਸ ਦਾ ਇਸ ਸਿਧਾਂਤ ਵਿਚ ਪੂਰਾ ਨਿਸ਼ਚਾ ਸੀ ਕਿ ਕੋਓ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਉਹ ਦੇਸ਼ ਭਗਤ, ਗੁਰੂ ਭਗਤ ਅਤੇ ਸੱਚਾ ਕਰਮਯੋਗੀ ਸੀ ਜਿਸ ਦਾ ਮਨੋਰਥ ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਉਤਾਂਹ ਉਠਾ ਕੇ ਬਰਾਬਰੀ ਦਾ ਹੱਕ ਦੇਣਾ ਸੀ। ਮਾਲਾ ਫੇਰਨ, ਤਪੱਸਿਆ ਕਰਨ ਅਤੇ ਫੋਕੇ ਕਰਮ ਕਾਂਡ ਕਰਨ ਨਾਲ ਸ਼ਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਨੁੱਖ ਦੇ ਭਲੇ ਲਈ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਤਲਵਾਰ ਸ਼ਕਤੀ ਦਾ ਪ੍ਰਤੀਕ ਹੈ। ਬੰਦੇ ਅਨੁਸਾਰ ਅਤਿਆਚਾਰ ਖ਼ਿਲਾਫ਼ ਹਥਿਆਰ ਚੁਕਣਾ ਧਾਰਮਿਕ ਫਰਜ਼ ਹੈ। ਇਤਿਹਾਸ ਵਿਚ ਇਸ ਗੱਲ ਦੀ ਕੋਈ ਵੀ ਮਿਸਾਲ ਨਹੀਂ ਮਿਲਦੀ ਕਿ ਬਿਨਾਂ ਮੁਕਾਬਲਾ ਕੀਤੇ ਆਪਣੇ ਆਪ ਬੁਰਾਈ ਖਤਮ ਹੋਈ ਹੋਵੇ।
ਬੰਦੇ ਦਾ ਬ੍ਰਾਹਮਣ ਵੰਸ਼ ਵਿਚੋਂ ਹੋਣਾ ਸਿੱਧ ਕਰਨ ਲਈ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਉਹ ਵੈਸ਼ਨਵ ਮੱਤ ਨੂੰ ਮੰਨਣਾ ਵਾਲਾ ਸੀ। ਖਾਣ-ਪੀਣ ਦੇ ਮਾਮਲੇ ਵਿਚ ਵੈਸ਼ਨੋ ਧਰਮੀ ਬੜੇ ਸਖ਼ਤ ਹੁੰਦੇ ਹਨ, ਭਾਵ ਮਾਸ ਆਂਡੇ ਤੋਂ ਸਖਤ ਪਰਹੇਜ਼ ਕਰਦੇ ਹਨ। ਬੰਦਾ ਕਿਉਂਕਿ ਤਾਮਸਿਕ ਭੋਜਨ, ਮੀਟ ਅਤੇ ਸ਼ਰਾਬ ਤੋਂ ਘਿਰਣਾ ਕਰਦਾ ਸੀ, ਇਸ ਲਈ ਉਸ ਦਾ ਸਬੰਧ ਵੈਸ਼ਨਵ ਘਰਾਣੇ ਨਾਲ ਸੀ। ਜੇ ਬੰਦਾ ਸਿੰਘ ਬਹਾਦਰ ਦੇ ਬਚਪਨ ਨੂੰ ਗਹੁ ਨਾਲ ਦੇਖਿਆ ਜਾਵੇ ਤਾਂ ਉਸ ਦੇ ਮੀਟ ਨਾ ਖਾਣ ਦੀ ਗੱਲ ਭਲੀ ਭਾਂਤ ਸਮਝ ਆ ਜਾਂਦੀ ਹੈ। ਉਸ ਦੇ ਮਾਂ ਬਾਪ ਛੋਟੀ ਜਾਤੀ ਵਿਚੋਂ ਸਨ ਜਿਨ੍ਹਾਂ ਲਈ ਦੋ ਵਕਤ ਦੀ ਰੋਟੀ ਹਾਸਲ ਕਰਨਾ ਵੀ ਅਤਿ ਮੁਸ਼ਕਿਲ ਸੀ; ਮੀਟ ਸ਼ਰਾਬ ਦੀ ਗੱਲ ਤਾਂ ਦੂਰ ਦੀ ਸੀ। ਬਚਪਨ ਵਿਚ ਹੀ ਬੰਦੇ ਦੇ ਮਾਂ ਬਾਪ ਮਰ ਗਏ ਸਨ, ਉਸ ਨੂੰ ਭੋਜਨ ਦੀ ਤਲਾਸ਼ ਵਿਚ ਦਰ ਦਰ ਭਟਕਣਾ ਪਿਆ। ਭੁੱਖਮਰੀ ਦੀ ਹਾਲਾਤ ਵਿਚ ਉਸ ਦਾ ਇਕੋ ਇਕ ਆਸਰਾ ਕਰਤਾਰਪੁਰ ਵਿਚ ਸਥਿਤ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸੀ। ਉਸ ਨੇ ਗੁਰਦੁਆਰੇ ਵਿਚ ਸ਼ਰਨ ਲਈ ਜਿਸ ਵਿਚ ਹਰ ਰੋਜ਼ ਵੈਸ਼ਨੂੰ ਭੋਜਨ ਹੀ ਤਿਆਰ ਹੁੰਦਾ ਸੀ। ਵੈਸ਼ਨੂੰ ਭੋਜਨ ਕਰਨਾ ਉਸ ਦੀ ਆਦਤ ਬਣ ਗਈ ਸੀ ਜਿਸ ਨੂੰ ਉਸ ਨੇ ਜੀਵਨ ਦੇ ਅੰਤਲੇ ਪਲਾਂ ਤੱਕ ਨਿਭਾਇਆ। ਬਿਨਾਂ ਸ਼ੱਕ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਭਾਵੇਂ ਉਹ ਆਪ ਵੈਸ਼ਨੂੰ ਸੀ ਪਰ ਉਸ ਨੇ ਆਪਣੇ ਬਹਾਦਰ ਯੋਧਿਆਂ ਨੂੰ ਮਾਸ ਖਾਣ ਤੋਂ ਨਹੀਂ ਵਰਜਿਆ।
ਉਪਰੋਕਤ ਵਿਚਾਰਾਂ ਦੇ ਆਧਾਰ ‘ਤੇ ਕਹਿ ਸਕਦੇ ਹਾਂ ਕਿ ਬੰਦਾ ਸਿੰਘ ਬਹਾਦਰ ਮੋਹਿਆਲ ਬ੍ਰਾਹਮਣ ਨਹੀਂ ਸੀ। ਉਸ ਨੇ ਜਿਸ ਸਮਾਜ ਦੀ ਸਥਾਪਨਾ ਕੀਤੀ, ਉਹ ਮੋਹਿਆਲ ਬ੍ਰਾਹਮਣੀ ਸਮਾਜ ਦੇ ਉਲਟ ਸੀ ਕਿਉਂਕਿ ਜਾਤਾਂ ‘ਤੇ ਆਧਾਰਤ ਪੱਖਪਾਤੀ ਸਮਾਜ ਨੂੰ ਠੁਕਰਾਉਂਦਿਆਂ ਉਸ ਨੇ ਰਾਜਸੀ ਸ਼ਕਤੀ ਚੂਹੜੇ-ਚਮਾਰਾਂ ਅਤੇ ਪਛੜੇ ਵਰਗਾਂ ਦੇ ਹੱਥਾਂ ਵਿਚ ਦਿੱਤੀ ਸੀ।
ਕੀ ਬੰਦਾ ਸਿੰਘ ਬਹਾਦਰ ਰਾਜਪੂਤ ਸੀ?
ਬਹੁਤ ਸਾਰੇ ਸਿੱਖ ਇਤਿਹਾਸਕਾਰ ਜਿਨ੍ਹਾਂ ਵਿਚ ਡਾæ ਗੰਡਾ ਸਿਘ ਅਤੇ ਕਰਮ ਸਿੰਘ ਸ਼ਾਮਲ ਹਨ, ਇਸ ਵਿਚਾਰ ਨਾਲ ਸਹਿਮਤ ਨਜ਼ਰ ਆਉਂਦੇ ਹਨ ਕਿ ਬੰਦਾ ਸਿੰਘ ਬਹਾਦਰ ਦਾ ਜਨਮ ਰਾਜਪੂਤ ਘਰਾਣੇ ਵਿਚ ਰਾਜੌਰੀ ਦੇ ਸਥਾਨ ‘ਤੇ ਹੋਇਆ। ਐਮæਏæ ਮੈਕਾਲਿਫ ਅਤੇ ਅੰਗਰੇਜ਼ ਇਤਿਹਾਸਕਾਰ ਰੋਜ਼ ਵੀ ਇਸ ਵਿਚਾਰ ਨਾਲ ਸਹਿਮਤ ਹਨ ਕਿ ਉਹ ਰਾਜਪੂਤ ਕੁਨਬੇ ਤੋਂ ਸੀ। ਮੈਕਾਲਿਫ ਆਪਣੀ ਕਿਤਾਬ ‘ਦਿ ਸਿੱਖ ਰਿਲੀਜ਼ਨ’ ਵਿਚ ਲਿਖਦਾ ਹੈ, “ਬੰਦਾ ਜਿਸ ਦਾ ਮੁਢਲਾ ਨਾਂ ਲਛਮਣ ਦੇਵ ਸੀ, ਨਿਚਲੇ ਹਿਮਾਲਿਆ (ਸ਼ਿਵਾਲਕ) ਦੇ ਪਹਾੜੀ ਰਾਜ ਪੁਣਛ ਦੇ ਰਾਜੌਰੀ ਪਿੰਡ ਦੇ ਰਾਮ ਦੇਵ ਰਾਜਪੂਤ ਦਾ ਪੁੱਤਰ ਸੀ। ਉਹ ਖੇਤੀਬਾੜੀ ਕਰਦਾ ਸੀ। ਬੰਦੂਕ ਚਲਾਉਣ ਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ।”
ਐਮæਐਸ਼ ਚੰਦੇਲਾ ਆਪਣੀ ਪੁਸਤਕ ‘ਬੰਦਾ ਬਹਾਦਰ’ ਵਿਚ ਲੇਖਕ ਐਚæਏæ ਰੋਜ਼ (ਜਿਸ ਨੇ ਆਪਣੀ ਪੁਸਤਕ ਵਿਚ ਪੰਜਾਬ ਅਤੇ ਨਾਰਥ ਵੈਸਟ ਫਰੰਟੀਅਰ ਪਰੋਵਿੰਸ ਦੇ ਕਬੀਲਿਆਂ ਅਤੇ ਜਾਤਾਂ ਦੇ ਕੋਸ਼ ਦਾ ਵਰਣਨ ਕੀਤਾ ਹੈ) ਦੇ ਹਵਾਲੇ ਨਾਲ ਲਿਖਦੇ ਹਨ, “ਇਸ ਆਦਮੀ (ਬੈਰਾਗੀ) ਦਾ ਇਤਿਹਾਸ ਨਿਆਰਾ ਹੈ। ਕਸ਼ਮੀਰ ਵਿਚ ਸਥਿਤ ਰਾਜੌਰੀ ਵਾਸੀ ਰਾਜਪੂਤਾਂ ਦੇ ਇਸ ਮੁੰਡੇ ਨੇ ਸੰਨ 1686 ਵਿਚ ਜ਼ਿਲ੍ਹਾ ਲਾਹੌਰ ਵਿਚ ਕਸੂਰ ਨੇੜੇ ਸਥਿਤ ਬਾਬਾ ਰਾਮ ਥੰਮਨ ਦੀ ਦਰਗਾਹ ‘ਤੇ ਪਹੁੰਚ ਕੇ ਆਪਣਾ ਜਨਮ ਦਾ ਨਾਂ ਲਛਮਣ ਬਾਲਾ ਤਿਆਗ ਕੇ ਨਰੈਣ ਦਾਸ ਨਾਂ ਧਾਰਨ ਕਰ ਲਿਆ। ਫਿਰ ਸੰਨ 1691 ਵਿਚ ਉਸ ਨੇ ਜੋਗੀ ਬਣ ਤਾਂਤਰਿਕ ਮੱਤ ਅਪਨਾ ਲਿਆ ਅਤੇ ਆਪਣਾ ਨਾਂ ਬਦਲ ਕੇ ਮਾਧੋ ਦਾਸ ਰੱਖ ਲਿਆ। ਸੰਭਵ ਹੈ ਕਿ ਉਹ ਨਾਂਦੇੜ ਵਿਖੇ ਗੁਰੁ ਗੋਬਿੰਦ ਸਿੰਘ ਨੂੰ ਮਿਲਿਆ ਜਿਨ੍ਹਾਂ ਨੇ ਉਸ ਦੁਆਰਾ ਅਪਨਾਏ ਬੰਦੇ ਦੇ ਨਾਂ ਨਾਲ ਬਹਾਦਰ ਦਾ ਲਕਬ ਪੰਜ ਤੀਰਾਂ ਅਤੇ ਕੁਝ ਸ਼ਸਤਰਾਂ ਸਮੇਤ ਉਸ ਨੂੰ ਬਖ਼ਸ਼ਿਆ।”
ਡਾæ ਗੰਡਾ ਸਿੰਘ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ’ ਵਿਚ ਮੈਕਾਲਿਫ ਦੇ ਵਿਚਾਰਾਂ ਨਾਲ ਸਹਿਮਤ ਹਨ। ਉਨ੍ਹਾਂ ਅਨੁਸਾਰ, “ਬਚਪਨ ਵਿਚ ਬੰਦਾ ਸਿੰਘ ਦਾ ਨਾਉਂ ਲਛਮਣ ਦੇਵ ਸੀ। ਇਸ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿਕਰਮੀ, ਐਤਵਾਰ, 16 ਅਕਤੂਬਰ ਸੰਨ 1676 ਈਸਵੀ ਪੂਰਵ ਕਸ਼ਮੀਰ ਦੇ ਪਿੰਡ ਰਾਜੌਰੀ ਵਿਚ ਹੋਇਆ। ਇਸ ਦਾ ਪਿਉ ਰਾਮ ਦੇਵ, ਭਾਰਦਵਾਜ ਗੋਤ ਦਾ ਰਾਜਪੂਤ ਸੀ ਤੇ ਵਾਹੀ ਦਾ ਕੰਮ ਕਰਦਾ ਸੀ।”
ਡਾæ ਐਚæਐਸ਼ ਦਿਲਗੀਰ ਆਪਣੀ ਪੁਸਤਕ ‘ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ’ ਵਿਚ ਲਿਖਦੇ ਹਨ, “ਉਸ ਦਾ ਜਨਮ 16 ਅਕਤੂਬਰ 1670 ਦੇ ਦਿਨ ਕਸ਼ਮੀਰ ਦੇਸ਼ ਦੇ ਪੁਣਛ ਜ਼ਿਲ੍ਹਾ ਦੇ ਪਿੰਡ ਰਜ਼ੋੜੀ (ਪਠਾਨਕੋਟ ਤੋਂ 275 ਤੇ ਜੰਮੂ ਤੋਂ 165 ਕਿਲੋਮੀਟਰ) ਜੋ ਸਮੁੰਦਰ ਤਲ ਤੋਂ 2800 ਫੁੱਟ ਹੈ, ਵਿਚ ਬਾਬਾ ਰਾਮ ਦੇਵ ਦੇ ਘਰ ਹੋਇਆ। ਉਸ ਦਾ ਨਾਂ ਲਛਮਣ ਦਾਸ ਰੱਖਿਆ ਗਿਆ। ਆਪ ਦਾ ਪਰਿਵਾਰ ਰਾਜਪੂਤ ਬਿਰਾਦਰੀ ਨਾਲ ਸਬੰਧ ਰੱਖਦਾ ਸੀ।”
ਡੇਰਾ ਬਾਬਾ ਬੰਦਾ ਬਹਾਦਰ ਰਿਆਸੀ (ਜੰਮੂ) ਦੀ ਮਾਤਾ ਜੋਗਿੰਦਰ ਕੌਰ ਅਨੁਸਾਰ 1947 ਵਿਚ ਭਾਰਤ ਦੀ ਵੰਡ ਤੋਂ ਪਹਿਲਾਂ ਪੁਣਛ ਆਜ਼ਾਦ ਰਿਆਸਤ ਸੀ। ਪੀਰ ਪੰਜਾਲ ਲੜੀ ਤੋਂ ਹੇਠਾਂ ਦੀਆਂ ਸ਼ਿਵਾਲਿਕ ਪਹਾੜੀਆਂ ਵਿਚ ਰਮਣੀਕ ਸਥਾਨ ‘ਤੇ ਛੋਟਾ ਜਿਹਾ ਪਿੰਡ ਜ਼ੋਰੇ-ਕੇ-ਗੜ੍ਹ ਹੈ ਜਿਥੇ 13 ਕੱਤਕ ਬਿਕਰਮੀ ਸੰਮਤ 1727 (27 ਅਕਤੂਬਰ 1670) ਰਾਮ ਦੇਵ ਭਾਰਦਵਾਜ ਜੋ ਰਾਜਪੂਤ ਸੀ, ਦੇ ਘਰ ਪੁੱਤਰ ਨੇ ਜਨਮ ਲਿਆ। ਇਸ ਬੱਚੇ ਦਾ ਨਾਂ ਲਛਮਣ ਦੇਵ ਰੱਖਿਆ ਗਿਆ। ਲਛਮਣ ਦੇਵ ਦਾ ਪਿਤਾ ਕਿਸਾਨ ਸੀ। ਆਪਣੀ ਉਮਰ ਦੇ ਬਾਕੀ ਬੱਚਿਆਂ ਵਾਂਗ ਉਹ ਵੀ ਪਹਿਲਵਾਨੀ, ਤੀਰ ਅੰਦਾਜ਼ੀ, ਸ਼ਿਕਾਰ ਆਦਿ ਖੇਡਾਂ ਵਿਚ ਹਿੱਸਾ ਲੈਣ ਲੱਗ ਪਿਆ। ਉਹ ਘੋੜ ਸਵਾਰੀ ਅਤੇ ਨਿਸ਼ਾਨੇਬਾਜ਼ੀ ਦਾ ਵੀ ਸ਼ੌਕੀਨ ਸੀ।
ਰਾਜਪੂਤਾਂ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਇਹ ਗੱਲ ਸਪਸ਼ਟ ਜ਼ਾਹਰ ਹੁੰਦੀ ਹੈ ਕਿ ਉਨ੍ਹਾਂ ਵਿਚ ਕੁਰਬਾਨੀ ਦੀ ਸਪਿਰਟ, ਵਫਾਦਾਰੀ ਅਤੇ ਗੌਰਵ ਦੀ ਭਾਵਨਾ ਅਤੇ ਹੋਰ ਕਈ ਗੁਣ ਸਨ। ਪੇਨੇ ਇਸ ਹੱਦ ਤੱਕ ਜਾਂਦਾ ਹੈ ਕਿ ਸੰਸਾਰ ਦੇ ਇਤਿਹਾਸ ਵਿਚ ਰਾਜਪੂਤਾਂ ਦੀ ਦ੍ਰਿੜਤਾ ਅਤੇ ਹੌਸਲੇ ਦੇ ਮੁਕਾਬਲੇ ਦੀ ਕੋਈ ਮਿਸਾਲ ਮੁਸ਼ਕਿਲ ਨਾਲ ਹੀ ਲੱਭਦੀ ਹੈ। ਸਮੇਂ ਦਾ ਗੇੜ ਬਦਲਣ ਨਾਲ ਉਨ੍ਹਾਂ ਦੇ ਇਹ ਗੁਣ ਹੌਲੀ ਹੌਲੀ ਲੋਪ ਹੁੰਦੇ ਗਏ। ਰਾਜਪੂਤਾਂ ਨੇ ਮੁੱਖ ਤੌਰ ‘ਤੇ ਕਿਸੇ ਸਾਂਝੇ ਮਨੋਰਥ ਦੀ ਘਾਟ ਕਾਰਨ ਆਪਣੀ ਸ਼੍ਰੇਸ਼ਟਤਾ ਗੁਆ ਲਈ। ਉਨ੍ਹਾਂ ਦੇ ਇਤਿਹਾਸ ਨੂੰ ਜੇ ਗੌਰ ਨਾਲ ਵੇਖੀਏ ਤਾਂ ਬਿਨਾਂ ਸ਼ੱਕ ਸਾਬਤ ਹੁੰਦਾ ਹੈ ਕਿ ਆਪਣੀ ਸੁਰੱਖਿਆ ਲਈ ਵੀ ਉਹ ਏਕਤਾ ਨਹੀਂ ਰੱਖ ਸਕੇ। ਕਾਰਨ ਇਹ ਸੀ ਕਿ ਉਹ ਆਪਣੇ ਜਾਗੀਰਦਾਰੀ ਹਿੱਤਾਂ ਨੂੰ ਕਾਇਮ ਰੱਖਣ ਤੋਂ ਬਿਨਾਂ ਕਦੇ ਵੀ ਕਿਸੇ ਉਚੇਰੇ ਮੰਤਵ ਤੋਂ ਪ੍ਰੇਰਨਾ ਨਹੀਂ ਲੈਂਦੇ ਸਨ। ਉਨ੍ਹਾਂ ਦੇ ਪਿਤਾ ਪੁਰਖੀ ਫੌਜੀ ਜਾਗੀਰਦਾਰੀ ਬਣਤਰ ਵਾਲੇ ਸਮਾਜੀ ਢਾਂਚੇ ਨੇ ਉਨ੍ਹਾਂ ਦੀਆਂ ਵਫਾਦਾਰੀਆਂ ਤੇ ਆਰਥਿਕ ਹਿੱਤਾਂ ਨੂੰ ਛੋਟੀਆਂ ਛੋਟੀਆਂ ਟੁਕੜੀਆਂ ਵਿਚ ਵੰਡਿਆ ਹੋਇਆ ਸੀ। ਇਸ ਕਰ ਕੇ ਉਹ ਸਾਂਝੀ ਵੱਡੀ ਰਾਜਪੂਤ ਰਿਆਸਤ ਬਣਾਉਣ ਦਾ ਨਿਸ਼ਾਨਾ ਵੀ ਪੂਰਾ ਨਾ ਕਰ ਸਕੇ। ਜਦੋਂ ਨਾਦਰ ਸ਼ਾਹ ਭਾਰਤ ਵਿਚ ਦਾਖਲ ਹੋਇਆ ਤਾਂ ਉਸ ਦਾ ਮੁਕਾਬਲਾ ਕਰਨ ਲਈ ਤਿੰਨ ਵੱਡੀਆਂ ਰਾਜਪੂਤ ਰਿਆਸਤਾਂ ਵਿਚ ਸਮਝੌਤਾ ਹੋਇਆ ਜਿਨ੍ਹਾਂ ਵਿਚ ਸਿਸੋਦੀਆਂ, ਰਾਠੌਰ ਤੇ ਕੁਸ਼ਵਾਹਿਆ ਘਰਾਣੇ ਸ਼ਾਮਲ ਸਨ, ਪਰ ਇਹ ਸਮਝੌਤਾ ਸਿਰਫ਼ ਸਮਾਜੀ ਦਰਜਾ-ਬ-ਦਰਜੀ ਦੇ ਸਵਾਲ ਉਤੇ ਟੁੱਟ ਗਿਆ। ਇਕ ਸਮੇਂ ਗਵਾਲੀਅਰ, ਕਲੰਜਰ, ਉਜੈਨ, ਕਨੌਜ, ਦਿੱਲੀ ਅਤੇ ਅਜਮੇਰ ਦੇ ਰਾਜਿਆਂ ਨੇ ਆਪਸ ਵਿਚ ਗਠਜੋੜ ਕੀਤਾ, ਕਿਉਂਕਿ ਉਹ ਹਿੰਦੁਸਤਾਨ ਵਿਚੋਂ ਮੁਗਲ ਰਾਜ ਖ਼ਤਮ ਕਰਨਾ ਚਾਹੁੰਦੇ ਸਨ, ਪਰ ਰਾਜਪੂਤਾਂ ਦਾ ਇਤਿਹਾਸ ਅਤੇ ਉਨ੍ਹਾਂ ਦੀ ਸਮਾਜਕ ਬਣਤਰ ਇਹ ਦੱਸਦੀ ਹੈ ਕਿ ਧਾਰਮਿਕ ਜਾਂ ਕੌਮੀ ਜਜ਼ਬੇ ਨਾਲੋਂ ਉਨ੍ਹਾਂ ਨੂੰ ਆਪਣੇ ਬਾਦਸ਼ਾਹੀ ਅਤੇ ਜਾਗੀਰਦਾਰੀ ਹਿੱਤਾਂ ਦੀ ਵਧੇਰੇ ਚਿੰਤਾ ਸੀ।
ਹਰ ਰਾਜਪੂਤ ਹਲ ਫੜਨ ਤੋਂ ਨਫ਼ਰਤ ਕਰਦਾ ਸੀ ਅਤੇ ਜਿਹੜਾ ਰਾਜਪੂਤ ਹਲ ਵਾਹੁੰਦਾ ਸੀ, ਉਸ ਨੂੰ ਰਾਜਪੂਤਾਂ ਦੀਆਂ ਸਮਾਜੀ ਕੀਮਤਾਂ ਅਨੁਸਾਰ ਘਟੀਆ ਗਿਣਿਆ ਜਾਂਦਾ ਸੀ। ਇਸੇ ਕਰ ਕੇ ਰਾਜਪੂਤ ਉਤਨਾ ਚਿਰ ਗੈਰ ਰਾਜਪੂਤਾਂ ਦੀ ਕਮਾਈ ਦੀ ਲੁੱਟ ਦੇ ਸਹਾਰੇ ਰਹਿੰਦੇ ਜਿਤਨਾ ਚਿਰ ਫੌਜੀ ਤਾਕਤ ਘੱਟ ਜਾਣ ਕਰ ਕੇ ਉਨ੍ਹਾਂ ਵਿਚੋਂ ਕਈਆਂ ਨੂੰ ਹੱਥੀਂ ਕੰਮ ਕਰਨ ਲਈ ਮਜਬੂਰ ਨਹੀਂ ਹੋਣਾ ਪਿਆ। ਜਾਗੀਰਦਾਰੀ ਪ੍ਰਬੰਧ ਕਾਇਮ ਰੱਖਣਾ ਰਾਜਪੂਤੀ ਸਮਾਜ ਦਾ ਮੁੱਖ ਨਿਸ਼ਾਨਾ ਬਣ ਗਿਆ ਸੀ। ਰਾਜਪੂਤਾਂ ਦੀ ਸਮਾਜੀ ਬਣਤਰ ਜੋ ਗੈਰ ਰਾਜਪੂਤਾਂ ਉਤੇ ਹਕੂਮਤ ਅਤੇ ਉਨ੍ਹਾਂ ਦੀ ਆਰਥਿਕ ਲੁੱਟ ਉਤੇ ਨਿਰਭਰ ਸੀ, ਨੇ ਇਹ ਗੁੰਜਾਇਸ਼ ਨਹੀਂ ਛੱਡੀ ਸੀ ਕਿ ਰਾਜਪੂਤ ਆਮ ਹਿੰਦੂ ਜਨਤਾ ਨੂੰ ਮੁਗਲਾਂ ਦੀ ਹਕੂਮਤ ਦਾ ਟਾਕਰਾ ਕਰਨ ਲਈ ਤਿਆਰ ਕਰ ਸਕਣ।
ਰਾਜਪੂਤੀ ਸਮਾਜ ਵਿਚ ਵਫ਼ਾਦਾਰੀ ਵਿਅਕਤੀ ਨਾਲ ਬੱਝੀ ਹੋਈ ਸੀ। ਵਫਾਦਾਰੀ ਉਨੀ ਹੀ ਜੱਦੀ ਹੈ ਜਿੰਨੀ ਜ਼ਮੀਨ ਜੱਦੀ ਹੈ। ਅੰਨ੍ਹੀ ਵਫਾਦਾਰੀ ਕਾਰਨ ਕਬੀਲੇ ਦੇ ਹਿੱਤਾਂ ਦੇ ਮੁਕਾਬਲੇ ਕੁਲ ਦੇ ਹਿੱਤਾਂ ਨੂੰ ਪਹਿਲ ਦਿੱਤੀ ਗਈ। ਇਸੇ ਕਰ ਕੇ ਰਾਜਪੂਤ ਕੌਮਪ੍ਰਸਤੀ ਦੀ ਭਾਵਨਾ ਪੈਦਾ ਨਾ ਕਰੇ। ਜੇ ਕਿਸੇ ਰਾਜਪੂਤ ਮੁਖੀ ਨੇ ਮੁਗਲਾਂ ਨਾਲ ਸਾਂਝ ਪਾ ਲੈਣ ਦਾ ਫੈਸਲਾ ਕਰ ਲਿਆ, ਉਥੇ ਉਸ ਦੇ ਇਸ ਕਦਮ ਨੂੰ ਗਲਤ ਜਾਂ ਸਹੀ ਹੋਣ ਦੀ ਪਰਖ ਕੀਤੇ ਬਗੈਰ ਉਸ ਦੇ ਪੈਰੋਕਾਰ ਮੁਖੀ ਦੇ ਮਗਰ ਲੱਗ ਤੁਰੇ।
ਰਾਜਪੂਤਾਂ ਨੇ ਆਪਣੇ ਹਿੱਤਾਂ ਖਾਤਰ ਮੁਗਲਾਂ ਨਾਲ ਸਾਂਝ ਪਾ ਲਈ। ਉਨ੍ਹਾਂ ਆਪਣੇ ਜਗੀਰੂ ਹਿੱਤਾਂ ਲਈ ਆਪਣੀਆਂ ਧੀਆਂ ਦੇ ਡੋਲੇ ਵੀ ਮੁਗਲ ਹਾਕਮਾਂ ਨੂੰ ਦੇ ਦਿੱਤੇ। ਮੁਗਲਾਂ ਦੀ ਸੱਤਾ ਉਤੇ ਲੰਬੇ ਅਰਸੇ ਲਈ ਨਿਰਭਰ ਹੋਣ ਦੇ ਆਦੀ ਹੋ ਗਏ ਜਿਸ ਕਾਰਨ ਉਨ੍ਹਾਂ ਨੇ ਆਪਣੀ ਫੌਜੀ ਤੇ ਸਿਆਸੀ ਪਹਿਲਕਦਮੀ ਗੁਆ ਲਈ। ਉਹ ਮੁਗਲ ਸੱਤਾ ਦੇ ਥੰਮ੍ਹ ਵੀ ਬਣ ਗਏ। ਰਾਜਪੂਤਾਂ ਵਿਚੋਂ ਜੋ ਰਾਣਾ ਪ੍ਰਤਾਪ ਵਰਗੀ ਉਚੇ ਇਰਾਦਿਆਂ ਵਾਲੀ ਇਕੋ ਇਕ ਸ਼ਖ਼ਸੀਅਤ ਜਿਸ ਨੇ ਮੁਗਲਾਂ ਦੀ ਈਨ ਨਾ ਮੰਨੀ, ਨੂੰ ਹਰਾਉਣ ਲਈ ਬਾਕੀ ਰਾਜਪੂਤ ਮੁਗਲਾਂ ਦੇ ਹੱਥ ਠੋਕੇ ਬਣ ਗਏ। ਕਨਿੰਘਮ ਅਨੁਸਾਰ ਮਹਾਰਾਣਾ ਪ੍ਰਤਾਪ ਵਿਰੁਧ ਹਲਦੀ ਘਾਟੀ ਦੀ ਫੈਸਲਾਕੁਨ ਲੜਾਈ ਵਿਚ ਮੁਗਲਾਂ ਦੀ ਫੌਜ ਦਾ ਕਮਾਂਡਰ ਰਾਜਾ ਮਾਨ ਸਿੰਘ ਸੀ। ਮੁਗਲਾਂ ਦੀ ਦਸ ਹਜ਼ਾਰ ਫੌਜ਼ ਵਿਚੋਂ ਚਾਰ ਹਜ਼ਾਰ ਰਾਜਪੂਤ ਉਸ ਦੇ ਆਪਣੇ ਕਬੀਲੇ ਦੇ ਸਨ ਅਤੇ ਇਕ ਹਜ਼ਾਰ ਹੋਰ ਹਿੰਦੂ ਹਮਾਇਤੀਆਂ ਵਿਚੋਂ ਸਨ।
ਬੰਦਾ ਸਿੰਘ ਬਹਾਦਰ ਰਾਜਪੂਤ ਨਹੀਂ ਸੀ।
ਜੇ ਬੰਦਾ ਸਿੰਘ ਬਹਾਦਰ ਦੇ ਸੁਭਾਅ ਅਤੇ ਉਸ ਦੀਆਂ ਕਾਰਵਾਈਆਂ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਉਸ ਵਿਚ ਰਾਜਪੂਤਾਂ ਵਾਲੀਆਂ ਗੱਲਾਂ ਨਹੀਂ ਮਿਲਦੀਆਂ। ਉਹ ਲੋਕ ਉਪਕਾਰੀ, ਦਰਿਆ ਦਿਲ, ਦਰਦਮੰਦ ਅਤੇ ਗਰੀਬਾਂ, ਨਿਮਾਣਿਆਂ ਅਤੇ ਨਿਤਾਣਿਆਂ ਦਾ ਪਾਲਕ ਸੀ। ਬੰਦੇ ਦੇ ਸੁਭਾਅ ਵਿਚ ਰਾਜਪੂਤਾਂ ਦੇ ਕੁਦਰਤੀ ਗੁਣਾਂ ਵਾਲੀ ਕੋਈ ਗੱਲ ਨਹੀਂ ਸੀ। ਜਾਤ-ਪਾਤ ਆਧਾਰਤ ਸਮਾਜ ਦਾ ਖਾਤਮਾ ਅਤੇ ਨੀਵੀਆਂ ਜਾਤਾਂ ਨੂੰ ਉਪਰ ਚੁਕਣ ਲਈ ਉਸ ਦੀ ਦ੍ਰਿੜਤਾ ਰਾਜਪੂਤਾਂ ਦੇ ਅਖੌਤੀ ਜਾਤੀ ਅਭਿਮਾਨ ਦੇ ਬਿਲਕੁਲ ਉਲਟ ਸੀ। ਉਹ ਭਲੀ ਭਾਂਤ ਜਾਣਦਾ ਸੀ ਕਿ ਮਨੁੱਖ ਤੇ ਸਮਾਜ ਦੋਹਾਂ ਵਿਚ ਪੂਰਨ ਆਜ਼ਾਦੀ ਦੀ ਤਬਦੀਲੀ ਲਿਆਉਣ ਦੇ ਨਾਲ ਨਾਲ ਅਨਿਆਂ ਭਰੇ ਸਮਾਜ ਤੇ ਸਿਆਸੀ ਪ੍ਰਬੰਧ ਨੂੰ ਖ਼ਤਮ ਕਰਨਾ ਵੀ ਲਾਜ਼ਮੀ ਹੈ। ਜਿਹੜੇ ਲੋਕਾਂ ਨੇ ਅਣਗਿਣਤ ਪੁਸ਼ਤਾਂ ਤੋਂ ਜ਼ਲਾਲਤ ਤੇ ਅਤਿਆਚਾਰ ਬਰਦਾਸ਼ਤ ਕੀਤਾ ਸੀ ਅਤੇ ਘੋਰ ਗਰੀਬੀ ਭੋਗੀ ਸੀ, ਉਨ੍ਹਾਂ ਲਈ ਬੰਦਾ ਮਸੀਹੇ ਦੇ ਰੂਪ ਵਿਚ ਪ੍ਰਗਟ ਹੋਇਆ।
ਰਾਜਪੂਤ ਹੱਥੀਂ ਕੰਮ ਕਰਨ ਤੇ ਹੱਥੀਂ ਹਲ ਵਾਹੁਣ ਨੂੰ ਘਟੀਆ ਕੰਮ ਅਤੇ ਆਪਣੀ ਹੱਤਕ ਸਮਝਦੇ ਸਨ। ਉਹ ਸ਼ਾਹ ਖਰਚ ਅੱਯਾਸ਼ ਸਨ ਜੋ ਖਾਣ ਪੀਣ ਅਤੇ ਭੋਗ ਵਿਲਾਸ ਦੇ ਸ਼ੌਕੀਨ ਸਨ। ਸ਼ਿਕਾਰ ਕਰਨਾ, ਮਾਸ ਖਾਣਾ, ਸ਼ਰਾਬ ਪੀਣਾ ਤੇ ਨਸ਼ੇ ਕਰਨੇ ਤਾਂ ਉਹ ਆਪਣਾ ਜਨਮ ਸਿੱਧ ਅਧਿਕਾਰ ਮੰਨਦੇ ਸਨ। ਇਕ ਤੋਂ ਵੱਧ ਵਿਆਹ ਕਰਵਾਉਣੇ, ਰਖੇਲਾਂ ਰੱਖਣੀਆਂ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ। ਬਲਾਤਕਾਰ ਤੇ ਵਿਆਹੋਂ ਬਾਹਰਲੇ ਸਬੰਧ ਕਿਸੇ ਰਾਜਪੂਤ ਲਈ ਕੋਈ ਨਮੋਸ਼ੀ ਨਹੀਂ ਸੀ।
ਡਾæ ਗੋਪਾਲ ਸਿੰਘ ‘ਏ ਹਿਸਟਰੀ ਆਫ ਦਿ ਸਿੱਖ ਪੀਪਲ’ ਵਿਚ ਲਿਖਦੇ ਹਨ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਰਿਸ਼ਵਤਖੋਰ ਤੇ ਜਬਰੀ ਵਸੂਲੀ ਕਰਨ ਵਾਲੀ ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ ਬੰਦੇ ਨੇ ਕੀਤਾ। ਉਸ ਨੇ ਜ਼ਮੀਨ ਕਿਸਾਨਾਂ ਵਿਚ ਵੰਡ ਦਿੱਤੀ ਜਿਸ ਨਾਲ ਅਜਿਹੀ ਜਮਾਤ ਪੈਦਾ ਹੋ ਗਈ ਜਿਹੜੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚ ਚੱਲੀਆਂ ਧਾਰਮਿਕ ਤੇ ਰਾਜਨੀਤਕ ਆਜ਼ਾਦੀ ਦੀਆਂ ਲਹਿਰਾਂ ਦੀ ਰੀੜ੍ਹ ਦੀ ਹੱਡੀ ਸਾਬਤ ਹੋਈ। ਕਿਸਾਨਾਂ ਵਿਚ ਨਵਾਂ ਆਤਮ ਸਨਮਾਨ ਅਤੇ ਆਪਣੀ ਤਕਦੀਰ ਦੇ ਖੁਦ ਮਾਲਕ ਹੋਣ ਦਾ ਆਤਮ ਵਿਸ਼ਵਾਸ ਭਰ ਦਿੱਤਾ। ਪੰਜਾਬ ਦੀ ਸਮਾਜਕ ਬਣਤਰ ਵਿਚੋਂ ਰਾਜਪੂਤਾਂ ਦਾ ਦੁਸ਼ਟ ਪ੍ਰਭਾਵ ਖ਼ਤਮ ਕਰਨ ਦਾ ਸਿਹਰਾ ਬੰਦੇ ਨੂੰ ਜਾਂਦਾ ਹੈ।”
ਬੰਦਾ ਸਿੰਘ ਬਹਾਦਰ ਦਾ ਪਹਿਲਾ ਵਿਆਹ ਚੰਬੇ ਦੇ ਰਾਜੇ ਦੀ ਲੜਦੀ ਸੁਸ਼ੀਲ ਕੌਰ ਨਾਲ ਅਤੇ ਦੂਜਾ ਵਿਆਹ ਹਰੀ ਰਾਮ ਖਤਰੀ ਦੀ ਲੜਕੀ ਸਾਹਿਬ ਕੌਰ ਨਾਲ ਪੂਰਨ ਵਿਧੀ ਅਨੁਸਾਰ ਹੋਇਆ ਸੀ। ਉਸ ਨੇ ਕਿਸੇ ਵੀ ਗੈਰ ਇਸਤਰੀ ਨਾਲ ਸੰਗ ਨਹੀਂ ਕੀਤਾ। ਸਿੱਖਾਂ ਨੂੰ ਉਸ ਦਾ ਖਾਸ ਨਿਰਦੇਸ਼ ਸੀ ਕਿ ਪਰਾਈ ਔਰਤ ਨੂੰ ਮਾਂ-ਭੈਣ ਸਮਾਨ ਸਮਝਣਾ ਹੈ। ਇਸਤਰੀ ਦੀ ਇੱਜ਼ਤ ਦੀ ਰੱਖਿਆ ਕਰਨ ਲਈ ਸਿੰਘ ਕੋਈ ਵੀ ਕੁਰਬਾਨੀ ਕਰ ਸਕਦਾ ਹੈ। ਕਿਸੇ ਵੀ ਮੁਸਲਮਾਨ ਔਰਤ ਨੂੰ ਬੇਪੱਤ ਨਹੀਂ ਕੀਤਾ ਗਿਆ।
ਐਮæਐਸ਼ ਚੰਦੇਲਾ ਆਪਣੀ ਪੁਸਤਕ ‘ਬੰਦਾ ਬਹਾਦਰ’ ਵਿਚ ਲਿਖਦਾ ਹੈ, “ਜਾਤ-ਪਾਤ ਆਧਾਰਤ ਸਮਾਜਕ ਵਿਵਸਥਾ ਵਿਰੁਧ ਉਸ ਦਾ ਪ੍ਰਚੰਡ ਹਮਲਾ ਤਾਂ ਇਹ ਮੰਨਣਾ ਲਗਭਗ ਅਸੰਭਵ ਹੀ ਬਣਾ ਦਿੰਦਾ ਹੈ ਕਿ ਬੰਦਾ ਰਾਜਪੂਤ ਸੀ, ਸਗੋਂ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਦੀਆਂ ਜੜ੍ਹਾਂ ਕਿਰਤੀ ਜਮਾਤ ਵਿਚ ਸਨ।
ਬੰਦਾ ਸਿੰਘ ਬਹਾਦਰ ਗੁਰੂ ਦਾ ਸਿੱਖ ਸੀ।
“ਬੰਦਾ ਸਿੰਘ ਬਹਾਦਰ ਸਿੱਖ ਫਲਸਫੇ ਨੂੰ ਅਮਲੀ ਰੂਪ ਦੇਣ ਵਾਲਾ ਨੇਤਾ ਸੀ। ਗੁਰੂ ਨਾਨਕ ਦੇਵ ਜੀ ਨੇ ਜੋ ਫਲਸਫਾ ਕਾਇਮ ਕੀਤਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਉਸੇ ਫਲਸਫੇ ਅਤੇ ਸਿਧਾਂਤ ਨੂੰ ਪ੍ਰਚਾਰਨ ਲਈ ਸਪੱਸ਼ਟ ਅਤੇ ਸਿੱਧਾ ਮਾਰਗ ਉਲੀਕ ਦਿੱਤਾ ਸੀ। ਬੰਦਾ ਸਿੰਘ ਬਹਾਦਰ ਨੇ ਇਸ ਮਾਰਗ ‘ਤੇ ਚੱਲਦਿਆਂ ਉਨ੍ਹਾਂ ਟੀਚਿਆਂ ਨੂੰ ਛੂਹ ਲਿਆ ਸੀ ਜਿਨ੍ਹਾਂ ‘ਤੇ ਪਹੁੰਚਣ ਲਈ ਗੁਰੂ ਨਾਨਕ ਸਾਹਿਬ ਨੇ ਆਪਣਾ ਮਿਸ਼ਨ ਸ਼ੁਰੂ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਇਕ ਸਪਿਰਟ ਸਨ, ਬੰਦਾ ਸਿੰਘ ਬਹਾਦਰ ਇਕ ਸਰੀਰ। ਜਦੋਂ ਗੁਰੂ ਜੀ ਦੀ ਸਪਿਰਟ ਉਸ ਦੇ ਸਰੀਰ ਵਿਚ ਦਾਖ਼ਲ ਹੋ ਗਈ ਤਾਂ ਇਹ ਤੂਫਾਨ ਦਾ ਰੂਪ ਧਾਰਨ ਕਰ ਗਈ।” (ਬੰਦਾ ਸਿੰਘ ਬਹਾਦਰ-ਡਾæ ਸੁਖਦਿਆਲ ਸਿੰਘ)
“ਜੇ ਕੋਈ ਅਜਿਹਾ ਸਿੱਖ ਹੋਇਆ ਹੈ ਜਿਸ ਨੇ ਸੱਚੇ ਦਿਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਜਾਦੂਮਈ ਸ਼ਬਦਾਂ-ਕਿਰਤ ਨਾਸ, ਕੁਲ ਨਾਸ, ਧਰਮ ਨਾਸ, ਕਰਮ ਨਾਸ ਨੂੰ ਆਪਣੇ ਜੀਵਨ ਵਿਚ ਅਪਨਾ ਲਿਆ ਸੀ, ਤਾਂ ਉਹ ਬੰਦਾ ਬਹਾਦਰ ਹੀ ਹੈ। ਕੇਵਲ ਉਹੀ ਇਕੱਲਾ ਅਜਿਹਾ ਇਨਸਾਨ ਸੀ ਜੋ ਕਿਸੇ ਵਿਅਕਤੀ ਦੀ ਕੁਲ, ਕਿਰਤ, ਕਰਮ ਅਤੇ ਧਰਮ ਬਾਰੇ ਜਾਨਣ ਤੋਂ ਬਿਨਾਂ ਹੀ ਉਸ ਨੂੰ ਜੱਫੀ ਵਿਚ ਲੈ ਕੇ ਸਿੰਘ ਆਖ ਬੁਲਾਉਂਦਾ ਸੀ ਅਤੇ ਫਿਰ ਉਸ ਨੂੰ ਕਸਬੇ ਜਾਂ ਪਿੰਡ ਦਾ ਮੋਹਰੀ ਨਿਯੁਕਤ ਕਰ ਦਿੰਦਾ ਸੀ। ਉਹ ਸੱਚੇ ਮਨੋਂ ਲੋਕਰਾਜੀ ਤੇ ਸਮਾਜਵਾਦੀ ਸੀ ਅਤੇ ਕਿਸੇ ਕਿਸਮ ਦੇ ਪੱਖਪਾਤ ਤੇ ਜਾਤੀ ਵੰਡ ਨੂੰ ਉਹ ਨਫ਼ਰਤ ਕਰਦਾ ਸੀ। ਭੂਤ ਕਾਲ ਜਾਂ ਵਰਤਮਾਨ ਵਿਚ ਕੋਈ ਇਕ ਵੀ ਸਿੱਖ ਅਜਿਹਾ ਨਹੀਂ ਹੋਇਆ ਜਿਸ ਨੇ ਗੁਰੂ ਜੀ ਦੇ ਕਥਨਾਂ ਦੀ ਰੂਹ ਨੂੰ ਬੰਦਾ ਬਹਾਦਰ ਵਾਂਗ ਸਮਝਿਆ ਹੋਵੇ ਅਤੇ ਅਮਲੀ ਰੂਪ ਵਿਚ ਅਪਨਾਇਆ ਹੋਵੇ। ਨਾ ਹੀ ਉਸ ਜਿੰਨੀ ਸਹਿਣ ਸ਼ਕਤੀ ਕਿਸੇ ਹੋਰ ਨੇ ਦਰਸਾਈ ਹੈ। ਉਹ ਪਹਿਲਾ ਸਿੱਖ ਸੀ ਜਿਸ ਨੇ ਰਾਜ ਦੇ ਸੁਪਨੇ ਨੂੰ ਅਮਲੀ ਰੂਪ ਪਹਿਨਾਇਆ।” (ਐਮæਐਸ਼ ਚੰਦੇਲਾ-ਬੰਦਾ ਬਹਾਦਰ)

1 Comment

  1. ਤੁਹਾਨੂੰ ਕਿ ਪਤਾ ਜਿਹੜੇ ਅੰਗਰੇਜ ਸਾਮਰਾਜ ਨੇ ਇਹਨਾ ਦਾ ਪਤਾ ਕੀਤਾ ਸੀ ਓਹ ਖੁਦ ਲਿਖ ਰਹੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਬ੍ਰਾਹਮਣ ਸੀ ਅਤੇ ਓਹਨਾ ਦਾ ਗੋਤਰ ਭਾਰਦਵਾਜ ਸੀ ਤੁਹਾਨੂੰ ਕਉ ਸ਼ਰਮ ਆਉਂਦੀ ਹੈ ਸੱਚ ਦੱਸਣ ਨੂੰ।

Leave a Reply

Your email address will not be published.