ਪ੍ਰਿੰ. ਸਰਵਣ ਸਿੰਘ
ਗੁਰਦੇਵ ਰੁਪਾਣਾ ਮੇਰਾ ਪੁਰਾਣਾ ਯਾਰ ਹੈ। ਸ਼ੁਗਲੀ ਯਾਰ। ਸ਼ੁਗਲ ਕਰਦਿਆਂ ਨਾ ਅਗਲੇ ਨੂੰ ਬਖਸ਼ਦੈ, ਨਾ ਆਪਣੇ ਆਪ ਨੂੰ। ਉਹਦਾ ਪੂਰਾ ਨਾਂ ਹੈ ਡਾ. ਗੁਰਦੇਵ ਸਿੰਘ ਵਿਰਕ। ਸਾਡੇ ਇਸ ਸਾਹਿਤ ਅਕਾਦਮੀ ਅਵਾਰਡ ਜੇਤੂ ਕਹਾਣੀਕਾਰ ਵਿਚ ਵਿਰਕਾਂ ਵਾਲੇ ਸਾਰੇ ਗੁਣ-ਔਗੁਣ ਹਨ। ਉਹ ਆਮ ਵੀ ਹੈ ਤੇ ਖਾਸ ਵੀ। ਅਵਾਰਡ ਵੀ ਉਹਦੇ ‘ਆਮ-ਖਾਸ’ ਕਹਾਣੀ ਸੰਗ੍ਰਹਿ ਨੂੰ ਮਿਲਿਆ। ਆਪਣੇ ਨਾਂ ਨਾਲ ਵਿਰਕ ਉਹ ਇਸ ਕਰਕੇ ਨਹੀਂ ਸੀ ਲਾਉਣ ਲੱਗਾ ਕਿ ਉਹਦੀਆਂ ਚੰਗੀਆਂ ਕਹਾਣੀਆਂ ਕੁਲਵੰਤ ਸਿੰਘ ਵਿਰਕ ਦੇ ਖਾਤੇ `ਚ ਨਾ ਪੈ ਜਾਣ ਤੇ ਕੁਲਵੰਤ ਸਿੰਘ ਵਿਰਕ ਦੀਆਂ ਮਾੜੀਆਂ ਉਹਦੇ ਖਾਤੇ ਨਾ ਚੜ੍ਹ ਜਾਣ! ਵੇਖਣ ਨੂੰ ਏਡਾ ਨਹੀਂ ਲੱਗਦਾ, ਜਿਡਾ ਹੈਗਾ। ਵੇਖਣ ਨੂੰ ਅਮਲੀ ਜਿਹਾ ਲੱਗਦੈ, ਪਰ ਹੈਗਾ ਅਫਲਾਤੂਨ।
ਘਰ `ਚ ਉਹਦਾ ਨਾਂ ਦੇਵ ਸੀ, ਹਾਣੀਆਂ ਦਾ ਦੇਬਾ, ਦਸਵੀਂ ਦਾ ਫਾਰਮ ਭਰਨ ਵੇਲੇ ਗੁਰਦੇਵ ਸਿੰਘ ਵਿਰਕ ਤੇ ਪੀਐਚ.ਡੀ. ਕਰਨ ਪਿੱਛੋਂ ਡਾ. ਗੁਰਦੇਵ ਸਿੰਘ ਵਿਰਕ। ਉਹਨੂੰ ਕਲਮੀ ਨਾਂ ਗੁਰਦੇਵ ਰੁਪਾਣਾ ਇਸ ਲਈ ਰੱਖਣਾ ਪਿਆ ਕਿ ਸੱਤ ਗੁਰਦੇਵ ਤਾਂ ਉਹਦੇ ਸਕੂਲ `ਚ ਹੀ ਪੜ੍ਹਦੇ ਸਨ। ਲਿਖਣ ਵਾਲੇ ਪਤਾ ਨਹੀਂ ਕਿੰਨੇ ਹੋਣਗੇ? ਸੋ ਉਸ ਨੇ ਨਾਂ ਨਾਲ ਆਪਣਾ ਪਿੰਡ ਰੁਪਾਣਾ ਜੋੜ ਕੇ ਗੁਰਦੇਵ ਰੁਪਾਣਾ ਰੱਖ ਲਿਆ, ਜੋ ਏਨਾ ਚੱਲਿਆ ਕਿ ਹੁਣ ਕੋਈ ਗੁਰਦੇਵ ਸਿੰਘ ਵਿਰਕ ਕਹੇ ਤਾਂ ਕਿਸੇ ਨੂੰ ਸੱਚ ਨਹੀਂ ਆਉਂਦਾ।
ਵੈਸੇ ਗੁਰਦੇਵ ਰੁਪਾਣਾ ਨਾਂ ਸੈਂਕੜੇ ਵਾਰ ਛਪਣ ਤੇ ਹਜ਼ਾਰਾਂ ਵਾਰ ਬੋਲੇ ਜਾਣ ਪਿੱਛੋਂ ਵੀ ਪਿੰਡ ਰੁਪਾਣੇ ਦੇ ਸੌ ‘ਚੋਂ ਨੱਬੇ ਬੰਦਿਆਂ ਨੂੰ ਨਹੀਂ ਪਤਾ ਕਿ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਹਾਸਲ ਕਰਨ ਵਾਲਾ ਗੁਰਦੇਵ ਰੁਪਾਣਾ ਉਨ੍ਹਾਂ ਦੇ ਪਿੰਡ ਰੁਪਾਣੇ ਦਾ ਹੀ ਹੈ! ਮੈਂ ਪਿਛਲੇ ਸਾਲ ਉਹਨੂੰ ਰੁਪਾਣੇ ਮਿਲਣ ਗਿਆ ਤਾਂ ਸੱਥ ‘ਚ ਬੈਠੇ ਬੰਦਿਆਂ ਤੋਂ ਪੁੱਛਿਆ, “ਭਾਈ ਸਾਹਿਬ, ਗੁਰਦੇਵ ਰੁਪਾਣੇ ਦਾ ਘਰ ਕਿਧਰ ਹੈ?” ਕਿਸੇ ਤੋਂ ਪਤਾ ਨਾ ਲੱਗੇ। ਵੇਰਵੇ ਦੇ ਕੇ ਮੈਂ ਉਹਦਾ ਘਰ ਮਸਾਂ ਲੱਭਿਆ। ਅਸਲ ਵਿਚ ਪਿੰਡ ‘ਚ ਉਹ ਗੁਰਦੇਵ ਰੁਪਾਣਾ ਨਹੀਂ, ਗੁਰਦੇਵ ਦਿੱਲੀ ਵਾਲਾ ਵੱਜਦੈ! ਬਹੁਤਾ ਸਮਾਂ ਦਿੱਲੀ ਜੁ ਰਹਿੰਦਾ ਰਿਹਾ।
ਉਹਦੀਆਂ ਦਿੱਲੀ ਦੀਆਂ ਗੱਲਾਂ ਦੱਸਣ ਤੋਂ ਪਹਿਲਾਂ ਦੱਸਣਾ ਬਣਦੈ ਕਿ ਉਹ ਸਮੱਧਰ ਕੱਦ ਦਾ ਕੱਦਾਵਰ ਲੇਖਕ ਹੈ। ਨਿੱਕੇ ਨਾਵਲ ਤੇ ਨਿੱਕੀਆਂ ਕਹਾਣੀਆਂ ਦਾ ਚੈਂਪੀਅਨ। ਉਹਦੇ ਪੈਰ ਛੋਟੇ, ਪਰ ਸਿਰ ਵੱਡਾ ਹੈ। ਪੈਰੀਂ ਬੱਚਿਆਂ ਵਾਲੀ ਗੁਰਗਾਬੀ ਪਾ ਕੇ ਸਰ ਜਾਂਦੈ। ਪੱਗ ਵੀ ਗੁਰਗਾਬੀ ਦੇ ਹਿਸਾਬ ਦੀ ਬੰਨ੍ਹਦੈ। ਬੂਟ ਕਦੇ ਪਾਏ ਨਹੀਂ ਜਾਂ ਕਹਿ ਲਓ ਪਏ ਨਹੀਂ। ਬੂਟਾਂ ਤੋਂ ਬਿਨਾ ਫੁੱਟਬਾਲ ਖੇਡਣ ਲੱਗਾ, ਜਿਸ ਕਰਕੇ ਤਕੜਾ ਖਿਡਾਰੀ ਨਾ ਬਣ ਸਕਿਆ; ਪਰ ਲੇਖਕ ਬਣ ਕੇ ਕਈ ਕੱਪ ਜਿੱਤੇ ਤੇ ਭਾਰਤੀ ਸਾਹਿਤ ਅਕਾਦਮੀ ਦੀ ਟਰਾਫੀ ਨੂੰ ਜਾ ਹੱਥ ਪਾਇਆ। 1936 ਦੀ ਵਿਸਾਖੀ ਦਾ ਜੰਮਿਆ ਚੁਰਾਸੀ ਕੱਟੀ ਬੈਠੈ। ਮੈਂ ਅਵਾਰਡ ਦੀ ਵਧਾਈ ਦਿੰਦਿਆਂ ਹੱਲਾਸ਼ੇਰੀ ਦਿੱਤੀ, “ਦਸ ਸਾਲ ਹੋਰ ਕੱਟ`ਜੇਂ ਤਾਂ ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਤੋਂ ਵੀ `ਗਾਂਹ ਪਹੁੰਚ ਸਕਦੈਂ!” ਉਹ ਹਾ-ਹਾ ਕਰ ਕੇ ਹੱਸਿਆ।
ਹਾ-ਹਾ ਕਰ ਕੇ ਉਹ ਸ਼ਰਾਰਤੀ ਹਾਸਾ ਹੱਸਦੈ ਤੇ ਹੱਸਣ ਲੱਗਾ ਅੱਖਾਂ ਮੀਚ ਲੈਂਦੈ ਪਈ ਉਹਦੀ ਸ਼ਰਾਰਤ ਦਾ ਪਤਾ ਨਾ ਲੱਗੇ। ਮੇਰਾ ਉਹ 1962-67 ਦਾ ਦਿੱਲੀ ਪੜ੍ਹਨ-ਪੜ੍ਹਾਉਣ ਵੇਲੇ ਦਾ ਦੋਸਤ ਹੈ। ਅਸੀਂ ਇਕੋ ਸਮੇਂ ਦਿੱਲੀ ਗਏ। ਮੈਂ ਚਕਰੋਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਜਾਂਦਾ ਦਿੱਲੀ ਦੇ ਖਾਲਸਾ ਕਾਲਜ ਜਾ ਪੁੱਜਾ ਤੇ ਉਹ ਰੁਪਾਣੇ ਤੋਂ ਕਾਮਰੇਡਾਂ ਦੀ ਰੈਲੀ ‘ਚ ਦਿੱਲੀ ਜਾਂਦਾ ਦਿੱਲੀ ਦਾ ਸਕੂਲ ਮਾਸਟਰ ਬਣ ਗਿਆ। ਉਥੇ ਅਸੀਂ ਲੰਡੇ ਨੂੰ ਮੀਣੇ ਵਾਂਗ ਟੱਕਰੇ। ਉਦੋਂ ਉਹ ਪੂਰਾ ਪੰਗੇਹੱਥਾ ਸੀ। ਜੇ ਮੈਂ ਦਿੱਲੀ ਛੱਡ ਕੇ ਢੁੱਡੀਕੇ ਨਾ ਮੁੜਦਾ ਤਾਂ ਪਤਾ ਨਹੀਂ ਕਿਹੋ ਜਿਹੇ ਪੰਗੇ ਲੈਂਦੇ? ਪੰਗਾ ਲਏ ਬਿਨਾ ਉਹਦਾ ਸਰਦਾ ਨਹੀਂ ਸੀ। ਕਦੇ ਸਤਿਆਰਥੀ ਨਾਲ, ਕਦੇ ਅੰਮ੍ਰਿਤਾ ਪ੍ਰੀਤਮ, ਕਦੇ ਬਲਵੰਤ ਗਾਰਗੀ, ਕਦੇ ਅਜੀਤ ਕੌਰ ਤੇ ਕਦੇ ਭਾਪਾ ਪ੍ਰੀਤਮ ਸਿੰਘ ਨਾਲ। ਮੈਂ ਦਿੱਲੀ ਛੱਡ ਕੇ ਪੰਗਿਆਂ ਤੋਂ ਬਚਿਆ ਰਿਹਾ।
ਇਕ ਵਾਰ ਮੈਂ ਉਹਦੇ ਹੋਸਟਲ ਦੇ ਫੰਕਸ਼ਨ ‘ਚ ਗਿਆ। ਪੁੱਛਣ ਲੱਗਾ, “ਮੈਂ ‘ਢੋਲਕੀ’ ਵਾਲੀ ਨਜ਼ਮ ਸੁਣਾ ਆਵਾਂ?” ਨਜ਼ਮ ਪੰਗੇਹੱਥੀ ਸੀ। ਸੁਪਰੀਮ ਕੋਰਟ ਦਾ ਚੀਫ ਜਸਟਿਸ ਮੁੱਖ ਮਹਿਮਾਨ ਸੀ। ਹੋਰਨਾਂ ਨਾਲ ਵਿਚੇ ਉਹਦੀ ਵੀ ਢੋਲਕੀ ਵਜਾ ਆਇਆ, ਜਿਸ ਨੂੰ ਜੱਜ ਸਮਝ ਹੀ ਨਾ ਸਕਿਆ। ਮੈਂ ਸਮਝ ਗਿਆ ਕਿ ਹੁਣ ਪਊ ਪੰਗਾ, ਪਰ ਬਚਾਅ ਹੋ ਗਿਆ। ਨਜ਼ਮ ਸੁਣਾ ਕੇ ਅਸੀਂ ਫਿਰ ਕਮਰੇ ‘ਚ ਆਏ ਤੇ ਖਾ-ਪੀ ਕੇ ਪੰਡਾਲ ਦੀਆਂ ਮਗਰਲੀਆਂ ਸੀਟਾਂ ‘ਤੇ ਜਾ ਸਜੇ। ਉਹਨੇ ਮਾਂ ਦੇ ਪੁੱਤ ਨੇ ਨਵਾਬਾਂ ਵਾਂਗ ਸਿਗਰਟ ਲਾ ਲਈ। ਮੈਂ ਬਥੇਰਾ ਕਿਹਾ, “ਸਿੱਟ ਪਰ੍ਹਾਂ ਇਸ ਮਾਂ ਨੂੰ। ਜਾਂ ਬੁਝਾ ਕੇ ਡੱਬੀ ‘ਚ ਪਾ ਲਾ, ਫੇਰ ਪੀ-ਲੀਂ।”
ਪਰ ਉਹਨੇ ਮੇਰੀ ਇਕ ਨਾ ਮੰਨੀ। ਉਦੋਂ ਉਹ ਪੀਐਚ.ਡੀ. ਕਰਦਾ ਸੀ ਤੇ ਦਿੱਲੀ ਯੂਨੀਵਰਸਿਟੀ ਦੇ ਪੋਸਟ ਗਰੈਜੂਏਟ ਹੋਸਟਲ ਵਿਚ ਰਹਿੰਦਾ ਸੀ। ਵਿਚੇ ਸਕੂਲ ਮਾਸਟਰੀ ਕਰੀ ਜਾਂਦਾ ਸੀ। ਮੇਰੇ ਹਿਸਾਬ ਨਾਲ ਉਸ ਨੂੰ ਹੋਸਟਲ ਵਿਚ ਸਾਊ ਬੰਦਾ ਬਣ ਕੇ ਰਹਿਣਾ ਪੈਣਾ ਸੀ। ਤਦੇ ਮੈਂ ਉਸ ਨੂੰ ਸਿਗਰਟ ਪੀਣੋਂ ਵਰਜ ਰਿਹਾ ਸਾਂ ਅਤੇ ਜਾਣ-ਬੁੱਝ ਕੇ ਸਭ ਤੋਂ ਪਿਛਲੀ ਕਤਾਰ ਵਿਚ ਬਹਾਇਆ ਸੀ ਕਿ ਖਾਧੀ-ਪੀਤੀ ਦਾ ਪਤਾ ਨਾ ਲੱਗੇ। ਸਾਥੋਂ ਮੂਹਰੇ ਖਾਲੀ ਪਈ ਸੀਟ ਉਤੇ ਇਕ ਨੌਜੁਆਨ ਬੋਧੀ ਭਿਕਸ਼ੂ ਆ ਬੈਠਾ। ਉਹਦੇ ਭਗਵੀਂ ਗਿਲਤੀ ਮਾਰੀ ਹੋਈ ਸੀ ਤੇ ਰੋਡ-ਭੋਡ ਸਿਰ ਉਤੇ ਲਾਈਟ ਲਿਸ਼ਕ ਰਹੀ ਸੀ। ਸਾਡਾ ਸਿਰ ‘ਚ ਠੋਲਾ ਮਾਰਨ ਨੂੰ ਜੀਅ ਕੀਤਾ। ਰੁਪਾਣਾ ਕਹੇ ਮਾਰ ਠੋਲਾ। ਬੋਧੀ ਨੇ ਸਿਗਰਟ ਪੀਂਦੇ ਰੁਪਾਣੇ ਨੂੰ ਇਕ ਵਾਰ ਧੌਣ ਭੁਆ ਕੇ ਕੁਝ ਔਖ ਨਾਲ ਵੇਖਿਆ, ਪਰ ਕਿਹਾ ਕੁਝ ਨਾ। ਗੁਰਦੇਵ ਅੰਦਰਲਾ ਦੇਬਾ ਜਾਗ ਪਿਆ। ਉਸ ਨੇ ਲੰਮਾ ਕਸ਼ ਖਿੱਚਿਆ ਤੇ ਧੂੰਏ ਦਾ ਗੋਲਾ ਬਣਾ ਕੇ ਭਿਕਸ਼ੂ ਦੇ ਬਲਬ ਵਾਂਗ ਲਿਸ਼ਕਦੇ ਸਿਰ ‘ਤੇ ਛੱਡਿਆ। ਉਹੀ ਗੱਲ ਹੋਈ ਜੀਹਦਾ ਡਰ ਸੀ। ਗੁੱਸੇ ‘ਚ ਗਠੀਲੇ ਭਿਕਸੂ਼ ਦੀਆਂ ਅੱਖਾਂ ਗੇਰੂ-ਰੰਗੀਆਂ ਹੋ ਗਈਆਂ। ਉਸ ਨੇ ਪੰਡਾਲ ਤੋਂ ਬਾਹਰ ਨਿਕਲਣ ਲਈ ਵੰਗਾਰਿਆ। ਭਿਕਸ਼ੂਆਂ ਦੀ ਪੰਜ-ਛੇ ਜਣਿਆਂ ਦੀ ਢਾਣੀ ਵੇਖ ਕੇ ਮੈਂ ਉੁਹਨੂੰ ਖਿੱਚ ਕੇ ਕਮਰੇ ਵਿਚ ਲੈ ਗਿਆ, ਜਿਸ ਨਾਲ ਬਚਾਅ ਹੋ ਗਿਆ। ਇਉਂ ਉਹ ਹੋਸਟਲ ‘ਚੋਂ ਨਿਕਲਣੋਂ ਮਸਾਂ ਬਚਿਆ ਤੇ ਪੀਐਚ.ਡੀ. ਪੂਰੀ ਕਰ ਗਿਆ।
ਪੀਐਚ.ਡੀ. ਦੀ ਗੱਲ ਵੀ ਸੁਣ ਲਓ। ਸੱਈਅਦ ਨਜ਼ਮ ਹੁਸੈਨ ਨੇ ਅੰਗਰੇਜ਼ੀ ਦੀ ਕਿਤਾਬ ‘ਰਿਕਰੰਟ ਪੈਟਰਨ ਇਨ ਪੰਜਾਬੀ ਪੋਇਟਰੀ’ ਅੰਮ੍ਰਿਤਾ ਪ੍ਰੀਤਮ ਨੂੰ ਭੇਜੀ। ਅੰਮ੍ਰਿਤਾ ਦਾ ਅੰਗਰੇਜ਼ੀ ਵਿਚ ਹੱਥ ਤੰਗ ਹੋਣ ਕਰਕੇ ਉਸ ਨੇ ਬੇਦੀ ਨੂੰ ਭੇਜ ਦਿੱਤੀ। ਉਹਦਾ ਹੱਥ ਓਦੂੰ ਵੀ ਤੰਗ। ਬੇਦੀ ਨੇ ਰੁਪਾਣੇ ਨੂੰ ਦੇ ਦਿੱਤੀ ਕਿ ‘ਨਾਗਮਣੀ ਸ਼ਾਮ’ `ਚ ਜਾਣ ਵੇਲੇ ਅੰਮ੍ਰਿਤਾ ਨੂੰ ਮੋੜ ਦੇਈਂ। ਰੁਪਾਣੇ ਨੇ ਉਹ ਕਿਤਾਬ ਪੜ੍ਹ ਲਈ ਤੇ ਪ੍ਰੋ. ਅਤਰ ਸਿੰਘ ਨੂੰ ਵੀ ਜਾ ਪੜ੍ਹਾਈ। ਉਹ ਕਹਿੰਦਾ, “ਤੂੰ ਇਸ ਪੈਟਰਨ `ਤੇ ਪੀਐਚ.ਡੀ. ਕਰ ਸਕਦੈਂ। ਕਾਦਰਯਾਰ ਦੀ ਕਵਿਤਾ `ਤੇ ਕਰ ਲੈ, ਮੈਂ ਤੇਰਾ ਗਾਈਡ ਬਣਜੂੰ।” ਰੁਪਾਣੇ ਅੰਦਰਲਾ ਦੇਬਾ ਫਿਰ ਜਾਗ ਪਿਆ। ਕਹਿੰਦਾ, “ਗਾਈਡ-ਗੂਡ ਨੀ ਮੈਂ ਤੈਨੂੰ ਬਣਾਉਣਾ। ਤਰਲੋਕ ਸਿੰਘ ਕੰਵਰ ਨੂੰ ਬਣਾਊਂ, ਪਰ ਗਾਈਡੈਂਸ ਤੈਥੋਂ ਈ ਲਊਂ।” ਅਤਰ ਸਿਓਂ ਦਰੂਅੰਦੇਸ਼ ਸੀ, ਰੁਪਾਣੇ ਦੇ ਰੰਗ-ਢੰਗ ਨੂੰ ਸਮਝਦਾ ਸੀ। ਇਉਂ ਹੋਈ ਉਹਦੀ ਪੀਐਚ.ਡੀ., ਪਰ ਉਸ ਨੇ ਕਦੇ ਇਸ ਡਿਗਰੀ ਦਾ ਫਾਇਦਾ ਨਾ ਉਠਾਇਆ ਤੇ ਸਕੂਲ ਅਧਿਆਪਕ ਵਜੋਂ ਹੀ ਰਿਟਾਇਰ ਹੋਇਆ। ਕਹਿੰਦਾ ਰਹਿੰਦੈ, “ਮੈਂ ਕਿਤੇ ਅਰਜ਼ੀ-ਉਰਜੀ ਨ੍ਹੀਂ ਦਿੰਦਾ ਹੁੰਦਾ।”
ਆਪਣੇ ਨਾਂ ਨਾਲ ਡਾਕਟਰ ਨਾ ਲਾਉਣ ਬਾਰੇ ਪੁੱਛੋ ਤਾਂ ਜਵਾਬ ਮਿਲਦੈ, “ਪਹਿਲਾਂ ਈ ਸਾਹਿਤ ਦੇ ਡਾਕਟਰ ਬਹੁਤ ਨੇ। ਪਈ ਟਰ ਟਰ ਹੋਈ ਜਾਂਦੀ ਐ! ਜਦੋਂ ਕੋਈ ਗੁਰਦੇਵ ਰੁਪਾਣਾ ਕਹੇ ਤਾਂ ਲਗਦੈ ਕਹਾਣੀਕਾਰ ਹੋਊ। ਜੇ ਕੋਈ ਡਾ. ਗੁਰਦੇਵ ਸਿੰਘ ਰੁਪਾਣਾ ਕਹੇ ਤਾਂ ਲੱਗੂ ਜਿਵੇਂ ਮਰੀਜ਼ਾਂ ਦਾ ਡਾਕਟਰ ਹੋਊ। ਨਾਲੇ ਡਾਕਟਰ ਵੀ ਕਾਹਦਾ? ਅੱਖਾਂ ਦਾ? ਦੰਦਾਂ ਦਾ? ਜਾਂ ਡੰਗਰਾਂ ਦਾ? ਆਪਾਂ ਤੋਂ ਨ੍ਹੀਂ ਬਣ ਹੁੰਦਾ ਡੰਗਰ ਡਾਕਟਰ!”
ਇਕ ਦਿਨ ਉਹ ਦਿੱਲੀ ਤੋਂ ਢੁੱਡੀਕੇ ਮੈਨੂੰ ਮਿਲਣ ਆਇਆ। ਮੇਰੀ ਜੀਵਨ ਸਾਥਣ ਕਹਿਣ ਲੱਗੀ, “ਵੀਰ ਜੀ, ਭੈਣ ਜੀ ਨੂੰ ਵੀ ਲਈ ਆਉਣਾ ਸੀ।” ਕਹਿਣ ਲੱਗਾ, “ਉਹਤੋਂ ਈ ਤਾਂ ਖਹਿੜਾ ਛੁਡਾ ਕੇ ਆਇਆਂ।” ਮੈਂ ਉਹਨੂੰ ਪਾਸੇ ਲੈ ਗਿਆ ਕਿ ਹੋਰ ਨਾ ਪੰਗਾ ਖੜ੍ਹਾ ਕਰ ਦੇਵੇ? ਪਾਸੇ ਹੁੰਦਿਆਂ ਈ ਪੁੱਛਣ ਲੱਗ ਪਿਆ, “ਹੈਗੀ ਆ ਘੁੱਟ?”
ਘੁੱਟ ਪੀਣ ਦੀ ਦੇਰ ਸੀ ਕਿ ਤਰਾਰੇ ‘ਚ ਹੋ ਕੇ ਕਹਿਣ ਲੱਗਾ, “ਚਲ ਵਿਖਾ ਹੁਣ ਲੇਖਕਾਂ ਦਾ ਪਿੰਡ ਢੁੱਡੀਕੇ। ਮਿਲਾ ਨਾਲੇ ਆਪਣੇ ‘ਵੱਡੇ ਕੰਬਲ’ ਨੂੰ।” ਕੁਦਰਤੀ ਕੰਵਲ ਸਾਹਿਬ ਉੱਦਣ ਚੰਡੀਗੜ੍ਹ ਵੱਲ ਗਏ ਹੋਏ ਸਨ, ਜਿਸ ਕਰਕੇ ਉਸ ਨਾਲ ਪੈਣ ਵਾਲੇ ਪੰਗੇ ਤੋਂ ਬਚਾਅ ਰਿਹਾ। ਮੈਂ ਉਹਨੂੰ ਸਕੂਟਰ ‘ਤੇ ਬਿਠਾ ਕੇ ਢੁੱਡੀਕੇ ਦਾ ਗੇੜਾ ਕਢਾਇਆ। ਫਿਰ ਮੇਰੇ ਪਿੰਡ ਚਕਰ ਦੇ ਰਾਹ ਪੈ ਗਏ। ਰਾਹ ‘ਚ ਜਿਥੇ ਨਲਕਾ ਆਉਂਦਾ, ਘੁੱਟ ਹੋਰ ਲਾ ਲੈਂਦਾ। ਚਕਰ ਦੇ ਗੁਰਦੁਆਰੇ ਦਾ 111 ਫੁੱਟ ਉੱਚਾ ਨਿਸ਼ਾਨ ਸਾਹਿਬ ਵੇਖ ਕੇ ਆਖਣ ਲੱਗਾ, “ਬੱਲੇ ਬੱਲੇ ਕਿੰਨਾ ਉੱਚਾ!” ਮੈਂ ਸੋਚਿਆ, “ਪੰਗਾ ਲੈਣ ਦੇ ਮੂਡ ‘ਚ ਐ, ਕਿਤੇ ਉਤੇ ਚੜ੍ਹਨ ਨੂੰ ਨਾ ਆਖ ਦੇਵੇ! ਕਿਵੇਂ ਚੜ੍ਹਾਊਂ ਏਹਨੂੰ?”
ਪਿੰਡੋਂ ਸੇਵਾ ਕਰਾ ਕੇ ਮੱਲ੍ਹੇ ਆਏ ਤਾਂ ਨਾਵਲਕਾਰ ਕਰਮਜੀਤ ਕੁੱਸਾ ਮਿਲ ਗਿਆ। ਉਹ ਵੀ ਅੱਗੋਂ ਟੱਲੀ। ਹੋਰ ਪੀ ਕੇ ਦੋਵੇਂ ਘਿਲਬਿੱਲੀਆਂ ਬੁਲਾਉਣ ਲੱਗੇ ਤਾਂ ਮੈਂ ਰੁਪਾਣੇ ਨੂੰ ਸਕੂਟਰ ‘ਤੇ ਲੱਦ ਲਿਆ। ਬਾਂਹਾਂ ਲੱਕ ਦੁਆਲੇ ਵਲਾ ਲਈਆਂ। ਰਸੂਲਪੁਰ ਤੇ ਦੌਧਰ ਵਿਚਾਲੇ ਬੜਾ ਭਾਰਾ ਬੋਹੜ ਆਉਂਦੈ। ਮੁੜ-ਮੁੜ ਆਖੇ, “ਸਕੂਟਰ ਰੋਕ, ਮੈਂ ਬੋਹੜ ਨੂੰ ਜੱਫੀ ਪਾਉਣੀ ਐਂ। ਇਹੋ ਜਿਹਾ ਬੋਹੜ ਦੇਖੇ ਨੂੰ ਤਾਂ ਮੁੱਦਤਾਂ ਹੋ`ਗੀਆਂ। ਤਰਸ ਗਿਆਂ ਬੋਹੜਾਂ ਨੂੰ ਜੱਫੀਆਂ ਪਾਉਣ ਨੂੰ। ਮੈਂ ਬੋਹੜ ਨੂੰ ਜੱਫੀ ਪਾਉਨਾਂ ਤੂੰ ਫੋਟੂ ਖਿੱਚ।”
ਫੋਟੋਆਂ ਖਿੱਚਦੇ ਖਿਚਾਉਂਦੇ ਜਦੋਂ ਨਹਿਰ ਦੇ ਪੁਲ ਚੜ੍ਹੇ ਤਾਂ ਕਹਿੰਦਾ, “ਰੋਕ, ਨਹਿਰ `ਚ ਤਰੀਏ। ਮੇਰਾ ਛਾਲਾਂ ਮਾਰਨ ਨੂੰ ਜੀਅ ਕਰਦੈ।” ਉਸ ਵੇਲੇ ਨਹਿਰ ਦੇ ਪੁਲ ਉਤੇ ਰੁਕਣਾ ਮੈਂ ਖਤਰੇ ਤੋਂ ਖਾਲੀ ਨਾ ਸਮਝਿਆ। 80ਵਿਆਂ ਦਾ ਦੌਰ ਸੀ। ਕੋਈ ਸਕੂਟਰ ਖੋਹ ਕੇ ਸਾਨੂੰ ਨਹਿਰ `ਚ ਰੋੜ੍ਹ ਸਕਦਾ ਸੀ। ਰੋੜ੍ਹ ਦਿੰਦਾ ਤਾਂ ਵਿਚੇ ਆਹ ਸਾਹਿਤ ਅਕਾਦਮੀ ਵਾਲਾ ਇਨਾਮ ਰੁੜ੍ਹ ਗਿਆ ਹੁੰਦਾ! ਢੁੱਡੀਕੇ ਪਹੁੰਚੇ ਤਾਂ ਰੋਟੀ ਟੁੱਕ ਤਿਆਰ ਸੀ, ਪਰ ਉਹ ਕੁਝ ਵੀ ਖਾਣ ਪੀਣ ਜੋਗਾ ਨਹੀਂ ਸੀ ਰਿਹਾ। ਉਹਦਾ ਜੀਅ ਪਰਚਾਉਣ ਲਈ ਮੈਂ ਕਦੇ ਉਹਦੀ ਕਹਾਣੀ ‘ਸ਼ੀਸ਼ਾ’, ਕਦੇ ਨਾਵਲ ‘ਗੋਰੀ’ ਤੇ ਕਦੇ ਕਹਾਣੀ ‘ਹਵਾ’ ਦੀ ਗੱਲ ਤੋਰਦਾ, ਪਰ ਉਹ ਖੁਦ ਹਵਾ ਵਿਚ ਸੀ। ਫਿਰ ਸਿਗਰਟ ਦੀ ਤਲਬ ਵਿਚ ਹੂੰਗੀ ਗਿਆ। ਉਨ੍ਹੀਂ ਦਿਨੀਂ ਸਿਗਰਟ ਲਿਆਉਣੀ ਚਿੜੀਆਂ ਦਾ ਦੁੱਧ ਲਿਆਉਣ ਬਰਾਬਰ ਸੀ, ਪਰ ਆਫਰੀਨ ਉਹਦੇ ਕਿ ਸਵੇਰੇ ਉਠਦਿਆਂ ਉਹ ਚੰਗਾ ਭਲਾ ਸੀ ਤੇ ‘ਵੱਡੇ ਕੰਬਲ’ ਨੂੰ ਕੰਵਲ ਸਾਹਿਬ ਕਹਿ ਰਿਹਾ ਸੀ। ਨਿੱਕੇ ਪੈਰਾਂ ਨਾਲ ਵੱਡੀਆਂ ਛਾਲਾਂ ਮਾਰਨ ਦੀਆਂ ਗੱਲਾਂ ਕਰ ਰਿਹਾ ਸੀ। ਨਾਵਲ ‘ਮੂਰਤੀ’ ਲਿਖਣ ਦੀ ਤਿਆਰੀ ਵਿਚ ਸੀ। ਖੈਰ! ਇਹ ਤਾਂ ਟ੍ਰੇਲਰ ਹੈ, ਪੂਰੀ ਫਿਲਮ ਪੁਸਤਕ ‘ਪੰਜਾਬ ਦੇ ਕੋਹੇਨੂਰ’ ਦੇ ਅਗਲੇ ਭਾਗ ਵਿਚ ਵਿਖਾਵਾਂਗਾ।