ਪੰਜਾਬੀ ਸਾਹਿਤਕ ਕਹਾਣੀ ਦੀਆਂ ਗੱਲਾਂ

ਗੁਲਜ਼ਾਰ ਸਿੰਘ ਸੰਧੂ
ਇਸ ਵਾਰ ਦਾ ਕੇਂਦਰੀ ਸਾਹਿਤ ਅਕਾਡਮੀ ਪੁਰਸਕਾਰ ਗੁਰਦੇਵ ਸਿੰਘ ਰੁਪਾਣਾ ਨੂੰ ਐਲਾਨੇ ਜਾਣ ਨਾਲ ਪੰਜਾਬੀ ਨਿੱਕੀ ਕਹਾਣੀ ਦੇ ਮਹਤੱਵ ਦੀ ਗੱਲ ਮੁੜ ਛਿੜ ਪਈ ਹੈ। ਜਦੋਂ ਹਰਬੰਸ ਸਿੰਘ ਵਲੋਂ ਅਨੁਵਾਦਿਤ ਕੁਲਵੰਤ ਸਿੰਘ ਵਿਰਕ ਦੀਆਂ ਅੱਧੀ ਦਰਜਨ ਕਹਾਣੀਆਂ ਅੰਗਰੇਜ਼ੀ ਦੇ ਪ੍ਰਸਿੱਧ ਰਸਾਲੇ ‘ਇਲਸਟ੍ਰੇਟਡ ਵੀਕਲੀ ਆਫ ਇੰਡੀਆ’ ਵਿਚ ਛਪੀਆਂ ਸਨ ਤਾਂ ਭਾਰਤ ਦੇ ਨਾਮੀ ਸਾਹਿਤ ਆਲੋਚਨਾ ਨੇ ਪੰਜਾਬੀ ਕਹਾਣੀ ਦੇ ਸੰਸਾਰ ਸਾਹਿਤ ਵਿਚ ਮਹੱਤਵ ਦੀ ਘੁਸਰ-ਮੁਸਰ ਸ਼ੁਰੂ ਕਰਵਾ ਦਿੱਤੀ ਸੀ। ਮੇਰੇ ਵਰਗੇ ਉਸ ਦੇ ਮਿੱਤਰਾਂ ਨੂੰ ਅੰਗਰੇਜ਼ੀ ਪਾਠਕ ਕਨਾਟ ਪਲੇਸ ਦੇ ਕਾਫੀ ਹਾਊਸ ਵਿਚ ਲੱਭ-ਲੱਭ ਕੇ ਮੁਬਾਰਕਾਂ ਦੇਣ ਆਉਂਦੇ ਸਨ।

ਪੰਜਾਬੀ ਕਹਾਣੀ ਦਾ ਮੱੁਢ ਦੋ ਸੱਸਿਆਂ ਨਾਲ ਬੱਝਾ-ਸੰਤ ਸਿੰਘ ਸੇਖੋਂ ਤੇ ਸੁਜਾਨ ਸਿੰਘ ਨਾਲ। ਇਸ ਨੂੰ ਦੋ ਕੱਕਿਆਂ ਨੇ ਉਭਾਰਿਆ ਤੇ ਦੋ ਗੱਗਿਆਂ ਨੇ ਪਾਲਿਆ। ਕੱਕਾ ਤੋਂ ਕਰਤਾਰ ਸਿੰਘ ਦੱੁਗਲ ਤੇ ਕੁਲਵੰਤ ਸਿੰਘ ਵਿਰਕ ਅਤੇ ਗੱਗਾ ਤੋਂ ਗੁਰਬਚਨ ਸਿੰਘ ਭੱੁਲਰ ਤੇ ਗੁਰਦੇਵ ਸਿੰਘ ਰੁਪਾਣਾ। ਰੁਪਾਣਾ ਦੀ ਪਹੰੁਚ ਤੇ ਵਿਧੀ ਸਾਰਿਆਂ ਨਾਲੋਂ ਨਿਆਰੀ ਹੈ-ਸੰਖੇਪ ਤੇ ਸੂਖਮ। ਇਹ ਉਸ ਦਾ ਗੁਣ ਵੀ ਹੈ ਤੇ ਔਗੁਣ ਵੀ। ਔਗੁਣ ਇਸ ਲਈ ਕਿ ਸੂਖਮਤਾ ਸਹਿਜੇ ਕੀਤੇ ਪਛਾਣੀ ਨਹੀਂ ਜਾਂਦੀ। ਇਸ ਦੇ ਉਲਟ ਹਰਮਨ ਪਿਆਰਤਾ ਪਾਠਕ ਮਨਾਂ ਵਿਚ ਤੁਰੰਤ ਘਰ ਕਰ ਲੈਂਦੀ ਹੈ।
ਰੁਪਾਣਾ ਨੂੰ ਨਾ ਹੀ ਕੋਈ ਹਰਬੰਸ ਸਿੰਘ ਵਰਗਾ ਅੰਗਰੇਜ਼ੀ ਵਿਚ ਉਲਥਾ ਕਰਨ ਵਾਲਾ ਮਿਲਿਆ ਤੇ ਨਾ ਹੀ ਇਲਸਟ੍ਰੇਟਡ ਵੀਕਲੀ ਦੇ ਬੰਦ ਹੋ ਜਾਣ ਪਿਛੋਂ ਕਿਸੇ ਹੋਰ ਅੰਗਰੇਜ਼ੀ ਰਸਾਲੇ ਨੇ ਪੰਜਾਬੀ ਰਚਨਾਵਾਂ ਨੂੰ ਗੌਲਿਆ।
ਮੈਂ ਰੁਪਾਣਾ ਦੇ ਸੰਪਰਕ ਵਿਚ 50 ਸਾਲ ਪਹਿਲਾਂ ਆਇਆ, ਜਦੋਂ ਮਾਲਵੇ ਦੇ ਗੁਰਦੇਵ ਤੇ ਗੁਰਬਚਨ ਨੇ ਇਕੱਠਿਆਂ ਦਿੱਲੀ ਵਿਚ ਪਰਵੇਸ਼ ਕੀਤਾ। ਇਹ ਦੋਵੇਂ ਅੰਮ੍ਰਿਤਾ ਪ੍ਰੀਤਮ ਦੇ ਘਰ ਨੇਮ ਨਾਲ ਲਗਣ ਵਾਲੀ ‘ਨਾਗਮਣੀ ਸ਼ਾਮ’ ਨਾਂ ਦੀ ਸਾਹਿਤਕ ਮਹਿਫਿਲ ਵਿਚ ਜੌੜੇ ਭਰਾਵਾਂ ਵਾਂਗ ਵਿਚਰਦੇ। ਉਦੋਂ 1970 ਵਿਚ ਗੁਰਬਚਨ ਸਿੰਘ ਭੱੁਲਰ ਦਾ ਕਹਾਣੀ ਸੰਗ੍ਰਹਿ ‘ਓਪਰਾ ਮਰਦ’ ਤੇ ਗੁਰਦੇਵ ਸਿੰਘ ਰੁਪਾਣਾ ਦਾ ‘ਇੱਕ ਟੋਟਾ ਔਰਤ’ ਤੁਰੰਤ ਛਪਦੇ ਸਾਰ ਕਰਤਾਰ ਸਿੰਘ ਦੱੁਗਲ ਦੀ ‘ਸਵੇਰ ਸਾਰ’ ਤੇ ਕੁਲਵੰਤ ਸਿੰਘ ਵਿਰਕ ਦੀ ‘ਛਾਹ ਵੇਲਾ’ ਵਾਂਗ ਪੰਜਾਬੀ ਸਾਹਿਤਕ ਜਗਤ ਉੱਤੇ ਛਾ ਗਏ। ਇਥੋਂ ਤੱਕ ਕਿ ਗੁਰਦਿਆਲ ਸਿੰਘ ਦਾ ‘ਮੜ੍ਹੀ ਦਾ ਦੀਵਾ’ ਤੇ ਮੇਰੀ ‘ਹੁਸਨ ਦੇ ਹਾਣੀ’ ਵਿਚ ਵਿਚਾਲੇ ਰੁਲ ਗਏ।
ਰੁਪਾਣਾ ਦੇ ਸਨਮਾਨਤ ਕਹਾਣੀ ਸੰਗ੍ਰਹਿ ਦਾ ਨਾਂ ‘ਆਮ ਖਾਸ’ ਹੈ। ਇਸ ਨੂੰ ਪੰਜ ਲੱਖ ਰੁਪਏ ਵਾਲਾ ਢਾਹਾਂ ਇਨਾਮ ਵੀ ਮਿਲ ਚੁਕਾ ਹੈ, ਪਰ ਉਸ ਇਨਾਮ ਦੇ ਪੈਸੇ ਪੰਜ ਗੁਣਾ ਵਧ ਹੋਣ ਦੇ ਬਾਵਜੂਦ ਏਨੀ ਚਰਚਾ ਨਹੀਂ ਸੀ ਹੋਈ, ਜਿੰਨੀ ਸਾਹਿਤ ਅਕਾਦਮੀ ਵਾਲੇ ਦੀ।
ਇਸ ਪੁਰਸਕਾਰ ਦਾ ਸਿਹਰਾ ਕਹਾਣੀਆਂ ਦੀ ਉੱਤਮਤਾ ਤੋਂ ਬਿਨਾ ਚੋਣ ਕਮੇਟੀ ਦੇ ਸਿਰ ਵੀ ਬੱਝਦਾ ਹੈ, ਜਿਨ੍ਹਾਂ ਨੇ ਇਸ ਨੂੰ ਪਛਾਣਿਆ। ਇਸ ਨੇ ਰੁਪਾਣਾ ਦੀਆਂ ਚਾਰ ਦਹਾਕੇ ਪਹਿਲਾਂ ਛਪੀਆਂ ‘ਹਵਾ’ ਤੇ ‘ਸ਼ੀਸ਼ਾ’ ਕਹਾਣੀਆਂ ਵੀ ਚੇਤੇ ਕਰਵਾ ਦਿੱਤੀਆਂ ਹਨ, ਜੋ ਉਸ ਸਮੇਂ ਉਰਦੂ ਅਫਸਾਨਾਨਿਗਾਰਾਂ-ਸਆਦਤ ਹਸਨ ਮੰਟੋ ਤੇ ਰਾਜਿੰਦਰ ਸਿੰਘ ਬੇਦੀ ਦੀਆਂ ਰਚਨਾਵਾਂ ਦੇ ਹਾਣ ਦੀਆਂ ਗਰਦਾਨੀਆਂ ਗਈਆਂ ਸਨ। ਰੁਪਾਣਾ ਦੀ ਜੀਵੰਤ ਮੱੁਦਿਆਂ ਉੱਤੇ ਡੰੂਘੀ ਪਕੜ ਹੈ। ਉਸ ਨੂੰ ਮਨੱੁਖੀ ਮਨ ਦੀਆਂ ਤਹਿਆਂ ਫਰੋਲਣ ਦੀ ਜਾਚ ਆਉਂਦੀ ਹੈ। ਉਸ ਦੀਆਂ ਗੱਲਾਂ ਵਿਚ ਪੇਂਡੂ ਸਿਆਣਿਆਂ ਵਾਲੇ ਤੱਤ ਹਨ। ਉਹ ਇਨ੍ਹਾਂ ਨੂੰ ਤਨਜ਼ ਤੇ ਟਿੱਚਰ ਦੀ ਚਾਸ਼ਣੀ ਚੜ੍ਹਾਉਣੀ ਜਾਣਦਾ ਹੈ।
ਮੇਰੀ ਨਜ਼ਰ ਵਿਚ ਉਸ ਦਾ ਨਿਕਚੂ ਜਿਹਾ ਨਾਵਲ ‘ਗੋਰੀ’ ਉਸ ਦੀ ਸੂਝ ਤੇ ਸਿਆਣਪ ਦੀ ਸਿਖਰ ਸੀ। ਇਸ ਵਿਚ ਲੇਖਕ ਨੇ ਨੌਜਵਾਨ ਕੁੜੀ ਦੇ ਮਨ ਦੀਆਂ ਡੰੂਘਾਣਾਂ ਦੀ ਥਾਹ ਪਾਈ ਹੈ। ਇਸ ਦਾ ਅਨੁਵਾਦ ਕਈ ਭਾਰਤੀ ਭਾਸ਼ਾਵਾਂ ਵਿਚ ਵੀ ਛਪ ਚੁਕਾ ਹੈ। ਇਹ ਸਾਹਿਤਕ ਤੇ ਕਲਾਤਮਕ ਉੱਤਮਤਾ ਦਾ ਸ਼ੀਸ਼ਾ ਹੈ। ਗੁਰਦੇਵ ਰੁਪਾਣਾ ਦੀਆਂ ਸਿਆਣਪਾਂ ਦੀ ਮੰੂਹ ਬੋਲਦੀ ਤਸਵੀਰ।
ਇਕ ਵਾਰ ਮੈਂ ਤੇ ਮੇਰੀ ਪਤਨੀ ਉਸ ਦੇ ਪਿੰਡ ਰੁਪਾਣਾ ਗਏ। ਸਾਨੂੰ ਪਤਾ ਲੱਗਿਆ ਕਿ ਉਸ ਦਾ ਗੋਤ ਵਿਰਕ ਹੈ। ਸੇਖੋਂ, ਦੁੱਗਲ, ਵਿਰਕ, ਭੁੱਲਰ ਤੇ ਮੇਰੇ ਵਰਗਿਆਂ ਨੇ ਆਪਣੀ ਪਛਾਣ ਬਣਾਉਣ ਲਈ ਆਪਣੇ ਗੋਤ ਦੀ ਵਰਤੋਂ ਕੀਤੀ ਹੈ। ਗੁਰਦੇਵ ਨੇ ਇੰਜ ਕਿਉਂ ਨਹੀਂ ਕੀਤਾ? ਉਸ ਦਾ ਉਤਰ ਵੀ ਸੂਖਮ ਤੇ ਵਿਅੰਗਮਈ ਸੀ, “ਅਜਿਹਾ ਕੀਤਿਆਂ ਮੈਂ ਕੁਲਵੰਤ ਸਿੰਘ ਵਿਰਕ ਦੇ ਪੈਰਾਂ ਵਿਚ ਰੁਲ ਜਾਣਾ ਸੀ।” ਵਿਰਕ ਦੀ ਥਾਂ ਰੁਪਾਣਾ ਦੀ ਵਰਤੋਂ ਨੇ ਉਸ ਨੂੰ ਰੁਲਣ ਤੋਂ ਬਚਾਇਆ ਤੇ ਉਸ ਦੀ ਜਨਮ ਭੋਂ ਨੂੰ ਰੁਸ਼ਨਾਇਆ, ਜਿਸ ਦਾ ਸਾਰੇ ਪਿੰਡ ਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਹੈ।
ਨਿੱਕੀ ਕਹਾਣੀ ਸਾਹਿਤ ਦੀ ਨਵੀਨਤਮ ਵਿਧਾ ਹੈ। ਜੁਗਾ ਜੁਗਾਂਤਰਾਂ ਤੋਂ ਕਵਿਤਾ ਹੀ ਸਾਹਿਤ ਜਗਤ ਉੱਤੇ ਛਾਈ ਰਹੀ ਹੈ। 2020 ਦੇ ਪੁਰਸਕਾਰਾਂ ਦੀ ਸੂਚੀ ਤੋਂ ਪਤਾ ਲਗਦਾ ਹੈ ਕਿ ਨਿੱਕੀ ਕਹਾਣੀ ਨੇ ਨਾਵਲ ਤੇ ਨਾਟਕ ਨੂੰ ਪਛਾੜ ਛੱਡਿਆ ਹੈ। ਇਸ ਵਾਰ ਦੇ ਜੇਤੂਆਂ ਵਿਚ ਪੰਜ ਕਹਾਣੀਕਾਰ ਹਨ, ਚਾਰ ਨਾਵਲਕਾਰ ਤੇ ਹੋਰ ਵਿਧਾਵਾਂ ਦੇ ਇੱਕ-ਇੱਕ। ਕਵੀ ਹਾਲੇ ਵੀ ਪ੍ਰਧਾਨ ਹਨ। ਜੇ ਉਨ੍ਹਾਂ ਵਿਚ ਮਹਾਂ-ਕਾਵਿ ਰਚੈਤਾ ਨੂੰ ਵੀ ਸ਼ਾਮਲ ਕਰ ਲਈਏ ਤਾਂ ਉਹ ਅੱਠ ਹਨ।
ਪੰਜਾਬੀ ਸਾਹਿਤ ਦੇ ਰਸੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਰੁਪਾਣਾ ਦਾ ਕਹਾਣੀ ਸੰਗ੍ਰਹਿ ‘ਆਮ ਖਾਸ’ ਕੰਨੜ ਭਾਸ਼ਾ ਦੇ ਮਹਾਂ-ਕਾਵਿ ‘ਸ਼੍ਰੀ ਬਾਹੂਬਲੀ ਅਹਿੰਸਾ ਦਿਵਿਜਿਅਮ’ ਦੇ ਬਰਾਬਰ ਬੋਲਦਾ ਹੈ, ਜਿਸ ਦਾ ਰਚੈਤਾ ਐਮ. ਵੀ. ਰੱਪਾ ਮੋਇਲੀ ਕਰਨਾਟਕਾ ਰਾਜਨੀਤੀ ਵਿਚ ਵੀ ਉੱਘਾ ਨਾਮ ਹੈ। ਅੰਗਰੇਜ਼ੀ ਕਾਵਿ-ਸੰਗ੍ਰਹਿ ‘ਵੈਨ ਗਾਡ ਇਜ਼ ਏ ਟ੍ਰੈਵਲਰ’ ਦੇ ਤੱੁਲ ਵੀ, ਜਿਸ ਦੀ ਰਚੈਤਾ ਦੱਖਣੀ ਭਾਰਤ ਦੀ ਅਰੰੁਧਤੀ ਸੁਬਰਾਮਨੀਅਮ ਹੈ। ਉਨ੍ਹਾਂ ਵਰਗੇ ਹੋਰ ਵੀ ਹਨ, ਜਿਨ੍ਹਾਂ ਦੇ ਬਰਾਬਰ ਸਾਡਾ ਕਹਾਣੀਕਾਰ ਤੁਲਦਾ ਹੈ। ਪੰਜਾਬੀ ਅਫਸਾਨਾਨਿਗਾਰੀ ਜ਼ਿੰਦਾਬਾਦ!
ਗੁਰਦੇਵ ਸਿੰਘ ਰੁਪਾਣਾ ਲਗਾਤਾਰ ਲਿਖ ਰਿਹਾ ਹੈ। ਉਸ ਦੀ ਰੀੜ੍ਹ ਦੀ ਹੱਡੀ ਤੰਗ ਕਰ ਰਹੀ ਹੈ, ਫੇਰ ਵੀ। ਪੰਜਾਬ ਜਗਤ ਦੀਆਂ ਸ਼ੁਭ ਇਛਾਵਾਂ ਉਹਦੇ ਨਾਲ ਹਨ। ਆਮੀਨ!!
ਅੰਤਿਕਾ:
ਹੈ ਬਸਕਿ ਹਰ ਏਕ ਉਨ ਕੇ ਇਸ਼ਾਰੇ ਮੇ ਨਿਸ਼ਾਂ ਔਰ
ਕਰਤੇ ਹੈਂ ਮੁਹੱਬਤ ਤੋ ਗੁਜ਼ਰਤਾ ਹੈ ਗੁਮਾਂ ਔਰ।
ਹੈ ਔਰ ਭੀ ਦੁਨੀਆਂ ਮੇਂ ਸੁਖਨਵਰ ਬਹੁਤ ਅੱਛੇ
ਕਹਿਤੇ ਹੈ ਕਿ ਗਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ।