ਕੈਨੇਡਾ ਵੱਸਦਾ ਲਿਖਾਰੀ ਜਰਨੈਲ ਸਿੰਘ ਸੇਖਾ ਬੁਨਿਆਦੀ ਰੂਪ ਵਿਚ ਤਾਂ ਨਾਵਲਕਾਰ ਹੈ ਅਤੇ ਉਸ ਨੇ ਪੰਜਾਬੀ ਸਾਹਿਤ ਜਗਤ ਨੂੰ ਮਿਸਾਲੀ ਨਾਵਲ ਦਿੱਤੇ ਹਨ, ਪਰ ਉਹਨੇ ਕਹਾਣੀਆਂ ਵੀ ਲਿਖੀਆਂ ਅਤੇ ਵਾਰਤਕ ਦੀ ਰਚਨਾ ਵੀ ਕੀਤੀ ਹੈ। ਇਥੇ ਅਸੀਂ ਪਾਠਕਾਂ ਨਾਲ ਉਸ ਦੀ ਕਹਾਣੀ ‘ਗੁੱਡ ਮੌਰਨਿੰਗ’ ਸਾਂਝੀ ਕਰ ਰਹੇ ਹਾਂ, ਜਿਸ ਵਿਚ ਉਸ ਨੇ ਮਨੁੱਖੀ ਰਿਸ਼ਤਿਆਂ ਦੀ ਬਾਤ ਬਹੁਤ ਸੂਖਮ ਅਤੇ ਵਿਹਾਰਕ ਰੂਪ ਵਿਚ ਪਾਈ ਹੈ।
-ਸੰਪਾਦਕ
ਜਰਨੈਲ ਸਿੰਘ ਸੇਖਾ
ਬਲਜੀਤ ਘਾਲੀ ਮੇਰਾ ਦੋਸਤ ਹੈ। ਉਸ ਦਾ ਇਕਲੌਤਾ ਲੜਕਾ ਕਿਸੇ ਫਰਮ ਵਿਚ ਮੈਨੇਜਰ ਸੀ ਅਤੇ ਉਸ ਦੀ ਨੂੰਹ ਹਸਪਤਾਲ ਵਿਚ ਨਰਸ ਲੱਗੀ ਹੋਈ ਸੀ। ਅਗਾਂਹ ਉਹਨਾਂ ਦੇ ਦੋ ਬੱਚੇ ਸਨ। ਘਾਲੀ ਦੰਪਤੀ ਕੰਮਾਂ ਤੋਂ ਫਾਰਗ ਹੋ ਕੇ ਸੁਹਣੀ ਰਿਟਾਇਰ ਜ਼ਿੰਦਗੀ ਬਤੀਤ ਕਰ ਰਹੇ ਸੀ ਕਿ ਇਕ ਦਿਨ ਉਹਦਾ ਲੜਕਾ ਕਹਿਣ ਲੱਗਾ, “ਪਾਪਾ, ਮੈਨੂੰ ਫਲੈਡਿਲਫੀਆ ਵਿਚ ਮਨ ਪਸੰਦ ਨੌਕਰੀ ਮਿਲ ਗਈ ਹੈ। ਹੁਣ ਆਪਾਂ ਅਗਲੇ ਮਹੀਨੇ ਅਮਰੀਕਾ ਚਲੇ ਜਾਣੈ। ਤੁਹਾਡੇ ਜਿਹੜੇ ਵੀ ਇਥੋਂ ਦੇ ਕੰਮ ਧੰਦੇ ਐ, ਉਹ ਜਾਣ ਤੋਂ ਪਹਿਲਾਂ-ਪਹਿਲਾਂ ਨਬੇੜ ਲਵੋ।”
“ਕੀ ਕਿਹਾ! ਅਮਰੀਕਾ ਚਲੇ ਜਾਣੈ!! ਜਦੋਂ ਇੰਗਲੈਂਡ ਵਿਚ ਸੀ ਤਾਂ ਕੈਨੇਡਾ ਆਉਣ ਦੀ ਦੁਹਾਈ ਪਾਈ ਹੋਈ ਸੀ, ਹੁਣ ਏਥੋਂ ਵੀ ਦਿਲ ਭਰ ਗਿਆ!” ਘਾਲੀ ਨੇ ਗੁੱਸੇ ਵਿਚ ਆਪਣੇ ਪੁੱਤਰ ਵੱਲ ਦੇਖਿਆ।
“ਚਾਰ ਸਾਲ ਹੋ ਗਏ ਇਕ ਕਿੱਲੇ ਨਾਲ ਬੱਝੇ ਨੂੰ, ਕੋਈ ਤਰੱਕੀ ਨਹੀਂ, ਅਗਾਂਹ ਵਧਣ ਦੇ ਕੋਈ ਮੌਕੇ ਨਹੀਂ। ਅਮਰੀਕਾ ਵਿਚ ਤਰੱਕੀ ਕਰਨ ਦੇ ਬੜੇ ਅਵਸਰ ਹਨ। ਏਥੇ ਆਪਣਾ ਕੀ ਹੈ! ਇਹ ਮਕਾਨ ਹੈ, ਇਹ ਕੱਲ੍ਹ ਨੂੰ ਹੀ ਸੇਲ ‘ਤੇ ਲਾ ਦੇਣੈ।” ਮੁੰਡੇ ਨੇ ਦਲੀਲ ਨਾਲ ਘਾਲੀ ਨੂੰ ਮਨਾਉਣਾ ਚਾਹਿਆ।
“ਪਹਿਲਾਂ ਮੈਂ ਤੇਈ ਸਾਲ ਦੀ ਉਮਰ ਤਕ ਕਿਤਾਬਾਂ ਨਾਲ ਮੱਥਾ ਮਾਰਿਆ, ਫੇਰ ਸੱਤ ਸਾਲ ਕਿਸੇ ਚੱਜ ਦੀ ਨੌਕਰੀ ਦੀ ਭਾਲ ਵਿਚ ਧੱਕੇ ਖਾਂਦਿਆਂ ਲੰਘਾ ਦਿੱਤੇ। ਬੇਰੁਜ਼ਗਾਰੀ ਦਾ ਸਤਾਇਆ ਚੰਗੇ ਭਵਿੱਖ ਦੀ ਖਾਤਰ ਇੰਗਲੈਂਡ ਆਇਆ। 30 ਸਾਲ ਦੀ ਅਣਥੱਕ ਮਿਹਨਤ ਨਾਲ ਇੰਗਲੈਂਡ ਵਿਚ ਪੈਰ ਲੱਗੇ। ਲੋਕਾਂ ਨਾਲ ਮੇਲ ਜੋਲ ਵਧਿਆ ਤੇ ਦੋਸਤਾਂ ਦਾ ਘੇਰਾ ਵਿਸ਼ਾਲ ਹੋਇਆ। ਓਥੋਂ ਦੀ ਰਹਿਤਲ ਨੂੰ ਅਪਨਾਉਣ ਦੇ ਯੋਗ ਹੋਏ ਤਾਂ ਤੂੰ ਪੇਸ਼ ਨਾ ਜਾਣ ਦਿੱਤੀ। ਤੇਰੇ ਆਖੇ ਲੱਗ, ਡੰਡਾ ਡੇਰਾ ਚੁੱਕ ਕੇ ਕੈਨੇਡਾ ਆ ਗਏ। ਹੁਣ ਏਥੇ ਬੜੀ ਮੁਸ਼ਕਿਲ ਨਾਲ ਜੜ੍ਹਾਂ ਲੱਗੀਆਂ ਤਾਂ ਤੂੰ ਫੇਰ ਜੜ੍ਹਾਂ ਪੁੱਟਣ ਨੂੰ ਤਿਆਰ ਹੋ ਗਿਐਂ। ਤੁਸੀਂ ਜਿੱਥੇ ਮਰਜ਼ੀ ਰਹੋ ਪਰ ਮੈਂ ਅੰਤਲੇ ਸਾਹਾਂ ਤਕ ਏਥੋਂ ਕਿਤੇ ਨਹੀਂ ਜਾਵਾਂਗਾ।”
“ਜਿੱਥੇ ਬੱਚਿਆਂ ਨੇ ਰਹਿਣਾ, ਆਪਾਂ ਨੂੰ ਵੀ ਤਾਂ ਓਥੇ ਈ ਰਹਿਣਾ ਪੈਣੈ।” ਘਾਲੀ ਦੀ ਪਤਨੀ ਲਾਜਵੰਤ ਕੌਰ ਨੇ ਕਿਹਾ।
“ਲਾਜ, ਤੂੰ ਇਹਨਾਂ ਨਾਲ ਜਾ ਸਕਦੀ ਹੈਂ ਪਰ ਮੈਂ ਨਹੀਂ ਜਾਣਾ। ਇਹ ਮੇਰਾ ਅਖੀਰੀ ਫੈਸਲਾ ਹੈ।”
ਘਾਲੀ ਦਾ ਫੈਸਲਾ ਸੁਣ ਕੇ ਲਾਜਵੰਤ ਚੁੱਪ ਕਰ ਗਈ। ਉਸ ਨੂੰ ਪਤਾ ਸੀ ਕਿ ਜਿਹੜੀ ਗੱਲ ਉਹ ਮਨ ਵਿਚ ਧਾਰ ਲੈਂਦਾ ਸੀ, ਉਸ ਤੋਂ ਕਦੀ ਪਿੱਛੇ ਨਹੀਂ ਸੀ ਹਟਦਾ। ਮੁੰਡੇ ਨੇ ਵੀ ਦਲੀਲਾਂ ਨਾਲ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਘਾਲੀ ਆਪਣੇ ਫੈਸਲੇ ਉਪਰ ਅੜਿਆ ਰਿਹਾ। ਅਖੀਰ, ਇਹ ਫੈਸਲਾ ਹੋਇਆ ਕਿ ਗਰਮੀ ਦੀਆਂ ਛੁੱਟੀਆਂ ਵਿਚ ਬੱਚੇ ਕੁਝ ਸਮਾਂ ਵੈਨਕੂਵਰ ਆ ਜਇਆ ਕਰਨਗੇ ਅਤੇ ਸਰਦੀਆਂ ਵਿਚ ਮਾਂ ਬਾਪ ਫਲੈਡਿਲਫੀਆ ਦਾ ਚੱਕਰ ਮਾਰ ਜਾਇਆ ਕਰਨਗੇ। ਘਾਲੀ ਦਾ ਮੁੰਡਾ ਆਪਣਾ ਪਰਿਵਾਰ ਲੈ ਕੇ ਫਲੈਡਿਲਫੀਆ ਚਲਾ ਗਿਆ। ਪਰਿਵਾਰ ਦੇ ਚਲੇ ਜਾਣ ਮਗਰੋਂ ਘਾਲੀ ਨੂੰ ਘਰ ਸੁੰਞਾ-ਸੁੰਞਾ ਲੱਗਣ ਲੱਗਾ। ਕੁਝ ਸਮਾਂ ਦੋਹਾਂ ਜੀਆਂ ਦਾ ਦਿਲ ਉਦਾਸ ਰਿਹਾ। ਘਾਲੀ ਕਈ ਸਾਹਿਤਕ ਸੰਸਥਾਵਾਂ ਨਾਲ ਤਾਂ ਪਹਿਲਾਂ ਹੀ ਜੁੜਿਆ ਹੋਇਆ ਸੀ ਅਤੇ ਉਸ ਨੂੰ ਰੇਡੀਉ ਤੇ ਟੀ.ਵੀ. ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਵੀ ਬੁਲਾਇਆ ਜਾਂਦਾ ਸੀ। ਹੁਣ ਉਸ ਨੇ ਆਪਣੀਆਂ ਸਮਾਜਕ ਗਤੀਵਿਧੀਆਂ ਹੋਰ ਵੀ ਵਧਾ ਲਈਆਂ। ਉਹ ਹਸਪਤਾਲ ਜਾ ਕੇ ਕੁਝ ਸਮਾਂ ਮਰੀਜ਼ਾਂ ਦੀ ਸੇਵਾ ਵਿਚ ਵੀ ਬਿਤਉਂਦਾ ਤੇ ਆਪਣੀਆਂ ਹੌਸਲਾ ਵਧਾਊ ਗੱਲਾਂ ਨਾਲ ਉਹਨਾਂ ਦਾ ਦਿਲ ਪਰਚਾਵਾ ਵੀ ਕਰਦਾ। ਲਾਜਵੰਤ ਕੌਰ ਵੀ ਕਦੀ ਵਿਹਲੀ ਨਹੀਂ ਸੀ ਰਹੀ। ਉਹ ਬੱਚਿਆਂ ਦੀ ਦੇਖ ਭਾਲ ਵਿਚ ਰੁੱਝੀ ਰਹਿੰਦੀ ਸੀ। ਹੁਣ ਉਸ ਦੇ ਕਰਨ ਲਈ ਕੋਈ ਕੰਮ ਨਹੀਂ ਸੀ ਰਹਿ ਗਿਆ। ਇਕ ਦਿਨ ਉਹ ਕਹਿਣ ਲੱਗੀ, “ਜੀਤ, ਇਹ ਪਹਾੜ ਜਿੱਡੇ ਦਿਨ ਮੈਥੋਂ ਵਿਹਲੇ ਬਹਿ ਕੇ ਨਹੀਂ ਕੱਟੇ ਜਾਣੇ। ਤੁਸੀਂ ਮੈਨੂੰ ਉੱਨ ਲਿਆ ਦਿਉ। ਮੈਂ ਬੱਚਿਆਂ ਦੇ ਸਵੈਟਰ ਜੁਰਾਬਾਂ ਬਣਾ ਦਿਆ ਕਰਾਂਗੀ। ਜਦੋਂ ਪੰਜ ਸੱਤ ਬਣ ਜਾਇਆ ਕਰਨਗੇ ਤਾਂ ਹਸਪਤਾਲ ਵਿਚ ਜਾਂ ਕਿਸੇ ਦਾਨੀ ਸੰਸਥਾ ਨੂੰ ਦਾਨ ਕਰ ਆਇਆ ਕਰਾਂਗੇ। ਲੋਕ ਸੇਵਾ ਵੀ ਹੋ ਜਾਵੇਗੀ ਤੇ ਮੇਰਾ ਦਿਲ ਵੀ ਲੱਗਿਆ ਰਹੂ।”
“ਇਹ ਬਹੁਤ ਹੀ ਚੰਗੀ ਗੱਲ ਐ। ਚੱਲ ਹੁਣੇ ਚਲਦੇ ਹਾਂ। ਲੋਕ ਭਲਾਈ ਦੇ ਕੰਮ ਵਿਚ ਢਿੱਲ ਕਾਹਦੀ!” ਘਾਲੀ ਨੇ ਖੁਸ਼ ਹੁੰਦਿਆ ਕਿਹਾ।
ਉਹ ਸਟੋਰ ਤੋਂ ਕਈ ਰੰਗਾਂ ਦੀ ਉੱਨ ਅਤੇ ਸਲਾਈਆਂ ਲੈ ਆਏ। ਲਾਜਵੰਤ ਨੇ ਉਸੇ ਦਿਨ ਹੀ ਹੱਥ ਵਿਚ ਸਲਾਈਆਂ ਫੜ ਲਈਆਂ। ਲਾਜਵੰਤ ਦਾ ਦਿਲ ਲੱਗ ਗਿਆ। ਇਕ ਵਾਰ ਉਹ ਫਲੈਡਿਲਫੀਆ ਦਾ ਚੱਕਰ ਵੀ ਲਾ ਆਏ। ਪੰਜਾਬੀਆਂ ਦੇ ਸੀਨੀਅਰ ਸੈਂਟਰ ਵਿਚ ਹਫਤੇ ‘ਚ ਇਕ ਦਿਨ ਉਪਰਲੇ ਹਾਲ ਵਿਚ ਔਰਤਾਂ ਮਿਲ ਬੈਠ ਕੇ ਆਪਣੇ ਮਸਲੇ ਵਿਚਾਰਨ ਦੇ ਨਾਲ-ਨਾਲ ਮਨੋਰੰਜਨ ਲਈ ਗੀਤ ਸੰਗੀਤ ਦੀ ਮਹਿਫਲ ਵੀ ਸਜਾਉਂਦੀਆਂ। ਉਸ ਦਿਨ ਉਹ ਦੋਵੇਂ ਜੀਅ ਸੀਨੀਅਰ ਸੈਂਟਰ ਚਲੇ ਜਾਂਦੇ। ਲਾਜਵੰਤ ਔਰਤਾਂ ਦੇ ਇਕੱਠ ਵਿਚ ਸ਼ਾਮਿਲ ਹੋ ਜਾਂਦੀ ਅਤੇ ਬਲਜੀਤ ਘਾਲੀ ਬਜ਼ੁਰਗਾਂ ਵਿਚ ਬੈਠ ਕੇ ਚਲੰਤ ਮਾਮਲਿਆਂ ‘ਤੇ ਹੁੰਦੀ ਬਹਿਸ ਵਿਚ ਹਿੱਸਾ ਲੈਂਦਾ। ਕਈ ਵਾਰ ਉਹ ਉਹਨਾਂ ਨੂੰ ਸਮਾਜੀ ਗਿਆਨ ਦੀਆਂ ਗੱਲਾਂ ਵੀ ਸੁਣਾਉਂਦਾ।
ਦਿਨ ਬਹੁਤ ਵਧੀਆ ਬਤੀਤ ਹੋ ਰਹੇ ਸਨ ਕਿ ਲਾਜਵੰਤ ਕੌਰ ਨੂੰ ਦੋ ਕੁ ਵਾਰ ਪੇਟ ਦਰਦ ਦੀ ਸ਼ਿਕਾਇਤ ਹੋਈ। ਉਸ ਬਹੁਤਾ ਗੌਲਿਆ ਨਾ। ਉਹ ਘਰ ਪਿਆ ਚੂਰਨ ਖਾ ਲੈਂਦੀ। ਇਕ ਦਿਨ ਜਦੋਂ ਉਹ ਰੋਟੀ ਖਾਣ ਲੱਗੀ ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਰੋਟੀ ਦੀ ਬੁਰਕੀ ਗਲ ਦੇ ਹੇਠਾਂ ਅਟਕ ਗਈ ਹੋਵੇ। ਉਸ ਨੇ ਪਾਣੀ ਦੀ ਘੁੱਟ ਨਾਲ ਬੁਰਕੀ ਅੰਦਰ ਲੰਘਾਈ। ਰੋਟੀ ਖਾਣ ਮਗਰੋਂ ਫੇਰ ਪੇਟ ਦਰਦ ਹੋਇਆ ਤਾਂ ਉਸ ਨੇ ਘਾਲੀ ਨੂੰ ਕਿਹਾ, “ਜੀਤ, ਰਾਤੀਂ ਵੀ ਮੇਰੇ ਢਿੱਡ ਪੀੜ ਹੋਈ ਸੀ ਤੇ ਹੁਣ ਵੀ ਢਿੱਡ ਪੀੜ ਹੋਣ ਲੱਗ ਪਈ, ਨਾਲੇ ਅੱਜ ਰੋਟੀ ਵੀ ਉਗਲ ਨਿਗਲ ਕਰ ਕੇ ਈ ਖਾਧੀ ਐ।”
“ਪਹਿਲਾਂ ਵੀ ਕਿਤੇ ਪੇਟ ਦਰਦ ਹੋਇਆ ਸੀ?”
“ਐਵੇਂ ਇਕ ਦੋ ਵਾਰ ਮਮੂਲੀ ਜਿਹਾ ਹੋਇਆ ਸੀ, ਚੂਰਨ ਲੈਣ ਨਾਲ ਠੀਕ ਹੋ ਜਾਂਦਾ ਸੀ। ਕੁਝ ਦਿਨਾਂ ਤੋਂ ਰੋਟੀ ਵੀ ਸੁਆਦ ਨਾਲ ਨਹੀਂ ਖਾਧੀ ਜਾਂਦੀ।”
“ਜਦੋਂ ਪਹਿਲੇ ਦਿਨ ਪੇਟ ਦਰਦ ਹੋਇਆ ਸੀ ਤਾਂ ਉਸ ਦਿਨ ਕਿਉਂ ਨਹੀਂ ਦੱਸਿਆ?”
“ਇਹਦੇ ਵਿਚ ਦੱਸਣ ਵਾਲੀ ਕਿਹੜੀ ਗੱਲ ਸੀ, ਮਾੜੀ ਮੋਟੀ ਸਰੀਰ ਨੂੰ ਔਰ੍ਹ ਸੌਰ੍ਹ ਤਾਂ ਹੋਈ ਜਾਂਦੀ ਐ।”
“ਚੱਲ ਤਿਆਰ ਹੋ, ਹੁਣੇ ਹਸਪਤਾਲ ਚੱਲਣੈ।” ਦੱਸੀਆਂ ਨਿਸ਼ਾਨੀਆਂ ਤੋਂ ਘਾਲੀ ਨੂੰ ਨਾਮਮੁਰਾਦ ਬਿਮਾਰੀ ਦੇ ਲੱਛਣ ਹੋਣ ਦਾ ਸ਼ੱਕ ਪਿਆ। ਉਹ ਫੈਮਲੀ ਡਾਕਟਰ ਕੋਲ ਜਾਣ ਦੀ ਥਾਂ ਸਿੱਧੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਚਲੇ ਗਏ। ਲਾਜਵੰਤ ਦੇ ਬਹੁਤੇ ਸਾਰੇ ਸਰੀਰਕ ਟੈਸਟ ਹੋਣ ਮਗਰੋਂ ਜਿਹੜਾ ਨਤੀਜਾ ਆਇਆ, ਉਹ ਬਹੁਤ ਚਿੰਤਾਜਨਕ ਸੀ। ਮਿਹਦੇ ਦਾ ਕੈਂਸਰ ਸਰੀਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਫੈਲ ਚੁੱਕਾ ਸੀ। ਲਾਜਵੰਤ ਨੂੰ ਉਸੇ ਸਮੇਂ ਹਸਪਤਾਲ ਵਿਚ ਦਾਖਲ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਪਰ ਇਲਾਜ ਬੇਅਸਰ ਰਿਹਾ ਤੇ ਇਸ ਨਾਮੁਰਾਦ ਬਿਮਾਰੀ ਨੇ ਤਿੰਨ ਮਹੀਨੇ ਦੇ ਅੰਦਰ-ਅੰਦਰ ਹੀ ਲਾਜਵੰਤ ਕੌਰ ਦੀ ਜਾਨ ਲੈ ਲਈ।
ਪਤਨੀ ਦੀ ਮੌਤ ਨੇ ਘਾਲੀ ਦੇ ਪੈਰ ਉਖੇੜ ਦਿੱਤੇ। ਅੰਤਮ ਰਸਮਾਂ ਤੋਂ ਬਾਅਦ ਜਦੋਂ ਪੁੱਤਰ ਨੇ ਨਾਲ ਚੱਲਣ ਲਈ ਕਿਹਾ ਤਾਂ ਉਸ ਨੇ ਇਕ ਵਾਰ ਵੀ ‘ਨਾਂਹ` ਨਾ ਕੀਤੀ। ਮਕਾਨ ਵੇਚ ਕੇ ਮੁੰਡੇ ਦੇ ਨਾਲ ਫਲੈਡਿਲਫੀਆ ਚਲਾ ਗਿਆ ਪਰ ਓਥੇ ਉਸ ਦਾ ਦਿਲ ਨਹੀਂ ਲੱਗਾ। ਉਸ ਫਲੈਡਿਲਫੀਆ ਵਿਚ ਤਿੰਨ ਕੁ ਮਹੀਨੇ ਮਸਾਂ ਹੀ ਲੰਘਾਏ, ਮੁੜ ਆਪਣੇ ਪੁਰਾਣੇ ਸ਼ਹਿਰ ਆ ਗਿਆ। ਇੰਡੀਆ ਤੋਂ ਹੀ ਸਾਡੀ ਮਿੱਤਰਤਾ ਹੋਣ ਕਰ ਕੇ ਉਹ ਕੁਝ ਦਿਨ ਮੇਰੇ ਕੋਲ ਰਿਹਾ, ਫਿਰ ਇਕ ਬੈੱਡਰੂਮ ਦੀ ਬੇਸਮੈਂਟ ਕਿਰਾਏ ‘ਤੇ ਲੈ ਲਈ। ਉਸ ਦੇ ਦੋਸਤ ਮਿੱਤਰ ਉਹਦੇ ਕੋਲ ਗੇੜਾ ਮਾਰਦੇ ਤੇ ਦਰਦ ਵੰਡਾਉਂਦੇ। ਸਮੇਂ ਨੇ ਵੀ ਮਲ੍ਹਮ ਦਾ ਕੰਮ ਕੀਤਾ। ਕਿਸੇ ਨਾ ਕਿਸੇ ਬਹਾਨੇ ਉਹ ਆਪਣੇ ਨੇੜਲੇ ਦੋਸਤਾਂ ਨੂੰ ਬੇਸਮੈਂਟ ਵਿਚ ਸੱਦ ਕੇ ਮਹਿਫਲ ਜਮਾ ਲੈਂਦਾ। ਜਾਪਦਾ ਸੀ ਕਿ ਇਹ ਉਸ ਦਾ ਆਪਣੀ ਇਕੱਲ ਨੂੰ ਠੁੰਮਣਾ ਦੇਣ ਦਾ ਇਕ ਬਹਾਨਾ ਹੋਵੇ। ਉਸ ਦੇ ਬਹੁਤ ਨੇੜਲੇ ਦੋਸਤਾਂ ਨੇ ਇਹ ਫੈਸਲਾ ਕੀਤਾ ਕਿ ਜਦੋਂ ਵੀ ਘਾਲੀ ਦੀ ਬੇਸਮੈਂਟ ਵਿਚ ਮਿਲ ਬਹਿਣਾ ਹੋਵੇ ਤਾਂ ਉਸ ‘ਤੇ ਬੋਝ ਨਾ ਬਣਿਆ ਜਾਵੇ ਸਗੋਂ ਹਾਜ਼ਰ ਮੈਂਬਰ ਖਰਚਾ ਬਰਾਬਰ ਵੰਡ ਲਿਆ ਕਰਨ। ਇਸ ਫੈਸਲੇ ਮਗਰੋਂ ਬੇਸਮੈਂਟ ਵਿਚ ਦੋਸਤਾਂ ਦੀਆਂ ਮਹਿਫਲਾਂ ਵਿਚ ਰੌਣਕ ਵਧਣ ਲੱਗ ਪਈ। ਉਸ ਨੇ ਆਪਣੀਆਂ ਗਤੀਵਿਧੀਆਂ ਪਹਿਲਾਂ ਵਾਂਗ ਹੀ ਮੁੜ ਸ਼ੁਰੂ ਕਰ ਲਈਆਂ। ਇਸ ਤਰ੍ਹਾਂ ਹੀ ਉਸ ਬੇਸਮੈਂਟ ਵਿਚ ਉਹਦੇ ਪੰਜ ਸਾਲ ਬਤੀਤ ਹੋ ਗਏ।
ਭਾਰਤੀ ਮੂਲ ਦੇ ਕੈਨੇਡੀਅਨਾਂ ਨੇ ਲੋਕ ਭਲਾਈ ਦੇ ਕੰਮਾਂ ਲਈ ਸੁਸਾਇਟੀ ਬਣਾਈ ਹੋਈ ਸੀ ਜਿਸ ਨੂੰ ਸਰਕਾਰੀ ਸਹਾਇਤਾ ਵੀ ਮਿਲ ਜਾਂਦੀ ਸੀ। ਇਸ ਸੰਸਥਾ ਵੱਲੋਂ ਭਾਰਤੀ ਮੂਲ ਦੇ ਬਜ਼ੁਰਗਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰਖਦਿਆਂ ਬਿਰਧ-ਘਰ ਦੀ ਉਸਾਰੀ ਕਰਵਾਈ ਗਈ ਜਿਸ ਵਿਚ ਆਪਣੀ ਆਮਦਨ ਦਾ 25% ਦੇ ਕੇ ਬਜ਼ੁਰਗ ਆਜ਼ਾਦੀ ਨਾਲ ਰਹਿ ਸਕਦੇ ਸਨ। ਇਸ ਬਿਲਡਿੰਗ ਦੇ ਸਾਰੇ ਸੂਇਟ ਕੁਝ ਦਿਨਾਂ ਵਿਚ ਹੀ ਭਰ ਗਏ। ਫਿਰ ਇਕ ਹੋਰ ਯੂਨਿਟ ਦੀ ਲੋੜ ਪਈ ਜਿਸ ਵਿਚ ਆਸ਼ਰਿਤ ਬਜ਼ੁਰਗ ਵੀ ਰਹਿ ਸਕਣ। ਲੋਕਾਂ ਵੱਲੋਂ ਦਿੱਤੇ ਦਾਨ ਤੇ ਕੁਝ ਸਰਕਾਰੀ ਸਹਾਇਤਾ ਮਿਲ ਜਾਣ ਨਾਲ ਬਿਲਡਿੰਗ ਦਾ ਦੂਜਾ ਯੂਨਿਟ ਵੀ ਬਣਨ ਲੱਗ ਪਿਆ। ਘਾਲੀ ਨੇ ਵੀ ਉੱਥੇ ਰਹਾਇਸ਼ ਰੱਖਣ ਲਈ ਅਰਜ਼ੀ ਦੇ ਦਿੱਤੀ। ਜਦੋਂ ਉਹ ਯੂਨਿਟ ਤਿਆਰ ਹੋ ਗਿਆ ਤਾਂ ਉਸ ਨੂੰ ਰਹਾਇਸ਼ ਲਈ ਉਹਦੇ ਵਿਚ ਚੌਥੀ ਮੰਜ਼ਲ ‘ਤੇ ਇਕ ਬੈੱਡਰੂਮ ਦਾ ਸੂਇਟ ਮਿਲ ਗਿਆ। ਉਹ ਬੇਸਮੈਂਟ ਛੱਡ ਕੇ ਬਿਰਧ-ਘਰ ਵਿਚ ਆ ਗਿਆ। ਏਸ ਇਕ ਬੈੱਡਰੂਮ ਦੇ ਸੂਇਟ ਨੂੰ ਉਹ ਆਪਣਾ ਘਰ ਕਹਿੰਦਾ। ਉਸ ਨੇ ਕੰਧ ‘ਤੇ ਲਿਖ ਕੇ ਚਿਪਕਾਇਆ ਹੋਇਆ ਸੀ:
“ਮੇਰੇ ਘਰ ਦਾ ਦਰਵਾਜ਼ਾ ਸਾਰੇ ਮਿੱਤਰ ਪਿਆਰਿਆਂ ਲਈ ਖੁੱਲ੍ਹਾ ਹੈ। ਇਕੱਲੇ ਦੁਕੱਲੇ ਲਈ ਚਾਹ ਪਾਣੀ ਮੇਰੇ ਵੱਲੋਂ ਪਰ ਮੀਟਿੰਗ ਜਾਂ ਮਹਿਫਲ ਸਮੇਂ ਖਾਣ ਪੀਣ ਦਾ ਖਰਚ ਸਾਂਝਾ।
1. ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। 2. ਖਾਣ ਪੀਣ ਮਗਰੋਂ ਆਪਣਾ ਭਾਂਡਾ ਆਪ ਸਾਫ ਕਰਨਾ ਹੋਵੇਗਾ। 3. ਬੈਠਣ ਲਈ ਫੋਲਡਿੰਗ ਕੁਰਸੀ ਸਟੋਰ ਵਿਚੋਂ ਆਪ ਚੁੱਕ ਕੇ ਲਿਆਉਣੀ ਤੇ ਵਾਪਸੀ ‘ਤੇ ਆਪ ਹੀ ਸਟੋਰ ਵਿਚ ਰੱਖਣੀ ਹੋਵੇਗੀ। 4. ਮੀਟਿੰਗ ਵਿਚ ਗੱਲਾਂ ਦਾ ਵਿਸ਼ਾ ਆਰਥਿਕ, ਸਾਹਿਤ, ਸਮਾਜਕ, ਰਾਜਨੀਤਕ ਤੇ ਚਲੰਤ ਮਾਮਲਿਆਂ ‘ਤੇ ਆਧਾਰਤ ਹੋਵੇਗਾ। ਏਥੇ ਧਾਰਮਿਕ ਵਿਸ਼ੇ ‘ਤੇ ਵਿਚਾਰ ਚਰਚਾ ਨਹੀਂ ਹੋਵੇਗੀ। ਮਹਿਫਲ ਜੰਮ ਜਾਣ ਸਮੇਂ ਮਨੋਰੰਜਨ ਭਰਪੂਰ ਖੁੱਲ੍ਹੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਪਰ ਲੁੱਚੀਆਂ ਨਹੀਂ। 5. ਮਹਿਫਲ ਵਿਝੜਣ ਮਗਰੋਂ ਘਰੀਂ ਵਾਪਸ ਜਾਣ ਦਾ ਹਰ ਇਕ ਨੂੰ ਆਪਣਾ ਪ੍ਰਬੰਧ ਆਪ ਕਰਨਾ ਹੋਵੇਗਾ। 6. ਦਾਰੂ ਪੀ ਕੇ ਗੱਡੀ ਚਲਾਉਣ ਦੀ ਮਨਾਹੀ ਹੈ।”
ਮਹੀਨੇ ‘ਚ ਦੋ ਕੁ ਵਾਰ ਘਾਲੀ ਦੇ ਇਸ ਘਰ ਵਿਚ ਉਵੇਂ ਹੀ ਮਹਿਫਲਾਂ ਜੁੜਨ ਲੱਗੀਆਂ, ਜਿਵੇਂ ਉਸ ਦੀ ਬੇਸਮੈਂਟ ਵਿਚ ਜੁੜਿਆ ਕਰਦੀਆਂ ਸਨ। ਮਹਿਫਲਾਂ ਵਿਚ ਛੇ ਨੁਕਾਤੀ ਆਦੇਸ਼ਾਂ ਦਾ ਪੂਰਾ-ਪੂਰਾ ਪਾਲਣ ਕੀਤਾ ਜਾਂਦਾ। ਘਾਲੀ ਦੇ ਦੋਸਤਾਂ ਦਾ ਘੇਰਾ ਤਾਂ ਬਹੁਤ ਵਿਸ਼ਾਲ ਸੀ ਪਰ ਉਸ ਦੇ ਗਿਆਰਾਂ ਦੋਸਤ ਪੱਕੇ ਸਨ ਜੋ ਹਰ ਮਹਿਫਲ ਦਾ ਸ਼ਿੰਗਾਰ ਬਣਦੇ। ਕਈ ਵਾਰ ਹੋਰ ਦੋਸਤ ਵੀ ਕਿਸੇ ਮਹਿਫਲ ਵਿਚ ਸ਼ਾਮਿਲ ਹੋ ਜਾਂਦੇ। ਆਪਣੇ ਨਿੱਜੀ ਦੋਸਤਾਂ ਨਾਲ ਉਹ ਆਪਣੀ ਮਰਹੂਮ ਪਤਨੀ ਦਾ ਜ਼ਿਕਰ ਵੀ ਛੇੜ ਲੈਂਦਾ ਸੀ। ਉਸ ਦੀਆਂ ਗੱਲਾਂ ਕਰ ਕੇ ਸ਼ਾਇਦ ਉਸ ਦੇ ਮਨ ਨੂੰ ਤਸਕੀਨ ਮਿਲਦੀ ਸੀ। ਉਸ ਨੇ ਆਪਣੀ ਪਤਨੀ ਦੀ ਇਕ ਫੋਟੋ ਵੀ ਕੰਧ ਉਪਰ ਟੰਗੀ ਹੋਈ ਸੀ। ਜਿੰਨੀ ਦੇਰ ਉਹ ਉਸ ਦੀਆਂ ਗੱਲਾਂ ਕਰਦਾ, ਫੋਟੋ ਵੱਲ ਹੀ ਦੇਖੀ ਜਾਂਦਾ ਹੁੰਦਾ ਸੀ। ਇਕ ਵਾਰ, ਗਰਮੀਆਂ ਵਿਚ ਉਹ ਆਪਣੇ ਪੁੱਤਰ ਕੋਲ ਵੀ ਗੇੜਾ ਮਾਰ ਆਇਆ ਸੀ। ਆਪਣੇ ਪਰਿਵਾਰ ਨੂੰ ਮਿਲ ਕੇ ਆਉਣ ਮਗਰੋਂ ਉਸ ਨੇ ਮੇਰੇ ਨਾਲ ਬਹੁਤੀਆਂ ਗੱਲਾਂ ਜਵਾਨ ਹੋ ਰਹੇ ਆਪਣੇ ਪੋਤਰੇ, ਪੋਤਰੀ ਦੀ ਪੜ੍ਹਾਈ ਤੇ ਉਹਨਾਂ ਵੱਲੋਂ ਤੈਰਾਕੀ ਵਿਚ ਮਾਰੀਆ ਮੱਲਾਂ ਬਾਰੇ ਹੀ ਕੀਤੀਆਂ। ਅਗਲੀਆਂ ਗਰਮੀਆਂ ਵਿਚ ਸਾਡਾ ਫਲੈਡਿਲਫੀਆ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਘਰੋਂ ਬਾਹਰ ਹੋਣ ਕਾਰਨ ਮੈਨੂੰ ਘਾਲੀ ਦੀ ਬਿਮਾਰੀ ਬਾਰੇ ਪੰਜ ਦਿਨਾਂ ਬਾਅਦ ਪਤਾ ਲੱਗਾ। ਮੈਂ ਫੋਨ ‘ਤੇ ਉਸ ਦਾ ਹਾਲ ਚਾਲ ਪੁੱਛਿਆ ਤਾਂ ਉਸ ਕਿਹਾ, “ਚਾਲ ਤਾਂ ਉਹੋ ਹੀ ਬੇਢੰਗੀ ਐ, ਹਾਲ ਫੂਨ ‘ਤੇ ਨਹੀਂ ਦੱਸਿਆ ਜਾਣਾ, ਤੂੰ ਮੇਰੇ ਘਰ ਆ, ਫੇਰ ਸਾਰੀ ਹੀਰ ਸੁਣਾ ਦਿਊਂ।” ਇੰਨਾ ਆਖ ਉਸ ਨੇ ਫੋਨ ਬੰਦ ਕਰ ਦਿੱਤਾ।
ਮੈਂ ਉਸ ਦੇ ਘਰ ਗਿਆ ਤਾਂ ਉਹ ਆਰਾਮ ਕੁਰਸੀ ‘ਚ ਬੈਠਾ ‘ਰਾਜਨੀਤਕ ਆਰਥਿਕਤਾ` ਪੁਸਤਕ ਪੜ੍ਹ ਰਿਹਾ ਸੀ, ਪੁਸਤਕ ਨੂੰ ਇਕ ਪਾਸੇ ਰੱਖਦਿਆਂ ਉਹ ਬੋਲਿਆ, “ਕਦੋਂ ਮੁੜਿਐਂ ਐਡਮੰਟਨੋ?”
“ਰਾਤੀਂ ਮੁੜ ਆਇਆ ਸੀ। ਅੱਜ ਸਵੇਰੇ ਹੀ ਤੁਹਾਡੀ ਬਿਮਾਰੀ ਬਾਰੇ ਪਤਾ ਲੱਗਾ। ਸੁਣਿਐ, ਦਿਲ ਦੇ ਮਾਮਲੇ ਭਾਰੀ ਪੈ ਗਏ?”
“ਹਾਂ, ਦਿਲ ਦਾ ਮਾਮਲਾ ਈ ਸੀ ਜਿਹੜਾ ਬਹੁਤ ਭਾਰੀ ਪੈ ਗਿਆ। ਇਸ ਵਾਰ ਤਾਂ ਮੌਤ ਦੇ ਮੂੰਹ ਵਿਚੋਂ ਮਸਾਂ ਹੀ ਬਚ ਕੇ ਨਿਕਲਿਆਂ।”
“ਅੱਛਾ! ਇਹ ਭਾਣਾ ਕਿਵੇਂ ਵਰਤਿਆ?”
“ਪਿਛਲੇ ਵੀਕ ਜਦੋਂ ਮੈਂ ਸਵੇਰ ਦੀ ਸੈਰ ਤੋਂ ਵਾਪਸ ਮੁੜਿਆ ਤਾਂ ਮੈਨੂੰ ਕੁਝ ਥਕੇਵਾਂ ਜਿਹਾ ਮਹਿਸੂਸ ਹੋਇਆ। ਸੋਚਿਆ, ਨਹਾਉਣ ਤੋਂ ਪਹਿਲਾਂ ਚਾਹ ਦਾ ਕੱਪ ਪੀ ਲਿਆ ਜਾਵੇ। ਮੈਂ ਕੁਰਸੀ ਤੋਂ ਉਠਿਆ ਤਾਂ ਛਾਤੀ ਵਿਚ ਬਹੁਤ ਤੇਜ਼ ਦਰਦ ਹੋਇਆ। ਮੈਂ ਮੁੜ ਕੁਰਸੀ ‘ਤੇ ਬੈਠ ਗਿਆ। ਮੈਨੂੰ ਝੱਟ ਖਿਆਲ ਆ ਗਿਆ ਕਿ ਇਹ ਹਰਟ ਪ੍ਰਾਬਲਮ ਹੈ। ਮੈਂ ਉਸੇ ਵੇਲੇ 911 ਨੰਬਰ ਨੱਪ ਦਿੱਤਾ। ਫੂਨ ਕਰਨ ਮਗਰੋਂ ਮੈਂ ਆਪਣੇ ਬਿਸਤਰੇ ਵਿਚ ਲੇਟ ਗਿਆ। ਫਿਰ ਮੈਨੂੰ ਕੋਈ ਸੁਰਤ ਨਹੀਂ ਰਹੀ। ਜਦੋਂ ਮੈਨੂੰ ਸੁਰਤ ਆਈ ਤਾਂ ਮੈਂ ਕੋਲੰਬੀਆ ਹਸਪਤਾਲ ਦੇ ਇਕ ਬੈੱਡ ‘ਚ ਅਨੇਕਾਂ ਹੀ ਰਬੜ ਦੀਆਂ ਨਾਲੀਆਂ ਤੇ ਮਸ਼ੀਨਾਂ ਵਿਚ ਜਕੜਿਆ ਪਿਆ ਸੀ।
ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੇਰੇ ਫੂਨ ਕਰਨ ਤੋਂ ਸੱਤ ਮਿੰਟ ਬਾਅਦ ਹੀ ਐਂਬੂਲੈਂਸ ਪਹੁੰਚ ਗਈ ਸੀ। ਦਿਲ ਦੀ ਧੜਕਣ ਬੰਦ ਹੋਣ ਦੇ ਕਿਨਾਰੇ ਸੀ। ਐਂਬੂਲੈਂਸ ਅਮਲੇ ਨੇ ਬਣਾਉਟੀ ਸਾਹ ਪ੍ਰਣਾਲੀ ਰਾਹੀਂ ਦਿਲ ਦੀ ਧੜਕਣ ਬੰਦ ਨਹੀਂ ਸੀ ਹੋਣ ਦਿੱਤੀ ਤੇ ਹਸਪਤਾਲ ਲੈ ਆਏ ਸਨ। ਬਿਨਾਂ ਕੋਈ ਸਮਾਂ ਗਵਾਏ ਡਾਕਟਰਾਂ ਨੇ ਐਂਜੇਪਲਾਸਟੀ ਰਾਹੀਂ ਦੋ ਸਟੈਂਟ ਪਾ ਕੇ ਦਿਲ ਵਾਲੀਆਂ ਨਾੜੀਆਂ ਦਾ ਖੂਨ ਚਾਲੂ ਕਰ ਦਿੱਤਾ। ਦੋ ਦਿਨ ਹਸਪਤਾਲ ਰਹਿਣਾ ਪਿਆ। ਤਿੰਨ ਦਿਨ ਘਰ ਆਏ ਨੂੰ ਵੀ ਹੋ ਗਏ ਨੇ। ਹੁਣ ਬਿਲਕੁਲ ਨੌ-ਬਰ-ਨੌ ਹਾਂ।”
“ਬਹੁਤ ਚੰਗਾ ਹੋਇਆ ਕਿ ਤੁਸੀਂ ਸਮੇਂ ਸਿਰ ਐਂਬੂਲੈਂਸ ਨੂੰ ਫੂਨ ਕਰ ਲਿਆ। ਦਿਲ ਦਾ ਦੌਰਾ ਪੈਣ ‘ਤੇ ਜੇ ਬੰਦੇ ਦੀ ਸਮੇਂ ਸਿਰ ਸੰਭਾਲ ਹੋ ਜਾਵੇ ਤਾਂ ਬਹੁਤ ਬਚਾਉ ਹੋ ਜਾਂਦੈ।” ਮੈਨੂੰ ਪਤਾ ਸੀ ਕਿ ਬਿਰਧ-ਘਰ ਵਿਚ ਉਹ ਕਿਸੇ ਨੂੰ ਵੀ ਆਪਣਾ ਨੇੜਲਾ ਦੋਸਤ ਨਹੀਂ ਸੀ ਬਣਾ ਸਕਿਆ। ਬਿਰਧ-ਘਰ ਦੇ ਮੀਟਿੰਗ ਹਾਲ ਵਿਚ ਮਹੀਨੇ ਦੋ ਮਹੀਨੇ ਬਾਅਦ ਮਨੋਰੰਜਨ ਦੀਆਂ ਮਹਿਫਲਾਂ ਜੁੜਦੀਆਂ ਜਾਂ ਕਿਸੇ ਖਾਸ ਪਤਵੰਤੇ ਨੂੰ ਲੈਕਚਰ ਲਈ ਬੁਲਾਇਆ ਜਾਂਦਾ ਤਾਂ ਉਹ ਕਦੀ ਕਦੀ ਸਾਨੂੰ ਵੀ ਓਥੇ ਸੱਦ ਲੈਂਦਾ ਸੀ। ਉਸ ਇਕੱਠ ਵਿਚ ਉਹ ਵੀ ਆਪਣਾ ਭਾਸ਼ਣ ਦੇਣੋਂ ਨਹੀਂ ਸੀ ਉਕਦਾ। ਉਸ ਦੀਆਂ ਬੇਬਾਕੀ ਨਾਲ ਕੀਤੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਤਾਂ ਲਗਦੀਆਂ ਪਰ ਜਦੋਂ ਉਹ ਅੰਧ-ਵਿਸ਼ਵਾਸ ਤੇ ਅੰਨ੍ਹੀ ਸ਼ਰਧਾ ‘ਤੇ ਟਕੋਰਾਂ ਲਾਉਂਦਾ ਤਾਂ ਬਹੁਤੇ ਸਰੋਤੇ ਇਸ ਨੂੰ ਚੰਗਾ ਨਹੀਂ ਸੀ ਸਮਝਦੇ ਪਰ ਉਹ ਕਦੀ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ।
“ਹਾਂ, ਤੇਰੀ ਗੱਲ ਠੀਕ ਹੈ, ਏਥੇ ਸ਼ੀਲਾ ਸ਼ਰਮਾ ਨਾਮ ਦੀ ਅੱਸੀ ਕੁ ਸਾਲਾ ਔਰਤ ਦੀ ਮੌਤ ਹੋ ਗਈ ਪਰ ਦੋ ਦਿਨ ਕਿਸੇ ਨੂੰ ਪਤਾ ਹੀ ਨਾ ਲੱਗਾ।” ਘਾਲੀ ਨੇ ਚਿੰਤਤ ਲਹਿਜੇ ਵਿਚ ਕਿਹਾ।
“ਇਹ ਤਾਂ ਪ੍ਰਬੰਧਕਾਂ ਦੀ ਬਹੁਤ ਵੱਡੀ ਅਣਗਹਿਲੀ ਐ! ਉਹਨਾਂ ਨੂੰ ਤਾਂ ਏਥੇ ਰਹਿਣ ਵਾਲਿਆਂ ਬਾਰੇ ਆਥਣ ਸਵੇਰ ਦਾ ਪਤਾ ਹੋਣਾ ਚਾਹੀਦਾ ਹੈ!” ਮੈਂ ਆਪਣਾ ਤੌਖਲਾ ਪ੍ਰਗਟਾਇਆ।
“ਇਸ ਵਿਚ ਪ੍ਰਬੰਧਕਾਂ ਦਾ ਕੋਈ ਦੋਸ਼ ਨਹੀਂ। ਇੱਥੋਂ ਦਾ ਪ੍ਰਬੰਧ ਹੀ ਅਜਿਹਾ ਹੈ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਕੋਈ ਦਖਲ ਨਹੀਂ ਦਿੰਦਾ। ਪ੍ਰਬੰਧਕ ਤਾਂ ਬਜ਼ੁਰਗਾਂ ਦੀਆਂ ਲੋੜਾਂ ਤੇ ਉਹਨਾਂ ਲਈ ਸਾਂਝੀਆਂ ਸਹੂਲਤਾਂ ਦਾ ਪ੍ਰਬੰਧ ਕਰਦੇ ਹਨ। ਆਸ਼ਰਿਤ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਨਾਲ ਵਾਲੀ ਬਿਲਡਿੰਗ ਵਿਚ ਬਹੁਤੇ ਸਵੈ-ਨਿਰਭਰ ਬਜ਼ੁਰਗ ਹੀ ਰਹਿੰਦੇ ਨੇ, ਜਿਹੜੇ ਆਪਣਾ ਖਾਂਦੇ ਪਕਾਂਦੇ ਐ। ਏਸ ਬਿਲਡਿੰਗ ਵਿਚ ਹੇਠਲੀਆਂ ਤਿੰਨ ਮੰਜ਼ਲਾਂ ਵਿਚ ਉਹ ਵਿਕਲਾਂਗ ਲੋਕ ਨੇ ਜਿਨ੍ਹਾਂ ਨੂੰ ਸਹਾਇਕ ਦੀ ਲੋੜ ਹੈ ਤੇ ਚੌਥੀ ਮੰਜ਼ਲ ਵਿਚ ਮੇਰੇ ਵਰਗੇ ਸਵੈ-ਨਿਰਭਰ ਲੋਕ ਰਹਿੰਦੇ ਨੇ। ਆਸ਼ਰਿਤ ਵਿਅਕਤੀ ਤਾਂ ਸਦਾ ਹੀ ਨਿਗਰਾਨੀ ਵਿਚ ਰਹਿੰਦੇ ਹਨ ਪਰ ਸਵੈ-ਨਿਰਭਰ ਵਿਅਕਤੀਆਂ ਦੇ ਜਾਣ ਆਉਣ ‘ਤੇ ਕੋਈ ਰੋਕ ਨਹੀਂ।” ਘਾਲੀ ਨੇ ਬਿਰਧ-ਘਰ ਦੀ ਸਾਰੀ ਵਿਵਸਥਾ ਬਾਰੇ ਕੁਝ ਕੁ ਸ਼ਬਦਾਂ ਵਿਚ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਫਿਰ ਸ਼ੀਲਾ ਸ਼ਰਮਾ ਦੀ ਮੌਤ ਦਾ ਪਤਾ ਛੇਤੀ ਕਿਉਂ ਨਾ ਲੱਗਾ?”
“ਉਸ ਦਾ ਸੁਭਾਅ ਕੁਝ ਕੱਬਾ ਜਿਹਾ ਸੀ। ਉਸ ਕੋਲ ਕੋਈ ਬਹੁਤਾ ਆਉਂਦਾ ਜਾਂਦਾ ਵੀ ਨਹੀਂ ਸੀ। ਸ਼ਾਇਦ ਮੇਰੇ ਨਾਲ ਵੀ ਇਹੋ ਭਾਣਾ ਵਰਤ ਜਾਂਦਾ, ਜੇ ਮੈਂ ਵੇਲੇ ਸਿਰ ਐਂਬੂਲੈਂਸ ਨੂੰ ਫੂਨ ਨਾ ਕਰ ਲੈਂਦਾ। ਮੇਰੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਤਾਂ ਏਥੇ ਰਹਿੰਦਾ ਹੀ ਨਹੀਂ ਤੇ ਤੁਸੀਂ ਦੋਸਤ ਵੀ ਛੁੱਟੀਆਂ ਵਾਲੇ ਦਿਨੀਂ ਹੀ ਏਧਰ ਗੇੜਾ ਮਾਰਦੇ ਓ। ਚਾਰ ਸਾਲ ਹੋਏ ਨੇ ਮੈਨੂੰ ਏਥੇ ਆਇਆਂ ਪਰ ਵਿਚਾਰਾਂ ਦੀ ਸਾਂਝ ਨਾ ਹੋਣ ਕਰ ਕੇ ਮੈਂ ਕਿਸੇ ਨਾਲ ਏਥੇ ਬਹੁਤਾ ਮੇਲ ਜੋਲ ਨਹੀਂ ਰੱਖਿਆ, ਏਸੇ ਕਾਰਨ ਬਿਰਧ-ਘਰ ਦੇ ਲੋਕ ਮੇਰੇ ਕੋਲ ਘੱਟ ਆਉਂਦੇ ਨੇ।”
“ਲੱਕੜ ਦੀਆਂ ਕੰਧਾਂ ਵਿਚੋਂ ਦੀ ਤਾਂ ਇਕ ਦੂਜੇ ਦੇ ਸਾਹ ਵੀ ਸੁਣਾਈ ਦਿੰਦੇ ਨੇ। ਨਾਲ ਦੇ ਸੂਇਟ ਵਾਲਿਆਂ ਨੂੰ ਬਿੜਕ ਲੱਗ ਹੀ ਜਾਂਦੀ ਐ ਤੇ ਬਿੜਕ ਰੱਖਣੀ ਵੀ ਚਾਹੀਦੀ ਐ।”
“ਕੋਈ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਨਹੀਂ ਦਿੰਦਾ ਪਰ ਹੁਣ ਬਿੜਕ ਰੱਖਣ ਦਾ ਪ੍ਰਬੰਧ ਹੋ ਗਿਐ। ਸ਼ੀਲਾ ਸ਼ਰਮਾ ਵਾਲੀ ਘਟਨਾ ਕਾਰਨ ਪ੍ਰਬੰਧਕਾਂ ਨੂੰ ਬਹੁਤ ਭਾਰੀ ਨਮੋਸ਼ੀ ਝੱਲਣੀ ਪਈ ਸੀ। ਏਸੇ ਕਰ ਕੇ ਜਦੋਂ ਮੈਨੇਜਰ ਨੂੰ ਮੇਰੇ ਹਸਪਤਾਲ ਤੋਂ ਵਾਪਸ ਆਉਣ ਦਾ ਪਤਾ ਲੱਗਾ ਤਾਂ ਕੱਲ੍ਹ ਸਵੇਰੇ ਸੱਤ ਵਜੇ ਹੀ ਉਹ ਫੂਨ ਕਰ ਕੇ ਮੇਰਾ ਪਤਾ ਲੈਣ ਆ ਗਿਆ ਤੇ ਕਹਿਣ ਲੱਗਾ, ‘ਘਾਲੀ ਸਾਅਬ, ਅਫਸੋਸ ਹੈ ਕਿ ਮੈਨੂੰ ਤੁਹਾਡੀ ਬਿਮਾਰੀ ਦਾ ਪਹਿਲਾਂ ਪਤਾ ਨਹੀਂ ਸੀ ਲੱਗਿਆ। ਸ਼ੀਲਾ ਜੀ ਦੀ ਮੌਤ ਮਗਰੋਂ ਦੋਹਾਂ ਯੂਨਿਟਾਂ ਦੇ ਵਸਨੀਕਾਂ ਦੀ ਮੀਟਿੰਗ ਰੂਮ ਵਿਚ ਮੀਟਿੰਗ ਬੁਲਾਈ ਗਈ ਸੀ। ਉਸ ਵਿਚ ਫੈਸਲਾ ਕੀਤਾ ਗਿਆ ਹੈ ਕਿ ਏਥੋਂ ਦੇ ਵਸਨੀਕ ਆਪਣੇ ਆਪਣੇ ਜੁੱਟ ਬਣਾ ਲੈਣ ਅਤੇ ਉਹ ਸਵੇਰੇ ਉਠਦਿਆਂ ਹੀ, ਸੱਤ ਤੇ ਸਾਢੇ ਸੱਤ ਵਜੇ ਦੇ ਦਰਮਿਆਨ, ਫੋਨ ਰਾਹੀਂ ਇਕ ਦੂਜੇ ਨੂੰ ‘ਗੁੱਡ ਮੌਰਨਿੰਗ` ਕਹਿ ਦਿਆ ਕਰਨ। ਜੇ ਕਿਸੇ ਵੱਲੋਂ ਜਵਾਬ ਨਾ ਮਿਲੇ ਤਾਂ ਉਸ ਦੇ ਸੂਇਟ ਵਿਚ ਜਾ ਕੇ ਪਤਾ ਕੀਤਾ ਜਾਵੇ। ਤੁਸੀਂ ਤੇ ਬਚਿੰਤ ਮਲ੍ਹੋਤਰਾ ਹਸਪਤਾਲ ਗਏ ਹੋਣ ਕਾਰਨ ਉਸ ਮੀਟਿੰਗ ਵਿਚ ਹਾਜ਼ਰ ਨਹੀਂ ਸੀ। ਤੁਹਾਥੋਂ ਬਿਨਾਂ ਬਾਕੀ ਜੁੱਟ ਬਣ ਗਏ ਹਨ। ਕੱਲ੍ਹ ਤੋਂ ਤੁਸੀਂ ਮਲ੍ਹੋਤਰਾ ਜੀ ਨੂੰ ਗੁੱਡ ਮੌਰਨਿੰਗ ਕਹਿਣੀ ਹੈ ਤੇ ਉਹ ਤੁਹਾਨੂੰ ਕਹਿਣਗੇ। ਮੈਂ ਉਹਨਾਂ ਨੂੰ ਇਸ ਬਾਰੇ ਦੱਸ ਦਿੱਤਾ ਹੈ ਤੇ ਉਹਨਾਂ ਨੇ ਸਹਿਮਤੀ ਦੇ ਦਿੱਤੀ ਹੈ। ਮੇਰਾ ਖਿਆਲ ਹੈ, ਤੁਸੀਂ ਵੀ ਸਹਿਮਤ ਹੀ ਹੋਵੋਗੇ।`
‘ਮੈਨੂੰ ਕੀ ਇਤਰਾਜ਼ ਹੋ ਸਕਦੈ ਪਰ ਮੈਂ ਤਾਂ ਬਚਿੰਤ ਮਲ੍ਹੋਤਰਾ ਨਾਮ ਦੇ ਕਿਸੇ ਸ਼ਖਸ ਨੂੰ ਜਾਣਦਾ ਵੀ ਨਹੀਂ!`
‘ਇਹ ਸ਼ਖਸ਼ ਔਰਤ ਹੈ। ਜਦੋਂ ਤੁਸੀਂ ਇਕ ਦੂਜੇ ਨੂੰ ਗੁੱਡ ਮੌਰਨਿੰਗ ਕਹੋਗੇ ਤਾਂ ਜਾਣ ਵੀ ਜਾਉਗੇ। ਕੱਲ੍ਹ ਸਵੇਰ ਤੋਂ ਹੀ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਣਾ।` ਇਹ ਕਹਿ ਕੇ ਮੈਨੇਜਰ ਚਲਾ ਗਿਆ ਪਰ ਮੈਂ ਸੋਚਣ ਲੱਗਾ ਕਿ ਪਤਾ ਨਹੀਂ ਕਿਹੋ ਜਿਹੇ ਸੁਭਾਅ ਦੀ ਹੋਵੇਗੀ ਉਹ ਤੀਵੀਂ! ਜੇ ਮੈਂ ਉਸ ਨੂੰ ਸਵੇਰੇ ਉਠਦਿਆਂ ਹੀ ਲਾਲ ਸਲਾਮ ਕਹਿ ਦਿੱਤਾ ਤਾਂ ਕਿਤੇ ਉਹ ਗੁੱਸਾ ਹੀ ਨਾ ਕਰ ਜਾਵੇ ਤੇ ਮੈਨੇਜਰ ਕੋਲ ਮੇਰੀ ਸ਼ਿਕਾਇਤ ਕਰ ਦੇਵੇ।
ਖੈਰ, ਅੱਜ ਸਵੇਰੇ ਉਠਦਿਆ ਹੀ ਮੈਂ ਉਸ ਨੂੰ ‘ਗੁੱਡ ਮੌਰਨਿੰਗ ਮਿਸਜ਼ ਮਲ੍ਹੋਤਰਾ` ਕਿਹਾ। ਅਗੋਂ ਉਸ ਨੇ ਵੀ ਬੜੀ ਨਿਮਰਤਾ ਨਾਲ ‘ਸਤਿ ਸ੍ਰੀ ਅਕਾਲ` ਕਹਿ ਕੇ ਮੇਰੀ ਬਿਮਾਰੀ ਬਾਰੇ ਪੁੱਛ ਲਿਆ। ਇਕ ਦੂਜੇ ਦੀ ਸਿਹਤ ਬਾਰੇ ਸਾਡੀਆਂ ਇਕ ਦੋ ਗੱਲਾਂ ਹੋਈਆਂ। ਉਸ ਦੀਆਂ ਗੱਲਾਂ ਤੋਂ ਤਾਂ ਧਾਰਮਿਕ ਜਿਹੀ ਲਗਦੀ ਐ। ਉਮਰ ਤੇ ਸ਼ਕਲ ਦਾ ਪਤਾ ਤਾਂ ਮਿਲ ਕੇ ਹੀ ਲੱਗੂ।”
“ਚਲੋ, ਹੁਣ ਸਵੇਰ ਵੇਲੇ ਫੂਨ ਤਾਂ ਹੋਇਆ ਹੀ ਕਰੇਗਾ, ਹੌਲੀ-ਹੌਲੀ ਉਸ ਬਾਰੇ ਸਭ ਕੁਝ ਜਾਣ ਜਾਉਗੇ।” ਇੰਨਾ ਆਖ, ਮੈਂ ਘਾਲੀ ਕੋਲੋਂ ਜਾਣ ਦੀ ਆਗਿਆ ਲਈ।
ਉਸ ਮੁਲਾਕਾਤ ਮਗਰੋਂ ਮਹੀਨੇ ਕੁ ਬਾਅਦ ਮੈਂ ਘਾਲੀ ਕੋਲ ਗਿਆ। ਉਸ ਦੇ ਚਿਹਰੇ ਉਪਰ ਪਹਿਲਾਂ ਨਾਲੋਂ ਬਹੁਤੀ ਰੌਣਕ ਦਿਸੀ। ਇਧਰਲੀਆਂ ਉਧਰਲੀਆਂ ਗੱਲਾਂ ਕਰਨ ਮਗਰੋਂ ਮੈਂ ਪੁੱਛਿਆ, “ਗੁੱਡ ਮੌਰਨਿੰਗ ਵਾਲੀ ਔਰਤ ਨਾਲ ਮਿਲ ਕੇ ਕੋਈ ਗੱਲ ਬਾਤ ਵੀ ਹੋਈ ਕਿ ਅਜੇ ਗੁੱਡ ਮਾਰਨਿੰਗ ਹੀ ਚੱਲ ਰਹੀ ਐ?”
“ਹਾਂ ਹੋਈ ਐ। ਇਕ ਦਿਨ ਸਵੇਰੇ ਉਠਦਿਆਂ ਹੀ ਜਦੋਂ ਮੈਂ ਉਸ ਨੂੰ ‘ਗੁੱਡ ਮੌਰਨਿੰਗ ਮਿਸਜ਼ ਮਲ੍ਹੋਤਰਾ` ਕਿਹਾ ਤਾਂ ਉਸ ਨੇ ਬਹੁਤ ਹੀ ਕਮਜ਼ੋਰ ਆਵਾਜ਼ ਵਿਚ ‘ਸਤਿ ਸ੍ਰੀ ਅਕਾਲ` ਬੁਲਾਈ। ਮੈਂ ਸਮਝ ਗਿਆ ਕਿ ਉਸ ਦੀ ਸਿਹਤ ਠੀਕ ਨਹੀਂ। ਮੇਰੇ ਪੁੱਛਣ ‘ਤੇ ਉਸ ਦੱਸਿਆ, ‘ਰਾਤੀਂ ਕਨਸ ਜਿਹੀ ਹੋ ਗਈ ਸੀ। ਤੜਕੇ ਟਇਨਲ ਦੀ ਗੋਲੀ ਲੈ ਲਈ ਸੀ ਪਰ ਬੁਖਾਰ ਅਜੇ ਲੱਥਾ ਨਹੀਂ ਜਾਪਦਾ।`
‘ਅਜੇ ਚਾਹ ਤਾਂ ਪੀਤੀ ਨਹੀਂ ਹੋਣੀ?` ਮੈਂ ਫਿਰ ਪੁੱਛਿਆ।
‘ਨਹੀਂ, ਚਾਹ ਪੀਣ ਨੂੰ ਦਿਲ ਈ ਨਹੀਂ ਕਰਦਾ। ਚਿੱਤ ਮੰਨਿਆ ਤਾਂ ਠਹਿਰ ਕੇ ਪੀ ਲਵਾਂਗੀ।`
‘ਤੁਸੀਂ ਫਿਕਰ ਨਾ ਕਰੋ, ਮੈਂ ਆਉਨਾਂ ਤੁਹਾਡੇ ਕੋਲ।` ਉਸ ਦਾ ਜਵਾਬ ਉਡੀਕੇ ਬਗੈਰ ਹੀ ਮੈਂ ਫੂਨ ਕੱਟ ਦਿੱਤਾ। ਮੈਂ ਮਸਾਲੇਦਾਰ ਚਾਹ ਬਣਾ ਕੇ ਥਰਮਸ ਵਿਚ ਪਾਈ ਤੇ ਉਸ ਕੋਲ ਚਲਿਆ ਗਿਆ। ਉਹ ਆਪਣੇ ਨਾਈਟ ਸੂਟ ਵਿਚ ਹੀ ਬਿਸਤਰੇ ਵਿਚ ਪਈ ਸੀ। ਉਹਦਾ ਚਿਹਰਾ ਉਤਰਿਆ ਹੋਇਆ ਸੀ। ਸੱਤਰ ਪੰਜੱਤਰ ਸਾਲ ਦੀ ਉਮਰ ਹੋਵੇਗੀ ਉਸ ਦੀ। ਉਸ ਦੇ ਬਿਸਤਰੇ ਕੋਲ ਵਾਕਰ ਪਿਆ ਸੀ। ਉਸ ਦਾ ਕਮਰਾ ਤੇ ਬੈਠਕ ਬਹੁਤ ਸਲੀਕੇ ਨਾਲ ਸਜਾਏ ਹੋਏ ਸਨ। ਆਲੇ ਦੁਆਲੇ ਸਰਸਰੀ ਨਜ਼ਰ ਮਾਰ ਕੇ ਮੈਂ ਉਸ ਨੂੰ ਕਿਹਾ, ‘ਜੇ ਰਾਤ ਹੀ ਬੁਖਾਰ ਹੋ ਗਿਆ ਸੀ ਤਾਂ ਤੁਸੀਂ ਮੈਨੂੰ ਜਾਂ ਮੈਨੇਜਰ ਨੂੰ ਫੂਨ ਕਿਉਂ ਨਾ ਕੀਤਾ? ਜੇ ਰਾਤੀਂ ਹੀ ਕੋਈ ਅ੍ਹੌਰ ਸ੍ਹੌਰ ਹੋ ਜਾਂਦੀ ਤਾਂ ਸੀਨੀਅਰ ਹੋਮ ਦੀ ਹੋਰ ਬਦਨਾਮੀ ਹੋ ਜਾਣੀ ਸੀ। ਸ਼ੀਲਾ ਸ਼ਰਮਾ ਦੀ ਮੌਤ ਕਾਰਨ ਇਹ ਸੀਨੀਅਰ ਹੋਮ ਤਾਂ ਪਹਿਲਾਂ ਹੀ ਸੁਰਖੀਆਂ ਵਿਚ ਹੈ।`
ਉਸ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਮੇਰੇ ਕੋਲੋਂ ਚਾਹ ਵਾਲੀ ਬੋਤਲ ਫੜ ਕੇ ਪੀਣ ਲੱਗ ਪਈ। ਚਾਹ ਪੀਂਦੀ ਹੋਈ ਹੌਲੀ ਜਿਹੀ ਬੋਲੀ, ‘ਅਸਲ ਵਿਚ ਮੈਂ ਇਸ ਜੀਵਨ ਤੋਂ ਹੀ ਤੰਗ ਆ ਚੁੱਕੀ ਆਂ। ਤੀਜੇ ਦਿਨ ਹਸਪਤਾਲ ਜਾ ਕੇ ਡਾਇਲਿਸਿਸ ਕਰਵਾਉ। ਫੇਰ ਏਥੇ ਆ ਕੇ ਮੁਰਦਿਆਂ ਵਾਂਗ ਪਏ ਰਹੋ। ਮੈਨੂੰ ਨਹੀਂ ਚਾਹੀਦੀ ਇਹੋ ਜਿਹੀ ਜ਼ਿੰਦਗੀ। ਕੱਲ੍ਹ ਮੇਰਾ ਡਾਇਲਿਸਿਸ ਹੋਣਾ ਸੀ। ਮੈਂ ਜਾਣ ਕੇ ਹੀ ਹਸਪਤਾਲ ਨਹੀਂ ਗਈ।`
ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸ ਨੂੰ ਕਿਹਾ, ‘ਤੁਸੀਂ ਬਹੁਤ ਮਾੜੀ ਗੱਲ ਕੀਤੀ ਹੈ ਮਿਸਜ਼ ਮਲ੍ਹੋਤਰਾ! ਇਹ ਜ਼ਿੰਦਗੀ ਜਿਉਣ ਲਈ ਮਿਲੀ ਹੈ। ਦੁੱਖ ਸੁੱਖ ਸਹਿੰਦਿਆਂ ਹੋਇਆਂ ਵੀ ਜਿਉਣੀ ਚਾਹੀਦੀ ਹੈ। ਆਪਣੇ ਆਪ ਮੌਤ ਆ ਜਾਵੇ ਤਾਂ ਜੀ ਆਇਆਂ ਨੂੰ ਪਰ ਮੰਗ ਕੇ ਮੌਤ ਲੈਣੀ ਬੁਜ਼ਦਿਲੀ ਹੈ। ਹੋ ਸਕਦੈ ਬੁਖਾਰ ਵੀ ਡਾਇਲਿਸਿਸ ਨਾ ਹੋਇਆ ਹੋਣ ਕਰ ਕੇ ਹੀ ਹੋਇਆ ਹੋਵੇ! ਮੇਰੀ ਬੇਨਤੀ ਮੰਨੋ ਤੇ ਅੱਜ ਹਸਪਤਾਲ ਜ਼ਰੂਰ ਚਲੇ ਜਾਵੋ। ਚਾਹ ਪੀ ਕੇ ਆਪਣੀ ਅਪੈਂਟਮਿੰਟ ਬਣਵਾ ਲਵੋ।`
ਮੇਰੇ ਕਹਿਣ ‘ਤੇ ਉਹ ਹਸਪਤਾਲ ਚਲੀ ਗਈ। ਡਾਇਲਿਸਿਸ ਹੋਣ ਮਗਰੋਂ ਬਿਲਕੁਲ ਠੀਕ ਹੋ ਕੇ ਵਾਪਸ ਆਈ ਤਾਂ ਮੇਰਾ ਧੰਨਵਾਦ ਕਰਨ ਲਈ ਮੇਰੇ ਘਰ ਆ ਗਈ। ਹੁਣ ਉਹ ਨੇਮ ਨਾਲ ਡਾਇਲਿਸਿਸ ਕਰਵਾਉਣ ਜਾਂਦੀ ਹੈ। ਇਕ ਵਾਰ ਡਿੱਗਣ ਨਾਲ ਉਸ ਦੀ ਲੱਤ ਦੀ ਹੱਡੀ ਤਿੜਕ ਗਈ ਸੀ ਜਿਸ ਕਾਰਨ ਉਹ ਵਾਕਰ ਦੇ ਸਹਾਰੇ ਤੁਰਦੀ ਹੈ। ਮੈਂ ਉਸ ਨੂੰ ਧਾਰਮਿਕ ਬਿਰਤੀ ਵਾਲੀ ਸਮਝਦਾ ਸੀ ਪਰ ਉਸ ਵਿਚ ਧਾਰਮਿਕਤਾ ਵਾਲੀ ਕੋਈ ਗੱਲ ਨਹੀਂ ਹੈ। ਉਸ ਨਾਲ ਮੇਰਾ ਵਿਚਾਰ ਵਟਾਂਦਰਾ ਹੁੰਦਾ ਹੀ ਰਹਿੰਦਾ ਹੈ। ਉਸ ਨਾਲ ਮੇਰੇ ਵਿਚਾਰ ਕੁਝ ਕੁਝ ਮਿਲਦੇ ਵੀ ਨੇ। ਕਦੀ ਕਦੀ ਮੈਂ ਉਸ ਕੋਲ ਚਲਿਆ ਜਾਂਦਾ ਹਾਂ ਤੇ ਕਦੀ ਕਦਾਈਂ ਉਹ ਮੇਰੇ ਕੋਲ ਵੀ ਆ ਜਾਂਦੀ ਹੈ।”
ਘਾਲੀ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਉਹਨਾਂ ਵਿਚ ਕੁਝ ਨੇੜਤਾ ਹੋ ਰਹੀ ਹੈ। ਹੌਲੀ-ਹੌਲੀ ਉਹ ਉਸ ਨਾਲ ਆਪਣੀ ਨੇੜਤਾ ਦੀਆਂ ਗੱਲਾਂ ਆਪ ਹੀ ਦੱਸਣ ਲੱਗ ਪਿਆ। ਇਕ ਦਿਨ ਘਾਲੀ ਨੇ ਮੈਨੂੰ ਬਚਿੰਤ ਕੌਰ ਬਾਰੇ ਦੱਸਿਆ, ‘ਉਹ ਪਿੱਛੋਂ ਦਿੱਲੀ ਦੀ ਹੈ। ਉਸ ਦਾ ਪਤੀ ਫੌਜ ਵਿਚੋਂ ਕੈਪਟਨ ਰਿਟਾਇਰ ਹੋਇਆ ਸੀ। ਉਹਨਾਂ ਦੀ ਇਕੋ ਇਕ ਲੜਕੀ ਵੈਨਕੂਵਰ ਵਿਆਹੀ ਗਈ ਸੀ। ਉਹ 1991 ਵਿਚ ਕੁੜੀ ਕੋਲ ਆ ਗਏ ਸਨ। ਏਥੇ ਆਉਣ ਦੇ ਚਾਰ ਕੁ ਸਾਲ ਬਾਅਦ ਉਹਦੇ ਪਤੀ ਦੀ ਨਮੂਨੀਏ ਨਾਲ ਮੌਤ ਹੋ ਗਈ। ਪਤੀ ਦੀ ਮੌਤ ਦੇ ਕੁਝ ਦਿਨਾਂ ਮਗਰੋਂ ਉਹ ਵੀ ਬਿਮਾਰ ਹੋ ਗਈ ਜਿਸ ਕਾਰਨ ਉਸ ਦੇ ਗੁਰਦਿਆਂ ਨੂੰ ਨੁਕਸਾਨ ਪੁੱਜਿਆ। ਉਹ ਕੁੜੀ ‘ਤੇ ਬੋਝ ਬਣੀ ਰਹਿਣਾ ਨਹੀਂ ਸੀ ਚਾਹੁੰਦੀ, ਇਸ ਕਰ ਕੇ ਆਪਣੀ ਇੱਛਾ ਨਾਲ ਹੀ ਸੀਨੀਅਰ ਹੋਮ ਵਿਚ ਰਹਾਇਸ਼ ਰੱਖ ਲਈ। ਇਹ ਬੜੀ ਦਲੇਰ ਤੇ ਸਿਰੜੀ ਔਰਤ ਐ। ਡਿਸਏਬਲ ਹੁੰਦੇ ਹੋਏ ਵੀ ਉਸ ਨੇ ਸਵੈ-ਨਿਰਭਰ ਸ਼੍ਰੇਣੀ ਵਾਲਾ ਸੂਇਟ ਹੀ ਲਿਆ, ਕਿਉਂਕਿ ਉਹ ਸਮਝਦੀ ਹੈ ਕਿ ਸਹਾਇਕ ਦੇ ਸਹਾਰੇ ਉਹ ਹੱਥਲ ਹੋ ਜਾਵੇਗੀ। ਉਹ ਹਰ ਰੋਜ਼ ਤਿੰਨ ਕੁ ਘੰਟੇ ਅਸਿਸਟਡ ਫਸਿਲਟੀ ਵਾਲੇ ਸੂਇਟਾਂ ਵਿਚ ਵਲੰਟੀਅਰ ਤੌਰ ‘ਤੇ ਸੇਵਾ ਕਰਦੀ ਹੈ। ਆਪਣੀ ਪੈਨਸ਼ਨ ਦਾ 25% ਕਿਰਾਇਆ ਦੇ ਕੇ ਬਾਕੀ ਵਿਚੋਂ ਕੁਝ ਰਕਮ ਲੋੜਵੰਦਾਂ ‘ਤੇ ਖਰਚ ਕਰ ਦਿੰਦੀ ਹੈ ਅਤੇ ਕੁਝ ਰਕਮ ਆਪਣੀ ਕੁੜੀ ਨੂੰ ਦੇ ਦਿੰਦੀ ਹੈ। ਆਪ ਉਹ ਬਹੁਤੀ ਖਰਚੀਲੀ ਨਹੀਂ। ਪਿਛਲੇ ਹਫਤੇ ਅਸੀਂ ਸਾਰਿਆਂ ਮਿਲ ਕੇ ਉਸ ਦਾ ਸਤੱਤਰਵਾਂ ਜਨਮ ਦਿਨ ਮਨਾਇਆ ਸੀ। ਉਹ ਮੇਰੇ ਨਾਲੋਂ ਅੱਠ ਕੁ ਸਾਲ ਛੋਟੀ ਹੈ। ਇਕ ਗੱਲ ਮੈਂ ਤੇਰੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ। ਲਾਜਵੰਤ ਦੀ ਮੌਤ ਮਗਰੋਂ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਇਕੱਲ ਵਿਚ ਜੀਣਾ ਮੈਂ ਸਿਖਿਆ ਹੀ ਨਹੀਂ ਸੀ। ਕਈ ਵਾਰ ਮੇਰਾ ਮਰਨ ਨੂੰ ਜੀਅ ਕੀਤਾ ਪਰ ਤੁਹਾਡੇ ਵਰਗੇ ਦੋਸਤਾਂ ਦੀ ਸੰਗਤ ਨੇ ਮੇਰਾ ਧਰਵਾਸ ਬੰਨ੍ਹਾਈ ਰੱਖਿਆ। ਅਸਲ ਵਿਚ ਮੇਰਾ ਆਪਣੀਆਂ ਵਲੰਟੀਅਰ ਸੇਵਾਵਾਂ ਦੀਆਂ ਗਤੀਵਿਧੀਆਂ ਵਧਾ ਲੈਣ ਦਾ ਕਾਰਨ ਵੀ ਆਪਣੀ ਇਕੱਲ ਨੂੰ ਦੂਰ ਕਰਨਾ ਹੀ ਸੀ। ਇਨ੍ਹਾਂ ਕੰਮਾਂ ਵਿਚ ਮਨ ਨੂੰ ਤਸਕੀਨ ਤਾਂ ਮਿਲਦੀ ਸੀ ਪਰ ਪਤਾ ਨਹੀਂ ਕਿਉਂ! ਮੈਨੂੰ ਆਪਣੇ ਅੰਦਰ ਖਲਾਅ ਜਿਹਾ ਮਹਿਸੂਸ ਹੁੰਦਾ ਰਹਿੰਦਾ ਜਿਹੜਾ ਭਰ ਨਹੀਂ ਸੀ ਹੁੰਦਾ ਪਰ ਜਦੋਂ ਦਾ ਬਚਿੰਤ ਨਾਲ ਮੇਲ ਗੇਲ ਵਧਿਆ ਹੈ, ਮੈਨੂੰ ਉਹ ਖਲਾਅ ਭਰਦਾ ਮਹਿਸੂਸ ਹੋ ਰਿਹਾ ਹੈ। ਮੇਰੀ ਸਮਝ ਅਨੁਸਾਰ ਹਰ ਬਸ਼ਰ ਦੀ ਇਹੋ ਜਿਹੀ ਹੀ ਫਿਤਰਤ ਹੁੰਦੀ ਹੈ। ਕੋਈ ਮੰਨੇ ਜਾਂ ਨਾ ਮੰਨੇ ਪਰ ਔਰਤ ਦਾ ਸਾਥ ਹਰ ਕੋਈ ਚਾਹੁੰਦਾ ਹੈ, ਖਾਸ ਕਰ ਕੇ ਵਡੇਰੀ ਉਮਰ ਵਿਚ।’ ਮੇਰੇ ਕੋਲ ਘਾਲੀ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ।
ਜਦੋਂ ਦੀ ਉਹ ਘਾਲੀ ਕੋਲ ਆਉਣ ਜਾਣ ਲੱਗੀ ਸੀ ਤਾਂ ਉਹ ਉਸ ਦੇ ਦੋਸਤਾਂ ਨੂੰ ਵੀ ਸਾਅਬ ਸਲਾਮ ਬੁਲਾਉਣ ਲੱਗ ਪਈ ਸੀ। ਘਾਲੀ ਦੇ ਘਰ ਜਦੋਂ ਕੋਈ ਮੀਟਿੰਗ ਹੋਣੀ ਤਾਂ ਕਈ ਵਾਰ ਉਹ ਵੀ ਉਸ ਮੀਟਿੰਗ ਵਿਚ ਸ਼ਾਮਿਲ ਹੋ ਜਾਂਦੀ। ਉਹ ਵਿਚਾਰ ਵਟਾਂਦਰੇ ਵਿਚ ਵੀ ਭਾਗ ਲੈਂਦੀ। ਪਹਿਲਾਂ ਉਹ ਵਾਕਰ ਸਹਾਰੇ ਤੁਰਦੀ ਸੀ। ਕੁਝ ਚਿਰ ਮਗਰੋਂ ਵਾਕਰ ਛੱਡ ਕੇ ਉਸ ਖੂੰਡੀ ਦਾ ਸਹਾਰਾ ਲੈ ਲਿਆ ਤੇ ਫਿਰ ਕੁਝ ਸਮੇਂ ਬਾਅਦ ਖੂੰਡੀ ਦਾ ਸਹਾਰਾ ਵੀ ਛੱਡ ਦਿੱਤਾ ਅਤੇ ਸਾਧਾਰਨ ਤੋਰ ਤੁਰਨ ਲੱਗ ਪਈ।
ਇਕ ਦਿਨ ਘਾਲੀ ਨੇ ਇਹ ਖੁਸ਼ਖਬਰੀ ਸੁਣਾਈ, “ਬਚਿੰਤ ਮਲ੍ਹੋਤਰਾ ਨੂੰ ਕਿਸੇ ਦਾਨੀ ਕੋਲੋਂ ਗੁਰਦਾ ਮਿਲ ਗਿਆ ਹੈ ਅਤੇ ਉਸ ਦਾ ਸਫਲ ਉਪਰੇਸ਼ਨ ਵੀ ਹੋ ਗਿਆ ਹੈ।” ਇਉਂ ਜਾਪਦਾ ਸੀ ਜਿਵੇਂ ਬਚਿੰਤ ਕੌਰ ਨਾਲੋਂ ਗੁਰਦਾ ਬਦਲੀ ਦੀ ਖੁਸ਼ੀ ਘਾਲੀ ਨੂੰ ਬਹੁਤੀ ਹੋਵੇ।
ਗੁਰਦਾ ਬਦਲੀ ਮਗਰੋਂ, ਬਾਹਰੀ ਲਾਗ ਤੋਂ ਡਰਦੀ ਉਹ ਛੇ ਕੁ ਮਹੀਨੇ ਆਪਣੇ ਸੂਇਟ ਵਿਚ ਹੀ ਰਹੀ। ਬਾਹਰ ਅੰਦਰ ਜਾਣ ਲੱਗੀ ਤਾਂ ਇਕ ਦਿਨ, ਜਦੋਂ ਮੈਂ ਘਾਲੀ ਦੇ ਘਰ ਬੈਠਾ ਸੀ, ਉਹ ਆਪਣਾ ਮੂੰਹ ਢਕੀ ਸਾਡੇ ਕੋਲ ਆ ਕੇ ਬੈਠ ਗਈ। ਉਸ ਨੇ ਮੇਰੇ ਕੋਲ ਘਾਲੀ ਦੀ ਬਹੁਤ ਤਾਰੀਫ ਕੀਤੀ। ਉਸ ਦੱਸਿਆ ਕਿ ਘਾਲੀ ਦੀ ਕਿਰਪਾ ਨਾਲ ਹੀ ਉਸ ਨੂੰ ਨਵਾਂ ਜੀਵਨ ਮਿਲਿਆ ਹੈ।
ਬਚਿੰਤ ਕੌਰ ਦੇ ਗੁਰਦਾ ਬਦਲੀ ਹੋਣ ਤੋਂ ਸਾਲ ਕੁ ਮਗਰੋਂ ਮੇਰੇ ਫੋਨ ਵਿਚ ਘਾਲੀ ਦਾ ਸੁਨੇਹਾ ਆਇਆ, “ਮਿੱਤਰੋ, ਮੇਰੇ ਘਰ ਅਗਲੇ ਸ਼ਨਿਚਰਾਰ, ਸ਼ਾਮ ਛੇ ਵਜੇ ਉਹੀ ਗਿਆਰਾਂ ਮੈਂਬਰੀ ਮਹਿਫਲ ਸਜਾਉਣ ਦਾ ਪ੍ਰੋਗਰਾਮ ਬਣਿਆ ਹੈ। ਸਮੇਂ ਸਿਰ ਆ ਜਾਣਾ। ਇਸ ਵਾਰ ਦੀ ਮਹਿਫਲ ਦਾ ਖਰਚਾ ਮੇਰੇ ਵੱਲੋਂ ਹੋਵੇਗਾ।”
ਮੈਂ ਹੈਰਾਨ ਸੀ ਕਿ ਪਹਿਲਾਂ ਤਾਂ ਮਹਿਫਲ ਸਜਾਉਣ ਦਾ ਪ੍ਰੋਗਰਾਮ ਅਸੀਂ ਬਣਾਉਂਦੇ ਹੁੰਦੇ ਸੀ ਪਰ ਇਸ ਵਾਰ ਉਹ ਆਪ ਬਾਜੀ ਲੈ ਗਿਆ। ਉਸ ਦਿਨ ਮੈਂ ਛੇ ਵਜੇ ਤੋਂ ਥੋੜ੍ਹਾ ਪਹਿਲਾਂ ਹੀ ਘਾਲੀ ਦੇ ਘਰ ਚਲਾ ਗਿਆ। ਅੱਜ ਬੈਠਕ ਵਿਚ ਕੁਰਸੀਆਂ ਪਹਿਲਾਂ ਹੀ ਰੱਖੀਆਂ ਹੋਈਆਂ ਸਨ। ਇਕ ਕੁਰਸੀ ਉਪਰ ਘਾਲੀ ਦਾ ਲੜਕਾ ਬੈਠਾ ਸੀ। ਬਚਿੰਤ ਕੌਰ ਵੀ ਉਸ ਦੇ ਕੋਲ ਹੀ ਇਕ ਕੁਰਸੀ ‘ਤੇ ਬੈਠੀ ਹੋਈ ਸੀ ਅਤੇ ਉਸ ਦੇ ਨਾਲ ਵਾਲੀ ਕੁਰਸੀ ਉਪਰ 45 ਕੁ ਸਾਲ ਦੀ ਇਕ ਹੋਰ ਔਰਤ ਬੈਠੀ ਸੀ ਜਿਸ ਨੂੰ ਮੈਂ ਪਹਿਲਾਂ ਕਦੀ ਨਹੀਂ ਸੀ ਦੇਖਿਆ। ਘਾਲੀ ਨੇ ਦੱਸਿਆ ਕਿ ਇਹ ਬਚਿੰਤ ਕੌਰ ਦੀ ਲੜਕੀ ਹੈ। ਸਾਰਿਆਂ ਨੂੰ ਮਿਲ ਕੇ ਜਦੋਂ ਮੈਂ ਕੁਰਸੀ ਉਪਰ ਬੈਠ ਗਿਆ ਤਾਂ ਸਾਹਮਣੇ ਕੰਧ ਉਪਰ, ਜਿੱਥੇ ਪਹਿਲਾਂ ਘਾਲੀ ਦੀ ਪਤਨੀ ਲਾਜਵੰਤ ਦੀ ਫੋਟੋ ਲੱਗੀ ਹੋਈ ਸੀ, ਅੱਜ ਉਸ ਫੋਟੋ ਦੇ ਹੇਠ ਕਰ ਕੇ ਘਾਲੀ ਦੀ ਫੋਟੋ ਟੰਗੀ ਹੋਈ ਸੀ। ਘਾਲੀ ਦੀ ਪਤਨੀ ਵਾਲੀ ਫੋਟੋ ਦੇ ਖੱਬੇ ਪਾਸੇ ਇਕ ਫੌਜੀ ਅਫਸਰ ਦੀ ਫੋਟੋ ਲੱਗੀ ਹੋਈ ਸੀ (ਮਗਰੋਂ ਪਤਾ ਲੱਗਾ ਕਿ ਫੌਜੀ ਅਫਸਰ ਦੀ ਫੋਟੋ ਬਚਿੰਤ ਦੇ ਮਰਹੂਮ ਪਤੀ ਦੀ ਹੈ)। ਉਸ ਫੋਟੋ ਹੇਠ, ਘਾਲੀ ਦੇ ਖੱਬੇ ਪਾਸੇ ਬਚਿੰਤ ਕੌਰ ਮਲ੍ਹੋਤਰਾ ਦੀ ਫੋਟੋ ਲਟਕ ਰਹੀ ਸੀ। ਚਾਰੇ ਫੋਟੋਆਂ ਲਿਵਿੰਗ-ਰੂਮ ਵਿਚ ਇਕ ਵੱਖਰਾ ਹੀ ਪ੍ਰਭਾਵ ਸਿਰਜ ਰਹੀਆਂ ਸਨ।
ਹੌਲੀ-ਹੌਲੀ ਸਾਰੇ ਦੋਸਤ ਆਉਂਦੇ ਗਏ, ਮਹਿਫਲ ਸਜਦੀ ਗਈ। ਹਰ ਇਕ ਦੀ ਨਿਗਾਹ ਨਵੀਆਂ ਟੰਗੀਆਂ ਫੋਟੋਆਂ ਵੱਲ ਜ਼ਰੂਰ ਜਾਂਦੀ ਪਰ ਕਿਸੇ ਨੇ ਵੀ ਉਹਨਾਂ ਫੋਟੋਆਂ ਬਾਰੇ ਕੋਈ ਟਿੱਪਣੀ ਨਹੀਂ ਸੀ ਕੀਤੀ। ਮਹਿਫਲ ਵਿਚ ਵਿਚਾਰ ਵਟਾਂਦਰੇ ਮਗਰੋਂ ਖੁੱਲ੍ਹੀਆਂ ਗੱਲਾਂ ਵੀ ਹੋਈਆਂ ਅਤੇ ਗੀਤ ਸੰਗੀਤ ਦੀ ਮਹਿਫਲ ਵੀ ਸਜੀ। ਰਾਤ ਦੇ ਗਿਆਰਾਂ ਵਜੇ ਮਹਿਫਲ ਸਮਾਪਤ ਹੋਈ ਤੇ ਅਸੀਂ ਸਾਰੇ ਦੋਸਤ ਖੁਸ਼ੀ-ਖੁਸ਼ੀ ਓਥੋਂ ਵਿਦਾ ਹੋਏ। ਸਵੇਰੇ ਉਠਦਿਆਂ ਹੀ ਮੇਰੇ ਮਨ ਵਿਚ ਉਤਸਕਤਾ ਜਾਗੀ ਤੇ ਮੈਂ ਘਾਲੀ ਨੂੰ ਫੋਨ ਕਰ ਕੇ ਗੁੱਡ ਮੌਰਨਿੰਗ ਕਹੀ। ਉਸ ਨੇ ਵੀ ਗੁੱਡ ਮੌਰਨਿੰਗ ਬੋਲਦੇ ਹੋਏ ਕਿਹਾ, “ਆਹ ਬਚਿੰਤ ਨੂੰ ਵੀ ਗੁੱਡ ਮੌਰਨਿੰਗ ਕਹਿ ਦੇ।”