ਮਨੋਰੰਜਕ ਸਿਨੇਮਾ ਦਾ ਸਫਲ ਫਿਲਮਸਾਜ਼-ਅਤੁੱਲ ਭੱਲਾ

ਸੁਰਜੀਤ ਜੱਸਲ
ਫੋਨ: 91-98146-07737
ਪੰਜਾਬੀ ਸਿਨੇਮਾ ਦਾ ਇੱਕ ਦੌਰ ਉਹ ਵੀ ਸੀ, ਜਦ ਵਰਿੰਦਰ ਜਿਹਾ ਸਫਲ ਲੇਖਕ ਨਿਰਦੇਸਕ ਤੇ ਅਦਾਕਾਰ ਪੰਜਾਬੀ ਸਿਨੇਮਾ ਦੀ ਚੜ੍ਹਦੀਕਲਾ ਲਈ ਹਮੇਸ਼ਾ ਸਰਗਰਮ ਰਹਿੰਦਾ ਸੀ। ਦਰਸ਼ਕ ਉਸ ਦੀਆਂ ਫਿਲਮਾਂ ਦੀ ਉਡੀਕ ਕਰਦੇ ਸਨ, ਕਿਉਂਕਿ ਉਸ ਦੀਆਂ ਫਿਲਮਾਂ ਵਿਚ ਮਨੋਰੰਜਨ ਦਾ ਹਰੇਕ ਰੰਗ ਹੁੰਦਾ ਸੀ। ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਅਤੁੱਲ ਭੱਲਾ ਇੱਕ ਅਜਿਹਾ ਫਿਲਮਸਾਜ਼ ਹੈ, ਜਿਸ ਨੇ ਆਪਣੇ ਬੈਨਰ ‘ਏ ਐਂਡ ਏ ਪਿਕਚਰਜ਼’ ਰਾਹੀਂ ਪੰਜਾਬੀ ਸਿਨੇਮਾ ਨੂੰ ਯਾਦਗਰ ਅਤੇ ਦਰਸ਼ਕਾਂ ਦੀ ਪਸੰਦ ‘ਤੇ ਖਰੀਆਂ ਫਿਲਮਾਂ ਦਿੱਤੀਆਂ ਹਨ। ‘ਕੈਰੀ ਆਨ ਜੱਟਾਂ-2’, ‘ਵਧਾਈਆਂ ਜੀ ਵਧਾਈਆ’ ਅਤੇ ‘ਛੜਾ’ ਵਰਗੀਆਂ ਸੁਪਰ ਡੁਪਰ ਹਿੱਟ ਮਨੋਰੰਜਕ ਫਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ। ਅੱਜ ਪੰਜਾਬੀ ਫਿਲਮ ਇੰਡਸਟਰੀ ਵਿਚ ਅਤੁੱਲ ਭੱਲਾ ਦਾ ਇੱਕ ਵੱਖਰਾ ਮੁਕਾਮ ਹੈ।

ਸਾਲ ਭਰ ਦੇ ਲੌਕ-ਡਾਊਨ ਮਗਰੋਂ ਅਤੁੱਲ ਭੱਲਾ ਆਪਣੀ ਟੀਮ ਨਾਲ ਪੰਜਾਬੀ ਫਿਲਮ ‘ਪੁਆੜਾ’ ਨਾਲ ਮੁੜ ਹਾਜ਼ਰ ਹੋਇਆ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਵਾਲੀ ਚਿਰਾਂ ਤੋਂ ਉਡੀਕੀ ਜਾ ਰਹੀ ਇਹ ਫਿਲਮ 2 ਅਪਰੈਲ 2021 ਨੂੰ ਦੁਨੀਆਂ ਭਰ ਦੇ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ। ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਵੱਡਾ ਪਿਆਰ ਮਿਲ ਰਿਹਾ ਹੈ।
‘ਏ ਐਂਡ ਏ ਪਿਕਚਰਜ਼’ ਅਤੇ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਨਿਰਮਾਤਾ ਅਤੁੱਲ ਭੱਲਾ ਤੇ ਨਿਰਦੇਸ਼ਕ ਰੁਪਿੰਦਰ ਚਾਹਲ ਦੀ ਫਿਲਮ ‘ਪੁਆੜਾ’ ਇੱਕ ਕਾਮੇਡੀ ਭਰਪੂਰ ਨਿਰੋਲ ਪਰਿਵਾਰਕ ਕਹਾਣੀ ਹੈ, ਜਿਸ ਵਿਚ ਪਿਆਰ ਵਿਆਹ ‘ਚ ਪਏ ਪੁਆੜੇ ਨੂੰ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਐਮੀ ਵਿਰਕ ਨੇ ਇਸ ਫਿਲਮ ਵਿਚ ਆਪਣੇ ਪਹਿਲੇ ਕਿਰਦਾਰਾਂ ਤੋਂ ਹਟ ਕੇ ਇੱਕ ਦੋਧੀ ਮੁੰਡੇ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਏਅਰਫੋਰਸ ਅਫਸਰ ਦੀ ਕੁੜੀ ਨੂੰ ਪਿਆਰ ਕਰਦਾ ਹੈ। ‘ਨਿੱਕਾ ਜ਼ੈਲਦਾਰ’ ਫਿਲਮਾਂ ਨਾਲ ਪਛਾਣ ਗੂੜ੍ਹੀ ਕਰਨ ਵਾਲੀ ਇਹ ਰੁਮਾਂਟਿਕ ਜੋੜੀ ਇਸ ਫਿਲਮ ਰਾਹੀਂ ਦਰਸ਼ਕਾਂ ਨੂੰ ਨਵਾਂ ਟੇਸਟ ਦੇਣ ਦੇ ਸਮਰੱਥ ਹੈ।
ਫਿਲਮ ਦਾ ਵਿਸ਼ਾ ਬਹੁਤ ਹੀ ਦਿਲਚਸਪ ਹੈ, ਜੋ ਕਾਮੇਡੀ ਭਰਪੂਰ ਪਰਿਵਾਰਕ ਨੋਕ-ਝੋਕ ਦੀ ਦਿਲਚਸਪ ਕਹਾਣੀ ਹੈ। ਫਿਲਮ ਦਾ ਨਿਰਦੇਸ਼ਨ ਰੁਪਿੰਦਰ ਚਾਹਲ ਨੇ ਕੀਤਾ ਹੈ ਅਤੇ ਕਹਾਣੀ ਤੇ ਸਕਰੀਨ ਪਲੇਅ ਬਲਵਿੰਦਰ ਸਿੰਘ ਜੰਜੂਆਂ, ਰੁਪਿੰਦਰ ਚਾਹਲ ਤੇ ਅਨਿਲ ਰੋਧਨ ਨੇ ਮਿਲ ਕੇ ਲਿਖਿਆ ਹੈ, ਜਦੋਂ ਕਿ ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਐਮੀ ਵਿਰਕ, ਸੋਨਮ ਬਾਜਵਾ, ਸੀਮਾ ਕੌਸ਼ਲ, ਹਰਦੀਪ ਗਿੱਲ, ਅਨੀਤਾ ਦੇਵਗਣ, ਸੁਖਵਿੰਦਰ ਚਹਿਲ, ਗੁਰਪ੍ਰੀਤ ਭੰਗੂ, ਨਿਸ਼ਾ ਬਾਨੋ, ਕਾਕਾ ਕੌਤਕੀ, ਸੁਖਵਿੰਦਰ ਰਾਜ, ਮਿੰਟੂ ਕਾਪਾ, ਹਨੀ ਮੱਟੂ, ਬਲਵਿੰਦਰ ਬੁਲਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਅਤੁੱਲ ਭੱਲਾ ਬਾਰੇ ਕਹਿ ਸਕਦੇ ਹਾਂ ਕਿ ਇਹ ਹਮੇਸ਼ਾ ਹੀ ਸਮਾਜ ਨਾਲ ਜੁੜੀਆਂ ਮਿਆਰੀ ਤੇ ਮਨੋਰੰਜਨ ਭਰਪੂਰ ਫਿਲਮਾਂ ਬਣਾਉਣ ‘ਚ ਵਿਸ਼ਵਾਸ ਰੱਖਦੇ ਹਨ, ਜੋ ਹਰ ਪੱਖੋਂ ਦਰਸ਼ਕਾਂ ਦੀ ਪਸੰਦ ‘ਤੇ ਖਰੀਆਂ ਹੋਣ। ਇਸੇ ਕਰਕੇ ਉਨ੍ਹਾਂ ਦੀ ਸਮੁੱਚੀ ਟੀਮ ਇੱਕ ਸਵੱਲੀ ਸੋਚ ਨਾਲ ਚੰਗੇ ਸਿਨੇਮਾ ਦੀ ਉਸਾਰੀ ‘ਚ ਲੱਗੀ ਹੋਈ ਹੈ। ਹਲਕੇ, ਦੋਹਰੇ ਅਰਥੀ ਚੁਟਕਲਿਆਂ ਵਾਲੀ ਕਾਮੇਡੀ ਤੋਂ ਉਨ੍ਹਾਂ ਹਮੇਸ਼ਾ ਹੀ ਦੂਰੀ ਬਣਾ ਕੇ ਰੱਖੀ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਨੋਰੰਜਨ ਭਰੀਆਂ ਫਿਲਮਾਂ ਪੰਜਾਬੀ ਦਰਸ਼ਕਾਂ ਦੀ ਨਜ਼ਰ ਕਰਦੇ ਰਹਿਣਗੇ।