ਫਿਲਮੀ ਦੁਨੀਆਂ ਵਿਚ ਪੰਜਾਬੀਆਂ ਦਾ ਗਲਬਾ ਸੀ, ਹੈ ਅਤੇ ਰਹੇਗਾ। ਕੇ. ਐਲ. ਸਹਿਗਲ, ਪ੍ਰਿਥਵੀ ਰਾਜ ਕਪੂਰ, ਬੌਲੀਵੁੱਡ ਦਾ ਪਹਿਲਾ ਸੁਪਰਸਟਾਰ ਰਾਜੇਸ਼ ਖੰਨਾ, ਦੇਵ ਆਨੰਦ, ਜੁਬਲੀ ਸਟਾਰ ਰਾਜਿੰਦਰ ਕੁਮਾਰ, ਮਨੋਜ ਕੁਮਾਰ, ਦਾਰਾ ਸਿੰਘ; ਭਾਵ ਜੇ ਅਦਾਕਾਰਾਂ ਦੇ ਨਾਮ ਲਿਖੀਏ ਤਾਂ ਕਲਮ ਦੀ ਸਿਆਹੀ ਮੁੱਕ ਜਾਵੇਗੀ ਪਰ ਨਾਮ ਨਹੀਂ। ਅਦਾਕਾਰਾਵਾਂ ਵਿਚ ਗੀਤਾ ਬਾਲੀ, ਨੂਰ ਜਹਾਂ, ਦੀਪਾ ਮਹਿਤਾ, ਕਾਮਿਨੀ ਕੌਸ਼ਲ, ਦੀਪਤੀ ਨਵਲ ਤੇ ਹੋਰ ਬਹੁਤ ਸਾਰੀਆਂ। ਜੇ ਇਨ੍ਹਾਂ ਦੇ ਨਾਮ ਲਿਖੀਏ ਤਾਂ ਸਫੇ-ਦਰ-ਸਫੇ ਭਰ ਜਾਣਗੇ।
ਇੰਜ ਹੀ ਕਹਾਣੀਕਾਰ, ਗੀਤਕਾਰ ਅਤੇ ਗਾਇਕੀ ਦੇ ਖੇਤਰ ਵਿਚ ਵੀ ਪੰਜਾਬੀਆਂ ਦਾ ਮੁਕਾਬਲਾ ਕੋਈ ਨਹੀਂ। ਇਨ੍ਹਾਂ ਸਾਰੇ ਹੀ ਕਲਾਕਾਰਾਂ ਦਾ ਸਬੰਧ ਲਾਹੌਰ, ਰਾਵਲਪਿੰਡੀ, ਅੰਮ੍ਰਿਤਸਰ ਅਤੇ ਹੋਰ ਸ਼ਹਿਰਾਂ-ਕਸਬਿਆਂ ਨਾਲ ਹੈ।
ਅੱਜ ਜਿਨ੍ਹਾਂ ਬਾਰੇ ਲਿਖਿਆ ਜਾ ਰਿਹਾ ਹੈ, ਇਹ ਦੋ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਦਾ ਸਬੰਧ ਲੁਧਿਆਣਾ ਨਾਲ ਹੈ। ਸ਼ਾਇਰ ਤੇ ਗੀਤਕਾਰ ਸਾਹਿਰ ਲੁਧਿਆਣਵੀ ਅਤੇ ਅਦਾਕਾਰ ਧਰਮਿੰਦਰ। ਜੇ ਇਨ੍ਹਾਂ ਦੀ ਸ਼ਖਸੀਅਤ ‘ਤੇ ਗੌਰ ਕਰੀਏ ਤਾਂ ਦੋਵੇਂ ਇਕ ਦੂਜੇ ਤੋਂ ਵੱਖਰੀਆਂ ਹਨ। ਸਾਹਿਰ ਦੀ ਸ਼ਾਇਰੀ ਤੇ ਗੀਤ ਜ਼ੁਲਮ, ਅਨਿਆਂ ਤੇ ਨਾਬਰਾਬਰੀ ਦੇ ਖਿਲਾਫ ਜਦੋਂਕਿ ਕਿਸਾਨ, ਮਜ਼ਦੂਰ, ਔਰਤ ਤੇ ਗਰੀਬ ਦੇ ਦੁੱਖ ਦਰਦ ਨਾਲ ਸਾਂਝ ਪਾਉਂਦੀ ਹੈ। ਉਸ ਦੀ ਲੇਖਣੀ ਆਮ ਬੰਦੇ ਨਾਲ ਕਿਤੇ ਨਾ ਕਿਤੇ ਜੁੜੀ ਹੋਈ ਹੈ। ਉਸ ਨੇ ਜੋ ਦੇਖਿਆ ਤੇ ਮਹਿਸੂਸ ਕੀਤਾ, ਉਸ ਬਾਰੇ ਬੇਖੌਫ ਹੋ ਕੇ ਕਿਹਾ। ਹੈਰਾਨੀ ਦੀ ਗੱਲ ਹੈ ਕਿ ਉਸ ਨੇ ਜਾਗੀਰਦਾਰੀ ਦੀ ਚਾਬੁਕ ਨਾ ਫੜ ਕੇ ਆਪਣੀ ਮਾਂ ਦਾ ਪੱਲਾ ਚੁਣਿਆ। ਆਜ਼ਾਦੀ ਤੋਂ ਪਹਿਲਾਂ ਉਹ ਕਿਰਤੀ ਪਾਰਟੀ ਦੇ ਨੇੜੇ ਰਿਹਾ ਤੇ ਮਈ 1939 ਵਿਚ ‘ਕਿਰਤੀ ਲਹਿਰ’ ਅਖਬਾਰ ਵਿਚ ਉਸ ਦਾ ਗੀਤ ਛਾਪਿਆ ਗਿਆ ਸੀ। ਉਸ ਦੇ ਬੋਲ ਸਨ:
ਊਚਾ ਰਹੇ ਤੇਰਾ ਨਿਸ਼ਾਂ
ਰਾਹ-ਏ-ਵਤਨ ਮੇਂ ਦੇ ਕੇ ਜਾਨ
ਤੁਝ ਕੋ ਹਮ ਐ ਹਿੰਦੁਸਤਾਨ
ਕਰ ਦੇਂਗੇ ਫਿਰ ਜੰਨਤ ਨਿਸ਼ਾਂ
ਭਰ ਦੇਂਗੇ ਫਿਰ ਰੰਗੀਨੀਆਂ
ਸਰਮਸਤੀਆਂ, ਮਦਹੋਸ਼ੀਆਂ
ਫਿਰ ਹੋਗਾ ਤੇਰਾ ਆਸਿ਼ਆਂ
ਦਿਲਕਸ਼ ਗੁਲੋਂ ਕੇ ਦਰਮਿਆਂ
ਉਘੇ ਕਮਿਊਨਿਸਟ ਨੇਤਾ ਜਗਜੀਤ ਸਿੰਘ ਲਾਇਲਪੁਰੀ ਨੇ ਆਪਣੀ ਸਵੈਜੀਵਨੀ ‘ਮੇਰਾ ਜੀਵਨ ਮੇਰਾ ਯੁੱਗ’ ਵਿਚ ਲਿਖਿਆ ਹੈ ਕਿ ਆਜ਼ਾਦੀ ਤੋਂ ਬਾਅਦ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦਾ ਦਫਤਰ ਸਾਹਿਰ ਦੇ ਖਾਲੀ ਮਕਾਨ ਵਿਚ ਚੱਲਦਾ ਸੀ। ਸਾਹਿਰ ਦੀਆਂ ਤਲਖੀਆਂ ਤੇ ਪਰਛਾਈਆਂ ਪੜ੍ਹਨ ਵਾਲੀਆਂ ਹਨ। ਜਿਸ ਤਰ੍ਹਾਂ ਅੱਜ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਜ਼ਿਮੀਂਦਾਰ ਦਾ ਪੁੱਤ ਹੋਣ ਦੇ ਨਾਤੇ ਜੇ ਸਾਹਿਰ ਅੱਜ ਜਿਉਂਦਾ ਹੁੰਦਾ ਤਾਂ ਕੀ ਉਹ ਚੁੱਪ ਬੈਠਦਾ?
ਹੁਣ ਗੱਲ ਕਰਦੇ ਹਾਂ ਲੁਧਿਆਣਾ ਦੀ ਦੂਜੀ ਫਿਲਮੀ ਹਸਤੀ ਦੀ। ਸਾਹਨੇਵਾਲ ਵਿਚੋਂ ਨਿਕਲਿਆ ਪੰਜਾਬ ਦਾ ਬੇਹੱਦ ਖੂਬਸੂਰਤ ਨੌਜਵਾਨ ਬੰਬਈ (ਹੁਣ ਮੁੰਬਈ) ਪੁੱਜਿਆ ਤਾਂ ਆਪਣੀ ਅਦਾਕਾਰੀ ਦੀ ਬਦੌਲਤ ਸੁਪਰ ਸਟਾਰ ਤੇ ਪੰਜਾਬੀਆਂ ਦੇ ਪਿਆਰ ਦੀ ਬਦੌਲਤ ਉਹ ਧਰਮਿੰਦਰ ਤੋਂ ਹੀਮੈਨ ਬਣ ਗਿਆ। ਪੰਜਾਬੀਆਂ ਨੇ ਆਪਣੇ ਇਸ ਪਿਆਰੇ ਅਦਾਕਾਰ ਨੂੰ ਜਾਨ ਤੋਂ ਵੱਧ ਪਿਆਰ ਦਿੱਤਾ। ਚੇਤੇ ਕਰੋ, ਪੰਜਾਬ ਦਾ ਕਾਲਾ ਦੌਰ ਜਦੋਂ ਸਿਨੇਮਾ ਘਰਾਂ ਵਿਚ ਬੰਬ ਧਮਾਕੇ ਹੁੰਦੇ ਸਨ ਤੇ ਲੋਕ ਸਿਨੇਮਾ ਘਰਾਂ ਵਿਚ ਜਾਣ ਤੋਂ ਝਿਜਕਦੇ ਸਨ ਪਰ ਜਦੋਂ ਧਰਮਿੰਦਰ ਦੀ ਫਿਲਮ ਆਉਂਦੀ ਤਾਂ ਲੋਕ ਸਿਨੇਮਾ ਘਰਾਂ ਵੱਲ ਵਹੀਰਾਂ ਘੱਤ ਲੈਂਦੇ। ਆਪਣੇ ਇਸ ਕਿਸਾਨ ਪੁੱਤ ਦੀ ਫਿਲਮ ਨੂੰ ਹਿੱਟ ਕਰਾਉਣ ਲਈ ਕਿਸੇ ਅਣਹੋਣੀ ਤੋਂ ਬਿਲਕੁਲ ਬੇਖਬਰ। ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੂੰ ਕਿਸੇ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਤੇ ਧਰਮਿੰਦਰ ਦੀਆਂ ਫਿਲਮਾਂ ਵੀ ਜਬਰ ਜ਼ੁਲਮ, ਨਾਬਰਾਬਰੀ, ਅਨਿਆਂ ਤੇ ਸਰਕਾਰੀ ਤੰਤਰ ਦੀ ਬੇਰੁਖੀ ‘ਤੇ ਆਧਾਰਿਤ ਰਹੀਆਂ ਹਨ। ਇਸ ਕਰ ਕੇ ਹੀ ਉਸ ਨੂੰ ਹੀਮੈਨ ਦਾ ਖਿਤਾਬ ਦਿੱਤਾ ਗਿਆ ਤੇ ਉਸ ਨੇ ਖਿੜੇ ਮੱਥੇ ਇਸ ਨੂੰ ਪ੍ਰਵਾਨ ਵੀ ਕੀਤਾ। ਉਸ ਦੀਆਂ ਫਿਲਮਾਂ ‘ਸ਼ੋਅਲੇ’, ‘ਸਤਿਆਕਾਮ’, ‘ਮੇਰਾ ਗਾਓਂ ਮੇਰਾ ਦੇਸ਼’, ‘ਹਕੂਮਤ’, ‘ਰਖਵਾਲੇ’, ‘ਤਹਿਲਕਾ’, ‘ਐਲਾਨੇ ਜੰਗ’, ‘ਰਾਜਪੂਤ’, ‘ਬਗਾਵਤ’, ‘ਆਜ਼ਾਦ’, ‘ਆਦਮੀ ਔਰ ਇਨਸਾਨ’, ‘ਫਰਿਸ਼ਤੇ’, ‘ਨਯਾ ਜ਼ਮਾਨਾ’, ‘ਜੀਵਨ ਮ੍ਰਿਤੂ’ ਤੇ ‘ਲੋਹਾ’ ਵਰਗੀਆਂ ਅਨੇਕਾਂ ਫਿਲਮਾਂ ਤੋਂ ਲੋਕਾਂ ਨੇ ਸੇਧ ਲਈ ਤੇ ਧਰਮਿੰਦਰ ਨੂੰ ਆਪਣਾ ਆਦਰਸ਼ ਮੰਨਿਆ। ਹਿੰਦੀ ਫਿਲਮਾਂ ਵਿਚ ਉਸ ਨੇ ਆਪਣੇ ਜਟਕਾ ਅੰਦਾਜ਼ ਤੋਂ ਬਹੁਤ ਕੁਝ ਖੱਟਿਆ। ‘ਪ੍ਰਤਿੱਗਿਆ’ ਫਿਲਮ ਵਿਚਲਾ ਉਸ ਦਾ ਗੀਤ ‘ਮੈਂ ਜੱਟ ਯਮਲਾ ਪਗਲਾ ਦੀਵਾਨਾ’ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ। ਇਸ ਗੀਤ ਦੇ ਦਮ ‘ਤੇ ਉਹ ਇਸ ਗਾਣੇ ਦੇ ਟਾਈਟਲ ਲਗਾ ਕੇ ਦੋ ਫਿਲਮਾਂ ਬਣਾ ਗਿਆ। ਉਸ ਦੀ ਕੰਪਨੀ ਨੇ ‘ਘਾਇਲ’ ਨਾਮ ਦੀ ਫਿਲਮ ਬਣਾ ਕੇ ਸਿਸਟਮ ‘ਤੇ ਕਰਾਰੀ ਸੱਟ ਮਾਰੀ ਤੇ ਫਿਲਮਫੇਅਰ ਪੁਰਸਕਾਰਾਂ ‘ਤੇ ਹੂੰਝਾ ਫੇਰ ਲਿਆ ਸੀ। ਇਸ ਹੀਮੈਨ ਨੇ ਕਿਹਾ ਸੀ ਕਿ ਕਿਸਾਨ ਪੁੱਤ ਹੋਣ ਕਰ ਕੇ ਉਸ ਅੰਦਰ ਮਿੱਟੀ ਦਾ ਮੋਹ ਧੂਹ ਪਾਉਂਦਾ ਹੈ। ਇਸ ਕਰ ਕੇ ਉਸ ਨੇ ਮੁੰਬਈ ਨੇੜੇ ਲੋਨਾਵਲਾ ਵਿਚ ਸੌ ਏਕੜ ਦਾ ਫਾਰਮ ਹਾਊਸ ਬਣਾਇਆ। ਆਪਣੇ ਇਸ ਸ਼ਾਨਦਾਰ ਫਾਰਮ ਹਾਊਸ ਦੀਆਂ ਤਸਵੀਰਾਂ ਤੇ ਵੀਡੀਓ ਉਹ ਨਿਯਮਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਪਾ ਕੇ ਆਪਣੇ ਆਪਣੇ ਨੂੰ ਕਿਸਾਨ ਹੀ ਕਹਾਉਣਾ ਪਸੰਦ ਕਰਦਾ ਹੈ।
ਦੇਸ਼ ਵਿਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਤੇ ਪਤਾ ਨਹੀਂ ਹੋਰ ਕਿੰਨੀ ਦੇਰ ਇਹ ਚੱਲਣਗੇ। ਧਰਮਿੰਦਰ ਦੇ ਘਰੋਂ ਉਸ ਦੀ ਪਤਨੀ ਹੇਮਾ ਮਾਲਿਨੀ ਅਤੇ ਪੁੱਤਰ ਸਨੀ ਦਿਓਲ ਦੀਆਂ ਆਵਾਜ਼ਾਂ ਤਾਂ ਆਈਆਂ ਪਰ ਹਾਲੇ ਤਕ ਹੀਮੈਨ ਚੁੱਪ ਹੈ। ਹੇਮਾ ਨੇ ਕਿਸਾਨਾਂ ਨੂੰ ਨਾਸਮਝ ਕਰਾਰ ਦਿੱਤਾ। ਚਲੋ ਮੰਨਿਆ, ਉਸ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸਨੀ ਨੂੰ ਕਿਸਾਨੀ ਬਾਰੇ ਕਿਸੇ ਨੇ ਦੱਸਿਆ ਨਹੀਂ, ਭਾਵ ਉਸ ਨੇ ਪੰਜਾਬੀ ਤੇ ਕਿਸਾਨ ਪੁੱਤ ਹੋਣ ਦਾ ਭੇਖ ਧਾਰ ਕੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤ ਲਈ। ਇਸ ਦੇ ਬਾਵਜੂਦ ਉਹ ਕਿਸਾਨਾਂ ਦੇ ਵਿਰੋਧ ਵਿਚ ਬੋਲਿਆ। ਹੇਮਾ ਅਤੇ ਸਨੀ ਦੋਵੇਂ ਭਾਜਪਾ ਦੇ ਸੰਸਦ ਮੈਂਬਰ ਹਨ। ਸਮਝਦਾਰ ਤੇ ਸਬਰ ਸੰਤੋਖ ਵਾਲੇ ਕਿਸਾਨਾਂ ਨੂੰ ਇਨ੍ਹਾਂ ਦੋਵਾਂ ਨਾਲ ਕੋਈ ਸ਼ਿਕਾਇਤ ਨਹੀਂ। ਦਿਲ ਵਿਚ ਟੀਸ ਤਾਂ ਇਹ ਹੈ ਕਿ ਉਨ੍ਹਾਂ ਦਾ ਧਰਮ ਚੁੱਪ ਹੈ। ਕਿਸਾਨੀ ਕੌਮ ‘ਤੇ ਭੀੜ ਪਈ ਤੇ ਕਿਸਾਨ ਪੁੱਤ ਚੁੱਪ ਬੈਠਾ ਕਿਵੇਂ ਰਹਿ ਸਕਦਾ ਹੈ? ਕੀ ਉਸ ਨੂੰ ਨੀਂਦ ਆ ਜਾਂਦੀ ਹੈ? ਅਮਰੀਕਾ ਵਿਚ ਜਦੋਂ ਬੀਤੇ ਸਾਲ ਸਿਆਹਫਾਮ (ਕਾਲੇ) ਜਾਰਜ ਫਲਾਇਡ ਦੀ ਗਰਦਨ ਨੱਪ ਕੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ ਤਾਂ ਸਿਆਹਫਾਮ ਲੋਕਾਂ ਦਾ ਕਾਲਜਾ ਫਟ ਗਿਆ। ਉਹ ਇਹ ਜ਼ੁਲਮ ਨਾ ਸਹਾਰ ਸਕੇ ਤੇ ਮੈਦਾਨ ਵਿਚ ਡਟ ਗਏ। ਇਹ ਹੂਕ ਅਮਰੀਕਾ ਤੋਂ ਸਾਰੀ ਦੁਨੀਆਂ ਵਿਚ ਪੁੱਜ ਗਈ। ਕਾਲੇ ਹੀ ਨਹੀਂ ਹੋਰ ਕੌਮਾਂ ਤੇ ਨਸਲਾਂ ਦੇ ਲੋਕਾਂ ਨੇ ਆਵਾਜ਼ ਬੁਲੰਦ ਕਰ ਦਿੱਤੀ। ਦੁਨੀਆਂ ਦੇ ਮਨੋਰੰਜਨ ਜਗਤ ‘ਤੇ ਰਾਜ ਕਰ ਰਹੇ ਹੌਲੀਵੁੱਡ ਦੇ ਸਟਾਰਾਂ ਨੇ ਜ਼ੁਲਮ ਦੇ ਹੱਕ ਵਿਚ ਉਠੀ ਆਵਾਜ਼ ਨਾਲ ਆਵਾਜ਼ ਮਿਲਾਈ ਤੇ ਮੋਢੇ ਨਾਲ ਮੋਢਾ ਜੋੜਿਆ। ਇਨ੍ਹਾਂ ਹਸਤੀਆਂ ਵਿਚ ਜੋਅ ਜੋਨਸ (ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਜੇਠ), ਜੈਨੀਫਰ ਲੋਪੇਜ, ਆਰੀਅਨਾ ਗਰਾਂਡੇ, ਬੈਲਾ ਹਦੀਦ, ਉਸ ਦੀ ਭੈਣ ਜੀਜੀ ਹਦੀਦ, ਰਾਇਨਸ ਰਿਨੋਲਡ, ਬਲੇਕ ਲਾਇਵਲੀ ਤੇ ਰਿਆਨਾ ਸਣੇ ਸੈਂਕੜੇ ਕਲਾਕਾਰ ਸ਼ਾਮਲ ਹਨ। ਇਨ੍ਹਾਂ ਦੀ ਸ਼ੋਹਰਤ ਤੇ ਅਮੀਰੀ ਹੀਮੈਨ ਤੋਂ ਕਿਤੇ ਵੱਧ ਹੈ।
ਹੈਰਾਨੀ ਤਾਂ ਉਦੋਂ ਹੋਈ ਜਦੋਂ ਇਸ ਸਾਲ ਜਨਵਰੀ ਦੇ ਆਖਰੀ ਵਿਚ ਨਾਸਿਕ ਤੋਂ ਕਿਸਾਨਾਂ ਦਾ ਮਾਰਚ ਮੁੰਬਈ ਪੁੱਜਿਆ ਤਾਂ ਕਿਸਾਨ ਦਾ ਪੁੱਤਰ ਤੇ ਪੰਜਾਬੀਆਂ ਦਾ ਧਰਮ ਭਾਅਜੀ ਕਿਧਰੇ ਨਜ਼ਰ ਨਹੀਂ ਆਇਆ। ਚਲੋ ਮੰਨਿਆ ਹੀਮੈਨ ਲਈ ਦਿੱਲੀ ਦੂਰ ਹੈ ਪਰ ਮੁੰਬਈ ਦਾ ਆਜ਼ਾਦ ਮੈਦਾਨ ਤਾਂ ਘਰ ਵਿਚ ਹੀ ਸੀ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਉਸ ਕੋਲ ਰੁਝੇਵੇਂ ਹੋਣ, ਪਰ ਬੋਲ ਤਾਂ ਸਕਦਾ ਸੀ। ਸਾਹਿਰ ਨੇ ਆਪਣੇ ਗਰਾਈਂ ਧਰਮਿੰਦਰ ਦੀ ਫਿਲਮ ‘ਇੱਜ਼ਤ’ ਲਈ ਗੀਤ ਲਿਖਿਆ ਸੀ ਤੇ ਧਰਮਿੰਦਰ ‘ਤੇ ਫਿਲਮਾਇਆ ਗਿਆ। ਗੀਤ ਦੇ ਬੋਲ ਸਨ:
ਕਯਾ ਮਿਲੀਏ ਐਸੇ ਲੋਗੋਂ ਸੇ,
ਜਿਨਕੀ ਫਿਤਰਤ ਛੁਪੀ ਰਹੇ।
ਨਕਲੀ ਚਿਹਰਾ ਸਾਮਨੇ ਆਏ,
ਅਸਲੀ ਸੂਰਤ ਛੁਪੀ ਰਹੇ।
ਖੁਦ ਸੇ ਭੀ ਜੋ ਖੁਦ ਕੋ ਛੁਪਾਏਂ,
ਕਯਾ ਉਨਸੇ ਪਹਿਚਾਨ ਕਰੇਂ।
ਕਯਾ ਉਨ ਕੇ ਦਾਮਨ ਸੇ ਲਿਪਟੇਂ,
ਕਯਾ ਉਨਕਾ ਅਰਮਾਨ ਕਰੇਂ।
ਧਰਮਿੰਦਰ ਦੀ 1966 ਵਿਚ ਆਈ ਫਿਲਮ ‘ਅਨੁਪਮਾ’ ਦਾ ਗੀਤ ਆਪਣੀ ਗੱਲ ਸਮਾਪਤੀ ਲਈ ਢੁਕਵਾਂ ਲੱਗਦਾ ਹੈ। ਉਸ ਵਿਚ ਹੀਮੈਨ ਗਾਉਂਦਾ ਹੈ, ‘ਯਾ ਦਿਲ ਕੀ ਸੁਨੇਂ ਦੁਨੀਆਂ ਵਾਲੋ, ਯਾ ਮੁਝ ਕੋ ਅਭੀ ਚੁੱਪ ਰਹਿਨੇ ਦੋ।’ ਧਰਮ ਭਾਅ ਜੀ, ਹੁਣ ਦਿਲ ਦੀ ਸੁਣਾਉਣ ਦਾ ਵੇਲਾ ਹੈ ਤੇ ਲੋਕ ਸੁਣਨਾ ਚਾਹੁੰਦੇ ਹਨ।
-ਨਰਿੰਦਰ ਸਿੰਘ