ਸੁਰ ਈਸ਼ਵਰ ਹੈ-ਪਰਗਟ ਸਿੰਘ ਪੰਜਾਬੀ

ਸੁਰਿੰਦਰ ਸੋਹਲ
ਪਰਗਟ ਸਿੰਘ ਪੰਜਾਬੀ ਦੀ ਬੇਸਮੈਂਟ ਸਾਜ਼ਾਂ ਨਾਲ ਸ਼ਿੰਗਾਰੀ ਹੋਈ ਹੈ। ਅੰਦਰ ਵੜਦੇ ਹੀ ਜਿਵੇਂ ਸਾਜ਼ ਆਵਾਜ਼ਾਂ ਮਾਰ ਰਹੇ ਹੋਣ-ਸਾਨੂੰ ਛੂਹ ਕੇ ਤਾਂ ਦੇਖੋ, ਦਿਲ ਵਿਚ ਠੰਢ ਪਾ ਦਿਆਂਗੇ।
ਪਰਗਟ ਸਿੰਘ ਨੂੰ ਮਿਲ ਕੇ ਉਂਞ ਵੀ ਠੰਢ ਪੈ ਜਾਂਦੀ ਹੈ। ਉਨ੍ਹਾਂ ਦੀ ਸ਼ਖਸੀਅਤ ਅੰਦਰੋਂ-ਬਾਹਰੋਂ ਸੰਗੀਤ ਦੀ ਸਮੀਰ ਵਿਚ ਲਿਪਟੀ ਹੋਈ ਹੈ। ਉਨ੍ਹਾਂ ਦੀ ਜ਼ਿੰਦਗੀ ਦੀ ਤੋਰ ਪੂਰੀ ‘ਸੁਰ-ਤਾਲ’ ਵਿਚ ਹੈ। ਉਨ੍ਹਾਂ ਦੇ ਹਾਸੇ ਵਿਚ ਸੰਗੀਤ ਲਰਜ਼ਦਾ ਹੈ। ਜਦੋਂ ਜੋਸ਼ ਵਿਚ ਆਉਂਦੇ ਹਨ ਤਾਂ ਵੀ ਇਕ ਖਾਸ ਲੈਅ ਵਿਚ। ਸੰਗੀਤ ਉਨ੍ਹਾਂ ਲਈ ਜਨੂੰਨ ਹੈ। ਕਵਿਤਾ ਲਈ ਉਨ੍ਹਾਂ ਨੂੰ ਸ਼ੈਦਾਅ ਹੈ। ਗਲਪ ਵਿਚ ਪਾਠਕ ਨੂੰ ਮੋਹ ਲੈਣ ਦੀ ਸਮਰੱਥਾ। ਉਨ੍ਹਾਂ ਦਾ ਨਾਵਲ ‘ਗੰਧਰਵ’ ਅਣਛੋਹੇ ਵਿਸ਼ੇ ਨੂੰ ਲੈ ਕੇ ਰਚੀ ਗਈ ਰਚਨਾ ਹੈ। ਦੇਸ਼ ਦੀ ਵੰਡ ਨੂੰ ਲੈ ਕੇ ਢੇਰ ਸਾਰਾ ਸਾਹਿਤ ਰਚਿਆ ਗਿਆ ਹੈ, ਪਰ ‘ਗੰਧਰਵ’ ਇਸ ਕਾਲ ਨਾਲ ਸਬੰਧਤ ਹੁੰਦਾ ਹੋਇਆ ਵੀ ਅਲੱਗ ਤਰ੍ਹਾਂ ਦੀ ਬਾਤ ਪਾਉਂਦਾ ਹੈ।
ਨਾਵਲ ‘ਗੰਧਰਵ’ ਉਨ੍ਹਾਂ ਪ੍ਰਤਿਭਾਵਾਨ ਸੰਗੀਤਕਾਰਾਂ ਦੇ ਦਰਦ ਨੂੰ ਪੇਸ਼ ਕਰਦਾ ਹੈ, ਜਿਨ੍ਹਾਂ ਦੀ ਕਲਾ, ਪ੍ਰਤਿਭਾ ਤੇ ਖੁਸ਼ਹਾਲ ਜ਼ਿੰਦਗੀ ਦਾ ਗੁਲਸ਼ਨ, ਵੰਡ ਦੀ ਮਾਰੂ ਹਨ੍ਹੇਰੀ ਵਿਚ ਤਬਾਹ-ਬਰਬਾਦ ਹੋਣ ਦੇ ਆਸਾਰ ਪੈਦਾ ਹੋ ਜਾਂਦੇ ਹਨ। ਪਰ ਜਿਵੇਂ ‘ਸੁਰ’ ਆਦਿ ਕਾਲ ਤੋਂ ਹੈ ਤੇ ਅਨੰਤ ਕਾਲ ਤੱਕ ਰਹੇਗਾ, ਇਸੇ ਤਰ੍ਹਾਂ ਇਸ (ਸੁਰ) ਨੂੰ ਸਮਰਪਿਤ ਲੋਕ ਮਾਰੂ ਹਨ੍ਹੇਰੀਆਂ ਦਾ ਸਾਹਮਣਾ ਕਰਦੇ ਹੋਏ ਕਲਾ ਦੇ ਦੀਪ ਨੂੰ ਬਚਾਈ ਰੱਖਣ ਦਾ ਹੌਸਲਾ ਕਰ ਲੈਂਦੇ ਹਨ। ਇਸ ਨਾਵਲ ਦਾ ਵਿਸ਼ਾ ‘ਸੁਰ ਈਸ਼ਵਰ’ ਹੈ। ਲੇਖਕ ਮੁਤਾਬਕ, ‘ਈਸ਼ਵਰ ਸੂਖਸ਼ਮ ਹੈ। ਮਹਿਸੂਸ ਕੀਤਾ ਜਾਂਦਾ ਹੈ, ਦੇਖਿਆ ਨਹੀਂ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਹੀ ‘ਸੁਰ’ ਦੀ ਕੋਈ ਸ਼ਕਲ ਨਹੀਂ। ਮਹਿਸੂਸ ਕੀਤਾ ਜਾ ਸਕਦਾ ਹੈ। ਦੇਖਿਆ ਨਹੀਂ ਜਾ ਸਕਦਾ।’ ਸੁਰ ਨੂੰ ਮਾਣਿਆ ਜਾ ਸਕਦਾ ਹੈ। ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।
ਭਾਵੇਂ ਇਨ੍ਹਾਂ ਦੀ ਪਾਤਰਾਂ ਦੀ ਜ਼ਿੰਦਗੀ ਟੁੱਟੇ ਹੋਏ ਸਾਜ਼ ਵਾਂਗ ਬਿਖਰ ਗਈ ਸੀ। ਜ਼ਿੰਦਗੀ ਬੇਰਸ ਹੋ ਗਈ ਸੀ ਪਰ ਜਿਨ੍ਹਾਂ ਅੰਦਰ ‘ਸੁਰ’ ਜਨੂੰਨ ਵਾਂਗ ਰਚਿਆ ਹੋਵੇ, ਉਹ ਸਾਹਮਣੇ ਆਈਆਂ ਮੁਸ਼ਕਲਾਂ ਦੀ ਕੀ ਪਰਵਾਹ ਕਰਦੇ ਹਨ। ਜਾਤ-ਪਾਤ, ਊਚ-ਨੀਚ, ਦੀਨ-ਮਜ਼ਹਬ ਆਦਿ ‘ਸੁਰ’ ਦੇ ਸਾਹਮਣੇ ਤੁਛ ਚੀਜ਼ਾਂ ਜਾਪਦੀਆਂ ਹਨ। ‘ਸੁਰ’ ਹੀ ਅਜਿਹਾ ਧਰਮ ਹੈ, ਜਿਹੜਾ ਸਾਰੀ ਮਨੁੱਖਤਾ ਨੂੰ ਇਕ ਸੂਤਰ ਵਿਚ ਬੰਨ੍ਹਦਾ ਹੈ। ਜ਼ਿੰਦਗੀ ਜਿਊਣ ਜੋਗੀ ਬਣਾ ਸਕਦਾ ਹੈ। ਇਹ ਸੰਦੇਸ਼ ਨਾਵਲ ਵਿਚ ਥਾਂ ਪਰ ਥਾਂ ਦਰਜ ਹੈ।
ਨਾਵਲ ਦਾ ਆਸ਼ਾਵਾਦੀ ਪੱਖ ਇਹ ਹੈ ਕਿ ਵਹਿਸ਼ੀਆਨਾ ਦੌਰ ਵਿਚ ਦੀ ਲੰਘ ਕੇ ਵੀ ਕੋਮਲ ਕਲਾ ਦਾ ਕਤਲ ਨਹੀਂ ਹੁੰਦਾ। ਜਿੰਨਾ ਚਿਰ ਕੋਮਲ ਕਲਾ ਦੀ ਦੌਲਤ ਮਨੁੱਖ ਕੋਲ ਹੈ, ਇਹ ਗੱਲ ਯਕੀਨੀ ਹੈ ਕਿ ਮਨੁੱਖ ਵਿਚ ਮਨੁੱਖਤਾ ਬਚੀ ਰਹੇਗੀ। ਸੁਰਾਂ, ਤਾਨਾਂ, ਤਰਜ਼ਾਂ ਪਾਠਕ ਦੇ ਕੰਨਾਂ ਵਿਚ ਗੂੰਜਦੀਆਂ ਸੁਣਾਈ ਦਿੰਦੀਆਂ ਹਨ। ਪਾਠਕ ਨਾਵਲ ਦੀ ਰੌਚਕਤਾ ਵਿਚ ਏਨਾ ਖੁੱਭ ਜਾਂਦਾ ਹੈ ਕਿ ਉਸ ਨੂੰ ਸਾਰੀ ਕਾਇਨਾਤ ਇਕ ਸੰਗੀਤ-ਸ਼ਾਲਾ ਮਹਿਸੂਸ ਹੋਣ ਲੱਗ ਪੈਂਦੀ ਹੈ। ਰੱਬ ਨੇ ਹਰ ਚੀਜ਼ ਸੁਰਬੱਧ ਕੀਤੀ ਹੋਈ ਹੈ। ਇਸ ਸੁਰਬੱਧਤਾ ਨੂੰ ਭੰਗ ਕਰਨ ਤੋਂ ਵੱਡਾ ਕੋਈ ਗੁਨਾਹ ਨਹੀਂ। ਇਹ ਫਲਸਫਾ ਨਾਵਲ ਵਿਚ ਇੰਨੇ ਜ਼ੋਰਦਾਰ ਅੰਦਾਜ਼ ਵਿਚ ਸਿਰਫ਼ ਇਸੇ ਕਰਕੇ ਪੇਸ਼ ਹੋ ਸਕਿਆ ਹੈ ਕਿਉਂਕਿ ਪਰਗਟ ਸਿੰਘ ਦੀ ਸ਼ਖਸੀਅਤ ਵਿਚ ਸੰਗੀਤ ਜਨੂੰਨ ਵਾਂਗ ਸਮਾਇਆ ਹੋਇਆ ਹੈ।
ਪਰਗਟ ਸਿੰਘ ਪੰਜਾਬੀ ਦਸਦੇ ਹਨ, ‘ਸੁਰ’ ਕੁਦਰਤੀ ਹੁੰਦਾ ਹੈ। ਬੇਸੁਰੇ ਬੰਦੇ ਨੂੰ ਤੁਸੀਂ ਸੁਰ ਵਿਚ ਨਹੀਂ ਕਰ ਸਕਦੇ। ਹਾਂ, ਬੇਤਾਲਾ ਬੰਦਾ ਰਿਆਜ਼ ਕਰਕੇ ਤਾਲ ਸਿੱਖ ਸਕਦਾ ਹੈ।
ਕਦੇ ਕਦੇ ਪਰਗਟ ਸਿੰਘ ਬਹੁਤ ਦੁਖੀ ਹੁੰਦੇ ਹਨ। ਹਿੰਦੋਸਤਾਨ ਵਿਚ ‘ਸੰਗੀਤ ਅਕੈਡਮੀ’ ਚਲਾ ਰਹੇ ਬੇਹੱਦ ਮਸ਼ਹੂਰ ਕੀਰਤਨੀਏ ਦੀ ਵਾਰਤਾ ਸੁਣਾਉਂਦਿਆਂ ਉਹ ਰੋਣ ਦੀ ਹੱਦ ਤੱਕ ਦੁਖੀ ਹੋ ਜਾਂਦੇ ਹਨ। ਉਹ ਕੀਰਤਨੀਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਹਿੰਦਾ ਹੈ, ‘ਇਸ ਖੁਸ਼ੀ ਦੇ ਸਮੇਂ ਰਾਗ ਬਸੰਤ ਸ਼ੁਰੂ ਕਰ ਰਹੇ ਹਾਂ।’ ਕੀਰਤਨ ਦੌਰਾਨ ਉਸ ਨੇ ‘ਬਸੰਤ ਰਾਗ’ ਗਾਉਣ ਬਾਰੇ ਪੰਜ ਵਾਰ ਦੁਹਰਾਇਆ, ਪਰ ਉਹ ਗਾ ਬਹਾਰ ਰਾਗ ਰਿਹਾ ਸੀ।
ਪ੍ਰੀਤਮ ਸਿੰਘ ਕੈਂਬੋ ਨਾਲ ਹੋਈ ਇਕ ਮੁਲਾਕਾਤ ਵਿਚ ਪੰਜਾਬੀ ਹੋਰਾਂ ਨੇ ਕਿਹਾ, ‘ਗੁਰਬਾਣੀ ਨੂੰ ਰਾਗਾਂ ਦੇ ਆਧਾਰ ‘ਤੇ ਗਾਉਣ ਨੂੰ ਹੀ ਕੀਰਤਨ ਕਹਿ ਸਕਦੇ ਹਾਂ। ਅਸੀਂ ਕੀਰਤਨ ਇਕ ਘੰਟਾ ਹੀ ਕਰਦੇ ਹਾਂ। ਪਹਿਲੇ 30 ਮਿੰਟ ਕਿਸੇ ਰਾਗ ਵਿਚ ਅਤੇ ਕਿਸੇ ਵੱਡੇ ਤਾਲ ਵਿਚ ਜਾਂ ਤਿੰਨ ਤਾਲ ਵਿਚ ਬੰਦਸ਼ ਗਾ ਕੇ। ਅੰਤਲੇ ਪੰਜ-ਸੱਤ ਮਿੰਟ ਤੇਜ਼-ਤਰਾਰ ਤਾਨਾਂ ਵੀ ਮਾਰਦੇ ਹਾਂ। ਇਸ ਉਪਰੰਤ ਦੋ ਰੀਤਾਂ (ਕੀਰਤਨ ਵਿਚ ਤਰਜ਼ ਨੂੰ ਰੀਤ ਕਹਿੰਦੇ ਹਨ)। ਇਹ ਤਰਜ਼ਾਂ ਫ਼ਿਲਮੀ ਨਹੀਂ ਹੁੰਦੀਆਂ, ਬਲਕਿ ਕੀਰਤਨੀਏ ਉਸਤਾਦਾਂ ਨੇ ਸੁਰਬੱਧ ਕੀਤੀਆਂ ਹੁੰਦੀਆਂ ਹਨ। (ਜਿਨ੍ਹਾਂ ਦਾ ਆਧਾਰ ਰਾਗ ਹੁੰਦੇ ਹਨ) ਕੀਰਤਨ ਘੰਟਾ ਹੀ ਹੋ ਸਕਦਾ ਹੈ। ਤੁਸੀਂ ਸੁਰ ਦੇ ਕੋਨੇ ਕੱਢਣੇ ਹੁੰਦੇ ਹਨ। ਤਾਨਾਂ ਵੀ ਕੱਢਣੀਆਂ ਹੁੰਦੀਆਂ ਹਨ, ਜਿਸ ਨਾਲ ਤੁਹਾਡੀਆਂ ਆਂਦਰਾਂ ਦਾ ਕਾਫ਼ੀ ਜ਼ੋਰ ਲਗਦਾ ਹੈ। ਢਿੱਲਾ ਕੀਰਤਨ ਤੁਸੀਂ ਦੋ-ਤਿੰਨ ਘੰਟੇ ਕਰ ਸਕਦੇ ਹੋ।’
ਪਰਗਟ ਸਿੰਘ ਬੇਹੱਦ ਸਪੱਸ਼ਟ ਸੁਭਾਅ ਦੇ ਮਾਲਕ ਹਨ। ਇਕ ਵਾਰ ਉਨ੍ਹਾਂ ਨੂੰ ਅਕੈਡਮੀ ਦਾ ਪ੍ਰਧਾਨ ਬਣਾਉਣ ਲਈ ਪੁੱਛਿਆ ਤਾਂ ਬੋਲੇ-ਸਾਡਾ ਸਮਾਜ ਬੇਸੁਰਾ ਕਿਉਂ ਹੈ? ਅਸੀਂ ਸਹੀ ਬੰਦੇ ਨੂੰ ਸਹੀ ਜਗ੍ਹਾ ‘ਤੇ ਨਹੀਂ ਲਾਉਂਦੇ। ਮੇਰਾ ਖੇਤਰ ਸੰਗੀਤ ਹੈ, ਸਾਹਿਤ ਨਹੀਂ। ਸਾਹਿਤ ਅਕੈਡਮੀ ਦਾ ਪ੍ਰਧਾਨ ਸਾਹਿਤਕਾਰ ਹੀ ਬਣਾਇਆ ਜਾਣਾ ਚਾਹੀਦਾ ਹੈ। ਜਿਵੇਂ ਕਿ ਕਿਸੇ ਧਾਰਮਿਕ ਸੰਸਥਾ ਦਾ ਪ੍ਰਧਾਨ ਧਾਰਮਿਕ ਬਿਰਤੀ ਵਾਲਾ ਹੋਣਾ ਚਾਹੀਦਾ ਹੈ, ਰਾਜਨੀਤਕ ਬਿਰਤੀ ਵਾਲਾ ਨਹੀਂ। ਰਾਜਨੀਤਕ ਬੰਦੇ ਬਿਰਤੀ ਵਾਲੇ ਬੰਦੇ ਜਦੋਂ ਧਾਰਮਿਕ, ਸਮਾਜਿਕ, ਸਾਹਿਤਕ ਸੰਸਥਾਵਾਂ ਦੇ ਅਹੁਦਿਆਂ ‘ਤੇ ਬਿਰਾਜਮਾਨ ਹੁੰਦੇ ਹਨ ਤਾਂ ਸਾਰਾ ਕੁਝ ਬੇਸੁਰਾ ਹੋ ਜਾਂਦਾ ਹੈ।
ਮਲਾਲਾ ‘ਤੇ ਹੋਏ ਹਮਲੇ ਨੇ ਉਨ੍ਹਾਂ ਦੀ ਰੂਹ ਨੂੰ ਜਿਵੇਂ ਛਿਲ ਦਿੱਤਾ ਸੀ। ਰੂਹ ਦੇ ਜ਼ਖ਼ਮਾਂ ‘ਤੇ ਮਲ੍ਹਮ ਲਾਉਣ ਦਾ ਉਪਰਾਲਾ ਉਨ੍ਹਾਂ ਨੇ ਆਪਣੇ ਅੰਗ ਦਾਨ ਕਰਨ ਦਾ ਮਨ ਬਣਾ ਕੇ ਕੀਤਾ ਹੈ।
ਪਰਗਟ ਸਿੰਘ ਦੇ ਬੱਚਿਆਂ ਨੂੰ ਸੰਗੀਤ ਦੀ ਗੁੜ੍ਹਤੀ ਮਿਲੀ ਹੈ। ਉਹ ਅੱਜ ਦੇ ‘ਬੇਸੁਰੇ ਤੇ ਬੇਤਾਲੇ’ ਮਾਹੌਲ ਨੂੰ ‘ਸੁਰ-ਤਾਲ’ ਵਿਚ ਦੇਖਣ ਦੇ ਖ਼ਾਹਿਸ਼ਮੰਦ ਹੀ ਨਹੀਂ, ਸਗੋਂ ਆਪਣਾ ਯੋਗਦਾਨ ਵੀ ਪਾ ਰਹੇ ਹਨ।
ਉਨ੍ਹਾਂ ਨੇ ਗੰਭੀਰ ਕਵਿਤਾ ਦੇ ਨਾਲ ਨਾਲ ਹਾਸਰਸ ਕਵਿਤਾ ਵੀ ਲਿਖੀ ਹੈ, ਪਰ ਆਪਣੇ ਆਪ ਨੂੰ ਸੰਗੀਤਕਾਰਾਂ ਦੀ ਕਤਾਰ ਵਿਚ ਖੜ੍ਹਾ ਦੇਖ ਕੇ ਉਹ ਫਖ਼ਰ ਮਹਿਸੂਸ ਕਰਦੇ ਹਨ।
ਬਲਵੰਤ ਗਾਰਗੀ ਨੇ ਉਨ੍ਹਾਂ ਬਾਰੇ ‘ਆਰਸੀ’ (ਅਗਸਤ 1984) ਵਿਚ ਸਹੀ ਹੀ ਲਿਖਿਆ ਸੀ-ਮੈਂ ਕੀਰਤਨ ਸੁਣਿਆ ਤਾਂ ਪਰਗਟ ਸਿੰਘ ਹੋਰਾਂ ਦੀ ਸ਼ੁਧ ਗਾਈ ਹੋਈ ਬਾਣੀ ਤੇ ਉਨ੍ਹਾਂ ਦੀ ਸੁਰੀਲੀ ਆਵਾਜ਼ ਤੇ ਗਾਇਕੀ ਦਾ ਮੱਦਾਹ ਹੋ ਗਿਆ।

Be the first to comment

Leave a Reply

Your email address will not be published.