ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਿਗਲ

ਚੰਡੀਗੜ੍ਹ: ਪੰਜਾਬ ਵਿਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਖਰੇ ਹੀ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ। ਚੋਣਾਂ ਵਿਚ ਅਜੇ ਤਕਰੀਬਨ ਇਕ ਸਾਲ ਦਾ ਸਮਾਂ ਬਾਕੀ ਹੈ ਪਰ ਅਕਾਲੀ ਦਲ ਇੰਨੀ ਕਾਹਲੀ ਵਿਚ ਹੈ ਕਿ ਉਸ ਨੇ ਹੁਣ ਤੋਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਨੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਇਸ ਤੋਂ ਇਲਾਵਾ ਖੇਮਕਰਨ ਹਲਕੇ ਲਈ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਸੁਖਬੀਰ ਨੇ ਇਹ ਐਲਾਨ ਖੇਮਕਰਨ ਹਲਕੇ ਦੇ ਕਸਬਾ ਅਮਰਕੋਟ ਵਿਚ ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕਰ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਨੇ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਧਿਰਾਂ ਤੋਂ ਪਛੜ ਕੇ ਉਮੀਦਵਾਰ ਐਲਾਨਣ ਵਾਲੇ ਅਕਾਲੀ ਦਲ ਦੀ ਇਸ ਫੁਰਤੀ ਤੋਂ ਸਿਆਸੀ ਹਲਕੇ ਵੀ ਹੈਰਾਨ ਹਨ।
ਅਕਾਲੀ ਦਲ ਨੇ ਸਿਰਫ ਉਮੀਦਵਾਰਾਂ ਦਾ ਐਲਾਨ ਹੀ ਨਹੀਂ ਕਰ ਰਿਹਾ ਹੈ ਸਗੋਂ ਚੋਣ ਮੈਨੀਫੈਸਟੋ ਦੇ ਹਿੱਸੇ ਵਜੋਂ ਵੱਡੇ ਵਾਅਦੇ ਵੀ ਕੀਤੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਧਾਰਮਿਕ ਗੁਟਕੇ ਦੀ ਝੂਠੀ ਸਹੁੰ ਖਾਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਨਾ ਕਰਨ, ਸਮਾਜ ਭਲਾਈ ਦੀਆਂ ਸਕੀਮਾਂ ਬੰਦ ਕਰ ਦੇਣ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਜਾ ਰਿਹਾ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ ਉਨ੍ਹਾਂ ਕੈਪਟਨ ਸਰਕਾਰ ਖਿਲਾਫ ਜੰਗ ਸ਼ੁਰੂ ਕੀਤੀ ਹੈ ਤੇ ਲੋਕ ਇਸ ਵਾਰ ‘ਪੰਥਕ ਪਾਰਟੀ` ਦਾ ਸਾਥ ਦੇਣਗੇ।
ਅਕਾਲੀ ਦਲ ਇਹ ਐਲਾਨ ਉਸ ਸਮੇਂ ਕਰ ਰਿਹਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਜਾਂਚ ਟੀਮ ਨੇ ਦਾਅਵਾ ਕੀਤਾ ਕਿ ਪੜਤਾਲ ਮੁਕੰਮਲ ਕਰ ਲਈ ਹੈ ਤੇ ਜਾਂਚ ਰਿਪੋਰਟ ਦੇ ਸਫਾ ਨੰਬਰ-41 ਵਿਚ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਵਿਚ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਜ਼ਿਕਰ ਹੈ। ਪਿਛਲੀ ਵਾਰ ਬੇਅਦਬੀ ਤੇ ਬਦਅਮਨੀ ਖਿਲਾਫ ਰੋਹ ਕਾਰਨ ਸੱਤਾ ਗਵਾਉਣ ਵਾਲੀ ਅਕਾਲੀ ਸਰਕਾਰ ਲਈ ਆਉਣ ਵਾਲੇ ਦਿਨ ਵੱਡੀ ਚੁਣੌਤੀ ਵਾਲੇ ਮੰਨੇ ਜਾ ਰਹੇ ਹਨ।