ਆਪਣੀ ਘੜੀ ਦੁਨੀਆਂ ਦੇ ਜਲਾਵਤਨੀਆਂ ਦੀ ਕਥਾ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ।

ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਦੀ ਫਿਲਮ ‘ਲਾ ਅਵੈਨਚਰਾ’ ਬਾਬਤ ਚਰਚਾ ਕੀਤੀ ਗਈ ਹੈ। ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਸਿਨੇਮਾ ਸਮੇਤ ਕਲਾ ਦੇ ਕਿਸੇ ਵੀ ਰੂਪ ਜਾਂ ਵੰਨਗੀ ਨੂੰ ਬਿਆਨਣ ਦਾ ਕੰਮ ਉਸ ਨੂੰ ਬਣਾਉਣ ਪਿੱਛੇ ਕੰਮ ਕਰਦੀ ਵਿਚਾਰਧਾਰਾ ਅਤੇ ਸਿਆਸਤ ਨੂੰ ਸਮਝਣ ਤੋਂ ਬਿਨਾਂ ਨਹੀਂ ਹੋ ਸਕਦਾ। ਸਿਨੇਮਾ ਦਾ ਵਿਸ਼ਲੇਸ਼ਣ ਕਰਦਿਆਂ ਫਿਲਮ ਅਤੇ ਫਿਲਮਸਾਜ਼ ਦੀਆਂ ਸਮਾਜਿਕ ਤੰਦਾਂ ਤੇ ਸਿਆਸੀ-ਆਰਥਿਕ ਪਿਛੋਕੜ ਫਰੋਲਣਾ ਜਿੱਥੇ ਫਿਲਮ ਵਿਚ ਵਰਤੇ ਗਏ ਸੰਕੇਤਾਂ, ਚਿੰਨ੍ਹਾਂ ਤੇ ਪ੍ਰਤੀਕਾਂ ਦੀ ਵਰਤੋਂ ਦੀ ਜ਼ਰੂਰਤ ਨੂੰ ਸਪਸ਼ਟ ਕਰਦਾ ਹੈ, ਉਥੇ ਇਨ੍ਹਾਂ ਦੀ ਕਲਾਤਮਿਕ ਮਹੱਤਤਾ ਸਬੰਧੀ ਬਣੇ ਮਾਪਦੰਡਾਂ ਬਾਰੇ ਵੀ ਨਵੀਂ ਦ੍ਰਿਸ਼ਟੀ ਦੇਣ ਵਿਚ ਸਮਰੱਥ ਹੈ। ਇਸ ਦੇ ਨਾਲ ਹੀ ਜਦੋਂ ਅਸੀਂ ਮਾਈਕਲਏਂਜਲੋ ਅੰਤੋਨੀਓਨੀ ਵਰਗੇ ਫਿਲਮਸ਼ਾਜ ਦੀਆਂ ਫਿਲਮਾਂ ਨੂੰ ਦੇਖਣ ਬੈਠਦੇ ਹਾਂ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਉਸ ਦੀਆਂ ਫਿਲਮਾਂ ਵਿਚੋਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਤੱਤ ਨਿਤਾਰਨ ਦੇ ਨਾਲ-ਨਾਲ ਉਨ੍ਹਾਂ ਵਿਚਲੇ ਸੁਹਜ, ਸੂਖਮਤਾ ਅਤੇ ਦਾਰਸ਼ਨਿਕ-ਬੌਧਿਕ ਪਰਤਾਂ ਨੂੰ ਵੀ ਨਿਤਾਰ ਸਕੀਏ।
ਇਸ ਦੇ ਨਾਲ ਹੀ ਕਲਾ ਦੇ ਕਿਰਦਾਰ ਅਤੇ ਉਹ ਕਿਸ ਦੇ ਹੱਕ ਵਿਚ ਭੁਗਤਦੀ ਹੈ, ਇਹ ਵੀ ਸੁਲਘਦਾ ਸਵਾਲ ਬਣ ਜਾਂਦਾ ਹੈ। ਕੀ ਉਸ ਕਲਾ ਨੂੰ ਬੁਰੀ ਕਲਾ ਕਿਹਾ ਜਾ ਸਕਦਾ ਹੈ ਜਿਹੜੀ ਸਿਰਫ ਤੇ ਸਿਰਫ ਕਿਸੇ ਕਲਾਕਾਰ ਜਾਂ ਫਿਲਮਸਾਜ਼ ਦਾ ਸਵੈ-ਪ੍ਰਗਟਾਵਾ ਹੀ ਹੁੰਦੀ ਹੈ? ਕੀ ਹੁੰਦਾ ਹੈ ਜੇਕਰ ਕੋਈ ਫਿਲਮਸਾਜ਼ ਕਲਾ ਦੀ ਵਰਤੋਂ ਤੇ ਸਮਝ ਨੂੰ ਉਸ ਦੀਆਂ ਪ੍ਰੰਪਰਾ ਵਾਲੀਆਂ ਲੀਹਾਂ ਤੇ ਵਿਧੀ-ਵਿਧਾਨ ਤੋਂ ਹਟ ਕੇ ਸਮੇਂ ਅਤੇ ਸਪੇਸ ਨੂੰ ਬਿਲਕੁੱਲ ਨਵੇਂ ਤਰੀਕੇ ਨਾਲ ਸੋਚਦਾ ਤੇ ਦੇਖਦਾ ਹੈ? ਅਸੀਂ ਮਾਈਕਲਏਂਜਲੋ ਅੰਤੋਨੀਓਨੀ ਬਾਰੇ ਇਹ ਦਾਅਵਾ ਉਸ ਦੀ ਹਰ ਫਿਲਮ ਦੇਖਦੇ ਹੋਏ ਕਰ ਸਕਦੇ ਹਾਂ। ਉਸ ਦੀਆਂ ਤਿੰਨ ਫਿਲਮਾਂ ਦੀ ਲੜੀ ਵਿਚੋਂ ਪਹਿਲੀ ਫਿਲਮ ‘ਲਾ ਅਵੈਨਚਰਾ` ਦੀ ਕਹਾਣੀ ਵਿਚ ਜਿਸ ਤਰ੍ਹਾਂ ਉਸ ਨੇ ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੀ ਉਚ ਵਰਗ ਜਮਾਤ ਦੇ ਖੋਖਲੇਪਣ ਦਾ ਖਾਕਾ ਖਿੱਚਦਿਆਂ ਉਨ੍ਹਾਂ ਦੀ ਜ਼ਿੰਦਗੀ ਵਿਚ ਆਈ ਨਿਰਾਰਥਕਤਾ ਅਤੇ ਬੇਹੇਪਣ ਦਾ ਚਿਤਰਨ ਕੀਤਾ ਹੈ, ਉਸ ਨੂੰ ਦੇਖਦਿਆਂ ਉਨ੍ਹਾਂ ਦੇ ਹਾਲਾਤ ‘ਤੇ ਅਜੀਬ ਤਰਸ ਵੀ ਆਉਂਦਾ ਹੈ ਅਤੇ ਮਣਾਂ-ਮੂੰਹੀਂ ਗੁੱਸਾ ਵੀ ਆਉਂਦਾ ਹੈ। ਅਜਿਹੇ ਹਾਲਾਤ ‘ਤੇ ਟਿੱਪਣੀ ਕਰਦਿਆਂ ਕਾਰਲ ਮਾਰਕਸ ਅਤੇ ਫਰੈਂਡਰਿਕ ਏਂਗਲਜ਼ ਲਿਖਦੇ ਹਨ ਕਿ ਬੁਰਜ਼ੂਆ ਜਮਾਤ ਨੇ ਇੱਕ ਇਨਸਾਨ ਅਤੇ ਦੂਜੇ ਇਨਸਾਨ ਦਾ ਰਿਸ਼ਤਾ ਪੈਸੇ-ਧੇਲੇ ਦੇ ਲੈਣ-ਦੇਣ ਤੱਕ ਮਹਿਦੂਦ ਕਰ ਦਿੱਤਾ ਹੈ। ਇਸ ਨੇ ਮੋਹ-ਮੁਹੱਬਤ ਵਰਗੀਆਂ ਸ਼ੈਆਂ ਨੂੰ ਵੀ ਨਾਪਣ-ਗਿਣਨ ਦੇ ਘੇਰੇ ਵਿਚ ਲਿਆ ਧਰਿਆ ਹੈ।
ਫਿਲਮ ‘ਲਾ ਅਵੈਨਚਰਾ` ਦੀ ਕਹਾਣੀ ਦੇ ਕਿਰਦਾਰ ਸਵੈ-ਭਰਮਾਂ ਦੇ ਸਿਰਜੇ ਖਿਆਲਾਂ ਵਿਚ ਨਜ਼ਰਬੰਦ ਹਨ। ਉਨ੍ਹਾਂ ਦੀ ਜਮਾਤ ਜੰਗ ਤੋਂ ਬਾਅਦ ਦੀ ਟੁੱਟ-ਭੱਜ ਵਿਚ ਆਪਣੀ ਸਾਰਥਕਤਾ ਗੁਆ ਬੈਠੀ ਹੈ। ਸਾਰੀ ਫਿਲਮ ਵਿਚ ਲੱਗਦਾ ਰਹਿੰਦਾ ਹੈ ਕਿ ਕੋਈ ਵੀ ਕਿਰਦਾਰ ਕਿਸੇ ਵੀ ਸਮੇਂ ਲਾਪਤਾ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਇਤਿਹਾਸ ਵਿਚੋਂ ਹੀ ਹੌਲੀ-ਹੌਲੀ ਲਾਪਤਾ ਹੋ ਰਹੀ ਜਮਾਤ ਹੈ। ਇਟਲੀ ਦੇ ਲੋਕਾਂ ਨੇ ਇਸ ਜਮਾਤ ਤੋਂ ਲੈਣਾ ਕੀ ਹੈ ਜਦੋਂ ਉਨ੍ਹਾਂ ਨੂੰ ਇਹ ਸਾਫ ਹੋ ਚੁੱਕਿਆ ਹੈ ਕਿ ਇਸ ਜਮਾਤ ਨੇ ਹਮੇਸ਼ਾ ਉਨ੍ਹਾਂ ਦੇ ਦੁਸ਼ਮਣਾਂ ਦੀ ਧਿਰ ਦੇ ਹੱਕ ਵਿਚ ਹੀ ਭੁਗਤਣਾ ਹੈ। ਇਸੇ ਕਾਰਨ ਲੋਕਾਂ ਨੇ ਉਨ੍ਹਾਂ ਦੇ ਜੀਵਨ ਵਿਚ ਦਿਲਚਸਪੀ ਲੈਣੀ ਹੀ ਬੰਦ ਕਰ ਦਿੱਤੀ ਹੈ। ਉਹ ਹੁਣ ਆਪਣੀ ਮਾਇਆ ਦਾ ਦਿਖਾਵਾ ਕਰਨ ਤਾਂ ਕਿੱਥੇ ਕਰਨ? ਉਨ੍ਹਾਂ ਦੇ ਕੀਮਤੀ ਕੱਪੜਿਆਂ, ਮਹਿੰਗੀਆਂ ਗੱਡੀਆਂ ਤੇ ਆਲੀਸ਼ਾਨ ਮਕਾਨਾਂ ਦੀਆਂ ਕਤਾਰਾਂ ਦੇ ਪਿੱਛੇ ਉਨ੍ਹਾਂ ਦੀ ਬੇਮਤਲਬ ਤੇ ਖੋਖਲੀ ਜ਼ਿੰਦਗੀ ਕਦੋਂ ਤੱਕ ਛੁਪ ਸਕਦੀ ਹੈ?
ਦਰਅਸਲ, ਉਨ੍ਹਾਂ ਦੇ ਚਿਹਰੇ ਡਰਾਂ ਦੇ ਚਿਹਰੇ ਹਨ। ਉਨ੍ਹਾਂ ਦੀ ਮੁਸਕਰਾਹਟ ਵਿਚ ਗਹਿਰੀ ਉਦਾਸੀ ਹੈ। ਉਨ੍ਹਾਂ ਦੇ ਸ਼ਬਦਾਂ ਪਿੱਛੇ ਭੈਅ ਅਤੇ ਦਹਿਸ਼ਤ ਦਾ ਸਾਮਰਾਜ ਹੈ। ਹਰ ਸਮੇਂ ਸਾਵਧਾਨ ਅਤੇ ਚੰਗੇ ਬਣੇ ਰਹਿਣ ਦੀ ਥੋਥੀ ਤੇ ਵੇਲਾ ਵਹਾ ਚੁੱਕੀ ਨੈਤਿਕਤਾ ਨੇ ਉਨ੍ਹਾਂ ਦਾ ਸਾਹ ਸੂਤਿਆ ਹੋਇਆ ਹੈ। ਉਨ੍ਹਾਂ ਨੂੰ ਮਰਿਆਂ ਹੋਇਆਂ ‘ਤੇ ਅਫਸੋਸ ਕਰਨਾ ਭੁੱਲ ਗਿਆ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸੇ ਨਾਲ ਗਲੇ ਕਿਵੇਂ ਮਿਲਣਾ ਹੈ। ਉਨ੍ਹਾਂ ਦੀ ਨਜ਼ਰ ਇਸ ਦੁਨੀਆ ਨੂੰ ਮੁਹੱਬਤ ਦੀ ਨਜ਼ਰ ਨਾਲ ਚੁੰਮਣਾ ਭੁੱਲ ਚੁੱਕੀ ਹੈ (ਬਕੌਲ ਪਾਸ਼)। ਉਨ੍ਹਾਂ ਨੂੰ ਨਹੀਂ ਪਤਾ ਕਿ ਗਵਾਚਿਆਂ ਦੀ ਭਾਲ ਕਿਵੇਂ ਕਰਨੀ ਹੈ? ਉਨ੍ਹਾਂ ਨੂੰ ਹਵਾ, ਪਾਣੀ ਤੇ ਧਰਤੀ ਦਾ ਧੰਨਵਾਦ ਕਰਨਾ ਭੁੱਲ ਗਿਆ ਹੈ। ਆਦਮੀ ਤਾਂ ਕੀ, ਉਹ ਜਾਨਵਰਾਂ ਦੀਆਂ ਅੱਖਾਂ ਵਿਚ ਝਾਕਣ ਦਾ ਵੱਲ ਭੁੱਲ ਚੁੱਕੀ ਜਮਾਤ ਹੈ। ਉਨ੍ਹਾਂ ਦੀਆਂ ਜੜ੍ਹਾਂ ਪੂੰਜੀ ਨੇ ਸਰਾਪ ਦਿੱਤੀਆ ਹਨ। ਸਮਾਜਿਕ ਤੌਰ ‘ਤੇ ਉਹ ਭੁੱਲ ਚੁੱਕੇ ਹਨ ਕਿ ਉਨ੍ਹਾਂ ਦੇ ਜੰਮਣ ਦਾ ਮਕਸਦ ਕੀ ਹੈ। ਪੈਸਾ ਉਨ੍ਹਾਂ ਦਾ ਖੁਦਾ ਅਤੇ ਖਸਮ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸੇ ਨੂੰ ਚੇਤੇ ਕਿਵੇਂ ਕਰਨਾ ਹੈ ਜਾਂ ਭੁੱਲਣਾ ਕਿਵੇਂ ਹੈ? ਉਹ ਬੰਦਿਆਂ ਨਾਲੋਂ ਵੱਧ ਚੀਜ਼ਾਂ ‘ਤੇ ਯਕੀਨ ਕਰਨ ਦੀ ਭਿਆਨਕ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਨੂੰ ਸਮਾਜਿਕ ਬੇਲਾਗਤਾ ਦਾ ਰੋਗ ਅਤੇ ਇਕਲਾਪੇ ਦੀ ਲਾਗ ਲੱਗ ਚੁੱਕੀ ਹੈ।
ਉਹ ਮਹਿੰਗੇ ਭਾਂਡੇ ਖਰਾਬ ਹੋਣ ਦੇ ਡਰੋਂ ਸਵਾਦ ਖਾਣੇ ਤੱਕ ਨਹੀਂ ਖਾ ਸਕਦੇ। ਉਹ ਆਪਣੇ ਨਰਮ ਗੱਦਿਆਂ ‘ਤੇ ਦੁਨੀਆ ਦੇ ਸਭ ਤੋਂ ਮਾੜੇ ਸੁਪਨੇ ਦੇਖਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿਚ ਇੱਕ ਚੀਜ਼ ਹੀ ਸਥਿਰ ਤੇ ਲੰਮੇ ਸਮੇਂ ਲਈ ਟਿਕਦੀ ਹੈ, ਤੇ ਉਹ ਹੈ ਉਨ੍ਹਾਂ ਦੀ ਆਪਸੀ ਈਰਖਾ ਤੇ ਵਿਸ਼ਵਾਸ ਦੀ ਕਮੀ। ਉਹ ਆਪਣੇ ਹੀ ਪਰਛਾਵਿਆਂ ‘ਤੇ ਸ਼ੱਕ ਕਰਨ ਵਾਲੀ ਜਮਾਤ ਹੈ। ਇਹ ਜਮਾਤ ਇਤਿਹਾਸ ਨਾਲ ਸਦਾ ਹੀ ਠੱਗੀ ਕਰਦੀ ਰਹੀ ਹੈ। ਇਸ ਦੀ ਹੋਂਦ ਹੀ ਇਸ ਦੀ ਬੇਈਮਾਨੀ ਅਤੇ ਮੁਨਾਫੇ ਦੇ ਅਸ਼ਲੀਲ ਫਲਸਫੇ ਵਿਚ ਪਈ ਹੈ। ਇਸ ਜਮਾਤ ਨੂੰ ਬਹੁਤੀ ਵਾਰ ਇਹ ਵੀ ਪਤਾ ਨਹੀਂ ਲੱਗਦਾ ਕਿ ਉਸ ਦਾ ਸਿਰਫ ਕਲਬੂਤ ਰਹਿ ਗਿਆ ਹੈ, ਰੂਹ ਤਾਂ ਚਿਰਾਂ ਦੀ ਮਰ ਚੁੱਕੀ ਹੈ!
ਮਾਈਕਲਏਂਜਲੋ ਅੰਤੋਨੀਓਨੀ ਦਾ ਕੈਮਰਾ ਬਹੁਤ ਬੇਕਿਰਕੀ ਅਤੇ ਬਾਰੀਕੀ ਨਾਲ ਇਨ੍ਹਾਂ ਦੀ ਜ਼ਿੰਦਗੀ ਛਾਣਦਾ ਹੈ। ਉਹ ਕਹਿੰਦਾ ਹੈ, “ਇਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਇਨ੍ਹਾਂ ਵਿਚ ਹੀ ਪਲ ਕੇ ਜਵਾਨ ਹੋਇਆ ਹਾਂ। ਇਹ ‘ਕੁੱਝ ਵੀ ਨਹੀਂ` ਦੇ ਜਵਾਰਭਾਟੇ ਵਿਚ ਫਸ ਚੁੱਕੀ ਜਮਾਤ ਹੈ। ਇਹ ਲਾਪਤਾ ਹੋ ਰਹੇ ਬੰਦਿਆਂ ਦੀ ਜਮਾਤ ਹੈ।”
ਇਹ ਜਾਣਨਾ ਦਿਲਚਸਪ ਹੈ ਕਿ ਜਿਸ ਦੌਰ ਵਿਚ ਇਹ ਫਿਲਮ ਬਣੀ ਹੈ, ਉਹ ਦੌਰ ਗੁਕੀ ਵਰਗੇ ਫੈਸ਼ਨ ਬਰਾਂਡ, ਫੀਏਟ ਵਰਗੀ ਕਾਰ ਅਤੇ ਮਹਿੰਗੇ ਸਮੁੰਦਰੀ ਸਫਰਾਂ ‘ਤੇ ਜਾਣ ਦੀ ਭੇਡਚਾਲ ਦਾ ਦੌਰ ਹੈ। ਉਸ ਦੀ ਇਸ ਫਿਲਮ ਦੀ ਕਹਾਣੀ ਅਨੁਸਾਰ ਉਚ ਵਰਗ ਨਾਲ ਸਬੰਧਿਤ ਦੋ ਪ੍ਰੇਮੀ ਸਮੁੰਦਰੀ ਸਫਰ ‘ਤੇ ਨਿਕਲੇ ਹਨ ਅਤੇ ਉਨ੍ਹਾਂ ਨਾਲ ਪ੍ਰੇਮਿਕਾ ਦੀ ਦੋਸਤ ਵੀ ਜਾ ਰਹੀ ਹੈ। ਸਫਰ ਦੌਰਾਨ ਹੀ ਪ੍ਰੇਮਿਕਾ ਗੁੰਮ ਹੋ ਜਾਂਦੀ ਹੈ ਅਤੇ ਪ੍ਰੇਮੀ ਤੇ ਪ੍ਰੇਮਿਕਾ ਦੀ ਉਹ ਦੋਸਤ ਉਸ ਦੀ ਤਲਾਸ਼ ਵਿਚ ਜੁਟ ਜਾਂਦੇ ਹਨ ਪਰ ਹੌਲੀ-ਹੌਲੀ ਦਰਸ਼ਕਾਂ ਨੂੰ ਇਹ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਤਲਾਸ਼ ਦੀ ਆੜ ਵਿਚ ਉਹ ਦੋਵੇਂ ਇਸ ਸਮੇਂ ਨੂੰ ਆਪਸ ਵਿਚ ਐਸ਼ਪ੍ਰਸਤੀ ਲਈ ਬਿਤਾਉਣ ਲੱਗ ਪਏ ਹਨ। ਉਸ ਗੁਆਚੀ ਜਾਨ ਦਾ ਦੁੱਖ ਅਤੇ ਦਰਦ ਸਿਰਫ ਉਨ੍ਹਾਂ ਦੇ ਰਸਮੀ ਸ਼ਬਦਾਂ ਵਿਚ ਬਚਿਆ ਰਹਿ ਗਿਆ ਹੈ ਤੇ ਉਹ ਦੁਨੀਆ ਸਾਹਮਣੇ ਇਸ ਪਾਖੰਡ ਦਾ ਖੂਬ ਦਿਖਾਵਾ ਕਰਦੇ ਹਨ; ਇਥੋਂ ਤੱਕ ਕਿ ਅੰਤ ਤੱਕ ਪਹੁੰਚਦਿਆਂ ਉਹ ਆਪਸ ਵਿਚ ਹੀ ਝੂਠ ਰਾਹੀਂ ਇੱਕ-ਦੂਜੇ ਨੂੰ ਧੋਖਾ ਦੇਣ ਲੱਗ ਪੈਂਦੇ ਹਨ। ਇੱਥੇ ਇਸ ਫਿਲਮ ਦਾ ਅੰਤ ਹੋ ਜਾਂਦਾ ਹੈ। ਫਿਲਮ ਦੇਖਦਿਆ ਸਾਫ ਸਮਝ ਆਉਂਦੀ ਹੈ ਕਿ ਕਿਵੇਂ ਇਸ ਜਮਾਤ ਨੇ ਸਵਾਰਥੀ ਹਿੱਤਾਂ ਲਈ ਪਿਆਰ ਤੇ ਇਨਸਾਨੀਅਤ ਨੂੰ ਵੀ ਖਬਤੀ ਰੁਝਾਨ ਅਤੇ ਜਿਊਣ ਨੂੰ ਤਮਾਸ਼ੇ ਵਿਚ ਬਦਲ ਦਿੱਤਾ ਹੈ। ਇਹ ਆਪਣੀ ਹੀ ਰਚੀ ਅਤੇ ਘੜੀ ਦੁਨੀਆ ਵਿਚੋਂ ਖੁਦ ਹੀ ਜਲਾਵਤਨ ਹੋਏ ਲੋਕਾਂ ਦੀ ਕਹਾਣੀ ਹੈ। ਉਨ੍ਹਾਂ ਦੀ ਜਮਾਤ ਹੀ ਉਨ੍ਹਾਂ ਦਾ ਕਿਰਦਾਰ ਹੈ।
ਮਾਈਕਲਏਂਜਲੋ ਅੰਤੋਨੀਓਨੀ ਦੀ ਫਿਲਮ ‘ਲਾ ਅਵੈਨਚਰਾ` ਵਿਚ ਫਿਲਮਸਾਜ਼ ਉਨ੍ਹਾਂ ਸਮਾਜਿਕ ਹਾਲਾਤ ਅਤੇ ਜਮਾਤੀ ਸਮਾਜੀਕਰਨ ਦਾ ਚਿਤਰਨ ਕਰਦਾ ਹੈ ਜੋ ਕਿਸੇ ਵੀ ਮਨੁੱਖ ਦੇ ਕਿਰਦਾਰ ਤੇ ਵਰਤਾਉ ਦਾ ਆਧਾਰ ਬਣਦਾ ਹੈ। ਬੁਰਜ਼ੂਆਜ਼ੀ ਵਿਚ ਪਈ ਸਤਹੀ ਨੈਤਕਿਤਾ ਅਤੇ ਉਚ ਸਮਾਜਿਕ ਜਮਾਤ ਦੇ ਪਾਖੰਡ ‘ਤੇ ਸਵਾਲ ਖੜਾ੍ਹ ਕਰਦਾ ਉਸ ਦਾ ਕੈਮਰਾ ਇਸ ਜਮਾਤ ਵਿਚ ਜਨਮੇ ਬੰਦਿਆਂ ਦੇ ਅੰਦਰੂਨੀ ਕਲੇਸ਼ਾਂ ਤੇ ਉਨ੍ਹਾਂ ਦੀ ਹੋਣੀ ਨੂੰ ਜ਼ਬਾਨ ਦਿੰਦਾ ਹੈ।