ਦੀਪ ਸਿੱਧੂ ਦੀ ਅੰਨੇਵਾਹ ਵਡਿਆਈ ਕੀ ਗੁਲ ਖਿਲਾ ਸਕਦੀ ਹੈ?

ਕਮਲਜੀਤ ਸਿੰਘ ਫਰੀਮਾਂਟ
ਫੋਨ: 510-284-7106
ਕਿਸਾਨ ਅੰਦੋਲਨ ਦੇ ਨੇਤਾਵਾਂ ਨੂੰ ਛੁਟਿਆਉਣ ਤੇ ਉਨ੍ਹਾਂ ਦੀ ਕੀਮਤ ‘ਤੇ ਦੀਪ ਸਿੱਧੂ ਵਰਗੇ ਮਜ੍ਹਮੇਬਾਜ਼ ਨੂੰ ਵਡਿਆਉਣ ਲਈ ਸ. ਅਜਮੇਰ ਸਿੰਘ, ਕਰਮਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਉਦੋਕੇ ਵਰਗੇ ਵਿਦਵਾਨਾਂ ਵਲੋਂ ਵਿਢੀ ਹੋਈ ਝੂਠ-ਤੁਫਾਨ ਦੀ ਮੁਹਿੰਮ ਨੂੰ

‘ਪੰਜਾਬ ਟਾਈਮਜ਼’ ਦੇ 13 ਮਾਰਚ 2021 ਵਾਲੇ ਅੰਕ ਵਿਚ ‘ਸ਼ਾਹ ਮੁਹੰਮਦਾ ਇਕ ਸਰਕਾਰ (ਸਰਦਾਰ) ਬਾਝੋਂ` ਵਾਲੇ ਲੇਖ ਨਾਲ ਸ. ਸੰਪੂਰਨ ਸਿੰਘ ਨੇ ਉਚੀਆਂ ਸਿ਼ਖਰਾਂ ‘ਤੇ ਪਹੁੰਚਾ ਦਿਤਾ ਹੈ।
20 ਫਰਵਰੀ ਦੇ ਪੰਜਾਬ ਟਾਈਮਜ਼ ਵਿਚ ਸ. ਜਸਪਾਲ ਸਿੰਘ ਸਿੱਧੂ ਵਲੋਂ ‘ਕੋਈ ਅਕਲ ਦਾ ਕਰੋ ਇਲਾਜ ਯਾਰੋ’ ਲਿਖ ਕੇ ਪਾਏ ਗਏ ਤਰਲੇ ਦਾ ਲਗਦਾ ਹੈ, ਇਨ੍ਹਾਂ ‘ਤੇ ਭੋਰਾ ਭਰ ਵੀ ਅਸਰ ਨਹੀਂ ਹੋਇਆ। ਸ. ਸੰਪੂਰਨ ਸਿੰਘ ਨੇ ਅਜੋਕੀ ਕਿਸਾਨੀ ਲੀਡਰਸ਼ਿਪ ਨੂੰ ਨਾਸਮਝ ਅਤੇ ਕੋਤਾ-ਅੰਦੇਸ਼ ਗਰਦਾਨ ਕੇ ਆਤਮ-ਦਾਹ ਦੀ ਨੇਕ ਸਲਾਹ ਦਿੱਤੀ ਹੈ! ਲੇਖਕ ਮੁਤਾਬਿਕ, ਲੀਡਰਸ਼ਿਪ ਸਰਕਾਰੀ ਚਾਲਾਂ ਵਿਚ ਫਸ ਕੇ ਬੇਵਸ ਅਤੇ ਦਿਸ਼ਾਹੀਣ ਹੋ ਗਈ ਹੈ। ਲੇਖਕ ਨੇ ਇਹ ਵੀ ਕਬੂਲ ਕੀਤਾ ਹੈ ਕਿ ਇਸ ਜਦੋ-ਜਹਿਦ ਵਿਚ ਤਿੰਨ ਧਿਰਾਂ ਆਪੋ-ਆਪਣੇ ਝੰਡਿਆਂ, ਭਾਵ ਕੇਸਰੀ ਨਿਸ਼ਾਨ, ਲਾਲ ਝੰਡੇ ਅਤੇ ਹਰੇ ਝੰਡਿਆਂ ਨਾਲ ਸ਼ਾਮਲ ਹੋ ਗਈਆਂ ਹਨ। ਲੇਖਕ ਨੇ ਕੇਸਰੀ ਨਿਸ਼ਾਨ ਨੂੰ ਕਿਸਾਨ ਦੇ ਹਰੇ ਨਿਸ਼ਾਨ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ, ਲਿਖਿਆ ਹੈ, “ਇਹ ਅੰਦੋਲਨ ਪੂਰੇ ਦੇਸ਼ ਵਿਚ ਪ੍ਰਭਾਵੀ ਹੋ ਰਿਹਾ ਹੈ ਪਰ ਕੇਂਦਰੀ ਸਰਕਾਰ ਅਤੇ ਭਾਜਪਾ ਇਸ ਨੂੰ ਸਿਰਫ ਪੰਜਾਬ ਅਤੇ ਸਿੱਖਾਂ ਨਾਲ ਜੋੜ ਕੇ…।”
ਉਪਰਲੀਆਂ ਚੰਦ ਲਾਈਨਾਂ ਤੋਂ ਜਾਹਰ ਹੈ ਕਿ ਇਕ ਪਾਸੇ ਤਾਂ ਲੇਖਕ ਖੁਦ ਧਾਰਮਿਕ ਚਿੰਨ੍ਹ ਦੀ ਸ਼ਮੂਲੀਅਤ ਨੂੰ ਵਡਿਆਉਂਦਾ ਹੈ, ਦੂਜੇ ਪਾਸੇ ਸਰਕਾਰ ‘ਤੇ ਜਦੋ-ਜਹਿਦ ਨੂੰ ਧਰਮ ਨਾਲ ਜੋੜਨ ਦਾ ਇਤਰਾਜ਼ ਲਾ ਰਿਹਾ ਹੈ।
ਜਿੱਥੋਂ ਤਕ ਸ. ਸੰਪੂਰਨ ਸਿੰਘ ਵੱਲੋਂ ਕਿਸਾਨ ਲੀਡਰਸ਼ਿਪ ‘ਤੇ ਸਰਕਾਰੀ ਚਾਲਾਂ ਤੋਂ ਬੇਖਬਰ ਹੋਣ ਦਾ ਇਲਜ਼ਾਮ ਹੈ, ਇਸ ਸਬੰਧ ਵਿਚ ਉਨ੍ਹਾਂ ਨੂੰ ਬਲਬੀਰ ਸਿੰਘ ਰਾਜੇਵਾਲ ਦੀ ਉਹ ਤਕਰੀਰ ਸੁਣ ਲੈਣੀ ਚਾਹੀਦੀ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ: “ਸਾਨੂੰ ਪਤਾ ਹੈ ਕਿ ਟਰਾਲੀਆਂ ਵਿਚ ਕੀ-ਕੀ ਹੋ ਰਿਹੈ। ਕਿਹੋ ਜਿਹੀਆਂ ਗੱਲਾਂ-ਬਾਤਾਂ ਚੱਲ ਰਹੀਆਂ ਹਨ। ਤੁਹਾਨੂੰ ਸਭ ਨੂੰ ਬਹੁਤ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਇਹ ਸੰਘਰਸ਼ ਕਿਸੇ ਧਰਮ ਦਾ ਨਹੀਂ। ਜਿਨ੍ਹਾਂ ਨੇ ਖਾਲਿਸਤਾਨ ਬਣਾਉਣਾ ਹੋਵੇ, ਉਹ ਅਮਰੀਕਾ ਵਿਚ ਬਣਾ ਲੈਣ।”
ਬਲਬੀਰ ਸਿੰਘ ਰਾਜੇਵਾਲ ਦੀ ਤਕਰੀਰ ਤੋਂ ਸਾਫ ਜਾਹਰ ਹੈ ਕਿ ਉਹ ਜਾਣਦੇ ਸਨ ਕਿ ਕੀ ਹੋ ਸਕਦਾ ਹੈ! ਇਸ ਤੋਂ ਅੱਗੇ ਰਾਕੇਸ਼ ਟਿਕੈਤ ਨੇ ਮੁਸਲਮਾਨ ਕਿਸਾਨ ਦਾ ਜੂਠਾ ਪਾਣੀ ਪੀ ਕੇ ਕਹਿ ਦਿਤਾ ਕਿ ਉਸ ਦਾ ਧਰਮ ‘ਕਿਸਾਨ` ਹੈ।
ਜੋਗਿੰਦਰ ਸਿੰਘ ਉਗਰਾਹਾਂ ਜਾਂ ਬਲਬੀਰ ਸਿੰਘ ਰਾਜੇਵਾਲ ਵਰਗੇ ਕਿਸਾਨ ਨੇਤਾਵਾਂ ਦੇ ਮੁਕਾਬਲੇ ਭਲਾ ਦੀਪ ਸਿੱਧੂ ਵਰਗੇ ਮਸ਼ੋਹਰ ਦਾ ਕੀ ਦਾਅਵਾ ਹੈ, ਤੇ ਸ. ਸੰਪੂਰਨ ਸਿੰਘ ਨੇ ਦੀਪ ਸਿੱਧੂ ਨੂੰ ਹੀਰੋ ਬਣਾ ਛਡਿਆ। ਕੀ ਇਨ੍ਹਾਂ ਭਲੇਮਾਣਸਾਂ ਵਿਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਸਮਝਣ ਦੀ ਕਾਬਲੀਅਤ ਹੈ? ਕੀ ਇਹ ਸਰਕਾਰ ਦੇ ਸ਼ਾਤਰ ਆਈ. ਏ. ਐਸ. ਅਫਸਰਾਂ ਜਾਂ ਆਰਥਕ ਮਾਹਰਾਂ ਨਾਲ ਬੈਠ ਕੇ ਦਲੀਲ ਨਾਲ ਗੱਲ ਕਰਨ ਦੀ ਸਮਝ ਰਖਦੇ ਹਨ?
ਲੇਖਕ ਨੂੰ ਇਤਰਾਜ਼ ਹੈ ਕਿ ਕਿਸਾਨ ਆਗੂਆਂ ਨੇ ਸ਼ਾਂਤੀ-ਸ਼ਾਂਤੀ ਦਾ ਰਾਗ ਲਾਈ ਰੱਖਿਆ। ਲੇਖਕ ਨੂੰ ਸ਼ਾਂਤੀ-ਸ਼ਾਂਤੀ ਉਪਰ ਇਤਰਾਜ਼ ਦਾ ਮਤਲਬ ਇਹੀ ਹੈ ਕਿ ਉਨ੍ਹਾਂ ‘ਗੋਲੀ-ਗੋਲੀ` ਜਾਂ ‘ਭੰਨ-ਤੋੜ’ ਦੀ ਦੁਹਾਈ ਦਿੱਤੀ ਹੈ।
ਕੀ ਇਹੀ ਕਾਰਨਾਮਾ ਸਰਕਾਰ ਨਹੀਂ ਸੀ ਚਾਹੁੰਦੀ? ਕੀ ਇਹੀ ਇਕ ਤਰੀਕਾ ਨਹੀਂ ਸੀ ਕਿ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ? ਕੀ ਧਾਰਮਿਕ ਚਿੰਨ੍ਹਾਂ ਨੂੰ ਕਿਰਸਾਣੀ ਚਿੰਨ੍ਹਾਂ ਦੇ ਉਪਰ ਜਾਂ ਬਰਾਬਰ ਖੜ੍ਹਾ ਕਰਨਾ ਹੀ ਸਰਕਾਰ ਦੀ ਤਮੰਨਾ ਨਹੀਂ ਸੀ? ਜੇ ਹਿੰਦੂ ਅਤੇ ਮੁਸਲਮਾਨ ਕਿਸਾਨ ਵੀ ਆਪੋ-ਆਪਣੇ ਮਜ਼੍ਹਬੀ ਨਿਸ਼ਾਨ ਲੈ ਆਉਂਦੇ ਤਾਂ ਕਿਸਾਨ ਦਾ ਨਿਸ਼ਾਨ ਦਬ ਕੇ ਨਾ ਰਹਿ ਜਾਂਦਾ?
ਹੁਲੜਬਾਜ਼ੀ ਜਾਂ ਖਰੂਦ ਕਰ ਕੇ ਸਟੇਜਾਂ ‘ਤੇ ਮਸ਼ਕਰੀਆਂ ਕਰਨ ਵਾਲਿਆਂ ਨੂੰ ਨੌਜਵਾਨਾਂ ਦੇ ਨੇਤਾ ਬਣਾਉਣਾ ਕਿੰਨੀ ਕੁ ਦੂਰ-ਅੰਦੇਸ਼ੀ ਹੈ?
ਮਸਲਾ ਦਲੀਲ ਦਾ ਹੈ, ਮਸਲਾ ਅੰਕੜਿਆਂ ਦਾ ਹੈ, ਮਸਲਾ ਆਰਡੀਨੈਂਸ ਰਾਹੀਂ ਕਾਨੂੰਨ ਲਾਗੂ ਕਰਨ ਦਾ ਹੈ, ਮਸਲਾ ਕਿਸਾਨਾਂ ਨੂੰ ਭਰੋਸੇ ਵਿਚ ਨਾ ਲੈਣ ਦਾ ਹੈ, ਮਸਲਾ ਕਿਸਾਨਾਂ ਵਾਸਤੇ ਦੂਜੇ ਵਸੀਲੇ ਪੈਦਾ ਕਰਨ ਦਾ ਹੈ, ਮਸਲਾ ਤਰਕ ਰਾਹੀਂ ਜਿੱਤਣ ਦਾ ਹੈ, ਨਾ ਕਿ ‘ਲਾ ਲਾ, ਲਾ ਲਾ’ ਕਰ ਕੇ ਆਪਣੇ ਆਪ ਨੂੰ ਗੈਰ-ਸੰਜੀਦਾ ਸਾਬਤ ਕਰਨ ਦਾ।
ਸ਼ ਸੰਪੂਰਨ ਸਿੰਘ ਨੇ ਅਖੀਰ ਵਿਚ ਕਿਸਾਨ ਅੰਦੋਲਨ ਦੇ 40 ਲੀਡਰਾਂ ਨੂੰ ਮਰਨ ਦੀ ਸਲਾਹ ਦਿੱਤੀ ਹੈ। ਕੀ ਇਹ ਸ਼ਾਂਤਮਈ ਸੰਘਰਸ਼ ਦਾ ਹੀ ਹਿੱਸਾ ਨਹੀਂ ਹੋਵੇਗਾ, ਜਦੋਂ ਕਿ ਲੇਖਕ ਨੇ ਇਨ੍ਹਾਂ ਹੀ ਲੀਡਰਾਂ ਦੀ ਸ਼ਾਂਤੀ-ਸ਼ਾਂਤੀ ਉਪਰ ਇਤਰਾਜ਼ ਕੀਤਾ ਹੈ।
ਇਨ੍ਹਾਂ ਤੱਥਾਂ ਤੋਂ ਸਾਬਤ ਹੋ ਰਿਹਾ ਹੈ ਕਿ ਲੇਖਕ ਖੁਦ ਸੇਧ ਤੋਂ ਸੱਖਣਾ ਹੋ ਕੇ ਉਸ ਹੀ ਸਰਕਾਰੀ ਚਾਲ ਦਾ ਹਿੱਸਾ ਬਣ ਬੈਠਾ ਹੈ, ਜਿਸ ਚਾਲ ਨੂੰ ਉਸ ਮੁਤਾਬਕ ਕਿਸਾਨ ਲੀਡਰ ਸਮਝ ਨਹੀਂ ਸਕੇ।
ਕਿਸਾਨ ਲੀਡਰ ਸ਼ੌਕੀਆ ਸਲਾਹਕਾਰਾਂ ਤਾਂ ਕੀ, ਪੇਸ਼ੇਵਰ ਰਾਜਨੀਤਕਾਂ ਤੋਂ ਕਿਤੇ ਵੱਧ ਸਿਆਣੇ ਸਾਬਤ ਹੋ ਰਹੇ ਹਨ, ਜਿਨ੍ਹਾਂ ਨੇ ਸੰਘਰਸ਼ ਨੂੰ ਲੋਕਰਾਜੀ ਤਰੀਕੇ ਨਾਲ ਚਲਾ ਕੇ ਸਾਬਤ ਕੀਤਾ ਹੈ ਕਿ ਕਿਸਾਨੀ ਦਾ ਅਸਲ ਵਫਾਦਾਰ ਕੌਣ ਹੈ। ਕਿਸਾਨੀ ਲੀਡਰਸ਼ਿਪ ਨੇ ਸਿੱਖਾਂ ਦੀ ਕੁੱਲ-ਹਿੰਦ ਸ਼ਾਖ ਬਹਾਲ ਕੀਤੀ ਹੈ, ਜਿਸ ਨੂੰ ਕੋਈ ਸੰਤ, ਸਾਧ ਜਾਂ ਪੇਸ਼ਾਵਰ ਧਾਰਮਿਕ ਭਾਸ਼ਣ ਕਰਤਾ ਨਹੀਂ ਸੀ ਕਰ ਸਕਿਆ। ਸ਼੍ਰੋਮਣੀ ਕਮੇਟੀ ਤਾਂ ਬਿਲਕੁਲ ਵੀ ਨਹੀਂ।
ਸ. ਸੰਪੂਰਨ ਸਿੰਘ ਅਤੇ ਸ. ਅਜਮੇਰ ਸਿੰਘ ਵਰਗੇ ਸੱਜਣਾਂ ਨੂੰ ਇੰਨੀ ਗੱਲ ਵੀ ਦਿਖਾਈ ਨਹੀਂ ਦਿੰਦੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਜਮੇਰ ਸਿੰਘ ਨੇ ਮਸਤੂਆਣਾ ਸਾਹਿਬ ਵਿਖੇ ਆਪਣੀ ਸਪੀਚ ਵਿਚ ਕਿਸਾਨ ਨੇਤਾਵਾਂ ਨੂੰ ਮੂਰਖ ਅਤੇ ਡਰਪੋਕ ਸਾਬਤ ਕਰਕੇ ਛੁਟਿਆਉਣ ਅਤੇ ਦੀਪ ਸਿੱਧੂ ਦੇ ਗੋਗੇ ਗਾਉਣ ਵਿਚ ਸ. ਸੰਪੂਰਨ ਸਿੰਘ ਨੂੰ ਵੀ ਮਾਤ ਪਾ ਦਿਤਾ ਹੈ। ਅਜਮੇਰ ਸਿੰਘ ਦੀਪ ਸਿੱਧੂ ਦੇ ਲਾਲ ਕਿਲੇ ਵਾਲੇ ਕਾਰਨਾਮੇ ਨੂੰ ਜਾਇਜ ਠਹਿਰਾਉਣ ਲਈ ਦਲੀਲਾਂ ਦੇ ਅੰਬਾਰ ਲੁਟਾਈ ਜਾਂਦਾ ਹੈ। ‘ਜੋਸ਼ ਤੇ ਹੋਸ਼’ ਦੇ ਰੋਲ ਨੂੰ ਪ੍ਰਭਾਸਿ਼ਤ ਕਰਦਾ ਹੈ। ਕਹਿੰਦਾ ਹੈ ਕਿ ਕਿਸਾਨ ਆਗੂ ਦਿੱਲੀ ਪੁਲਿਸ ਨੂੰ ਵੰਗਾਰ ਕੇ 26 ਜਨਵਰੀ ਵਾਲੇ ਦਿਨ ਰਿੰਗ ਰੋਡ ‘ਤੇ ਗਏ ਕਿਉਂ ਨਾ। ਵੱਧ ਤੋਂ ਵੱਧ ਫੜੇ ਜਾਂਦੇ ਤਾਂ ਕਿਹੜੀ ਇਨ੍ਹਾਂ ਦੀ ਜਾਨ ਨਿਕਲਦੀ ਸੀ। ਸਭ ਜਾਣਦੇ ਹਨ ਕਿ ਉਸ ਦਿਨ ਜਿਸ ਤਰ੍ਹਾਂ ਦਾ ਮਾਹੌਲ ਸੀ, ਬੰਦੇ ਮਰ ਰਹੇ ਸਨ ਤੇ ਅੰਦੋਲਨ ਦਾ ਨਾਲ ਹੀ ਭੋਗ ਪੈ ਜਾਣਾ ਸੀ ਪਰ ਅਜਮੇਰ ਸਿੰਘ ਨੂੰ ਇਹ ਗੱਲ ਜਚਦੀ ਨਹੀਂ ਹੈ। ਦੂਸਰੇ ਪਾਸੇ ਮਾਲਵਿੰਦਰ ਸਿੰਘ ਮਾਲੀ ਮੂੰਹੋਂ-ਮੂੰਹ ਆਖੀ ਜਾਂਦਾ ਹੈ ਕਿ ਵੋਟਾਂ ਦੇ ਬਾਈਕਾਟ ਦਾ ਪ੍ਰਵਚਨ ਅਜਮੇਰ ਸਿੰਘ ਨੇ ਸਿਰਜਿਆ ਸੀ ਅਤੇ ਵੋਟਾਂ ਦਾ ਬਾਈਕਾਟ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪਿਛੋਂ ਖਾੜਕੂ ਲਹਿਰ ਦਾ ਦਿਨਾਂ ਵਿਚ ਹੀ ਭੋਗ ਪੈ ਗਿਆ ਸੀ। ਅਜਮੇਰ ਸਿੰਘ ਦਾ ਕੁ-ਤਰਕ ਹੈ ਕਿ ਸਿੱਖਾਂ ਨੂੰ ਬੇਸੁ਼ਮਾਰ ਕੁਰਬਾਨੀਆਂ ਦਾ ਮੌਕਾ ਜੇ ਮਿਲਿਆ ਤਾਂ ਮਾੜਾ ਕੀ ਹੋਇਆ।
ਅਜਮੇਰ ਸਿੰਘ ਅਜਿਹੀਆਂ ਕੁਰਬਾਨੀਆਂ ਨੂੰ ਨੁਕਸਾਨ ਕਹਿਣ ਵਾਲੇ ਲੋਕਾਂ ਨੂੰ ਬੇਸਮਝ ਦੱਸਦਾ ਹੈ। ਕਹਿੰਦਾ ਹੈ ਕਿ ਨਿਗਾਹੂ ਸਿੰਘ ਨੇ ਦੀਵਾਨ ਜਸਪੱਤ ਰਾਏ ਦਾ ਸਿਰ ਵੱਢ ਕੇ ਛੋਟੇ ਘਲੂਘਾਰੇ ਲਈ ਨਵਾਬ ਜ਼ਕਰੀਆ ਖਾਨ ਨੂੰ ਜੇ ਉਕਸਾਇਆ ਸੀ ਤਾਂ ਉਸ ਵਿਚ ਮਾੜਾ ਕੀ ਸੀ। ਸਿੱਖਾਂ ਨੂੰ ਪੰਦਰਾਂ ਹਜਾਰ ਸ਼ਹੀਦੀਆਂ ਦੇਣ ਦਾ ਮੌਕਾ ਮਿਲਿਆ। ਨਿਗਾਹੂ ਸਿੰਘ ਸਿੱਖਾਂ ਦਾ ਨਾਇਕ ਸੀ, ਉਸ ਨੇ ਨਾਇਕ ਹੀ ਰਹਿਣਾ ਹੈ।
ਸ. ਸੰਪੂਰਨ ਸਿੰਘ ਹੁਰੀਂ ਆਪਣੇ ਲੇਖ ਵਿਚ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੂੰ ਕਿਸਾਨ ਅੰਦੋਲਨ ਨੂੰ ਅਗਵਾਈ ਦੇਣ ਲਈ ਉਪਰੋਂ ਭੇਜੇ ਮਹਾਂਨਾਇਕ ਦੱਸਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦੋਵੇਂ ਨੌਜਵਾਨ ਕਿਸਾਨਾਂ ਨੂੰ ਉਤਸ਼ਹਿਤ ਕਰਨ ਲਈ ਮਜਬੂਤ ਪ੍ਰੇਰਣਾ ਸਰੋਤਾਂ ਵਜੋਂ ਸਾਹਮਣੇ ਆਏ, ਪਰੰਤੂ ਕਿਸਾਨ ਨੇਤਾਵਾਂ ਦੀ ਬਦਕਿਸਮਤੀ ਕਿ ਉਨ੍ਹਾਂ ਕੋਲੋਂ ਇਨ੍ਹਾਂ ਦਾ ਲਾਹਾ ਲਿਆ ਨਾ ਗਿਆ। ਸ. ਸੰਪੂਰਨ ਸਿੰਘ ਤੇ ਅਜਮੇਰ ਸਿੰਘ ਵਾਂਗੂੰ ਹੀ ਸ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਤਾਰਿਆਂ ਨਾਲ ਗੱਲਾਂ ਕਰਨ ਵਾਲੇ ਦੀਪ ਸਿੱਧੂ ਨੇ ਅਚਾਨਕ ਪੰਜਾਬ ਦੇ ਵਿਹੜੇ ਜਦੋਂ ਦਸਤਕ ਦਿਤੀ ਤਾਂ ਉਸਦੀ ਕੋਈ ਸ਼ਾਨ ਹੀ ਵਖਰੀ ਸੀ, ਜਿਸ ਨੂੰ ਦੇਖ ਸਕਣਾ ਬੁਢੀ ਕਿਸਾਨ ਲੀਡਰਸਿ਼ਪ ਦੇ ਵਸ ਦਾ ਰੋਗ ਹੀ ਨਹੀਂ ਸੀ।
ਸਾਫ ਹੀ ਜਾਹਰ ਹੈ ਕਿ ਕਿਸਾਨ ਆਗੂਆਂ ਨੂੰ ਇਹ ਦਾਨਸ਼ਵਰ ਸੱਜਣ ਉਸੇ ਤਰ੍ਹਾਂ ਦੇ ਧਰਮ ਸੰਕਟ ਵਿਚ ਫਸਾਉਂਦੇ ਨਜ਼ਰ ਆ ਰਹੇ ਹਨ, ਜਿਸ ਕਿਸਮ ਦੇ ਸੰਕਟ ਵਿਚ ਇਨ੍ਹਾਂ ਦੇ ਭਾਈਬੰਦਾਂ ਨੇ ਧਰਮ ਯੁਧ ਮੋਰਚੇ ਦੌਰਾਨ ਅਕਾਲੀ ਨੇਤਾਵਾਂ ਨੂੰ ਫਸਾਇਆ ਸੀ। ਗੁਰੂ ਮਿਹਰ ਕਰੇ-ਨਹੀਂ, ਸਾਨੂੰ ਤਾਂ ਉਸੇ ਤਰ੍ਹਾਂ ਕਲਯੋਗਣਾਂ ਮੰਡਰਾਉਂਦੀਆਂ ਸਾਫ ਨਜ਼ਰ ਆ ਰਹੀਆਂ ਹਨ।
ਭੜਕਾਊ ਅਤੇ ਗੈਰ-ਲੋਕਰਾਜੀ ਗੱਲਾਂ ਜਾਂ ਹੁਲੜਬਾਜ਼ੀ ਕਰ ਕੇ ਜਾਂ ਝੰਡੇ ਲਾਹ ਜਾਂ ਚੜ੍ਹਾ ਕੇ ਇਹ ਮਸਲਾ ਹੱਲ ਹੋਣਾ ਤਾਂ ਕੀ, ਸਗੋਂ ਸਰਕਾਰੀ ਪੈਂਤੜਾ ਹੀ ਹੋ ਕੇ ਰਹਿ ਜਾਵੇਗਾ।