ਚੋਣਾਂ ਵਾਲੇ ਸੂਬਿਆਂ ਵਿਚ ਭਾਜਪਾ ਨੂੰ ਸੇਕ ਲਾਉਣ ਦੀ ਰਣਨੀਤੀ

ਕੋਲਕਾਤਾ: ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਨੇ ਪੱਛਮੀ ਬੰਗਾਲ ਦੇ ਲੋਕਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਵੋਟ ਨਾ ਪਾਉਣ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਨਾਲ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅਸਾਮ, ਕੇਰਲ, ਪੁੱਡੂਚੇਰੀ, ਤਾਮਿਲਨਾਡੂ ਤੇ ਪੱਛਮੀ ਬੰਗਾਲ ‘ਚ ਸੱਤਾ ਦੀ ਭੁੱਖੀ ਅਤੇ ਕਿਸਾਨ ਵਿਰੋਧੀ ਭਾਜਪਾ ਨੂੰ ਚੰਗਾ ਸਬਕ ਸਿਖਾ ਸਕਦੇ ਹਨ। ‘ਜੇ ਤੁਸੀਂ ਸਬਕ ਸਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਭਾਜਪਾ ਦਾ ਹੰਕਾਰ ਟੁੱਟ ਸਕਦਾ ਹੈ ਅਤੇ ਅਸੀਂ ਸਰਕਾਰ ਤੋਂ ਕਿਸਾਨ ਅੰਦੋਲਨ ਦੀਆਂ ਮੰਗਾਂ ਮਨਵਾ ਸਕਦੇ ਹਾਂ।‘

ਕਿਸਾਨਾਂ ਨੇ ਪੱਛਮੀ ਬੰਗਾਲ ਦੇ ਬਹੁਚਰਚਿਤ ਹਲਕੇ ਨੰਦੀਗ੍ਰਾਮ ਅਤੇ ਰਾਜਧਾਨੀ ਕੋਲਕਾਤਾ ‘ਚ ਮਹਾਪੰਚਾਇਤਾਂ ਕਰਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਵੋਟ ਨਾ ਪਾਉਣ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਹੋਈਆਂ ਮਹਾਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਦਾ ਇਰਾਦਾ ਕਿਸਾਨਾਂ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਕੁਚਲਣਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਲੁਟੇਰਿਆਂ ਦੀ ਸਰਕਾਰ ਕਰਾਰ ਦਿੱਤਾ ਅਤੇ ਕਿਹਾ ਕਿ ਜਦੋਂ ਕੰਪਨੀਆਂ ਸੰਸਦ ਚਲਾਉਣਗੀਆਂ ਤਾਂ ਅਜਿਹੀਆਂ ਸਰਕਾਰਾਂ ਗੱਲਬਾਤ ਨਹੀਂ ਕਰਦੀਆਂ, ਉਹ ਵਪਾਰ ਕਰਦੀਆਂ ਹਨ ਅਤੇ ਵਿਦੇਸ਼ੀ ਕੰਪਨੀਆਂ ਹਰ ਖੇਤਰ ਨੂੰ ਤਬਾਹ ਕਰ ਦੇਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਰੇਲਗੱਡੀ ਦੇ ਰੂਟ ਤੱਕ ਵੇਚੇ ਜਾ ਚੁੱਕੇ ਹਨ ਅਤੇ ਕਰੋਨਾ ਦਾ ਤਾਂ ਐਵੇਂ ਹੀ ਬਹਾਨਾ ਲਾਇਆ ਜਾ ਰਿਹਾ ਹੈ। ਸਾਰਿਆਂ ਨੂੰ ਕੇਂਦਰ ਸਰਕਾਰ ਤੋਂ ਬਚਣ ਦੀ ਅਪੀਲ ਕਰਦਿਆਂ ਉਨ੍ਹਾਂ ਭਾਜਪਾ ਖਿਲਾਫ ਵੋਟ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,”ਕਿਸੇ ਨੂੰ ਵੀ ਵੋਟ ਪਾਓ ਪਰ ਭਾਜਪਾ ਨੂੰ ਜਰੂਰ ਹਰਾਓ।“ ਉਨ੍ਹਾਂ ਕਿਹਾ ਕਿ ਭੁੱਖ ਦਾ ਵਪਾਰ ਰੋਕਣ ਲਈ ਰੋਟੀ ਨੂੰ ਤਿਜੋਰੀ ਵਿੱਚ ਬੰਦ ਨਾ ਹੋਣ ਦਿੱਤਾ ਜਾਵੇ। ਸ੍ਰੀ ਟਿਕੈਤ ਨੇ ਕਿਹਾ ਕਿ ਵਾਲਮਾਰਟ ਵਰਗੀਆਂ ਕੰਪਨੀਆਂ ਪੂੰਜੀ ਲਗਾ ਕੇ ਕੀਮਤਾਂ ਨੂੰ ਪ੍ਰਭਾਵਿਤ ਕਰਨਗੀਆਂ। ‘ਕੇਂਦਰ ਸਰਕਾਰ ਨਾਲ ਵੱਡੀ ਲੜਾਈ ਹੈ ਅਤੇ ਕੋਈ ਵੀ ਪਿੱਛੇ ਨਹੀਂ ਹਟੇਗਾ ਕਿਉਂਕਿ ਬੱਚੇ-ਬੱਚੇ ਦੀ ਜੁਬਾਨ ਉਪਰ ‘ਘਰ ਵਾਪਸੀ ਨਹੀਂ ਹੈ। ਜਿੱਤੇ ਬਿਨਾਂ ਘਰ ਨਹੀਂ ਜਾਣਾ ਹੈ।‘ ਉਨ੍ਹਾਂ ਹਰੇ ਰੰਗ ਦੇ ਸਾਫ਼ੇ ਨੂੰ ਹਵਾ ਵਿਚ ਲਹਿਰਾ ਕੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬੰਗਾਲ ‘ਚ ਉਹ ਕਿਸੇ ਹੋਰ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ ਹਨ। ਇਸ ਦੌਰਾਨ ਨਰਮਦਾ ਬਚਾਓ ਅੰਦੋਲਨ ਦੀ ਮੁਖੀ ਮੇਧਾ ਪਾਟੇਕਰ ਨੇ ਨਰਿੰਦਰ ਮੋਦੀ ਸਰਕਾਰ ਦੇ ‘ਨਾਪਾਕ ਮਨਸੂਬਿਆਂ‘ ਖਿਲਾਫ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਹੱਕ ਤੋਂ ਵਾਂਝਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੰਦੀਗ੍ਰਾਮ ਦੇ ਲੋਕਾਂ ਨੂੰ ਭਾਜਪਾ ਖਿਲਾਫ ਵੋਟਾਂ ਪਾ ਕੇ ਹੋਰਾਂ ਨੂੰ ਰਾਹ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ,”ਇਹ ਰਾਬਿੰਦਰਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਮਹਾਨ ਹਸਤੀਆਂ ਦੀ ਧਰਤੀ ਹੈ। ਬੰਗਾਲ ਦੀ ਧਰਤੀ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੂੰ ਇਥੇ ਪੈਰ ਜਮਾਉਣ ਨਹੀਂ ਦੇਵੇਗੀ। ਇਥੋਂ ਦੇ ਕਿਸਾਨ ਈਸਟ ਇੰਡੀਆ ਕੰਪਨੀ ਵਾਂਗ ਹੋਰ ਤਾਕਤਾਂ ਨੂੰ ਸੱਤਾ ਹਾਸਲ ਨਹੀਂ ਕਰਨ ਦੇਣਗੇ।“
ਹੋਰ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਸਾਰੇ ਸੂਬਿਆਂ ਦੇ ਹਰ ਵਰਗਾਂ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਾਰਪੋਰੇਟ ਘਰਾਣਿਆਂ ਦੀ ਜਕੜ ‘ਚ ਹੈ। ਸਰਕਾਰ ਨੂੰ ਕਿਸਾਨ ਵਿਰੋਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਕਰੀਬ 300 ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਨੇ ਦੋ ਮਿੰਟ ਦਾ ਮੌਨ ਤੱਕ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟਾਂ ਦੇ ਹੱਥ ਵਿੱਚ ਹੈ, ਇਸ ਕਰਕੇ ਉਹ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ ਬਚਾਉਣ ਲਈ ਭਾਜਪਾ ਨੂੰ ਸਬਕ ਸਿਖਾਉਣਾ ਪਵੇਗਾ ਨਹੀਂ ਤਾਂ ਜਨਤਕ ਖੇਤਰ ਤਬਾਹ ਹੋ ਕੇ ਰਹਿ ਜਾਵੇਗਾ।
__________________________________________________
ਮੋਦੀ ਭਾਰਤ ਲਈ ਪਾਕਿ ਤੋਂ ਵੀ ਵੱਡਾ ਖਤਰਾ: ਰਾਜੇਵਾਲ
ਕੋਲਕਾਤਾ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਨੰਦੀਗ੍ਰਾਮ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਲਈ ਪਾਕਿਸਤਾਨ ਤੋਂ ਵੀ ਵੱਡਾ ਖਤਰਾ ਹਨ। ਉਨ੍ਹਾਂ ਪੱਛਮੀ ਬੰਗਾਲ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨੂੰ ਵੀ ਵੋਟ ਪਾ ਦੇਣ ਪਰ ਭਾਜਪਾ ਨੂੰ ਨਾ ਪਾਉਣ। ਕਿਸਾਨ ਮਹਾਪੰਚਾਇਤ ਵਿਚ ਰਾਜੇਵਾਲ ਨੇ ਕਿਹਾ ਕਿ ਭਾਜਪਾ ਸਿਰਫ ਵੋਟਾਂ ਦੀ ਰਾਜਨੀਤੀ ਜਾਣਦੀ ਹੈ। ਲੋਕਾਂ ਕੋਲ ਵੋਟ ਦੇ ਰੂਪ ਵਿਚ ਵੱਡਾ ਹਥਿਆਰ ਹੈ। ਕਿਰਪਾ ਕਰ ਕੇ ਇਹ ਵੋਟ ਉਹ ਮੋਦੀ ਨੂੰ ਨਾ ਦੇਣ, ਚਾਹੇ ਹੋਰ ਕਿਸੇ ਨੂੰ ਵੀ ਦੇ ਦੇਣ। ਰਾਜੇਵਾਲ ਨੇ ਇਸ ਮੌਕੇ ਈ.ਵੀ.ਐਮ. ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਮੁੱਕਣ ‘ਤੇ ਇਸ ਬਾਰੇ ਵੀ ਕੁਝ ਕੀਤਾ ਜਾਵੇਗਾ।
________________________________________________
ਬਿਜਲੀ ਬਿੱਲ ਦਾ ਖਰੜਾ ਜਨਤਕ ਕੀਤਾ ਜਾਵੇ: ਮੋਰਚਾ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਵੱਲੋਂ ਸੰਸਦ ਵਿਚ ਬਿਜਲੀ ਸੋਧ ਬਿੱਲ 2021 ਪੇਸ਼ ਕਰਨ ਦੇ ਕਦਮ ਦਾ ਵਿਰੋਧ ਕੀਤਾ ਤੇ ਮੰਗ ਕੀਤੀ ਕਿ ਸੰਸਦ ਦੇ ਮੌਜੂਦਾ ਸੈਸ਼ਨ ਵਿਚ ਪੇਸ਼ ਕਰਨ ਲਈ ਸੂਚੀਬੱਧ ਬਿੱਲ ਦਾ ਖਰੜਾ ਜਨਤਕ ਕੀਤਾ ਜਾਵੇ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਈ.ਡੀ. ਦੇ ਛਾਪਿਆਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਇਸ ਦੀ ਸੰਯੁਕਤ ਕਿਸਾਨ ਮੋਰਚਾ ਨਿਖੇਧੀ ਕਰਦਾ ਹੈ। ਸੁਖਪਾਲ ਖਹਿਰਾ ਕਿਸਾਨ ਅੰਦੋਲਨ ਲਈ ਆਵਾਜ਼ ਉਠਾ ਰਹੇ ਸਨ ਤੇ 26 ਜਨਵਰੀ ਨੂੰ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਦੀ ਮੰਗ ਕਰ ਰਹੇ ਹਨ।