ਹਰਿਆਣਾ ਵਿਚ ਭਾਜਪਾ ਅਤੇ ਜੇ.ਜੇ.ਪੀ. ਆਗੂਆਂ ਦਾ ਬਾਈਕਾਟ

ਚੰਡੀਗੜ੍ਹ: ਹਰਿਆਣਾ ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ ਦੀ ਖਿਲਾਫਤ ਕਰਨ ਵਾਲੇ ਭਾਜਪਾ-ਜੇ.ਜੇ.ਪੀ. ਗੱਠਜੋੜ ਦੇ ਨਾਲ-ਨਾਲ ਆਜ਼ਾਦ ਵਿਧਾਇਕਾਂ ਖਿਲਾਫ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਵਿਚ ਭਾਜਪਾ ਅਤੇ ਜੇ.ਜੇ.ਪੀ. ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਜਿਥੇ ਕਿਸਾਨਾਂ ਨੇ ਪਹਿਲਾਂ ਭਾਜਪਾ-ਜੇ.ਜੇ.ਪੀ. ਆਗੂਆਂ ਦੇ ਰਾਜਨੀਤਕ ਸਮਾਗਮਾਂ ਦਾ ਬਾਈਕਾਟ ਕੀਤਾ ਸੀ, ਉਥੇ ਹੁਣ ਵਿਧਾਇਕਾਂ ਸਣੇ ਸੀਨੀਅਰ ਆਗੂਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ।

ਪਿੰਡਾਂ ਦੇ ਬਾਹਰ ਬੋਰਡ ਲਗਾ ਕੇ ਵਿਧਾਇਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਬੰਦੀ ਦੇ ਬਾਵਜੂਦ ਦਾਖਲ ਹੋਣ ‘ਤੇ ਜਾਨ ਮਾਲ ਦੀ ਰਾਖੀ ਖੁਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਹਰਿਆਣਾ ਦੇ ਹਿਸਾਰ, ਕੁਰੂਕਸ਼ੇਤਰ, ਉਚਾਣਾ, ਅੰਬਾਲਾ, ਭਿਵਾਨੀ, ਜੀਂਦ ਅਤੇ ਕੈਥਲ ਸਣੇ ਸੂਬੇ ਦੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਬਾਹਰ ਖਾਪ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਬੋਰਡ ਲਗਾ ਕੇ ਭਾਜਪਾ ਅਤੇ ਜੇ.ਜੇ.ਪੀ. ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਵਿਰੋਧ ਪਾਣੀਪਤ, ਸੋਨੀਪਤ ਤੇ ਸਿਰਸਾ ਵਿਚ ਵੀ ਦਿਖਾਈ ਦੇ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ-ਜੇ.ਜੇ.ਪੀ. ਨੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਵਲੋਂ ਲਿਆਂਦੇ ਬੇਭਰੋਸਗੀ ਮਤੇ ਦੀ ਖਿਲਾਫਤ ਕਰ ਕੇ ਕਿਸਾਨੀ ਵਿਰੋਧੀ ਚਿਹਰਾ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵਿਰੋਧ ਦੇ ਬਾਵਜੂਦ ਉਕਤ ਆਗੂਆਂ ਨੂੰ ਬੁਲਾਉਣ ਵਾਲੇ ਲੋਕਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂ ਆਜ਼ਾਦ ਪਲਵਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਿਹਾ ਹੈ ਤਾਂ ਪਹਿਲਾਂ ਹਰਿਆਣਾ ਸਰਕਾਰ ਨੇ ਦਿੱਲੀ ਕੂਚ ਕਰ ਰਹੇ ਕਿਸਾਨਾਂ ‘ਤੇ ਅੱਤਿਆਚਾਰ ਕੀਤਾ ਜਿਸ ਤੋਂ ਬਾਅਦ ਖਾਲਿਸਤਾਨੀ, ਅਤਿਵਾਦੀ ਤੇ ਮਾਓਵਾਦੀ ਕਹਿ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕ ਲਈ ਲੜਾਈ ਲੜ ਰਹੇ ਹਨ। ਇਸ ਲੜਾਈ ਵਿਚ ਜੋ ਵੀ ਕਿਸਾਨਾਂ ਨਾਲ ਖੜ੍ਹੇਗਾ, ਭਵਿੱਖ ਵਿਚ ਕਿਸਾਨ ਵੀ ਉਸੇ ਦੇ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੀ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਜਪਾ-ਜੇ.ਜੇ.ਪੀ. ਦੇ ਆਗੂਆਂ ਦਾ ਸਮਾਜਿਕ ਬਾਈਕਾਟ ਕਰਦਿਆਂ ਉਨ੍ਹਾਂ ਦੇ ਸਾਰੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਝੱਜਰ, ਉਕਲਾਣਾ ਵਿਚ ਦੋ ਸਮਾਗਮ ਰੱਖੇ ਗਏ ਸਨ, ਪਰ ਕਿਸਾਨਾਂ ਦੇ ਵਿਰੋਧ ਕਾਰਨ ਦੋਵੇਂ ਸਮਾਗਮ ਰੱਦ ਕਰ ਦਿੱਤੇ ਗਏ। ਪਿਛਲੇ ਹਫਤੇ ਹਰਿਆਣਾ ਵਿਚ ਗੱਠਜੋੜ ਦੇ ਪੰਜ ਵੱਡੇ ਸਮਾਗਮ ਰੱਖੇ ਗਏ ਸਨ ਜਿਨ੍ਹਾਂ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ, ਇਕ ਸੰਸਦ ਮੈਂਬਰ ਅਤੇ ਤਿੰਨ ਵਿਧਾਇਕਾਂ ਨੇ ਪਹੁੰਚਣਾ ਸੀ ਪਰ ਕਿਸਾਨਾਂ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿਰੋਧ ਵਿਚ ਕੀਤੇ ਗਏ ਰੋਸ ਪ੍ਰਦਰਸ਼ਨਾਂ ਕਰ ਕੇ ਸਾਰੇ ਸਮਾਗਮ ਰੱਦ ਕਰਨੇ ਪਏ। ਇਸ ਦੌਰਾਨ ਕਿਸਾਨ ਆਗੂਆਂ ਨੇ ਗੱਠਜੋੜ ਸਰਕਾਰ ਨਾਲ ਸਬੰਧ ਰੱਖਣ ਵਾਲੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰਨਾਂ ਆਗੂਆਂ ਦੇ ਸਿਆਸੀ ਤੇ ਸਮਾਜਿਕ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ। ਝੱਜਰ ਦੇ ਗੁਰੂਕੁਲ ਵਿੱਚ ਰੱਖੇ ਸਾਲਾਨਾ ਸਮਾਗਮ ਵਿਚ ਭਾਜਪਾ ਸੂਬਾ ਪ੍ਰਧਾਨ ਓਪੀ ਧਨਖੜ ਨੇ ਬਤੌਰ ਮੁੱਖ ਮਹਿਮਾਨ ਜਾਣਾ ਸੀ ਪਰ ਧਨਖੜ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੇ ਗੁਰੂਕੁਲ ਨੂੰ ਜਾਣ ਵਾਲੀਆਂ ਸੜਕਾਂ ‘ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਧਨਖੜ ਉਕਤ ਸਮਾਗਮ ਵਿੱਚ ਨਹੀਂ ਗਏ। ਇਸੇ ਤਰ੍ਹਾਂ ਭਿਵਾਨੀ ਦੇ ਪਿੰਡ ਇਸਰਵਾਲ ਵਿਚ ਸੰਸਦ ਮੈਂਬਰ ਧਰਮਵੀਰ ਨੇ ਆਪਣੇ ਸਿਆਸੀ ਗੁਰੂ ਅਤੇ ਸਾਬਕਾ ਮੰਤਰੀ ਜਗਨਨਾਥ ਦੇ ਸ਼ਰਧਾਂਜਲੀ ਸਮਾਗਮ ਵਿਚ ਜਾਣਾ ਸੀ। ਕਿਸਾਨਾਂ ਨੇ ਸਮਾਗਮ ਨੂੰ ਜਾਣ ਵਾਲੀਆਂ ਸੜਕਾਂ ‘ਤੇ ਟਰੈਕਟਰ ਖੜ੍ਹੇ ਕਰ ਕੇ ਸਾਰੇ ਰਾਹ ਬੰਦ ਕਰ ਦਿੱਤੇ ਜਿਸ ਕਰ ਕੇ ਸੰਸਦ ਮੈਂਬਰ ਧਰਮਵੀਰ ਨੂੰ ਆਪਣਾ ਸਮਾਗਮ ਰੱਦ ਕਰਨਾ ਪਿਆ।
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੈ ਚੌਟਾਲਾ ਦੇ ਜਨਮ ਦਿਨ ਸਬੰਧੀ ਕੁਰੂਕਸ਼ੇਤਰ ਦੇ ਸਰਕਟ ਹਾਊਸ ਵਿੱਚ ਸਮਾਗਮ ਰੱਖਿਆ ਹੋਇਆ ਸੀ ਜਿੱਥੇ ਜੇ.ਜੇ.ਪੀ. ਵਿਧਾਇਕ ਰਾਮ ਕੁਮਾਰ ਕਾਲਾ ਨੇ ਪਹੁੰਚ ਕੇ ਸਫਾਈ ਕਰਮਚਾਰੀਆਂ ਦਾ ਸਨਮਾਨ ਕਰਨਾ ਸੀ। ਸਮਾਗਮ ਦੀ ਜਾਣਕਾਰੀ ਮਿਲਦੇ ਹੀ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਸਰਕਟ ਹਾਊਸ ਦੇ ਬਾਹਰ ਜਿੰਦਰਾ ਲਗਾ ਦਿੱਤਾ। ਕਿਸਾਨਾਂ ਦੇ ਰੋਹ ਦੇ ਮੱਦੇਨਜਰ ਜੇ.ਜੇ.ਪੀ. ਆਗੂਆਂ ਨੂੰ ਸਮਾਗਮ ਰੱਦ ਕਰਨਾ ਪਿਆ। ਕੁਰੂਕਸ਼ੇਤਰ ਵਿਚ ਹੀ ਵਿਧਾਇਕ ਰਣਧੀਰ ਗੋਲਾਨ ਨੇ ਸਿਆਸੀ ਮੀਟਿੰਗ ਵਿਚ ਜਾਣਾ ਸੀ ਜਿਥੇ ਉਹ ਨਾ ਪਹੁੰਚ ਸਕੇ। ਇਸੇ ਤਰ੍ਹਾਂ ਆਜ਼ਾਦ ਵਿਧਾਇਕ ਧਰਮਪਾਲ ਗੌਂਦੜ ਨੇ ਕਰਨਾਲ ਦੇ ਪਿੰਡ ਨੀਲੋਖੇੜੀ ਦੀ ਗਊਸ਼ਾਲਾ ਦੇ ਸਾਲਾਨਾ ਸਮਾਗਮ ਵਿਚ ਜਾਣਾ ਸੀ ਪਰ ਕਿਸਾਨਾਂ ਦੇ ਰੋਹ ਕਾਰਨ ਉਹ ਨਹੀਂ ਗਏ।
_________________________________________
ਦਸੰਬਰ ਤੱਕ ਚੱਲ ਸਕਦਾ ਹੈ ਕਿਸਾਨ ਅੰਦੋਲਨ: ਟਿਕੈਤ
ਪ੍ਰਯਾਗਰਾਜ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਚੱਲ ਰਿਹਾ ਕਿਸਾਨ ਅੰਦੋਲਨ ਇਸ ਸਾਲ ਦਸੰਬਰ ਤੱਕ ਚੱਲਣ ਦੀ ਸੰਭਾਵਨਾ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਹੀ ਹੈ। ਪੱਛਮੀ ਬੰਗਾਲ ਦਾ ਦੌਰਾਨ ਕਰਨ ਮਗਰੋਂ ਪ੍ਰਯਾਗਰਾਜ ਪਹੁੰਚੇ ਟਿਕੈਤ ਨੇ ਝਲਵਾ ‘ਚ ਕਿਹਾ, ‘ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਚੱਲਣ ਦੀ ਆਸ ਹੈ।‘ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਆਪਣੇ ਬੰਗਾਲ ਦੌਰੇ ਬਾਰੇ ਟਿਕੈਤ ਨੇ ਦੱਸਿਆ, ‘ਦਿੱਲੀ ‘ਚ ਸਰਕਾਰ ਦੇ ਲੋਕ ਪੱਛਮੀ ਬੰਗਾਲ ਦੇ ਕਿਸਾਨਾਂ ਤੋਂ ਇਕ ਮੁੱਠੀ ਅਨਾਜ ਮੰਗ ਰਹੇ ਹਨ। ਅਸੀਂ ਕਿਸਾਨਾਂ ਨੂੰ ਕਿਹਾ ਕਿ ਜਦੋਂ ਉਹ ਚੌਲ ਦੇਣ ਤਾਂ ਅਨਾਜ ਮੰਗਣ ਵਾਲਿਆਂ ਨੂੰ ਕਹਿਣ ਕਿ ਉਹ ਇਸ ‘ਤੇ ਐਮ.ਐਸ.ਪੀ. ਵੀ ਤੈਅ ਕਰਵਾ ਦੇਣ ਅਤੇ 1850 ਰੁਪਏ ਦਾ ਭਾਅ ਦਿਵਾਉਣ।‘
_________________________________________
ਕਿਸਾਨਾਂ ਨੇ ਭਾਜਪਾ ਦਾ ਸਿਖਲਾਈ ਕੈਂਪ ਰੁਕਵਾਇਆ
ਜੀਂਦ: ਵਿਧਾਨ ਸਭਾ ਨਰਵਾਣਾ ਦੇ ਭਾਜਪਾ ਕਾਰਕੁਨਾਂ ਦੇ ਇਕ ਰੋਜ਼ਾ ਸਿਖਲਾਈ ਕੈਂਪ ਦਾ ਵੱਡੀ ਗਿਣਤੀ ਕਿਸਾਨਾਂ ਨੇ ਵਿਰੋਧ ਕੀਤਾ ਜਿਸ ਕਾਰਨ ਹਾਲਾਤ ਤਣਾਅ ਵਾਲੇ ਬਣੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਨਰਵਾਣਾ ਦੇ ਆਦਰਸ਼ ਸਕੂਲ ‘ਚ ਭਾਜਪਾ ਕਾਰਕੁਨਾਂ ਦਾ ਸਿਖਲਾਈ ਕੈਂਪ ਰੱਖਿਆ ਗਿਆ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ‘ਚ ਕਿਸਾਨ ਤੇ ਕਿਸਾਨ ਬੀਬੀਆਂ ਨੇ ਮੌਕੇ ‘ਤੇ ਪਹੁੰਚ ਕੇ ਸਕੂਲ ਦਾ ਘਿਰਾਓ ਕਰ ਲਿਆ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਵਿਰੋਧ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਕਾਰਕੁਨਾਂ ਨੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਪਰ ਕਿਸਾਨ ਸਕੂਲ ਗੇਟ ਉਤੇ ਹੀ ਖੜ੍ਹੇ ਨਾਅਰੇਬਾਜ਼ੀ ਕਰਦੇ ਰਹੇ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਤੇ ਭਾਜਪਾ ਆਗੂਆਂ ਦਾ ਟਕਰਾਅ ਤਾਂ ਰੁਕਵਾ ਦਿੱਤਾ ਪਰ ਜਦੋਂ ਤੱਕ ਪ੍ਰੋਗਰਾਮ ਬੰਦ ਨਹੀਂ ਕਰ ਦਿੱਤਾ ਗਿਆ ਉਦੋਂ ਤੱਕ ਕਿਸਾਨਾਂ ਨਾਅਰੇਬਾਜ਼ੀ ਕਰਦੇ ਰਹੇ। ਪ੍ਰਸ਼ਾਸਨ ਨੇ ਕਈ ਸ਼ਿਫਟਾਂ ਵਿਚ ਭਾਜਪਾ ਕਾਰਕੁਨਾਂ ਨੂੰ ਸਕੂਲ ਤੋਂ ਬਾਹਰ ਕੱਢਿਆ।