ਜੱਟਾਂ ਲਈ ਰਾਖਵੇਂਕਰਨ ਦੇ ਹੱਕ ਵਿਚ ਡਟੇ ਅਮਰਿੰਦਰ ਸਿੰਘ

ਚੰਡੀਗੜ੍ਹ: ਸਰਕਾਰੀ ਨੌਕਰੀਆਂ ਵਿਚ ਜੱਟਾਂ ਨੂੰ ਰਾਖਵਾਂਕਰਨ ਸਮੇਤ ਬਰਾਦਰੀ ਨੂੰ ਦਰਪੇਸ਼ ਹੋਰ ਚੁਣੌਤੀਆਂ ਤੇ ਭਵਿੱਖ ਦੀ ਰਣਨੀਤੀ ਉਲੀਕਣ ਲਈ ਸਰਬ ਭਾਰਤੀ ਜੱਟ ਮਹਾਂਸਭਾ ਵੱਲੋਂ ਲੰਘੇ ਦਿਨੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਜੱਟ ਮਹਾਂਸੰਮੇਲਨ ਕਰਵਾਇਆ ਗਿਆ। ਮਹਾਂਸਭਾ ਦੇ ਨਵੇਂ ਕੌਮੀ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਏ ਸੰਮੇਲਨ ਵਿਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਜਾਟ ਮਹਾਂਸਭਾ ਇਸਤਰੀ ਵਿੰਗ ਦੀ ਪ੍ਰਧਾਨ ਚੌਧਰੀ ਰੇਣੁਕਾ ਚੌਧਰੀ, ਸਭਾ ਦੇ ਜਨਰਲ ਸਕੱਤਰ ਚੌਧਰੀ ਯੁੱਧਵੀਰ ਸਿੰਘ, ਨਰੇਸ਼ ਟਿਕੈਤ ਤੇ ਵੱਖ ਵੱਖ ਜੱਟ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਸੰਮੇਲਨ ਵਿਚ ਸ਼ਮੂਲੀਅਤ ਕਰਨ ਪੁੱਜੇ ਕੈਪਟਨ ਅਮਰਿੰਦਰ ਸਿੰਘ ਦਾ ਢੋਲ ਨਗਾੜੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨਗੀ ਮਿਲਣ ਤੋਂ ਬਾਅਦ ਪਹਿਲੀ ਵਾਰੀ ਜੱਟ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਜੱਟਾਂ ਨੂੰ ਰਾਖਵਾਂਕਰਨ ਦਿਵਾਉਣ ਲਈ ਪੂਰੀ ਲੜਾਈ ਲੜੀ ਜਾਵੇਗੀ। ਉਨ੍ਹਾਂ ਸਰਕਾਰੀ ਨੌਕਰੀਆਂ ਵਿਚ ਜੱਟਾਂ ਨੂੰ ਓæਬੀæਸੀæ ਅਧੀਨ ਰਾਖਵਾਂਕਰਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜੱਟਾਂ ਦੀ ਸਮਾਜਿਕ, ਆਰਥਿਕ,ਵਿਦਿਅਕ ਤੇ ਰਾਜਨੀਤਕ ਹਾਲਤ ਵਿਚ ਸੁਧਾਰ ਲਿਆਉਣ ਲਈ ਰਾਖਵਾਂਕਰਨ ਬਹੁਤ ਹੀ ਜ਼ਰੂਰੀ ਹੈ।
ਪੰਜਾਬ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਜੱਟਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਕੋਲ ਜ਼ਮੀਨ ਘਟਦੀ-ਘਟਦੀ ਸਿਰਫ ਪੰਜ ਏਕੜ ਤੱਕ ਰਹਿ ਗਈ ਹੈ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਜੱਟ ਬਰਾਦਰੀ ਨੂੰ ਬਹਾਦਰੀ ਤੇ ਮਿਹਨਤ ਦਾ ਸੁਮੇਲ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀ ਮਜਬੂਤੀ ਤੇ ਵਿਕਾਸ ਵਿਚ ਜੱਟਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ।
ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਸਾਰੀਆਂ ਜੱਟ ਸੰਸਥਾਵਾਂ ਨੂੰ ਇਕਜੁਟ ਹੋਣ ਦਾ ਸੱਦਾ ਦਿੰਦਿਆਂ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੱਟ ਸ਼ਬਦ ਜਾਤੀ ਸੂਚਕ ਨਹੀਂ ਬਲਕਿ ਨਿਆਂ ਦਾ ਪ੍ਰਤੀਕ ਹੈ। ਜਾਟ ਮਹਾਂਸਭਾ ਇਸਤਰੀ ਵਿੰਗ ਦੀ ਪ੍ਰਧਾਨ ਚੌਧਰੀ ਰੇਣੁਕਾ ਚੌਧਰੀ ਨੇ ਜੱਟਾਂ ਵਿਚ ਵਧ ਰਹੀ ਭਰੂਣ ਹੱਤਿਆਂ ਦੇ ਰੁਝਾਨ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਰਾਖਵਾਂਕਰਨ ਦੇਣ ਦੇ ਹੱਕ ਵਿਚ ਹੈ। ਇਸ ਮੌਕੇ ਵਿਧਾਇਕ ਗੁਰਜੀਤ ਸਿੰਘ ਰਾਣਾ, ਮੁਹੰਮਦ ਸਦੀਕ, ਚੌਧਰੀ ਵੀਰੇਂਦਰ ਸਿੰਘ, ਯੁਵਰਾਜ ਰਣਇੰਦਰ ਸਿੰਘ, ਯੋਗਾਨੰਦ ਸ਼ਾਸਤਰੀ ਨੇ ਸ਼ਿਰਕਤ ਕੀਤੀ ।

Be the first to comment

Leave a Reply

Your email address will not be published.