ਸਰਕਾਰ ਨੇ ਕਰਜ਼ਾ ਮੁਆਫੀ ਸਮਾਗਮਾਂ ‘ਤੇ ਪਾਣੀ ਵਾਂਗ ਵਹਾਇਆ ਪੈਸਾ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਸਿਆਸੀ ਭੱਲ ਖੱਟਣ ਲਈ ਪੰਜਾਬ ‘ਚ ‘ਕਰਜ਼ਾ ਮੁਆਫੀ ਸਬੰਧੀ ਪ੍ਰੋਗਰਾਮਾਂ‘ ਉਤੇ ਹੀ 9.36 ਕਰੋੜ ਰੁਪਏ ਦੀ ਰਕਮ ਖਰਚ ਦਿੱਤੀ ਹੈ। ਸਰਕਾਰੀ ਤੱਥ ਬੋਲਦੇ ਹਨ ਕਿ ਪੰਜਾਬ ਸਰਕਾਰ ਨੇ ਬੀਤੇ ਚਾਰ ਸਾਲਾਂ ਦੌਰਾਨ ਕਿਸਾਨਾਂ-ਮਜਦੂਰਾਂ ਦੀ ਖੁਦਕੁਸ਼ੀ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਵਜੋਂ 9.72 ਕਰੋੜ ਵੰਡੇ ਹਨ ਪਰ ਕਰਜ਼ਾ ਮੁਆਫੀ ਵੰਡ ਸਮਾਰੋਹਾਂ ‘ਤੇ ਵੀ ਕਰੀਬ 9.36 ਕਰੋੜ ਦੀ ਰਾਸ਼ੀ ਖਰਚ ਦਿੱਤੀ ਗਈ। ਉਂਜ ਕਿਸਾਨਾਂ ਦੀ ਪੂਰੀ ਕਰਜ਼ਾ ਮੁਆਫੀ ਅਜੇ ਹਵਾ ‘ਚ ਲਟਕੀ ਹੋਈ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਸਬੰਧੀ ਮਾਨਸਾ ਅਤੇ ਮਹਿਰਾਜ ‘ਚ ਹੋਏ ਸਮਾਗਮਾਂ ਦੌਰਾਨ ਖੁਦ ਵੀ ਸ਼ਮੂਲੀਅਤ ਕੀਤੀ ਸੀ। ਇਸ ਮਗਰੋਂ ਜਿਲ੍ਹਾ ਪੱਧਰੀ ਸਮਾਰੋਹ ਵੀ ਹੋਏ ਸਨ ਜਿਨ੍ਹਾਂ ਵਿਚ ਵਜ਼ੀਰ ਸ਼ਾਮਲ ਹੋਏ ਸਨ। ਮਾਨਸਾ ਵਿਚ ਤਾਂ ਕਿਸਾਨਾਂ ਦੇ ਮਨੋਰੰਜਨ ਵਾਸਤੇ ਗਾਇਕ ਗੁਰਦਾਸ ਮਾਨ ਵੀ ਸੱਦਿਆ ਗਿਆ ਸੀ। ਇਨ੍ਹਾਂ ਸਮਾਰੋਹਾਂ ਦੇ ਪ੍ਰਬੰਧਾਂ ਵਿਚ ਡਿਪਟੀ ਕਮਿਸ਼ਨਰ, ਲੋਕ ਸੰਪਰਕ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੀ ਸ਼ਮੂਲੀਅਤ ਸੀ। ਇਹ ਸਮਾਰੋਹ ਵੱਡੇ ਪੱਧਰ ‘ਤੇ ਪ੍ਰਚਾਰੇ ਗਏ ਸਨ ਅਤੇ ਵੱਡੇ ਇਕੱਠ ਕੀਤੇ ਗਏ ਸਨ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਮੰਡੀ ਬੋਰਡ ਵੱਲੋਂ ਇਨ੍ਹਾਂ ਸਮਾਗਮਾਂ ‘ਤੇ ਆਏ ਖਰਚ ਵਜੋਂ ਵੱਖ-ਵੱਖ ਵਿਭਾਗਾਂ ਨੂੰ 9.36 ਕਰੋੋੜ ਦੀ ਅਦਾਇਗੀ ਕੀਤੀ ਗਈ ਹੈ। ਜੋ ਸਟੇਜਾਂ ਤੋਂ ਵੱਡ-ਅਕਾਰੀ ਸਰਟੀਫਿਕੇਟ ਕਿਸਾਨਾਂ ਨੂੰ ਤਕਸੀਮ ਕੀਤੇ ਗਏ ਸਨ, ਉਨ੍ਹਾਂ ‘ਤੇ ਕੋਈ ਵੱਖਰਾ ਖਰਚਾ ਨਹੀਂ ਆਇਆ ਸੀ। ਪੰਜਾਬ ਸਰਕਾਰ ਨੇ ਲੰਘੇ ਚਾਰ ਵਰ੍ਹਿਆਂ ਦੌਰਾਨ 5.64 ਲੱਖ ਕਿਸਾਨਾਂ ਦਾ 4624 ਕਰੋੜ ਦਾ ਕਰਜ਼ਾ ਮੁਆਫ ਕੀਤਾ ਹੈ।
ਸੂਬੇ ‘ਚ 1.13 ਲੱਖ ਕਿਸਾਨਾਂ ਦੇ ਹਾਲੇ 1186 ਕਰੋੜ ਦੇ ਕਰਜ਼ੇ ਮੁਆਫ ਕਰਨੇ ਬਾਕੀ ਹਨ। ਐਤਕੀਂ ਦੇ ਬਜਟ ਵਿਚ 2.85 ਲੱਖ ਖੇਤ ਮਜ਼ਦੂਰਾਂ ਤੇ ਗੈਰ-ਜਮੀਨੇ ਕਿਸਾਨਾਂ ਦੇ 520 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਉਪਬੰਧ ਕੀਤਾ ਗਿਆ ਹੈ। ਪਿਛਲੇ ਬਜਟ ਵਿਚ ਵੀ ਇਹ ਰਾਸ਼ੀ ਰੱਖੀ ਗਈ ਸੀ ਪਰ ਪੂਰਾ ਸਾਲ ਸੁੱਕਾ ਹੀ ਲੰਘ ਗਿਆ। ਪਿੱਛੇ ਨਜ਼ਰ ਮਾਰੀਏ ਤਾਂ ਕੈਪਟਨ ਸਰਕਾਰ ਨੇ ਪਹਿਲੇ ਬਜਟ ਵਿਚ 10.25 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ।
ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦਾ ਸਮੁੱਚਾ 90 ਹਜ਼ਾਰ ਕਰੋੋੜ ਰੁਪਏ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੱਤਾ ‘ਚ ਆਉਣ ਮਗਰੋਂ 10 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ ਪਰ ਅਖੀਰ ‘ਚ ਮੁਆਫ 4624 ਕਰੋੜ ਰੁਪਏ ਹੀ ਕੀਤਾ ਗਿਆ ਹੈ।