ਕਿਸਾਨੀ ਅੰਦੋਲਨ ਵਿਚ ਨਾਨਕ ਬਾਣੀ ਦਾ ਪ੍ਰਗਟਾਵਾ

ਵੱਖ-ਵੱਖ ਵਿਦਵਾਨਾਂ ਨੇ ਭਾਰਤ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਛਿੜੇ ਹੋਏ ਮਿਸਾਲੀ ਕਿਸਾਨ ਅੰਦੋਲਨ ਬਾਰੇ ਵਿਚਾਰ ਸਾਂਝੇ ਕੀਤੇ ਹਨ ਅਤੇ ਇਸ ਅੰਦੋਲਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਵੀ ਨਿੱਠ ਕੇ ਲੇਖਾ-ਜੋਖਾ ਕੀਤਾ ਹੈ। ਸ. ਹਾਕਮ ਸਿੰਘ ਨੇ ਇਸ ਅੰਦੋਲਨ ਦੀਆਂ ਜੜ੍ਹਾਂ ਬਾਰੇ ਅਣਮੁੱਲੇ ਵਿਚਾਰ ਆਪਣੇ ਇਸ ਲੇਖ ਵਿਚ ਪ੍ਰਗਟਾਏ ਹਨ ਅਤੇ ਨਾਲ ਹੀ ਤਾਕੀਦ ਕੀਤੀ ਹੈ ਕਿ

ਅਜਿਹੇ ਸੰਘਰਸ਼ਾਂ ਦੇ ਅਗਲੇ ਰਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਵਿਚੋਂ ਹੋ ਕੇ ਹੀ ਲੰਘਦੇ ਹਨ। -ਸੰਪਾਦਕ

ਹਾਕਮ ਸਿੰਘ

ਗੁਰੂ ਨਾਨਕ ਬਾਣੀ ਨੇ ਭਾਰਤੀ ਧਾਰਮਕ ਵਿਚਾਰਧਾਰਾ ਵਿਚ ਪ੍ਰਚਲਤ ਜਾਤੀਵਾਦ ਅਤੇ ਪੁਜਾਰੀਵਾਦ ਦੀਆਂ ਅਮਾਨਵੀ ਰੀਤਾਂ ਦਾ ਖੰਡਨ ਕਰਕੇ ਉਸ ਵਿਚਾਰਧਾਰਾ ਦੇ ਉਤਮ ਤੱਤਾਂ ਨੂੰ ਵਿਸ਼ਵਵਿਆਪੀ ਬਣਾ ਦਿੱਤਾ ਸੀ। ਭਾਰਤ ਦੀ ਸਨਾਤਨੀ ਧਾਰਮਕ ਵਿਚਾਰਧਾਰਾ ਨੇ ਲੋਕਾਂ ਵਿਚ ਜਨਮ ਦੇ ਆਧਾਰ ਤੇ ਵੰਡੀਆਂ ਪਾਈਆਂ ਹੋਈਆਂ ਸਨ ਅਤੇ ਬ੍ਰਾਹਮਣ ਪੁਜਾਰੀਆਂ ਨੇ ਆਪਣੇ ਸੁਆਰਥ ਲਈ ਲੋਕਾਂ ਨੂੰ ਜੀਵਨ ਵਿਚ ਉਦਮ ਅਤੇ ਮਿਹਨਤ ਕਰਕੇ ਜੀਵਨ ਨੂੰ ਬਿਹਤਰ ਬਣਾਉਣ ਦੀ ਥਾਂ ਮਰਨ ਮਗਰੋਂ ਮਿਲਣ ਵਾਲੇ ਜੀਵਨ ਨੂੰ ਸਵਰਗ ਵਿਚ ਸੁਖਾਲਾ ਅਤੇ ਖੁਸ਼ਹਾਲ ਬਣਾਉਣ ਲਈ ਪੁਜਾਰੀਆਂ ਨੂੰ ਦਾਨ ਕਰਨ ਦੀ ਪ੍ਰਥਾ ਪ੍ਰਚਲਤ ਕੀਤੀ ਹੋਈ ਸੀ। ਗੁਰੂ ਨਾਨਕ ਨੇ ਲੋਕਾਂ ਨੂੰ ਇਹ ਕੁਰੀਤਾਂ ਤਿਆਗ ਕੇ ਮਨੁੱਖਾਂ ਨੂੰ ਬਰਾਬਰ ਸਮਝਣ ਅਤੇ ਮਰਨ ਮਗਰੋਂ ਮਿਲਣ ਵਾਲੇ ਜੀਵਨ ਦੀ ਚਿੰਤਾ ਛੱਡ ਕੇ ਇਸੇ ਜੀਵਨ ਨੂੰ ਸਵੈਮਾਣ ਨਾਲ ਸਿਮਰਨ, ਉਦਮ, ਮਿਹਨਤ, ਮਿਲਵਰਤਣ ਅਤੇ ਨਿਸ਼ਕਾਮ ਸੇਵਾ ਕਰਨ ਵਾਲਾ ਬਣਾਉਣ ਲਈ ਪ੍ਰੇਰਿਆ। ਉਨ੍ਹਾਂ ਦਾ ਸੰੰਦੇਸ਼ ਸੀ: “ਘਾਲ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥” (ਪੰਨਾ 1245) ਅਤੇ “ਉਦਮੁ ਕਰੇਦਿਆ ਜੀਉ ਤੂੰ॥ ਕਮਾਵਦਿਆਂ ਸੁਖ ਭੁੰਚੁ” (ਪੰਨਾ 522)। ਗੁਰਗੱਦੀ ਅਤੇ ਉਦਾਸੀ ਮੱਤ ਦੇ ਉਪਾਸ਼ਕਾਂ ਵਲੋਂ ਗੁਰੂ ਨਾਨਕ ਵਿਚਾਰਧਾਰਾ ਦੇ ਸ਼ਰਧਾਲੂਆਂ ਨੂੰ ਸਨਾਤਨੀ ਵਿਚਾਰਧਾਰਾ ਨਾਲ ਜੋੜਨ ਅਤੇ ਸ਼ਾਸਨ ਦੀ ਅਧੀਨਗੀ ਪਰਵਾਨ ਕਰਨ ਦੀ ਸਿਰਤੋੜ ਕੋਸ਼ਿਸ਼ ਕੀਤੀ ਗਈ ਜੋ ਹੁਣ ਤੱਕ ਜਾਰੀ ਹੈ ਪਰ ਗੁਰੂ ਨਾਨਕ ਦੇ ਸ਼ਰਧਾਲੂਆਂ ਨੇ ਉਸ ਨੂੰ ਪ੍ਰਵਾਨ ਨਾ ਕੀਤਾ। ਨਤੀਜੇ ਵਜੋਂ, ਸ਼ਾਸਨ ਅਤੇ ਸਿੱਖ ਸ਼ਰਧਾਲੂਆਂ ਵਿਚ ਵਿਰੋਧ, ਸੰਘਰਸ਼ ਅਤੇ ਜੰਗ ਦੀ ਸਥਿਤੀ ਬਣੀ ਰਹੀ। ਸਦੀਆਂ ਬੱਧਾ ਸੰਘਰਸ਼ ਸਿੱਖ ਸਮਾਜ ਨੂੰ ਪ੍ਰਭੂ ਦੀ ਬੰਦਗੀ, ਗੁਰੂ ਪ੍ਰਤੀ ਸ਼ਰਧਾ, ਆਪਸੀ ਮਿਲਵਰਤਣ, ਕਿਰਤ ਵਾਲਾ ਉਦਮੀ, ਮਿਹਨਤੀ ਅਤੇ ਸੇਵਾ ਭਾਵਨਾ ਵਾਲਾ ਨਿਰਭੈ ਅਤੇ ਨਿਰਵੈਰ ਜੀਵਨ ਦ੍ਰਿੜ ਕਰਵਾਉਂਦਾ ਚਲਾ ਗਿਆ। ਸਿੱਖ ਸਮਾਜ ਕਿਸਾਨ ਅਤੇ ਛੋਟੇ ਵਪਾਰੀਆਂ ਨਾਲ ਜੁੜਿਆ ਹੋਣ ਕਾਰਨ ਸਾਧਾਰਨ ਲੋਕ ਇਸ ਨੂੰ ਅਪਣਾਉਂਦੇ ਚਲੇ ਗਏੇ। ਸਿੱਖੀ ਜੀਵਨ ਪੂੰਜੀ ਆਧਾਰਤ ਸਮਾਜ ਦੇ ਅਨੁਕੂਲ ਨਾ ਬਣ ਸਕਿਆ ਅਤੇ ਅਕਸਰ ਪੱਛਮੀ ਵਿਚਾਰਧਾਰਾ ਦੇ ਸਮਰਥਕਾਂ ਨਾਲ ਟਕਰਾਉਂਦਾ ਰਿਹਾ।
ਇਥੇ ਭਾਰਤ ਦੇ ਪਿਛੋਕੜ ਬਾਰੇ ਸੰਖੇਪ ਵਿਚਾਰ ਕਰਨੀ ਵੀ ਵਾਜਿਬ ਹੋਵੇਗੀ। ਭਾਰਤ ਦੀ ਆਰਥਕਤਾ ਦਾ ਆਧਾਰ ਪਿੰਡ ਸੀ। ਹਰ ਪਿੰਡ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਸੀ ਅਤੇ ਆਪਣੇ ਵਸਨੀਕਾਂ ਦੀਆਂ ਤਕਰੀਬਨ ਸਾਰੀਆਂ ਮੂਲ ਲੋੜ ਪੂਰੀ ਕਰਨ ਦੇ ਸਮਰਥ ਸੀ। ਭਾਰਤ ਵਿਚ ਧਰਤੀ ਨੂੰ ਮਾਂ ਦਾ ਰੁਤਬਾ ਹਾਸਲ ਸੀ। ਉਸ ਨੂੰ ਵੰਡਣ ਅਤੇ ਵੇਚਣ ਵਾਲੀ ਸੋਚ ਨੂੰ ਮਾਂ ਦਾ ਅਪਮਾਨ ਸਮਝਿਆ ਜਾਂਦਾ ਸੀ। ਪਿੰਡ ਦੀ ਖੁਦਮੁਖਤਾਰੀ ਆਮ ਲੋਕਾਂ ਦੇ ਜੀਵਨ ਨੂੰ ਦਿੱਲੀ ਦੇ ਰਾਜ ਵਿਚ ਅਦਲਾ ਬਦਲੀ ਹੋਣ ਤੇ ਪ੍ਰਭਾਵਤ ਨਹੀਂ ਸੀ ਹੋਣ ਦਿੰੰਦੀ ਪਰ ਅੰਗਰੇਜ਼ਾਂ ਦੇ ਰਾਜ ਨੇ ਇਹ ਸਭ ਕੁਝ ਬਦਲ ਦਿੱਤਾ ਕਿਉਂਕਿ ਉਨ੍ਹਾਂ ਦਾ ਮਨੋਰਥ ਭਾਰਤ ਦੀ ਕਿਸਾਨੀ ਨੂੰ ਪੱਛਮੀ ਆਰਥਕ ਪ੍ਰਣਾਲੀ ਦੇ ਅਨੁਕੂਲ ਅਤੇ ਲੋਕਾਂ ਨੂੰ ਗੁਲਾਮ ਬਣਾ ਕੇ ਲੁਟਣਾ ਸੀ। ਪੱਛਮੀ ਆਰਥਿਕ ਪ੍ਰਣਾਲੀ ਆਤਮ ਨਿਰਭਰ ਪਿੰਡ ਦੇ ਉਲਟ ਪੂੰਜੀ ਅਤੇ ਨਿੱਜੀ ਅਧਿਕਾਰ ਤੇ ਆਧਾਰਤ ਸੀ। ਉਹ ਮਨੁੱਖ ਨੂੰ ਨਹੀਂ ਸੰਪਤੀ ਅਤੇ ਉਸ ਦੇ ਮਾਲਕ ਨੂੰ ਪ੍ਰਥਮ ਮੰਨਦੀ ਸੀ। ਅੰਗਰੇਜ਼ ਸਰਕਾਰ ਨੇ 1820 ਵਿਚ ਮਦਰਾਸ, ਬੰਬਈ ਅਤੇ ਦਖਣੀ ਭਾਰਤ ਅਤੇ ਦੂਜੇ ਖੇਤਰਾਂ ਵਿਚ ਜ਼ਮੀਨ ਦੀ ਮਲਕੀਅਤ ਨਿਰਧਾਰਤ ਕਰਨ ਲਈ ਰਈਅਤਵਾਰੀ ਅਤੇ ਮਾਹਲਵਾਰੀ ਪ੍ਰਣਾਲੀਆਂ ਅਤੇ ਪਰਮਾਨੈਂਟ ਸੈਟਲਮੈਂਟ ਲਾਗੂ ਕਰ ਦਿੱਤੇ। ਕਾਸ਼ਤਕਾਰ ਕਿਸਾਨ ਰਈਅਤ ਬਣ ਗਏ ਅਤੇ ਧਰਤੀ ਵਪਾਰਕ ਵਸਤੂ ਹੋ ਗਈ। ਬੁਹਤੀਆਂ ਥਾਵਾਂ ਤੇ ਸਰਕਾਰੀ ਦਫਤਰਾਂ ਵਿਚ ਪਿੰਡ ਦਾ ਮਾਮਲਾ ਦੇਣ ਲਈ ਨਿਯੁਕਤ ਕੀਤੇ ਵਿਅਕਤੀ ਨੂੰ ਹੀ ਸਰਕਾਰੀ ਰਜਿਸਟਰਾਂ ਵਿਚ ਪਿੰਡ ਦਾ ਮਾਲਕ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਜੋ ਪਿੰਡ ਦਾ ਮਾਲਕ ਅਤੇ ਵੱਡਾ ਜ਼ਿਮੀਂਦਾਰ ਬਣ ਗਿਆ। ਅੰਗਰੇਜ਼ ਸਰਕਾਰ ਨੇ ਜ਼ਮੀਨ ਤੇ ਟੈਕਸ ਵਧਾ ਦਿੱਤੇ ਅਤੇ ਨਕਦੀ ਅਦਾਇਗੀ ਲਾਗੂ ਕਰ ਦਿੱਤੀ ਜਿਸ ਨਾਲ ਆਮ ਕਿਸਾਨ ਸ਼ਾਹੂਕਾਰਾਂ ਦਾ ਕਰਜ਼ਦਾਰ ਹੋ ਕੇ ਭੂਮੀਹੀਣ ਹੁੰਦਾ ਚਲਾ ਗਿਆ। ਬੰਧੂਆ ਮਜ਼ਦੂਰੀ ਸ਼ੁਰੂ ਹੋ ਗਈ, ਕਾਲ ਪੈਣ ਲੱਗ ਪਏ ਅਤੇ ਕਿਸਾਨੀ ਅੰਦੋਲਨਾਂ ਦਾ ਦੌਰ ਸ਼ੁਰੂ ਹੋ ਗਿਆ। 1947 ਤਕ ਭਾਰਤ ਵਿਚ 7% ਲੋਕ 75% ਜ਼ਮੀਨ ਦੇ ਮਾਲਕ ਬਣ ਚੁਕੇ ਸਨ ਪਰ ਪੰਜਾਬ ਦੀ ਆਰਥਕ ਹਾਲਤ ਬਾਕੀ ਭਾਰਤ ਨਾਲੋਂ ਕੁਝ ਵਖਰੀ ਸੀ ਕਿਉਂਕਿ ਲਾਇਲਪੁਰ, ਸ਼ੇਖੂਪੁਰਾ ਅਤੇ ਬਾਰ ਦੇ ਇਲਾਕੇ ਵਿਚ ਸਿੱਖ ਕਿਸਾਨਾਂ ਦੇ ਉਦਮ ਅਤੇ ਮਿਹਨਤ ਨੇ ਉਸ ਨੂੰ ਖੁਸ਼ਹਾਲ ਬਣਾ ਦਿੱਤਾ ਸੀ।
ਭਾਰਤ ਦੀ ਕਿਸਾਨੀ ਨੂੰ ਗੁਲਾਮ ਬਣਾਉਣ ਦੇ ਨਾਲ ਨਾਲ ਭਾਰਤ ਨੂੰ ਪੱਛਮੀ ਸਭਿਆਚਾਰ ਨਾਲ ਜੋੜਨ ਲਈ ਲਾਰਡ ਮਕਾਲੇ ਨੇ ਅੰਗਰੇਜ਼ੀ ਮਾਧਿਅਮ ਵਾਲੀ ਸਿਖਿਆ ਪ੍ਰਣਾਲੀ ਸਥਾਪਤ ਕਰਨ ਦਾ ਸੁਝਾਅ ਦਿੱਤਾ ਜੋ ਲਾਗੂ ਹੋ ਗਿਆ। 1885 ਵਚ ਐਲਨ ਹਿਊਮ ਨੇ ਇੰਡੀਆਨ ਨੈਸਨਲ ਕਾਂਗਰਸ ਦੀ ਸਥਾਪਨਾ ਕਰ ਕੇ ਭਾਰਤ ਨੂੰ ਪੱਛਮੀ ਰਾਜ ਪ੍ਰਣਾਲੀ ਦੀਆਂ ਲ਼ੀਹਾਂ ‘ਤੇ ਪਾ ਦਿੱਤਾ। ਕਾਂਗਰਸ ਦੇ ਬਹੁਤੇ ਲੀਡਰ ਇੰਗਲੈਂਡ ਤੋਂ ਉੱਚ ਵਿਦਿਆ ਪ੍ਰਾਪਤ ਵਿਅਕਤੀ ਅਤੇ ਪੱਛਮੀ ਵਿੱਦਿਆ, ਆਰਥਕਤਾ ਅਤੇ ਸਭਿਆਚਾਰ ਦੇ ਪ੍ਰਸੰਸਕ ਸਨ। ਭਾਰਤ ਦੀ ਆਜ਼ਾਦੀ ਮਗਰੋਂ ਕਾਂਗਰਸ਼ੀ ਲੀਡਰਾਂ ਨੇ ਭਾਰਤ ਵਿਚ ਉਦਯੋਗ ਅਤੇ ਸਰਮਏਦਾਰੀ ਨਿਜ਼ਾਮ ਨੂੰ ਪ੍ਰਫੁਲਤ ਕਰਨ ਲਈ ਪਲੈਨਿੰਗ ਕਮਿਸ਼ਨ ਬਣਾਇਆ ਜਿਸ ਦਾ ਮੁੱਖ ਮਨੋਰਥ ਭਾਰਤ ਵਿਚ ਮੂਲ ਉਦਯੋਗਾਂ ਨੂੰ ਹੁਲਾਰਾ ਦੇਣਾ ਸੀ ਪਰ ਭਾਰਤ ਖੇਤੀ ਪ੍ਰਧਾਨ ਦੇਸ਼ ਸੀ ਜਿਸ ਲਈ ਖੇਤੀਬਾੜੀ ਨੂੰ ਯੋਜਨਾਬੱਧ ਢੰਗ ਨਾਲ ਵਿਕਸਤ ਕਰਨ ਲਈ ਵਖਰਾ ਖੇਤੀਬਾੜੀ ਪਲੈਨਿੰਗ ਕਮਿਸ਼ਨ ਬਣਾਉਣ ਦੀ ਵੀ ਓਨੀ ਹੀ ਲੋੜ ਸੀ। ਵਖਰੇ ਖੇਤੀਬਾੜੀ ਕਮਿਸ਼ਨ ਦੀ ਲੋੜ ਇਸ ਲਈ ਵੀ ਸੀ ਕਿਉਂਕਿ ਉਦਯੋਗ ਅਤੇ ਖੇਤੀਬਾੜੀ ਵਿਚ ਮੂਲ ਅੰਤਰ ਹੈ। ਉਦਯੋਗ ਬੇਜਾਨ ਪਦਾਰਥ ਤੋਂ ਬੇਜਾਨ ਵਸਤਾਂ ਅਤੇ ਮਸ਼ੀਨਾਂ ਬਣਾਉਣ ਦੀ ਪ੍ਰਕਿਰਿਆ ਹੈ ਅਤੇ ਇਸ ਵਿਚ ਸਫਲਤਾ ਲਈ ਉਦਯੋਗਪਤੀ ਨੂੰ ਦੂਜੇ ਉਦਯੋਗਪਤੀਆਂ ਨਾਲ ਮੁਕਾਬਲਾ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਦੇ ਉਲਟ ਖੇਤੀ ਅਤੇ ਇਸ ਨਾਲ ਜੁੜੇ ਸਾਰੇ ਕਿੱਤੇ ਜਿਊਂਦੀ ਬਨਸਪਤੀ ਜਾਂ ਜਿਊਂਦੀਆਂ ਜਾਨਾਂ ਨਾਲ ਸਬੰਧਤ ਹਨ ਇਸ ਲਈ ਇਨ੍ਹਾਂ ਕਿਤਿਆਂ ਵਿਚ ਆਪਣੀ ਕਿਰਤ ਵਲ ਪਿਆਰ ਭਾਵਨਾ ਹੋਣੀ ਜ਼ਰੂਰੀ ਹੁੰਦੀ ਹੈ। ਇਨ੍ਹਾਂ ਕਿੱਤਿਆਂ ਵਿਚ ਸਫਲਤਾ ਮੁਕਾਬਲੇ ਦੀ ਥਾਂ ਮਿਲਵਰਤਨ ਅਤੇ ਸਹਿਯੋਗ ਤੇ ਨਿਰਭਰ ਕਰਦੀ ਹੈ। ਉਪਜ ਵਧਾਉਣ ਲਈ ਇੱਕ ਦੂਜੇ ਤੋਂ ਸਿਖਣਾ ਅਤੇ ਉਸ ਨਾਲ ਰਲ ਮਿਲ ਕੇ ਕੰਮ ਕਰਨਾ ਪੈਂਦਾ ਹੈ। ਖੇਤੀ ਮਿੱਟੀ ਅਤੇ ਪਾਣੀ ਦੇ ਸੁਮੇਲ ਤੇ ਆਧਾਰਤ ਕਿੱਤਾ ਹੈ ਅਤੇ ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ। ਕਿਸਾਨ ਦਾ ਪੈਦਾ ਕੀਤਾ ਅਨਾਜ ਮਨੁੱਖ ਨੂੰ ਜੀਵਨ, ਸ਼ਕਤੀ ਅਤੇ ਕੰਮ ਕਰਨ ਦਾ ਸਮਰਥਾ ਪ੍ਰਦਾਨ ਕਰਦਾ ਹੈ। ਮਸ਼ੀਨਾਂ ਅਤੇ ਜੰਤਰ ਮਨੁੱਖ ਦੀ ਕੰਮ ਕਰਨ ਦੀ ਯੋਗਤਾ ਵਿਚ ਵਾਧਾ ਕਰਦੇ ਹਨ ਅਤੇ ਅਕਸਰ ਉਸ ਦੇ ਹੰਕਾਰ ਨੂੰ ਵੀ ਹੁਲਾਰਾ ਦਿੰਦੇ ਹਨ। ਖੇਤੀ ਮਨੁੱਖਤਾ ਨੂੰ ਜਿਊਂਦਾ ਰਖਦੀ ਹੈ। ਕਿਸਾਨ ਦੀ ਉਪਜ ਤੇ ਹੀ ਮਨੁੱਖਾ ਜੀਵਨ ਆਸਰਤ ਹੈ ਜਦੋਂ ਕਿ ਉਦਯੋਗੀ ਵਸਤਾਂ ਅਤੇ ਮਸ਼ੀਨਾਂ ਜੀਵਨ ਲਈ ਜ਼ਰੂਰੀ ਨਹੀਂ ਹੁੰਦੀਆਂ। ਉਨ੍ਹਾਂ ਦੀ ਲੋੜ ਪੈਦਾ ਕਰਨੀ ਪੈਂਦੀ ਹੈ ਜਿਸ ਲਈ ਉਦਯੋਗਪਤੀ ਉਨ੍ਹਾਂ ਲਈ ਇਸ਼ਤਿਹਾਰ ਦਿੰਦੇ ਹਨ। ਪੱਛਮੀ ਆਰਥਕ ਪ੍ਰਣਾਲੀ ਦਾ ਮੁੱਖ ਮਨੋਰਥ ਮੁਨਾਫਾ ਕਮਾਉਣਾ ਅਤੇ ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਨਾ ਹੈ। ਪੱਛਮੀ ਰਾਜ ਪ੍ਰਣਾਲੀ ‘ਪਾੜੋ ਅਤੇ ਰਾਜ ਕਰੋ’ ਦੇ ਸਿਧਾਂਤ ‘ਤੇ ਆਧਾਰਤ ਹੈ ਅਤੇ ਘੱਟ ਗਿਣਤੀਆਂ ਨਾਲ ਵਿਤਕਰਾ ਕਰਨ ਅਤੇ ਉਨ੍ਹਾਂ ਨੂੰ ਦਬਾ ਕੇ ਰਖਣ ਦੀ ਨੀਤੀ ਵਿਚ ਵਿਸ਼ਵਾਸ ਰੱਖਦੀ ਹੈ। ਇਨ੍ਹਾਂ ਪ੍ਰਣਾਲੀਆਂ ਵਿਚ ਮਨੁੱਖਤਾ ਦਾ ਸਹੀ ਜ਼ਿਕਰ ਨਹੀਂ ਕੀਤਾ ਜਾਂਦਾ।
ਪੰਜਾਬ ਦਾ ਪਿਛੋਕੜ ਭਾਰਤ ਨਾਲੋਂ ਕੁਝ ਵਖਰਾ ਰਿਹਾ ਹੈ। ਪੰਦਰਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੇ ਪੰਜਾਬ ਵਿਚ ਇੱਕ ਅਲਗ ਅਤੇ ਭਾਰਤ ਨਾਲੋਂ ਵਖਰਾ ਗੁਰਬਾਣੀ ਕੇਂਦਰਤ ਸਭਿਆਚਾਰ ਹੋਂਦ ਵਿਚ ਆ ਗਿਆ ਸੀ ਜਿਸ ਨੇ ਨਵੀਂ ਅਤੇ ਵਖਰੀ ਮਾਨਵੀ ਵਿਚਾਰਧਾਰਾ ਨੂੰ ਜਨਮ ਦਿੱਤਾ। ਇਸ ਵਿਚਾਰਧਾਰਾ ਦਾ ਆਧਾਰ ਸਾਰੀ ਕਾਇਨਾਤ ਦੇ ਅਦਿੱਖ ਕਰਤੇ ਪ੍ਰਭੂ ਦੀ ਹੋਂਦ ਵਿਚ ਵਿਸ਼ਵਾਸ ਸੀ ਜੋ ਸਾਰੀ ਸ੍ਰਿਸ਼ਟੀ ਨੂੰ ਆਪ ਆਪਣੇ ਹੁਕਮੀ ਨੇਮਾਂ ਅਨੁਸਾਰ ਚਲਾ ਰਿਹਾ ਹੈ। ਉਸੇ ਕਰਤੇ ਪ੍ਰਭੂ ਨੇ ਮਨੁੱਖੀ ਸਰੀਰ ਵਿਚ ਮਨ ਦੁਆਰਾ ਆਪਣਾ ਅੰਸ਼ ਪਾਇਆ ਹੋਇਆ ਹੈ। ਪ੍ਰਭੂ ਦਾ ਅੰਸ਼ ਹੋਣ ਕਾਰਨ ਹਰ ਵਿਅਕਤੀ ਨਿੱਜੀ ਆਜ਼ਾਦੀ ਅਤੇ ਮਨੁੱਖੀ ਬਰਾਬਰੀ ਦਾ ਹੱਕਦਾਰ ਹੈ ਪਰ ਮਨ ਮਨੁੱਖ ਨੂੰ ਜਨਮ ਤੋਂ ਹੀ ਪ੍ਰਭੂ ਦਾ ਅੰਸ਼ ਸਮਝਣ ਦੀ ਥਾਂ ਉਸ ਨੂੰ ਆਪਣੀ ਵਖਰੀ ਆਜ਼ਾਦ ਹਸਤੀ ਹੋਣ ਦਾ ਭਰਮ ਪਾ ਦਿੰਦਾ ਹੈ। ਇਸ ਭਰਮ ਨੂੰ ਗੁਰਬਾਣੀ ਹਉਮੈ, ਮੈਂ ਹਾਂ, ਆਖਦੀ ਹੈ। ਹਉਮੈ ਦੇ ਪ੍ਰਭਾਵ ਅਧੀਨ ਮਨੁੱਖ ਪ੍ਰਭੂ ਨੂੰ ਭੁਲਾ ਦਿੰਦਾ ਹੈ ਅਤੇ ਹਉਮੈ ਮਨੁੱਖ ਦਾ ਵਡਾ ਰੋਗ ਬਣ ਜਾਂਦੀ ਹੈ ਜਿਸ ਨੂੰ ਕੇਵਲ ਪ੍ਰਭੂ ਦੀ ਯਾਦ ਹੀ ਦੂਰ ਕਰਨ ਦੇ ਸਮ੍ਰਥ ਹੁੰਦੀ ਹੈ। ਪ੍ਰਭੂ ਦੇ ਅੰਸ਼ ਦਾ ਮਨੋਰਥ ਪ੍ਰਭੂ ਮਿਲਾਪ ਹੈ ਜੋ ਮਨੁੱਖ ਨੂੰ ਪ੍ਰਭੂ ਦੇ ਗਿਆਨ ਦੁਅਰਾ ਪ੍ਰਾਪਤ ਹੁੰਦਾ ਹੈ ਅਤੇ ਉਹ ਗਿਆਨ ਦਇਆ, ਸੰਤੋਖ, ਜਤ ਅਤੇ ਸਤ ਵਾਲਾ ਧਾਰਮਕ ਜੀਵਨ ਧਾਰਨ ਕਰਨ ਨਾਲ ਸ਼ਬਦ-ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਗੁਰਬਾਣੀ ਦੱਸਦੀ ਹੈ ਕਿ ਪ੍ਰਭੂ ਆਪਣੀ ਸਾਰੀ ਕਾਏਨਾਤ ਵਿਚ ਵਸ ਰਿਹਾ ਹੈ: “ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥” (ਪੰਨਾ 463) ਅਤੇ “ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥” (ਪੰਨਾ 922) ਅਤੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਨ ਨਾਲ ਪ੍ਰਭੂ ਮਿਲਾਪ ਦੀ ਸੰਭਾਵਨਾ ਬਣ ਜਾਂਦੀ ਹੈ। “ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥” (ਪੰਨਾ 26)।
ਇਸ ਮਾਨਵੀ ਵਿਚਾਰਧਾਰਾ ਦਾ ਪ੍ਰਚਲਤ ਸੰਸਾਰਕ ਵਿਚਾਰਧਾਰਾ ਅਤੇ ਸਭਿਆਚਾਰ ਨਾਲ ਟਕਰਾਓ ਹੋਣਾ ਸੁਭਾਵਕ ਸੀ। ਜਦੋਂ ਇਹ ਵਿਚਾਰਧਾਰਾ ਲੋਕ ਪਰੀਆ ਹੋਣ ਲੱਗ ਪਈ ਤਾਂ ਗੁਰਗੱਦੀ ਦੇ ਚਾਹਵਾਨ ਅਤੇ ਸਥਾਪਤ ਧਾਰਮਕ ਵਿਚਾਰਧਾਰਾ ਦੇ ਸਮਰਥਕ ਮੁਗਲ ਸ਼ਾਸਨ ਨੂੰ ਸ਼ਿਕਾਇਤਾਂ ਕਰਨ ਲੱਗ ਪਏ। ਸਮਾਂ ਪੈਣ ਨਾਲ ਉਨ੍ਹਾਂ ਦਾ ਵਿਰੋਧ ਅਤੇ ਸ਼ਾਸਨ ਦਾ ਵਿਹਾਰ ਹਿੰਸਕ ਰੂਪ ਧਾਰਨ ਕਰ ਗਿਆ। ਬੰਦਾ ਬਹਾਦਰ ਦੇ ਪੰਜਾਬ ਆਉਣ ਨਾਲ ਜੰਗ ਦੀ ਸਥਿਤੀ ਪੈਦਾ ਹੋ ਗਈ ਅਤੇ ਉਸ ਦੀ ਸ਼ਹੀਦੀ ਉਪਰੰਤ ਮੁਗਲ ਸ਼ਾਸਨ ਨੇ ਸਿੱਖਾਂ ਦੀ ਨਸਲਕੁਸ਼ੀ ਦਾ ਐਲਾਨ ਕਰ ਦਿੱਤਾ। ਸਿੱਖ ਜੰਗਲਾਂ ਵਿਚ ਰਹਿਣ ਅਤੇ ਮੁਗਲ ਸ਼ਾਸਨ ਦਾ ਟਾਕਰਾ ਕਰਨ ਲੱਗ ਪਏ। ਸਮਾਂ ਪੈਣ ਨਾਲ ਮੁਗਲ ਸ਼ਾਸਨ ਕਮਜ਼ੋਰ ਹੋ ਗਿਆ। ਮੁਗਲ ਸ਼ਾਸਨ ਕਮਜ਼ੋਰ ਹੋਣ ਤੇ ਨਾਦਰ ਸ਼ਾਹ ਅਤੇ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਨੂੰ ਲੁੱਟਣ ਲਈ ਉਸ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀਆਂ ਧਾੜਵੀ ਫੌਜਾਂ ਪੰਜਾਬ ਵਿਚੋਂ ਦੀ ਜਾਂਦੀਆਂ ਹੋਈਆਂ ਪੰਜਾਬ ਨੂੰ ਵੀ ਲੁਟਣ ਲੱਗ ਪਈਆਂ ਪਰ ਪੰਜਾਬ ਅਤੇ ਦਿੱਲੀ ਵਿਚ ਫਰਕ ਸੀ। ਪੰਜਾਬ ਵਿਚ ਗੁਰੂ ਦੇ ਵਰੋਸਾਏ ਸਿੱਖ ਵਸਦੇ ਸਨ ਜੋ ਆਪਣੇ ਧਰਮ ਅਤੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਅਤੇ ਜੰਗ ਕਰਨ ਤੋਂ ਸੰਕੋਚ ਨਹੀਂ ਸਨ ਕਰਦੇ। ਸਿੱਖਾਂ ਦੀਆਂ 12 ਮਿਸਲਾਂ ਨੇ ਅਬਦਾਲੀ ਵਿਰੁਧ ਸੰਘਰਸ਼ ਵਿੱਢ ਦਿੱਤਾ। ਅਬਦਾਲੀ ਹੰਭ ਕੇ ਅਫਗਾਨਿਸਤਾਨ ਮੁੜ ਗਿਆ। ਮਿਸਲਾਂ ਨੂੰ ਮਿਲਾ ਅਤੇ ਜਿੱਤ ਕੇ ਰਣਜੀਤ ਸਿੰਘ ਨੇ ਆਪਣਾ ਰਾਜ ਕਾਇਮ ਕਰ ਲਿਆ। ਉਸ ਸਮੇਂ ਦੇ ਸਿੱਖ ਸਿੱਖੀ ਜੀਵਨ ਦੇ ਮੁਢਲੇ ਸਿਧਾਂਤਾਂ ਦੀ ਪਾਲਣਾ ਕਰਦੇ ਸਨ ਅਤੇ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਨਹੀਂ ਸਨ ਸਮਝਦੇ। ਉਨ੍ਹਾਂ ਹੀ ਸਿੱਖੀ ਸਿਧਾਂਤਾਂ ਦਾ ਪ੍ਰਗਟਾਵਾ ਸਿੱਖ ਫੌਜੀਆਂ ਨੇ ਅੰਗਰੇਜ਼ਾਂ ਨਾਲ ਜੰਗਾਂ ਵਿਚ ਕੀਤਾ। ਉਨ੍ਹਾਂ ਦੀ ਬਹਾਦਰੀ ਅਤੇ ਨੈਤਿਕਤਾ ਬੇਮਿਸਾਲ ਹੋ ਨਿਬੜੀ। ਸ਼ਾਹ ਮੁਹਮੰਦ ਲਿਖਦਾ ਹੈ: “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ। ਸੈਆਂ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਢਾਹੁੰਦੇ ਸਣੇ ਅੰਬਾਰੀਆਂ ਨੀ। ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।” ਜੰਗ ਨੂੰ ਜਿੱਤ ਕੇ ਹਾਰਨਾ ਸਿੱਖਾਂ ਦੇ ਭੋਲੇਪਣ ਅਤੇ ਨੇਕ ਸੀਰਤ ਅਤੇ ਅੰਗਰੇਜ਼ ਸਰਕਾਰ ਦੇ ਧੋਖੇਬਾਜ਼ੀ ਅਤੇ ਨੈਤਿਕ ਗਿਰਾਵਟ ਦਾ ਪ੍ਰਤੀਕ ਸੀ।
ਸਿੱਖਾਂ ਨੂੰ ਈਸਾਈ ਮੱਤ ਦੇ ਪ੍ਰਭਾਵ ਤੋਂ ਬਚਾਉਣ ਲਈ ਸਿੰਘ ਸਭਾਵਾਂ ਹੋਂਦ ਵਿਚ ਆਈਆਂ ਜਿਨ੍ਹਾਂ ਦੇ ਵਿਆਪਕ ਪ੍ਰਚਾਰ ਨੇ ਆਮ ਸਿੱਖਾਂ ਵਿਚ ਧਾਰਮਕ ਜਾਗ੍ਰਤੀ ਲੈ ਆਂਦੀ।
ਅੰਗਰੇਜ਼ ਸਰਕਾਰ ਸ਼ੁਰੂ ਤੋਂ ਹੀ ਸਿੱਖ ਧਰਮ ਦਾ ਵਿਰੋਧ ਕਰ ਰਹੀ ਸੀ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਹੱਤਵਹੀਣ ਸਿੱਧ ਕਰਨ ਲਈ ਅਰਨੈਸਟ ਟਰੰਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਦੀ ਜ਼ਿੰਮੇਵਾਰੀ ਸੌਂਪੀ। ਗੁਰੂ ਨਾਨਕ ਦਾ ਮਾਨਵੀ ਸੰਦੇਸ਼ ਸਾਰੇ ਜਗਤ ਲਈ ਸੀ ਪਰ ਅੰਗਰੇਜ਼ਾਂ ਵਲੋਂ 1809 ਵਿਚ ਮੈਟਕਾਫ ਟਰੀਟੀ ਰਾਹੀਂ ਪੰਜਾਬ ਦੀ ਸਰਹੱਦ ਸਤਲੁਜ ਨਿਸਚਤ ਕਰਨ ਨਾਲ ਨਾਨਕ ਵਿਚਾਰਧਾਰਾ ਦਾ ਪ੍ਰਭਾਵ ਅੰਬਾਲੇ ਦੇ ਪੱਛਮ ਤਕ ਸੀਮਤ ਹੋ ਕੇ ਰਹਿ ਗਿਆ ਜਿਸ ਤੇ ਸਿੱਖ ਗੁਰਦੁਆਰਾਜ਼ ਐਕਟ ਅਤੇ ਅਕਾਲੀ ਦਲ ਦੀ ਸਿਆਸਤ ਨੇ ਮੋਹਰ ਲਾ ਦਿੱਤੀ।
ਅੰਗਰੇਜ਼ੀ ਸਾਮਰਾਜ ਵਿਚ ਸਿੱਖਾਂ ਨੂੰ ਆਜ਼ਾਦ ਜੀਵਨ ਜਿਊਣ ਲਈ ਨਿਰੰਤਰ ਸੰਘਰਸ਼ ਕਰਨੇ ਪਏ। ਉਨ੍ਹਾਂ ਦੀਆਂ ਵਧੀਕੀਆਂ ਵਿਰੁਧ ਨਾਮਧਾਰੀ ਲਹਿਰ ਉਠੀ ਜਿਸ ਵਿਚ ਸਿੱਖਾਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਅਤੇ ਬਹੁਤ ਸਾਰੇ ਨਾਮਧਾਰੀ ਕੂਕਿਆਂ ਨੂੰ ਤੋਪਾਂ ਨਾਲ ਬੰਨ੍ਹ ਕੇ ਉਡਾ ਦਿੱਤਾ ਗਿਆ। ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਰਿਟਾਇਰਡ ਫੌਜੀ ਅਤੇ ਦੂਜੇ ਵਸ ਰਹੇ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਅਨਿਆਂ ਅਤੇ ਜ਼ਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ਵਿਚ ਗੁਰਦੁਆਰੇ ਸਥਾਪਤ ਕਰ ਲਏ ਜਿਨ੍ਹਾਂ ਵਿਚ ਐਤਵਾਰ ਨੂੰ ਦੀਵਾਨ ਸਜਣ ਲੱਗ ਪਏ ਅਤੇ ਉਨ੍ਹਾਂ ਦੀਵਾਨਾਂ ਵਿਚ ਸਿੱਖਾਂ ਨੂੰ ਆਪਣੇ ਹੱਕਾਂ ਅਤੇ ਸਵੈਮਾਣ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਲਈ ਉਤਸ਼ਾਹਤ ਕੀਤਾ ਜਾਣ ਲੱਗ ਪਿਆ। 1912 ਵਿਚ ਭਾਰਤੀਆਂ ਨੂੰ ਕੌਮੀ ਸੰਗਠਨ ਵਿਚ ਸੰਗਠਤ ਕਰ ਕੇ ਭਾਰਤ ਨੂੰ ਆਜ਼ਾਦ ਕਰਵਾਉਣਾ ਲਈ ਅਮਰੀਕਾ ਵਿਚ ਪੈਸਿਫਿਕ ਕੋਸਟ ਹਿੰਦੁਸਤਾਨ ਅਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਹ ਸੰਸਥਾ ਗਦਰ ਪਾਰਟੀ ਦੇ ਨਾਂ ਹੇਠ ਮਸ਼ਹੂਰ ਹੋਈ ਅਤੇ ਆਪਣਾ ਅਖਬਾਰ ‘ਗਦਰ’ ਛਾਪਣ ਲੱਗ ਪਈ। ਗਦਰ ਪਾਰਟੀ ਦੇ ਮੈਂਬਰਾਂ ਅਤੇ ਕਾਮਾ ਗਾਟਾ ਮਾਰੂ ਦੇ ਯਾਤਰੂਆਂ ਨੂੰ ਜਿਨ੍ਹਾਂ ਵਿਚ ਬਹੁਗਿਣਤੀ ਸਿੱਖ ਸਨ, ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿਚ ਅਤਿਆਚਾਰਾਂ, ਕੁਰਕੀਆਂ, ਕਾਲੇ ਪਾਣੀ ਦੀਆਂ ਕੈਦਾਂ ਅਤੇ ਫਾਂਸੀਆਂ ਦੀਆਂ ਸਜ਼ਾਵਾਂ ਝਲਣੀਆਂ ਪਈਆਂ।
ਜਾਗਰੂਕ ਸਿੱਖ ਗੁਰਦੁਆਰਿਆਂ ਵਿਚ ਉਦਾਸੀ ਅਤੇ ਨਿਰਮਲੇ ਮਹੰਤਾਂ ਦੇ ਪ੍ਰਬੰਧਾਂ ਅਤੇ ਉਨ੍ਹਾਂ ਵਲੋਂ ਕੀਤੀਆਂ ਜਾਣ ਵਾਲੀਆਂ ਕੁਰੀਤਾਂ ਤੋਂ ਚਿੰਤਤ ਸਨ ਅਤੇ ਚਾਹੁੰਦੇ ਸਨ ਕਿ ਗੁਰਦੁਆਰਿਆਂ ਦੀ ਸੇਵਾ ਸਿੱਖ ਸ਼ਰਧਾਲੂ ਕਰਨ। 15 ਨਵੰਬਰ, 1920 ਨੂੰ ਅਕਾਲ ਤਖਤ ਤੇ ਦਰਬਾਰ ਸਾਹਿਬ ਅਤੇ ਦੂਜੇ ਇਤਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਪ੍ਰਤੀਨਿਧ ਕਮੇਟੀ ਚੁਣਨ ਲਈ ਸਾਰੇ ਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਨੁਮਾਇੰਦਿਆਂ ਦਾ ਇਕੱਠ ਹੋਇਆ ਜਿਸ ਨੇ ਗੁਰਦੁਅਰਿਆਂ ਦੇ ਪ੍ਰਬੰਧ ਲਈ 175 ਮੈਂਬਰਾਂ ਦੀ ਕਮੇਟੀ ਦੀ ਚੋਣ ਕੀਤੀ ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਨਨਕਾਣਾ ਸਾਹਿਬ ਵਿਚ ਮਹੰਤ ਨਰਾਇਣਦਾਸ ਦੇ ਗੁੰਡਿਆਂ ਨੇ 150 ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ। ਗੁਰਦੁਆਰਿਆਂ ਦੇ ਸੁਧਾਰ ਲਈ ਲਹਿਰ ਸ਼ੁਰੂ ਹੋ ਗਈ। ਅੰਗਰੇਜ਼ ਸਰਕਾਰ ਨੇ ਮਹੰਤਾਂ ਦੀ ਰਖਿਆ ਲਈ ਸਿੱਖਾਂ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਮਹੰਤਾਂ ਵਿਰੁਧ ਵਿਢਿਆ ਸੰਘਰਸ਼ ਅੰਗਰੇਜ਼ੀ ਸਰਕਾਰ ਵਿਰੁਧ ਹੋ ਗਿਆ। ਸਿੱਖਾਂ ਨੂੰ ਸਰਕਾਰ ਦੇ ਜ਼ੁਲਮ ਦਾ ਸ਼ਾਂਤਮਈ ਢੰਗ ਨਾਲ ਲੰਮਾ ਟਾਕਰਾ ਕਰਨਾ ਪਿਆ ਅਤੇ ਜੇਲ੍ਹਾਂ ਕਟਣੀਆਂ ਪਈਆਂ। ਲੰਮੇ ਸੰਘਰਸ਼ ਮਗਰੋਂ ਅੰਗਰੇਜ਼ੀ ਸਰਕਾਰ ਜਿਸ ਨੂੰ ਆਪਣੇ ਰਾਜ ਤੇ ਸੂਰਜ ਨਾ ਛਿਪਣ ਦਾ ਬਹੁਤ ਮਾਨ ਸੀ, ਹਾਰ ਕੇ ਸਿੱਖਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋ ਗਈ ਪਰ ਅੰਗਰੇਜ਼ਾਂ ਦੇ ਵਫਾਦਾਰ ਸਿੱਖਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ 1920 ਵਿਚ ਚੁਣੀ 175 ਮੈਂਬਰੀ ਕਮੇਟੀ ਨੂੰ ਪੱਕੇ ਪੈਰੀਂ ਕਰਨ ਦੀ ਥਾਂ ਗੁਰਦੁਆਰਾ ਕਾਨੂੰਨ ਦੀ ਮੰਗ ਰੱਖ ਦਿੱਤੀ। ਸਿੱਖ ਗੁਰਦੁਆਰਾ ਐਕਟ, 1925 ਬਣ ਗਿਆ। ਸਿੱਖਾਂ ਨੇ ਆਪਣੀ ਰਾਜਸੀ ਪਾਰਟੀ, ਅਕਾਲੀ ਪਾਰਟੀ, ਬਣਾ ਲਈ। ਸਿੱਖੀ ਜੀਵਨ ਨੂੰ ਪੱਛਮੀ ਆਰਥਕ ਅਤੇ ਸਿਆਸੀ ਪ੍ਰਣਾਲੀਆਂ ਦੇ ਅਨੁਕੂਲ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ। ਸਿੱਖ ਜੀਵਨ ਗੁਰਬਾਣੀ ਉਪਦੇਸ਼ ਤੋਂ ਅਗਵਾਈ ਲੈਂਦਾ ਆ ਰਿਹਾ ਸੀ ਉਸ ਵਿਚ ਪੱਛਮੀ ਪੱਧਤੀਆਂ ਦੀਆਂ ਸੁਆਰਥੀ ਰੀਤਾਂ ਮਿਲਾਉਣੀਆਂ ਸੰਭਵ ਨਹੀਂ ਸਨ। ਅਜਿਹਾ ਕਰਨ ਨਾਲ ਸਿੱਖ ਸਿਆਸਤ ਵਿਚ ਅਰਥਹੀਣ ਸਮਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ।
1947 ਵਿਚ ਭਾਰਤ ਦੀ ਆਜ਼ਾਦੀ ਨੇ ਅੰਗਰੇਜ਼ ਸ਼ਾਸਕ ਤੇ ਬਦਲ ਦਿੱਤੇ ਪਰ ਅਜਿਹਾ ਹੋਣ ਨਾਲ ਭਾਰਤੀ ਸਮਾਜ ਅਤੇ ਆਮ ਲੋਕਾਂ ਦੀ ਸੋਚ ਵਿਚ ਕੋਈ ਬਦਲਾਓ ਨਾ ਆਇਆ। ਅੰਗਰੇਜ਼ ਸ਼ਾਸਕ ਕਾਨੂੰਨ ਦਾ ਸਤਕਾਰ ਕਰਦੇ ਸੀ ਅਤੇ ਉਸ ਅਨੁਸਾਰ ਕੰਮ ਕਰਨ ਦੇ ਆਦੀ ਸੀ ਪਰ ਭਾਰਤੀ ਸ਼ਾਸਕਾਂ ਵਿਚ ਕਾਨੂੰਨ ਨੂੰ ਆਪਣੇ ਹਿੱਤ ਵਿਚ ਵਰਤਣ ਦੀ ਰੁਚੀ ਪ੍ਰਬਲ ਸੀ। ਭਾਰਤ ਵਿਚ ਅੰਗਰੇਜ਼ ਸਰਕਾਰ ਦੀ ਥਾਂ ਹਿੰਦੂ ਬੁਹਮਤ ਤੇ ਮਾਨ ਕਰਨ ਵਾਲੀ ਕਾਂਗਰਸ ਸਰਕਾਰ ਹੋਂਦ ਵਿਚ ਆ ਗਈ। ਪੰਜਾਬ ਦੀ ਆਰੀਆ ਸਮਾਜੀ ਲਾਬੀ ਦਾ ਕਾਂਗਰਸ ਵਿਚ ਬਹੁਤ ਪ੍ਰਭਾਵ ਸੀ। ਇਹ ਲਾਬੀ ਸਿੱਖ ਵਿਰੋਧੀ ਸੀ ਅਤੇ ਘੱਟਗਿਣਤੀ ਸਿੱਖਾਂ ਨੂੰ ਨੁਕਸਾਨ ਪੁਚਾਉਣ ਲਈ ਪੰਜਾਬ ਦੀ ਤਰੱਕੀ ਵਿਚ ਰੁਕਾਵਟਾਂ ਪਾਉਂਦੀ ਸੀ। ਭਾਰਤ ਦੇ ਭਾਸ਼ਾ ਆਧਾਰਤ ਪੁਨਰਗਠਨ ਵਿਚ ਪੰਜਾਬ ਨੂੰ ਸ਼ਾਮਲ ਨਾ ਕੀਤਾ ਗਿਆ। ਅਕਾਲੀਆਂ ਨੂੰ ਪੰਜਾਬੀ ਸੂਬੇ ਲਈ ਸੰਘਰਸ਼ ਕਰਨਾ ਪਿਆ ਪਰ ਇਸ ਸੰਘਰਸ਼ ਵਿਚ ਸਿੱਖ ਆਗੂ ਨੈਤਿਕ ਦਿਵਾਲੀਏਪਣ ਤੋਂ ਨਾ ਬਚ ਸਕੇ। ਜਲ ਮਰਨ ਦੇ ਡਰਾਮੇ ਰਚੇ ਗਏ, ਜੱਟ ਭਾਪੇ ਅਤੇ ਮਾਝੇ ਮਾਲਵੇ ਵਿਚ ਵੰਡੀਆਂ ਪਾਉਣ ਦੀ ਸਿਆਸਤ ਕੀਤੀ ਗਈ।
16-17 ਅਕਤੂਬਰ, 1973 ਨੂੰ ਅਨੰਦਪੁਰ ਸਾਹਿਬ ਵਿਚ ਹੋਈ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਨੇ ਸ. ਕਪੂਰ ਸਿੰਘ ਵਲੋਂ ਡਰਾਫਟ ਕੀਤੇ ਭਾਰਤੀ ਸੰਘੀ ਢਾਂਚੇ ਨੂੰ ਰਾਜਾਂ ਪੱਖੀ ਬਣਾੳਣ ਦਾ ਮਤਾ ਪ੍ਰਵਾਨ ਕਰ ਕੇ ਭਾਰਤ ਦੇ ਉਤਰੀ ਹਿਸੇ ਵਿਚ ਭਾਰਤੀ ਸੰਘ ਦੇ ਅਨੁਕੂਲ ਖੁਦਮੁਖਤਾਰ ਅਧਿਕਾਰ ਖੇਤਰ ਬਣਾਉਣ ਅਤੇ ਉਸ ਵਿਚ ਸਿੱਖੀ ਹੱਕਾਂ ਨੂੰ ਮੂਲ ਰਾਜਨੀਤੀ ਦੇ ਤੌਰ ‘ਤੇ ਬੁਨਿਆਦੀ ਅਤੇ ਵਿਸ਼ੇਸ਼ ਮਹਤੱਤਾ ਵਜੋਂ ਸੰਵਿਧਾਨਕ ਮਾਨਤਾ ਦੇਣ ਦੀ ਮੰਗ ਰੱਖ ਦਿੱਤੀ। ਭਾਰਤ ਦੇ ਸੰਘੀ ਢਾਂਚੇ ਨੂੰ ਰਾਜਾਂ ਪੱਖੀ ਬਣਾਉਣ ਦੀ ਮੰਗ ਬਹੁਤ ਹੀ ਮਹਤੱਵਪੂਰਨ ਸੀ, ਕਿਉਂਕਿ ਭਾਰਤੀ ਸੰਘ ਮੂਲ ਰੂਪ ਵਿਚ ਸੰਘੀ ਲਛਣਾਂ ਵਾਲਾ ਏਕਾਤਮਕ ਢਾਂਚਾ ਹੈ ਅਤੇ ਕੇਂਦਰ ਸਰਕਾਰ ਆਪਣੀ ਸ਼ਕਤੀ ਦੀ ਨਾਜਾਇਜ਼ ਵਰਤੋਂ ਕਰ ਕੇ ਰਾਜਾਂ ਦੇ ਅਧਿਕਾਰਾਂ ‘ਤੇ ਕਬਜ਼ੇ ਕਰਨ ਦੀ ਆਦੀ ਹੈ। ਇਸ ਲਈ ਰਾਜਾਂ ਦੇ ਅਧਿਕਾਰਾਂ ਦੀ ਰਖਿਆ ਅਤੇ ਭਾਰਤੀ ਯੂਨੀਅਨ ਨੂੰ ਏਕਾਤਮਕ ਦੀ ਥਾਂ ਪੂਰਾ ਸੰਘੀ ਢਾਂਚਾ ਬਣਾਉਣ ਦੀ ਸੰਵਿਧਾਨਕ ਵਿਵਸਥਾ ਦੀ ਮੰਗ ਬਿਲਕੁਲ ਜਾਇਜ਼ ਸੀ ਪਰ ਉਸ ਮਤੇ ਵਿਚ ਸਿੱਖੀ ਹੱਕਾਂ ਨੂੰ ਬੁਨਿਆਦੀ ਅਤੇ ਵਿਸ਼ੇਸ਼ ਮਹੱਤਤਾ ਦੇਣ ਦੀ ਮੰਗ ਨੂੰ ਸ਼ਾਮਲ ਕਰਨ ਦੀ ਕੋਈ ਤੁਕ ਨਹੀਂ ਸੀ ਬਣਦੀ ਕਿਉਂਕਿ ਇਹ ਮੰਗ ਕਰਨ ਦਾ ਤਾਂ ਸਮਾਂ ਹੀ ਬੀਤ ਚੁਕਿਆ ਸੀ। ਇਹ ਮੰਗ ਤੇ ਅਕਾਲੀਆਂ ਨੂੰ 1947 ਦੇ ਬਟਵਾਰੇ ਵੇਲੇ ਕਰਨੀ ਚਾਹੀਦੀ ਸੀ ਜਾਂ ਫਿਰ ਸੰਵਿਧਾਨ ਬਣਾਉਣ ਸਮੇਂ ਸੰਵਿਧਾਨ ਵਿਚ ਅਜਿਹੀ ਵਿਵਸਥਾ ਕਰਨ ਲਈ ਜ਼ੋਰ ਪਾਉਣਾ ਚਾਹੀਦਾ ਸੀ ਪਰ ਉਨ੍ਹਾਂ ਸਮੇਂ ਸਿਰ ਕੁਝ ਵੀ ਨਾ ਕੀਤਾ। ਉਨ੍ਹਾਂ ਨੂੰ ਤੇ ਸਿੱਖਾਂ ਦੀ ਹਿੰਦੂਆਂ ਨਾਲੋਂ ਵਖਰੀ ਧਾਰਮਕ ਹੋਂਦ ਦਾ ਅਹਿਸਾਸ ਵੀ ਨਹੀਂ ਸੀ ਹੋਇਆ। 1973 1947 ਨਹੀਂ ਸੀ। 1947 ਵਿਚ ਕਾਂਗਰਸ ਸਿੱਖ ਰਾਜਿਆਂ ਦੇ ਪੰਜਾਬ ਵਿਚ ਖੁਦਮੁਖਤਾਰ ਰਾਜ ਨੂੰ ਲੈ ਕੇ ਬਹੁਤ ਚਿੰਤਤ ਸੀ ਕਿਉਂਕਿ ਪਟਿਆਲੇ ਦਾ ਮਹਾਰਾਜਾ ਭੁਪਿੰਦਰ ਸਿੰਘ ਰਾਊਂਡ ਟੇਬਲ ਕਾਨਫਰੰਸ ਦਾ ਮੈਂਬਰ ਸੀ। ਇਸੇ ਲਈ ਦੂਰਅੰਦੇਸ਼ ਗਾਂਧੀ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਆਪਣੇ ਨਾਲ ਮਿਲਾ ਕੇ ਪੰਜਾਬ ਦੇ ਕਪੂਰਥਲਾ ਰਾਜ ਨੂੰ ਕਾਂਗਰਸ ਪੱਖੀ ਬਣਾਉਣ ਦਾ ਜਤਨ ਕਰ ਰਿਹਾ ਸੀ ਅਤੇ ਕਾਂਗਰਸ ਭੂਪਿੰਦਰ ਸਿੰਘ ਦੀ ਜਾਂਚ ਕਰ ਕੇ ਉਸ ਵਿਰੁਧ ਵਾਇਸਰਾਏ ਨੂੰ ਸ਼ਿਕਾਇਤਾਂ ਕਰ ਰਹੀ ਸੀ। ਮਹਾਰਾਜੇ ਦੀ ਛੋਟੀ ਉਮਰ ਵਿਚ ਮੌਤ ਹੋ ਜਾਣੀ ਵੀ ਚਿੰਤਾਜਨਕ ਸੀ ਪਰ ਅਕਾਲੀਆਂ ਅਤੇ ਮਾਲਵੇ ਦੇ ਸਿੱਖ ਰਾਜਿਆਂ ਨੂੰ ਭਾਰਤ ਦੇ ਬਟਵਾਰੇ ਸਮੇਂ ਆਪਣੀ ਸਿਆਸੀ ਸ਼ਕਤੀ ਦੀ ਕੋਈ ਸੋਝੀ ਹੀ ਨਹੀਂ ਸੀ। 1973 ਵਿਚ ਤਾਂ ਹਾਲਤ ਬਿਲਕੁਲ ਬਦਲ ਚੁੱਕੀ ਸੀ। ਕਾਂਗਰਸ ਦੇ ਹੱਥ ਵਿਚ ਸੱਤਾ ਸੀ ਅਤੇ ਉਹ ਅਕਾਲੀਆਂ ਨੂੰ ਦਬਾਉਣ ਦੇ ਰੌਂ ਵਿਚ ਸੀ। ਅਨੰਦਪੁਰ ਦੇ ਮਤੇ ਵਿਚ ਇਹ ਮੰਗ ਰੱਖ ਕੇ ਸਿੱਖਾਂ ਨੇ ਵਿਰੋਧੀਆਂ ਦੀ ਤਲਖੀ ਵਧਾਉਣ ਦਾ ਕੰਮ ਹੀ ਕੀਤਾ ਕਿਉਂਕਿ ਇਤਿਹਾਸਕ ਭੁੱਲ ਦੇ ਜਜ਼ਬਾਤੀ ਪ੍ਰਗਟਾਵੇ ਤੋਂ ਵਿਰੋਧੀਆਂ ਨੂੰ ਸਿੱਖਾਂ ਨੂੰ ਖਾਲਿਸਤਾਨੀ ਆਖ ਕੇ ਬਦਨਾਮ ਕਰਨ ਦਾ ਮੌਕਾ ਮਿਲ ਗਿਆ। ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ ਦੱਖਣੀ ਅਤੇ ਪੂਰਬੀ ਰਾਜਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਭਾਰਤੀ ਯੂਨੀਅਨ ਨੂੰ ਪੂਰੀ ਸੰਘੀ ਪ੍ਰਣਾਲੀ ਬਣਵਾਉਣ ਲਈ ਜਤਨ ਕਰਦਾ ਪਰ ਐਸਾ ਕਰਨ ਲਈ ਸਿਆਸੀ ਦੂਰਅੰਦੇਸ਼ੀ ਦੀ ਲੋੜ ਸੀ ਜਿਸ ਦੀ ਅਕਾਲੀ ਲੀਡਰਾਂ ਵਿਚ ਘਾਟ ਸੀ।
1975 ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਪਰ ਆਉਣ ਵਾਲੀਆਂ ਚੋਣਾਂ ਹਾਰ ਗਈ। 1980 ਵਿਚ ਫਿਰ ਚੋਣਾਂ ਜਿੱਤ ਕੇ ਜਦੋਂ ਮੁੜ ਪ੍ਰਧਾਨ ਮੰਤਰੀ ਬਣੀ ਤਾਂ ਉਸ ਨੇ ਅਕਾਲੀਆਂ ਜਿਨ੍ਹਾਂ ਨੂੰ ਉਹ ਆਪਣੀ ਹਾਰ ਲਈ ਜ਼ਿੰਮੇਵਾਰ ਸਮਝਦੀ ਸੀ, ਸਬਕ ਸਿਖਾਉਣ ਦਾ ਮਨ ਬਣਾ ਲਿਆ। ਅਕਾਲੀ ਦਲ ਨੂੰ ਤੋੜਨ ਲਈ ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵਰਤਣਾ ਚਾਹਿਆ ਪਰ ਸਫਲ ਨਾ ਹੋਈ। 1970-80 ਦੀ ਸਿੱਖ ਸਿਆਸਤ ਦਾ ਇਨੀਸ਼ੀਅੇਟਿਵ ਇੰਦਰਾ ਗਾਂਧੀ ਦੇ ਹੱਥ ਵਿਚ ਸੀ ਅਤੇ ਉਸ ਦੇ ਹੱਥ ਵਿਚ ਹੀ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਪੰਜਾਬ ਵਿਚ ਧਾਰਮਕ ਭਾਵਨਾਵਾਂ ਤੇ ਆਧਾਰਤ ਸਿਆਸਤ ਕਰਨ ਦਾ ਜਤਨ ਕੀਤਾ ਜੋ ਬਹੁਤ ਹੀ ਘਾਤਕ ਸਿੱਧ ਹੋਇਆ ਅਤੇ ਜਿਸ ਦੀ ਅਸਹਿ ਤੇ ਅਕਹਿ ਮਾਰ ਸਿੱਖ ਜਵਾਨੀ ਨੂੰ ਸਹਿਣੀ ਪਈ।
ਸਿੱਖ ਧਰਮ ਦਾ ਵਿਰੋਧ ਅਤੇ ਸਿੱਖਾਂ ਨਾਲ ਵੈਰ ਤੇ ਅੰਗਰੇਜ਼ ਸਰਕਾਰ ਦੀ ਨੀਤੀ ਰਹੀ ਸੀ। ਅੰਗਰੇਜ਼ ਪੰਜਾਬ ਵਿਚ ਹਰ ਹਿੰਸਾਤਮਕ ਜੁਰਮ ਦਾ ਦੋਸ਼ ਅਕਾਲੀਆਂ ਦੇ ਸਿਰ ਮੜ੍ਹ ਦਿੰਦੇ ਸਨ ਅਤੇ ਉਦਾਸੀ ਵਿਦਵਾਨ ਉਨ੍ਹਾਂ ਦੀ ਸੁਰ ਵਿਚ ਸੁਰ ਮਿਲਾ ਕੇ ਉਸ ਦੀ ਪੁਸ਼ਟੀ ਕਰ ਦਿੰਦੇ ਸੀ। ਗਿਆਨੀ ਗਿਆਨ ਸਿੰਘ ਲਿਖਦੇ ਹਨ: “ਇਨ੍ਹ ਸੀਖਨ ਕਾ ਕਾਮ ਹੈ ਦੰਗਾ।” ਅਜਿਹੀ ਸੋਚ ਅਧੀਨ ਹੀ ਕਾਂਗਰਸ ਸਰਕਾਰ ਸਿੱਖਾਂ ਨਾਲ ਪੱਖਪਾਤ ਅਤੇ ਉਨ੍ਹਾਂ ਵਿਰੁਧ ਭੰਡੀ ਪ੍ਰਚਾਰ ਕਰਦੀ ਰਹੀ ਜੋ 1984 ਵਿਚ ਹਿੰਸਾਤਮਕ ਰੂਪ ਧਾਰਨ ਕਰ ਕੇ ਦਰਬਾਰ ਸਾਹਿਬ ਤੇ ਹਮਲੇ ਅਤੇ ਪੰਜਾਬ, ਦਿੱਲੀ ਅਤੇ ਮੱਧ ਭਾਰਤ ਵਿਚ ਸਿਖਾਂ ਦੇ ਕਤਲੇਆਮ ਦਾ ਕਾਰਨ ਬਣਿਆ। 1984 ਦੇ ਕਤਲੇਆਮ ਨੇ ਸਿੱਖਾਂ ਦੀ ਸਿਅਸੀ ਚੇਤਨਤਾ ਵਿਚ ਭਾਰੀ ਪਰਿਵਰਤਨ ਲੈ ਆਂਦਾ ਹੈ। ਉਨ੍ਹਾਂ ਨੂੰ ਭਾਰਤ ਦੇ ਮਨੁੱਖਤਾ ਵਿਰੋਧੀ ਸਮਾਜਕ ਢਾਂਚੇ ਦੀ ਸਮਝ ਪੈ ਗਈ ਹੈ ਅਤੇ ਉਨ੍ਹਾਂ ਨੇ ਉਸ ਨੂੰ ਚਣੌਤੀ ਦੇਣ ਦਾ ਮਨ ਬਣਾ ਲਿਆ ਹੈ। ਉਹ ਇਹ ਵੀ ਜਾਣ ਗਏ ਹਨ ਕਿ ਅੰਗਰੇਜ਼ੀ ਸਾਮਰਾਜ ਵਲੋਂ ਸਥਾਪਤ ਅਣਮਨੁੱਖੀ ਸਮਾਜਕ ਢਾਂਚੇ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਉਲੀਕਿਆ ਮਾਨਵ ਹਿਤੈਸ਼ੀ ਮਾਰਗ ਹੀ ਸੁਧਾਰਨਯੋਗ ਹੈ ਪਰ ਉਸ ਮਾਰਗ ‘ਤੇ ਚਲਣਾ ਬਹੁਤ ਔਖਾ ਹੈ। ਹੁਣ ਜਦੋਂ ਪੰਜਾਬ ਵਲੋਂ ਮੋਦੀ ਸਰਕਾਰ ਦੇ ਬਣਾਏ ਕਿਸਾਨੀ ਮਾਰੂ ਕਾਨੂਨਾਂ ਵਿਰੁਧ ਵਿੱਢੇ ਕਿਸਾਨ ਅੰਦੋਲਨ ਦੀ ਹਨੇਰੀ ਨੇ ਅੰਗਰੇਜ਼ਾਂ ਅਤੇ ਕਾਂਗਰਸ ਵਲੋਂ ਸਿੱਖਾਂ ਬਾਰੇ ਕੂੜ ਪ੍ਰਚਾਰ ਦਾ ਢੇਰ ਉਡਾ ਛੱਡਿਆ ਹੈ ਅਤੇ ਸਿੱਖ ਧਰਮ ਦੇ ਪ੍ਰਭਾਵ ਨੂੰ ਰੋਕਣ ਲਈ ਬਣਾਈ ਸੀਮਾ ਮਿਟਾ ਦਿੱਤੀ ਹੈ, ਭਾਰਤੀ ਸਮਾਜ ਨੂੰ ਮਨੁੱਖਤਾ ਪੱਖੀ ਬਣਾਉਣ ਲਈ ਸਿੱਖ ਸਿਧਾਂਤਾਂ ਦਾ ਮਾਡਲ ਪੇਸ਼ ਕਰਨਾ ਸੰਭਵ ਹੋ ਗਿਆ ਹੈ। ਉਸ ਮਾਡਲ ਦੇ ਚਾਰ ਮੁੱਖ ਸਿਧਾਂਤ ਹਨ, ਜਿਨਾਂ ਬਾਰੇ ਹੁਣ ਤਕਰੀਬਨ ਸਭ ਜਾਣ ਗਏ ਹਨ। ਉਹ ਹਨ: (1) ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ (2) ਨਿਰਭਯਤਾ ਅਤੇ ਨਿਰਵੈਰਤਾ ਦੇ ਰੱਬੀ ਗੁਣਾਂ ਨੂੰ ਧਰਾਨ ਕਰਨਾ (3) ਹਰ ਇਸਤਰੀ ਤੇ ਪੁਰਸ਼ ਨੂੰ ਨਿੱਜੀ ਆਜ਼ਾਦੀ ਤੇ ਮਨੁੱਖੀ ਬਰਾਬਰੀ ਦਾ ਅਧਿਕਾਰੀ ਮੰਨਣਾ, ਤੇ (4) ਮਾਨਵਤਾ ਦੀ ਸੇਵਾ ਨੂੰ ਰੱਬ ਦੀ ਸੇਵਾ ਸਮਝਣਾ। ਯੂ.ਐਨ.ਓ. ਵੀ ਸਿੱਖਾਂ ਦੇ ਇਨ੍ਹਾਂ ਸਿਧਾਂਤਾ ਦੀ ਸਮਰਥਕ ਹੈ। ਮਾਨਵਤਾ ਹਿਤੈਸ਼ੀ ਸੰਘਰਸ਼ ਬਹੁਤ ਔਖਾ ਅਤੇ ਲੰਮਾ ਚਲਣ ਵਾਲਾ ਸੰਘਰਸ਼ ਹੈ ਕਿਉਂਕਿ ਦੁਨੀਆ ਦੀਆਂ ਸਾਮਰਾਜੀ ਸ਼ਕਤੀਆਂ ਦੀ ਦੌਲਤ, ਹਥਿਆਰ, ਰਸੂਖ ਅਤੇ ਪ੍ਰਭਾਵ ਇਸ ਦੇ ਵਿਰੁਧ ਡਟੇ ਖੜ੍ਹੇ ਹਨ।