ਹੁਣ ਸ਼੍ਰੋਮਣੀ ਕਮੇਟੀ ਦੀ ਕਿਸਾਨਾਂ ਨੂੰ ਹਮਾਇਤ ਉਤੇ ਭਾਜਪਾ ਨੂੰ ਉਜ਼ਰ

ਅੰਮ੍ਰਿਤਸਰ: ਖੇਤੀ ਕਾਨੂੰਨਾਂ ਖਿਲਾਫ ਪਿਛਲੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਉਤੇ ਡਟੇ ਕਿਸਾਨਾਂ ਨੂੰ ਧਾਰਮਿਕ ਸੰਸਥਾਵਾਂ ਤੋਂ ਮਿਲ ਰਹੀ ਮਦਦ ਭਾਜਪਾ ਨੂੰ ਚੁੱਭਣ ਲੱਗੀ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੇ ਨਾਂ ਇਕ ਪੱਤਰ ਭੇਜ ਕੇ ਦੋਸ਼ ਲਾਇਆ ਕਿ ਸਿੱਖ ਸੰਸਥਾ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇ ਰਹੀ ਹੈ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਨੂੰ ਦਿੱਲੀ ਮੋਰਚੇ ਵਿਖੇ ਸ਼ੈੱਡ ਬਣਾ ਕੇ ਦੇਣ ਅਤੇ ਪੱਖੇ ਲਵਾਉਣ ਦੇ ਫੈਸਲੇ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਗੁਰੂ ਦੀ ਗੋਲਕ ਵਿਚ ਸ਼ਰਧਾਲੂਆਂ ਵੱਲੋਂ ਦਿੱਤੀ ਜਾਂਦੀ ਮਾਇਆ ਸਿੱਖ ਗੁਰਦੁਆਰਾ ਐਕਟ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ, ਧਰਮ ਪ੍ਰਚਾਰ ਤੇ ਇਸ ਦੇ ਪਸਾਰ ਵਾਸਤੇ ਖਰਚੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨ ਅੰਦੋਲਨ ਦੌਰਾਨ ਜਾਨ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਵਿੱਤੀ ਮਦਦ ਸਣੇ ਲੰਗਰ ਅਤੇ ਆਰਜ਼ੀ ਪਖਾਨਿਆਂ ਦੀ ਸੇਵਾ ਦੇਣ ਦਾ ਐਲਾਨ ਗੁਰਦੁਆਰਾ ਐਕਟ ਦੇ ਉਲਟ ਹੈ।
ਉਧਰ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਿੱਖ ਸੰਸਥਾ ਸੰਘਰਸ਼ੀ ਕਿਸਾਨਾਂ ਦੀ ਮਦਦ ਜਾਰੀ ਰੱਖੇਗੀ ਅਤੇ ਇਸ ਤੋਂ ਪਿਛਾਂਹ ਨਹੀਂ ਹਟੇਗੀ। ਉਨ੍ਹਾਂ ਨੇ ਭਾਜਪਾ ਦੇ ਆਗੂ ਅਤੇ ਸਾਬਕਾ ਕੌਮੀ ਸਕੱਤਰ ਹਰਜੀਤ ਸਿੰਘ ਗਰੇਵਾਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਪਣੀ ਸਾਖ ਬਹਾਲ ਰੱਖਣ ਲਈ ਕਿਸਾਨਾਂ ਦੀ ਮਦਦ ਨਾ ਕਰਨ ਦੇ ਸੁਝਾਅ ਨੂੰ ਮੁੱਢੋਂ ਰੱਦ ਕਰ ਦਿੱਤਾ।
ਬੀਬੀ ਜਗੀਰ ਕੌਰ ਨੇ ਭਾਜਪਾ ਆਗੂ ਦੀ ਟਿੱਪਣੀ ‘ਤੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਜਪਾ ਆਗੂ ਸਿੱਖ ਰਵਾਇਤਾਂ ਦੇ ਖਿਲਾਫ ਗੱਲ ਕਰ ਰਹੇ ਹਨ। ਉਨ੍ਹਾਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਬਾਰੇ ਗਿਆਨ ਨਹੀਂ ਹੈ। ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਸੇਵਾ ਕਾਰਜਾਂ ਨੂੰ ਪ੍ਰਮੁਖਤਾ ਦਿੱਤੀ ਹੈ ਅਤੇ ਸਮਾਜ ਦਾ ਸਾਥ ਦੇਣਾ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ। ਗੁਰੂ ਨਾਨਕ ਦੇਵ ਜੀ ਨੇ ਖੁਦ ਖੇਤੀ ਕਰਕੇ ਮਾਰਗ ਦਰਸ਼ਨ ਕੀਤਾ ਹੈ ਅਤੇ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲਦਿਆਂ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹੀ ਰਹੇਗੀ। ਸੰਘਰਸ਼ੀ ਕਿਸਾਨਾਂ ਲਈ ਲੰਗਰ-ਪਾਣੀ, ਰਹਿਣ ਲਈ ਪ੍ਰਬੰਧ, ਦਵਾਈਆਂ ਤੇ ਹੋਰ ਸੇਵਾਵਾਂ ਪਹਿਲਾਂ ਵਾਂਗ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ ਤੋਂ ਭਲੀਭਾਂਤ ਜਾਣੂ ਹੈ ਅਤੇ ਉਸ ਦੇ ਘੇਰੇ ਹੇਠ ਹੀ ਸਾਰੇ ਕੰਮ ਕਰ ਰਹੀ ਹੈ। ਭਾਜਪਾ ਆਗੂ ਨੂੰ ਕਿਸਾਨਾਂ ਦੀ ਮਦਦ ਕੀਤੇ ਜਾਣ ‘ਤੇ ਉਜ਼ਰ ਨਹੀਂ ਕਰਨਾ ਚਾਹੀਦਾ ਸਗੋਂ ਅਜਿਹੇ ਸਮੇਂ ਕਿਸਾਨਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ (ਹਰਜੀਤ ਗਰੇਵਾਲ) ਨੂੰ ਆਪਣੀ ਨਸੀਹਤ ਆਪਣੇ ਕੋਲ ਰੱਖਣੀ ਚਾਹੀਦੀ ਹੈ, ਕਿਉਂਕਿ ਭਾਜਪਾ ਆਗੂ ਨੂੰ ਬਤੌਰ ਸਿੱਖ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ।
________________________________________________
ਕਿਸਾਨਾਂ ਲਈ ਲੰਗਰ ਲਾਉਣਾ ਗੁਨਾਹ ਨਹੀਂ: ਜਥੇਦਾਰ
ਕਿਸਾਨ ਸੰਘਰਸ਼ ਦੇ ਚੱਲਦਿਆਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਪ੍ਰਗਟਾਏ ਇਤਰਾਜ਼ ਬਾਰੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਸਥਾ ਆਪਣੇ ਫਰਜ਼ਾਂ ਦੀ ਪੂਰਤੀ ਕਰਦਿਆਂ ਲੋੜਵੰਦਾਂ ਨੂੰ ਲੰਗਰ ਦੀ ਸੇਵਾ ਮੁਹੱਈਆ ਕਰ ਰਹੀ ਹੈ। ਸੰਘਰਸ਼ ਕਰ ਰਹੇ ਕਿਸਾਨ ਸਾਡੇ ਪਿੰਡਾਂ ਤੇ ਨਗਰਾਂ ਦੇ ਹਨ, ਉਨ੍ਹਾਂ ਨੂੰ ਲੰਗਰ ਮੁਹੱਈਆ ਕਰਨਾ ਗੁਨਾਹ ਨਹੀਂ ਹੈ।
_______________________________________________
ਅੰਦੋਲਨ ਨੂੰ ਹਮਾਇਤ ਤੋਂ ਮੋਦੀ ਸਰਕਾਰ ਘਬਰਾਈ: ਉਗਰਾਹਾਂ
ਜਲੰਧਰ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਨੇ ਮੁਠੱਡਾ ਕਲਾਂ ਵਿਚ ਕੀਤੇ ਇਕੱਠ ਦੌਰਾਨ ਮਜ਼ਦੂਰਾਂ ਦੀ ਕਿਸਾਨਾਂ ਨਾਲ ਸਾਂਝ ਹੋਰ ਪਕੇਰੀ ਕਰਨ ਦਾ ਸੱਦਾ ਦਿੱਤਾ। ‘ਮਜ਼ਦੂਰ ਕਿਸਾਨ ਏਕਤਾ ਮਹਾਰੈਲੀ` ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਲੋਕ ਅੰਦੋਲਨ ਵਿਚ ਬਦਲ ਚੁੱਕੇ ਕਿਸਾਨੀ ਸੰਘਰਸ਼ ਨੇ ਨੈਤਿਕ ਤੌਰ `ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਇਸ ਅੰਦੋਲਨ ਨੂੰ ਦੁਨੀਆਂ ਭਰ ਤੋਂ ਮਿਲ ਰਹੀ ਹਮਾਇਤ ਕਾਰਨ ਕੇਂਦਰ ਸਰਕਾਰ ਡਰੀ ਬੈਠੀ ਹੈ।