ਦੁਸ਼ਮਣ ਬਾਤ ਕਰੇ ਅਨਹੋਣੀ

ਡਾ. ਗੁਰਨਾਮ ਕੌਰ ਕੈਨੇਡਾ
ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਚੱਲਦੇ ਨੂੰ ਕਰੀਬ 110 ਦਿਨ ਹੋ ਗਏ ਹਨ ਅਤੇ ਹੁਣ ਤੱਕ ਲਗਪਗ 300 ਕਿਸਾਨ ਸ਼ਹਾਦਤ ਪਾ ਚੁੱਕੇ ਹਨ। ਉਹ ਸਾਰੇ ਸ਼ਹੀਦ ਹਨ, ਜਿਨ੍ਹਾਂ ਦੀ ਇਸ ਰਸਤੇ ‘ਤੇ ਚੱਲਦਿਆਂ ਜਾਨ ਗਈ ਹੈ-ਭਾਵੇਂ ਉਹ ਕੜਾਕੇ ਦੀ ਠੰਢ ਨਾ ਸਹਾਰਦਿਆਂ ਬਿਮਾਰ ਹੋ ਕੇ ਜਾਂ ਦਿਲ ਦਾ ਦੌਰਾ ਪੈਣ ਕਾਰਨ ਗਈ, ਭਾਵੇਂ ਰਸਤੇ ਵਿਚ ਵਾਪਰੇ ਕਿਸੇ ਹਾਦਸੇ ਕਾਰਨ ਜਾਂ ਕੇਂਦਰ ਸਰਕਾਰ ਦੇ ਸਿਰ ਚੜ੍ਹ ਕੇ ਕੀਤੀ ਖੁਦਕਸ਼ੀ ਕਰਨ ਕਰਕੇ ਗਈ;

ਬੇਸ਼ੱਕ ਜਾਤੀ ਤੌਰ ‘ਤੇ ਮੈਂ ਖੁਦਕਸ਼ੀ ਦੇ ਹੱਕ ਵਿਚ ਨਹੀਂ ਹਾਂ, ਕਿਉਂਕਿ ਗੁਰੂ ਨੇ ਸਾਨੂੰ ਜੂਝਣਾ ਸਿਖਾਇਆ ਹੈ, ਜ਼ਿੰਦਗੀ ਦੇ ਰਸਤੇ ‘ਤੇ ਆ ਰਹੀਆਂ ਮੁਸ਼ਕਿਲਾਂ ਨਾਲ ਲੜਨ ਦਾ ਰਾਹ ਦੱਸਿਆ ਹੈ, ਫਿਰ ਵੀ ਇਹ ਸ਼ਹਾਦਤ ਹੀ ਕਹੀ ਜਾ ਸਕਦੀ ਹੈ, ਕਿਉਂਕਿ ਇਹ ਕੇਂਦਰ ਸਰਕਾਰ ਦੇ ਸਿਰ ਚੜ੍ਹ ਕੇ ਕਾਲੇ ਕਾਨੂੰਨ ਵਾਪਸ ਨਾ ਹੋਣ ਕਰਕੇ ਕੀਤੀ ਖੁਦਕਸ਼ੀ ਹੈ ਅਤੇ ਭਾਵੇਂ ਨਵਰੀਤ ਸਿੰਘ ਦੀ ਟਰੈਕਟਰ ਰੈਲੀ ਦੌਰਾਨ ਪ੍ਰਾਪਤ ਸ਼ਹਾਦਤ ਹੈ; ਜਿੰਨੀਆਂ ਜਾਨਾਂ ਹੁਣ ਤੱਕ ਗਈਆਂ ਹਨ, ਉਹ ਕਿਸਾਨ ਅੰਦੋਲਨ ਦੇ ਲੇਖੇ ਲੱਗੀਆਂ ਹਨ। ਇਸ ਲਈ ਉਹ ਸਾਰੇ ਪੁਰਸ਼ ਜਾਂ ਬੀਬੀਆਂ ਇਸ ਅੰਦੋਲਨ ਦੇ ਸ਼ਹੀਦ ਹਨ। ਇਨ੍ਹਾਂ ਵਿਚ 16, 17, 18, 23-24 ਸਾਲ ਦੀ ਉਮਰ ਦੇ ਇਕਲੌਤੇ ਪੁੱਤਰਾਂ ਤੋਂ ਲੈ ਕੇ 80-85 ਸਾਲ ਦੇ ਬਜੁਰਗ ਤੱਕ ਸ਼ਾਮਲ ਹਨ। ਜਿਹੜਾ ਜੀਅ ਚਲਿਆ ਗਿਆ, ਉਹ ਉਸ ਘਰ ਨੂੰ ਸੁੰਨਾ ਕਰ ਗਿਆ ਹੈ, ਖਾਸ ਕਰਕੇ ਮਾਂਵਾਂ ਦੇ ਉਹ ਪੁੱਤਰ, ਜਿਨ੍ਹਾਂ ਵਿਚੋਂ ਕਈ ਆਪਣੇ ਘਰ ਦਾ ਇੱਕੋ ਇੱਕ ਚਿਰਾਗ ਸਨ ਅਤੇ ਜਿਨ੍ਹਾਂ ਨੇ ਅਜੇ ਜ਼ਿੰਦਗੀ ਨੂੰ ਜਿਉਣਾ ਸੀ। ਇਹ ਸਿਲਸਿਲਾ ਇਥੇ ਖਤਮ ਨਹੀਂ ਹੋਇਆ, ਹਰ ਰੋਜ਼ ਅਜਿਹੀਆਂ ਦੁਖਦਾਈ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ ਅਤੇ ਸਰਕਾਰ ਇਸ ਸਭ ਨੂੰ ਜਾਣਦਿਆਂ ਵੀ ਇਸ ਤੋਂ ਅਣਜਾਣ ਹੋਣ ਦਾ ਢੋਂਗ ਰਚ ਰਹੀ ਹੈ।
ਜੇ ਗੱਲ ਕਰੀਏ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਦੀ ਤਾਂ ਸਾਰੇ ਆਗੂ ਉਹ ਹਨ, ਜਿਨ੍ਹਾਂ ਕੋਲ ਹੁਣ ਤੱਕ ਅੰਦੋਲਨ ਕਰਨ ਦਾ ਬਹੁਤ ਲੰਬਾ ਤਜ਼ਰਬਾ ਹੈ। ਇਸ ਦੇ ਸੀਨੀਅਰ ਆਗੂਆਂ ਵਿਚੋਂ ਕਈ ਤਾਂ ਉਹ ਹਨ, ਜਿਹੜੇ 1970ਵਿਆਂ ਤੋਂ ਜਾਂ ਉਸ ਤੋਂ ਥੋੜ੍ਹਾ-ਬਹੁਤਾ ਪਿੱਛੇ ਜਾਂ ਉਸ ਦੇ ਆਸ-ਪਾਸ ਸਮੇਂ ਤੋਂ ਵੱਖਰੇ ਵੱਖਰੇ ਅੰਦੋਲਨਾਂ ਵਿਚ ਹਿੱਸਾ ਲੈਂਦੇ ਆ ਰਹੇ ਹਨ ਅਤੇ ਕਈਆਂ ਨੇ ਅੰਦੋਲਨਾਂ ਦੌਰਾਨ ਕਈ ਕਈ ਵਾਰ ਜੇਲ੍ਹਾਂ ਦੀ ਹਵਾ ਵੀ ਖਾਧੀ ਹੈ। ਇਨ੍ਹਾਂ ਵਿਚ ਕਈ ਉਹ ਆਗੂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਵਿਸ਼ਵ-ਵਪਾਰ ਸਮਝੌਤਿਆਂ ਨੂੰ ਦੇਖਦਿਆ ਸੰਨ 2013 ਤੋਂ ਹੀ ਖਦਸ਼ੇ ਜਾਹਰ ਕਰਨੇ ਸ਼ੁਰੂ ਕਰ ਦਿੱਤੇ ਸਨ ਕਿ ਕਿਸਾਨ ਅਤੇ ਖੇਤੀਬਾੜੀ ਦਾ ਕਿੱਤਾ ਦੋਵੇਂ ਹੀ ਵਿਸ਼ਵ-ਵਪਾਰ ਸਮਝੌਤਿਆਂ ਦੀ ਭੇਟ ਚੜ੍ਹਨ ਜਾ ਰਹੇ ਹਨ ਤੇ ਦੋਵੇਂ ਖਤਰੇ ਵਿਚ ਹਨ। ਮੇਰੇ ਇਹ ਦੱਸਣ ਦਾ ਮਕਸਦ ਇਹੀ ਹੈ ਕਿ ਇਹ ਕਿਸਾਨ ਆਗੂ ਕੱਲ ਦੇ ਬੱਚੇ ਨਹੀਂ ਹਨ, ਉਹ ਬਹੁਤ ਸਮਝਦਾਰ ਅਤੇ ਖੇਤੀ ਦੇ ਭਲੇ-ਬੁਰੇ ਤੋਂ ਚੰਗੀ ਤਰ੍ਹਾਂ ਵਾਕਫ ਹਨ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਇਨ੍ਹਾਂ ਆਗੂਆਂ ਨੇ ਫਰਵਰੀ ਮਹੀਨੇ ਤੋਂ ਕਾਨੂੰਨ ਬਣਨ ਤੋਂ ਬਹੁਤ ਪਹਿਲਾਂ ਹੀ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਵੱਲ ਗੌਰ ਕਰਨੀ ਅਤੇ ਆਪਸ ਵਿਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆ ਸਨ। ਇਨ੍ਹਾਂ ਨੇ ਇਸ ਸਬੰਧੀ ਸੈਮੀਨਾਰ ਕੀਤੇ, ਪੰਜਾਬ ਦੀ ਮੌਜੂਦਾ ਰਾਜ ਕਰ ਰਹੀ ਪਾਰਟੀ ਅਤੇ ਦੂਸਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਾਂਝੀਆਂ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆਉਣ ਵਾਲੇ ਖਤਰੇ ਤੋਂ ਅਗਾਊਂ ਜਾਣੂ ਕਰਵਾਇਆ, ਪਰ ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਇਸ ਆਉਣ ਵਾਲੀ ਅਲਾਮਤ ਨੂੰ ਸੰਜੀਦਾ ਢੰਗ ਨਾਲ ਨਹੀਂ ਲਿਆ ਅਤੇ ਇਸ ਸਬੰਧੀ ਰਾਜਨੀਤਕ ਪੱਧਰ ‘ਤੇ ਰੋਕੇ ਜਾਣ ਲਈ ਕੋਈ ਉਪਰਾਲੇ ਨਹੀਂ ਕੀਤੇ। ਕੋਈ ਇੱਕ ਵੀ ਕਿਸਾਨ ਆਗੂ ਅਜਿਹਾ ਨਹੀਂ ਹੈ, ਜਿਸ ਨੇ ਆਪਣੀ ਜ਼ਿੰਦਗੀ ਵਿਚ ਸੰਘਰਸ਼ਾਂ ਵਿਚ ਹਿੱਸਾ ਨਾ ਲਿਆ ਹੋਵੇ। ਇਸ ਦੇ ਵਿਸਤਾਰ ਵਿਚ ਨਾ ਜਾਂਦਿਆ ਮੈਂ ਇੱਥੇ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਸਾਨ ਆਗੂ ਸਮਝਦਾਰ, ਪੜ੍ਹੇ-ਲਿਖੇ ਅਤੇ ਸੰਘਰਸ਼ਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਨ। ਇਹ ਅੰਦੋਲਨ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਂਵਾਂ ‘ਤੇ ਜਿਵੇਂ ਟੋਲ-ਪਲਾਜ਼ੇ, ਮਾਲ, ਰਿਲਾਇੰਸ ਦੇ ਪੈਟਰੋਲ ਪੰਪ, ਟਾਵਰਾਂ, ਸੈਲੋਜ਼ ਅਤੇ ਰੇਲਵੇ ਟਰੈਕਾਂ ‘ਤੇ ਧਰਨਿਆ ਦੇ ਰੂਪ ਵਿਚ ਪੰਜਾਬ ਵਿਚ ਸ਼ੁਰੂ ਹੋਇਆ। ਇਸ ਤੋਂ ਪਤਾ ਲਗਦਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਇਹ ਕਾਨੂੰਨ ਕਿਵੇਂ ਖੇਤੀ ਨੂੰ ਕਾਰਪੋਰੇਸ਼ਨਾਂ ਦੇ ਰਹਿਮੋ-ਕਰਮ ‘ਤੇ ਆਸ਼ਰਿਤ ਕਰ ਦੇਣਗੇ ਅਤੇ ਕਿਸਾਨਾਂ ਦੀਆਂ ਆਉਣ ਵਾਲੀਆਂ ਨਸਲਾਂ ਲਈ ਮਾਰੂ ਸਾਬਤ ਹੋਣਗੇ। ਇਹ ਕਿਸਾਨ ਆਗੂ ਹੀ ਹਨ, ਜਿਨ੍ਹਾਂ ਨੇ ਆਮ ਕਿਸਾਨਾਂ ਨੂੰ ਇਸ ਤੱਥ ਤੋਂ ਜਾਣੂ ਕਰਾਇਆ ਕਿ ਇਹ ਫਸਲਾਂ ਅਤੇ ਕਿਸਾਨਾਂ ਦੀਆਂ ਨਸਲਾਂ ਦੇ ਭਵਿੱਖ ਦਾ ਸਵਾਲ ਹੈ; ਜਿਸ ਨੂੰ ਮੁਖ ਰੱਖ ਕੇ ਆਮ ਕਿਸਾਨਾਂ ਨੂੰ ਸੰਘਰਸ਼ ਨਾਲ ਜੋੜਿਆ। ਇਨ੍ਹਾਂ ਅੰਦੋਲਨਾਂ ਵਿਚ ਮੁੱਢ ਤੋਂ ਹੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਨੌਜੁਆਨਾਂ ਅਤੇ ਬੀਬੀਆਂ ਨੇ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਵਿਚ ਚੱਲ ਰਹੇ ਇਨ੍ਹਾਂ ਅੰਦੋਲਨਾਂ ਤੋਂ ਪੰਜਾਬ ਦੇ ਕਲਾਕਾਰਾਂ, ਗਾਇਕਾਂ ਨੂੰ ਪ੍ਰੇਰਨਾ ਮਿਲੀ ਅਤੇ ਉਨ੍ਹਾਂ ਨੇ ਆਪਣੇ ਪੱਧਰ ‘ਤੇ ਇਨ੍ਹਾਂ ਅੰਦੋਲਨਾਂ ਵਿਚ ਹਿੱਸਾ ਲੈਣਾ ਅਰੰਭਿਆ; ਉਨ੍ਹਾਂ ਨੂੰ ਸੁਣਨ ਆਉਣ ਵਾਲੇ ਉਨ੍ਹਾਂ ਦੇ ਪ੍ਰਸ਼ੰਸਕ ਨੌਜੁਆਨ ਵੀ ਅੰਦੋਲਨਾਂ ਤੋਂ ਪ੍ਰੇਰਤ ਹੋਣ ਲੱਗੇ ਅਤੇ ਅੰਦੋਲਨਾਂ ਦਾ ਹਿੱਸਾ ਬਣਨ ਲੱਗੇ। ਇਸ ਤਰ੍ਹਾਂ ਇਹ ਅੰਦੋਲਨ ਅੱਜ ਹੋਰ ਅਤੇ ਭਲਕ ਹੋਰ ਜ਼ੋਰ ਫੜਨ ਲੱਗਿਆ।
ਪਿਛਲੇ ਲੰਬੇ ਅਰਸੇ ਤੋਂ ਸਾਰਿਆਂ ‘ਤੇ ਨਹੀਂ, ਪਰ ਪੰਜਾਬ ਦੇ ਕਈ ਗਾਇਕਾਂ ‘ਤੇ ਦੋਸ਼ ਲੱਗ ਰਹੇ ਸਨ ਕਿ ਉਹ ਸਾਫ-ਸੁਥਰੀ ਗਾਇਕੀ ਦੀ ਥਾਂ ਨੌਜੁਆਨ ਪੀੜ੍ਹੀ ਅੱਗੇ ਸ਼ਰਾਬ ਵਰਗੇ ਨਸ਼ਿਆਂ, ਆਪਸੀ ਲੜਾਈਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ, ਸਮਾਜਿਕ ਰਿਸਤਿਆਂ ਦੀ ਤੌਹੀਨ ਕਰਦੇ ਅਜਿਹੇ ਗੀਤ ਪਰੋਸ ਰਹੇ ਹਨ, ਜੋ ਪਰਿਵਾਰਾਂ ਵਿਚ ਬੈਠ ਕੇ ਸੁਣੇ ਵੀ ਨਹੀਂ ਜਾ ਸਕਦੇ। ਕਈਆਂ ਦੀਆਂ ਗਾਹੇ-ਵਗਾਹੇ ਲਿਖਤੀ ਸ਼ਿਕਾਇਤਾਂ ਵੀ ਹੁੰਦੀਆਂ ਰਹੀਆਂ। ਕਿਸਾਨ ਅੰਦੋਲਨ ਤੋਂ ਪ੍ਰੇਰਿਤ ਪੰਜਾਬ ਦੇ ਗਾਇਕਾਂ ਨੇ ਪੰਜਾਬ ਦੇ ਇਤਿਹਾਸ, ਖਾਸ ਕਰਕੇ ਸਿੱਖ ਇਤਿਹਾਸ ਦੀ ਪ੍ਰੇਰਨਾ ਦੀਆਂ ਅਨੇਕਾਂ ਮਿਸਾਲਾਂ ਦੀ ਆਧੁਨਿਕ ਪ੍ਰਸੰਗ ਵਿਚ ਵਿਆਖਿਆ ਕਰਦਿਆਂ ਖੇਤੀ ਅਤੇ ਸੰਘਰਸ਼ਾਂ ਨਾਲ ਸਬੰਧਤ ਨਵੇਂ ਗੀਤਾਂ ਵੱਲ ਮੋੜਾ ਕੱਟਿਆ ਅਤੇ ਅੰਦੋਲਨ ਵਿਚ ਹੋਰ ਤਾਜ਼ਗੀ ਭਰੀ। ਇਹ ‘ਜੋਸ਼ੀਲੇ’ ਗੀਤ ਕਿਸੇ ਆਗੂ ਦੇ ਕਹਿਣ ‘ਤੇ ਨਹੀਂ ਰਚੇ ਜਾਂ ਗਾਏ ਗਏ, ਸਗੋਂ ਅੰਦੋਲਨ ਤੋਂ ਅੰਤਰ-ਪ੍ਰੇਰਨਾ ਲੈ ਕੇ ਲਿਖੇ ਅਤੇ ਗਾਏ ਗਏ ਹਨ। ਕਿਸੇ ਦੇ ਕਹਿਣ ‘ਤੇ ਲਿਖੇ ਜਾਣੇ ਕਹਿਣਾ ਜਿੱਥੇ ਹਾਸੋਹੀਣਾ ਜਾਪਦਾ ਹੈ, ਉਥੇ ਹੀ ਕਲਾਕਾਰਾਂ ਨੂੰ ਛੁਟਿਆਉਣ ਅਤੇ ਕਲਾ ਦੀ ਤੌਹੀਨ ਕਰਨ ਵਰਗੀ ਗੱਲ ਵੀ ਹੈ ਕਿ ਉਨ੍ਹਾਂ ਨੇ ਕਿਸਾਨ ਆਗੂਆਂ ਦੇ ਕਹਿਣ ‘ਤੇ ‘ਜੋਸ਼ੀਲੇ’ ਗੀਤ ਲਿਖੇ ਅਤੇ ਗਾਏ। ਜਦੋਂ ਅਸੀਂ ਅਜਿਹੇ ਤਰਕ ਸਿਰਜਦੇ ਹਾਂ ਤਾਂ ਆਪਣੀ ਘਟੀਆ ਅਤੇ ਸੌੜੀ ਸੋਚ ਦਾ ਦਿਖਾਵਾ ਕਰਦੇ ਹਾਂ। ਇਨ੍ਹਾਂ ਸਮਝਦਾਰ ਅਤੇ ਸੰਵੇਦਨਸ਼ੀਲ ਗੀਤਕਾਰਾਂ ਤੇ ਗਾਇਕਾਂ ਨੇ ਸਿਰਫ ਜੋਸ਼ੀਲੇ ਗੀਤ ਹੀ ਨਹੀਂ ਗਾਏ, ਸਗੋਂ ਹੱਕਾਂ ਦੀ ਜੰਗ ਨੂੰ ਅਕਲਾਂ ਨਾਲ ਲੜਨ ਦੀ ਗੱਲ ਕੀਤੀ ਹੈ। ਬੀਰ ਸਿੰਘ ਇੱਕ ਸਾਬਤ ਸੂਰਤ ਗੁਰਸਿੱਖ ਗੀਤਕਾਰ ਤੇ ਗਾਇਕ ਹੈ, ਜਿਸ ਦਾ ਪੰਜਾਬ ਵਿਚ ਕਿਸਾਨ ਧਰਨਿਆਂ ‘ਤੇ ਸ਼ੁਰੂ ਵਿਚ ਗਾਇਆ ਇਹ ਗੀਤ ‘ਕਿਸਾਨ ਆਗੂਆਂ ਵੱਲੋਂ ਜੋਸ਼ੀਲੇ ਗੀਤ ਲਿਖਵਾਉਣ’ ਕਹਿਣ ਵਾਲੇ ਵਿਦਵਾਨ ਦੇ ਧਿਆਨ ਦੀ ਮੰਗ ਕਰਦਾ ਹੈ:
ਹੱਕਾਂ ਦੀ ਜੰਗ ਹੈ ਵੀਰੋ
ਸਬਰਾਂ ਨਾਲ ਲੜਨੀ ਪੈਣੀ,
ਚੱਲੀ ਜੋ ਚਾਲ ਸਮੇਂ ਨੇ
ਅਕਲਾਂ ਨਾਲ ਫੜਨੀ ਪੈਣੀ।
ਸਮਝਾਂ ਨਾਲ ਮਿੱਥੋ ਨਿਸ਼ਾਨੇ
ਗੱਲਾਂ ਦੇ ਵਿਚ ਨਾ ਆਓ।
ਮਿੱਟੀ ਦੇ ਪੁੱਤਰੋ ਵੇ,
ਅਕਲਾਂ ਨੂੰ ਧਾਰ ਲਗਾਓ।

ਤੇਗਾਂ ਨੂੰ ਮੋੜਨ ਤੇਗਾਂ
ਨੀਤੀ ਨੂੰ ਅਕਲਾਂ ਬਈ,
ਹੋਂਦ ਸਾਂਭਣ ਦੀ ਜੰਗ ਹੈ
ਗੱਲ ਅਗਲੀਆਂ ਨਸਲਾਂ ਦੀ।
ਨਿੱਕਿਆਂ ਪਿੰਡਾਂ `ਚੋਂ ਉਠ ਕੇ
ਦੁਨੀਆਂ ਨੂੰ ਗੱਲ ਸੁਣਾਉ…।

ਹੱਕਾਂ ਲਈ ਮਰਨ ਤੋਂ ਪਹਿਲਾਂ
ਹੱਕਾਂ ਲਈ ਜੀਣਾ ਸਿੱਖੀਏ,
ਮੱਤਾਂ ਨੂੰ ਰੌਸ਼ਨ ਕਰੀਏ
ਜ਼ਿੰਦਗੀ ਦੇ ਨਗਮੇ ਲਿਖੀਏ।
ਬਹਿ ਕੇ ਬਾਰੂਦ ਦੇ ਉਤੇ
ਤੀਲੀ ਨੂੰ ਹੱਥ ਨਾ ਪਾਓ…।

ਮਹਿਲਾਂ ਦੀ ਅੱਖ ਜਿਦ੍ਹੇ `ਤੇ
ਫਿਕਰਾਂ ਉਸ ਬਾਗ ਦੀਆਂ ਨੇ,
ਜਾਤੀ ਜਾਂ ਧਰਮ ਦੀਆਂ ਨਹੀਂ
ਮੰਗਾਂ ਪੰਜਾਬ ਦੀਆਂ ਨੇ।
ਪਾਉਂਦੇ ਨੇ ਉਹ ਵਖਰੇਵੇਂ
ਇੱਕ ਹੋ ਕੇ ਤੁਸੀਂ ਦਿਖਾਓ…।
ਕੰਵਰ ਗਰੇਵਾਲ ਅਤੇ ਹਰਫ ਚੀਮਾ ਦੋਵੇਂ ਪੰਜਾਬ ਸਮੇਤ ਦਿੱਲੀ ਦੇ ਬਾਰਡਰ ‘ਤੇ ਲਗਾਤਾਰ ਹਾਜ਼ਰੀ ਭਰ ਰਹੇ ਹਨ। ਉਨ੍ਹਾਂ ਨੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ ਹੈ ਅਤੇ ਗੀਤ ਵੀ ਗਾਏ ਹਨ। ਉਨ੍ਹਾਂ ਨੇ ‘ਅਕਲਾਂ ਵਾਲਿਓ ਚੁੱਕ ਲਉ ਕਲਮਾਂ ਮਾਰ ਲੈਣ ਨਾ ਰਫਲਾਂ ਸਾਨੂੰ’ ਜਾਂ ‘ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ `ਤੇ, ਓਸੇ ਹੀ ਰਾਹ `ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ; ਬੱਚਿਆਂ ਵਿਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਿਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਿਸ਼ਾਹ’ ਅਤੇ ਬੱਬੂ ਮਾਨ ਦਾ ‘ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰੋ, ਬਾਬੇ ਨਾਨਕ ਦੇ ਖੂਹ ਤੋਂ ਪਾਣੀ ਪੀ ਆਇਆਂ…‘ਜਾਂ ਗਿੱਲ ਰਉਂਤੇ ਅਤੇ ਹਿੰਮਤ ਸੰਧੂ ਦਾ ‘ਘਾਹ ਉਗੇ ਚੁੱਲ੍ਹਿਆਂ `ਤੇ ਫੇਰ ਦੇਗ ਬਣੂਗੀ’ ਸੁਣ ਲੈਣੇ ਚਾਹੀਦੇ ਹਨ। ਅੰਦੋਲਨ ਨੂੰ ਵਿਚਲਿਤ ਕਰਨ ਲਈ ਅਤੇ ਇਸ ਦਾ ਧਿਆਨ ਅਸਲੀ ਮੁੱਦਿਆ ਤੋਂ ਭਟਕਾਉਣ ਲਈ (ਕੇਂਦਰ ਸਰਕਾਰ ਵੀ ਇਹੋ ਚਾਹੁੰਦੀ ਹੈ) ਅੱਜ ਕੱਲ੍ਹ ਵਾਰ ਵਾਰ ਇੱਕੋ ਗੱਲ ਕਹੀ ਜਾਂਦੀ ਹੈ ਕਿ ਕਿਸਾਨ ਆਗੂ ਨੌਜੁਆਨਾਂ ਨੂੰ ਨਾਲ ਲੈ ਕੇ ਨਹੀਂ ਤੁਰ ਰਹੇ ਅਤੇ ਦੀਪ ਸਿੱਧੂ, ਜਿਹੜਾ ਕਿ ਬੜਾ ਸਿਧਾਂਤਕਾਰੀ ਆਗੂ ਹੈ, ਉਸ ਨੂੰ ਆਗੂ ਨਹੀਂ ਮੰਨ ਰਹੇ।
ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ਜਥੇਬੰਦੀਆਂ ਦਾ ਜਿਨਾਂ ਵੀ ਨੌਜੁਆਨ ਕੈਡਰ ਹੈ, ਉਹ ਤਾਂ ਸਭ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਹੀ, ਪਰ ਹੋਰ ਨੌਜੁਆਨ ਵੀ ਬਾਕਾਇਦਾ ਵਾਰੀ ਸਿਰ ਅੰਦੋਲਨ ਵਿਚ ਹਾਜ਼ਰੀਆਂ ਲੁਆ ਰਹੇ ਹਨ। ਪੰਜਾਬ ਦੇ ਹਰ ਪਿੰਡ ਵਿਚ ਪੰਚਾਇਤੀ ਪੱਧਰ ‘ਤੇ ਫੈਸਲੇ ਕੀਤੇ ਗਏ ਹਨ ਅਤੇ ਵਾਰੀਆਂ ਬੰਨ੍ਹੀਆਂ ਹੋਈਆਂ ਹਨ ਕਿ ਕਿੰਨੇ ਜਣੇ ਕਦੋਂ ਆਪਣੀ ਵਾਰੀ ਨਾਲ ਧਰਨੇ ਵਿਚ ਸ਼ਾਮਲ ਹੋਣਗੇ। 8 ਮਾਰਚ ਨੂੰ ਕਿਸਾਨ ਜਥੇਬੰਦੀਆਂ ਵੱਲੋਂ ‘ਅੰਤਰਰਾਸ਼ਟਰੀ ਇਸਤਰੀ ਦਿਵਸ’ ਮਨਾਇਆ ਗਿਆ। ਪੰਜਾਬ ਵਿਚ ਚੱਲ ਰਹੇ ਅੰਦੋਲਨਾਂ ਅਤੇ ਦਿੱਲੀ ਦੇ ਬਾਰਡਰਾਂ ‘ਤੇ ਬੀਬੀਆਂ ਦਾ ਇਕੱਠ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਸੀ। ਇਹ ਕੋਈ ਮਹਿਜ਼ ਬਜੁਰਗ ਔਰਤਾਂ ਹੀ ਨਹੀਂ ਸਨ, ਸਗੋਂ ਨੌਜੁਆਨ ਕੁੜੀਆਂ ਅਤੇ ਔਰਤਾਂ ਵੱਡੀ ਗਿਣਤੀ ਵਿਚ ਹਰ ਅਦਾਰੇ ਅਤੇ ਵਰਗ ਤੋਂ ਸ਼ਾਮਲ ਹੋਈਆਂ ਸਨ। ਅੰਦੋਲਨ ਨੂੰ ਢਾਹ ਲਾਉਣ ਵਾਲੇ ਬਿਆਨ ਦੇਣ ਜਾਂ ਲਿਖਣ ਵੇਲੇ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਪਹਿਲੇ ਦਿਨ ਤੋਂ ਹੀ ਅੰਦੋਲਨ ਵਿਚ ਸਿਰਫ ਪੁਰਸ਼ ਹੀ ਸ਼ਾਮਲ ਨਹੀਂ, ਸਗੋਂ ਔਰਤਾਂ ਆਪਣੇ ਬੱਚਿਆਂ ਸਮੇਤ ਸ਼ਾਮਲ ਹਨ, ਜਿਨ੍ਹਾਂ ਦਾ ਖਿਆਲ ਰੱਖਣਾ ਕਿਸਾਨ ਜਥੇਬੰਦੀਆਂ ਦੀ ਸਾਂਝੀ ਜਿੰਮੇਵਾਰੀ ਵੀ ਬਣਦੀ ਹੈ ਅਤੇ ਉਹ ਰੱਖ ਰਹੇ ਹਨ। ਅੰਦੋਲਨ ਨੂੰ ਮਜ਼ਬੂਤੀ ਅਤੇ ਜਾਬਤਾ ਬਖਸ਼ਣ ਵਿਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਤੋਂ ਮੁੱਕਰਿਆ ਨਹੀਂ ਜਾ ਸਕਦਾ।
ਇਹ ਅੰਦੋਲਨ ਸਿਰਫ ਪੰਜਾਬ ਜਾਂ ਸਿੱਖਾਂ ਦਾ ਅੰਦੋਲਨ ਨਹੀਂ ਹੈ, ਜਿਸ ਨੂੰ ਇਹ ਰੰਗਤ ਦੇਣ ਦੇ ਕੇਂਦਰ ਸਰਕਾਰ ਅਤੇ ਉਸ ਦੇ ਗੋਦੀ ਮੀਡੀਆ ਨੇ ਸਿਰਤੋੜ ਯਤਨ ਕੀਤੇ, ਪਰ ਸਫਲਤਾ ਨਹੀਂ ਮਿਲੀ। ਇਹ ਕਿਸਾਨੀ ਮੁੱਦਿਆਂ ਦਾ, ਖੇਤੀ ਨਾਲ ਜੁੜੀ ਆਰਥਿਕਤਾ ਦਾ ਅੰਦੋਲਨ ਹੈ। ਖੇਤੀ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਦੀ ਵੰਨ-ਸੁਵੰਨਤਾ ਨਾਲ ਸਾਰੇ ਸੂਬੇ ਜੁੜੇ ਹੋਏ ਹਨ। ਕਿਸਾਨ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਾਰੇ ਧਰਮਾਂ ਵਿਚੋਂ ਹੈ। ਪੰਜਾਬ ਵਿਚ ਹੀ ਮਲੇਰਕੋਟਲੇ ਦਾ ਕਿਸਾਨ ਮੁਸਲਮਾਨ ਹੈ ਅਤੇ ਫਾਜ਼ਲਿਕਾ ਅਬੋਹਰ ਦਾ ਕਿਸਾਨ ਹਿੰਦੂ ਵੀ ਹੈ। ਕਿਸਾਨ ਖੇਤਾਂ ਦਾ ਪੁੱਤ ਹੈ ਅਤੇ ਕਿਸਾਨੀ ਉਸ ਦਾ ਧਰਮ ਹੈ, ਇਹ ਸਾਨੂੰ ਬਾਬੇ ਨਾਨਕ ਨੇ ਕਿਰਤ ਨਾਲ ਨਾਮ ਨੂੰ ਜੋੜ ਕੇ ਸਮਝਾਇਆ ਹੈ। ਇਸ ਲਈ ਕਿਸਾਨ ਕਿਸੇ ਵੀ ਜਾਤ ਜਾਂ ਧਰਮ ਦਾ ਹੋ ਸਕਦਾ ਹੈ ਅਤੇ ਉਸ ਦੇ ਮਸਲੇ ਸਾਂਝੇ ਹਨ। ਪੱਤਰਕਾਰ ਅਜੀਤ ਅੰਜੁਮ ਦਿੱਲੀ ਦੇ ਸਿੰਘੂ ਬਾਰਡਰ ‘ਤੇ ਬੈਠੇ ਪੰਜਾਬ ਦੇ ਫਾਜ਼ਿਲਕਾ ਜਿਲੇ ਦੇ ਇੱਕ ਪਿੰਡ ਤੋਂ ਆਏ ਹਿੰਦੂ ਕਿਸਾਨ ਪਰਿਵਾਰ ਨਾਲ ਇੰਟਰਵਿਊ ਕਰ ਰਿਹਾ ਸੀ, ਜਿਸ ਪਰਿਵਾਰ ਦੇ 19 ਜੀਅ ਔਰਤਾਂ ਨਾਲ ਛੋਟੇ ਛੋਟੇ ਬੱਚਿਆਂ, ਇੰਜੀਨੀਅਰ, ਵਕੀਲ ਲੜਕਿਆਂ ਅਤੇ ਮੈਡੀਕਲ ਸਕੂਲ ਦੀ ਪੜ੍ਹਾਈ ਕਰ ਰਹੀਆਂ ਬੱਚੀਆਂ ਸਮੇਤ ਆਏ ਹੋਏ ਹਨ। ਉਨ੍ਹਾਂ ਨੇ ਸੌਣ-ਪੈਣ ਲਈ ਇੱਕ ਬਹੁਤ ਵੱਡੇ ਟਰਾਲੇ ਨੂੰ ਘਰ ਬਣਾਇਆ ਹੋਇਆ ਹੈ ਅਤੇ ਇੱਕ ਵੱਡੀ ਟਰਾਲੀ ਨੂੰ ਰਸੋਈ। ਉਸ ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਉਸ ਦਾ ਲੜਕਾ ਧਰਨੇ ਵਿਚ ਸ਼ਾਮਲ ਹੋਇਆ ਸੀ; ਪ੍ਰੰਤੂ ਜਿਸ ਦਿਨ 26 ਜਨਵਰੀ ਦੀ ਘਟਨਾ ਹੋਈ ਅਤੇ ਟਰਾਲੀਆਂ ਵਾਪਸ ਮੁੜਨ ਲੱਗ ਪਈਆਂ ਤਾਂ ਉਸ ਨੇ ਸਿੰਘੂ ਬਾਰਡਰ ‘ਤੇ ਆਪਣੇ ਸਿੱਖ ਕਿਸਾਨ ਭਰਾਵਾਂ ਨਾਲ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਜੇ ਕੋਈ ਗੋਲਾ ਡਿਗੇਗਾ ਤਾਂ ਪਹਿਲਾਂ ਉਸ ‘ਤੇ ਡਿਗੇਗਾ।
ਜੇ ਹਰਿਆਣੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਦੀ ਅਗਵਾਈ ਵਿਚ ਹਰਿਆਣੇ ਦੇ ਨੌਜੁਆਨ ਕਿਸਾਨ ਪੰਜਾਬ ਦੇ ਕਿਸਾਨਾਂ ਅਤੇ ਨੌਜੁਆਨਾਂ ਨਾਲ ਮਿਲ ਕੇ ਬੈਰੀਕੇਡ ਨਾ ਤੋੜਦੇ ਤਾਂ ਹੋ ਸਕਦਾ ਹੈ ਪੰਜਾਬ ਦੇ ਕਿਸਾਨ ਦਿੱਲੀ ਨਾ ਪਹੁੰਚ ਸਕਦੇ; ਏਸ਼ੀਆਈ ਖੇਡਾਂ ਵੇਲੇ ਅਤੇ ਜਾਟ ਅੰਦੋਲਨ ਵੇਲੇ ਪੰਜਾਬ ਨਾਲ ਕੀ ਵਾਪਰਿਆ ਸੀ, ਅਸੀਂ ਸਾਰੇ ਹੀ ਜਾਣਦੇ ਹਾਂ। ਅੱਜ ਵੀ ਹਰਿਆਣੇ ਦੇ ਤਿੰਨ-ਚਾਰ ਸੌ ਨੌਜੁਆਨ ਪੰਜਾਬ ਦੇ ਕਿਸਾਨਾਂ, ਨੌਜੁਆਨਾਂ ਨਾਲ ਮਿਲ ਕੇ ਰਾਤ ਨੂੰ ਪਹਿਰਾ ਦਿੰਦੇ ਹਨ। ਜੇ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਾਵੁਕ ਸੱਦੇ ‘ਤੇ ਯੂ. ਪੀ., ਉਤਰਾਖੰਡ ਅਤੇ ਹਰਿਆਣੇ ਦੇ ਕਿਸਾਨ ਰਾਤੋ-ਰਾਤ ਗਾਜੀਪੁਰ ਤੇ ਟਿੱਕਰੀ ਬਾਰਡਰ ‘ਤੇ ਨਾ ਪਹੁੰਚਦੇ ਤਾਂ ਮੋਰਚੇ ਨੇ ਖਿੰਡ-ਪੁੰਡ ਵੀ ਜਾਣਾ ਸੀ ਅਤੇ ਪੰਜਾਬੀ ਕਿਸਾਨਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ (ਕਰੀਬਨ ਚੁਰਾਸੀ ਵਰਗੀਆਂ) ਵਿਚੋਂ ਲੰਘਣਾ ਵੀ ਪੈਣਾ ਸੀ, ਜਿਸ ਦਾ ਪ੍ਰਬੰਧ ਦੀਪ ਸਿੱਧੂ ਦੀ ਮਾਅਰਕੇਬਾਜੀ ਨੇ ਪੂਰੀ ਤਰ੍ਹਾਂ ਕਰ ਦਿੱਤਾ ਹੋਇਆ ਸੀ। ਲਾਲ ਕਿਲੇ ਵੱਲ ਜਾਣ ਲਈ ਕਿਸਾਨ ਲੀਡਰਾਂ ਨੇ ਨਹੀਂ ਕਿਸੇ ਨੂੰ ਕਿਹਾ, ਇਹ ਸਭ ਨੇ 25 ਜਨਵਰੀ ਦੀ ਰਾਤ ਨੂੰ ਸਟੇਜ ‘ਤੇ ਹੋਏ ਕਬਜੇ ਦੀ ਵਾਇਰਲ ਵੀਡੀਓ ਤੋਂ ਦੇਖਿਆ ਹੈ; ਸਭ ਨੇ ਇਹ ਵੀ ਦੇਖਿਆ ਹੈ ਕਿ ਸਮੇਤ ਦੀਪ ਸਿੱਧੂ ਦੇ ਚੰਦ ਲੋਕ ਸਟੇਜ ਤੋਂ ਭੜਕਾ ਰਹੇ ਸਨ ਅਤੇ ਚੰਦ ਲੋਕ ਹੀ ਸਾਹਮਣੇ ਤੋਂ ਇਸ ਦੀ ਤਾਈਦ ਵਿਚ ਰੌਲਾ ਪਾ ਰਹੇ ਸਨ।
ਪੁਲਿਸ ਦੀ ਮਿਲੀਭੁਗਤ ਨਾਲ ਇੱਕ ਜਥੇਬੰਦੀ ਦੇ ਪਿੱਛੇ ਪਿੱਛੇ ਲੋਕ ਕਿਉਂ ਗਏ, ਇਸ ਨੂੰ ਦੁਹਰਾਉਣ ਦੀ ਇੱਥੇ ਕੋਈ ਲੋੜ ਨਹੀਂ ਹੈ। ਦੀਪ ਸਿੱਧੂ ਤਾਂ ਮੁੱਢ ਤੋਂ ਹੀ ਕਿਸਾਨ ਜਥੇਬੰਦੀਆਂ ਤੋਂ ਵੱਖਰਾ ਏਜੰਡਾ ਲਈ ਫਿਰਦਾ ਸੀ, ਜਿਸ ਦੀ ਸਕ੍ਰਿਪਟ ਪਤਾ ਨਹੀਂ ਉਸ ਦੀਆਂ ਫਿਲਮਾਂ ਵਾਂਗ ਹੀ ਕਿਸ ਨੇ ਲਿਖੀ ਸੀ। ਉਹ ਕਿਸੇ ਕਿਸਾਨ ਸੰਘਰਸ਼ ਵਿਚੋਂ ਨਹੀਂ ਆਇਆ, ਨਾ ਹੀ ਭਾਜਪਾ ਦੇ ਸੰਸਦ ਸੰਨੀ ਦਿਓਲ ਲਈ ਪ੍ਰਚਾਰ ਕਰਨ ਤੋਂ ਬਿਨਾ ਕਿਸੇ ਰੈਲੀ ਜਾਂ ਧਰਨੇ ਨਾਲ ਜੁੜਿਆ ਹੋਇਆ ਸੀ। ਲਿਖੀ ਹੋਈ ਸਕ੍ਰਿਪਟ ਤੇ ਫਿਲਮਾਂ ਵਿਚ ਐਕਟਿੰਗ ਕਰਦਾ ਆਇਆ ਹੈ, ਜੋ ਪੰਜਾਬ ਦੇ ਕਿਸਾਨਾਂ ਦੇ ਹਰਿਆਣੇ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਹਰਿਆਣੇ ਵਿਚ ਅਤੇ ਲਾਲ ਕਿਲੇ ‘ਤੇ ਵੀ ਪਹਿਲਾਂ ਹੀ ਮੌਜੂਦ ਸੀ। ਪੰਜਾਬ ਅਤੇ ਹਰਿਆਣੇ ਦੇ ਨੌਜੁਆਨ ਪਹਿਲਾਂ ਵੀ ਜਥੇਬੰਦੀਆਂ ਦੇ ਨਾਲ ਸਨ ਅਤੇ ਹੁਣ ਵੀ ਨਾਲ ਹਨ। ਅੱਜ ਇਹ ਅੰਦੋਲਨ ਹਿੰਦੁਸਤਾਨ ਭਰ ਦਾ ਜਨ-ਅੰਦੋਲਨ ਬਣ ਗਿਆ ਹੈ, ਜਿਸ ਦਾ ਸਿਹਰਾ ਸਮੇਤ ਪੰਜਾਬ ਦੀਆਂ 32 ਜਥੇਬੰਦੀਆਂ ਅਤੇ ਹਿੰਦੁਸਤਾਨ ਦੀਆਂ 500 ਦੇ ਕਰੀਬ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਕਮੇਟੀ ਦੀ ਮਿਲਵਰਤਣ ਅਤੇ ਅਗਵਾਈ ਨੂੰ ਜਾਂਦਾ ਹੈ। ਰਾਕੇਸ਼ ਟਿਕੈਤ ਐਲਾਨੀਆ ਕਹਿੰਦਾ ਹੈ ਕਿ ‘ਨਾ ਮੰਚ ਬਦਲੇਗਾ, ਨਾ ਪੰਚ ਬਦਲੇਗਾ’ ਜਿਸ ਦਾ ਅਰਥ ਹੈ ਕਿ ਉਹ ਸਿੰਘੂ ਬਾਰਡਰ ਦੀ ਅਗਵਾਈ ਅਨੁਸਾਰ ਸੰਯੁਕਤ ਮੋਰਚੇ ਦੀ ਸਹਿਮਤੀ ਵਿਚ ਹੀ ਚਲੇਗਾ।
26 ਜਨਵਰੀ ਦੇ ਵਰਤਾਰੇ ਨੇ ਤਾਂ ਕਿਸਾਨਾਂ ਦੀ ਸ਼ਾਨਦਾਰ ਟਰੈਕਟਰ ਪਰੇਡ ਦਾ ਕਿਸੇ ਨੂੰ ਨੋਟਿਸ ਹੀ ਨਹੀਂ ਲੈਣ ਦਿੱਤਾ ਅਤੇ ਪਤਾ ਲੱਗਣ `ਤੇ ਕਿਸਾਨਾਂ ਨੂੰ ਪਰੇਡ ਅੱਧ-ਵਿਚਾਲੇ ਵਾਪਸ ਕਰਨੀ ਪਈ। ਉਸ ਵੇਲੇ ਉਨ੍ਹਾਂ ਨੂੰ ਸਿਰਫ ਏਨਾ ਪਤਾ ਸੀ ਕਿ ਉਥੇ ਗੋਲੀ ਚੱਲ ਗਈ ਹੈ। ਲਾਲ ਕਿਲਾ ਉਨ੍ਹਾਂ ਦੇ ਏਜੰਡੇ ‘ਤੇ ਨਹੀਂ ਸੀ, ਇਹ ਉਥੇ ਜਾਣ ਵਾਲਿਆਂ ਨੂੰ ਪਤਾ ਸੀ। ਕਿਸਾਨਾਂ ਦੀਆਂ ਅੱਖਾਂ ਵਿਚ ਹੰਝੂ ਸੀ ਅਤੇ ਉਸ ਰਾਤ ਕਿਸੇ ਨੇ ਰੋਟੀ ਨਹੀਂ ਖਾਧੀ; ਹਰਿਆਣੇ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਗੱਲ ਤੱਕ ਨਹੀਂ ਕੀਤੀ ਅਤੇ ਉਨ੍ਹਾਂ ਦਾ ਇੱਕੋ ਸਵਾਲ ਸੀ ਕਿ ‘ਆਹੀ ਕੁਝ ਕਰਨ ਆਏ ਸੀ ਇੱਥੇ?’ ਜਦੋਂ ਸਿਖਰ ‘ਤੇ ਚੜ੍ਹਿਆ ਅੰਦੋਲਨ ਧੈਂ ਕਰਕੇ ਜ਼ਮੀਨ ‘ਤੇ ਡਿੱਗ ਪਿਆ, ਉਸ ਮਾਨਸਿਕ ਦੁੱਖ ਦਾ ਅੰਦਾਜ਼ਾ ਸਿਰਫ ਉਹੀ ਲਾ ਸਕਦੇ ਹਨ, ਜੋ ਇਸ ਦੀ ਚੜ੍ਹਤ ਲਈ ਮਿਹਨਤ ਕਰ ਰਹੇ ਸਨ। ਸਿੱਖ ਸਭਿਆਚਾਰ, ਸਿੱਖ ਕੀਮਤ-ਪ੍ਰਬੰਧ, ਜਿਸ ਵਿਚ ਬਾਬੇ ਨਾਨਕ ਦਾ ‘ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ’ ਦਾ ਕਿਰਤ-ਸਭਿਆਚਾਰ ਹੈ, ਜਿਸ ਵਿਚ ਭਾਈ ਲਾਲੋਆਂ ਦੀ ਤਰਫਦਾਰੀ, ਸਰਬੱਤ ਦਾ ਭਲਾ, ਭਾਈ ਘਨਈਏ ਦਾ ਸੇਵਾ-ਮਾਡਲ ਅਤੇ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਦੇ ਪ੍ਰਤੱਖ ਦਰਸ਼ਨ ਕਿਸਾਨ ਮੋਰਚੇ ਨੇ ਸਾਰੇ ਭਾਰਤੀਆਂ ਨੂੰ ਹੀ ਨਹੀਂ, ਸਗੋਂ ਕੌਮਾਂਤਰੀ ਪੱਧਰ `ਤੇ ਸਾਰੇ ਸੰਸਾਰ ਨੂੰ ਕਰਾਏ ਹਨ, ਉਹ ਅੱਜ ਤੱਕ ਕੋਈ ਸੰਸਥਾ, ਕੋਈ ਪ੍ਰਬੰਧਕ ਕਮੇਟੀ ਆਪਣੇ ਆਪ ਵਿਚ ਇਸ ਤਰ੍ਹਾਂ ਨਹੀਂ ਕਰਾ ਸਕੀ। ਇਹ ਕਿਸਾਨ ਮੋਰਚੇ ਦਾ ਬਹੁਤ ਵੱਡਾ ਹਾਸਲ ਹੈ।
‘ਦਾ ਵਾਇਰ’ ਟੀ. ਵੀ. ਚੈਨਲ ‘ਤੇ ਸੀਨੀਅਰ ਪੱਤਰਕਾਰ ਕਰਨ ਥਾਪਰ ਨੇ ਬਹੁਤ ਹੀ ਸੀਨੀਅਰ ਬੁੱਧੀਜੀਵੀ ਅਤੇ ਪੱਤਰਕਾਰ, ਦਰਜਨਾਂ ਕਿਤਾਬਾਂ ਦੇ ਲੇਖਕ, ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਰਹਿ ਚੁੱਕੇ ਅਰੁਣ ਸ਼ੋਰੀ ਨਾਲ ਚੱਲ ਰਹੇ ਕਿਸਾਨ ਮੋਰਚੇ ਬਾਰੇ ਗੱਲਬਾਤ ਕੀਤੀ ਹੈ। ਵੱਖ ਵੱਖ ਨੁਕਤਿਆਂ ਤੋਂ ਕੀਤੀ ਇਸ ਚਰਚਾ ਵਿਚ ਅਰੁਣ ਸ਼ੋਰੀ ਨੇ ਸਪੱਸ਼ਟ ਕੀਤਾ ਹੈ ਕਿ ਮੋਦੀ ਅਤੇ ਉਸ ਦੀ ਸਰਕਾਰ ਇਸ ਨੂੰ ‘ਦਿੱਲੀ ਵਰਸਜ਼ ਸਿੱਖ’ ਮੁੱਦਾ ਬਣਾਉਣਾ ਚਾਹੁੰਦੀ ਹੈ, ਜੋ ਕਿ ਹਿਮਾਕਤ ਹੈ। ਅਰੁਣ ਸ਼ੋਰੀ ਦਾ ਮੰਨਣਾ ਹੈ ਕਿ ਮੋਦੀ ਸਿੱਖਾਂ ਦੇ ਸੁਭਾਅ ਨੂੰ ਨਹੀਂ ਸਮਝਦਾ ਕਿ ਇਨ੍ਹਾਂ ਵਿਚ ਭਾਈਚਾਰਕ ਸਾਂਝ ਅਤੇ ਆਪਾ ਵਾਰਨ ਦਾ ਜਜ਼ਬਾ ਬਹੁਤ ਪ੍ਰਬਲ ਹੈ। ਇਸ ਦੀ ਚਰਚਾ ਕਰਦਿਆਂ ਅਰੁਣ ਸ਼ੋਰੀ ਮਿਸਾਲ ਗੁਰੂ ਤੇਗ ਬਹਾਦਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿੰਦੇ ਹਨ ਅਤੇ ਇਹ ਵੀ ਦਸਦੇ ਹਨ ਕਿ ਇਹ ਸਰਬੱਤ ਦਾ ਭਲਾ, ਸੇਵਾ ਤੇ ਭਾਈਚਾਰਕ ਸਾਂਝ ਹੀ ਹੈ, ਜਿਸ ਕਰਕੇ ਅੰਦੋਲਨ ਦੇ ਸ਼ੁਰੂ ਹੁੰਦਿਆਂ ਹੀ ਰਾਤੋ-ਰਾਤ ਉਥੇ ਲੰਗਰ ਲੱਗ ਗਏ, ਪੋਰਟੇਬਲ ਸ਼ੌਚਾਲੇ ਅਤੇ ਹੋਰ ਸਭ ਸਹੂਲਤਾਂ ਕਾਇਮ ਹੋ ਗਈਆਂ। ਸਿੱਖ ਸਹਿਨਸ਼ੀਲਤਾ ਅਤੇ ਇਰਾਦੇ ਦੀ ਦ੍ਰਿੜਤਾ ਦਾ ਖੁਲਾਸਾ ਉਹ ਨਨਕਾਣਾ ਸਾਹਿਬ ਦੇ ਸਾਕੇ ਦੀ ਮਿਸਾਲ ਰਾਹੀਂ ਕਰਦੇ ਹਨ ਕਿ ਕਿਸ ਤਰ੍ਹਾਂ ਸ਼ਾਂਤ-ਚਿੱਤ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਸ਼ਹੀਦਾਂ ਦੀ ਗਿਣਤੀ ਕਰੀਬ 150 ਤੱਕ ਪਹੁੰਚ ਗਈ ਸੀ (ਅੱਜ ਸਾਰਾ ਸਿੱਖ ਜਗਤ ਨਨਕਾਣਾ ਸਾਹਿਬ ਮੋਰਚਾ ਦੇ ਨਾਲ ਨਾਲ ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ ਦਾ ਸੌ ਸਾਲਾ ਮਨਾ ਰਿਹਾ ਹੈ ਅਤੇ ਸਾਰਾ ਸਿੱਖ ਜਗਤ ਇਨ੍ਹਾਂ ਮੋਰਚਿਆਂ ਦੇ ਸ਼ਾਂਤਮਈ ਸੁਭਾਅ ਤੋਂ ਬਾਖੂਬੀ ਵਾਕਫ ਹੈ) ਅਤੇ ਇਸ ਦੇ ਨਾਲ ਹੀ ਸਿੱਖ ਅਤੇ ਹਰਿਆਣਵੀ ਫੌਜੀਆਂ ਦੀ ਦੇਸ਼ ਸੇਵਾ ਅਤੇ ਵਫਾਦਾਰੀ ਦੀ ਮਿਸਾਲ ਦਿੰਦਿਆਂ ਅਰੁਣ ਸ਼ੋਰੀ ਕਹਿੰਦੇ ਹਨ ਕਿ ਇਨ੍ਹਾਂ ਦੀ ਦੇਸ਼ ਭਗਤੀ ‘ਤੇ ਸ਼ੱਕ ਕਰਨਾ ਸਰਾਸਰ ਗਲਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਾਂ ਨੂੰ ਅਤਿਵਾਦੀ ਜਾਂ ਵੱਖਵਾਦੀ ਕਹਿ ਕੇ ਭਾਜਪਾਈ ਨੇਤਾ ਜਾਂ ਕਾਰਕੁਨ ਕਿਸਾਨਾਂ ਦੇ ਸਵੈਮਾਣ ‘ਤੇ ਸੱਟ ਮਾਰ ਰਹੇ ਹਨ, ਜੋ ਠੀਕ ਨਹੀਂ ਹੈ। ਕਿਸਾਨਾਂ ਦਾ ਇਹ ਅਪਮਾਨ ਨਹੀਂ ਕਰਨਾ ਚਾਹੀਦਾ, ਕਿਸਾਨ ਆਪਣੇ ਸਵੈਮਾਣ ‘ਤੇ ਚੋਟ ਅਤੇ ਆਪਣਾ ਅਪਮਾਨ ਨਹੀਂ ਸਹਿ ਸਕਦਾ।
ਅਸੀਂ ਸਾਰੇ ਜਾਣਦੇ ਹਾਂ ਅਤੇ ਕਿਸਾਨ ਅੰਦੋਲਨ ਨੇ ਤਾਂ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ ਪੰਜਾਬ ਦਾ ਕਿਸਾਨ ਹੀ ਸਿੱਖ ਨਹੀਂ ਹੈ। ਹਰਿਆਣਾ, ਉੱਤਰ ਪ੍ਰਦੇਸ਼ ਦਾ ਤਰਾਈ ਖੇਤਰ, ਉਤਰਾਖੰਡ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਆਦਿ ਕਿਹੜਾ ਪ੍ਰਾਂਤ ਹੈ, ਜਿੱਥੇ ਸਿੱਖ ਨਹੀਂ ਵੱਸਦੇ? ਕਿਸਾਨ ਆਗੂਆਂ ਦਾ ਸੁਆਗਤ ਕਰਨ ਲਈ ਜਿਵੇਂ ਕਲਕੱਤੇ ਹਵਾਈ ਅੱਡੇ `ਤੇ ਬੰਗਾਲੀ ਕਿਸਾਨਾਂ ਦੇ ਨਾਲ ਸਿੱਖ ਭਾਈਚਾਰਾ ਪਹੁੰਚਿਆ ਹੋਇਆ ਸੀ, ਇਉਂ ਲੱਗਦਾ ਸੀ ਜਿਵੇਂ ਬੰਗਾਲ ਨਹੀਂ ਪੰਜਾਬ ਹੋਵੇ। ਇਹ ਅੰਦੋਲਨ ‘ਪੰਜਾਬ ਬਨਾਮ ਦਿੱਲੀ’ ਜਾਂ ‘ਸਿੱਖ ਬਨਾਮ ਦਿੱਲੀ’ ਨਹੀਂ ਹੈ। ਇਹ ਕੋਈ ਧਾਰਮਿਕ ਅੰਦੋਲਨ ਨਹੀਂ ਹੈ, ਇਹ ਸਮੁੱਚੇ ਭਾਰਤ ਦੇ ਕਿਸਾਨਾਂ ਦੀ ਆਰਥਿਕਤਾ ਦੀ ਲੜਾਈ ਹੈ, ਜਿਸ ਦੀ ਜਾਗ ਪੰਜਾਬੀਆਂ ਨੇ ਲਾਈ ਅਤੇ ਇਸ ਦਾ ਮੁੱਢ ਬੰਨਿਆ। ਇਸ ਲਈ ਜਿਹੜਾ ਵੀ ਕੋਈ ਕਿਸਾਨ ਆਗੂਆਂ ਖਿਲਾਫ ਭੰਡੀ ਪ੍ਰਚਾਰ ਕਰਦਾ ਜਾਂ ਇਸ ਨੂੰ ‘ਸਿੱਖ ਬਨਾਮ ਦਿੱਲੀ’ ਜਾਂ ‘ਪੰਜਾਬ ਬਨਾਮ ਦਿੱਲੀ’ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਭਾਜਪਾ ਸਰਕਾਰ ਦੀ ਹਮਾਇਤ ਸਪੱਸ਼ਟ ਤੌਰ `ਤੇ ਕਰ ਰਿਹਾ ਹੈ, ਕਿਉਂਕਿ ਇਹੀ ਤਾਂ ਸਰਕਾਰ ਚਾਹੁੰਦੀ ਹੈ।
ਇਹ ਕਿਸਾਨ ਆਗੂਆਂ ਦੀ ਸਹੀ ਅਗਵਾਈ ਸਦਕਾ ਹੀ ਹੈ ਕਿ ਅੱਜ ਯੂ. ਕੇ., ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਨਾਲ ਨਾਲ ਯੂ. ਐਨ. ਓ. ਵਰਗੀਆਂ ਸੰਸਥਾਵਾਂ ਨੇ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦਾ ਨੋਟਿਸ ਲਿਆ ਹੈ। ਪੰਜਾਬ ਦੀ ਕਿਸਾਨ ਲੀਡਰਸ਼ਿਪ ਸਿੱਖ ਮਾਨਸਿਕਤਾ ਤੋਂ ਭਲੀਭਾਂਤ ਜਾਣੂ ਹੈ, ਜਿਨ੍ਹਾਂ ਵਿਚੋਂ ਬਜੁਰਗ ਕਿਸਾਨ ਨੇਤਾ ਅੰਮ੍ਰਿਤਧਾਰੀ ਸਿੱਖ ਅਤੇ ਪੰਜ ਬਾਣੀ ਦਾ ਨਿੱਤਨੇਮੀ ਹੈ। ਜੇ ਅਰੁਣ ਸ਼ੋਰੀ ਨੂੰ ਪੰਜਾਬੀ ਹੁੰਦਿਆਂ ਪੰਜਾਬ ਤੋਂ ਬਾਹਰ ਰਹਿ ਕੇ ਵੀ ਸਿੱਖ ਮਾਨਸਿਕਤਾ ਦੀ ਸੋਝੀ ਹੈ ਤਾਂ ਪੰਜਾਬ ਵਿਚ ਜੰਮੇ, ਪਲੇ ਕਿਸਾਨ ਆਗੂਆਂ ਨੂੰ ਕਿਉਂ ਨਹੀਂ ਹੋ ਸਕਦੀ? ਹੁਣ ਤਾਂ ਇਸ ਮਾਨਸਿਕਤਾ ਦੀ ਸਮਝ ਹਰਿਆਣੇ ਦੇ ਕਿਸਾਨਾਂ ਅਤੇ ਰਾਕੇਸ਼ ਟਿਕੈਤ ਅਤੇ ਉਸ ਵਰਗੇ ਦੂਸਰੇ ਕਿਸਾਨ ਆਗੂਆਂ ਨੂੰ ਵੀ ਆ ਗਈ ਹੈ, ਜੋ ਆਪਣੀ ਕਿਸੇ ਵੀ ਇੰਟਰਵਿਊ ਜਾਂ ਗੱਲਬਾਤ ਦਾ ਅਰੰਭ ਹੀ ਇੱਥੋਂ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਸਿੱਖ ਭਾਈਆਂ ਤੋਂ ਬਹੁਤ ਕੁਝ ਸਿੱਖਿਆ ਹੈ।
‘ਪੰਜਾਬ ਟਾਈਮਜ਼’ ਵਿਚ ਕਿਸਾਨ ਮੋਰਚੇ ਦੇ ਸੁਭਾਅ, ਇਸ ਦੀਆਂ ਪ੍ਰਾਪਤੀਆਂ ਬਾਰੇ ਲਗਾਤਾਰ ਲਿਖ ਕੇ ਸੁਕੰਨਿਆਂ ਭਾਰਦਵਾਜ ਨਾਭਾ, ਡਾ. ਗੁਰਬਖਸ਼ ਸਿੰਘ ਭੰਡਾਲ ਵਰਗੇ ਵਿਦਵਾਨ ਆਪਣੇ ਲੇਖਾਂ ਰਾਹੀਂ ਮੋਰਚੇ ‘ਤੇ ਬੈਠੇ ਕਿਸਾਨ ਲੀਡਰਾਂ ਨੂੰ ਆਪਣੇ ਆਸ-ਪਾਸ ਤੋਂ ਚੇਤੰਨ ਕਰਕੇ ਬਹੁਤ ਵਧੀਆ ਯੋਗਦਾਨ ਪਾ ਰਹੇ ਹਨ। ਜਿਵੇਂ ਕੰਵਰ ਗਰੇਵਾਲ ਅਤੇ ਹਰਫ ਚੀਮਾ ਨੇ ਗਾਇਆ ਹੈ, ‘ਅਕਲਾਂ ਵਾਲਿਓ ਚੁੱਕ ਲਉ ਕਲਮਾਂ, ਮਾਰ ਲੈਣ ਨਾ ਰਫਲਾਂ ਸਾਨੂੰ’; ਅਭੈ ਕੁਮਾਰ ਦੂਬੇ, ਸਰਬਜੀਤ ਧਾਲੀਵਾਲ, ਹਰਜਿੰਦਰ ਸਿੰਘ ਗੁਲਪੁਰ, ਅਮਰਜੀਤ ਸਿੰਘ ਮੁਲਤਾਨੀ, ਪ੍ਰੋ. ਨਿਰਮਲ ਸਿੰਘ ਧਾਰਨੀ, ਹਰਵੰਤ ਸਿੰਘ ਸਹੋਤਾ, ਹਰਚਰਨ ਸਿੰਘ ਪਰਹਾਰ, ਡਾ. ਬਲਕਾਰ ਸਿੰਘ, ਹਜ਼ਾਰਾ ਸਿੰਘ ਅਤੇ ਹੋਰ ਵਿਦਵਾਨ ਕਿਸਾਨ ਮੋਰਚੇ ਬਾਰੇ ਗਿਆਨ-ਭਰਪੂਰ ਲੇਖਾਂ ਰਾਹੀਂ ਆਪਣਾ ਯੋਗਦਾਨ ਪਾ ਰਹੇ ਹਨ। ਜੋ ਵੀ ਕੋਈ ਅੰਦੋਲਨ ਵਿਚ ਬੈਠ ਕੇ ਧਰਨਿਆਂ ਵਿਚ ਸ਼ਮੂਲੀਅਤ ਨਹੀਂ ਕਰ ਰਿਹਾ, ਉਸ ਦਾ ਕੀ ਨੈਤਿਕ ਹੱਕ ਬਣਦਾ ਹੈ ਕਿ ਉਹ ਕਿਸਾਨ ਆਗੂਆਂ ਨੂੰ ਮਰਨ ਲਈ ਪਰਚੀਆਂ ਪਾਉਣ ਦੀ ਸਲਾਹ ਦੇਵੇ? ਬਹੁਤ ਅਫਸੋਸ ਦੀ ਗੱਲ ਹੈ!