ਗੱਲ ਪੰਜਾਂ ਰਾਜਾਂ ਦੀਆਂ ਚੋਣਾਂ ਦੀ ਨਹੀਂ, ਉਸ ਵਹਿਣ ਦੀ ਹੈ, ਜਿੱਧਰ ਨੂੰ ਭਾਰਤ ਚੱਲ ਪਿਆ ਜਾਪਦੈ

ਜਤਿੰਦਰ ਪਨੂੰ
ਭਾਰਤ ਦੇ ਲੋਕਾਂ ਦਾ ਜਿਹੜਾ ਧਿਆਨ ਪਹਿਲਾਂ ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਹੋਣ ਵਾਲੇ ਕਿਸਾਨ ਸੰਘਰਸ਼ ਵੱਲ ਲੱਗਾ ਹੋਇਆ ਸੀ, ਉਹ ਇਸ ਵਕਤ ਭਾਰਤ ਦੇ ਪੰਜਾਂ ਰਾਜਾਂ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵੱਲ ਲੱਗ ਗਿਆ ਹੈ। ਕਿਸਾਨ ਆਗੂ ਵੀ ਦਿੱਲੀ ਦੇ ਬਾਰਡਰਾਂ ਵਾਲਾ ਮੋਰਚਾ ਅਗਲੀ ਪੀੜ੍ਹੀ ਵਾਲਿਆਂ ਦੇ ਹੱਥ ਸੌਂਪ ਕੇ ਉਨ੍ਹਾਂ ਪੰਜਾਂ ਰਾਜਾਂ ਵਿਚ ਭਾਜਪਾ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਨਿਕਲ ਤੁਰੇ ਹਨ।

ਲੜਾਈ ਓਨੀ ਦਿੱਲੀ ਵਿਚ ਨਹੀਂ ਰਹੀ, ਜਿੰਨੀ ਉਨ੍ਹਾਂ ਪੰਜਾਂ ਰਾਜਾਂ ਵਿਚ ਹੁੰਦੀ ਜਾਪਦੀ ਹੈ। ਭਾਰਤੀ ਜਨਤਾ ਪਾਰਟੀ ਆਪਣੀ ਚੜ੍ਹਤ ਦੇ ਨਗਾਰੇ ਵਜਾਉਣ ਦਾ ਪ੍ਰਭਾਵ ਬਣਾ ਕੇ ਇਨ੍ਹਾਂ ਪੰਜਾਂ ਰਾਜਾਂ ਵਿਚ ਮੁਕਾਬਲੇ ਦੀਆਂ ਦੋ ਮੁੱਖ ਧਿਰਾਂ ਵਿਚੋਂ ਇੱਕ ਬਣੀ ਦਿੱਸਦੀ ਹੈ। ਧਰਮ ਨਿਰਪੱਖ ਤਾਕਤਾਂ ਇਸ ਤੋਂ ਖਤਰਾ ਮਹਿਸੂਸ ਕਰਦੀਆਂ ਹਨ, ਪਰ ਇਹ ਗੱਲ ਅੱਖੋਂ ਪਰੋਖੇ ਕਰੀ ਜਾਂਦੀਆਂ ਹਨ ਕਿ ਜਦੋਂ ਭਾਜਪਾ ਦੀ ਚੜ੍ਹਤ ਦੇ ਖਿਲਾਫ ਇਕੱਠੇ ਹੋਣ ਦਾ ਸਮਾਂ ਸੀ, ਉਦੋਂ ਰਾਜ-ਗੱਦੀਆਂ ਦੀ ਝਾਕ ਉਨ੍ਹਾਂ ਉੱਤੇ ਭਾਰੂ ਹੁੰਦੀ ਸੀ। ਇਹ ਅੰਗਰੇਜ਼ੀ ਦੀ ਕਹਾਵਤ ਇਨ੍ਹਾਂ ਧਰਮ ਨਿਰਪੱਖ ਲੀਡਰਾਂ ਨੇ ਵੀ ਸੁਣੀ ਹੋਵੇਗੀ: ‘ਏ ਸਟਿੱਚ ਇਨ ਟਾਈਮ, ਸੇਵਜ਼ ਦ ਨਾਈਨ’, ਭਾਵ ਇਹ ਕਿ ਉੱਧੜਦੇ ਕੱਪੜੇ ਨੂੰ ਵੇਲੇ ਸਿਰ ਇੱਕ ਤੋਪਾ ਲਾ ਲਿਆ ਜਾਵੇ ਤਾਂ ਨੌਂ ਲਾਉਣ ਤੋਂ ਬਚ ਜਾਈਦਾ ਹੈ। ਇਸ ਵਕਤ ਹਾਲਤ ਨੌਂ ਤੋਪਿਆਂ ਤੋਂ ਬਚਣ ਤੋਂ ਵੀ ਅੱਗੇ ਲੰਘ ਕੇ ਲੰਗਾਰ ਹੁੰਦੀਆਂ ਲੀਰਾਂ ਵਾਲੀ ਬਣੀ ਹੋਈ ਹੈ।
ਕਾਂਗਰਸ ਪਾਰਟੀ ਇਸ ਵਕਤ ਆਸਾਮ ਵਿਚ ਆਪਣੀ ਜਿੱਤ ਦਾ ਠੋਕਵਾਂ ਦਾਅਵਾ ਕਰ ਸਕਣ ਜੋਗੀ ਨਹੀਂ। ਪਹਿਲਾਂ ਏਸੇ ਆਸਾਮ ਵਿਚ ਕਾਂਗਰਸ ਦੀ ਤਿੰਨ ਵਾਰੀ ਸਰਕਾਰ ਲਗਾਤਾਰ ਬਣੀ ਸੀ, ਪਰ ਚੌਥੀ ਵਾਰ ਬੇੜਾ ਉਦੋਂ ਗਰਕਿਆ, ਜਦੋਂ ਦਿੱਲੀ ਵਿਚ ਬੈਠੀ ਕਾਂਗਰਸ ਪ੍ਰਧਾਨ ਦੇ ਦੁਆਲੇ ਜੁੜੀ ਜੁੰਡੀ ਆਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਵਿਰੁੱਧ ਇਸ ਲਈ ਸਾਜਿ਼ਸ਼ਾਂ ਘੜਨ ਲੱਗ ਪਈ ਕਿ ਚੌਥੀ ਵਾਰ ਜਿੱਤ ਗਿਆ ਤਾਂ ਉਸ ਦਾ ਕੱਦ ਰਾਹੁਲ ਗਾਂਧੀ ਤੋਂ ਵੱਡਾ ਹੋ ਜਾਵੇਗਾ। ਉਹ ਹਾਰ ਜਾਣ ਪਿੱਛੋਂ ਪ੍ਰਾਣ ਵੀ ਤਿਆਗ ਗਿਆ ਤਾਂ ਰਾਹੁਲ ਦੀ ਜੁੰਡੀ ਆਪਣੇ ਇਸ ਨੇਤਾ ਨੂੰ ਲੈ ਕੇ ਕੁਝ ਕਰਨ ਦੀ ਥਾਂ ਉਲਟਾ ਉਸ ਦੇ ਖਿਲਾਫ ਅਤੇ ਉਸ ਦੀ ਮਾਂ ਦੇ ਖਿਲਾਫ ਜੰਮੂ ਤੱਕ ਜਾ ਕੇ ਮੀਟਿੰਗਾਂ ਕਰਨ ਲੱਗ ਪਈ ਹੈ। ਅੱਜ ਉਹ ਇਸ਼ਾਰੇ ਕਰਦੇ ਹਨ ਕਿ ਰਾਹੁਲ ਗਾਂਧੀ ਲੀਡਰੀ ਕਰਨ ਦੇ ਯੋਗ ਨਹੀਂ, ਪਰ ਜਦੋਂ ਦੋ ਵਾਰੀ ਏਦਾਂ ਦਾ ਮੌਕਾ ਮਿਲਿਆ ਸੀ ਕਿ ਉਸ ਨੂੰ ਲਾਂਭੇ ਹੋਣ ਲਈ ਕਹਿ ਦਿੱਤਾ ਜਾਵੇ, ਇਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਨਹੀਂ ਸੀ ਕਿਹਾ।
ਜਦੋਂ ਡਾ. ਮਨਮੋਹਨ ਸਿੰਘ ਸਰਕਾਰ ਵੱਲੋਂ ਪਾਸ ਕੀਤਾ ਇੱਕ ਬਿੱਲ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਵਿਚ ਪਾੜਿਆ ਸੀ ਤੇ ਵਿਦੇਸ਼ ਵਿਚ ਗਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵਿਦੇਸ਼ੀ ਪ੍ਰੈੱਸ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸੀ, ਉਦੋਂ ਰਾਹੁਲ ਨੂੰ ਘੂਰਨਾ ਚਾਹੀਦਾ ਸੀ। ਦੂਸਰਾ ਮੌਕਾ ਦਿੱਲੀ ਵਿਚ ਇੱਕ ਸਟੇਡੀਅਮ ਵਿਚ ਉਸ ਦੇ ਇਹ ਕਹਿਣ ਦਾ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਮੈਂ ਅੱਜ ਸ਼ਾਮ ਤੱਕ ਬਣ ਸਕਦਾ ਹਾਂ। ਇਸ ਦਾ ਅਰਥ ਸੀ ਕਿ ਆਹ ਜਿਹੜਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬੈਠਾ ਹੈ, ਇਸ ਦਾ ਕੀ ਹੈ, ਇਸ ਨੂੰ ਅਸੀਂ ਮਾਂ-ਪੁੱਤ ਅੱਜ ਸ਼ਾਮ ਤੱਕ ਉਠਾ ਕੇ ਪਰੇ ਕਰ ਸਕਦੇ ਹਾਂ। ਇੱਕ ਵੀ ਕਾਗਰਸੀ ਆਗੂ ਨੂੰ ਉਦੋਂ ਰਾਹੁਲ ਦਾ ਭਾਸ਼ਣ ਨਹੀਂ ਸੀ ਚੁਭਿਆ ਅਤੇ ਅੱਜ ਉਹੀ ਸਾਰੇ ਉਸ ਦੇ ਖਿਲਾਫ ਮੀਟਿੰਗਾਂ ਕਰਦੇ ਫਿਰਦੇ ਹਨ।
ਦੂਸਰੀ ਧਿਰ ਖੱਬੇ-ਪੱਖੀਆਂ ਦੀ ਹੈ। ਇੱਕ ਵਕਤ ਸਾਰੇ ਕਾਂਗਰਸ-ਵਿਰੋਧੀ ਤੇ ਭਾਜਪਾ-ਵਿਰੋਧੀ ਧੜੇ ਇਹ ਮੰਨਣ ਨੂੰ ਤਿਆਰ ਹੋ ਗਏ ਸਨ ਕਿ ਸੀ. ਪੀ. ਆਈ. (ਐੱਮ) ਦੇ ਲੀਡਰ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਾਂਝੀ ਸਰਕਾਰ ਦਾ ਗਠਨ ਕਰ ਲਈਏ। ਜਦੋਂ ਉਸ ਦੀ ਆਪਣੀ ਪਾਰਟੀ ਸੀ. ਪੀ. ਆਈ. (ਐੱਮ) ਵਿਚ ਇਸ ਬਾਰੇ ਮਤਾ ਪੇਸ਼ ਹੋਇਆ ਤਾਂ ਉਸ ਦੇ ਖਿਲਾਫ ਬਹੁ-ਸੰਮਤੀ ਇਸ ਲਈ ਜੁੜ ਗਈ ਕਿ ਕਾਂਗਰਸ ਨਾਲ ਸਾਂਝ ਪਾ ਕੇ ਚੱਲਣ ਵਾਲੀ ਸਰਕਾਰ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਨਹੀਂ। ਅਗਲੀਆਂ ਦੋ ਚੋਣਾਂ ਵਿਚ ਜਿਹੜੇ ਕਾਮਰੇਡ ਇਹ ਕਹਿੰਦੇ ਸਨ ਕਿ ਮਮਤਾ ਬੈਨਰਜੀ ਸੱਜ ਪਿਛਾਖੜ ਅਤੇ ਭਾਰਤ ਦੇ ਪੂੰਜੀਵਾਦ ਦੀ ਆਗੂ ਹੈ, ਇਸ ਨੂੰ ਜਿੱਤਣ ਨਹੀਂ ਦੇਣਾ ਚਾਹੀਦਾ, ਉਨ੍ਹਾਂ ਵਿਚੋਂ ਇੱਕ ਜਣਾ ਇਸ ਹਫਤੇ ਦੇ ਇੱਕ ਦਿਨ ਸਾਨੂੰ ਮਿਲ ਗਿਆ। ਗੱਲ ਪੰਜਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਚੱਲ ਪਈ। ਅਸੀਂ ਇਹ ਪੁੱਛ ਲਿਆ ਕਿ ਪੱਛਮੀ ਬੰਗਾਲ ਦਾ ਕੀ ਬਣੇਗਾ ਤੇ ਉਸ ਨੇ ਕਿਹਾ: ‘ਆਸ ਤਾਂ ਬੜੀ ਹੈ ਕਿ ਮਮਤਾ ਬੈਨਰਜੀ ਭਾਜਪਾ ਦੇ ਪੈਰ ਨਹੀਂ ਲੱਗਣ ਦੇਵੇਗੀ।’ ਅਸੀਂ ਪੁੱਛਿਆ ਕਿ ਉਸ ਦੇ ਜਿੱਤਣ ਨਾਲ ਤੁਹਾਨੂੰ ਕੀ ਫਾਇਦਾ, ਉਹ ਤਾਂ ਸੱਜ ਪਿਛਾਖੜ ਦੀ ਪ੍ਰਤੀਨਿਧ ਹੈ, ਪਰ ਉਸ ਦਾ ਜਵਾਬ ਇਹ ਸੀ ਕਿ ਗੱਲ ਪਿਛਾਖੜ-ਅਗਾਖੜ ਦੀ ਨਹੀਂ, ਫਿਰਕਾਪ੍ਰਸਤੀ ਦਾ ਰਾਹ ਰੋਕਣ ਦੀ ਹੈ। ਅਸੀਂ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰਾਂ ਨੇ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣਾ ਮੰਨਿਆ ਸੀ, ਗੱਲ ਉਦੋਂ ਵੀ ਫਿਰਕਾਪ੍ਰਸਤੀ ਰੋਕਣ ਦੀ ਸੀ, ਫਿਰ ਅੱਜ ਵਾਲੀ ਗੱਲ ਉਦੋਂ ਸੋਚ ਲੈਣੀ ਚਾਹੀਦੀ ਸੀ ਅਤੇ ਜਿਸ ਕਾਂਗਰਸ ਨਾਲ ਅੱਜ ਬੰਗਾਲ ਵਿਚ ਚੋਣਾਂ ਦੀ ਸਾਂਝ ਪਾਈ ਹੈ, ਉਸ ਨਾਲ ਉਸ ਵੇਲੇ ਸਾਂਝ ਪਾਈ ਹੁੰਦੀ ਤਾਂ ਕਿੰਨਾ ਕੁ ਫਰਕ ਪੈਣਾ ਸੀ! ਕਾਮਰੇਡਾਂ ਕੋਲ ਏਦਾਂ ਦੇ ਮੌਕੇ ਇੱਕੋ ਦਲੀਲ ਵੱਡੀ ਹੁੰਦੀ ਹੈ ਕਿ ਉਦੋਂ ਨਾਲੋਂ ਪ੍ਰਸਥਿਤੀਆਂ ਬਦਲ ਗਈਆਂ ਹਨ। ਉਸ ਨੇ ਵੀ ਇਹੋ ਕਿਹਾ ਸੀ।
ਪਿਛਲੇ ਸਾਲ ਅਕਾਲੀ ਦਲ ਦੇ ਇੱਕ ਉੱਘੇ ਆਗੂ ਨਾਲ ਕਿਸੇ ਵਿਆਹ ਵਿਚ ਇਕੱਠੇ ਹੋਣ ਦਾ ਸਬੱਬ ਬਣ ਗਿਆ ਤਾਂ ਅਸੀਂ ਉਨ੍ਹਾਂ ਦੀ ਭਾਜਪਾ ਨਾਲ ਸਾਂਝ ਉੱਤੇ ਕਿੰਤੂ ਕਰਦਾ ਸਵਾਲ ਕੀਤਾ ਸੀ। ਉਸ ਦਾ ਜਵਾਬ ਸੀ ਕਿ ਤੁਹਾਨੂੰ ਪਹਿਲਾਂ ਅਸੀਂ ਅਕਾਲੀ ਫਿਰਕੂ ਲੱਗਿਆ ਕਰਦੇ ਸਾਂ, ਅੱਜ ਕੱਲ੍ਹ ਭਾਜਪਾ ਤੋਂ ਡਰ ਲੱਗਦਾ ਹੈ, ਨਾ ਕਦੇ ਅਕਾਲੀ ਫਿਰਕੂ ਸਨ ਤੇ ਨਾ ਭਾਜਪਾ ਤੋਂ ਇਸ ਦੇਸ਼ ਦੀ ਕਿਸੇ ਵੀ ਘੱਟ-ਗਿਣਤੀ ਨੂੰ ਹੀ ਕੋਈ ਖਤਰਾ ਹੈ। ਉਸ ਤੋਂ ਕੁਝ ਹਫਤੇ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਛੱਡ ਦਿੱਤੀ ਅਤੇ ਉਹੀ ਆਗੂ ਅੱਜ ਕੱਲ੍ਹ ਭਾਜਪਾ ਦੇ ਫਿਰਕੂਪੁਣੇ ਵਿਰੁੱਧ ਸਭ ਤੋਂ ਵੱਧ ਬਿਆਨ ਜਾਰੀ ਕਰਨ ਲੱਗਾ ਰਹਿੰਦਾ ਹੈ। ਮੈਨੂੰ ਉਸ ਦੇ ਬਿਆਨਾਂ ਵਿਚ ਉਸ ਦੇ ਆਪਣੇ ਗੁਨਾਹ ਦਾ ਅਹਿਸਾਸ ਮਹਿਸੂਸ ਹੁੰਦਾ ਹੈ। ਸਿੱਖੀ ਨੂੰ ਬਚਾਉਣ ਲਈ ਉਹ ਅੱਜ ਕੱਲ੍ਹ ਕੁਝ ਖਾਸ ਚਿੰਤਤ ਹੈ। ਪਿਛਲੇ ਦਿਨੀਂ ਅਚਾਨਕ ਉਸ ਦਾ ਫੋਨ ਆਇਆ ਤਾਂ ਅਸੀਂ ਪਿਛਲੇ ਸਾਲ ਦੀ ਗੱਲ ਚੇਤੇ ਕਰਵਾ ਦਿੱਤੀ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਭਾਜਪਾ ਤੋਂ ਕੋਈ ਖਤਰਾ ਨਹੀਂ। ਉਸ ਨੇ ਜਵਾਬ ਦਿੱਤਾ ਕਿ ਭਾਜਪਾ ਨਾਲ ਸਾਡੀ ਸਾਂਝ ਹੁੰਦੇ ਤੋਂ ਸਚਮੁੱਚ ਕੋਈ ਖਤਰਾ ਨਹੀਂ ਸੀ, ਸਾਡੀ ਉਸ ਨਾਲ ਸਾਂਝ ਟੁੱਟ ਜਾਣ ਪਿੱਛੋਂ ਭਾਜਪਾ ਦੇ ਆਗੂਆਂ ਨੂੰ ਅੱਖ ਦੀ ਸ਼ਰਮ ਨਹੀਂ ਰਹੀ, ਇਸ ਕਰ ਕੇ ਬਾਕੀ ਘੱਟ-ਗਿਣਤੀਆਂ ਵਾਂਗ ਸਿੱਖਾਂ ਦੇ ਖਿਲਾਫ ਵੀ ਉਨ੍ਹਾਂ ਦਾ ਰੁਖ ਬਦਲ ਗਿਆ ਹੈ। ਹਵਾਈ ਕੁੱਕੜ ਦੇ ਆਪਣੇ ਹਿੱਤ ਕੋਈ ਨਹੀਂ ਹੁੰਦੇ, ਹਵਾ ਦਾ ਰੁਖ ਬਦਲਦੇ ਨਾਲ ਬਦਲ ਜਾਂਦਾ ਹੈ, ਪਰ ਏਦਾਂ ਦੇ ਲੀਡਰ ਉਸ ਹਵਾਈ ਕੁੱਕੜ ਤੋਂ ਵੀ ਭੈੜੇ ਹਨ, ਜਿਹੜੇ ਆਪਣੇ ਹਿੱਤਾਂ ਨੂੰ ਕੌਮ ਦੇ ਹਿੱਤ ਦੱਸਦੇ ਰਹਿੰਦੇ ਹਨ।
ਬੀਤੇ ਹਫਤੇ ਇੱਕ ਵਿਦੇਸ਼ੀ ਸੰਸਥਾ ਨੇ ਭਾਰਤ ਵਿਚ ਵਿਚਾਰਾਂ ਦੀ ਆਜ਼ਾਦੀ ਦੇ ਅੰਕੜੇ ਹੋਰ ਹੇਠਾਂ ਡੇਗ ਦਿੱਤੇ ਹਨ ਤੇ ਭਾਰਤ ਸਰਕਾਰ ਇਸ ਤੋਂ ਨਾਰਾਜ਼ ਹੈ। ਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ ਗੱਲ ਵਿਦੇਸ਼ੀ ਸੰਸਥਾ ਨੇ ਠੀਕ ਕਹੀ ਹੈ ਤੇ ਭਾਜਪਾ ਨੂੰ ਹਕੀਕਤ ਮੰਨਣੀ ਚਾਹੀਦੀ ਹੈ। ਜਦੋਂ ਉਹ ਵਿਦੇਸ਼ੀ ਸੰਸਥਾ ਦੀ ਰਿਪੋਰਟ ਨੂੰ ਹਕੀਕਤ ਮੰਨ ਕੇ ਭਾਜਪਾ ਦੀ ਲੀਡਰਿਸ਼ਪ ਨੂੰ ਏਦਾਂ ਦੀ ਸਲਾਹ ਦਿੰਦੇ ਹਨ, ਖੁਦ ਉਨ੍ਹਾਂ ਨੂੰ ਵੀ ਕਦੇ ਨਾ ਕਦੇ ਇਹ ਹਕੀਕਤ ਮੰਨਣ ਦੀ ਹਿੰਮਤ ਕਰ ਲੈਣੀ ਚਾਹੀਦੀ ਹੈ ਕਿ ਹਾਲਾਤ ਨੂੰ ਇਥੋਂ ਤੱਕ ਪੁਚਾਉਣ ਵਿਚ ਕੁਝ ਹੱਥ ਉਨ੍ਹਾਂ ਦੇ ਗਲਤ ਰਾਜਸੀ ਪੈਂਤੜਿਆਂ ਤੇ ਸੱਤਾ ਜਾਂ ਆਪੋ-ਆਪਣੀ ਚੌਧਰ ਦੀ ਭੁੱਖ ਦਾ ਵੀ ਸੀ। ਅੱਗੇ ਇਹ ਕਿਹਾ ਜਾਂਦਾ ਸੀ ਕਿ ਇਤਿਹਾਸ ਬੜਾ ਬੇਰਹਿਮ ਹੈ ਤੇ ਇਸ ਨੇ ਕਿਸੇ ਦਾ ਵੀ ਲਿਹਾਜ ਨਹੀਂ ਕਰਨਾ, ਸਾਰਾ ਚਿੱਠਾ ਲੋਕਾਂ ਅੱਗੇ ਪੇਸ਼ ਕਰ ਦੇਣਾ ਹੈ, ਪਰ ਇਸ ਵਕਤ ਤਾਂ ਦੇਸ਼ ਦਾ ਇਤਿਹਾਸ ਵੀ ਭਾਰੂ ਧਿਰ ਆਪਣੇ ਪੱਖ ਵਿਚ ਬਦਲਣ ਲੱਗੀ ਹੋਈ ਹੈ। ਉਸ ਦੇ ਅੱਗੇ ਯੂਨੀਵਰਸਿਟੀਆਂ ਦੇ ਵੱਡੇ ਸਕਾਲਰ ਅੜਨ ਤੋਂ ਗੁਰੇਜ਼ ਕਰਦੇ ਹਨ ਅਤੇ ਅਦਾਲਤਾਂ ਵਿਚ ਬੈਠੇ ਹੋਏ ਜੱਜਾਂ ਦੀ ਇੱਕ ਵੱਡੀ ਗਿਣਤੀ ਉਸ ਦੇ ਇਰਾਦਿਆਂ ਉੱਤੇ ਸਹਿਮਤੀ ਪ੍ਰਗਟ ਕਰਨ ਦੇ ਰਾਹ ਪੈ ਗਈ ਦਿੱਸਣ ਲੱਗ ਪਈ ਹੈ। ਪੰਜਾਂ ਰਾਜਾਂ ਦੀਆਂ ਚੋਣਾਂ ਹੋ ਜਾਣਗੀਆਂ, ਕੁਝ ਥਾਂਈਂ ਭਾਜਪਾ ਨਾਲ ਆਢਾ ਲੈਣ ਵਾਲੀਆਂ ਧਿਰਾਂ ਕਾਮਯਾਬ ਵੀ ਹੋ ਜਾਣ ਤਾਂ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਨਹੀਂ ਕਿਹਾ ਜਾ ਸਕਦਾ, ਦੇਸ਼ ਜਿਸ ਪਾਸੇ ਚੱਲ ਪਿਆ ਹੈ, ਉਸ ਨੂੰ ਓਧਰਲੇ ਵਹਿਣ ਤੋਂ ਬਚਾਉਣ ਲਈ ਜੋ ਕੁਝ ਕਰਨ ਦੀ ਲੋੜ ਹੈ, ਉਹ ਸੋਚਣਾ ਚਾਹੀਦਾ ਹੈ।