ਚੁੱਪ ਦੀ ਵੀ ਜ਼ੁਬਾਨ ਹੁੰਦੀ ਆ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਇਕੱਲ ਤੋਂ ਇਕਾਂਤ ਦੇ ਸਫਰ ਦਾ ਜਿ਼ਕਰ ਛੇੜਿਆ ਸੀ ਕਿ ਦਰਅਸਲ ਜਿ਼ੰਦਗੀ ਇਕੱਲ ਤੋਂ ਇਕਾਂਤ ਨੂੰ ਜਾਣ ਦਾ ਸੁਹਾਵਣਾ ਸਫਰ, ਅਨੰਦਮਈ ਅਹਿਸਾਸ।…

ਇਕੱਲ ਸਰਾਪ, ਇਕਾਂਤ ਸੁਗਾਤ। ਇਕੱਲ ਗਲਤੀ, ਇਕਾਂਤ ਸੁਧਾਰ। ਇਕੱਲ ਗੁਨਾਹ, ਇਕਾਂਤ ਪਰਉਪਕਾਰ। ਇਕੱਲ ਪਾਪ, ਇਕਾਂਤ ਪੁੰਨ। ਇਕੱਲ ਕੂੜ-ਕਮਾਈ, ਇਕਾਂਤ ਬੰਦਿਆਈ। ਇਕੱਲ ਅਵੱਗਿਆ, ਇਕਾਂਤ ਆਗਿਆਕਾਰੀ। ਇਕੱਲ ਹਉਮੈ, ਇਕਾਂਤ ਹਲੀਮੀ।…ਇਸ ਮਾਰਗ ‘ਤੇ ਚੱਲਣ ਲਈ ਖੁਦ ਹੀ ਤਹੱਈਆ ਕਰਨਾ ਪੈਣਾ। ਸੰਭਲ ਕੇ ਤੁਰਨਾ, ਸਫਰ ਪੂਰਾ ਕਰਨ ਅਤੇ ਅਪੂਰਨਤਾ ਤੋਂ ਪੂਰਨਤਾ ਪ੍ਰਾਪਤ ਕਰਨਾ ਪੈਣੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਹੈ ਕਿ ਚੁੱਪ ਦੀ ਵੀ ਜ਼ੁਬਾਨ ਹੁੰਦੀ, ਜਿਸ ਦੇ ਬੋਲਾਂ ਵਿਚ ਬਹੁਤ ਕੁਝ ਅਬੋਲ ਹੁੰਦਾ।…ਚੁੱਪ ਕਦੇ ਵੀ ਕਮਜੋ਼ਰੀ ਜਾਂ ਬੁਜ਼ਦਿਲੀ ਨਹੀਂ। ਇਹ ਤਾਂ ਸਮਝਦਾਰੀ ਅਤੇ ਵਕਤ ਦਾ ਤਕਾਜ਼ਾ ਹੁੰਦੀ। ਚੁੱਪ ਨੂੰ ਸਮਝਣ ਲਈ ਸਮਰੱਥਾ, ਸੂਖਮਤਾ ਅਤੇ ਸਿਆਣਪ ਦੀ ਲੋੜ। ਉਨ੍ਹਾਂ ਨਸੀਹਤ ਕੀਤੀ ਹੈ, “ਕਦੇ ਵੀ ਘਰ ਵਿਚ ਚੁੱਪ ਨਾ ਸਿਰਜੋ। ਸਗੋਂ ਇਸ ਚੁੱਪ ਨੂੰ ਕੁਝ ਬੋਲ ਦਿਓ ਤਾਂ ਕਿ ਇਸ ਚੁੱਪ ਵਿਚੋਂ ਸੁਗਮ-ਸੰਗੀਤ, ਮਿੱਠੜੇ ਬੋਲ, ਸੁ਼ਭ-ਕਾਮਨਾਵਾਂ ਅਤੇ ਸੁ਼ਭ-ਚਿੰਤਨ ਦੀਆਂ ਮਧੂਰ ਧੁਨਾਂ ਪੈਦਾ ਹੋਣ।” ਉਹ ਕਹਿੰਦੇ ਹਨ, “ਕੁਝ ਲੋਕ ਚੁੱਪ ਵਿਚ ਹਾਜ਼ਰ ਹੁੰਦੇ ਅਤੇ ਬੋਲਾਂ ਵਿਚ ਗੁੰਮਨਾਮ। ਜਿਹੜੇ ਲੋਕ ਬੋਲਾਂ ਵਿਚ ਹਾਜਰ ਹੋਣ ਤੀਕ ਹੀ ਸੀਮਤ ਹੋਣ, ਉਹ ਰੂਹ ਵਿਚੋਂ ਸਦਾ ਗੈਰ-ਹਾਜਰ ਹੀ ਰਹਿੰਦੇ। ਰੂਹ ਵਿਚ ਹਾਜਰ ਰਹੋ, ਲੋਕ ਸਮਝ ਜਾਣਗੇ। ਬੋਲਾਂ ਵਿਚ ਹਾਜ਼ਰੀ ਦੇ ਕੋਈ ਮਾਅਨੇ ਨਹੀਂ ਹੁੰਦੇ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਚੁੱਪ ਅਰਥਮਈ, ਸੰਵੇਦਨਾ ਭਰਪੂਰ ਅਤੇ ਸਹਿਜਭਾਵੀ ਵਰਤਾਰਾ, ਜਿਸ ਵਿਚੋਂ ਉਗਮਦਾ ਹੈ ਸ਼ਖਸੀ ਝਲਕਾਰਾ।
ਚੁੱਪ ਦੀ ਜ਼ੁਬਾਨ ਹੁੰਦੀ, ਜਿਸ ਦੇ ਬੋਲਾਂ ਵਿਚ ਬਹੁਤ ਕੁਝ ਅਬੋਲ ਹੁੰਦਾ। ਬਹੁਤ ਕੁਝ ਸੁਣਾਈ ਨਹੀਂ ਦਿੰਦਾ। ਸਿਰਫ ਸੋਝੀ ਹੀ ਇਸ ਨੂੰ ਸਮਝ, ਇਸ ਦੀ ਸੰਵੇਦਨਾ ਨੂੰ ਅਰਥ ਬਖਸ਼ਦੀ।
ਚੁੱਪ ਸਾਡੇ ਅੰਦਰ ਵੀ ਅਤੇ ਬਾਹਰ ਵੀ। ਚੌਗਿਰਦੇ ਵਿਚ ਹਾਜ਼ਰ-ਨਾਜ਼ਰ। ਸਾਡੀਆਂ ਸੋਚਾਂ, ਵਰਤਾਰਿਆਂ, ਭਾਵਾਂ, ਸੁਪਨਿਆਂ, ਸੰਭਾਵਨਾਵਾਂ ਅਤੇ ਸਮਰੱਥਾਵਾਂ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ, ਪਰ ਮਨੁੱਖ ਚੁੱਪ ਨੂੰ ਕਿਸ ਭਾਵ ਨਾਲ ਲੈਂਦਾ, ਕਿਹੜੇ ਅਰਥਾਂ ਰਾਹੀਂ ਇਸ ਦੀ ਨਿਸ਼ਾਨਦੇਹੀ ਕਰਦਾ, ਕਿਹੜੇ ਸਰੀਰਕ ਪ੍ਰਤੀਕਰਮ ਰਾਹੀਂ ਇਸ ਦੀ ਸੂਖਮਤਾ ਨੂੰ ਸਮਝਦਾ ਅਤੇ ਇਸ ਦੀ ਤਹਿਆਂ ਫਰੋਲਣ ਪ੍ਰਤੀ ਰੁਚਿਤ ਹੁੰਦਾ, ਇਹ ਮਨੁੱਖੀ ਸੰਜ਼ੀਦਗੀ, ਪੁੱਖਤਗੀ ਅਤੇ ਪ੍ਰਵਿਰਤੀ ‘ਤੇ ਨਿਰਭਰ।
ਚੁੱਪ ਜਦ ਬੋਲਦੀ ਤਾਂ ਇਸ ਨੂੰ ਸੁਣਨਾ ਤੇ ਸਮਝਣਾ ਕਈ ਵਾਰ ਬਹੁਤ ਔਖਾ ਹੁੰਦਾ। ਇਸ ਚੁੱਪ ਨੂੰ ਉਲਥਾਉਣ ਲਈ ਖੁਦ ਨੂੰ ਅੰਤਰੀਵ ਵਿਚ ਉਤਰਨਾ ਪੈਂਦਾ।
ਚੁੱਪ ਸਭ ਤੋਂ ਜ਼ਹੀਨ, ਸੂਖਮ ਅਤੇ ਸਮਝਦਾਰ ਵਿਅਕਤੀਆਂ ਨਾਲ ਹੀ ਆਪਣੇ ਰਾਜ਼ ਸਾਂਝੇ ਕਰਦੀ। ਅਜਿਹੇ ਲੋਕ ਚੁੱਪ ਨੂੰ ਸ਼ਬਦਾਂ, ਸੰਵਾਦ, ਕਾਵਿ-ਕਿਰਤਾਂ ਜਾਂ ਕਲਾ-ਕਿਰਤੀਆਂ ਰਾਹੀਂ ਪ੍ਰਗਟਾਉਣ ਵਿਚ ਸਦਾ ਯਤਨਸ਼ੀਲ ਰਹਿੰਦੇ। ਜੋ ਲੋਕ ਚੁੱਪ ਨੂੰ ਨਹੀਂ ਜਾਣਦੇ ਜਾਂ ਇਸ ਤੋਂ ਅਵੇਸਲੇ ਹੁੰਦੇ, ਉਹ ਮਨੁੱਖ ਨਹੀਂ ਸਗੋਂ ਰੋਬੋਟ ਹੋ ਸਕਦੇ। ਚੁੱਪ ਤਾਂ ਚਿੰਤਕਾਂ, ਚੇਤੰਨ ਅਤੇ ਫਿਕਰਮੰਦ ਵਿਅਕਤੀਆਂ ਦਾ ਪਾਣੀ ਭਰਦੀ।
ਚੁੱਪ, ਮਨੁੱਖ ਦੇ ਅੰਦਰ ਤੋਂ ਅੰਦਰ ਤੀਕ ਦੀ ਯਾਤਰਾ। ਬਾਹਰਲੇ ਸਰੋਕਾਰਾਂ ਤੋਂ ਅੰਦਰਲੀਆਂ ਭਾਵਨਾਵਾਂ ਨੂੰ ਸਮਝਣ ਦੀ ਪ੍ਰਕਿਰਿਆ। ਆਪਣੀ ਬੇਖੁਦੀ ਵਿਚੋਂ ਖੁਦਦਾਰੀ ਅਤੇ ਰਹਿਨੁਮਾਈ ਪ੍ਰਾਪਤ ਕਰਨ ਦਾ ਨਿਸਚਾ।
ਚੁੱਪ ਘਟਨਾਵਾਂ, ਕਿਰਿਆਵਾਂ, ਵਕਤੀ ਵਰਤਾਰਿਆਂ ਜਾਂ ਚੌਗਿਰਦੇ ਵਿਚ ਹੋ ਰਹੇ ਵਿਕਾਸ ਜਾਂ ਵਿਨਾਸ਼ ਕਾਰਨ ਮਨੁੱਖੀ ਮਨ ‘ਤੇ ਪ੍ਰਭਾਵ ਪਾਉਂਦੀ। ਕਈ ਵਾਰ ਮਨੁੱਖ ਖੁਦ ਹੀ ਹਾਲਾਤਾਂ ਦਾ ਸਤਾਇਆ ਚੁੱਪ ਹੋ ਜਾਂਦਾ, ਪਰ ਕਈ ਵਾਰ ਮਨੁੱਖ ਦੀ ਚੁੱਪ ਕਾਰਨ ਹਾਲਾਤ ਬਦਲਦੇ।
ਚੁੱਪ ਅਸਥਾਈ ਵੀ ਅਤੇ ਸਥਾਈ ਵੀ। ਅਸਥਾਈ ਚੁੱਪ ਵਿਚੋਂ ਨਵੇਂ ਵਿਚਾਰਾਂ ਦੀਆਂ ਕਿਰਨਾਂ ਫੁੱਟਦੀਆਂ, ਨਰੋਈਆਂ ਕਲਾ-ਕਿਰਤਾਂ ਦੀ ਸਿਰਜਣਾ ਹੁੰਦੀ, ਜਦ ਕਿ ਸਦੀਵੀ ਚੁੱਪ ਤਾਂ ਸਿਵਿਆਂ ਨੂੰ ਜਾਂਦੇ ਰਾਹ ਦੀ ਮਾਰਗ-ਦਰਸ਼ਨਾ। ਖੁਦਾ ਕਰੇ! ਚੁੱਪ ਪਲ ਭਰ ਦੀ ਤਾਂ ਜਰੂਰ ਹੋਵੇ, ਪਰ ਕਦੇ ਵੀ ਚੁੱਪ ਦਾ ਸਦੀਵੀ ਸਾਥ ਮਾਣਨ ਦੀ ਤਮੰਨਾ ਮਨ ਵਿਚ ਨਾ ਪਾਲੋ।
ਚੁੱਪ, ਚੀਖ ਵੀ ਤੇ ਚਹਿਕਣੀ ਵੀ। ਚਾਅ ਵੀ ਤੇ ਚਸਕ ਵੀ। ਚੰਗਿਆੜੀ ਵੀ ਤੇ ਚੋਅ ਵੀ। ਚੰਘਾੜਦੀ ਵੀ ਅਤੇ ਚੌਂਕ ਵੀ ਜਾਂਦੀ। ਚੁੱਪ ਚਾਹਨਾ ਵੀ ਤੇ ਚੁੱਪ ਚਰੂੰਡਦੀ ਵੀ। ਚੰਗੇਰ ਵੀ ਤੇ ਚਰਖੜੀ ਵੀ। ਚਾਲ ਵੀ ਤੇ ਚਕੁੰਦਰ ਵੀ। ਚੁੱਪ, ਚੋਭ ਵੀ ਤੇ ਚਾਪਲੂਸੀ ਵੀ।
ਚੁੱਪ ਨੂੰ ਬੋਲ ਵੀ ਉਲਥਾਉਂਦੇ ਤੇ ਚੁੱਪ ਵੀ। ਕਲਮ ਵੀ ਸਮਝਾਉਂਦੀ ਅਤੇ ਬੁਰਸ਼ ਵੀ। ਇਸ਼ਾਰੇ ਵੀ ਅਤੇ ਮੂਕਤਾ ਵੀ। ਚੁੱਪ ਨੂੰ ਸਮਝਣ ਲਈ ਸਮਰੱਥਾ, ਸੂਖਮਤਾ ਅਤੇ ਸਿਆਣਪ ਦੀ ਲੋੜ।
ਚੁੱਪ ਸਭ ਤੋਂ ਸਮਰੱਥ ਹਥਿਆਰ ਜਦ ਕੋਈ ਬੋਲ ਨਾ ਸਮਝੇ, ਸ਼ਬਦਾਂ ਦੀ ਸੂਝ ਨਾ ਰੱਖਦਾ ਹੋਵੇ ਜਾਂ ਕੋਈ ਸਮੁੱਚ ਨੂੰ ਸਮਝਣ ਤੋਂ ਟਾਲਾ ਵੱਟੇ। ਚੁੱਪ ਕਦੇ ਵੀ ਖਾਲੀ ਨਹੀਂ ਹੁੰਦੀ। ਇਸ ਦੀ ਕੁੱਖ ਵਿਚ ਬਹੁਤ ਕੁਝ ਛੁਪਿਆ ਹੁੰਦਾ। ਚੁੱਪ ਕਦੇ ਵੀ ਅਕਾਰਥ ਨਹੀਂ ਹੁੰਦੀ। ਬਹੁਤ ਕੀਮਤੀ ਹੁੰਦੀ ਹੈ ਚੁੱਪ।
ਚੁੱਪ ਹੋਣ ‘ਤੇ ਜਦ ਕੋਈ ਪੁੱਛਦਾ ਹੈ ਕਿ ਚੁੱਪ ਕਿਉਂ ਹਾਂ? ਤਾਂ ਕਹਿਣਾ ਪੈਂਦਾ ਏ ਕਿ ਚੁੱਪ ਦੇਖ ਕੇ ਹੈਰਾਨ ਨਾ ਹੋ ਦੋਸਤ। ਭਰੋਸਾ ਕਰਕੇ ਬਹੁਤ ਕੁਝ ਗਵਾਇਆ ਏ ਤਾਂ ਹੀ ਚੁੱਪ ਹਾਂ। ਅਲਫਾਜ਼ ਤਾਂ ਬਹੁਤ ਕੁਝ ਕਹਿਣਾ ਚਾਹੁੰਦੇ ਨੇ, ਪਰ ਮੇਰਾ ਅੰਦਾਜ਼ ਇਹ ਇਜਾਜ਼ਤ ਨਹੀਂ ਦਿੰਦਾ ਜਨਾਬ।
ਚੁੱਪ ਕਦੇ ਵੀ ਕਮਜੋ਼ਰੀ ਜਾਂ ਬੁਜ਼ਦਿਲੀ ਨਹੀਂ। ਇਹ ਤਾਂ ਸਮਝਦਾਰੀ ਅਤੇ ਵਕਤ ਦਾ ਤਕਾਜ਼ਾ ਹੁੰਦੀ। ਦਸਤਕ ਜਾਂ ਹਾਕ ਤਾਂ ਕੰਨਾਂ ਲਈ ਹੁੰਦੇ, ਪਰ ਚੁੱਪ ਦਾ ਵਾਸਾ ਰੂਹ ਵਿਚ ਹੁੰਦਾ; ਤੇ ਰੂਹ ਤੀਕ ਪਹੁੰਚਣਾ ਹਰੇਕ ਦੇ ਵੱਸ ਨਹੀਂ ਹੁੰਦਾ।
ਕੁਝ ਲੋਕ ਚੁੱਪ ਵਿਚ ਹਾਜ਼ਰ ਹੁੰਦੇ ਅਤੇ ਬੋਲਾਂ ਵਿਚ ਗੁੰਮਨਾਮ। ਜਿਹੜੇ ਲੋਕ ਬੋਲਾਂ ਵਿਚ ਹਾਜਰ ਹੋਣ ਤੀਕ ਹੀ ਸੀਮਤ ਹੋਣ, ਉਹ ਰੂਹ ਵਿਚੋਂ ਸਦਾ ਗੈਰ-ਹਾਜਰ ਹੀ ਰਹਿੰਦੇ। ਰੂਹ ਵਿਚ ਹਾਜਰ ਰਹੋ, ਲੋਕ ਸਮਝ ਜਾਣਗੇ। ਬੋਲਾਂ ਵਿਚ ਹਾਜ਼ਰੀ ਦੇ ਕੋਈ ਮਾਅਨੇ ਨਹੀਂ ਹੁੰਦੇ।
ਹਮੇਸ਼ਾ ਗੁਫਤਗੂ ਦੇ ਗੁੱਲਦਸਤਿਆਂ ਵਿਚੋਂ ਅਰਥ ਤਲਾਸ਼ਣ ਦੀ ਥਾਂ ਕਦੇ ਕਦਾਈਂ ਚੁੱਪ ਨੂੰ ਪੜ੍ਹਨ ਤੇ ਸੁਣਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ, ਕਿਉਂਕਿ ਉਹ ਹੀ ਸਭ ਤੋਂ ਵੱਡਾ ਅਦੀਬ ਹੁੰਦਾ, ਜੋ ਤੁਹਾਡੀ ਚੁੱਪ ਦੀ ਵੀ ਤਰਜ਼ਮਾਨੀ ਕਰ ਸਕੇ।
ਅੰਦਰਲੀ ਚੁੱਪ ਵਿਚ ਉਤਰਨ ਲਈ ਖੁਦ ਨੂੰ ਸੇਧਤ ਅਤੇ ਸੰਮੋਹਿੱਤ ਕਰਨਾ ਪੈਂਦਾ, ਕਿਉਂਕਿ ਚਿਰਾਂ ਤੀਕ ਚੁੱਪ ਹੀ ਰਹਿ ਕੇ ਅੰਤਰੀਵੀ ਚੁੱਪ ਦਾ ਨਿੱਘ ਨਹੀਂ ਮਾਣਿਆ ਜਾ ਸਕਦਾ। ਗੁਰਬਾਣੀ ਦਾ ਫੁਰਮਾਨ ਹੈ, “ਚੁਪੈ ਚੁਪਿ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥”
ਕਬਰਾਂ ਦੀ ਚੁੱਪ ਜਦ ਬੋਲਣ ‘ਤੇ ਉਤਾਰੂ ਹੋ ਜਾਵੇ ਤਾਂ ਇਹ ਬੀਤੇ ਦੀਆਂ ਪਰਤਾਂ ਵਿਚੋਂ ਹੋਣੀਆਂ-ਅਣਹੋਣੀਆਂ ਤੇ ਅਮਾਨਵੀ ਵਰਤਾਰਿਆਂ ਦੇ ਪੋਤੜੇ ਫਰੋਲਣ ਲੱਗਦੀ। ਮਨੁੱਖੀ ਕਰਤੂਤਾਂ ਤੇ ਗਲੀਜ਼ਤਾ ਨੂੰ ਪ੍ਰਗਟ ਕਰਦੀ। ਮਨੁੱਖ ਵਿਚ ਵੱਸਦੇ ਹੈਵਾਨ ਨੂੰ ਜੱਗ-ਜਾਹਰ ਕਰਦੀ। ਕਬਰਾਂ ਦੀ ਚੁੱਪ ਵਿਚ ਦਫਨ ਹੁੰਦੀਆਂ ਨੇ ਬੱਚਿਆਂ ਹੱਥੋਂ ਸਤਾਏ ਮਾਪਿਆਂ ਦੀਆਂ ਵਿਲਕਣੀਆਂ, ਅੱਗ ਲਾ ਕੇ ਸਾੜੀਆਂ ਧੀਆਂ ਦਾ ਵਿਰਲਾਪ, ਬਾਪ ਦੇ ਮੋਢੇ `ਤੇ ਪੁੱਤ ਦੀ ਅਰਥੀ ਦਾ ਰੁਦਨ ਅਤੇ ਸਿਵਿਆਂ ਵਿਚ ਆਪਣਿਆਂ ਲਈ ਰੋਂਦੇ, ਆਪਣਿਆਂ ਦੀਆਂ ਹਿਚਕੀਆਂ, ਹਾਵਿਆਂ ਤੇ ਹੰਝੂਆਂ ਦਾ ਸੈਲਾਬ। ਕਬਰਾਂ, ਚੁੱਪ ਹੀ ਭਲੀਆਂ। ਬੋਲਣ ਲੱਗ ਪੈਣ ਤਾਂ ਕਹਿਰ ਟੁੱਟਦਾ।
ਰਾਤ ਦੀ ਚੁੱਪ ਵਿਚ ਪਸਰੀ ਹੁੰਦੀ ਹੈ ਤਾਰਿਆਂ ਦੀ ਖਾਮੋਸ਼ੀ ਤੇ ਚੰਨ-ਚਾਨਣੀ ਦੀ ਤਾਸੀਰ। ਪਿਆਰ ਪਰੁੱਚੇ ਹੁੰਗਾਰਿਆਂ ਵਿਚ ਅਲਸਾਏ ਜਿਸਮਾਂ ਦਾ ਨੀਦ ਦੇ ਆਗੋਸ਼ ਵਿਚ ਜਾਣਾ। ਲੋਕਾਈ ਨੂੰ ਆਪਣੀ ਬਰਕਤਾਂ ਨਾਲ ਵਰਸਾਉਣਾ। ਜਿ਼ੰਦਗੀ ਨੂੰ ਦਮ ਲੈਣ ਦਾ ਸੁਝਾਅ ਅਤੇ ਸਵੇਰ ਲਈ ਸੁੱਚੇ ਸੁਪਨੇ ਲੈਣ ਤੇ ਇਨ੍ਹਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਚਾਅ। ਇਹ ਅਚੇਤ ਰੂਪ ਵਿਚ ਬਹੁਤ ਕੁਝ ਮਨੁੱਖੀ ਮਾਨਸਿਕਤਾ ਦੇ ਨਾਵੇਂ ਕਰਦੀ, ਜਿਸ ਨੂੰ ਸਮਝ ਕੇ ਅਤੇ ਇਸ ਅਨੁਸਾਰ ਜੀਵਨ ਵਿਉਂਤਣ ਨਾਲ ਜੀਵਨ-ਸੁਗੰਧੀਆਂ ਨੂੰ ਮਾਣਿਆ ਜਾ ਸਕਦਾ। ਕਦੇ ਟਿੱਕੀ ਰਾਤ ਦੇ ਸੰਨਾਟੇ ਨੂੰ ਅੰਦਰਲੇ ਸੰਨਾਟੇ ਦੇ ਰੂਬਰੂ ਕਰਨਾ, ਪਤਾ ਲੱਗੇਗਾ ਕਿ ਮਨੁੱਖੀ ਸੰਨਾਟੇ ਅਤੇ ਰਾਤ ਦੇ ਸੰਨਾਟੇ ਵਿਚ ਕਿੰਨਾ ਅੰਤਰ ਹੈ?
ਕੁਦਰਤ ਦੀ ਬੋਲਦੀ ਚੁੱਪ ਨੂੰ ਮਾਣਨਾ ਹੋਵੇ ਤਾਂ ਕਦੇ ਮਹਾਂਨਗਰ ਤੋਂ ਦੂਰ ਕੁਦਰਤ ਦੇ ਆਗੋਸ਼ ਵਿਚ ਕੁਝ ਦਿਨ ਸੁਸਤਾਉਣਾ। ਤੁਹਾਨੂੰ ਅਹਿਸਾਸ ਹੋਵੇਗਾ ਕਿ ਕੁਦਰਤ ਦੀ ਚੁੱਪ ਵਿਚ ਨਿਆਮਤਾਂ ਦੀ ਭਰਮਾਰ ਹੈ, ਦੇਣਦਾਰੀਆਂ ਹਨ। ਝੋਲੀਆਂ ਭਰ ਕੇ ਵੰਡਣ ਦੀ ਅਦਾ ਹੈ। ਹਰੇਕ ਨੂੰ ਨਿਆਜ਼ਾਂ ਵੰਡਦੀ, ਸਮੁੱਚੇ ਜੀਵ-ਸੰਸਾਰ ਦੇ ਜੀਵਨ ਦਾ ਮੂਲ ਆਧਾਰ ਹੋ ਕੇ ਵੀ ਨਿਮਾਣੀ ਰਹਿਣ ਵਿਚ ਫਖਰ ਮਹਿਸੂਸ ਕਰਦੀ। ਕਦੇ ਕਦਾਈਂ ਇਹ ਚੁੱਪ ਬਹੁਤ ਖਾਮੋਸ਼ ਹੋ ਜਾਂਦੀ ਤਾਂ ਘਾਤਕ ਵੀ ਹੋ ਜਾਂਦੀ। ਕੁਦਰਤੀ ਆਫਤਾਂ ਦੇ ਰੂਪ ਵਿਚ ਮਨੁੱਖ ਨੂੰ ਉਸ ਦੀ ਔਕਾਤ ਦਿਖਉਂਦੀ, ਮਨੁੱਖੀ ਨਿਗੂਣਤਾ ਦੇ ਰੂਬਰੂ ਵੀ ਕਰਦੀ। ਕੁਦਰਤ ਕਦੇ ਵੀ ਨਿਮਾਣੀ, ਨਿਆਸਰੀ ਜਾਂ ਨਿਗੂਣੀ ਨਹੀਂ ਹੁੰਦੀ। ਉਹ ਮਨੁੱਖ ਨੂੰ ਪਰਖਦੀ, ਪਤਿਆਉਂਦੀ ਤੇ ਸਮਝਾਉਂਦੀ ਕਿ ਕਦੇ ਵੀ ਸਿਰਜਣਹਾਰੀ ਦੀ ਕੁੱਖ ਵਿਚ ਜ਼ਹਿਰਾਂ ਨਾ ਬੀਜਣਾ। ਵਰਨਾ ਇਸ ਦਾ ਇਵਜ਼ਾਨਾ ਤਾਂ ਮਨੁੱਖ ਨੂੰ ਹੀ ਭਰਨਾ ਪੈਣਾ।
ਸਮੁੰਦਰ ਦੀ ਚੁੱਪ ਦੀ ਬੋਲਬਾਣੀ ਵਿਚ ਹੁੰਦੀ ਏ ਖੌਰੂ ਪਾਉਂਦੀ ਲਹਿਰਾਂ ਦੀ ਖਾਮੋਸ਼ੀ। ਇਸ ਦੇ ਅੰਤਰੀਵ ਵਿਚ ਵੱਸਦੇ ਜੀਵ-ਸੰਸਾਰ ਦੀ ਹਿਫਾਜਤ ਅਤੇ ਸੁਖਨ-ਲੋਚਾ। ਇਸ ਦੀ ਰਗ ਰਗ ਵਿਚ ਸਮਾਈ ਏ ਕੁਦਰਤੀ ਦਾਤਾਂ ਦੀ ਭਰਮਾਰ। ਸਮੁੰਦਰ ਜਦ ਸ਼ਾਂਤ ਹੁੰਦਾ ਤਾਂ ਉਹ ਖੁਦ ਨਾਲ ਸੰਵਾਦ ਰਚਾਉਂਦਾ। ਇਸ ਦੀ ਚੁੱਪ ਵਿਚ ਇਸ ਵਰਗੀ ਹੀ ਵਿਸ਼ਾਲਤਾ, ਤਰਲਤਾ ਅਤੇ ਪਾਕੀਜ਼ਗੀ ਹੁੰਦੀ ਹੈ। ਕਦੇ ਕਦਾਈਂ ਸਮੁੰਦਰ ਵਰਗੀ ਚੁੱਪ ਜੇ ਮਨੁੱਖ ਆਪਣੇ ਅੰਦਰ ਵਿਚ ਉਤਾਰ ਲਵੇ ਤਾਂ ਉਸ ਨੂੰ ਇਹ ਸੋਝੀ ਆਵੇਗੀ ਕਿ ਮੌਕਾ ਆਉਣ `ਤੇ ਚੁੱਪ ਵਿਚੋਂ ਕਿਵੇਂ ਆਵਾਜ਼ ਦਨਦਨਾਉਣੀ ਹੈ? ਆਪਣੇ ਕੰਢਿਆਂ ਨੂੰ ਵਿਸਥਾਰ ਦੇ ਕੇ ਮਨੁੱਖ ਦੀਆਂ ਹੋਛੀਆਂ ਕਰਤੂਤਾਂ ਨੂੰ ਕਿਵੇਂ ਠੱਲ੍ਹ ਪਾਉਣੀ ਹੈ? ਸਮੁੰਦਰ ਦੀ ਚੁੱਪ ਵਰਗੀ ਕੋਈ ਹੋਰ ਚੁੱਪ ਨਹੀਂ ਹੁੰਦੀ, ਜੋ ਚੁੱਪ ਹੋ ਕੇ ਚੁੱਪ-ਗੜੁੱਪ ਨਹੀਂ ਹੁੰਦਾ।
ਬਿਰਖਾਂ ਦੀ ਚੁੱਪ ਜਦ ਕਿਸੇ ਬਾਗ ਨੂੰ ਆਪਣੇ ਕਲਾਵੇ ਵਿਚ ਲੈਂਦੀ ਤਾਂ ਬਾਗ-ਬਗੀਚੇ ਮਸੋਸੇ ਜਾਂਦੇ, ਕਿਉਂਕਿ ਬਾਗ ਤਾਂ ‘ਵਾਵਾਂ ਨਾਲ ਸਰਸਰਾਉਂਦੇ ਤੇ ਚੋਹਲ-ਮੋਹਲ ਕਰਦੇ ਹੀ ਚੰਗੇ ਲੱਗਦੇ। ਜਦ ਕੋਈ ਸੁੰਨ, ਬਿਰਖ ਨੂੰ ਮੱਲਦੀ ਤਾਂ ਇਸ ਦੀਆਂ ਟਾਹਣੀਆਂ ਨੂੰ ਵਿਰਲਾਪ ਦੀ ਜੂਨ ਹੰਢਾਉਣੀ ਪੈਂਦੀ। ਰੋਂਦੀ ਬਿਰਖੀ ਚੁੱਪ ਵਿਚ ਹੁੰਦਾ ਏ ਆਲ੍ਹਣੇ ਦੇ ਬਿਖਰੇ ਤੀਲਿਆਂ ਦਾ ਦਰਦ, ਬੋਟਾਂ ਦੇ ਚੋਗ ਲਈ ਤਰਲੇ, ਪਰਿੰਦਿਆਂ ਦੀ ਵਿਲਕਣੀ ਅਤੇ ਉਜੜੀਆਂ ਸੱਥਾਂ ਦੀ ਵੈਰਾਨਗੀ। ਬਹੁਤ ਔਖਾ ਹੁੰਦਾ ਏ ਮਹਿਫਿਲ ਤੋਂ ਮਰਨ ਮਿੱਟੀ, ਚਹਿਕਣ ਤੋਂ ਚੀਖ, ਹਾਸਿਆਂ ਤੋਂ ਹਾਵੇ ਅਤੇ ਘਰਾਂ ਨੂੰ ਖੰਡਰਾਂ ਦਾ ਨਾਮ ਦੇਣਾ। ਯਾਦ ਰਹੇ, ਬਿਰਖ ਦੀ ਚੁੱਪ ਵਿਚ ਹੀ ਮਨੁੱਖੀ ਮਾਤਮ ਹੁੰਦਾ। ਮਨੁੱਖੀ ਵਰਤਾਰੇ ਜਦ ਮਾਤਮ ਦੀ ਪੂਜਾ ਕਰਨ ਲੱਗਦੇ ਤਾਂ ਬਿਰਖ ਸਿਰਫ ਸਿਵਿਆਂ ਦੀ ਅਗਨੀ ਸੇਕਣ ਦੇ ਹੀ ਕੰਮ ਆਉਂਦਾ।
ਚਮਨ ਦੀ ਬੋਲ ਰਹੀ ਚੁੱਪ ਵਿਚ ਤਾਰੀ ਹੁੰਦਾ ਹੈ ਤਿਤਲੀਆਂ ਤੇ ਭੌਰਿਆਂ ਦਾ ਰੁਦਨ, ਪੱਤਝੜ ਦਾ ਪ੍ਰਛਾਂਵਾਂ, ਫੁੱਲਾਂ ਦੇ ਮਸਲੇ ਜਾਣ ਦੀ ਪੀੜਾ, ਪੱਤੀਆਂ ਨੂੰ ‘ਕੱਲਾ ‘ਕੱਲਾ ਕਰਨ ਦੇ ਜਖ਼ਮ, ਸੂਹੀ ਰੰਗਤ ਨੂੰ ਪਿਲੱਤਣ ਵਿਚ ਤਬਦੀਲ ਕਰਨ ਦੀ ਸਾਜਿਸ਼, ਜੜ੍ਹਾਂ ਵਿਚ ਲੱਗੀ ਹੋਈ ਸਿਉਂਕ ਅਤੇ ਮਾਲੀ ਦੇ ਹੱਥ ਵਿਚ ਆਰੀ। ਚਮਨ ਦੀ ਚਿੰਤਾ ਵਿਚ ਡੁੱਬੇ ਕੁਝ ਹੀ ਸੰਵੇਦਨਸ਼ੀਲ ਲੋਕ ਆਪਣੀ ਰੂਹ ਨੂੰ ਜਖ਼ਮੀ ਕਰਦੇ। ਚਿੰਤਾ ਤੋਂ ਚੇਤਨਾ ਤੀਕ ਦਾ ਸਫਰ ਕਰਦੇ। ਕਲੀਆਂ ਦੀ ਹਯਾ ਨੂੰ ਵੇਚਣ ਵਾਲੇ, ਫੁੱਲ ਦੀ ਹਿੱਕ ਨੂੰ ਪਰੋਣ ਵਾਲੇ ਅਤੇ ਲਗਰਾਂ ਤੇ ਡੋਡੀਆਂ ਨੂੰ ਹੋਛੀਆਂ ਨਜ਼ਰਾਂ ਨਾਲ ਤੱਕਣ ਵਾਲਿਆਂ ਨੂੰ ਦੇਖ ਕੇ ਚਮਨ ਚੁੱਪ ਨਾ ਹੋਵੇ ਤਾਂ ਕੀ ਕਰੇ? ਕਿਵੇਂ ਉਹ ਜਿਉਣ ਦਾ ਦਮ ਭਰੇ? ਆਪਣੇ ਹੱਥੀਂ ਆਪਣੇ ਦੁੱਖਾਂ ਨੂੰ ਹਰੇ? ਕਿਉਂਕਿ ਕੋਈ ਵੀ ਉਸ ਲਈ ਦੁਆ ਨਾ ਕਰੇ ਅਤੇ ਨਾ ਹੀ ਉਸ ਦੀਆਂ ਬਲਾਵਾਂ ਨੂੰ ਆਪਣੇ ਜਿਸਮ ‘ਤੇ ਜਰੇ। ਚਮਨ ਦੀ ਚੁੱਪ ਦੇ ਗੁੰਗੇ ਦਰਦ ਨੂੰ ਜਰੂਰ ਸੁਣਨਾ ਅਤੇ ਇਸ ਦੇ ਓਹੜ ਪੋਹੜ ਲਈ ਕੋਈ ਹੀਲਾ ਜਰੂਰ ਕਰਨਾ।
ਘਰ ਦੇ ਜ਼ੱਰੇ ਜ਼ੱਰੇ ਵਿਚ ਚੁੱਪ ਦਾ ਵਾਸਾ। ਹਰਦਮ ਕੁਝ ਨਾ ਕੁਝ ਜਰੂਰ ਅਲਾਹੁੰਦੀ, ਪਰ ਵੱਸਦੇ ਲੋਕ ਕੇਹੇ ਨਿਰਮੋਹੇ ਕਿ ਉਹ ਇਸ ਚੁੱਪ ਦੇ ਬੋਲਾਂ ਨੂੰ ਸੁਣਨ ਤੋਂ ਨਾਬਰ। ਫਿਰ ਇਹ ਚੁੱਪ ਮਾਤਮੀ ਸੁਰ ਵਿਚ ਘਰ ਵਿਚ ਫੈਲ ਜਾਂਦੀ। ਅਜੋਕੇ ਸਮਿਆਂ ਵਿਚ ਤਾਂ ਘਰ ਦੀ ਹਰ ਨੁੱਕਰ ਵਿਚ ਹੀ ਚੁੱਪ ਦਾ ਪਹਿਰਾ। ਇਹ ਚੁੱਪ ਚੌਂਕੇ, ਚੁੱਲੇ ਅਤੇ ਖਾਣੇ ਦੇ ਮੇਜ਼ `ਤੇ ਵੀ। ਸਭ ਤੋਂ ਬੇਰਹਿਮ ਹੁੰਦੀ ਹੈ ਕਮਰਿਆਂ ਵਿਚ ਫੈਲੀ ਚੁੱਪ ਦੀ ਸੰਕੀਰਨਤਾ ਵਿਚ ਖੁਦ ਨੂੰ ਕੋਹਣਾ। ਇਹ ਚੁੱਪ ਅਜੋਕੀ ਜੀਵਨ-ਸ਼ੈਲੀ ਦੀ ਦੇਣ, ਕਿਉਂਕਿ ਅਸੀਂ ਵਿਚਾਰਾਂ ਦੇ ਅਦਾਨ-ਪ੍ਰਦਾਨ, ਗੁਫਤਗੂ ਕਰਨ ਜਾਂ ਆਪਣੀ ਕਹਿਣ ਤੇ ਦੂਸਰੇ ਦੀ ਸੁਣਨਾ ਹੀ ਭੁੱਲ ਗਏ ਹਾਂ। ਆਪਣਾ ਇਕ ਮਸਨੂਈ ਸੰਸਾਰ ਸਿਰਜ ਲਿਆ ਹੈ। ਮਨੁੱਖ ਨੂੰ ਮਨੁੱਖ ਕਹਿਣ ਲੱਗਿਆਂ ਵੀ ਹੋਛਾਪਣ ਲੱਗਦਾ। ਕੋਈ ਨਹੀਂ ਭਰਦਾ ਪਲੰਘ ‘ਤੇ ਪਏ ਦੋ ਜਿੰਦਾਂ ਵਿਚਕਾਰ ਪਸਰੀ ਹੋਈ ਚੁੱਪ ਦਾ ਹੁੰਗਾਰਾ। ਕਦੇ ਕੰਧ ‘ਤੇ ਲਟਕਦੀ ਬਾਪ ਦੀ ਤਸਵੀਰ ਵਿਚਲੀ ਚੁੱਪ ਨੂੰ ਮੁਖਾਤਬ ਹੋਣਾ, ਤੁਹਾਨੂੰ ਪਤਾ ਲੱਗੇਗਾ ਕਿ ਬਾਪ ਦੀ ਚੀਸ ਦੇ ਕੀ ਅਰਥ ਹੁੰਦੇ ਨੇ? ਜਿਉਂਦੇ ਜੀਅ ਅਸੀਂ ਆਪਣੇ ਬਾਪ ਲਈ ਕੀ ਕੀਤਾ? ਉਸ ਨੇ ਸਾਡੇ ਲਈ ਕੀ ਕੀਤਾ ਸੀ? ਜਦ ਅਨਾਥ ਆਸ਼ਰਮ ਵਿਚ ਮਰੇ ਬਾਪ ਦੀ ਫੋਟੋ ਘਰ ਦੀ ਕੰਧ ‘ਤੇ ਲਟਕਾਈ ਜਾਂਦੀ ਤਾਂ ਕੰਧ ਵੀ ਨਮੋਸ਼ੀ ਦੀ ਮਾਰੀ, ਲਿਓੜ ਲਾਹੁਣ ਲੱਗਦੀ। ਕਦੇ ਵੀ ਘਰ ਵਿਚ ਚੁੱਪ ਨਾ ਸਿਰਜੋ। ਸਗੋਂ ਇਸ ਚੁੱਪ ਨੂੰ ਕੁਝ ਬੋਲ ਦਿਓ ਤਾਂ ਕਿ ਇਸ ਚੁੱਪ ਵਿਚੋਂ ਸੁਗਮ-ਸੰਗੀਤ, ਮਿੱਠੜੇ ਬੋਲ, ਸੁ਼ਭ-ਕਾਮਨਾਵਾਂ ਅਤੇ ਸੁ਼ਭ-ਚਿੰਤਨ ਦੀਆਂ ਮਧੂਰ ਧੁਨਾਂ ਪੈਦਾ ਹੋਣ।
ਦਰਾਂ ਦੀ ਚੁੱਪ ਜਦ ਬੋਲਦੀ ਤਾਂ ਸਹਿਮ ਕੇ ਬੈਠੀ ਉਡੀਕ ਡਰ ਜਾਂਦੀ ਅਤੇ ਆਸ ਵਲੂੰਧਰੀ ਜਾਂਦੀ। ਜਦ ਕਿਸੇ ਦਰ ਨੂੰ ਡੋਲੇ ਜਾਣ ਵਾਲੇ ਪਾਣੀ ਅਤੇ ਚੋਏ ਜਾਣ ਵਾਲੇ ਤੇਲ ਦੀ ਬੇਰੁਖੀ ਹੰਢਾਉਣ ਲਈ ਮਜਬੂਰ ਹੋਣਾ ਪਵੇ ਤਾਂ ਚੁੱਪ ਵਿਚੋਂ ਉਗਦੀਆਂ ਨੇ ਕੁੱਖੋਂ ਜਾਇਆਂ ਨੂੰ ਮਿਲਣ ਲਈ ਲਿੱਲਕੜੀਆਂ। ਅੰਤਿਮ ਯਾਤਰਾ ਲਈ ਮੋਢਾ ਦੇਣ ਲਈ ਤਰਲਾ। ਜਦ ਇਹ ਤਰਲਾ, ਅਰਜੋਈ ਅਤੇ ਵਿਲਕਣੀ ਦਾ ਕੋਈ ਹੁੰਗਾਰਾ ਹੀ ਨਹੀਂ ਬਣਦਾ ਤਾਂ ਚੁੱਪ, ਦਰਦ ਵਿਚ ਕਰਾਹੁੰਦੀ, ਆਖਰ ਨੂੰ ਸਦਾ ਲਈ ਹੀ ਚੁੱਪ ਹੋ ਜਾਂਦੀ।
ਬਾਬੇ ਦੀ ਚੁੱਪ ਵਿਚ ਸਭਿਆਚਾਰ ਅਤੇ ਵਿਰਾਸਤ ਦੇ ਮੁੱਖ ਤੇ ਉਗੀਆਂ ਘਰਾਲਾਂ ਦੀ ਇਬਾਦਤ। ਬਾਪ ਦੀ ਚੁੱਪ ਵਿਚ ਘਰ ਦੀਆਂ ਤੰਗੀਆਂ-ਤੁਰਸ਼ੀਆਂ, ਚੋਂਦੀ ਹੋਈ ਛੱਤ, ਥੁੜ੍ਹੀਆਂ ਫੀਸਾਂ, ਲੀਰਾਂ ਹੋਈ ਪੱਗ ਅਤੇ ਤਨ ਦੇ ਲੰਗਾਰਾਂ ਦਾ ਰੁਦਨ। ਮਾਂ ਦੀ ਚੁੱਪ ਵਿਚ ਬੈਠੀ ਹੁੰਦੀ ਹੈ ਕੋਠੀ ਜੇਡੀ ਧੀ ਦੇ ਵਿਆਹ ਦਾ ਫਿਕਰ, ਬੱਚੇ ਦੀ ਚੁੱਪ ਨੂੰ ਉਲਥਾਉਣ ਦੀ ਤੀਬਰਤਾ, ਘਰੋਗੀ ਤੰਗੀਆਂ ਨੂੰ ਬੱਚਿਆਂ ਤੋਂ ਲਕੋਅ ਕੇ ਰੱਖਣ ਦੀ ਜਾਚ ਅਤੇ ਬੱਚਿਆਂ ਦੀਆਂ ਰੀਝਾਂ ਨੂੰ ਗਰੀਬੀ ਦੇ ਪ੍ਰਛਾਂਵੇਂ ਤੋਂ ਬਚਾਉਣ ਦੀ ਤਮੰਨਾ। ਧੀ ਦੀ ਚੁੱਪ ਵਿਚ ਬਾਪ ਦੇ ਸ਼ਮਲੇ ਨੂੰ ਦੁੱਧ ਚਿੱਟਾ ਰੱਖਣ ਦੀ ਚਿੰਤਾ, ਮਾਂ ਦੇ ਚਾਵਾਂ ਨੂੰ ਚਹਿਕਦੇ ਰੱਖਣ ਦੀ ਤੜਫ, ਗੁੱਡੀਆਂ ਪਟੋਲਿਆਂ ਨੂੰ ਵਰਾਉਣ ਦੀ ਲਾਲਸਾ ਅਤੇ ਪੇਕੇ ਤੇ ਸਹੁਰੇ ਘਰਾਂ ਨੂੰ ਸਵਰਗ ਬਣਾਉਣ ਅਤੇ ਮਾਪਿਆਂ ਦੇ ਦੁੱਖਾਂ ਨੂੰ ਵੰਡਾਉਣ ਦੀ ਚਾਹਨਾ।
ਪੁੱਤ ਦੀ ਚੁੱਪ ਵਿਚ ਸੱਖਣੇ ਸੁਪਨਿਆਂ ਦਾ ਸੰਤਾਪ, ਕਾਗਜ਼ ਦਾ ਟੋਟਾ ਬਣੀਆਂ ਡਿਗਰੀਆਂ ਦਾ ਦਰਦ, ਪਿਉ ਦੇ ਕਰਜ਼ੇ ਅਤੇ ਮਾਂ ਦੀ ਸੁਪਨਈ ਸੰਸਾਰ ਦੀ ਅਪੂਰਤੀ ਦਾ ਰੁਦਨ। ਡਿਗਰੀ ਜਦ ਡੰਗੋਰੀ ਨਾ ਬਣੇ, ਸੁਪਨਾ ਜਦ ਸਿਰ ਦਾ ਤਾਜ ਨਾ ਬਣੇ ਅਤੇ ਜਦ ਕੋਈ ਸਿਹਰੇ ਦੀ ਥਾਂ ਸਿਵੇ ਵੱਲ ਨੂੰ ਰੁਖ ਮੋੜਦਾ ਤਾਂ ਪੁੱਤ, ਚੁੱਪ ਦਾ ਹੀ ਚਹੇਤਾ ਬਣ ਜਾਂਦਾ। ਜਦ ਉਹ ਚਾਹ ਕੇ ਮਾਪਿਆਂ ਦੀ ਨਰੋਈ ਪਛਾਣ ਸਿਰਜਣ ਤੋਂ ਨਕਾਰਿਆ ਜਾਂਦਾ ਤਾਂ ਉਸ ਦੀ ਚੁੱਪ ਹੀ ਉਸ ਨੂੰ ਕੋਂਹਦੀ। ਉਸ ਦਾ ਅੰਦਰ ਧੁੱਖਦਾ ਸਿਵਾ ਬਣਾ ਜਾਂਦਾ।
ਨੂੰਹ ਦੀ ਚੁੱਪ ਵਿਚ ਪੇਕਿਆਂ ਦੇ ਘਰ ਮਾਣੀਆਂ ਮੌਜਾਂ ਦਾ ਚੇਤਾ, ਸਹੁਰਿਆਂ ਵਿਚ ਬੇਗਾਨਗੀ ਹੰਢਾਉਣ ਦੀ ਤੋਬਾ ਅਤੇ ਆਪਣੇ ਹੀ ਘਰ ਵਿਚ ਵੀ ਪਰਾਈ ਬਣ ਕੇ ਰਹਿਣ ਦੀ ਮਜਬੂਰੀ। ਨੂੰਹ ਦੀ ਚੁੱਪ ਬਹੁਤੀ ਵਾਰ ਘਰ ਵਿਚ ਉਗੀਆਂ ਕੰਧਾਂ, ਆਈਆਂ ਤਰੇੜਾਂ ਜਾਂ ਚੁਗਲੀਆਂ ਕਰਦੀ ਅੱਗ ਵੀ ਹੁੰਦੀ। ਨਿੱਕੇ ਬੱਚੇ ਦੀ ਚੁੱਪ ਵਿਚ ਆਪਣਾ ਦੁੱਖ, ਪੀੜਾ ਜਾਂ ਬਿਮਾਰੀ ਨੂੰ ਦੱਸਣ ਦੀ ਅਵਾਜ਼ਾਰੀ ਅਤੇ ਲਾਚਾਰੀ। ਗਿੱਲੇ ਹੋਏ ਪੋਤੜੇ ਵਿਚ ਗਲ ਰਹੇ ਚਿੱਤੜਾਂ ਦੀ ਚੀਸ। ਜਦ ਟੁੱਕਰ ਲਈ ਬੋਟ ਵਿਕਾਊ ਹੋ ਜਾਵੇ ਤਾਂ ਚੁੱਪ, ਬੋਟਾਂ ਦੀਆਂ ਆਂਦਰਾਂ ਵਿਚ ਛਹਿ ਕੇ, ਦਰਦ ਕਹਾਣੀਆਂ ਬਣ ਜਾਂਦੀ। ਪੋਤੇ ਦੀ ਚੁੱਪ ਵਿਚ ਪੀੜ੍ਹੀਆਂ ਦੇ ਅੰਤਰ ਦੀ ਬੋਲਬਾਣੀ ਜੋ ਮੂਕ ਰਹਿ ਕੇ, ਅੰਤਰੀਵ ਦੀ ਅਵੱਗਿਆ ਕਰਨ ਤੋਂ ਅਸਮਰਥ ਰਹਿੰਦੀ, ਆਪਣੇ ਆਪ ਨੂੰ ਕੋਹਣ ਤੀਕ ਹੀ ਸੀਮਤ ਹੁੰਦੀ।
ਅਧਿਆਪਕ ਦੀ ਚੁੱਪ ਵਿਚ ਵਿਦਿਆਰਥੀਆਂ ਦਾ ਧੂੰਆਂਖਿਆ ਸੁਪਨ-ਸੰਸਾਰ, ਅੱਖਰਾਂ ਵਿਚ ਸਿਮਟੀ ਅਰਥ-ਵੇਦਨਾ ਅਤੇ ਸ਼ਬਦਾਂ ਵਿਚੋਂ ਮਨਫੀ ਹੋਏ ਸੂਰਜਾਂ ਨੂੰ ਮਾਰੀ ਹੋਈ ਹਾਕ ਹੁੰਦੀ। ਰਾਜਨੀਤਕ ਦੀ ਚੁੱਪ ਵਿਚ ਸਾਜਿਸ਼ੀ ਘਤਿੱਤਾਂ, ਲੋਕਾਂ ਨੂੰ ਕੁਰਸੀਆਂ ਦੇ ਪਾਵੇ ਪਾਉਣ ਦੀਆਂ ਕੋਝੀਆਂ ਚਾਲਾਂ ਅਤੇ ਨਿੱਜੀ ਸੁਆਰਥ ਦੀ ਪੂਰਤੀ ਹੁੰਦੀ ਜਿਹੜੀ ਅਬੋਲ ਰਹਿ ਕੇ, ਬੋਲਣ ਵਾਲਿਆਂ ਨੂੰ ਗੁੰਗਾ ਕਰਨ ਅਤੇ ਕੋਹਣ ਦੇ ਸਮਰੱਥ। ਰਾਜਨੀਤਕ ਦੀ ਚੁੱਪ ਸਾਹਵੇਂ ਕੌਣ ਸਕਦਾ ਏ ਬੋਲ?
ਮਿੱਤਰ ਦੀ ਚੁੱਪ ਵਿਚ ਉਮਰ ਭਰ ਦੀ ਸਾਂਝ ਵਿਚਾਲੇ ਪਈ ਦਰਾੜ, ਦਿਲ ਦੀਆਂ ਬਾਤਾਂ ਸਾਂਝੀਆਂ ਕਰਨ ਤੋਂ ਬੇਰੁਖੀ। ਮਿੱਤਰ-ਮੋਢੇ ‘ਤੇ ਸਿਰ ਰੱਖ ਕੇ, ਰੋ ਨਾ ਸਕਣ ਦੀ ਪੀੜਾ। ਇਸ ਪੀੜਾ ਵਿਚ ਪਰੁੱਚੀ ਚੁੱਪ, ਚੁੱਪ-ਚੁੱਪ ਰਹਿੰਦੀ ਅਤੇ ਆਖਰ ਨੂੰ ਮਿੱਤਰਤਾ ਦਾ ਮਰਸੀਆ ਹੀ ਗਾਉਣ ਜੋਗੀ ਰਹਿ ਜਾਂਦੀ। ਪਤਨੀ ਦੀ ਚੁੱਪ ਵਿਚ ਅਪੂਰਨ ਰੀਝਾਂ ਦਾ ਦੁੱਖ, ਸੂਲਾਂ ਵਰਗਾ ਸੁੱਖ, ਬੇਪੱਤਰਾ ਰੁੱਖ ਅਤੇ ਕਈ ਵਾਰ ਸੁੰਨੀ ਕੁੱਖ ਦਾ ਦਰਦ ਵੀ ਹੁੰਦਾ। ਇਸ ਚੁੱਪ ਤੋਂ ਚਹਿਕਣ ਤੀਕ ਦਾ ਫਾਸਲਾ ਬਹੁਤ ਲੰਮੇਰਾ ਜਾਂ ਛੁਟੇਰਾ ਵੀ ਹੋ ਸਕਦਾ। ਇਹ ਸਿਰਫ ਦੰਪਤੀ ਦੀ ਆਪਸੀ ਸੂਝ, ਸਮਝ ਅਤੇ ਸੰਵੇਦਨਾ ਹੀ ਨਿਰਧਾਰਤ ਕਰਦੀ।
ਪਰ ਸਭ ਤੋਂ ਅਹਿਮ ਹੁੰਦੀ ਹੈ ਬੰਦੇ ਦੇ ਅੰਦਰ ਬੈਠੀ ਚੁੱਪ ਅਤੇ ਇਸ ਨੂੰ ਮੁਖਾਤਿਬ ਹੋਣਾ। ਇਸ ਚੁੱਪ ਦੀਆਂ ਕਈ ਪਰਤਾਂ ਅਤੇ ਹਰੇਕ ਪਰਤ ਦਾ ਆਪਣਾ ਦਾਈਆ, ਨਜ਼ਰੀਆ, ਦਿੱਖ ਤੇ ਦਰਜਾ। ਜਦ ਬੰਦਾ ਬਾਹਰੋਂ ਦੁਨਿਆਵੀ ਅਲਾਮਤਾਂ ਨਾਲ ਗ੍ਰਸਿਆ ਹੋਵੇ ਤਾਂ ਚੁੱਪ ਬੰਦੇ ਦੇ ਅੰਦਰ ਵੰਨੀਂ ਸਫਰ ਕਰਦੀ। ਉਹ ਚੁੱਪ ਨੂੰ ਆਪਣਾ ਹਾਣੀ ਬਣਾਉਂਦਾ ਹੈ। ਇਸ ਦਾ ਸਾਥ ਹੀ ਜਿ਼ੰਦਗੀ ਦੀਆਂ ਸੁੱਚੀਆਂ ਤੇ ਉਚੀਆਂ ਕਦਰਾਂ-ਕੀਮਤਾਂ ਨਿਸ਼ਚਿਤ ਕਰਨ ਵਿਚ ਅਹਿਮ ਹੁੰਦਾ। ਅਜਿਹੀ ਚੁੱਪ ਦਾ ਨਿੱਘ ਮਾਣਦੇ ਰਹਿਣਾ ਚਾਹੀਦਾ।