ਟੈਟੂ ਅਤੇ ਸਿੱਖੀ ਨਾਲ ਖਿਲਵਾੜ ਦੀਆਂ ਗੱਲਾਂ

ਸਵਰਨ ਸਿੰਘ ਟਹਿਣਾ
ਫੋਨ: 91-98141-78883
ਜਦੋਂ ਵੀ ਖਬਰ ਪੜ੍ਹਦਾ, ਸੁਣਦਾ ਹਾਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਤੀਕ ਚਿੰਨ੍ਹਾਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਾਜ਼ ਆਉਣ ਦੀ ਘੁਰਕੀ ਮਾਰੀ ਗਈ ਹੈ ਤਾਂ ਜ਼ਿਹਨ ਵਿਚ ਕਈ ਤਰ੍ਹਾਂ ਦੇ ਸਵਾਲ ਉਠਣ ਲੱਗਦੇ ਨੇ। ਬੇਹੱਦ ਆਸਥਾਵਾਨਾਂ ਨੂੰ ਹੋ ਸਕਦੈ ਇਹ ਸਵਾਲ ਚੰਗੇ ਨਾ ਵੀ ਲੱਗਣ, ਪਰ ਤਰਕ ਵਾਲੇ ਜ਼ਰੂਰ ਸੋਚਦੇ ਨੇ ਕਿ ਆਖਰ ਗੁੱਟ, ਪੱਟ, ਡੌਲੇ ਜਾਂ ਪਿੱਠ ‘ਤੇ ਇਹ ਨਿਸ਼ਾਨ ਬਣਾਉਣ ਨਾਲ ਸਿੱਖੀ ਦੀ ਬੇਅਦਬੀ ਕਿਵੇਂ ਹੋ ਜਾਂਦੀ ਏ? ਕੋਈ ਸ਼ਰਾਰਤੀ ਅਨਸਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਛੇੜਛਾੜ ਕਰ ਜਾਂਦਾ ਏ, ਕੋਈ ਸ੍ਰੋਮਣੀ ਕਮੇਟੀ ਮੈਂਬਰ ਦਾਰੂ ਦੀ ਲੋਰ ਵਿਚ ਫੜਿਆ ਜਾਂਦਾ ਏ, ਕੋਈ ਗੁਰੂ ਦੀ ਗੋਲਕ ਨਾਲ ਘਰ ਦਾ ਖਰਚਾ ਤੋਰੀ ਜਾਂਦਾ ਏ ਤੇ ਕੋਈ ਸਿੱਖੀ ਦੇ ਨਾਂ ‘ਤੇ ਪਰਦੇ ਨਾਲ ਹੋਰ ਬੜਾ ਕੁਝ ਕਰੀ ਜਾਂਦਾ ਏ। ਸਵਾਲ ਹੈ, ਸਿੱਖੀ ਨੂੰ ਢਾਹ ਇਨ੍ਹਾਂ ਸਭ ਗੱਲਾਂ ਨਾਲ ਲੱਗਦੀ ਹੈ ਜਾਂ ਸਿਰਫ ਸਿੱਖੀ ਦੇ ਚਿੰਨ੍ਹਾਂ ਦੇ ਟੈਟੂ ਬਣਵਾਉਣ ਨਾਲ?
ਪਿਛੇ ਜਿਹੇ ਖਬਰ ਮਿਲੀ ਸੀ ਕਿ ਸ੍ਰੋਮਣੀ ਕਮੇਟੀ ਵਲੋਂ ਆਪਣੇ ਉਡਣ ਦਸਤੇ ਦੇ ਸਕੱਤਰ ਸਿੰਘ ਦੀ ਡਿਊਟੀ ਇਸ ਗੱਲ ਲਈ ਲਾਈ ਗਈ ਹੈ ਕਿਉਂਕਿ ਗੁਰੂ ਘਰ ਵਿਚ ਪੱਤਲਾਂ ਤੇ ਡੂੰਨਿਆਂ ‘ਚ ਘਪਲੇਬਾਜ਼ੀ ਹੋਈ ਏ। ਖਬਰਾਂ ਵਿਚ ਇਹ ਵੀ ਆਇਆ ਕਿ ਨਵੇਂ ਟੈਂਡਰ ਨੂੰ ਨਜ਼ਰਅੰਦਾਜ਼ ਕਰਕੇ ਪੁਰਾਣੀ ਤਰੀਕ ਵਿਚ ਪਹਿਲੀ ਕੰਪਨੀ ਕੋਲੋਂ ਮਹਿੰਗੇ ਭਾਅ ਦੇ ਡੂੰਨੇ ਤੇ ਪੱਤਲਾਂ ਖਰੀਦੇ ਗਏ ਤੇ ਜਦੋਂ ਪਤਾ ਲੱਗਾ ਕਿ ਪੌਣੇ ਕੁ ਦੋ ਲੱਖ ਦਾ ਰਗੜਾ ਗੁਰੂ ਦੀ ਗੋਲਕ ਨੂੰ ਲੱਗ ਚੁੱਕੈ ਤਾਂ ਸ੍ਰੋਮਣੀ ਕਮੇਟੀ ਵਲੋਂ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਦੀ ਨਾਲ ‘ਆਪਣੇ’ ਨੂੰ ਇਸ ਗੱਲ ਦੀ ਪੜਚੋਲ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ।
ਸਿੱਖੀ ਦੇ ਨਾਂ ‘ਤੇ ਅਸੀਂ ਇੰਨੇ ਜ਼ਿਆਦਾ ਭਾਵੁਕ ਤੇ ਉਲਾਰਵਾਦੀ ਹੋ ਜਾਂਦੇ ਹਾਂ ਕਿ ਕਈ ਵਾਰ ਤਹਿ ਤੱਕ ਪਹੁੰਚਣ ਦੀ ਥਾਂ ਸਿਰਫ ਪੇਤਲੀਆਂ ਗੱਲਾਂ ਕਰਦੇ ਰਹਿੰਦੇ ਹਾਂ। ਕਿਸੇ ਨੇ ਸਿੱਖੀ ਨੂੰ ਆਪਣੇ ਬਾਣੇ ਨਾਲ ਜੋੜ ਲਿਆ ਤੇ ਕਿਸੇ ਨੇ ਆਪਣੇ ਕਾਰੋਬਾਰ ਨਾਲ। ਮੀਟ ਦੀ ਵਰਤੋਂ ਕਰਨ ਵਾਲਾ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਆਖਿਆ ਹੀ ਨਹੀਂ ਕਿ ਇਹਦੀ ਵਰਤੋਂ ਦੀ ਮਨਾਹੀ ਏ ਤੇ ਨਾ ਖਾਣ ਵਾਲੇ ਆਖਦੇ ਨੇ ਕਿ ਗੁਰੂ ਸਾਹਿਬ ਨੇ ਕਿਹਾ ਕਿ ਜੀਵ ਦੀ ਜਾਨ ਲੈਣੀ ਮਹਾਂਪਾਪ ਹੈ। ਸਿੱਖੀ ਸਬੰਧੀ ਸਭ ਦੇ ਆਪੋ ਆਪਣੇ ਤਰਕ ਨੇ, ਪਰ ਇਸ ਗੱਲ ਬਾਬਤ ਕੋਈ ਨਹੀਂ ਸੋਚ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਜੋ ਦਰਜ ਏ, ਉਸ ਮੁਤਾਬਕ ਵੀ ਚੱਲ ਕੇ ਦੇਖ ਲਿਆ ਜਾਏ।
ਖੈਰ, ਤਾਜ਼ਾ ਮਾਮਲਾ ਮਸ਼ਹੂਰ ਅਦਾਕਾਰਾ ਮੰਦਿਰਾ ਬੇਦੀ ਨਾਲ ਜੁੜਿਆ ਹੋਇਆ ਹੈ। ਵੱਖ-ਵੱਖ ਥਾਂਵਾਂ ‘ਤੇ ਮੰਦਿਰਾ ਖਿਲਾਫ ਮੀਟਿੰਗਾਂ ਹੋਈਆ ਨੇ ਕਿ ਉਸ ਨੇ ਆਪਣੀ ਪਿੱਠ ਦੇ ਉਪਰ ਗਰਦਨ ਦੇ ਪਿਛਲੇ ਹਿੱਸੇ ਕੋਲ ‘ਇਕਓਂਕਾਰ’ ਲਿਖਵਾ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਛੇੜਛਾੜ ਕੀਤੀ ਏ।
ਉਸ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹੈ ਕਿ ਇਸ ਤੋਂ ਪਹਿਲਾਂ ਵੀ ਇਸ ਬੀਬੀ ਨੇ ਸਿੱਖੀ ਦੇ ਚਿੰਨ੍ਹ ਵਾਲਾ ਇਕ ਟੈਟੂ ਬਣਵਾਇਆ ਸੀ, ਪਰ ਜਦੋਂ ਅਕਾਲ ਤਖ਼ਤ ਸਾਹਿਬ ਵਲੋਂ ਇਤਰਾਜ਼ ਪ੍ਰਗਟਾਇਆ ਗਿਆ ਤਾਂ ਉਹਨੇ ਇਹ ਮਿਟਵਾ ਦਿੱਤਾ ਸੀ। ਹੁਣ ਉਹਨੇ ਫੇਰ ਉਹੀ ਕੰਮ ਕਰਕੇ ਸਿੱਖਾਂ ਦੀ ਗੈਰਤ ਨੂੰ ਲਲਕਾਰ ਛੱਡਿਐ।
ਹਾਲੇ ਬਹੁਤੇ ਹਫ਼ਤੇ ਨਹੀਂ ਗੁਜ਼ਰੇ, ਜਦੋਂ ਇਹੀ ਮਾਮਲਾ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨਾਲ ਜੁੜਿਆ ਸੀ। ਉਸ ਨੇ ਆਪਣੀ ਇੱਕ ਬਾਂਹ ‘ਤੇ ‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੋਰੀ ਆਉ’, ਲਿਖਵਾ ਲਿਆ ਤੇ ਦੋਹਾਂ ਸਤਰਾਂ ਵਿਚਾਲੇ ਇਕ ਛੋਟੀ ਕ੍ਰਿਪਾਨ ਬਣਵਾ ਲਈ। ਜਥੇਦਾਰ ਗੁਰਬਚਨ ਸਿੰਘ ਸਮੇਤ ਕਈ ਸਿੱਖ ਸੰਸਥਾਵਾਂ ਨੂੰ ਇਸ ਗੱਲ ‘ਤੇ ਇਤਰਾਜ਼ ਹੋਇਆ ਤੇ ਉਨ੍ਹਾਂ ਨੀਰੂ ਬਾਜਵਾ ਨੂੰ ਅਕਾਲ ਤਖਤ ‘ਤੇ ਤਲਬ ਕਰਨ ਦੀ ਗੱਲ ਕੀਤੀ, ਪਰ ਬਾਅਦ ਵਿਚ ਇਕ ਖ਼ਤ ਜ਼ਰੀਏ ਨੀਰੂ ਨੇ ਮੁਆਫ਼ੀ ਮੰਗ ਲਈ ਤੇ ਮਾਮਲਾ ਠੰਢੇ ਬਸਤੇ ਵਿਚ ਪੈ ਗਿਆ।
ਇਸ ਤੋਂ ਪਹਿਲਾਂ ‘ਸਨ ਆਫ਼ ਸਰਦਾਰ’ ਫ਼ਿਲਮ ਨੂੰ ਸਿੱਖਾਂ ਦੇ ਹਰਖ ਕਾਰਨ ਹੀ ਆਰਥਿਕ ਲਾਭ ਮਿਲਿਆ ਸੀ। ਦਰਅਸਲ ਅਜੈ ਦੇਵਗਣ ਦੇ ਦਸਤਾਰ ਬੰਨ੍ਹੀ ਹੋਈ ਸੀ ਤੇ ਉਹਦੀ ਛਾਤੀ ‘ਤੇ ਸ਼ਿਵਜੀ ਦਾ ਟੈਟੂ ਸੀ। ਸਿੱਖਾਂ ਨੇ ਇਤਰਾਜ਼ ਪ੍ਰਗਟਾਇਆ ਕਿ ਪੱਗ ਬੰਨ੍ਹ ਕੇ ਸ਼ਿਵਜੀ ਨਾਲ ਸਬੰਧ ਕਿਉਂ ਰੱਖਿਆ ਗਿਐ। ਉਦੋਂ ਕਈਆਂ ਆਖਿਆ ਸੀ ਕਿ ਸ਼ਿਵਜੀ ਦੀ ਥਾਂ ‘ਇਕਓਂਕਾਰ’ ਵੀ ਤਾਂ ਬਣਵਾਇਆ ਜਾ ਸਕਦਾ ਸੀ?
ਇਹ ਗੱਲ ਸੱਭੇ ਜਾਣਦੇ ਨੇ ਕਿ ਪੰਜਾਬ ਦੇ ਹਜ਼ਾਰਾਂ ਮੁੰਡੇ-ਕੁੜੀਆਂ ਨੇ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ‘ਇਕਓਂਕਾਰ’ ਖੁਣਵਾਇਆ ਹੋਇਐ। ਇਨ੍ਹਾਂ ਵਿਚ ਕਲਾਕਾਰ ਵੀ ਸ਼ਾਮਲ ਨੇ, ਕਬੱਡੀ ਖਿਡਾਰੀ ਵੀ, ਅਦਾਕਾਰ ਤੇ ਆਮ-ਖਾਸ ਲੋਕ ਵੀ। ਕਬੱਡੀ ਖਿਡਾਰੀਆਂ ਨੇ ਤਾਂ ਡੌਲਿਆਂ ‘ਤੇ ਵੱਡੇ-ਵੱਡੇ ਖੰਡੇ ਬਣਵਾਏ ਹੋਏ ਨੇ ਤੇ ਉਨ੍ਹਾਂ ਦੇ ਦਰਸ਼ਨੀ ਸਰੀਰ ਦੇਖ ਕੇ ਮਾਣ ਹੁੰਦੈ। ਜ਼ਾਹਰ ਹੈ ਜਦੋਂ ਉਹ ਹੋਰਨਾਂ ਮੁਲਕਾਂ ਦੇ ਖਿਡਾਰੀਆਂ ਨਾਲ ਖੇਡਦੇ ਹੋਣਗੇ ਤਾਂ ਡੌਲੇ ‘ਤੇ ਖੁਣਵਾਏ ਨਿਸ਼ਾਨ ਬਾਰੇ ਪੁੱਛੇ ਜਾਣ ‘ਤੇ ਸਿੱਖ ਧਰਮ ਬਾਬਤ ਗੱਲਾਂ ਸਾਂਝੀਆਂ ਕਰਦੇ ਹੋਣਗੇ। ਜਦੋਂ ਇਹ ਚਰਚਾ ਤੁਰੇਗੀ ਤਾਂ ਆਪ ਦੱਸੋ ਕਿ ਸਿੱਖੀ ਦਾ ਨੁਕਸਾਨ ਹੋਏਗਾ ਕਿ ਲਾਭ?
ਮੰਦਿਰਾ ਬੇਦੀ ਜਾਂ ਨੀਰੂ ਬਾਜਵਾ ਵੀ ਪਹਿਲੀਆਂ ਹੀਰੋਇਨਾਂ ਨਹੀਂ, ਜਿਨ੍ਹਾਂ ਨੇ ਸਿੱਖੀ ਦੇ ਚਿੰਨ੍ਹਾਂ ਜਾਂ ਗੁਰਬਾਣੀ ਦੀਆਂ ਸਤਰਾਂ ਨੂੰ ਸਰੀਰ ‘ਤੇ ਲਿਖਵਾਇਆ ਹੋਵੇ। ਦੋ ਕੁ ਹਫ਼ਤੇ ਪਹਿਲਾਂ ਮਨਪ੍ਰੀਤ ਨਾਂ ਦੀ ਇਕ ਹੋਰ ਉਭਰ ਰਹੀ ਅਦਾਕਾਰਾ ਬਾਰੇ ਇਹੀ ਰੌਲਾ ਪੈਣ ਲੱਗਾ ਸੀ। ਸੋਚਣ ਵਾਲੀ ਗੱਲ ਹੈ ਕਿ ਜਿਹੜੀ ਗੁਰਬਾਣੀ ਨੂੰ ਅਸੀਂ ਦਿਲ ਵਿਚ ਵਸਾ ਕੇ ਰੱਖਣ ਦੀ ਗੱਲ ਕਰਦੇ ਹਾਂ, ਜਿਸ ਬਾਰੇ ਕਹਿੰਦੇ ਹਾਂ ਕਿ ਇਸ ਦਾ ਇਕ-ਇਕ ਸਲੋਕ ਸਾਡੇ ਮਨ ਮੰਦਰ ‘ਚ ਵਸਿਆ ਰਹਿਣਾ ਚਾਹੀਦਾ, ਉਸ ਦੀਆਂ ਸਤਰਾਂ ਜੇ ਸਰੀਰ ‘ਤੇ ਉਕਰ ਗਈਆਂ ਤਾਂ ਇਹ ਕੋਈ ਬਹੁਤ ਵੱਡਾ ਗੁਨਾਹ ਨਹੀਂ ਸਮਝਿਆ ਜਾਣਾ ਚਾਹੀਦਾ। ਹਾਂ, ਇਹ ਜ਼ਰੂਰ ਹੈ ਕਿ ਸਬੰਧਤ ਚਿੰਨ੍ਹ ਜਾਂ ਸਤਰਾਂ ਸਰੀਰ ਦੇ ਕਿਹੜੇ ਹਿੱਸੇ ‘ਤੇ ਲਿਖਵਾਈਆਂ ਗਈਆਂ ਹਨ? ਇਹ ਇਤਰਾਜ਼ ਤਾਂ ਵਾਜ਼ਬ ਹੈ ਕਿ ਇਨ੍ਹਾਂ ਹੀਰੋਇਨਾਂ ਵੱਲੋਂ ਗੁਰਬਾਣੀ ਦੇ ਚਿੰਨ੍ਹ ਪਿੱਠਾਂ ਜਾਂ ਬਾਹਾਂ ‘ਤੇ ਲਿਖਵਾ ਕੇ ਫ਼ਿਲਮਾਂ, ਸੀਰੀਅਲਾਂ ਵਿਚ ਭੱਦੇ ਦ੍ਰਿਸ਼ ਕਿਉਂ ਕੀਤੇ ਜਾ ਰਹੇ ਨੇ, ਇਸ ਨਾਲ ਸਿੱਖੀ ਦੇ ਇਨ੍ਹਾਂ ਚਿੰਨ੍ਹਾਂ ਦੀ ਬੇਪੱਤੀ ਹੁੰਦੀ ਏ।
ਬਹੁਤ ਸਾਰੇ ਕਲਾਕਾਰ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਦੇ ਨਿਸ਼ਾਨ ਗਲ਼ ਵਿਚ ਪਾ ਕੇ ਗਾਉਂਦੇ ਨੇ, ਬਹੁਤ ਸਾਰੇ ਕਲਾਕਾਰ ਸਿੱਖੀ ਦੀ ਸ਼ਾਨ ਦਸਤਾਰ ਸਜਾ ਕੇ ਬੀਚ ‘ਤੇ ਅੱਧੋਂ ਵੱਧ ਨੰਗੀਆਂ ਕੁੜੀਆਂ ਦੇ ਜਿਸਮਾਂ ‘ਤੇ ਹੱਥ ਫੇਰਦਿਆਂ ਗੰਦੇ ਗੀਤਾਂ ‘ਤੇ ਮੂੰਹ ਹਿਲਾਉਂਦੇ ਦਿਸਦੇ ਨੇ, ਤੇ ਇਹ ਸਭ ਉਸ ਚੈਨਲ ‘ਤੇ ਜ਼ਿਆਦਾ ਦਿਸਦੈ, ਜਿਸ ‘ਤੇ ਸਵੇਰੇ ਸ਼ਾਮ ਕਈ-ਕਈ ਘੰਟੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦੈ। ਆਖਰ ਸ਼੍ਰੋਮਣੀ ਕਮੇਟੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਿਉਂ ਕਰ ਜਾਂਦੀ ਏ?
ਅਸੀਂ ਉਨ੍ਹਾਂ ਲੋਕਾਂ ਦੀ ਵਕਾਲਤ ਨਹੀਂ ਕਰਦੇ, ਜਿਹੜੇ ਸਰੀਰ ਦੇ ਅੰਗਾਂ ‘ਤੇ ਗੁਰਬਾਣੀ ਦੀਆਂ ਤੁਕਾਂ ਲਿਖਵਾਉਂਦੇ ਨੇ, ਸਗੋਂ ਇਹ ਲਿਖਣ ਦਾ ਸਾਡਾ ਮਕਸਦ ਸਿਰਫ਼ ਏਨਾ ਕੁ ਏ ਕਿ ਸਿੱਖੀ ਨਾਲ ਖਿਲਵਾੜ ਦੇ ਇਕ ਨਹੀਂ, ਸੈਂਕੜੇ ਮਾਮਲੇ ਨੇ। ਦਰਅਸਲ ਅੱਜ ਲੋੜ ਇਸ ਗੱਲ ਦੀ ਹੈ ਕਿ ਸਿੱਖੀ ਨੂੰ ਆਪਣੀ ਪਰਿਭਾਸ਼ਾ ‘ਚ ਕੈਦ ਕਰਕੇ ਨਾ ਰੱਖੀਏ। ਕੋਈ ਇਨਸਾਨ ਬਿਨਾਂ ਬਾਣੇ ਤੋਂ ਸੱਚਾ ਸਿੱਖ ਵੀ ਹੋ ਸਕਦੈ ਤੇ ਬਥੇਰੇ ਸਿੱਖ ਅਜਿਹੇ ਵੀ ਹੋਣਗੇ ਜੋ ਬਾਣੇ ਵਿਚ ਵੀ ਸਧਾਰਨ ਲੋਕਾਂ ਵਾਂਗ ਸਭ ਕੁਝ ਕਰਦੇ ਨੇ। ਸਾਨੂੰ ਸਿੱਖ ਧਰਮ ਵਿਚ ਡੇਰਾਵਾਦ ਦੇ ਪ੍ਰਵੇਸ਼ ਦੇ ਕਾਰਨਾਂ ਬਾਬਤ ਵੀ ਜਾਣਕਾਰੀ ਹੈ ਤੇ ਸਿੱਖੀ ਦੀ ਸਰਵੋਤਮ ਸੰਸਥਾ ਸ੍ਰੋਮਣੀ ਕਮੇਟੀ ਨੂੰ ਸੱਤਾਧਾਰੀ ਧਿਰ ਦੇ ਥਾਪੜੇ ਦੀ ਵੀ। ਫਿਰ ਸਿਰਫ ਰੌਲਾ ਪਾਉਣ ਨਾਲ ਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਮੀਟਿੰਗਾਂ ਕਰਕੇ ਅਖਬਾਰਾਂ ਵਿਚ ਬਿਆਨ ਜਾਰੀ ਕਰਨ ਨਾਲ ਕਿਸੇ ਚੁਣੌਤੀ ਨੂੰ ਹੱਲ ਕਰਨ ਦੀ ਉਮੀਦ ਭਲਾ ਕਿਵੇਂ ਕੀਤੀ ਜਾ ਸਕਦੀ ਏ?
ਸਿੱਖਾਂ ਦੀ ਸ਼ਰਧਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੱਕ ਸੀਮਤ ਹੋ ਕੇ ਰਹਿ ਗਈ ਹੈ, ਜਦਕਿ ਚਾਹੀਦਾ ਇਹ ਹੈ ਕਿ ਮੱਥਾ ਭਾਵੇਂ ਘੱਟ ਟੇਕਿਆ ਜਾਵੇ ਪਰ ਉਸ ਵਿਚ ਦੱਸੀ ਜੀਵਨ ਜਾਚ ਨੂੰ ਅਮਲ ਵਿਚ ਲਿਆਂਦਾ ਜਾਵੇ। ਕਦੇ ਕੈਲੰਡਰਾਂ, ਕਦੇ ਟਕਸਾਲਾਂ ਤੇ ਵੰਨ-ਸੁਵੰਨੇ ਬਿਆਨਾਂ ਕਰਕੇ ਧੜਿਆਂ ਵਿਚ ਵੰਡੀ ਜਾ ਰਹੀ ਸਿੱਖ ਸੰਗਤ ਨੂੰ ਸਹੀ ਰਾਹ ਦਿਖਾਉਣਾ ਸਮੇਂ ਦੀ ਲੋੜ ਹੈ। ਜਿਹੜੇ ਲੋਕਾਂ ਨੂੰ ਟੈਟੂਆਂ ‘ਤੇ ਇਤਰਾਜ਼ ਹੈ, ਉਹ ਇਹ ਕਿਉਂ ਭੁੱਲਦੇ ਨੇ ਕਿ ਬਹੁਤ ਸਾਰੀਆਂ ਅਖਬਾਰਾਂ ਵਲੋਂ ਹਰ ਰੋਜ਼ ਧਰਮ-ਕਰਮ ਨਾਲ ਸਬੰਧਤ ਲੇਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਸਮੇਤ ਪ੍ਰਕਾਸ਼ਤ ਕੀਤੇ ਜਾਂਦੇ ਨੇ, ਪਰ ਇਨ੍ਹਾਂ ਫੋਟੋਆਂ ਦੀ ਕਦਰ ਅਸੀਂ ਸਬੰਧਤ ਦਿਨ ਸ਼ਾਮ ਤੱਕ ਹੀ ਕਰਦੇ ਹਾਂ ਤੇ ਅਗਲੇ ਦਿਨ ਇਨ੍ਹਾਂ ਅਖਬਾਰਾਂ ਨੂੰ ਰੱਦੀ ਵਿਚ ਸੁੱਟ ਦਿੰਦੇ ਹਾਂ। ਕੀ ਇਸ ਤਰ੍ਹਾਂ ਸਿੱਖੀ ਨਾਲ ਖਿਲਵਾੜ ਨਹੀਂ ਹੁੰਦਾ? ਇਸ ਗੱਲ ਨੂੰ ਖੁੱਲ੍ਹੇ ਦਿਮਾਗ ਨਾਲ ਸੋਚਣ ਦੀ ਲੋੜ ਹੈ।
ਸਲਾਮ ਤੇਰੇ ਸਿਦਕ ਨੂੰ
ਹੱਥ, ਪੈਰ ਸਭ ਕੁਝ ਤੰਦਰੁਸਤ ਹੋਣ ਦੇ ਬਾਵਜੂਦ ਵਿਹਲੀਆਂ ਖਾਣ ਦੇ ਚਾਹਵਾਨ ਗਿਣਤੀ ਤੋਂ ਬਾਹਰੇ ਹਨ। ਕਈ ਲੋਕ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ ਤੇ ਉਤੋਂ ‘ਰੱਬ’ ਨੂੰ ਦੋਸ਼ ਦੇਈ ਜਾਣਗੇ ਕਿ ਉਹਨੇ ਇਸ ਤਰ੍ਹਾਂ ਨਹੀਂ ਕੀਤਾ, ਉਸ ਤਰ੍ਹਾਂ ਨਹੀਂ ਕੀਤਾ।
ਇਸ ਤਸਵੀਰ ‘ਫੇਸਬੁਕ’ ‘ਤੇ ਦੇਖੀ ਤਾਂ ਇਸ ਸੱਜਣ ਦੇ ਸਿਦਕ ਨੂੰ ਸਲਾਮ ਕਰਨ ਨੂੰ ਮਨ ਕਰ ਆਇਆ। ਇਰਾਦੇ ਦਾ ਕਿੰਨਾ ਪੱਕਾ ਇਨਸਾਨ ਹੈ ਇਹ। ਬਾਹਾਂ ਨਾ ਹੁੰਦਿਆਂ ਕਿਸ ਤਰ੍ਹਾਂ ਕੰਮ ਵਿਚ ਮਗਨ ਹੈ ਤੇ ਉਹ ਕੰਮ ਕਰ ਰਿਹਾ ਏ, ਜੋ ਸਿਰਫ ਬਾਹਾਂ ਸਹਾਰੇ ਹੀ ਹੋ ਰਿਹੈ।
ਅਪੰਗਪੁਣੇ ਨੂੰ ਸਰਾਪ ਨਹੀਂ ਸਮਝਣਾ ਚਾਹੀਦਾ। ਜਾਣ-ਪਛਾਣ ਦੇ ਦਾਇਰੇ ਵਿਚ ਅਨੇਕਾਂ ਇਨਸਾਨ ਅਜਿਹੇ ਵੀ ਹਨ, ਜਿਨ੍ਹਾਂ ਦੇ ਹੌਸਲੇ ਦੀ ਉਡਾਣ ਉਨ੍ਹਾਂ ਨੂੰ ਅਪਾਹਜਪੁਣੇ ਦਾ ਅਹਿਸਾਸ ਨਹੀਂ ਕਰਾਉਂਦੀ ਤੇ ਬੜੇ ਅਜਿਹੇ ਹਨ, ਜਿਹੜੇ ਰਿਸ਼ਟ-ਪੁਸ਼ਟ ਹੁੰਦਿਆਂ ਸੋਚ ਪੱਖੋਂ ਅਪਾਹਜ ਹਨ। ਸਿਰਫ ਦ੍ਰਿੜਤਾ ਦੀ ਲੋੜ ਹੈ, ਕੰਮ ਕੋਈ ਵੀ ਔਖਾ ਨਹੀਂ।

Be the first to comment

Leave a Reply

Your email address will not be published.