ਮੁੱਲ ਵਿਕਦਾ ਸਜਣ ਮਿਲ ਜਾਵੇ…

ਕਿਰਪਾਲ ਸਿੰਘ ਪੰਨੂੰ
ਫੋਨ: 905-796-0531
ਗੁਰਬਾਣੀ ਵਿੱਚ ਅੰਕਿਤ ਹੈ,
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥
ਅਸੀਂ ਡਾ. ਗੁਰਮੀਤ ਸਿੰਘ ਨੂੰ ਕਿਵੇਂ ਤੇ ਕਿੱਥੋਂ ਲੱਭੀਏ? ਉਹ ਤੇ ਕਿਸੇ ਵੀ ਮੁੱਲ ਉੱਤੇ ਮੁੜ ਆਉਣ ਵਾਲਾ ਨਹੀਂ। ਡਾ. ਗੁਰਮੀਤ ਸਿੰਘ 22 ਫਰਬਰੀ 2021 ਨੂੰ ਆਪਣੀ ਸੰਸਾਰਕ ਯਾਤਰਾ ਦੇ 75 ਸਾਲ ਪੂਰੇ ਕਰ ਕੇ ਸਦੀਵੀ ਵਿਛੋੜਾ ਦੇ ਗਿਆ। ਉਹ ਆਪਣੇ ਪਰਿਵਾਰ ਵਿਚ ਆਪਣੀ ਸੁਪਤਨੀ ਡਾ. ਸੁਜਾਨ ਕੌਰ ਅਤੇ ਹੋਣਹਾਰ ਸਪੁੱਤਰ ਅਸੀਸ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ।

ਸੱਚੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਵੱਡਾ ਸੀ। ਉਨ੍ਹਾਂ ਦਾ ਹਰ ਮਰੀਜ ਉਨ੍ਹਾਂ ਦਾ ਪਰਿਵਾਰਕ ਮੈਂਬਰ ਸੀ। ਆਪਣਾ ਨਿਰਬਾਹ ਚਲਾਉਣ ਲਈ ਹਰ ਕੋਈ ਆਪਣੀ ਸੇਵਾ ਬਦਲੇ ਫੀਸ ਲੈਂਦਾ ਹੈ। ਡਾ. ਸਾਹਿਬ ਇਸ ਤੋਂ ਅੱਗੇ ਮਰੀਜ ਦੇ ਨਾਲ ਵਿਅਕਤੀਗਤ ਮੋਹ ਪਾ ਲੈਂਦੇ ਸਨ। ਡਾ. ਸਾਹਿਬ ਦੀਆਂ ਜੀਵਨ ਭਰ ਦੀਆਂ ਦੁੱਖਾਂ ਤਕਲੀਫਾਂ ਨੇ ਉਹਨੂੰ ਆਪਣੇ ਧਰਮ ਵਿਚ ਪਰਪੱਕ ਅਤੇ ਪਰਮਾਤਮਾ ਵਿਚ ਪੂਰਨ ਵਿਸ਼ਵਾਸੀ ਬਣਾ ਦਿੱਤਾ। ਮਾਨਵਤਾ ਦੀ ਸੇਵਾ ਉਨ੍ਹਾਂ ਦਾ ਧਰਮ ਸੀ। ਜੋ ਉਨ੍ਹਾਂ ਨੇ ਆਪਣੇ ਸਾਰੇ ਜੀਵਨ ਵਿਚ ਨਿਸ਼ਠਾ ਨਾਲ ਨਿਭਾਇਆ। ਉਨ੍ਹਾਂ ਦੀ ਇੱਛਾ ਇਸ ਤੋਂ ਹੋਰ ਵੀ ਕਿਤੇ ਵੱਧ ਲੋਕਾਂ ਦੀ ਸੇਵਾ ਕਰਨ ਦੀ ਸੀ, ਪਰ ਹੁੰਦਾ ਹੈ ਓਹੋ ਹੀ, ਜੋ ਮਨਜ਼ੂਰ-ਏ-ਖੁਦਾ ਹੁੰਦਾ ਹੈ।
ਯੂਗਾਂਡਾ ਵਿਚ ਉਹ ਅਜੇ ਬੱਚਾ ਹੀ ਸੀ ਕਿ ‘ਈਦੀ ਅਮੀਨੀ’ ਦੀ ਧਾੜਵੀ ਹਕੂਮਤ ਨੇ ਉਸ ਦੇ ਮਾਤਾ-ਪਿਤਾ ਖੋਹ ਲਏ। ਇਸ ਬੇਸਹਾਰਾ ਬੱਚੇ ਦੇ ਗੁਆਂਢੀ ਭਲੇ ਲੋਕ ਉਸ ਦੇ ਮਾਂ-ਬਾਪ ਬਣ ਕੇ ਬਹੁੜੇ। ਡਾ. ਸਾਹਿਬ ਦੀ ਪਾਲਣਾ-ਪੋਸਣਾ ਉਨ੍ਹਾਂ ਨੇ ਆਪਣੇ ਤਿੰਨਾਂ ਬੱਚਿਆਂ ਦੇ ਸਮਰੂਪ ਕੀਤੀ ਤੇ ਗੁਰਮੀਤ ਨੂੰ ਆਪਣੇ ਵੱਖਰੇ ਹੋਣ ਦਾ ਪਤਾ ਹੀ ਨਹੀਂ ਚੱਲਿਆ। ਜਦੋਂ ਉਹ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਕਿਸੇ ਨੇ ਉਸ ਦੇ ਕੰਨ ਵਲੇਲ ਪਾ ਦਿੱਤੀ ਕਿ ਉਹ ਤਾਂ ਇੱਕ ਗੋਦ ਲਿਆ ਹੋਇਆ ਬੱਚਾ ਹੈ। ਕਈ ਦਿਨ ਉਦਾਸੀ ਅਤੇ ਭੰਨ-ਘੜ ਦੇ ਆਲਮ ਵਿਚ ਰਹਿ ਕੇ, ਅਸਲੀਅਤ ਦਾ ਪਤਾ ਕਰਨ, ਗੁਰਮੀਤ ਹਰਿਦੁਆਰ ਪਹੁੰਚ ਗਿਆ। ਸੋਚ ਸੋਚ ਕੇ ਉਹ ਉਥੋਂ ਵੀ ਖਾਲੀ ਹੀ ਮੁੜ ਆਇਆ ਕਿ ਇਹ ਤੇ ਆਪਣੇ ਮਾਤਾ-ਪਿਤਾ ਉੱਤੇ ਬੇਭਰੋਸਗੀ ਦਾ ਗੁਨਾਹ ਹੈ। ਉਸ ਨੇ ਆਪਣੀ ਮਾਂ ਦੇ ਚਰਨੀਂ ਹੱਥ ਲਾ ਕੇ ਅਸਲੀਅਤ ਜਾਣਨ ਬਾਰੇ ਪੁੱਛਿਆ। ‘ਕਿਉਂ ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੈ?’ ਮਾਂ ਨੇ ਪੁੱਛਿਆ ਅਤੇ ਬਿਨਾ ਉੱਤਰ ਉਡੀਕੇ ਕਮਰੇ ਵਿਚ ਗਈ ਤੇ ਆਪਣੀ ਕੀਤੀ ਹੋਈ ਵਸੀਹਤ ਲਿਆ ਕੇ ਉਹਦੇ ਹੱਥ ਫੜਾ ਦਿੱਤੀ। ਦੋਹਾਂ ਭੈਣਾਂ ਅਤੇ ਦੋਹਾਂ ਭਰਾਵਾਂ ਵਿਚ ਭਾਈਚਾਰੇ ਅਨੁਸਾਰ ਸਭ ਕੁੱਝ ਬਰਾਬਰ ਵੰਡਿਆ ਹੋਇਆ ਸੀ; ਤੇ ਨਾਲੇ ਉਸ ਨੂੰ ਇਹ ਵੀ ਦੱਸਿਆ ਕਿ ਮਿਲੀ ਖਬਰ ਸਹੀ ਸੀ।
ਆਪਣੀ ਸਾਰੀ ਉਮਰ ਉਸ ਨੇ ਆਪਣੇ ਮਾਤਾ-ਪਿਤਾ ਅਤੇ ਭੈਣਾਂ-ਭਰਾਵਾਂ ਦਾ ਪੂਰਾ ਮਾਣ ਸਤਿਕਾਰ ਕੀਤਾ। ਕਿਸੇ ਦੇ ਮਿਹਣਾ ਮਾਰਨ ਉੱਤੇ ਉਸ ਨੇ ਆਪਣੀ ਸਾਰੀ ਜਾਇਦਾਦ ਦਾ ਅਧਿਕਾਰ ਆਪਣੇ ਦੂਜੇ ਭਰਾ ਦੇ ਨਾਂ ਕਰ ਦਿੱਤਾ। ਇੱਕ ਵਾਰ ਪੰਜਾਬ ਵਿਚ ਡਾਕਟਰ ਮੁਫਤ ਮੈਡੀਕਲ ਲਾ ਕੇ ਵਾਪਿਸ ਕੈਨੇਡਾ ਆ ਰਿਹਾ ਸੀ ਕਿ ਦਿੱਲੀ ਏਅਰਪੋਰਟ ਉੱਤੇ ਉਸ ਨੂੰ ਖਬਰ ਮਿਲੀ ਕਿ ਉਸ ਦੀ ਮਾਂ ਬੀਮਾਰ ਹੈ। ਆਪਣੀ ਸੁਪਤਨੀ ਅਤੇ ਬੇਟੇ ਨੂੰ ਜਹਾਜ ਚੜ੍ਹਾ ਕੇ ਵਾਪਿਸ ਜਲੰਧਰ ਆਪਣੀ ਮਾਂ ਕੋਲ ਪਹੁੰਚ ਗਿਆ। ਮਾਂ ਦੇ ਸੁਰਗਵਾਸ ਹੋ ਜਾਣ `ਤੇ ਸਾਰੀਆਂ ਰਸਮਾਂ ਨਿਭਾ ਕੇ ਫਿਰ ਉਹ ਕੈਨੇਡਾ ਨੂੰ ਗਿਆ।
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਉਸ ਦਾ ਐਕਿਊਪ੍ਰੈੱਸ਼ਰ ਦਾ ਨਿੱਜੀ ਕਲਿਨਿਕ ਸੀ। ਡਾਕਟਰ ਕਿਹਾ ਕਰਦਾ ਸੀ ਕਿ ਕਿਸੇ ਵੀ ਸੇਵਾ ਦੀ ਸਾਰਥਕਤਾ ਹੀ ਉਸ ਦੀ ਮਸ਼ਹੂਰੀ ਹੋਇਆ ਕਰਦੀ ਹੈ। ਇੱਕ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋਇਆ ਗਾਹਕ ਅੱਗੇ ਕਈ ਗਾਹਕਾਂ ਕੋਲ ਹੋਈ ਸੇਵਾ ਦੀ ਸ਼ਲਾਘਾ ਕਰਦਾ ਹੈ। ਮੇਰੇ ਪਰਿਵਾਰ ਨਾਲ ਡਾ. ਸਾਹਿਬ ਦਾ ਮਿਲਾਪ ਵੀ ਇੱਕ ਸਬੱਬ ਹੀ ਸੀ। ਪਟਿਆਲੇ ਹਰਿੰਦਰ ਪਾਲ (ਹੈਰੀ) ਸਿੱਧੂ ਦਾ ਮੈਨੂੰ ਫੋਨ ਆਇਆ, “ਪਾਪਾ ਜੀ ਤੁਹਾਡੇ ਸ਼ਹਿਰ ਵਿਚ ਮੇਰੀ ਮੂੰਹ ਬੋਲੀ ਭੈਣ ਸੁਜਾਨ ਕੌਰ ਦਾ ਵਿਆਹ ਹੈ। ਮੈਂ ਤੇ ਨਹੀਂ ਆ ਸਕਾਂਗਾ। ਤੁਸੀਂ ਮੇਰੇ ਵੱਲੋਂ ਉਸ ਵਿਆਹ ਵਿਚ ਜਾ ਆਇਓ।” ਮਿਥੇ ਸਮੇਂ ਤੇ ਮੈਂ ਤੇ ਪਤਵੰਤ ਵਿਆਹ ਵਿਚ ਸ਼ਾਮਲ ਹੋਏ ਅਤੇ ਹੈਰੀ ਸਿੱਧੂ ਵੱਲੋਂ ਆਪਣੇ ਸਾਰੇ ਫਰਜ਼ ਪੂਰੇ ਕੀਤੇ। ਸੁਜਾਨ ਕੌਰ ਨਾਲ ਦੋ ਚਾਰ ਵਾਰ ਫੋਨ `ਤੇ ਰਾਬਤਾ ਬਣਿਆ, ਫਿਰ ਰੁਝੇਵੇਂ ਭਾਰੂ ਹੋ ਗਏ ਤੇ ਲਗਪਗ ਸਭ ਕੁਝ ਭੁਲ-ਭੁਲਾ ਗਿਆ।
ਬੈਕ ਯਾਰਡ ਵਿਚ ਮੈਂ ਤੇ ਪਤਵੰਤ ਨੇ ਬੜੀ ਰੀਝ ਨਾਲ ਕੰਮ ਕੀਤਾ। ਲਗਨ ਵਿਚ ਪਤਾ ਹੀ ਨਾ ਲੱਗਾ ਕਿ ਕਦੋਂ ਦੋਹਾਂ ਦੇ ਲੱਕ ਦਰਦ ਅਰੰਭ ਹੋ ਗਿਆ। ਆਪਣੇ ਪਿਆਰੇ ਮਿੱਤਰ ਜੋਗਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਅਤੇ ਉਸ ਨੇ ਡਾ. ਗੁਰਮੀਤ ਸਿੰਘ ਦੇ ਕਲਿਨਿਕ ਜਾਣ ਦੀ ਸਲਾਹ ਦਿੱਤੀ। ਅਪੁਆਇੰਟਮੈਂਟ ਬਣਾ ਕੇ ਅਸੀਂ ਦੋਵੇਂ ਕਲਿਨਿਕ ਪਹੁੰਚ ਗਏ। ਦੇਖਦਿਆਂ ਸਾਰ ਮੈਨੂੰ ਯਾਦ ਆ ਗਿਆ ਤੇ ਮੈਂ ਕਿਹਾ ਕਿ ਡਾ. ਸਾਹਿਬ ਅਸੀਂ ਤਾਂ ਪਹਿਲੋਂ ਵੀ ਮਿਲੇ ਹੋਏ ਹਾਂ। ‘ਕਿੱਥੇ?’ ਉਨ੍ਹਾਂ ਪੁੱਛਿਆ। ‘ਤੁਹਾਡੇ ਵਿਆਹ ਵਿਚ।’ ਮੇਰਾ ਉੱਤਰ ਸੀ। ਉਸ ਦਿਨ ਤੋਂ ਪਿੱਛੋਂ ਇਸ ਪਰਿਵਾਰ ਨਾਲ ਅਸੀਂ ਪੱਕੇ ਹੀ ਬੱਝ ਗਏ ਅਤੇ ਸਕਿਆਂ ਵਰਗੇ ਸਬੰਧ ਬਣ ਗਏ ਤੇ ਡਾਕਟਰ ਨੇ ਦਿਲ ਵਿਚ ਮੈਨੂੰ ਆਪਣੇ ਪਿਤਾ ਸਮਾਨ ਥਾਂ ਦਿੱਤੀ। ਡਾ. ਸਾਹਿਬ ਜਦੋਂ ਵੀ ਸਾਡੇ ਘਰ ਆਉਂਦੇ, ਜੋ ਉਹ ਅਕਸਰ ਆਉਂਦੇ ਹੀ ਰਹਿੰਦੇ ਸਨ, ਖਾਲੀ ਹੱਥ ਕਦੀ ਨਹੀਂ ਸੀ ਆਏ, ਕਾਫੀ ਦੇ ਕੱਪ, ਪੀਜ਼ਾ, ਪਕੌੜੇ, ਸਮੋਸੇ ਜਾਂ ਕੁਝ ਹੋਰ ਜਰੂਰ ਲੈ ਕੇ ਆਉਂਦੇ। ਆਪਣੇ ਹਰ ਘਰੇਲੂ ਸਮਾਗਮ ਵਿਚ ਸਾਨੂੰ ਜਰੂਰ ਬੁਲਾਉਂਦੇ। ਬਾਹਰ ਜਲਸੇ ਜਲੂਸਾਂ ਵਿਚ ਸਾਨੂੰ ਆਪਣੇ ਨਾਲ ਲੈ ਕੇ ਜਾਂਦੇ। ਸਾਨੂੰ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਦਰਸ਼ਨ ਡਾ. ਸਾਹਿਬ ਦੇ ਘਰ ਵਿਚ ਹੀ ਕਰਨ ਦਾ ਮੌਕਾ ਪ੍ਰਾਪਤ ਹੋਇਆ।
ਸਾਡੇ ਮਿਲਾਪ ਤੋਂ ਪਹਿਲੋਂ ਡਾ. ਸਾਹਿਬ ਪੰਜਾਬ ਵਿਚ ਬਹੁਤ ਸਾਰੇ ਸਿਹਤ ਕੈਂਪ ਲਾ ਚੁਕੇ ਸਨ। ਫਿਰ ਸਾਨੂੰ ਵੀ ਉਨ੍ਹਾਂ ਨੇ ਆਪਣੇ ਨਾਲ ਜੋੜ ਲਿਆ। ਮੁੱਖ ਪ੍ਰਬੰਧਕ ਦੇ ਫਰਜ਼ ਮੇਰੇ ਹਿੱਸੇ ਪਾ ਦਿੱਤੇ। ਡਾ. ਸੁਜਾਨ ਵੀ ਹਰ ਕੈਂਪ ਵਿਚ ਡਾ. ਸਾਹਿਬ ਦੇ ਨਾਲ ਹੁੰਦੀ। ਮੇਰੀ ਦੇਖ-ਰੇਖ ਵਿਚ ਦੋ ਕੈਂਪ ਪਾਂਡਵਾਂ (ਫਗਵਾੜਾ), ਦੋ ਜਾਂ ਤਿੰਨ ਸੁਲਤਾਨਪੁਰ ਲੋਧੀ, ਇੱਕ ਫਿਲੌਰ ਦੇ ਕੋਲ ਗੁਰਦੁਆਰਾ ਸ਼ਹੀਦਾਂ, ਕਰਮਸਰ (ਰਾੜਾ ਸਾਹਿਬ) ਮੇਰੇ ਪਿੰਡ ਦੇ ਕੋਲ 4-5, ਸਪੋਰਟਸ ਕਾਲਜ ਸਮਰਾਲਾ, ਮੁਰਾਲੀ (ਖਮਾਣੋਂ), ਕੁਰੂਕਸ਼ੇਤਰ ਯੂਨੀਵਰਸਿਟੀ ਆਦਿ। ਇਨ੍ਹਾਂ ਕੈਂਪਾ ਵਿਚ ਡਾ. ਸਾਹਿਬ ਅੱਠ ਘੰਟੇ ਤੋਂ ਵੱਧ ਰੋਜਾਨਾ ਬਿਲਕੁੱਲ ਮੁਫਤ ਇਲਾਜ ਕਰਦੇ, ਅੰਤ ਵਿਚ ਆਪਣੀ ਸਮਰੱਥਾ ਅਨੁਸਾਰ ਸਥਾਨਕ ਸਹਾਇਕਾਂ ਦੀ ਆਰਥਕ ਮਦਦ ਵੀ ਕਰਦੇ। ਕੈਂਪ ਵਿਚ ਬੀਮਾਰਾਂ ਦੀਆਂ ਲੰਮੀਆਂ ਲਾਈਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾ। ਸਥਾਨਕ ਸ੍ਵੈਇੱਛਕ ਸਹਾਇਕ ਆਪਣੇ ਨਾਲ ਜੋੜੇ ਜਾਂਦੇ ਅਤੇ ਸਿਖਾਏ ਜਾਂਦੇ। ਦੂਸਰੇ ਸਾਲ ਲਾਈਨਾਂ ਹੋਰ ਲੰਮੀਆਂ ਹੋ ਜਾਂਦੀਆਂ।
ਡਾ. ਸਾਹਿਬ ਦਾ ਇਲਾਜ ਹੋਮੀਓਪੈਥੀ ਅਤੇ ਬਿਜਲਈ ਮਸ਼ੀਨਾਂ ਦੀ ਵਰਤੋਂ ਨਾਲ ਹੁੰਦਾ। ਭਾਵੇਂ ਬੁਢਾਪਾ ਹੰਢਾ ਰਹੇ ਮਰੀਜਾਂ ਦੇ ਠੀਕ ਹੋਣ ਦੀ ਪ੍ਰਤੀਸ਼ਤ ਘੱਟ ਸੀ, ਪਰ ਬਾਕੀ ਗਰੁੱਪ ਵਾਲੇ ਬਹੁਤ ਸਾਰੇ ਮਰੀਜ ਠੀਕ ਹੋ ਕੇ ਜਾਂਦੇ। ਚਮਤਕਾਰੀ ਵਰਤਾਰੇ ਵਾਲਿਆਂ ਮਰੀਜਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀ। ਉਨ੍ਹਾਂ ਵਿਚੋਂ ਕੁਝ ਕੁ ਦਾ ਵਰਣਨ ਕਰਨਾ ਠੀਕ ਰਹੇਗਾ। ਰਾੜਾ ਸਾਹਿਬ ਦੇ ਕੈਂਪ ਵਿਚ ਬੱਦੋਵਾਲ ਦੀ ਇੱਕ 20-22 ਸਾਲ ਦੀ ਲੜਕੀ ਆਈ, ਜਿਸ ਨੂੰ ਕਾਰ ਵਿਚੋਂ ਚੁੱਕ ਕੇ ਬੈੱਡ ਉੱਤੇ ਪਾਇਆ ਗਿਆ। ਦੱਸਣ ਅਨੁਸਾਰ ਬੁਖਾਰ ਵਿਚ ਗਲਤ ਟੀਕਾ ਲੱਗਣ ਨਾਲ ਉਸ ਦਾ ਲੱਕ ਤੋਂ ਹੇਠਾਂ ਦਾ ਸਾਰਾ ਸਰੀਰ ਨਕਾਰਾ ਹੋ ਗਿਆ ਸੀ। ਲੜਕੀ ਦੀ ਮਾਂ ਨੇ ਪੁੱਛਿਆ ਕਿ ਕੀ ਇਹ ਠੀਕ ਹੋ ਜਾਵੇਗੀ? ‘ਅਜੇ ਕੁਝ ਨਹੀਂ ਕਿਹਾ ਜਾ ਸਕਦਾ।’ ਡਾਕਟਰ ਦਾ ਜਵਾਬ ਸੀ। ਲੜਕੀ ਦੇ ਮਸ਼ੀਨਾਂ ਲਾ ਕੇ ਅਸੀਂ ਲੰਚ ਕਰਨ ਚਲੇ ਗਏ। ਕੁਝ ਸਮੇਂ ਪਿੱਛੋਂ ਮੁੜੇ ਤਾਂ ਲੜਕੀ ਦਾ ਘਬਰਾਇਆ ਹੋਇਆ ਭਰਾ ਰਸਤੇ ਵਿਚ ਹੀ ਆ ਮਿਲਿਆ। ‘ਡਾਕਟਰ ਸਾਹਿਬ ਜਲਦੀ ਚਲੋ, ਭੈਣ ਨੂੰ ਬਹੁਤ ਤਕਲੀਫ ਹੋ ਰਹੀ ਹੈ’, ਉਹ ਬੋਲਿਆ। ‘ਉਹ ਠੀਕ ਹੋ ਜਾਵੇਗੀ’, ਡਾਕਟਰ ਦੇ ਮੂੰਹੋਂ ਨਿਕਲਿਆ। ਪੂਰੇ ਸੱਤ ਦਿਨ ਲੜਕੀ ਕੈਂਪ ਅਰੰਭ ਹੋਣ ਵਾਲੇ ਸਮੇਂ ਕੈਂਪ ਵਿਚ ਲਿਆਂਦੀ ਜਾਂਦੀ ਅਤੇ ਸਮਾਪਤੀ ਵੇਲੇ ਹੀ ੳਸ ਨੂੰ ਵਾਪਸ ਘਰ ਲੈਜਾਇਆ ਜਾਂਦਾ। ਸਾਰਾ ਦਿਨ ਉਸ ਦਾ ਇਲਾਜ ਚੱਲਦਾ। ਅਖੀਰਲੇ ਦਿਨ ਉਹ ਆਪਣੇ ਪੈਰਾਂ ਉੱਤੇ ਆਪ ਖੜ੍ਹੀ ਹੋ ਕੇ ਪੰਜ-ਸੱਤ ਕਦਮ ਚੱਲ ਵੀ ਸਕਦੀ ਸੀ। ਉਸ ਨੂੰ ਆਪ ਹੀ ਕਰਨ ਵਾਲੇ ਅਗਲੇ ਇਲਾਜ ਦੀ ਵਿਧੀ ਸਮਝਾ ਦਿੱਤੀ ਗਈ। ਤਿੰਨ ਮਹੀਨੇ ਪਿੱਛੋਂ ਲੜਕੀ ਨੇ ਕੈਨੇਡਾ ਆਪ ਫੋਨ ਕੀਤਾ, “ਡਾਕਟਰ ਸਾਹਿਬ ਮੈਂ ਹੁਣ ਬਿਲਕੁੱਲ ਠੀਕ ਹਾਂ। ਧਾਰਾਂ ਆਪ ਕੱਢ ਲੈਂਦੀ ਹਾਂ।”
ਮੇਰੇ ਆਪਣੇ ਭਤੀਜੇ ਦੀ ਬੇਟੀ ਦੀ ਮੁਟਿਆਰ ਨਣਦ ਪੌੜੀਆਂ ਤੋਂ ਡਿੱਗ ਜਾਣ ਕਰਕੇ ਬਹੁਤ ਦੁਖੀ ਸੀ। ਮੋਗੇ ਤੋਂ ਚੱਲ ਕੇ ਰਾੜਾ ਸਾਹਿਬ ਕੈਂਪ ਵਿਚ ਆਈ। ਇਲਾਜ ਕਰਨ ਤੋਂ ਪਿੱਛੋਂ ਡਾਕਟਰ ਕਹਿੰਦਾ, ਪੈਰਾਂ ਭਾਰ ਬੈਠ ਕੇ ਦੇਖ। ਉਸ ਨੇ ਡਾਕਟਰ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਕਹਿ ਰਹੀ ਹੋਵੇ ਕਿ ਇਹ ਕਿਵੇਂ ਹੋ ਸਕਦਾ ਹੈ। ਤੂੰ ਦੇਖ ਤਾਂ ਸਹੀ, ਡਾਕਟਰ ਨੇ ਜੋਰ ਪਾ ਕੇ ਕਿਹਾ ਤੇ ਉਹ ਬੈਠ ਗਈ। “ਉਹ! ਮੈਂ ਹੁਣ ਬੈਠ ਸਕਦੀ ਹਾਂ।” ਖੁਸ਼ੀ ਵਿਚ ਪਾਗਲ ਹੋਈ ਉਹ ਚੀਕ ਉੱਠੀ। ਉਹ ਅੱਜ ਤੱਕ ਠੀਕ ਹੈ।
ਸਪੋਰਟਸ ਕਾਲਜ ਸਮਰਾਲਾ ਵਿਖੇ ਕੈਂਪ ਲੱਗਿਆ ਹੋਇਆ ਸੀ ਤੇ ਸ਼ਾਮ ਦੀ ਸਮਾਪਤੀ ਦੇ ਨੇੜੇ ਸੀ। ਡਾਕਟਰ ਨੇ ਕਿਹਾ ਕਿ ਅੰਕਲ ਜੀ ਹੁਣ ਹੋਰ ਪੇਸ਼ੈਂਟ ਨਾ ਲਿਓ। ਅੱਧੇ ਕੁ ਘੰਟੇ ਪਿੱਛੋਂ ਮੈਂ ਪਰਵੇਸ਼ ਦੁਆਰ ਵੱਲ ਬਾਹਰਲੀ ਹਵਾ ਲੈਣ ਆਇਆ ਤਾਂ ਦੋ ਦਾਨੀ ਔਰਤਾਂ ਕਾਰ ਵਿਚੋਂ ਉੱਤਰੀਆਂ। ਹੌਲੀ ਹੌਲੀ ਇੱਕ ਮੁਟਿਆਰ ਲੜਕੀ ਕਾਰ ਵਿਚੋਂ ਉਤਰ ਕੇ ਉਨ੍ਹਾਂ ਦੇ ਨਾਲ ਹੋ ਤੁਰੀ। ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ, ਮੈਂ ਪੁੱਛਿਆ। ‘ਇਸ ਲੜਕੀ ਨੂੰ ਗਰਦਨ ਦੀ ਤਕਲੀਫ ਹੈ, ਉਹ ਦਿਖਾਉਣੀ ਹੈ’, ਉੱਤਰ ਮਿਲਿਆ। ਮੈਂ ਬੇਨਤੀ ਕੀਤੀ ਕਿ ਹੁਣ ਤਾਂ ਕੈਂਪ ਬੰਦ ਹੋਣ ਵਾਲਾ ਹੈ, ਕੱਲ੍ਹ ਸੁਵੇਰੇ ਹੀ ਆ ਜਾਓ। ਮੈਂ ਤੇ ਅੱਜ ਵੀ ਨਹੀਂ ਸੀ ਆਉਣਾ, ਇੱਕ ਰਿਸ਼ਤੇਦਾਰ ਦੇ ਵਾਰ-ਵਾਰ ਜੋਰ ਪਾਉਣ ਉੱਤੇ ਆਈ ਹਾਂ। ਮੈਨੂੰ ਡਾਕਟਰ ਨੇ ਕਿਹਾ ਹੈ ਕਿ ਮੇਰੀ ਗਰਦਨ ਦਾ ਇਲਾਜ ਸਿਰਫ ਤੇ ਸਿਰਫ ਓਪਰੇਸ਼ਨ ਹੈ। ਲੜਕੀ ਨੇ ਆਪਣੀ ਨਿਰਾਸ਼ਾ ਦਰਸਾਈ। ‘ਚੰਗਾ ਆ ਜਾਓ’, ਮੈਂ ਕਿਹਾ।
ਉਨ੍ਹਾਂ ਨੂੰ ਇੰਤਜਾਰੀ ਬੈਂਚਾਂ `ਤੇ ਬੈਠਾ ਕੇ ਮੈਂ ਬੀਬੀਆਂ ਦੇ ਇਲਾਜ ਕਮਰੇ ਵਿਚ ਅੰਦਰ ਗਿਆ। (ਜਿੱਥੇ ਜਾਣ ਦੀ ਸਿਰਫ ਮੈਨੂੰ ਹੀ ਆਗਿਆ ਸੀ।) ਡਾਕਟਰ ਨੂੰ ਕਹਿਣ ਦੀ ਮੇਰੀ ਹਿੰਮਤ ਨਾ ਹੋਈ ਤੇ ਮੈਂ ਡਾ. ਸੁਜਾਨ ਨੂੰ ਇਸ ਸਬੰਧੀ ਬੇਨਤੀ ਕੀਤੀ। ਇਲਾਜ ਕਰ ਰਹੀ ਡਾ. ਸੁਜਾਨ ਨੇ ਮੁੜ ਮੇਰੇ ਵੱਲ ਹੀ ਗੇਂਦ ਰੋੜ੍ਹ ਦਿੱਤੀ। ਅੰਕਲ ਜੀ ਕੀ ਗੱਲ ਹੈ? ਡਾਕਟਰ ਨੇ ਕੁਝ ਵਿਸ਼ੇਸ਼ ਭਾਂਪਦਿਆ ਮੈਨੂੰ ਆਪ ਹੀ ਪੁੱਛ ਲਿਆ। ਦੱਸਿਆ ਤਾਂ ਡਾਕਟਰ ਕਹਿੰਦਾ, ‘ਖਾਲੀ ਬੈੱਡ ਉੱਤੇ ਪਾ ਦਿਓ।’ ਫਿਰ ਮੈਂ ਆਪਣੇ ਦੂਸਰੇ ਪ੍ਰਬੰਧਾਂ ਵਿਚ ਰੁੱਝ ਗਿਆ। ਉਸ ਦਿਨ ਦੇ ਖਾਤਮੇ ਉੱਤੇ ਡਾਕਟਰ ਨੇ ਦੱਸਿਆ ਕਿ ਅੰਕਲ ਜੀ ਉਹ ਲੜਕੀ ਬਿਲਕੁਲ ਠੀਕ ਹੋ ਕੇ ਚਲੀ ਗਈ ਹੈ। ਪਹਿਲਾਂ ਤਾਂ ਉਹ ਆਪਣੀ ਗਰਦਨ ਨੂੰ ਹੱਥ ਨਾ ਲਾਉਣ ਦੇਵੇ ਅਤੇ ਨਾ ਹੀ ਕਾਲਰ ਖੋਲ੍ਹੇ। ਇਸ ਇਲਾਜ ਵਿਚ ਮੇਰੀ ਵਿਸ਼ੇਸ਼ਤਾ ਹੈ, ਦਾ ਯਕੀਨ ਦੁਆਉਣ ਉੱਤੇ ਉਸ ਨੇ ਇਲਾਜ ਦੀ ਆਗਿਆ ਦਿੱਤੀ। ਪਿੱਛੋਂ ਚੰਗਾ ਫੇਰਾ-ਤੋਰਾ ਕਰਕੇ ਪੂਰੀ ਤਸੱਲੀ ਕਰ ਲੈਣ ਪਿੱਛੋਂ ਮੈਂ ਉਸ ਨੂੰ ਉਸ ਦਾ ਕਾਲਰ ਸੰਭਾਲ ਦਿੱਤਾ।
ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਸਾਡੇ ਕੈਂਪ ਦਾ ਪਹਿਲਾ ਦਿਨ ਸੀ। ਕੌਣ ਕਿੰਨੇ ਪਾਣੀ ਵਿਚ ਹੈ, ਹਰ ਕੋਈ ਬਿਨਾ ਦੱਸੇ ਪੁੱਛੇ ਹੀ ਭਾਂਪ ਲੈਂਦਾ ਹੈ। ਇੱਕ ਪੜ੍ਹੀ-ਲਿਖੀ ਬੀਬੀ ਸਿੱਧੀ ਮੇਰੇ ਕੋਲ ਆਈ ਤੇ ਬੋਲੀ, ‘ਅੰਕਲ ਜੀ, ਡਾਕਟਰ ਦੇ ਹੱਥਾਂ ਵਿਚ ਜਾਦੂ ਹੈ।’ ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ ਤੇ ਪੁੱਛਿਆ, ‘ਉਹ ਕਿਵੇਂ?’ ਬੀਬੀ ਨੇ ਦੱਸਿਆ ਕਿ ਮੈਂ ਗਰਦਨ ਦੀ ਸਮੱਸਿਆ ਤੋਂ ਬਹੁਤ ਦੁਖੀ ਸੀ, ਜਿੱਥੇ ਵੀ ਦੱਸ ਪਈ, ਮੈਂ ਉਸੇ ਡਾਕਟਰ ਕੋਲ ਪਹੁੰਚੀ, ਪਰ ਕੋਈ ਫਾਇਦਾ ਨਾ ਹੋਇਆ। ਡਾਕਟਰ ਸਾਹਿਬ ਨੇ ਪੰਜ ਮਿੰਟ ਨਹੀਂ ਲਾਏ ਕਿ ਹੁਣ ਮੈਂ ਬਿਲਕੁਲ ਠੀਕ ਹਾਂ। ਇਸ ਤਰ੍ਹਾਂ ਜਾਪਦਾ ਹੈ ਕਿ ਮੈਨੂੰ ਕਦੀ ਰੋਗ ਹੋਇਆ ਹੀ ਨਹੀਂ। ਪਿੱਛੋਂ ਪ੍ਰੋਫੈਸਰ ਰੰਧਾਵੇ ਨੇ ਮੈਨੂੰ ਦੱਸਿਆ ਕਿ ਉਹ ਬੀਬੀ ਇੱਕ ਕਾਲਜ ਵਿਚ ਫਿਜਿਕਸ ਦੀ ਲੈਕਚਰਾਰ ਹੈ।
ਬਰੈਂਪਟਨ ਵਿਚ ਮੈਂ ਆਪਣੇ ਇਲਾਜ ਲਈ ਡਾਕਟਰ ਕੋਲ ਗਿਆ ਤਾਂ ਉੱਥੇ ਮੇਰੀ ਇੱਕ 50 ਕੁ ਸਾਲਾਂ ਦੀ ਰੂਸੀ ਬੀਬੀ ਨਾਲ ਗੱਲਬਾਤ ਹੋਈ। ਉਸ ਨੇ ਦੱਸਿਆ ਕਿ ਉਸ ਦੀ ਖੱਬੀ ਲੱਤ ਸੁੱਕਣ ਲੱਗ ਪਈ, ਪੂਰਾ ਭਾਰ ਨਾ ਲਵੇ, ਜਾਪਦਾ ਸੀ ਕਿ ਕੁਝ ਛੋਟੀ ਵੀ ਹੋ ਗਈ ਹੈ। ਮੈਂ ਡਾਕਟਰ ਸਾਹਿਬ ਪਾਸੋਂ ਦੋ ਕੁ ਮਹੀਨੇ ਵਿਚ 7 ਟਰੀਟਮੈਂਟ ਲੈ ਚੁੱਕੀ ਹਾਂ। ਮੈਂ ਪੁੱਛਿਆ, ਹੁਣ ਕਿਵੇਂ ਹੈ? ਉਸ ਨੇ ਆਪਣਾ ਸਕਰਟ ਮੋਟੇ ਪੱਟ ਤੱਕ ਉੱਚਾ ਕਰਦਿਆਂ ਕਿਹਾ ਕਿ ਤੂੰ ਆਪ ਦੇਖ ਲੈ। ਮੈਨੂੰ ਦੋਵੇਂ ਲੱਤਾਂ ਸਿਹਤ ਪੱਖੋਂ ਬਰਾਬਰ ਲੱਗੀਆਂ। ‘ਹੋਰ ਕਿੰਨੀਆਂ ਟਰੀਟਮੈਂਟਾਂ ਲੈਣੀਆਂ ਹਨ?’ ਮੈਂ ਪੁੱਛਿਆ। ‘ਜਿੰਨੀਆਂ ਡਾਕਟਰ ਕਹੇਗਾ’, ਉਸ ਦਾ ਉੱਤਰ ਸੀ। ਡਾਕਟਰ ਉੱਤੇ ਉਸ ਦਾ ਪੂਰਨ ਵਿਸ਼ਵਾਸ ਝਲਕ ਰਿਹਾ ਸੀ।
ਕਲਿਨਿਕ ਵਿਚ ਹੀ ਇੱਕ ਵਾਰ ਇੱਕ ਲੜਕੀ ਨੇ ਦੱਸਿਆ ਕਿ ਮੈਂ ਫੈਮਿਲੀ ਡਾਕਟਰ ਕੋਲ ਕਈ ਗੇੜੇ ਮਾਰੇ। ਅੱਜ ਸਾਹਮਣੇ ਹੀ ਅਸੀਂ ਇਲਾਜ ਵਾਸਤੇ ਆਈਆਂ ਸੀ। ਪਤਾ ਲੱਗਿਆ ਕਿ ਉੱਥੇ ਕੋਈ ਇਲਾਜ ਨਹੀਂ ਹੋ ਰਿਹਾ। ਸਬੱਬ ਨਾਲ ਸਾਡੀ ਨਿਗ੍ਹਾ ਇਸ ਕਲਿਨਿਕ ਉੱਤੇ ਪਈ, ਅਸੀ ਮਾਂਵਾਂ-ਧੀਆਂ ਐਵੇਂ ਹੀ ਇੱਥੇ ਆ ਬੜੀਆਂ। ਡਾਕਟਰ ਨੇ ਕਿਹਾ ਕਿ ਉਹ ਇਲਾਜ ਕਰ ਸਕਦਾ ਹੈ। ਬੇਯਕੀਨੀ ਨਾਲ ਲੜਕੀ ਨੇ ਇਲਾਜ ਕਰਵਾਇਆ। ਇਲਾਜ ਸਮੇਂ ਤਕਲੀਫ ਇੰਨੀ ਹੋਈ ਕਿ ਉਸ ਨੇ ਪ੍ਰਣ ਕਰ ਲਿਆ ਕਿ ਮੁੜ ਕੇ ਇੱਥੇ ਨਹੀਂ ਆਉਣਾ। ਰਾਤ ਨੂੰ ਉਸ ਨੇ ਅਨੁਭਵ ਕੀਤਾ ਕਿ ਪਹਿਲਾਂ ਨਾਲੋਂ ਗੌਲਣਯੋਗ ਆਰਾਮ ਹੈ। ਅਗਲੇ ਦਿਨ ਹੀ ਉਹ ਫਿਰ ਕਲਿਨਿਕ ਆ ਗਈਆਂ। ਹੁਣ ਲੜਕੀ ਬਿਲਕੁਲ ਠੀਕ ਹੈ। ਉਸ ਦਾ ਪੇਟ ਕਸੀ ਹੋਈ ਢੋਲਕੀ ਵਾਂਗ ਕਸਿਆ ਜਾਂਦਾ ਸੀ।
ਮੇਰੀ ਸੁਪਤਨੀ ਪਤਵੰਤ ਦੀ ਖੱਬੀ ਲੱਤ ਬਹੁਤ ਸਮੱਸਿਆ ਦੇਣ ਲੱਗ ਪਈ। ਪੈ ਕੇ ਸੱਜੇ ਖੱਬੇ ਹਿਲਾਈ ਵੀ ਨਹੀਂ ਜਾਂਦੀ ਸੀ। ਡਾਕਟਰ ਕੋਲ ਗਏ ਤਾਂ ਕਹਿੰਦਾ ਕਿ ਜੋੜ ਆਪਣੀ ਥਾਂ ਤੋਂ ਹਿੱਲ ਗਿਆ ਹੈ। ਸੈੱਟ ਕੀਤਾ। ਚੀਕਾਂ ਨਿਕਲ ਗਈਆਂ। ਸ਼ਾਮ ਤੱਕ ਲੱਤ ਬਿਲਕੁਲ ਠੀਕ ਹੋ ਗਈ। ਤੇ ਅੱਜ ਤਿੰਨ ਸਾਲ ਪਿੱਛੋਂ ਤੀਕ ਠੀਕ ਚੱਲ ਰਹੀ ਹੈ। ਗੱਲ ਕੀ, ਸਾਨੂੰ ਜਾਂ ਮੇਰੇ ਕਿਸੇ ਸੰਪਰਕੀ ਨੂੰ ਜਦੋਂ ਵੀ ਕੋਈ ਸਰੀਰਕ ਸਮੱਸਿਆ ਆਉਂਦੀ ਤਾਂ ਅਸੀਂ ਡਾ. ਗੁਰਮੀਤ ਦੀ ਸਰਨ ਵਿਚ ਜਾਂਦੇ ਅਤੇ ਉਹ ਹਮੇਸ਼ਾ ਹੀ ਸੁਥਰੀਆਂ ਸਲਾਹਾਂ ਨਾਲ ਬਹੁੜਦਾ, ਜੋ ਸਾਡੇ ਲਈ ਸਦਾ ਉਪਯੋਗੀ ਸਿੱਧ ਹੁੰਦੀਆਂ।
ਸੱਚੀ ਗੱਲ ਹੈ ਕਿ ਡਾਕਟਰ ਸਾਹਿਬ ਵੱਲੋਂ ਕੀਤੇ ਮਾਯੂਸ ਹੋਏ ਬੀਮਾਰਾਂ ਦੇ ਚਮਤਕਾਰੀ ਇਲਾਜਾਂ ਦੀ ਇੱਕ ਲੰਮੀ ਲੜੀ ਹੈ। ਇਸ ਦੇ ਨਾਲ ਨਾਲ ਡਾ. ਸਾਹਿਬ ਨੇ ਆਪਣੇ ਬਹੁਤ ਸਾਰੇ ਸਹਿਯੋਗੀਆਂ ਨੂੰ ਯੋਗ ਸਿੱਖਿਆ ਵੀ ਦਿੱਤੀ। ਉਹ ਆਪਣੇ ਇਲਾਜ ਵਿਚ ਕਿਸੇ ਕੋਲੋਂ ਵੀ ਉਹਲਾ ਨਹੀਂ ਰਖਦੇ ਸਨ। ਨਵੇਂ ਆਏ ਰੋਗਾਂ ਲਈ ਵੀ ਨਿਰੰਤਰ ਖੋਜ ਕਰਦੇ ਰਹਿੰਦੇ ਸਨ।
ਡਾਕਟਰ ਸਾਹਿਬ ਦੇ ਸਤਿਕਾਰੀ ਮਰੀਜ ਅਕਸਰ ਮੈਨੂੰ ਪੁੱਛ ਲੈਂਦੇ ਨੇ ਕਿ ਡਾਕਟਰ ਸਾਹਿਬ ਨੇ ਹੁਣ ਕਦੋਂ ਪੰਜਾਬ ਆਉਣਾ ਹੈ? ਹੁਣ ਮੈਂ ਉਨ੍ਹਾਂ ਦੀ ਆਸ ਨੂੰ ਕੀ ਉੱਤਰ ਦੇਵਾਂ! ਬੜਾ ਔਖਾ ਹੈ ਇਹ ਕਹਿਣਾ ਕਿ ਉਹ ਤਾਂ ਉਨ੍ਹਾਂ ਲੰਮੀਆਂ ਵਾਟਾਂ ਦਾ ਪਾਂਧੀ ਬਣ ਗਿਆ ਹੈ, ਜਿੱਥੋਂ ਕੋਈ ਕਦੀ ਨਹੀਂ ਮੁੜਿਆ। ਸਾਡੇ ਲਈ ਡਾ. ਗੁਰਮੀਤ ਦਾ ਘਾਟਾ ਕਦੀ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।