ਕਿਸਾਨ ਮੋਰਚੇ ਨੇ ‘ਵੋਟ ਦੀ ਚੋਟ’ ਦੀ ਨੀਤੀ ਅਪਨਾਈ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਫਲਸਫੇ ਨੂੰ ਅਪਨਾ ਕੇ ਮੋਰਚੇ ਨੂੰ ਜਿੱਤ ਵਲ ਲਿਜਾਈਏ
ਸੁਕੰਨਿਆਂ ਭਾਰਦਵਾਜ ਨਾਭਾ
ਕਿਸਾਨ ਅੰਦੋਲਨ ਚੁਣੌਤੀਆਂ ਨੂੰ ਸਰ ਕਰਦਾ ਅੱਗੇ ਵਲ ਨਿਰੰਤਰ ਪੁਲਾਘਾਂ ਪੁੱਟ ਰਿਹਾ ਹੈ। ਕਈ ਤਰ੍ਹਾਂ ਦੇ ਪੈਂਤੜੇ ਮੋਰਚਿਆਂ ਵਿਚ ਬੈਠੇ ਧਰਤੀ ਪੁੱਤਰਾਂ ਨੂੰ ਕੰਮ ਲਾਈ ਰੱਖਣ ਲਈ ਵੀ ਕੀਤੇ ਜਾ ਰਹੇ ਹਨ। ਕਈ ਤਰ੍ਹਾਂ ਦੇ ਦਿਨ ਤਿਓਹਾਰ-ਕਿਸਾਨ ਦਿਵਸ, ਨੌਜਵਾਨ ਦਿਵਸ, ਔਰਤ ਦਿਵਸ, ਧਾਰਮਿਕ, ਖੇਤੀਬਾੜੀ ਰਹਿਨੁਮਾਵਾਂ ਦੇ ਦਿਹਾੜੇ ਮਨਾਉਣ, ਰੇਲ ਗੱਡੀ, ਬੱਸਾਂ ਦਾ ਚੱਕਾ ਜਾਮ, ਕੇ. ਐਮ. ਪੀ. ਐਲ. ਦਾ ਘਿਰਾਓ ਵਰਗੇ ਸਫਲ ਐਕਸ਼ਨ ਮੋਰਚੇ ਵਿਚ ਜੋਸ਼ ਭਰਨ ਦੇ ਗੰਭੀਰ ਉਪਰਾਲੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਹਨ।

ਚਲਦੀਆਂ ਸਟੇਜਾਂ ਤੋਂ ਜੋਸ਼ੀਲੇ ਤੇ ਮਨੋਰੰਜਕ ਕਿਸਾਨੀ ਘੋਲ ਦੇ ਗੀਤ ਤੇ ਵੱਖ ਵੱਖ ਸਟੇਟਾਂ ਤੋਂ ਆਏ ਕਿਸਾਨ ਆਗੂਆਂ ਤੇ ਸਮਰਥਕਾਂ ਦੇ ਭਾਸ਼ਣ ਘੋਲ ਨੂੰ ਮਘਾਈ ਰੱਖਣ ਲਈ ਅਹਿਮ ਰੋਲ ਅਦਾ ਕਰ ਰਹੇ ਹਨ। ਮੋਰਚੇ ਨੂੰ ਹਰ ਤਰ੍ਹਾਂ ਦੀ ਮਦਦ ਵੀ ਵੱਖ ਵੱਖ ਸਟੇਟਾਂ ਵਿਚ ਬੈਠੇ ਪੰਜਾਬੀਆਂ ਵਲੋਂ ਭੇਜੀ ਜਾ ਰਹੀ ਹੈ। ਕੈਲੀਫੋਰਨੀਆ ਤੋਂ ਪਿਛਲੇ ਤਿੰਨ ਮਹੀਨਿਆਂ ਤੋਂ ਡਟੇ ਕਾਰਡੀਆਲੋਜਿਸਟ ਸਵੈਮਾਨ ਸਿੰਘ ਆਪਣੇ ਸਾਧਨਾਂ ਨਾਲ ਕਿਸਾਨਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨਾਲ ਦੱਖਣ ਪੂਰਵ ਦੇ ਰਾਜਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੀ ਹਕੂਮਤ ਵਲੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਡਟੀ ਹੋਈ ਹੈ। ਡਾ. ਸਵੈਮਾਨ ਸਿੰਘ ਨੇ ਨੌਜਵਾਨਾਂ ਲਈ ਖੇਡਾਂ ਦਾ ਵੀ ਪ੍ਰੋਗਰਾਮ ਉਲੀਕਿਆ, ਪਰ 26 ਜਨਵਰੀ ਦੀਆਂ ਘਟਨਾਵਾਂ ਦਾ ਉਸ ਉਤੇ ਵੀ ਮਾੜਾ ਪ੍ਰਭਾਵ ਪਿਆ ਹੈ। ਗਰਮੀ ਦੇ ਮੱਦੇਨਜ਼ਰ ਸਿੰਘੂ ਬਾਰਡਰ ਦੀ ਓ. ਪੀ. ਡੀ. ਨੂੰ ਪੀ. ਜੀ. ਆਈ. ਦੇ ਡਾਕਟਰਾਂ ਦੀ ਮਦਦ ਨਾਲ ਮੋਰਚੇ ਵਿਚ ਹੀ ਹਸਪਤਾਲ ਦਾ ਰੂਪ ਦੇ ਦਿੱਤਾ ਗਿਆ ਹੈ। ਅਸਾਮ ਦੇ ਪੰਜਾਬੀਆਂ ਵਲੋਂ ਸਾਢੇ 13 ਕੁਇੰਟਲ ਚਾਹ ਪੱਤੀ, ਫਰਾਟੇ ਪੱਖੇ ਤੇ ਰਸਾਂ ਦੀਆਂ ਸੈਂਕੜੇ ਪੇਟੀਆਂ ਭੇਜੀਆਂ ਗਈਆਂ ਹਨ। ਉੜੀਸਾ ਦੀ ਸੰਗਤ ਵਲੋਂ ਲੱਖਾਂ ਰੁਪਏ ਦੀ ਮਾਇਕ ਮਦਦ ਦਿੱਤੀ ਗਈ ਹੈ।
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵਲੋਂ ਨੌਜਵਾਨਾਂ ਨੂੰ ਕੀਤੀ ਜਾਂਦੀ ਵਾਰ ਵਾਰ ਭਾਵੁਕ ਅਪੀਲ ਕਿ ‘ਨੌਜੁਆਨੋ, ਸਾਥੋਂ ਤੁਹਾਡੀਆਂ ਲਾਸ਼ਾਂ ਨ੍ਹੀਂ ਢੋਈਆਂ ਜਾਣੀਆਂ, ਸਾਨੂੰ ਇਸ ਇਮਤਿਹਾਨ ਵਿਚ ਨਾ ਪਾਓ’ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੀ ਅਪੀਲ ਹੁੰਦੀ ਹੈ, ‘ਤੁਹਾਡੇ ਵਾਰਸਾਂ ਨੇ ਸਾਡੇ ਪੁਰਅਮਨ ਘੋਲ ਦੀ ਜਾਮਨੀ `ਤੇ ਤੁਹਾਨੂੰ ਇਥੇ ਭੇਜਿਆ ਹੈ, ਇਸ ਲਈ ਸਾਡੀ ਜਿ਼ੰਮੇਵਾਰੀ ਹੈ ਕਿ ਅਸੀਂ ਜਿੱਤ ਕੇ ਉਸੇ ਤਰ੍ਹਾਂ ਤੁਹਾਨੂੰ ਉਨ੍ਹਾਂ ਦੇ ਸਪੁਰਦ ਕਰੀਏ, ਜਿਵੇਂ ਅਸੀਂ ਲੈ ਕੇ ਆਏ ਸੀ। ਦੁਸ਼ਮਣ ਚਲਾਕ ਤੇ ਡਾਹਢਾ ਹੈ। ਉਸ ਦੀਆਂ ਚਾਲਾਂ ਨੂੰ ਸਮਝੋ। ਸਾਨੂੰ ਉਮਰਾਂ ਹੋ ਗਈਆਂ ਇਨ੍ਹਾਂ ਹਕੂਮਤਾਂ ਨਾਲ ਟੱਕਰ ਲੈਂਦਿਆਂ ਨੂੰ। ਜਾਬਤੇ ਵਿਚ ਰਹੋ, ਕਿਉਂਕਿ ਤੁਸੀਂ ਸਾਡੇ ਆਪਣੇ ਹੋ। ਸਾਡਾ ਇਕੋ ਇੱਕ ਟੀਚਾ ਹੈ-ਤਿੰਨੋ ਕਾਨੂੰਨ ਰੱਦ ਕਰਾਉਣੇ ਤੇ ਐਮ. ਐਸ. ਪੀ. ਦੀ ਕਾਨੂੰਨੀ ਗਾਰੰਟੀ ਲੈਣੀ। ਯਾਦ ਰੱਖਿਓ, ਇਹ ਕਾਨੂੰਨ ਸਾਡੀਆਂ ਫਸਲਾਂ ਦੇ ਨਾਲ ਨਸਲਾਂ ਨੂੰ ਵੀ ਖਤਮ ਕਰਨ ਵਾਲੇ ਹਨ। ਆਪਾਂ ਆਪਣੀਆਂ ਜ਼ਮੀਨਾਂ ਦੇ ਨਾਲ ਨਾਲ ਆਪਣੀਆਂ ਜ਼ਮੀਰਾਂ ਵਜੂਦ ਦੀ ਲੜਾਈ ਲੜ ਰਹੇ ਹਾਂ। ਜੇ ਅੱਜ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਬੱਚਿਓ ਤੱਤੇ ਨਾਹਰੇ, ਤੱਤੇ ਕਦਮ ਕਿਸੇ ਮਸਲੇ ਦਾ ਹੱਲ ਨਹੀਂ। ਯਾਦ ਰੱਖਿਓ, ਅਸੀਂ ਤੱਤੇ ਚੱਲੇ ਤਾਂ ਹਕੂਮਤ ਦੀ ਜਿੱਤ ਹੋਵੇਗੀ, ਜੇ ਸ਼ਾਂਤ ਰਹੇ ਤਾਂ ਸਾਡੀ। ਇਹ ਸਾਡੀ ਜਿ਼ੰਦਗੀ ਦੇ ਨਿਚੋੜ ਕੱਢੇ ਹੋਏ ਹਨ। ਇੱਕ 26 ਜਨਵਰੀ ਦੀ ਘਟਨਾ ਨੇ ਅੰਦੋਲਨ ਨੂੰ ਕਿੰਨਾ ਪਿਛੇ ਧੱਕ ਦਿੱਤਾ ਹੈ, ਇਸ ਦਾ ਕਦੇ ਵਿਹਲੇ ਬੈਠ ਕੇ ਵਿਸ਼ਲੇਸ਼ਣ ਕਰਿਓ। ਆਮ ਹੀ ਕਿਹਾ ਜਾਂਦਾ ਹੈ ਕਿ ਕੀ ਹੋ ਗਿਆ ਜੇ ਜਜ਼ਬਾਤੀ ਭੁਲੱਕੜ ਨੌਜਵਾਨ ਲਾਲ ਕਿਲੇ `ਤੇ ਚਲੇ ਗਏ? ਕੀ ਹੋ ਗਿਆ ਜੇ ਕੇਸਰੀ ਨਿਸ਼ਾਨ ਲਾਲ ਕਿਲੇ `ਤੇ ਚੜ੍ਹਾ ਦਿੱਤਾ? ਤੁਹਾਨੂੰ ਇਹ ‘ਕੀ ਹੋ ਗਿਆ’ ਲੱਗ ਸਕਦਾ ਹੈ। ਸਾਨੂੰ ਪੁੱਛ ਕੇ ਦੇਖੋ ਕਿ ਕਿਵੇ ਪੰਜ ਮਹੀਨਿਆਂ ਦੀ ਤਪੱਸਿਆ ਤੋਂ ਬਾਅਦ ਮਸਾਂ ਘੋਲ ਨੂੰ ਇਸ ਸਿਖਰ `ਤੇ ਲੈ ਕੇ ਆਏ ਸੀ। ਕਿਵੇਂ ਅੱਜ ਸਾਡੀਆਂ ਤਰਜੀਹਾਂ ਬਦਲ ਗਈਆਂ ਹਨ। ਅੱਜ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਥਾਂ ਤੁਹਾਡੀਆਂ ਗ੍ਰਿਫਤਾਰੀਆਂ, ਜ਼ਮਾਨਤਾਂ, ਸੰਮਨਾਂ ਦੀ ਪੈਰਵਾਈ ਤੇ ਹੋਰ ਉਸ ਦਿਹਾੜੇ ਦੇ ਮਸਲੇ ਹੱਲ ਕਰਾਉਣ ਲਈ ਕਾਨੂੰਨ ਮਾਹਰਾਂ ਦੀਆਂ ਟੀਮਾਂ ਗਠਿਤ ਕੀਤੀਆਂ; ਕਿਵੇਂ ਥਾਣੇ ਕਚਹਿਰੀਆਂ ਦੇ ਚੱਕਰ ਵਧ ਗਏ।’
“ਬੱਚਿਓ, ਇਹ ਤੁਹਾਡੀ ਛੋਟੀ ਜਿਹੀ ਗਲਤੀ ਕਾਰਨ ਹੀ ਤਾਂ ਵਾਪਰਿਆ ਹੈ। ਬਸ ਗੱਲ ਤਾਂ ਇੰਨੀ ਕੁ ਹੀ ਸੀ ਜੇ ਆਪਣੇ ਵੱਡਿਆਂ ਦੀਆਂ ਨਸੀਹਤਾਂ ਨੂੰ ਪੱਲੇ ਬੰਨ ਲੈਂਦੇ ਤਾਂ ਇੰਨੇ ਵੱਡੇ ਦੁਖਾਂਤ ਦਾ ਸਾਹਮਣਾ ਨਾ ਕਰਨਾ ਪੈਂਦਾ ਤੇ ਸਾਡੇ ਦੁਸ਼ਮਣਾਂ ਨੂੰ ਸਾਡੇ ਉਤੇ ਤਸ਼ੱਦਦ ਦਾ ਮੌਕਾ ਨਾ ਮਿਲਦਾ। ਕਿਵੇਂ ਭਾੜੇ ਦੇ ਟੱਟੂਆਂ ਨਾਲ ਹਕੂਮਤ ਨੇ ਸਾਡੇ ਨੌਜਵਾਨਾਂ ਨੂੰ ਕੋਹਿਆ, ਸਾਡੀਆਂ ਬੀਬੀਆਂ ਦੇ ਟੈਂਟਾਂ ਨੂੰ ਪਾੜਿਆ, ਸਾਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਨਾ ਹੱਥੋਂ ਜਾਣ ਦਿੱਤਾ। ਬੜੀ ਮਿਹਨਤ ਮੁਸ਼ੱਕਤ, ਤਹੱਮਲ ਅਤੇ ਪੁਰਅਮਨ ਰਹਿੰਦਿਆਂ ਅਸੀਂ ਉਨ੍ਹਾਂ ਹਾਲਾਤ `ਤੇ ਕਾਬੂ ਪਾਇਆ ਤੇ ਮੋਰਚੇ ਨੂੰ ਪੈਰੀਂ ਸਿਰੀਂ ਕੀਤਾ। ਇੱਕ ਵਾਰੀ ਤਾਂ ਉਨ੍ਹਾਂ ਸ਼ਾਹੀਨ ਬਾਗ ਦੇ ਮੋਰਚੇ ਵਾਂਗ ਇਸ ਨੂੰ ਉਖਾੜ ਹੀ ਦਿੱਤਾ ਸੀ। ਅੱਜ ਕਿਥੇ ਨੇ ਉਹ ਸਾਡੇ ‘ਜੁਝਾਰੂ’ ਜੋ ਪੱਚੀ ਜਨਵਰੀ ਨੂੰ ਸਟੇਜ ਉਤੇ ਛਾਤੀ ਠੋਕ ਠੋਕ ਕੇ ਕਹਿ ਰਹੇ ਸਨ ਕਿ ‘ਕੋਈ ਸਾ… ਨੀਂ ਲਗਦਾ ਜੋ ਮੇਰੇ ਟਰੈਕਟਰ ਉਤੇ ਮੇਰੀ ਮਰਜੀ ਤੋਂ ਬਿਨਾ ਬੈਠੇਗਾ, ਸਾਡਾ ਰੋਡ ਰਿੰਗ ਰੋਡ, ਅਸੀਂ ਦਿੱਲੀ ਜਾ ਕੇ ਹੀ ਰਹਾਂਗੇ।’ ਫਿਰ ਬੱਚਿਓ ਕੀ ਕਰ ਲਿਆ ਅਸੀਂ ਦਿੱਲੀ ਜਾ ਕੇ, ਉਹ ਤੁਹਾਡੇ ਸਾਹਮਣੇ ਹੈ। ਅੱਛਾ ਜੇ ਤੁਸੀਂ ਕੁਝ ਅਲੱਗ ਤੋਂ ਕਰਨਾ ਚਾਹੁੰਦੇ ਹੋ ਤਾਂ ਇਹ ਮੋਰਚਾ ਫਤਿਹ ਕਰ ਲਈਏ, ਫਿਰ ਅਲੱਗ ਤੋਂ ਸ਼ੁਰੂ ਕਰ ਲੈਣਾ। ਪਰ ਅੱਜ ਆਪਣੀਆਂ ਵੱਖਰੀਆਂ ਮੰਗਾਂ ਠੋਸਣ ਨਾਲ ਸਾਡੀਆਂ ਜ਼ਮੀਨਾਂ ਦੀ ਲੜਾਈ ਅਸੀਂ ਹਾਰ ਜਾਵਾਂਗੇ। ਥੋਡੇ ਸਾਹਮਣੇ ਹੀ ਹੈ ਕਿ ਪੰਜ ਮਹੀਨੇ ਹੋ ਗਏ ਸ਼ਾਂਤਮਈ ਅੰਦੋਲਨ ਲੜਦਿਆਂ ਨੂੰ ਪਰ ਦਿੱਲੀ ਹਕੂਮਤ ਸੋਧਾਂ ਤੋਂ ਅੱਗੇ ਜਾਣ ਲਈ ਤਿਆਰ ਨਹੀਂ।”

ਇੱਕ ਬਜੁਰਗ ਮਾਤਾ ਵਲੋਂ ਵੀ ਆਪਣੇ ਲੈਅਮਈ ਸੰਬੋਧਨ ਵਿਚ ਮੋਰਚੇ ਦੀ ਜਿਉਂਦੀ ਜਾਗਦੀ ਤਸਵੀਰ ਖਿਚਦਿਆਂ ਤੇ ਕੇਂਦਰੀ ਹਕੂਮਤ ਦੀਆਂ ਕਿਸਾਨ ਮਾਰੂ ਨੀਤੀ ਦੀ ਭੇਟਾ ਚੜ੍ਹੇ ਸੈਂਕੜੇ ਕਿਸਾਨਾਂ, ਨੌਜਵਾਨਾਂ ਦੇ ਪਿਛੇ ਰਹਿ ਗਏ ਪਰਿਵਾਰਾਂ ਬਜੁਰਗ ਮਾਪਿਆਂ ਦਾ ਤਰਸੇਵਾਂ, ਮੋਰਚੇ ਵਿਚ ਡਟੇ ਰਹਿਣ, ਧਰਤੀ ਪੁੱਤਰ ਦੀ ਆਪਣੀ ਜ਼ਮੀਨ ਨਾਲ ਲਗਾਓ ਦਾ ‘ਝੇੜਾ’ ਅਜਿਹਾ ਬਿਆਨਿਆ ਕਿ ਪੂਰੇ ਮਹੌਲ ਨੂੰ ਜਜ਼ਬਾਤੀ ਕਰ ਦਿੱਤਾ।
ਦੂਜੇ ਪਾਸੇ ਕੇਂਦਰੀ ਹਕੂਮਤ ਘੋਲ ਦੇ 100 ਦਿਨ ਪੁਰੇ ਹੋਣ `ਤੇ ਟੱਸ ਤੋਂ ਮੱਸ ਨਹੀਂ ਹੋਈ। ਇਸ ਤਰ੍ਹਾਂ ਦਾ ਵਿਹਾਰ ਉਹ ਅੰਦੋਲਨਕਾਰੀਆਂ ਨਾਲ ਕਰ ਰਹੀ ਹੈ, ਜਿਵੇਂ ਉਹ ਮਾਈ ਬਾਪ ਨਾ ਹੋ ਕੇ ਕੋਈ ਸ਼ਰੀਕ ਹੋਵੇ। ਸਿੰਘੂ ਕੁੰਡਲੀ ਬਾਰਡਰ ਦੇ ਆਲੇ-ਦੁਆਲੇ ਦੀ ਵਸੋਂ ਨਾਲ ਲਗਦੀਆਂ ਛੋਟੀਆਂ ਗਲੀਆਂ ਨੂੰ ਬੰਦ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਭੜਕਾਇਆ ਜਾਵੇ ਤੇ ਉਨ੍ਹਾਂ ਦਾ ਬਾਹਰ ਨਿਕਲਣਾ ਬੰਦ ਕੀਤਾ ਜਾਵੇ; ਪਰ ਉਨ੍ਹਾਂ ਹਕੂਮਤ ਦੇ ਸੜਕਾਂ `ਤੇ ਕਿੱਲ ਲਾਉਣ ਨੂੰ ਫੁੱਲ ਲਾ ਕੇ ਤੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲਿਆਂ ਨੂੰ ਲੰਗਰ ਛਕਾ ਕੇ ਜੁਆਬ ਦਿੱਤਾ ਹੈ। ਅਸਲ ਵਿਚ ਇਸ ਘੋਲ ਨੇ ਭਾਜਪਾ ਦੇ ‘ਮੋਦੀ ਹੈ ਤੋ ਮੁਮਕਿਨ ਹੈ’ ਦੇ ਪ੍ਰਸਨੈਲਟੀ ਕਲਟ (ਸ਼ਖਸੀਅਤ ਪੰਥ) ਨੂੰ ਕਾਫੀ ਖੋਰਾ ਲਾਇਆ ਹੈ। ਕੇਂਦਰ ਸਰਕਾਰ ਅੱਜ ਤਕ ਚੁਪ-ਚੁਪੀਤੇ 14 ਸੌ ਤੋਂ ਉਪਰ ਕਾਨੂੰਨਾਂ ਨੂੰ ਖਤਮ ਕਰ ਚੁਕੀ ਹੈ, ਪਰ ਖੇਤੀ ਕਾਲੇ ਕਾਨੂੰਨ ਰੱਦ ਕਰਨ ਨੂੰ ਉਸ ਨੇ ਨੱਕ ਦਾ ਸੁਆਲ ਬਣਾ ਲਿਆ ਹੈ। ਉਧਰ ਕਿਸਾਨ ਆਗੂਆਂ ਵਲੋਂ ਵੀ ਆਪਣੇ ਮੋਰਚੇ ਨੂੰ ਹੋਰ ਤਕੜਾ ਤੇ ਇਸ ਦਾ ਘੇਰਾ ਦਿੱਲੀ ਤੋਂ ਬਾਹਰ ਦੂਜੀਆਂ ਸਟੇਟਾਂ ਵੱਲ ਵਧਾਉਣ ਲਈ ਕੁਝ ਅਹਿਮ ਫੈਸਲੇ ਲਏ ਹਨ। ਹਰਿਆਣਾ ਪੰਜਾਬ ਤੋਂ ਇਲਾਵਾ ਉਤਰਾਖੰਡ, ਯੂ. ਪੀ., ਮੱਧ ਪ੍ਰਦੇਸ਼, ਝਾਰਖੰਡ, ਉੜੀਸਾ, ਮਹਾਂਰਾਸ਼ਟਰ ਵਿਚ ਮਹਾਂ-ਪੰਚਾਇਤ ਕਰਕੇ ਕਿਸਾਨੀ ਮੰਗਾਂ ਪ੍ਰਤੀ ਲਾਮਬੰਦੀ ਕੀਤੀ ਜਾ ਰਹੀ ਹੈ। ‘ਵੋਟ ਦੀ ਚੋਟ’ ਦਾ ਪੈਂਤੜਾ ਲੈਂਦਿਆਂ ਮਾਰਚ 2021 ਵਿਚ ਵਿਧਾਨ ਸਭਾ ਚੋਣਾਂ ਵਾਲੀਆਂ ਪੰਜ ਸਟੇਟਾਂ ਵਿਚ ਭਾਜਪਾ ਖਿਲਾਫ ਮੋਰਚਾ ਖੋਲ੍ਹਿਆ ਗਿਆ ਹੈ। ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ, ਅਸਾਮ ਤੇ ਪੁਡੂਚੇਰੀ ਵਿਚ ਕਿਸਾਨ ਆਗੂਆਂ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ, ਜੋ ਉਥੋਂ ਦੇ ਵੋਟਰਾਂ ਨੂੰ ਭਾਜਪਾ ਵਿਰੁੱਧ ਵੋਟ ਪਾਉਣ ਲਈ ਪ੍ਰੇਰਿਤ ਕਰਨਗੀਆਂ।
ਮੀਡੀਆ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤੇ ਕੁਝ ਹੱਦ ਤਕ ਪ੍ਰਭਾਵਿਤ ਵੀ ਕਰਦਾ ਹੈ, ਪਰ ਮੀਡੀਆ ਸਭ ਕੁਝ ਨਹੀਂ ਹੁੰਦਾ। ਫਿਰ ਗੋਦੀ ਮੀਡੀਏ ਤਾਂ ਕਾਰਪੋਰੇਟ ਦੇ ਹੱਕ ਵਿਚ ਹੀ ਭੁਗਤਦਾ ਹੈ। ਸੋਸ਼ਲ ਮੀਡੀਏ ਦੀ ਪ੍ਰਮਾਣਕਿਤਾ ਵੀ ਸ਼ੱਕ ਦੇ ਘੇਰੇ ਵਿਚ ਹੈ, ਪਰ ਅਸੀਂ ਸੋਸ਼ਲ ਮੀਡੀਏ `ਤੇ ਹੀ ਜੋਰ ਲਾਇਆ ਹੋਇਆ ਹੈ ਕਿ ਕਿਸਾਨ ਆਗੂ ਇਸ ਅੰਦੋਲਨ ਰਾਹੀਂ ਰਾਜਨੀਤੀ ਵਿਚ ਆਪਣੀਆਂ ਸੀਟਾਂ ਪੱਕੀਆਂ ਕਰ ਰਹੇ ਹਨ, ਕੋਈ ਮੁਖ ਮੰਤਰੀ/ਮੰਤਰੀ, ਕੋਈ ਕੇਂਦਰ ਵਿਚ ਉਚ ਪੱਧਰੀ ਸੀਟ ਭਾਲਦਾ ਹੈ, ਇਤਿਆਦਿ ਵਰਗੇ ਜੁਮਲੇ ਲਿਖ ਕੇ ਵੇਲੇ ਦੀ ਵੇਲੇ ਵੱਡੇ ਫੇਸਬੁਕੀਏ ਵਿਦਵਾਨ ਬਣਨ ਦਾ ਭਰਮ ਪਾਲ ਬੈਠਦੇ ਹਾਂ। ਕਦੇ ਸੋਚਿਆ ਹੈ ਕਿ ਆਪਣਿਆਂ ਵਲੋਂ ਹੀ ਅਜਿਹਾ ਪ੍ਰਚਾਰ ਸਾਨੂੰ ਕਿਥੇ ਲੈ ਕੇ ਜਾਵੇਗਾ? ਸਾਨੂੰ ਇਹ ਬੇਸਿਰ ਪੈਰ ਦੀਆਂ ਸੁਝ ਰਹੀਆਂ ਹਨ, ਜਦੋਂ ਸਾਡਾ ਪੰਜਾਬ ਉਜੜ ਰਿਹਾ ਹੈ। ਅੰਦੋਲਨ ਜੋ ਕਾਫੀ ਹੱਦ ਤਕ ਜਿੱਤ ਦੇ ਨੇੜੇ ਹੈ, ਉਸ ਉਤੇ ਕੀ ਅਸਰ ਪਏਗਾ? ਕਾਰਪੋਰੇਟ ਤਾਂ ਪਹਿਲਾਂ ਹੀ ਸੂਬੇ ਦੀਆਂ ਜ਼ਮੀਨਾਂ `ਤੇ ਕਾਬਜ ਹੋ ਚੁਕਾ ਹੈ। ਉਨ੍ਹਾਂ ਦੇ ਲਾਏ ਥਰਮਲ ਪਲਾਂਟ ਤੇ ਵੱਡੇ ਵੱਡੇ ਸਾਇਲੋ ਸਾਡੀ ਹੋਂਦ ਦਾ ਮੂੰਹ ਚਿੜਾ ਰਹੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਹਾਡੇ ਢਾਈ ਸੌ ਸਾਥੀਆਂ ਦੇ ਮਰਨ ਨਾਲੋਂ ਜੀਓ ਦੇ ਪੁੱਟੇ ਟਾਵਰਾਂ ਦਾ ਵੱਧ ਦੁਖ ਹੈ। ਕਦੇ ਸੋਚਿਆ ਹੈ ਕਿ ਅਸੀਂ ਕਿਹੋ ਜਿਹੀ ਤਾਨਾਸ਼ਾਹੀ ਡੈਮੋਕਰੇਸੀ ਵਿਚ ਰਹਿਣ ਲਈ ਮਜਬੂਰ ਹਾਂ। ਇੱਕ ਸਮਾਜਿਕ ਕਾਰਜਕਰਤਾ ਦੇ ਬੋਲ ਕਿ ਸਾਨੂੰ ਖਾਲਿਸਤਾਨੀ ਜਾਂ ਕਮਿਊਨਿਸਟ ਨਾਲ ਕੋਈ ਵਾਸਤਾ ਨਹੀਂ, ਸਾਨੂੰ ਤਾਂ ਬਸ ਇਹ ਹੈ ਕਿ ਕੋਈ ਤਾਂ ਹੈ ਦੇਸ਼ ਵਿਚ, ਜੋ ਇਸ ਤਾਨਾਸ਼ਾਹੀ ਹਕੂਮਤ ਦੇ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰ ਸਕਦਾ ਹੈ, ਲਹਿਰ ਖੜ੍ਹੀ ਕਰ ਸਕਦਾ ਹੈ; ਨਹੀਂ ਤਾਂ ਇਸ ਨੇ `ਕੱਲੇ `ਕੱਲੇ ਨੂੰ ਦੇਸ਼ਧ੍ਰੋਹੀ ਦੇ ਫਤਵੇ ਦੇ ਕੇ ਜੇਲ੍ਹੀਂ ਡੱਕ ਦੇਣਾ ਸੀ। ਕਿਸਾਨ ਅੰਦੋਲਨ ਨੇ ਫਿਰਕੂ ਹਨੇਰੀ ਨੂੰ ਬ੍ਰੇਕ ਲਾਈ ਹੈ। ਵੱਖ-ਵੱਖ ਭਾਈਚਾਰਿਆਂ ਵਿਚ ਵਿਸ਼ਵਾਸ ਸਦਭਾਵਨਾ ਦਾ ਸੰਚਾਰ ਵਧਿਆ ਹੈ। ਮੌਵ ਲਿਚਿੰਗ ਵਰਗੇ ਨਵੇਂ ਨਵੇਂ ਲਫਜ਼ਾਂ ਨੂੰ ਠੱਲ੍ਹ ਪਈ ਹੈ।
ਇਹ ਵੀ ਸਾਡੀ ਡਿਬੇਟ ਦਾ ਹਿੱਸਾ ਹੋਵੇ ਕਿ ਅਸੀਂ ਆਪਣੀ ਸ਼ਬਦਾਵਲੀ ਉਚ ਪੱਧਰ ਦੀ ਕਿਵੇਂ ਬਣਾਉਣੀ ਹੈ ਤਾਂ ਕਿ ਜੇ ਦੁਸ਼ਮਣ ਨਾਲ ਵੀ ਗੱਲ ਹੋਵੇ ਤਾਂ ਬੌਧਿਕਤਾ ਦੇ ਪੱਧਰ ਨੂੰ ਕਿਵੇਂ ਸਾਵਾਂ ਰੱਖਣਾ ਹੈ। ਅੱਜ ਤਾਂ ਅਸੀਂ ਸਧਾਰਨ ਗੱਲ ਕਰਦੇ ਵੀ ਕਿਵੇਂ ਨੀਵੇਂ ਪੱਧਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਾਂ। ਸਾਡੇ ਬਾਬਾ ਨਾਨਕ ਨੇ ਤਾਂ ਆਪਣੇ ਕੱਟੜ ਵਿਰੋਧੀਆਂ ਨਾਲ ਵੀ ਗੱਲ ਕੀਤੀ, ਜਿਵੇਂ ਮੱਕੇ ਮਦੀਨੇ ਗਏ, ਸਿੱਧ ਗੋਸਟੀ, ਹਰਿਦੁਆਰ ਤੇ ਜਾਬਰ ਹਕੂਮਤ ਨੂੰ ਵੀ ਹਲੂਣਿਆਂ। ਸੰਵਾਦ ਰਚਾਇਆ, ਪਰ ਦਲੀਲ ਦਾ ਪੱਲਾ ਨਹੀਂ ਛੱਡਿਆ, ‘ਦੋਸ਼ ਨਾ ਕੀਜੈ ਉਤਰ ਦੀਜੈ॥’ ਇਹ ਸਾਡਾ ਵਿਰਸਾ ਹੈ, ਇਸ ਨੂੰ ਭੁਲਾ ਕੇ ਤੁਸੀਂ ਬੇਹੂਦਾ ਗੱਲਾਂ ਕਰਦੇ ਹੋ। ਜਿਸ ਨੂੰ ਵੀ ਜਦ ਮਰਜੀ ਗਾਲੀ ਗਲੋਚ `ਤੇ ਉਤਰ ਆਉਂਦੇ ਹੋ। ਜਿਹਨੂੰ ਮਰਜੀ ਗੱਦਾਰ ਦੇਸ਼ ਭਗਤ, ਦੇਸ਼ਧ੍ਰੋਹੀ ਦਾ ਫਤਵਾ ਦੇ ਦਿਓ। ਇਹੀ ਤਾਂ ਮੋਦੀ ਸਰਕਾਰ ਕਰ ਰਹੀ ਹੈ। ਤੁਹਾਡਾ ਵੱਖਰਾ ਕਿਰਦਾਰ ਕੀ ਹੋਇਆ? ਕਿਉਂਕਿ ਇਸ ਅੰਦੋਲਨ ਨੇ ਵੱਖਰਾ ਕਿਰਦਾਰ ਸਿਰਜਿਆ ਹੈ। ਇਸ ਲਈ ਜਦੋਂ ਕਿਰਦਾਰ ਬਦਲਦੇ ਨੇ ਤਾਂ ਦੁਨੀਆਂ ਬਦਲਦੀ ਹੈ। ਜੇ ਇਸ ਅੰਦੋਲਨ ਨੂੰ ਅੱਗੇ ਵਧਾਉਣਾ ਹੈ ਤਾਂ ਵੱਡੇ ਦਾਇਰੇ ਵਿਚ ਸੋਚਣਾ ਪਵੇਗਾ। ਬੰਦਿਆਂ ਦੀ ਥਾਂ ਸਮੁੱਚ ਦੀ ਗੱਲ ਹੋਵੇ, ਪਹੁੰਚ ਦੀ ਗੱਲ ਹੋਵੇ। ਜੇ ਬੰਦਿਆਂ ਦੀ ਹੀ ਗੱਲ ਹੁੰਦੀ ਤਾਂ ਗੁਰੂ ਸਾਹਿਬ ਸ਼ਬਦ ਗੁਰੂ ਨੂੰ ਗੁਰੂ ਦਾ ਦਰਜਾ ਨਾ ਦਿੰਦੇ। ਬੰਦਿਆਂ ਦੇ ਗਲਬੇ ਵਿਚੋਂ ਕੱਢ ਕੇ ਉਨ੍ਹਾਂ ਸਾਨੂੰ ਸ਼ਬਦ ਦੇ ਲੜ ਲਾਇਆ। ਸ਼ਬਦ ਗਿਆਨ ਹੈ। ਗਿਆਨ ਦੀ ਗੱਲ ਨਹੀਂ ਕਰ ਰਹੇ, ਅਸੀਂ ਮੱਥਾ ਟੇਕਣ ਤਕ ਸੀਮਤ ਹੋ ਗਏ ਹਾਂ।
ਨੌਜਵਾਨ ਵੀਰੋ ਤੁਸੀਂ ਕੌਮ ਦਾ ਹਰਿਆਵਲ ਦਸਤਾ ਹੋ। ਇਸ ਗੱਲ ਵਿਚ ਵੀ ਦਮ ਹੈ ਕਿ ਜੇ 26 ਨਵੰਬਰ ਨੂੰ ਤੁਸੀਂ ਹਰਿਆਣਾ ਸਰਕਾਰ ਵਲੋਂ ਲਾਈਆਂ ਰੋਕਾਂ ਦਾ ਮੁਕਾਬਲਾ ਨਾ ਕਰਦੇ ਤਾਂ ਅੰਦੋਲਨਕਾਰੀ ਸ਼ਾਇਦ ਦਿੱਲੀ ਦੀਆਂ ਬਰੂਹਾਂ ਤਕ ਨਾ ਪਹੁੰਚ ਸਕਦੇ। ਇਸ ਨਾਅਹਿਲ ਢੀਠ ਕੇਂਦਰੀ ਹਕੂਮਤ `ਤੇ ਵੀ ਇੰਨਾ ਦਬਾਅ ਨਾ ਬਣ ਸਕਦਾ, ਜੋ ਦਿੱਲੀ ਪਹੁੰਚਣ ਨਾਲ ਪਿਆ ਹੈ; ਪਰ ਕਦੇ ਸੋਚਿਆ ਹੈ ਕਿ ਜੇ ਸਾਡੇ ਵੱਡੇ ਬਜੁਰਗ ਆਗੂ ਸਾਨੂੰ ਇਨ੍ਹਾਂ ਕਾਲੇ ਬਿਲਾਂ ਬਾਰੇ ਨਾ ਜਾਗਰੂਕ ਕਰਦੇ, ਕੀ ਅਸੀਂ ਅੰਦੋਲਨ ਦੇ ਰਾਹ ਪੈ ਸਕਦੇ ਸਾਂ? ਫਿਰ ਜਿਵੇਂ ਤੁਸੀਂ ਵਾਰ ਵਾਰ ਬੈਰੀਕੇਡ ਤੋੜਨ ਦਾ ਯਾਦ ਕਰਵਾਉਂਦੇ ਰਹਿੰਦੇ ਹੋ, ਕਦੇ ਸਾਡੇ ਆਗੂਆਂ ਨੇ ਸਾਨੂੰ ਜਤਾਇਆ ਹੈ ਕਿ ਅਸੀਂ ਹੀ ਤੁਹਾਨੂੰ ਜਾਇਦਾਦਾਂ ਹੜੱਪਣ ਵਾਲੇ ਕਾਲੇ ਕਾਨੂੰਨਾਂ ਬਾਰੇ ਅਵਗੱਤ ਕਰਾਇਆ ਹੈ। ਇਹ 80-90 ਸਾਲ ਦੇ ਬਜੁਰਗ ਆਪਣੇ ਲਈ ਨਹੀਂ, ਸਗੋਂ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਭਵਿਖ ਲਈ ਲੜ ਰਹੇ ਹਨ। ਅਸੀਂ ਉਨ੍ਹਾਂ ਨੂੰ ਸਤਿਕਾਰ ਤਾਂ ਕੀ ਦੇਣਾ ਸੀ, ਉਲਟਾ ਕਦੇ ਸਾਨੂੰ ਉਹ ਬੁਲਾਉਣਗੇ ਤਾਂ ਜਾਵਾਂਗੇ, ਜਾਂ ਜੋ ਉਨ੍ਹਾਂ ਨੇ ਸਾਨੂੰ ਉੱਚਾ ਨੀਵਾਂ ਬੋਲਿਆ ਹੈ, ਉਸ ਦੀ ਮਾਫੀ ਮੰਗਣ ਵਰਗੀਆਂ ਹੋਛੀਆਂ ਤੇ ਅਰਥਹੀਣ ਸ਼ਰਤਾਂ ਰੱਖੀਆਂ ਜਾਂਦੀਆਂ ਹਨ। ਕੀ ਕਦੇ ਅਸੀਂ ਆਪਣੇ ਮਾਪਿਆਂ `ਤੇ ਵੀ ਅਜਿਹੀ ਸ਼ਰਤ ਰੱਖੀ ਹੈ? ਉਹ ਸਾਡੇ ਬਾਪ-ਦਾਦੇ ਦੇ ਹਾਣੀ ਹਨ।
ਸਾਡੇ ਸੂਬੇ ਦੀਆਂ ਚੋਣਾਂ ਲੜਦੀਆਂ ਪਾਰਟੀਆਂ-ਅਕਾਲੀ ਤੇ ਕਾਂਗਰਸ ਤਾਂ ਪਹਿਲਾਂ ਹੀ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਆਪਣੀ ਸਹਿਮਤੀ ਦੇ ਚੁਕੀਆਂ ਸਨ। ਅਕਾਲੀਆਂ ਨੇ ਤਾਂ ਇਨ੍ਹਾਂ ਦੇ ਹੱਕ ਵਿਚ ਪ੍ਰਚਾਰ ਵੀ ਵਿੱਢ ਲਿਆ ਸੀ, ਪਰ ਇਕ ਗੱਲ ਨਾਲ ਜਰੂਰ ਸਹਿਮਤ ਹਾਂ ਕਿ ਉਨ੍ਹਾਂ ਨੂੰ ਤੁਹਾਡੀ ਅੰਦੋਲਨ ਵਿਚ ਭਾਗੀਦਾਰੀ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ, ਬਣਦਾ ਥਾਂ ਜਰੂਰ ਦੇਣਾ ਚਾਹੀਦਾ ਹੈ। ਗੱਦਾਰ ਵਰਗੇ ਫਤਵਿਆਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਫਿਰ ਇਹ ਲੜਾਈ ਸਾਡੀਆਂ ਜ਼ਮੀਨਾਂ ਦੀ ਹੈ, ਸਾਡੀਆਂ ਅਣਖਾਂ, ਸਰਦਾਰੀਆਂ ਦੀ ਹੈ। ਚਲਦੇ ਅੰਦੋਲਨਾਂ ਵਿਚ ਬਹੁਤ ਕੁਝ ਹੇਠ-ਉਤੇ ਹੋ ਜਾਂਦਾ ਹੈ, ਪਰ ਆਸ਼ੇ ਨੂੰ ਪ੍ਰਨਾਏ ਸ਼ੰਘਰਸੀਏ ਕਦੇ ਜਾਬਰ ਹਕੂਮਤਾਂ ਅਤੇ ਮੰਦੀਆਂ ਚੰਗੀਆਂ ਹਾਲਤਾਂ ਅੱਗੇ ਗੋਡੇ ਨਹੀਂ ਟੇਕਦੇ ਤੇ ਸੰਘਰਸ਼ ਨੂੰ ਜਿੱਤ ਦੇ ਅੰਜਾਮ ਤਕ ਪਹੁੰਚਾ ਕੇ ਛੱਡਦੇ ਹਨ। ਸੋ ਇਸ ਨੂੰ ਤੁੂੰ-ਤੂੰ, ਮੈਂ-ਮੈਂ ਵਿਚ ਨਾ ਗੁਆਓ। ਦੁਸ਼ਮਣ ਤਾਂ ਚਾਹੁੰਦਾ ਹੀ ਇਹ ਕੁਝ ਹੈ।
ਤੁਹਾਡੇ ਰੋਲ ਮਾਡਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਗਾਂਧੀਵਾਦੀਆਂ ਨਾਲ ਸੌ ਵਖਰੇਵੇਂ ਸਨ, ਪਰ ਜਦੋਂ ਲਾਲਾ ਲਾਜਪਤ ਰਾਏ ਨੂੰ ਸਾਈਮਨ ਕਮੀਸ਼ਨ ਦਾ ਵਿਰੋਧ ਕਰਦਿਆਂ ਅੰਗਰੇਜ਼ੀ ਹਕੂਮਤ ਨੇ ਡਾਗਾਂ ਨਾਲ ਸ਼ਹੀਦ ਕਰ ਦਿੱਤਾ ਤਾਂ ਇਸ ਜੁਰਮ ਦਾ ਬਦਲਾ ਲੈਣ ਦਾ ਅਹਿਦ ਸਭ ਤੋਂ ਪਹਿਲਾਂ ਭਗਤ ਸਿੰਘ ਨੇ ਹੀ ਲਿਆ ਸੀ, ਜੋ ਉਸ ਨੇ ਸਾਂਡਰਸ ਨੂੰ ਗੋਲੀ ਮਾਰ ਕੇ ਪੂਰਾ ਵੀ ਕੀਤਾ। ਇੱਕ ਹੋਰ ਸਾਡੇ ਤਿੰਨੇ ਆਜ਼ਾਦੀ ਪ੍ਰਵਾਨਿਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਫਾਂਸੀ ਬਾਰੇ ਚਰਚਿਤ ਹੈ ਕਿ ਇਹ ਮਹਾਤਮਾ ਗਾਂਧੀ ਦੀ ਚਿੱਠੀ ਉਤੇ ਹੋਈ ਸੀ, ਜਿਸ ਵਿਚ ਉਨ੍ਹਾਂ ਵਾਇਸਰਾਏ ਨੂੰ ਲਿਖੀ ਚਿੱਠੀ ਵਿਚ ਜਲਦੀ ਫਾਂਸੀ ਦੇਣ ਬਾਰੇ ਲਿਖਿਆ ਸੀ। ਪਹਿਲਾਂ ਮੈਂ ਵੀ ਇਸੇ ਤਰ੍ਹਾਂ ਦੇ ਵਿਚਾਰ ਦੀ ਹਾਮੀ ਸੀ। ਜਦੋਂ ਕਿ ਇਹ ਵੀ ਅੰਗਰੇਜਾਂ ਅਤੇ ਉਸ ਦੇ ਪਿੱਠੂਆਂ ਵਲੋਂ ਗਰਮਖਿਆਲੀ ਤੇ ਗਾਂਧੀਵਾਦੀਆਂ ਵਿਚ ਫੁੱਟ ਪਾਉਣ ਲਈ ਹੀ ਪ੍ਰਚਾਰਿਆ ਗਿਆ ਸੀ। ਮਹਾਂਰਿਸ਼ੀ ਦਯਾਨੰਦ ਰੋਹਤਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਮਹਾਤਮਾ ਗਾਂਧੀ ਦੇ ਉਸ ਓਰਿਜਨਲ ਪੱਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਲਿਖਿਆ ਸੀ ਕਿ ‘ਸਾਡੇ ਇਨ੍ਹਾਂ ਗਰਮਖਿਆਲੀ ਨੌਜਵਾਨਾਂ ਨਾਲ ਸੌ ਤਰ੍ਹਾਂ ਦੇ ਵਖਰੇਵੇਂ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਫਾਂਸੀ ਦੇਣਾ ਵਾਜਬ ਨਹੀਂ, ਕਿਉਂਕਿ ਦੇਸ਼ ਦੀ ਆਜ਼ਾਦੀ ਲਈ ਇਨ੍ਹਾਂ ਉਤਸ਼ਾਹੀ ਨੌਜਵਾਨਾਂ ਦੀ ਬਹੁਤ ਲੋੜ ਹੈ।’ ਪਰ ਲਿਖਣ-ਪੜ੍ਹਨ ਦੀ ਘਾਟ ਕਾਰਨ ਅਸੀਂ ਆਜ਼ਾਦੀ ਤੋਂ ਬਾਅਦ ਵੀ ਉਸ ਝੂਠੇ ਪ੍ਰਚਾਰ ਦਾ ਸ਼ਿਕਾਰ ਬਣੇ ਰਹੇ, ਜੋ ਅਸਲੀਅਤ ਦੇ ਬਿਲਕੁਲ ਉਲਟ ਸੀ।
ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ, ਪਰ ਇਹ ਤਾਂ ਨਹੀਂ ਕਿ ਤੁਸੀਂ ਸੰਘਰਸ਼ ਛੱਡ ਕੇ ਘਰੇ ਬੈਠ ਜਾਓ। ਜੇ ਤੁਹਾਡੇ ਵਾਂਗ ਆਗੂ ਵੀ ਕਹਿ ਕਰ ਦੇਣ ਤਾਂ ਫਿਰ ਅੰਦੋਲਨ ਦਾ ਕੀ ਬਣੇਗਾ? ਸਾਡੀਆਂ ਜਾਇਦਾਦਾਂ ਦਾ ਕੀ ਬਣੇਗਾ? ਫਿਰ ਸਾਡੇ ਕੋਲ ਖੇਤੀ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂ, ਜਿਸ ਨਾਲ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰ ਸਕੀਏ। ਇਸ ਲਈ ਵੱਡੇ ਪਰਿਪੇਖ ਵਿਚ ਸਾਨੂੰ ਇਸ ਅੰਦੋਲਨ ਨੂੰ ਲੈਣਾ ਚਾਹੀਦਾ ਹੈ ਤੇ ਪੁਰਅਮਨ ਜ਼ਾਬਤੇ ਵਿਚ ਰਹਿਣਾ ਹੀ ਇਸ ਘੋਲ ਦੀ ਸਫਲਤਾ ਹੈ। ਲੀਡਰ ਜੋ ਬਣਦੇ ਨੇ, ਉਹ ਮਿੱਟੀ ਵਿਚੋਂ ਬਣਦੇ ਨੇ। ਵਰਿਆਂ ਦੀ ਖਾਸ ਤਪੱਸਿਆਂ ਉਨ੍ਹਾਂ ਦੇ ਸੰਘਰਸ਼ ਪਿਛੇ ਹੁੰਦੀ ਹੈ। ਸੋਚੋ ਜਦੋਂ ਸਾਡੇ ਆਗੂ ਵਿਚਾਰਧਾਰਕ ਮਤਭੇਦਾਂ ਦੇ ਬਾਵਜੂਦ 32 ਜਣੇ ਇਕੱਠੇ ਹਨ ਤੇ ਦੇਸ਼ ਭਰ ਦੀਆਂ 400 ਤੋਂ ਉਪਰ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਇੱਕੋ ਇੱਕ ਮੁੱਦਾ ਆਧਾਰਤ ਸੰਘਰਸ਼ ਕਰ ਰਹੀਆਂ ਹਨ ਤਾਂ ਕੀ ਅਸੀਂ ਵੀ ਆਪਣੀ ਈਗੋ ਭੁਲਾ ਕੇ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਸਕਦੇ? ਨਹੀਂ ਤਾਂ ਦੁਸ਼ਮਣ ਸਾਨੂੰ ਫੇਲ੍ਹ ਕਰਨ ਲਈ ਕਮਰਕੱਸੇ ਕਸੀ ਬੈਠਾ ਹੈ। ਸਾਡੇ ਇਸ ਵਖਰੇਵੇਂ ਨੂੰ ਕਦੇ ਵੀ ਸਾਡੇ ਖਿਲਾਫ ਵਰਤ ਸਕਦਾ ਹੈ। ਸਾਡਾ ਇੱਕੋ ਇੱਕ ਨਿਸ਼ਾਨਾ ਮੋਰਚੇ ਨੂੰ ਫਤਿਹ ਕਰਨ ਵੱਲ ਹੋਣਾ ਚਾਹੀਦਾ ਹੈ। ਜੇ ਕੋਈ ਗੁੱਸਾ ਗਿਲ੍ਹਾ ਫਿਰ ਵੀ ਹੈ ਤਾਂ ਘਰ ਜਾ ਕੇ ਕੱਢ ਲਵਾਂਗੇ। ਦੁਸ਼ਮਣ ਦੀ ਚਾਲ ਦੀ ਢਾਲ ਬਣਨ ਤੋਂ ਬਚੀਏ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮਾਫ ਨਹੀਂ ਕਰਨਗੀਆਂ।