‘ਅਸੀਂ ਨਾ ਖਾਲਿਸਤਾਨੀ, ਨਾ ਪਾਕਿਸਤਾਨੀ; ਅਸੀਂ ਹਾਂ ਹਿੰਦੁਸਤਾਨੀ’

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)
ਫੋਨ: 91-75891-55501
ਮੋਦੀ ਦੀ ਥਾਪੜਾ ਲੈ ਕੇ ਅਮਿਤ ਸ਼ਾਹ ਪੱਛਮੀ ਬੰਗਾਲ ਵਿਚ ਭਾਜਪਾ ਦੇ ਗੁਣਗਾਨ ਗਾਉਂਦਾ ਫਿਰਦਾ ਹੈ, ਜਿਸ ਵਿਚ ਉਹ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਦਸ ਸਾਲ ਤੋਂ ਬਣੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਦਾ ਪਾਸਾ ਪਲਟਣ ਲਈ ਹਰ ਹਰਬਾ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਮ-ਦਾਮ-ਦੰਡ-ਭੇਦ ਸਾਰੇ ਹੀਲੇ ਵਰਤ ਰਿਹਾ ਹੈ। ਬੰਗਾਲੀ ਬਾਬੂਆਂ ਨੂੰ ਆਪਣੇ ਇਲਮਾਂ ਨਾਲ ਵਸ ਵਿਚ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦਾ, ਪਰ ਦੂਜੇ ਪਾਸੇ ਜਖਮੀ ਸ਼ੇਰਨੀ ਵੀ ਕਾਲੇ ਜਾਦੂ ਦੀ ਮਾਹਿਰ ਮੋਦੀ ਦੇ ਸਾਰੇ ਢੰਗ-ਤਰੀਕੇ ਫੇਲ੍ਹ ਕਰਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਪਹਿਲੀ ਵੱਡੀ ਰੈਲੀ ਕਰਦਿਆਂ ਪੂਰਨ ਬਦਲਾਓ ਦਾ ਸੱਦਾ ਦਿੱਤਾ ਹੈ। ਫਿਲਮੀ ਕਲਾਕਾਰ ਮਿਥੁਨ ਚੱਕਰਵਰਤੀ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਹੈ।

ਉਧਰ, ਮਮਤਾ ਬੈਨਰਜੀ ਨੇ ਸਿਲੀਗੁੜੀ ਵਿਚ ਪੈਦਲ ਮਾਰਚ ਦੀ ਅਗਵਾਈ ਕਰਦਿਆਂ ਮਹਿੰਗਾਈ ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਵਿਚ ਤਬਦੀਲੀ ਦੀ ਗੱਲ ਕੀਤੀ। ਪਿਛਲੇ ਲੰਮੇ ਸਮੇਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਆਪੋ-ਆਪਣੇ ਅਧਿਕਾਰਾਂ ਨੂੰ ਲੈ ਕੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ। ਭਾਜਪਾ ਉਤੇ ਇਹ ਦੋਸ਼ ਵੀ ਲੱਗਦਾ ਹੈ ਕਿ ਇਹ ਕੇਂਦਰੀ ਏਜੰਸੀਆਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ, ਜਿਸ ਕਾਰਨ ਡਰ ਅਤੇ ਲਾਲਚ-ਦੋਹਾਂ ਪੱਖਾਂ ਤੋਂ ਤ੍ਰਿਣਮੂਲ ਦੇ ਆਗੂਆਂ ਤੋਂ ਦਲ-ਬਦਲੀ ਕਰਵਾਈ ਜਾ ਰਹੀ ਹੈ। ਇਸ ਦੌਰਾਨ ਦੇਸ਼ ਵਿਚ ਕਿਸਾਨ ਅੰਦੋਲਨ ਲਗਾਤਾਰ ਹੋਰਾਂ ਰਾਜਾਂ ਵਿਚ ਫੈਲ ਰਿਹਾ ਹੈ। ਭਾਜਪਾ ਸਰਕਾਰ ਤਿੰਨ ਖੇਤੀ ਕਾਨੂੰਨਾਂ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਵੱਡੇ ਅੰਦੋਲਨ ਦਾ ਸਾਹਮਣਾ ਕਰ ਰਹੀ ਹੈ। ਭਾਜਪਾ ਹਿੰਦੂ-ਮੁਸਲਿਮ ਪੱਤਾ ਉਭਾਰਨ ਦੀ ਕੋਸ਼ਿਸ਼ ਵਿਚ ਹੈ, ਉਥੇ ਮਮਤਾ ਬੈਨਰਜੀ ਨੇ ਆਪਣੇ ਪੁਰਾਣੇ ਨਾਅਰੇ ‘ਮਾ, ਮਾਟੀ ਤੇ ਮਾਨੁਸ਼` (ਮਾਂ, ਮਾਂ ਭੂਮੀ ਅਤੇ ਲੋਕ) ਉੱਤੇ ਚੋਣ ਲੜਨ ਦੀ ਰਣਨੀਤੀ ਬਣਾਈ ਹੈ।
ਸਿੰਗੂਰ ਅਤੇ ਨੰਦੀਗ੍ਰਾਮ ਦੇ ਇਲਾਕੇ 2007 ਵਿਚ ਦੁਨੀਆਂ ਭਰ ਵਿਚ ਚਰਚਿਤ ਹੋਏ ਸਨ, ਜਦੋਂ ਤਤਕਾਲੀ ਸਰਕਾਰ ਨੇ ਵਿਸ਼ੇਸ਼ ਆਰਥਿਕ ਜੋਨ ਦੀ ਨੀਤੀ ਤਹਿਤ ਕੰਪਨੀ ਨੂੰ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਕੇ ਦਿੱਤੀ ਸੀ। ਉਦੋਂ ਇਹ ਅਜਿਹਾ ਕਿਸਾਨ ਅੰਦੋਲਨ ਹੋ ਨਿਬੜਿਆ ਸੀ, ਜਿਸ ਕਾਰਨ 34 ਸਾਲ ਪੁਰਾਣੀ ਖੱਬੇ-ਪੱਖੀ ਸਰਕਾਰ ਚਲੀ ਗਈ ਅਤੇ 2011 ਵਿਚ ਤ੍ਰਿਣਮੂਲ ਕਾਂਗਰਸ ਸੱਤਾ ਵਿਚ ਆਈ, ਜੋ ਅਜੇ ਤੱਕ ਜਾਰੀ ਹੈ। ਪੱਛਮੀ ਬੰਗਾਲ ਵਿਚ ਭਾਜਪਾ, ਤ੍ਰਿਣਮੂਲ ਤੋਂ ਇਲਾਵਾ ਖੱਬੇ-ਪੱਖੀ ਧਿਰਾਂ ਅਤੇ ਕਾਂਗਰਸ ਸਾਂਝੇ ਤੌਰ ਉਤੇ ਚੋਣ ਲੜ ਰਹੇ ਹਨ। ਭਾਜਪਾ ਤ੍ਰਿਣਮੂਲ ਆਗੂਆਂ ਦੀਆਂ ਦਲ-ਬਦਲੀਆਂ ਦੇ ਨਾਲ ਨਾਲ ਕਈ ਅਜਿਹੀਆਂ ਪਾਰਟੀਆਂ ਨੂੰ ਸ਼ਹਿ ਦੇਣ ਦੀ ਕੋਸ਼ਿਸ਼ ਵੀ ਕਰ ਰਹੀ ਹੈ, ਜੋ ਮਮਤਾ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਾ ਸਕਣ। ਇਸੇ ਦੌਰਾਨ ਦੇਸ਼ ਵਿਚ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ 12 ਮਾਰਚ ਤੋਂ ਪੱਛਮੀ ਬੰਗਾਲ ਸਮੇਤ ਸਾਰੇ ਰਾਜਾਂ ਵਿਚ ਕਾਫਲੇ ਭੇਜ ਕੇ ਭਾਜਪਾ ਨੂੰ ਹਰਾਉਣ ਦਾ ਸੱਦਾ ਦੇਣ ਦਾ ਐਲਾਨ ਕੀਤਾ ਹੈ, ਪਰ ਪੱਛਮੀ ਬੰਗਾਲ ਵਿਚ ਜਿਸ ਤਰ੍ਹਾਂ ਸਰਕਾਰ ਨੇ ਆਪਣੀ ਸਾਰੀ ਤਾਕਤ ਲਾ ਦਿੱਤੀ ਹੈ, ਉਸ ਤੋਂ ਜਾਪਦਾ ਹੈ ਕਿ ਇਸ ਚੋਣ ਨੂੰ ਭਾਰਤੀ ਜਨਤਾ ਪਾਰਟੀ ਕਿੰਨੀ ਅਹਿਮ ਮੰਨ ਰਹੀ ਹੈ।
ਮੁਢਲੇ ਸਰਵੇਖਣਾਂ ਨੇ ਰਾਜ ਅੰਦਰ ਤ੍ਰਿਣਮੂਲ ਕਾਂਗਰਸ, ਜੋ ਪਿਛਲੇ ਦਸ ਸਾਲ ਤੋਂ ਰਾਜ ਅੰਦਰ ਸੱਤਾ ਵਿਚ ਹੈ, ਦਾ ਹੱਥ ਉਪਰ ਦਿਖਾਇਆ ਹੈ ਅਤੇ ਇਨ੍ਹਾਂ ਸਰਵੇਖਣਾਂ ਨੇ ਹੀ ਭਾਜਪਾ ਦੀ ਨੀਂਦ ਉਡਾ ਦਿੱਤੀ ਹੈ। ਇਸੇ ਕਰ ਕੇ ਪਾਰਟੀ ਦੇ ਵੱਡੇ ਆਗੂ ਨਿੱਤ ਦਿਨ ਨਵੀਆਂ ਰਣਨੀਤੀਆਂ ਘੜ ਰਹੇ ਹਨ ਅਤੇ ਜੋੜ-ਤੋੜਾਂ ਵਿਚ ਜੁਟੇ ਹੋਏ ਹਨ। ਉਂਜ, ਕੁਝ ਸਿਆਸੀ ਵਿਸ਼ਲੇਸ਼ਣਕਾਰ ਇਸ ਸਿੱਟੇ ਉਤੇ ਵੀ ਪੁੱਜ ਗਏ ਹਨ, ਜਿਸ ਤਰ੍ਹਾਂ ਦਾ ਮੁਕਾਮ ਭਾਜਪਾ ਨੇ ਕੇਂਦਰੀ ਸੱਤਾ ਅੰਦਰ ਹਾਸਲ ਕਰ ਲਿਆ ਹੈ ਅਤੇ ਵੱਖ-ਵੱਖ ਸੰਸਥਾਵਾਂ ਨੂੰ ਜਿਸ ਤਰ੍ਹਾਂ ਆਪਣੇ ਅਧੀਨ ਕਰ ਲਿਆ ਹੈ, ਤਾਂ ਵਿਧਾਨ ਸਭਾਵਾਂ ਚੋਣਾਂ ਵਿਚ ਜਿੱਤ ਜਾਂ ਹਾਰ ਇਹਦੇ ਲਈ ਹੁਣ ਤਕਰੀਬਨ ਬੇਮਾਇਨਾ ਹੋ ਗਈ ਹੈ। ਕੇਂਦਰੀ ਪੱਧਰ ਉਤੇ ਇਹ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਅਸਫਲ ਕਰ ਚੁਕੀ ਹੈ ਅਤੇ ਇੱਕਾ-ਦੁੱਕਾ ਖੇਤਰੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਭ ਖੇਤਰੀ ਪਾਰਟੀਆਂ ਦੀ ਚੁਣੌਤੀ ਵੀ ਇਸ ਨੇ ਤਕਰੀਬਨ ਖਤਮ ਕਰ ਦਿੱਤੀ ਹੈ। ਫਿਰ ਵੀ, ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਹਰ ਵਰਗ ਵਲੋਂ ਅਹਿਮੀਅਤ ਦਿੱਤੀ ਜਾ ਰਹੀ ਹੈ, ਕਿਉਂਕਿ ਇਸ ਨਾਲ ਇਹ ਸਾਬਤ ਹੋਣਾ ਹੈ ਕਿ ਭਾਜਪਾ ਨੂੰ ਕਿਸ ਢੰਗ-ਤਰੀਕੇ ਵੰਗਾਰਿਆ ਜਾ ਸਕਦਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੱਟ ਲੱਗਣ ਤੋਂ ਚਾਰ ਦਿਨ ਬਾਅਦ ਮੁੜ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਐਤਵਾਰ ਨੂੰ ਵੀਲ੍ਹ ਚੇਅਰ `ਤੇ ਬੈਠ ਕੇ ਚੋਣ ਪ੍ਰਚਾਰ ਕੀਤਾ। ਗਾਂਧੀ ਮੂਰਤੀ ਤੋਂ ਲੈ ਕੇ ਹਾਜ਼ਰਾ ਤੱਕ ਕੱਢੇ ਰੋਡ ਸ਼ੋਅ ਤੋਂ ਬਾਅਦ ਉਨ੍ਹਾਂ ਆਪਣੇ ਵਿਰੋਧੀਆਂ `ਤੇ ਹਮਲਾ ਬੋਲਿਆ, “ਇਹ ਮੇਰੇ `ਤੇ ਕੋਈ ਪਹਿਲਾ ਹਮਲਾ ਨਹੀਂ ਹੋਇਆ, ਇਹੋ ਜਿਹੇ ਕਈ ਹਮਲਿਆਂ ਦਾ ਮੈਂ ਜਿ਼ੰਦਗੀ ਵਿਚ ਬਹੁਤ ਸਾਹਮਣਾ ਕੀਤਾ ਹੈ, ਪਰ ਕਦੇ ਸਿਰ ਨਹੀਂ ਝੁਕਾਇਆ। ਮਮਤਾ ਦੀਦੀ ਇਹੋ ਜਿਹੀ ਹਾਲਤ `ਚ ਹੀ ਸਾਰੇ ਰਾਜ ਦੌਰਿਆ ਦਾ ਦੌਰ ਲਗਾਤਾਰ ਜਾਰੀ ਰੱਖੇਗੀ। ਇਕ ਜਖਮੀ ਸ਼ੇਰਨੀ ਜਿ਼ਆਦਾ ਖਤਰਨਾਕ ਹੁੰਦੀ ਹੈ।”
ਖੇਤੀ ਅੰਦੋਲਨ ਨੂੰ ਮੱਥਾ ਟੇਕਦਿਆਂ ਮਮਤਾ ਨੇ ਕਿਹਾ, “ਡਾਕਟਰਾਂ ਨੇ ਭਾਵੇਂ ਮੈਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ, ਪਰ ਜੇ ਮੈਂ ਅਰਾਮ ਕਰਾਂਗੀ ਤਾਂ ਬੰਗਾਲ ਦੇ ਲੋਕਾਂ ਕੋਲ ਕੌਣ ਜਾਵੇਗਾ? ਲੋਕਤੰਤਰ ਨੂੰ ਬਚਾਉਣ ਲਈ ਵੀਲ੍ਹ ਚੇਅਰ `ਤੇ ਹੀ ਘੁੰਮੇਗੀ ਮਮਤਾ। ਲੋਕਤੰਤਰ ਨੂੰ ਖਤਮ ਨਹੀਂ ਹੋਣ ਦਿਆਂਗੇ।” ਮਮਤਾ ਬੈਨਰਜੀ ਨੇ 2007 `ਚ ਨੰਦੀਗ੍ਰਾਮ ਵਿਖੇ ਪੁਲਿਸ ਗੋਲੀਬਾਰੀ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਾਨ ਗਵਾਉਣ ਵਾਲੇ ਲੋਕਾਂ ਦੇ ਸਤਿਕਾਰ ਲਈ ਬੰਗਾਲ ਵਿਰੋਧੀ ਤਾਕਤਾਂ ਨਾਲ ਲੜਨ ਲਈ ਨੰਦੀਗ੍ਰਾਮ ਹਲਕੇ ‘ਚ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਦੂਜੇ ਪਾਸੇ ਬੀਤੇ ਤਿੰਨ ਦਿਨਾਂ ਤੋਂ ਪੱਛਮੀ ਬੰਗਾਲ ‘ਚ ਕਿਸਾਨ ਮਹਾਂ ਪੰਚਾਇਤਾਂ ਦਾ ਸਿਲਸਿਲਾ ਜਾਰੀ ਰਿਹਾ। ਐਤਵਾਰ ਸਿੰਗੂਰ ਵਿਖੇ ਕਿਸਾਨ ਪੰਚਾਇਤ ‘ਚ ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ। ਸਿੰਗੂਰ ਨੇ ਜ਼ਮੀਨ ‘ਤੇ ਕਬਜ਼ਾ ਕਰਨ ਵਿਰੁੱਧ ਅੰਦੋਲਨ ਕਰ ਕੇ ਸਫਲਤਾ ਹਾਸਿਲ ਕੀਤੀ ਤੇ ਹੁਣ ਵੀ ਲੜਾਂਗੇ ਅਤੇ ਜਿੱਤਾਂਗੇ। ਇਸ ਮੌਕੇ ਵੱਡੀ ਗਿਣਤੀ ‘ਚ ਸਿੰਗੂਰ ਜ਼ਮੀਨ ਲਈ ਅੰਦੋਲਨ ਕਰਨ ਵਾਲੀ ਜਥੇਬੰਦੀ ਕ੍ਰਿਸ਼ੀ ਜ਼ਮੀਨ ਰੱਖਿਆ ਸੰਮਤੀ ਦੇ ਵਰਕਰ ਹਾਜ਼ਰ ਸਨ, ਜਿਸ ਵਿਚ ਵੱਡੀ ਗਿਣਤੀ ‘ਚ ਔਰਤਾਂ ਸਨ। ਭਾਜਪਾ ਨੂੰ ਬੰਗਾਲ ‘ਚ ਆਉਣ ਤੋਂ ਰੋਕ ਕੇ ਸਾਨੂੰ ਬਚਾਉ। ਦੇਸ਼ ਨੂੰ ਨਾ ਚੀਨ ਤੋਂ ਖਤਰਾ ਹੈ ਅਤੇ ਨਾ ਪਾਕਿਸਤਾਨ ਤੋਂ ਖਤਰਾ ਹੈ। ਦੇਸ਼ ਨੂੰ ਮੋਦੀ ਸਰਕਾਰ ਤੋਂ ਖਤਰਾ ਹੈ, ਜਿਹੜਾ ਫਿਰ ਦੇਸ਼ ਨੂੰ ਗੁਲਾਮ ਬਣਾਉਣਾ ਚਾਹ ਰਿਹਾ ਹੈ। ਮੋਦੀ ਸਰਕਾਰ ਤੇ ਭਾਜਪਾ ਨੂੰ ਇਹੋ ਜਿਹੀ ਸਜ਼ਾ ਦਿਓ ਕਿ ਉਹ ਦੇਸ਼ ਵਿਰੋਧੀ ਗਲਤੀਆਂ ਕਰਨ ਬਾਰੇ ਸੋਚਣ ਵੀ ਨਾ। ਤਿੰਨ ਕਾਲੇ ਕਾਨੂੰਨ ਅਤੇ ਐਮ. ਐਸ. ਪੀ. ਸਿਰਫ ਕਿਸਾਨਾਂ ਦਾ ਨਹੀਂ, ਗਰੀਬ, ਮਜ਼ਦੂਰ ਅਤੇ ਆਮ ਆਦਮੀ ਦਾ ਮੁੱਦਾ ਹੈ। ਬੰਗਾਲੀ ਵੀਰੋ ਮੋਦੀ ਨੂੰ ਵੋਟ ਨਾ ਦੇ ਕੇ ਸਮਝੋ ਤੁਸੀਂ ਦੇਸ਼ ਦੀ ਵੱਡੀ ਸੇਵਾ ਕਰੋਗੇ।
ਮੇਧਾ ਪਾਟੇਕਰ ਨੇ ਨਾਅਰਾ ਦਿੱਤਾ, “ਅਸੀਂ ਨਾ ਖਾਲਿਸਤਾਨੀ, ਨਾ ਪਾਕਿਸਤਾਨੀ; ਅਸੀਂ ਹਾਂ ਸਾਰੇ ਹਿੰਦੁਸਤਾਨੀ!