ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ

ਸਿ਼ਵਚਰਨ ਜੱਗੀ ਕੁੱਸਾ
13 ਮਾਰਚ 2021 ਨੂੰ ਮੇਰੀ ਮਾਂ ਨੂੰ ਅਕਾਲ ਚਲਾਣਾਂ ਕੀਤਿਆਂ ਪੂਰੇ ਪੰਦਰਾਂ ਸਾਲ ਬੀਤ ਜਾਣੇ ਹਨ। ਕਈ ਵਾਰ ਇੰਜ ਲੱਗਦਾ ਹੈ ਕਿ ਮਾਂ ਨੂੰ ਵਿਛੜਿਆਂ ਯੁੱਗ ਬੀਤ ਗਏ ਅਤੇ ਕਈ ਵਾਰ ਇੰਜ ਜਾਪਦਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ! ਦਿਨਾਂ ਨੇ ਲੰਘਦੇ ਜਾਣਾ ਹੈ, ਪਰ ਮੇਰੀ ਮਾਂ ਦੀ ਯਾਦ ਮੇਰੇ ਮਨ ‘ਤੇ ਉਵੇਂ ਹੀ ਤਾਜ਼ਾ ਹੈ, ਜਿਵੇਂ ਪਹਿਲਾਂ ਸੀ। ਕਦੇ-ਕਦੇ ਮੈਨੂੰ ਗੁਰਦਾਸ ਮਾਨ ਦਾ ਗੀਤ ਬੜਾ ਚੇਤੇ ਆਉਂਦਾ ਹੈ, “ਪੀੜ ਪ੍ਰਾਹੁੰਣੀ, ਨ੍ਹਾ-ਧੋ ਕੇ ਜਦ, ਗ਼ਮ ਦੀ ਚਰਖੀ ਡਾਹਵੇ, ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ…!” ਇਸ ਫ਼ਾਨੀ ਜੱਗ ਤੋਂ ਤੁਰ ਹਰ ਇਕ ਨੇ ਜਾਣਾ ਹੈ। ਪਰ ਜਾਣ ਵਾਲ਼ੇ ਦੀਆਂ ਯਾਦਾਂ ਤੁਹਾਨੂੰ ਕਦਾਚਿੱਤ ਨਹੀਂ ਭੁੱਲਦੀਆਂ। ਅਤੇ ਉਹ ਵੀ, ਜਦ ਤੁਹਾਡਾ ਜਾਣ ਵਾਲਾ ਅੱਤ ਦਾ ਨਜ਼ਦੀਕੀ ਹੋਵੇ! ਮਾਂ ਦੀ ਆਉਣ ਵਾਲ਼ੀ ਬਰਸੀ ਬਾਰੇ ਸੋਚਦਿਆਂ-ਸੋਚਦਿਆਂ ਕੁਝ ਯਾਦਾਂ ਤਾਜ਼ੀਆਂ ਹੋਈਆਂ, ਜੋ ਮੈਂ ਆਪਣੇ ਪਾਠਕਾਂ ਦੇ ਨਾਲ ਸਾਂਝੀਆਂ ਕਰ ਰਿਹਾ ਹਾਂ।

ਉਦੋਂ ਮੈਂ ਸ਼ਾਇਦ ਦਸਵੀਂ ਵਿਚ ਪੜ੍ਹਦਾ ਹੁੰਦਾ ਸੀ। ਸਾਡੇ ਮੋਗੇ ਏਰੀਏ ਵਿਚ ‘ਪੰਜਾਬ ਸਟੂਡੈਂਟਸ ਯੂਨੀਅਨ’ ਦਾ ਬੜਾ ਬੋਲਬਾਲਾ ਅਤੇ ਜੋਰ ਹੁੰਦਾ ਸੀ। ਕੁਝ ਕਾਲਜ ਪੜ੍ਹਦੇ ਵਿਦਿਆਰਥੀ ਸਾਡੀ ਡਿਊਟੀ ਕੰਧਾਂ ‘ਤੇ ਕੁਝ ਇਸ਼ਤਿਹਾਰ ਲਾਉਣ ਦੀ ਲਾ ਦਿੰਦੇ। ਜਿਸ ਨੂੰ ਮੈਂ ਅਤੇ ਮੇਰਾ ਦੋਸਤ ‘ਤਾਰ’ ਬੜੇ ਚਾਅ ਨਾਲ ਨਿਭਾਉਂਦੇ। ਅਸੀਂ ਉਹ ਇਸ਼ਤਿਹਾਰ ਪਿੰਡ ਦੇ ਸਕੂਲ, ਧਰਮਸ਼ਾਲ਼ਾ ਦੀਆਂ ਕੰਧਾਂ ‘ਤੇ ਲੇਵੀ ਨਾਲ ਲਾ ਆਉਂਦੇ। ਇਨ੍ਹਾਂ ਇਸ਼ਤਿਹਾਰਾਂ ਦਾ ਉਦੋਂ ਗੌਰਮਿੰਟ ਵੱਲੋਂ ਬਹੁਤ ਵਿਰੋਧ ਕੀਤਾ ਜਾਂਦਾ ਸੀ ਅਤੇ ਇਹ ਇਸ਼ਤਿਹਾਰ ਲਾਉਣ ਵਾਲ਼ੇ ਨੂੰ ਪੁਲੀਸ ਵੀ ਫ਼ੜ ਕੇ ਲਿਜਾ ਸਕਦੀ ਸੀ ਅਤੇ ਕੋਈ ਕੇਸ ਵੀ ਪਾ ਸਕਦੀ ਸੀ। ਚੜ੍ਹਦੀ ਜੁਆਨੀ ‘ਚ ਨਾ ਤਾਂ ਘਰ ਦੀ ਕੋਈ ਜਿ਼ਮੇਵਾਰੀ ਸਿਰ ‘ਤੇ ਸੀ ਅਤੇ ਨਾ ਹੀ ਕਿਸੇ ਕਬੀਲਦਾਰੀ ਦਾ ਫਿਕਰ ਫ਼ਾਕਾ! ਜਿਸ ਕਰਕੇ ਆਯਾਸ਼ ਦਿਮਾਗ ਹਰ ਪੱਖੋਂ ਬੇਪ੍ਰਵਾਹ ਅਤੇ ਬੇਫਿਕਰ ਸੀ। ਇਹ ਇਸ਼ਤਿਹਾਰ ਸਾਨੂੰ ਆਮ ਲੋਕਾਂ ਤੋਂ ਚੋਰੀ ਸਵੇਰ ਦੇ ਦੋ-ਤਿੰਨ ਵਜੇ ‘ਗੁਪਤ’ ਲਾਉਣ ਦਾ ਹੁਕਮ ਸੀ, ਤਾਂ ਕਿ ਕੋਈ ਪੁਲੀਸ ਕੋਲ਼ ਚੁਗਲੀ ਨਾ ਕਰ ਦੇਵੇ!
ਇੱਕ ਰਾਤ ਸਵੇਰੇ ਦੇ ਤਿੰਨ ਕੁ ਵਜੇ ਅਸੀਂ ਸਕੂਲ ਦੀਆਂ ਕੰਧਾਂ ‘ਤੇ ਇਸ਼ਤਿਹਾਰ ਲਾ ਕੇ ਆ ਰਹੇ ਸੀ। ਗੂੜ੍ਹੀ ਰਾਤ ਦਾ ਹਨ੍ਹੇਰਾ ਕਾਫ਼ੀ ਸੰਘਣਾਂ ਸੀ। ਜਦ ਅਸੀਂ ਸੱਜਣ ਬੱਕਰੀਆਂ ਵਾਲ਼ੇ ਦੇ ਵਾੜੇ ਕੋਲ਼ ਆਏ ਤਾਂ ਸਾਨੂੰ ਸੁੰਨੇ ਪਏ ਰਾਹ ਦੇ ਐਨ੍ਹ ਵਿਚਕਾਰ ਕੋਈ ਲਾਵਾਰਿਸ ‘ਸਮਾਨ’ ਜਿਹਾ ਪਿਆ ਨਜ਼ਰ ਆਇਆ। ਉਦੋਂ ਅਜੇ ਸਾਡੇ ਪਿੰਡ ਸਿਰਫ਼ ਇਕ ਹੀ ਸੜਕ ਬਣੀ ਸੀ। ਬਾਕੀ ਰਾਹ ਅਜੇ ਕੱਚੇ ਹੀ ਸਨ।
“ਉਏ ਤਾਰ..! ਔਹ ਕੀ ਪਿਐ…?” ਮੈਂ ਹੈਰਾਨ ਹੋ ਕੇ ਰਾਹ ‘ਤੇ ਪਏ ਸਮਾਨ ਵੱਲ ਦੇਖਦਿਆਂ ਆਪਣੇ ਬੇਲੀ ਤਾਰ ਨੂੰ ਪੁੱਛਿਆ। ਤਾਰ ਦੇ ਸਾਡੇ ਪਿੰਡ ਨਾਨਕੇ ਹਨ ਅਤੇ ਉਹ ਆਮ ਤੌਰ ‘ਤੇ ਸਾਡੇ ਪਿੰਡ ਹੀ ਪਲਿ਼ਆ ਅਤੇ ਵੱਡਾ ਹੋਇਆ ਸੀ। ਸਾਡੀ ਯਾਰੀ ਜਿੰਨੀ ਉਸ ਟਾਈਮ ਸੀ, ਉਤਨੀ ਹੀ ਅੱਜ ਹੈ! ਅੱਜ ਕੱਲ੍ਹ ਉਹ ਇਟਲੀ ਵਿਚ ਹੈ ਅਤੇ ਅਵਤਾਰ ਸਿੰਘ ਸਿੱਧੂ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
“ਕਿਸੇ ਦੇ ਸਮਾਨ ਦੀ ਕੋਈ ਗੰਢ ਡਿੱਗ ਪਈ ਲੱਗਦੀ ਐ…!” ਤਾਰ ਨੇ ਵੀ ਨੇੜੇ ਹੁੰਦਿਆਂ ਅੱਖਾਂ ਦੀ ਸਿ਼ਸ਼ਤ ਬੰਨ੍ਹਦਿਆਂ ਕਿਹਾ।
ਜਦ ਅਸੀਂ ਸਮਾਨ ਦੇ ਕੁਝ ਨੇੜੇ ਹੋਏ ਤਾਂ ਡਿੱਗੇ ਪਏ ਸਮਾਨ ਵਿਚੋਂ ਕੁਝ ਹਿੱਲਿਆ ਤਾਂ ਟਿਕੀ ਕਾਲ਼ੀ ਸਿਆਹ ਰਾਤ ਵਿਚ ਡਰ ਨਾਲ ਸਾਡਾ ਤ੍ਰਾਹ ਨਿਕਲ਼ ਗਿਆ ਅਤੇ ਅਸੀਂ ਸਹਿਮ ਕੇ ਕਰਮ ਪਿੱਛੇ ਹਟ ਗਏ।
“ਇਹ ਕੀ ਹੋਇਆ…?” ਸਾਡੇ ਘਤਿੱਤੀ ਦਿਮਾਗ ਮੈਦਾਨ ਛੱਡਣ ਦੇ ਹੱਕ ਵਿਚ ਨਹੀਂ ਸਨ।
“ਠਹਿਰ ਜਾਹ..! ਮੈਂ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਉਨੈਂ ਤੇ ਫ਼ੇਰ ਇਹਨੂੰ ਹਿਲਾ ਕੇ ਦੇਖਦੇ ਐਂ..!”
ਜਦ ਮੈਂ ਰਾਈਂਆਂ ਦੇ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਇਆ ਤਾਂ ਡੰਡੇ ਦੇ ਆਸਰੇ ਅਸੀਂ ਸ਼ੇਰ ਬਣ ਗਏ। ਅੱਕ ਦੇ ਡੰਡੇ ਨੂੰ ਹੁਣ ਅਸੀਂ ‘ਅਸਾਲਟ’ ਸਮਝ ਨਿੱਡਰ ਹੋ ਗਏ। ਜਦ ਮੈਂ ਅੱਕ ਦੇ ਡੰਡੇ ਨਾਲ ਸਮਾਨ ਕੋਲ਼ ਹੋਇਆ ਤਾਂ ਸਮਾਨ ਵਿਚੋਂ ਅੱਗੇ ਵਾਂਗ ਫਿ਼ਰ ‘ਕੁਝ’ ਹਿੱਲਿਆ। ਡਰ ਤਾਂ ਸਾਨੂੰ ਫਿ਼ਰ ਵੀ ਲੱਗਿਆ। ਦਿਲ ਧੜਕੇ। ਪਰ ਡੰਡੇ ਦੇ ਹੌਸਲੇ ਨਾਲ ਮੈਂ ਸਮਾਨ ਨੂੰ ਜੋਰ ਨਾਲ ਹਿਲਾਇਆ। ਕਿਸੇ ਦਾ ‘ਟੂਣਾਂ’ ਕੀਤਾ ਹੋਇਆ ਸੀ। ਟੂਣੇਂ ‘ਤੇ ਇਕ ਕਾਲ਼ਾ ਕੁੱਕੜ ਲੱਤਾਂ, ਖੰਭ ਅਤੇ ਚੁੰਝ ਬੰਨ੍ਹ ਕੇ ਰਾਹ ‘ਤੇ ਰੱਖਿਆ ਹੋਇਆ ਸੀ। ਉਸ ਦੇ ਪਾਸੇ ਪੰਜ ਚਿੱਟੇ ਆਂਡੇ ਪਏ ਸਨ ਅਤੇ ਸੰਧੂਰ ਅਤੇ ਹੋਰ ਨਿੱਕ-ਸੁੱਕ ਰੱਖਿਆ ਹੋਇਆ ਸੀ।
“ਉਏ ਬਾਹਲ਼ਾ ਦੱਬ ਕੇ ਨਾ ਫ਼ਰੋਲ਼…! ਆਂਡੇ ਟੁੱਟ ਜਾਣਗੇ..!” ਤਾਰ ਨੇ ਮੈਨੂੰ ਦੱਬਵੇਂ ਬੋਲਾਂ ਨਾਲ ਤਾੜਨਾ ਜਿਹੀ ਕੀਤੀ।
ਜਿ਼ਆਦਾ ਹੀ ਗਹੁ ਜਿਹੇ ਨਾਲ ਦੇਖਣ ਕਾਰਨ ਹੁਣ ਸਾਨੂੰ ਹਨ੍ਹੇਰੇ ਵਿਚ ਵੀ ਤਕਰੀਬਨ ਹਰ ਚੀਜ਼ ਸਾਫ਼ ਦਿਸ ਰਹੀ ਸੀ।
ਪੰਜ ਚਿੱਟੇ ਆਂਡੇ ਚੁੱਕ ਕੇ ਤਾਰ ਨੇ ਲੰਮੇ ਕੁੜਤੇ ਦੇ ਗੀਝੇ ਵਿਚ ਪਾ ਲਏ ਅਤੇ ਮੈਂ ਕੁੱਕੜ ਚੁੱਕ ਕੇ ਕੱਛ ਵਿਚ ਦੇ ਲਿਆ। ਕੁੱਕੜ ਦੀ ਚੁੰਝ ਅਸੀਂ ਉਸੀ ਤਰ੍ਹਾਂ ਹੀ ਬੱਝੀ ਰਹਿਣ ਦਿੱਤੀ। ਸੋਚਿਆ ਕਿ ਜੇ ਇਸ ਦੀ ਚੁੁੰਝ ਖੋਲ੍ਹ ਦਿੱਤੀ ਤਾਂ ਇਹ ਟਿਕੀ ਰਾਤ ਵਿਚ ਰੌਲ਼ਾ ਪਾਵੇਗਾ। ਹੁਣ ਸਾਡੇ ਅੱਗੇ ਇਕ ਹੋਰ ਔਕੜ ਸੀ ਕਿ ਆਂਡੇ ਤਾਂ ਬੋਲਦੇ ਨਹੀਂ, ਛੁਪਾ ਲਏ ਜਾਣਗੇ। ਪਰ ਕੁੱਕੜ ਨੂੰ ਕਿੱਥੇ ਰੱਖਾਂਗੇ…? ਨਾ ਤਾਂ ਕੁੱਕੜ ਸਾਡੇ ਰੱਖੇ ਹੋਏ ਸਨ ਅਤੇ ਨਾ ਹੀ ਤਾਰ ਕੇ। ਸਾਡੇ ਦੋਵਾਂ ਦੇ ਪ੍ਰੀਵਾਰ, ਮੱਧ-ਵਰਗੀ ਕਿਸਾਨ ਪ੍ਰੀਵਾਰ ਸਨ।
ਟੂਣੇ ਵਾਲਾ ਕੁੱਕੜ ਸਾਡੇ ਲਈ ਇਕ ਤਰ੍ਹਾਂ ਨਾਲ ‘ਨਜ਼ਾਇਜ਼ ਹਥਿਆਰ’ ਬਣਿਆ ਹੋਇਆ ਸੀ। ਜੱਕਾਂ-ਤੱਕਾਂ ਕਰਦਿਆਂ ਅਸੀਂ ਸਵੇਰ ਕਰ ਦਿੱਤੀ ਅਤੇ ਸਾਡੇ ਗੁਆਂਢੀ ਚਰਨੇ ਦੇ ਘਰ ਚਲੇ ਗਏ। ਚਰਨੇ ਕਾ ਖੁੱਲ੍ਹਾ ਡੁੱਲ੍ਹਾ ਪੇਂਡੂ ਘਰ ਸੀ ਅਤੇ ਉਸ ਨੇ ਛੇ-ਸੱਤ ਕੁਕੜੀਆਂ ਅਤੇ ਦੋ ਕੁ ਕੁੱਕੜ ਰੱਖੇ ਹੋਏ ਸਨ। ਅਸੀਂ ਸਾਰੀ ਗੱਲ ਉਸ ਨੂੰ ਜਾ ਦੱਸੀ ਅਤੇ ਚੁੰਝ ਖੋਲ੍ਹ ਕੇ ਕੁੱਕੜ ਉਸ ਦੇ ਖੁੱਡੇ ਵੜਦਾ ਕਰ ਦਿੱਤਾ ਅਤੇ ਤਾਰ ਦੇ ਨਾਨਕਿਆਂ ਦੇ ਘਰ ਆ ਗਏ।
ਤਾਰ ਦੀ ਮਾਮੀ ਬਾਹਰਲੇ ਘਰੇ ਗੋਹਾ-ਕੂੜਾ ਕਰ ਰਹੀ ਸੀ। ਉਸ ਦੀ ਗ਼ੈਰਹਾਜ਼ਰੀ ਦਾ ਲਾਭ ਉਠਾਉਂਦਿਆਂ ਹੋਇਆਂ ਨੇ ਅਸੀਂ ਪੰਜੇ ਆਂਡੇ ਤੜਕ ਲਏ ਅਤੇ ਖਾ ਕੇ ਫੁਰਤੀ ਨਾਲ ਉਥੋਂ ਨਿਕਲ਼ਣ ਦੀ ਕੀਤੀ। ਮੁਸ਼ਕਿਲ ਇਹ ਸੀ ਕਿ ਨਾ ਤਾਂ ਤਾਰ ਦੇ ਪਰਿਵਾਰ ਦਾ ਕੋਈ ਜੀਅ ਆਂਡਾ-ਮੀਟ ਖਾਂਦਾ ਸੀ ਅਤੇ ਨਾ ਹੀ ਸਾਡਾ! ਜਦ ਤਾਰ ਦੀ ਮਾਮੀ ਗੋਹੇ-ਕੂੜੇ ਤੋਂ ਵਿਹਲੀ ਹੋ ਕੇ ਭਾਂਡੇ ਧੋਣ ਲੱਗੀ ਤਾਂ ਉਸ ਨੂੰ ਸਾਡੇ ਕੂਕਿਆਂ ਦੇ ਡੋਲ ਵਾਂਗ ਮਾਂਜੇ ਪਤੀਲੇ ਵਿਚੋਂ ਵੀ ਆਂਡੇ ਬਣਾਇਆਂ ਦਾ ਪਤਾ ਚੱਲ ਗਿਆ ਅਤੇ ਉਸ ਨੇ ਰੌਲ਼ਾ ਪਾ ਕੇ ਪੜਛੱਤੀ ਸਿਰ ‘ਤੇ ਚੁੱਕ ਲਈ। ਉਨ੍ਹਾਂ ਦੇ ‘ਵੈਸ਼ਨੂੰ’ ਚੁੱਲ੍ਹੇ ‘ਤੇ ਅਸੀਂ ਆਂਡੇ ਜੁ ਤੜਕ ਲਏ ਸਨ ਅਤੇ ਉਨ੍ਹਾਂ ਦਾ ਚੁੱਲ੍ਹਾ ‘ਭ੍ਰਿਸ਼ਟਿਆ’ ਗਿਆ ਸੀ। ਕੁਦਰਤੀਂ ਤਾਰ ਦੇ ਬੀਜੀ ਵੀ ਪੇਕੀਂ ਆਏ ਹੋਏ ਸਨ। ਜਦ ਤਾਰ ਦੀ ਮਾਮੀਂ ਨੇ ਉਸ ਨੂੰ ਦੂਜੇ ਘਰੋਂ ਬੁਲਾਇਆ ਤਾਂ ਤਾਰ ਦੇ ਬੀਜੀ ਨੇ ਸਾਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਸੀਂ ਕੁੱਕੜ ਨੂੰ ਕਿਸੇ ਪਾਸੇ ਲਾਉਣ ਦੀਆਂ ਸਕੀਮਾਂ ਵਿਚ ਰੁੱਝੇ ਹੋਏ ਸਾਂ। ਨਾ ਤਾਂ ਕੁੱਕੜ ਨੂੰ ਵੱਢਣ ਦੇ ਹੱਕ ਵਿਚ ਤਾਰ ਸੀ ਅਤੇ ਨਾ ਹੀ ਮੈਂ! ਹਾਲਾਂ ਕਿ ਚਰਨੇ ਨੇ ਸਾਨੂੰ ਕਿਹਾ ਸੀ ਕਿ ਇਸ ਨੂੰ ਵੱਢ ਕੇ ਬਣਾ ਲੈਂਦੇ ਹਾਂ ਅਤੇ ਬਣਿਆਂ-ਬਣਾਇਆ ਕੁੱਕੜ ਸਾਰੇ ਹੀ ਵੰਡ ਲਵਾਂਗੇ। ਮਾਰਨ ਦੇ ਹੱਕ ਵਿਚ ਸਾਡੇ ਵਿਚੋਂ ਕੋਈ ਵੀ ਨਹੀਂ ਸੀ। ਅਸੀਂ ਚਰਨੇ ਨੂੰ ਇਨਾ ਹੀ ਕਿਹਾ ਕਿ ਅਸੀਂ ਇਹਦਾ ਪ੍ਰਬੰਧ ਕਰਕੇ ਆਉਂਦੇ ਹਾਂ ਅਤੇ ਸਾਡੇ ਆਉਣ ਤੱਕ ਇਸ ਨੂੰ ਵੱਢਿਆ ਨਾ ਜਾਵੇ। ਉਸ ਨੇ ਸਾਡੀ ਗੱਲ ਮੰਨ ਲਈ ਅਤੇ ਅਸੀਂ ਮਜ੍ਹਬੀ ਸਿੱਖਾਂ ਦੇ ਵਿਹੜੇ ਨੂੰ ਤੁਰ ਗਏ।
ਦੁਪਿਹਰ ਤੋਂ ਪਹਿਲਾਂ ਪਹਿਲਾਂ ਅਸੀਂ ਵਿਹੜੇ ਵਾਲ਼ੇ ‘ਬਾਗੀ’ ਨਾਲ ਕੁੱਕੜ ਦਾ ਮੁੱਲ ਤੋੜ ਲਿਆ। ਉਸ ਨੇ ਸਾਡਾ ‘ਟੂਣੇ’ ਵਾਲਾ ਕੁੱਕੜ ਪੈਂਤੀ ਰੁਪਏ ਵਿਚ ਖ਼ਰੀਦਣਾ ਪ੍ਰਵਾਨ ਕਰ ਲਿਆ। ਉਦੋਂ ਪੈਂਤੀ ਰੁਪਏ ਵੀ ਬਹੁਤ ਹੁੰਦੇ ਸਨ। ਤਖ਼ਤੂਪੁਰੇ ਦੇ ਮਾਘੀ ਮੇਲੇ ਵੇਲ਼ੇ ਸਾਨੂੰ ਦਸ ਰੁਪਏ ਮਿਲ਼ਦੇ ਹੁੰਦੇ ਸਨ ਅਤੇ ਦਸ ਰੁਪਏ ਨਾਲ ‘ਧੰਨ-ਧੰਨ’ ਹੋ ਜਾਂਦੀ ਸੀ। ਅਸੀਂ ਕੁੱਕੜ ਚੁੱਕ ਬਾਗੀਆਂ ਦੇ ਹਵਾਲੇ ਕਰ ਦਿੱਤਾ ਅਤੇ ਪੈਂਤੀ ਰੁਪਏ ਜੇਬ ਵਿਚ ਪਾ ਲਏ। ਜਦ ਅਸੀਂ ਘਰ ਪਹੁੰਚੇ ਤਾਂ ਤਾਰ ਦੇ ਬੀਜੀ, ਜੋ ਮੇਰੇ ਭੂਆ ਜੀ ਲੱਗਦੇ ਸਨ, ਮੇਰੀ ਮਾਂ ਕੋਲ਼ ਬੈਠੇ ਦੇਖ ਕੇ ਸਾਡੇ ਕਾਲ਼ਜੇ ਧੜਕੇ ਅਤੇ ਘਬਰਾਹਟ ਨਾਲ ਰੰਗ ਬੱਗੇ ਪੂਣੀ ਹੋ ਗਏ। ਜਦ ਮੈਂ ਅਤੇ ਤਾਰ ਪੁੱਠੇ ਪੈਰੀਂ ਵਾਪਸ ਭੱਜਣ ਲੱਗੇ ਤਾਂ ਭੂਆ ਜੀ ਦੇ ਮਿੱਠੇ ਬੋਲਾਂ ਨੇ ਸਾਨੂੰ ਬੰਨ੍ਹ ਮਾਰ ਲਿਆ, “ਆਜੋ ਪੁੱਤ, ਆਜੋ..! ਥੋਨੂੰ ਕੋਈ ਨੀ ਕੁਛ ਕਹਿੰਦਾ..!” ਭੂਆ ਦੇ ਸ਼ਾਂਤਮਈ ਬੋਲਾਂ ਨੇ ਸਾਡੀ ਧੜਕਦੀ ਕੌਡੀ ਸ਼ਾਂਤ ਕਰ ਦਿੱਤੀ ਅਤੇ ਅਸੀਂ ਸਾਊ ਜਿਹੇ ਬਣ ਕੇ ਭੂਆ ਜੀ ਦੇ ਮੰਜੇ ਕੋਲ਼ ਆ ਗਏ। ਸਾਡੇ ਮਨ ਦਾ ਡਰ ਇਕ ਇਹ ਹੀ ਸੀ ਕਿ ਸਾਨੂੰ ਕੁੱਕੜ ਕੱਛ ਵਿਚ ਦੇਈ ਜਾਂਦਿਆਂ ਨੂੰ ਅੱਧੇ ਪਿੰਡ ਨੇ ਦੇਖਿਆ ਸੀ ਅਤੇ ਹੁਣ ਘਰਦਿਆਂ ਦੇ ਤਲੈਂਬੜਾਂ ਦਾ ਖ਼ੌਫ ਸਾਡਾ ਕਾਲ਼ਜਾ ਕੱਢੀ ਜਾ ਰਿਹਾ ਸੀ।
“ਜਿਹੜੇ ਪੁੱਤ ਆਪਣੇ ਘਰੇ ਆਂਡੇ ਬਣਾਏ ਸੀ, ਉਹ ਤੁਸੀਂ ਕਿੱਥੋਂ ਲਿਆਏ…?” ਭੂਆ ਜੀ ਦਾ ਸਹਿਜ ਸੁਆਲ ਵੀ ਸਾਡੇ ਮੌਰਾਂ ਵਿਚ ਫ਼ੌਹੜੇ ਵਾਂਗ ਆ ਪਿਆ।
ਅਸੀਂ ਚੁੱਪ ਸੀ। ਕੀ ਉੱਤਰ ਦਿੰਦੇ…? ਜੇ ਟੂਣੇ ਦਾ ਜਿ਼ਕਰ ਕਰਦੇ ਸੀ ਤਾਂ ਸ਼ਾਮਤ ਆਉਣੀ ਲਾਜ਼ਮੀ ਸੀ ਅਤੇ ਸਾਡੇ ਮੋਛੇ ਪੈ ਜਾਣੇ ਸਨ। ਪੁਰਾਣੇ ਖਿ਼ਆਲਾਂ ਅਨੁਸਾਰ ਟੂਣਾਂ ਟੱਪ ਕੇ ਕਿਸੇ ‘ਬਲਾਅ’ ਨੂੰ ਦਾਹਵਤ ਦੇਣੀ ਸੀ। ਪਰ ਅਸੀਂ ਤਾਂ ਟੂਣੇ ਦਾ ‘ਚਕਰਚੂੰਢਾ’ ਕਰ ਦਿੱਤਾ ਸੀ ਅਤੇ ਕੁੱਕੜ ਕੱਛ ਵਿਚ ਲੈ, ਬੜੀ ਸ਼ਾਨ ਨਾਲ ਸਾਰੇ ਪਿੰਡ ਵਿਚ ਘੁੰਮਦੇ ਰਹੇ ਸਾਂ! ਸਾਡਾ ਦਿਲ ਸੰਸੇ ਨਾਲ ਲੋਟ-ਪੋਟਣੀਆਂ ਖਾ ਰਿਹਾ ਸੀ।
“ਰਾਹ ‘ਤੇ ਪਏ ਟੂਣੇ ਆਲ਼ੇ ਆਂਡੇ ਤੁਸੀਂ ਚੱਕੇ ਐ..?” ਮੇਰੀ ਮਾਂ ਦੇ ਅਗਲੇ ਸੁਆਲ ਦਾ ਅਗਨ-ਬਾਣ ਸਿੱਧਾ ਸਾਡੇ ਸਿਰ ‘ਚ ਆ ਵੱਜਿਆ।
ਅਸੀਂ ਡਰ ਕੇ ਇਕ ਦੂਜੇ ਵੱਲ ਝਾਕੇ। ਬਿਨਾਂ ਸ਼ੱਕ ਟੂਣੇ ਵਾਲ਼ੀ ਗੱਲ ਸਾਰੇ ਪਿੰਡ ਵਿਚ ‘ਦੰਦ-ਕਥਾ’ ਬਣੀ ਹੋਈ ਸੀ ਅਤੇ ਉਸ ਨੂੰ ‘ਖ਼ੁਰਦ-ਬੁਰਦ’ ਕਰਨ ਦੇ ਮੁੱਖ ਦੋਸ਼ੀ ਅਸੀਂ ਬਣੇ ਹੋਏ ਸਾਂ ਅਤੇ ਲੋਕ ਭਾਂਤ-ਭਾਂਤ ਦੀਆਂ ਭਿਆਨਕ ਗੱਲਾਂ ਕਰ ਕੇ ਸਾਡੇ ਘਰਦਿਆਂ ਦੇ ਹੌਲ ਪਾਈ ਜਾ ਰਹੇ ਸਨ। ਕੋਈ ਆਖ ਰਿਹਾ ਸੀ ਕਿ ਇਨ੍ਹਾਂ ਨੇ ਟੂਣੇ ਨੂੰ ਲੱਤਾਂ ਮਾਰੀਆਂ ਤੇ ਕੁੱਕੜ ਚੁੱਕਿਆ, ਆਂਡੇ ਖਾਧੇ, ਥੋਡੇ ਜੁਆਕ ਹੁਣ ਨਹੀਂ ਬਚਦੇ। ਪਰ ਸਾਨੂੰ ਸਭ ਤੋਂ ਵੱਧ ਘਰਦਿਆਂ ਦੇ ਗੁੱਸੇ ਦਾ ‘ਹਊਆ’ ਡਰਾਈ ਜਾ ਰਿਹਾ ਸੀ।
“ਤੇ ਖਾਧੇ ਵੀ ਭਾਬੀ ਇਨ੍ਹਾਂ ਨੇ ਈ ਐਂ…! ਨਿੱਜ ਨੂੰ ਜਾਣੇ ਕਿੱਡੇ ਬੇਡਰ ਐ..!” ਭੂਆ ਜੀ ਨੇ ਅਗਲੀ ਬਰਛੀ ਸਾਡੇ ਵੱਲ ਚਲਾਈ ਅਤੇ ਅਸੀਂ ਹੋਰ ਦਹਿਲ ਗਏ।
ਹੁਣ ਸਾਡੇ ਕੋਲ਼ ਇਕਬਾਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ।
ਅਸੀਂ ਮੰਨ ਗਏ ਕਿ ਟੂਣੇ ਦਾ ਮਲੀਆਮੇਟ ਵੀ ਅਸੀਂ ਕੀਤਾ ਸੀ ਅਤੇ ਆਂਡੇ ਵੀ ਅਸੀਂ ਹੀ ਚੁੁੱਕ ਕੇ ਖਾਧੇ ਸਨ।
“ਤੇ ਉਹ ਕੁੱਕੜ ਕਿੱਥੇ ਐ ਪੁੱਤ..?” ਸਾਡੇ ਇਕਬਾਲੀਆ ਬਿਆਨਾਂ ‘ਤੇ ਭੂਆ ਜੀ ਵੀ ਕੁਝ ਸੁਲ੍ਹਾ ਵਿਚ ਆ ਗਏ।
“ਉਹ ਤਾਂ ਅਸੀਂ ਵੇਚ’ਤਾ..!”
“ਨ੍ਹੀ ਮੈਂ ਮਰਜਾਂ..! ਕਿੱਥੇ..? ਕੀਹਨੂੰ…?” ਪੁਲੀਸ ਰਿਮਾਂਡ ਵਾਲਿ਼ਆਂ ਵਾਂਗ ਸਾਡੇ ਵੱਲ ਸੁਆਲਾਂ ਦੀ ਬੁਛਾੜ ਆ ਰਹੀ ਸੀ।
“ਵਿਹੜੇ ਵਾਲ਼ੇ ਬਾਗੀਆਂ ਨੂੰ..!”
“ਕਿੰਨੇ ਦਾ…?”
“ਪੈਸੇ ਕਿੱਥੇ ਐ…?”
ਛਿੱਤਰ-ਪੌਲਾ ਹੋਣ ਤੋਂ ਪਹਿਲਾਂ ਹੀ ਮੈਂ ਗੀਝੇ ਵਿਚੋਂ ਕੱਢ ਕੇ ਪੈਂਤੀ ਰੁਪਏ ਭੂਆ ਜੀ ਦੇ ਹੱਥ ‘ਤੇ ਰੱਖ ਦਿੱਤੇ।
“ਚਲੋ…! ਸਾਡੇ ਨਾਲ ਚੱਲੋ…!” ਮੇਰੀ ਮਾਂ ਨੇ ਸਾਨੂੰ ਅਤੀਅੰਤ ਤਲਖੀ ਨਾਲ ਕਿਹਾ।
“ਕਿੱਥੇ..?” ਸਾਹ ਸਾਡੇ ਸੰਘ ਅੰਦਰ ਹੀ ਅੜ ਗਿਆ।
“ਬਾਗੀਆਂ ਦੇ..! ਪੈਸੇ ਮੋੜ ਕੇ ਆਉਣੇ ਐਂ..! ਤੇ ਨਾਲ਼ੇ ਥੋਨੂੰ ਗੁਰਦੁਆਰੇ ਲੈ ਕੇ ਜਾਣੈਂ..! ਮੱਥਾ ਟਿਕਾਅ ਕੇ ਅਰਦਾਸ ਕਰਵਾਉਣੀ ਐਂ..!”
ਗੁਰਦੁਆਰੇ ਵਾਲ਼ੀ ਗੱਲ ਤਾਂ ਸਾਨੂੰ ਕੋਈ ਮਾੜੀ ਨਾ ਲੱਗੀ। ਪਰ ਪੈਸੇ ਵਾਪਸ ਕਰਨ ਵਾਲ਼ੀ ਗੱਲ ਨੇ ਸਾਡਾ ਲਹੂ ਪੀ ਲਿਆ।
ਸਾਡੀ ਦੁਚਿੱਤੀ ਜਿਹੀ ਦੇਖ ਕੇ ਮਾਂ ਨੇ ਮੇਰੀ ਡਰੂ ਰਗ ਫ਼ੜ ਲਈ।
“ਜੇ ਨਾ ਪੈਸੇ ਮੋੜੇ, ਮੈਂ ਤੇਰੇ ਪਿਉ ਨੂੰ ਦੱਸੂੰਗੀ…! ਛੋਰ੍ਹ ਕਿੰਨੇ ਚਾਂਭਲ਼ੇ ਐ ਨ੍ਹੀ..! ਅੱਜ ਭੰਨਾਉਨੀ ਐਂ ਥੋਡੇ ਪਾਸੇ..! ਥੋਨੂੰ ਕਿਸੇ ਦਾ ਡਰ-ਭਉ ਈ ਨ੍ਹੀ ਰਿਹਾ..!”
‘ਪਿਉ’ ਦੇ ਨਾਂ ਨੂੰ ਅਸੀਂ ਭੂਆ ਅਤੇ ਮਾਂ ਦੇ ਅੱਗੇ ਲੱਗ ਤੁਰੇ ਅਤੇ ਬਾਗੀਆਂ ਦੇ ਪੈਂਤੀ ਰੁਪਏ ਵਾਪਸ ਕਰ ਦਿੱਤੇ। ਪੈਸੇ ਵਾਪਸ ਕਰਦਿਆਂ ਸਾਡਾ ਦਿਲ ਘਟਦਾ ਸੀ। ਪਰ ਵੱਸ ਕੋਈ ਨਹੀਂ ਸੀ। ਸਭ ਤੋਂ ਵੱਡਾ ਡਰ ਸਾਨੂੰ ਬਾਪੂ ਜੀ ਦੀ ‘ਡਾਂਗ’ ਦਾ ਸੀ। ਬਾਪੂ ਕੁੱਟਣ ਲੱਗਿਆ ਭੋਰਾ ਕਿਰਕ ਨਹੀਂ ਕਰਦਾ ਸੀ, ਬੱਸ ਚਿੱਬ ਪਾ ਦਿੰਦਾ ਸੀ।
ਪੈਸੇ ਵਾਪਸ ਕਰਨ ਤੋਂ ਬਾਅਦ ਸਾਨੂੰ ਗੁਰਦੁਆਰੇ ਲਿਜਾਇਆ ਗਿਆ। ਮੱਥਾ ਟਿਕਾਅ ਕੇ ਗਿਆਨੀ ਜੀ ਤੋਂ ਅਰਦਾਸ ਵੀ ਕਰਵਾਈ ਅਤੇ ਅੱਗੇ ਵਾਸਤੇ ਸੁਮੱਤ ਬਖ਼ਸ਼ਣ ਲਈ ਗੁਰੂ ਮਹਾਰਾਜ ਅੱਗੇ ਬੇਨਤੀ ਵੀ ਹੋਈ। ਮੱਥਾ ਟੇਕਣ ਤੋਂ ਬਾਅਦ ਅਸੀਂ ਘਚਾਨੀਂ ਦੇ ਕੇ ਫਿ਼ਰ ਬਾਗੀਆਂ ਕੋਲ਼ ਆ ਗਏ ਅਤੇ ਆਪਣੇ ਪੈਂਤੀ ਰੁਪਏ ਵਾਪਸ ਮੰਗਣ ਲੱਗੇ। ਸਾਡੀ ਹਿੰਡ ਜਿਹੀ ਦੇਖ ਕੇ ਬਾਗੀ ਬੋਲਿਆ, “ਚਲੋ, ਇਹ ਪੈਸੇ ਮੈਂ ਥੋਡੇ ਘਰਦਿਆਂ ਨੂੰ ਈ ਮੋੜੂੰਗਾ..!” ਉਸ ਦੀ ਗੱਲ ਸੁਣ ਕੇ ਸਾਡੇ ਫਿ਼ਰ ਹਰਾਸ ਮਾਰੇ ਗਏ ਅਤੇ ਦਿਲ ਦੇ ਕੁੱਤੇ ‘ਫ਼ੇਲ੍ਹ’ ਹੁੰਦੇ ਲੱਗੇ। ਗੱਲ ਹੱਥੋਂ ਨਿਕਲ਼ਦੀ ਦੇਖ ਕੇ ਮੈਂ ਬਾਗੀ ਨੂੰ ਸੰਬੋਧਨ ਹੋਇਆ, “ਤਾਇਆ ਜੀ, ਤੁਸੀਂ ਇਉਂ ਕਰੋ..! ਅੱਧੇ ਪੈਸੇ ਤੁਸੀਂ ਰੱਖ ਲਓ ਤੇ ਅੱਧੇ ਸਾਨੂੰ ਦੇ ਦਿਓ..!”
“ਚਲੋ ਮੈਂ ਥੋਨੂੰ ਪੰਦਰਾਂ ਰੁਪਈਏ ਦੇ ਦਿੰਨੈਂ, ਖ਼ੁਸ਼..?” ਤਾਏ ਨੇ ਵੀ ਸਾਨੂੰ ਬੇਵੱਸ ਜਿਹਾ ਦੇਖ ਕੇ ਪੈਂਤੜਾ ਮੱਲਿਆ।
“ਚੱਲੋ ਤੁਸੀਂ ਸੋਲ਼ਾਂ ਦੇ ਦਿਓ, ਅਸੀਂ ਅੱਠ-ਅੱਠ ਕਰਲਾਂਗੇ, ਤਾਇਆ ਜੀ..!” ਮੈਂ ਜਾਂਦੇ ਚੋਰ ਦੀ ਤੜਾਗੀ ਖਿੱਚਣ ਦੀ ਹੱਦ ਤੱਕ ਪਹੁੰਚ ਗਿਆ।
ਉਸ ਨੇ ਸਾਨੂੰ ਸੋਲ਼ਾਂ ਰੁਪਏ ਦੇ ਦਿੱਤੇ। ਅਸੀਂ ਹਾਰੇ ਹੋਏ ਜੁਆਰ੍ਹੀਏ ਵਾਂਗ ਮੂੰਹ ਜਿਹਾ ਲਟਕਾਈ ਵਾਪਸ ਆ ਗਏ।
“ਯਾਰ ਆਪਣਾ ਕੁੱਕੜ ਭੰਗ ਦੇ ਭਾੜੇ ਈ ਗਿਆ..! ਐਵੇਂ ਅੱਧੀ ਰਾਤ ਦੇ ਮੇਰ ਜੀ ਕਰਦੇ ਫਿ਼ਰਦੇ ਸੀ..!” ਤਾਰ ਨੇ ਆਖਿਆ।
“ਆਪਣਾ ਕੁੱਕੜ…?” ਮੈਂ ਵਿਅੰਗਮਈ ਹੱਸ ਪਿਆ, “ਕੁੱਕੜ ਕਿਹੜਾ ਆਪਣੇ ਬਾਪੂ ਆਲ਼ਾ ਸੀ..? ਚੱਲ ਛੱਡ ਤਾਰ..! ਆਪਾਂ ਕਿਹੜਾ ਮੰਡੀ ਤੋਂ ਲੈ ਕੇ ਆਏ ਸੀ..? ਟੂਣੇ ਆਲਿ਼ਆਂ ਦਾ ਕੁੱਕੜ, ਆਪਾਂ ਕਿਹੜਾ ਉਹਨੂੰ ਦਾਣਾਂ ਪਾਉਂਦੇ ਰਹੇ ਐਂ..? ਜਿੰਨੇ ਕੁ ਪੱਲੇ ਪਏ ਵਾਧੂ ਐ, ਅਗਲੇ ਹਫ਼ਤੇ ਫਿ਼ਲਮ ਦੇਖਾਂਗੇ..!” ਮੈਂ ਆਪਣੇ ਅਤੇ ਤਾਰ ਦੇ ਮਨ ਨੂੰ ਧਰਵਾਸ ਜਿਹਾ ਦੇਣ ਲਈ ਕਿਹਾ।
ਜਦ ਅਸੀਂ ਦੰਦੀਆਂ ਜਿਹੀਆਂ ਕੱਢਦੇ ਘਰੇ ਪਹੁੰਚੇ ਤਾਂ ਮਾਂ ਅਜੇ ਵੀ ਖਿਝੀ ਪਈ ਸੀ।
“ਲੈ ਅੱਜ ਤਾਂ ਥੋਡੀ ਜਾਨ ਗਈ, ਬਖ਼ਸ਼ੀ..! ਜੇ ਮੁੜ ਕੇ ਕਿਸੇ ਦਾ ਟੂਣਾਂ ਛੇੜਿਆ, ਸਿੱਧਾ ਤੇਰੇ ਪਿਉ ਨੂੰ ਦੱਸੂੰ..! ਉਹ ਤੋੜੂ ਤੇਰੀਆਂ ਪੱਸਲ਼ੀਆਂ..! ਕਿੰਨਾਂ ਛੋਰ੍ਹ ਮਸਤਿਐ ਇਹੇ..!” ਮਾਂ ਨੇ ਸਾਨੂੰ ਖ਼ਬਰਦਾਰ ਕੀਤਾ। ਪਰ ਅਗਲੇ ਹਫ਼ਤੇ ਫਿ਼ਲਮ ਦੇਖਣ ਦੇ ਚਾਅ ਨੇ ਸਾਨੂੰ ਪਈਆਂ ਗਾਲ਼ਾਂ ਦਾ ਅਹਿਸਾਸ ਭੁਲਾ ਦਿੱਤਾ।
ਮਾਂ ਦੀਆਂ ਅਜਿਹੀਆਂ ਪੁਰਾਣੀਆਂ ਯਾਦਾਂ ਉਸ ਦੀ ਬਰਸੀ ਦੇ ਨੇੜ-ਤੇੜ ਆ ਕੇ ਮੈਨੂੰ ਮੱਲੋਮੱਲੀ ਯਾਦ ਆ ਜਾਂਦੀਆਂ ਹਨ।