ਰਾਜਧਾਨੀਆਂ ਦੇ ਆਲੇ-ਦੁਆਲੇ

ਗੁਲਜ਼ਾਰ ਸਿੰਘ ਸੰਧੂ
ਮੇਰੀ ਪੌਣੀ ਜ਼ਿੰਦਗੀ ਰਾਜਧਾਨੀਆਂ ਵਿਚ ਲੰਘੀ ਹੈ। ਤੀਹ ਸਾਲ ਤੋਂ ਥੋੜ੍ਹੀ ਵੱਧ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤੇ ਇਸ ਤੋਂ ਥੋੜ੍ਹੀ ਘਟ ਦੋ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿਚ। ਮੇਰੀ ਨੌਕਰੀ ਤੇ ਮੇਰੇ ਸ਼ੌਕਾਂ ਨੇ ਮੈਨੂੰ ਦੇਸ਼ ਦੇ ਸਾਰੇ ਰਾਜਾਂ ਤੇ ਵਿਦੇਸ਼ਾਂ ਦੇ ਬਹੁਤੇ ਰਾਜਾਂ ਦੀਆਂ ਰਾਜਧਾਨੀਆਂ ਦਿਖਾਈਆਂ ਹਨ। ਮੈਨੂੰ ਰਾਜਧਾਨੀਆਂ ਦੇ ਪਸਾਰੇ ਨੇ ਸਰਸ਼ਾਰ ਵੀ ਕੀਤਾ ਹੈ ਤੇ ਨਿਰਾਸ਼ ਵੀ। ਸਰਸ਼ਾਰ ਇਸ ਲਈ ਕਿ ਇਹ ਪਸਾਰਾ ਬਹੁਲਤਾ ਤੇ ਵਿਕਾਸ ਦਾ ਚਿੰਨ੍ਹ ਹੈ, ਤੇ ਨਿਰਾਸ਼ ਇਸ ਲਈ ਕਿ ਇਸ ਨੇ ਮਕਾਨ ਛੋਟੇ, ਸੜਕਾਂ ਸੌੜੀਆਂ ਤੇ ਪਾਰਕਾਂ ਨਾਂ-ਮਾਤਰ ਕਰ ਦਿੱਤੀਆਂ ਹਨ। ਮੋਟਰ ਗੱਡੀਆਂ ਦੀ ਪੀਂ-ਪੀਂ ਤੇ ਕਾਰਖਾਨਿਆਂ ਦਾ ਧੂੰਆਂ ਕੰਨ, ਅੱਖਾਂ ਤੇ ਸਾਹਾਂ ਉਤੇ ਅਸਰ ਪਾ ਰਿਹਾ ਹੈ। ਭਾਰਤ ਦੀ ਰਾਜਧਾਨੀ ਨੇ ਇਸ ਦਾ ਹੱਲ ਰਾਸ਼ਟਰੀ ਰਾਜਧਾਨੀ ਖੇਤਰ ਦਾ ਪਸਾਰਾ ਲੱਭਿਆ ਹੈ। ਕੱਲ ਤੱਕ ਰੋਹਤਕ, ਪਾਨੀਪਤ, ਸੋਨੀਪਤ, ਬਾਗ਼ਪਤ, ਮੇਰਠ, ਗਾਜ਼ੀਆਬਾਦ, ਨੋਇਡਾ, ਬੁਲੰਦ ਸ਼ਹਿਰ, ਫਰੀਦਾਬਾਦ, ਗੁੜਗਾਉਂ, ਮੇਵਾਤ, ਅਲਵਰ, ਰਿਵਾੜੀ ਤੇ ਝੱਜਰ ਨੂੰ ਆਪਣੀ ਬੁੱਕਲ ਵਿਚ ਲੈਣ ਤੋਂ ਪਿੱਛੋਂ ਹੁਣ ਹਰਿਆਣਾ ਦੇ ਭਿਵਾਨੀ ਤੇ ਮਹਿੰਦਰਗੜ੍ਹ ਜ਼ਿਲੇ ਅਤੇ ਰਾਜਸਥਾਨ ਦੇ ਭਰਤਪੁਰ ਨੂੰ ਆਪਣੇ ਨਾਲ ਜੋੜ ਲਿਆ ਹੈ। ਹੁਣ ਇਹ ਖੇਤਰ ਦੇਸ਼ ਦੇ ਤ੍ਰਿਪੁਰਾ, ਨਾਗਾਲੈਂਡ ਤੇ ਸਿੱਕਮ ਤਿੰਨ ਰਾਜਾਂ ਨਾਲੋਂ ਵਡੇਰਾ ਹੋ ਗਿਆ ਹੈ। ਇਸ ਅਮਲ ਦਾ ਬਾਨ੍ਹਣੂ ਮੇਰੇ ਦਿੱਲੀ ਰਹਿੰਦਿਆਂ 1980 ਵਿਚ ਬੰਨ੍ਹਿਆ ਗਿਆ ਸੀ ਤੇ ਪਸਾਰਾ ਮੇਰੇ ਚੰਡੀਗੜ੍ਹ ਆਉਣ ਤੋਂ ਪਿੱਛੋਂ ਹੋਇਆ ਹੈ।
ਦਿੱਲੀ, ਹਰਿਆਣਾ, ਉਤਰ ਪ੍ਰਦੇਸ਼ ਤੇ ਰਾਜਸਥਾਨ ਦੀ ਸਾਂਝੀ ਸਹਿਮਤੀ ਤੋਂ ਪ੍ਰਤੱਖ ਹੈ ਕਿ ਇਸ ਨਾਲ ਪੂਰੇ ਖੇਤਰ ਦੇ ਆਰਥਕ ਵਿਕਾਸ ਲਈ ਇੱਕ ਸੁਚਾਰੂ ਜਨਤਕ ਆਵਾਜਾਈ ਖੁਲ੍ਹੇਗੀ, ਯਾਤਰਾ ਸਮਾਂ ਘਟੇਗਾ, ਸੜਕਾਂ ‘ਤੇ ਵਾਹਨਾਂ ਦੀ ਗਿਣਤੀ ਘਟੇਗੀ, ਭੀੜ-ਭੜੱਕੇ ਨੂੰ ਸਾਹ ਆਵੇਗਾ ਤੇ ਪ੍ਰਦੂਸ਼ਣ ਨੂੰ ਨੱਥ ਪਵੇਗੀ। ਦਿੱਲੀ-ਪਾਨੀਪਤ, ਦਿੱਲੀ-ਅਲਵਰ ਤੇ ਦਿੱਲੀ-ਮੇਰਠ ਇੱਕ ਦੂਜੇ ਦੇ ਨੇੜੇ ਆਉਣਗੇ ਤੇ ਇਹ ਨੇੜਤਾ ਜੈਪੁਰ ਤੱਕ ਖੁਲ੍ਹੇਗੀ। ਸ਼ਾਇਦ ਇਸ ਤੋਂ ਵੀ ਅੱਗੇ ਤੱਕ। ਵੱਡੀ ਗੱਲ ਇਹ ਹੈ ਕਿ ਲੰਮੇ ਰੂਟ ਦੀਆਂ ਬੱਸਾਂ ਤੇ ਜ਼ਮੀਨਦੋਜ਼ ਮੈਟਰੋ ਗੱਡੀਆਂ ਲਈ ਰਾਹ ਖੁੱਲ੍ਹੇਗਾ ਜਿਸ ਨਾਲ ਰਾਜਧਾਨੀਆਂ ਨਾਲ ਜੁੜੇ ਕਰਮਚਾਰੀਆਂ ਦੀ ਆਵਾਜਾਈ ਸੌਖੀ ਹੋ ਜਾਵੇਗੀ। ਸਿੱਟੇ ਵਜੋਂ ਆਮ ਵਸੋਂ ਸ਼ਹਿਰ ਵਿਚ ਸੁੰਗੜੇ ਰਹਿਣ ਦੀ ਥਾਂ ਬਾਹਰ ਵੱਸਣਾ ਪਸੰਦ ਕਰੇਗੀ।
ਰਾਜਧਾਨੀਆਂ ਦੇ ਵਿਕਾਸ ਦਾ ਜਾਣੂੰ ਹੋਣ ਕਾਰਨ ਮੇਰਾ ਮਨ ਚਾਹੁੰਦਾ ਹੈ ਕਿ ਅਜਿਹੀਆਂ ਵਿਕਾਸ ਕਾਰਵਾਈਆਂ ਹੋਰ ਰਾਜਾਂ ਦੀਆਂ ਰਾਜਧਾਨੀਆਂ ਵਿਚ ਵੀ ਹੋਣੀਆਂ ਚਾਹੀਦੀਆਂ ਹਨ। ਚੰਡੀਗੜ੍ਹ ਵਿਚ ਤਾਂ ਖਾਸ ਕਰਕੇ, ਜਿਸ ਦੀ ਬੁੱਕਲ ਵਿਚ ਕੇਵਲ ਪੰਜਾਬ ਤੇ ਹਰਿਆਣਾ ਦੇ ਅਜੀਤਗੜ੍ਹ ਤੇ ਪੰਚਕੂਲਾ ਜ਼ਿਲ੍ਹੇ ਹੀ ਨਹੀਂ ਪਿੰਜੌਰ, ਬੱਦੀ, ਡੇਰਾਬਸੀ, ਬਨੂੜ, ਘੜੂੰਆਂ ਤੇ ਕੁਰਾਲੀ ਤੱਕ ਦੇ ਸ਼ਹਿਰ ਤੇ ਕਸਬੇ ਜੁੜੇ ਹੋਏ ਹਨ। ਹੈ ਕੋਈ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਭਾਵਕਾਰੀ ਅਧਿਕਾਰੀ ਸੁਣ ਰਿਹਾ। ਜੇ ਨਹੀਂ ਸੁਣ ਰਿਹਾ ਤਾਂ ਹਰਿਆਣਾ, ਪੰਜਾਬ ਤੇ ਹਿਮਾਚਲ ਦੇ ਰਾਜਪਾਲਾਂ ਦਾ ਕੁੰਡਾ ਖੜਕਾਈਏ। ਵਿਕਾਸ ਦੇ ਰਾਹ ਖੋਲ੍ਹਿਆਂ ਹੀ ਉਨਤੀ ਦੇ ਦਰਵਾਜ਼ੇ ਖੁਲ੍ਹਦੇ ਹਨ।
ਖੁਆਜਾ ਖਿਜਰ ਤੋਂ ਬੇਮੁਖੀ
ਹਿਮਾਲੀਅਨ ਸੁਨਾਮੀ ਨੇ ਬੁੱਧੀਜੀਵੀਆਂ, ਸਿਆਸਤਦਾਨਾਂ ਤੇ ਧਰਮ ਦੇ ਰਾਖਿਆਂ ਨੂੰ ਪੱਬਾਂ ਭਾਰ ਕਰੀ ਰਖਿਆ ਹੈ। ਕੋਈ ਚਿਪਕੋ ਲਹਿਰ ਵਾਲੇ ਸੁੰਦਰ ਲਾਲ ਬਹੁਗੁਣਾ ਨੂੰ ਚੇਤੇ ਕਰ ਰਿਹਾ ਹੈ ਤੇ ਕੋਈ ਜਵਾਹਰ ਲਾਲ ਨਹਿਰੂ ਦੇ 1958 ਵਿਚ ਬੋਲੇ ਬੋਲਾਂ ਨੂੰ। ਪੰਡਤ ਨਹਿਰੂ ਨੇ ਅੱਧੀ ਸਦੀ ਪਹਿਲਾਂ ਵਾਤਾਵਰਨ ਵਿਗਾੜਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਸੀ। ਵਣ ਤ੍ਰਿਣ ਤੇ ਜੰਗਲੀ ਬੂਟੀਆਂ ਦੀ ਸਾਂਭ ਸੰਭਾਲ ਤੇ ਨਦੀਆਂ ਦੇ ਪਾਣੀਆਂ ਨੂੰ ਗੰਧਲਾ ਕਰਨ ਵਿਰੁਧ ਸਮੇਂ ਦੀਆਂ ਸਰਕਾਰਾਂ ਵੀ ਕਾਨੂੰਨ ਘੜਨੋ ਨਹੀਂ ਹਟੀਆਂ। ਪਰ ਬਾਹਰੋਂ ਆਏ ਟੂਰਿਸਟਾਂ ਦੀ ਸੁਵਿਧਾ ਲਈ ਭਵਨ ਤੇ ਰਿਜ਼ਾਰਟ ਉਸਾਰਨ ਵਾਲਿਆਂ ਦੇ ਪੈਸੇ ਅੱਗੇ ਚੋਰ ਮੋਰੀਆਂ ਖੁੱਲ੍ਹਦੀਆਂ ਰਹੀਆਂ ਨੇ। ਬਹੁਗੁਣਾ ਹਾਰ ਕੇ ਚੁੱਪ ਹੋ ਗਿਆ ਤੇ ਕੋਈ ਬਲਬੀਰ ਸਿੰਘ ਸੀਚੇਵਾਲ ਵਰਗਾ ਸਿਰੜੀ ਅੱਗੇ ਨਹੀਂ ਆਇਆ। ਅੰਤ ਉਹੀ ਹੋਇਆ ਜਿਸ ਦਾ ਡਰ ਸੀ। ਪਰਬਤਾਂ ਦੇ ਮੰਦਰ, ਮਕਾਨ ਤੇ ਸ਼ਿਵਾਲੇ ਢਹਿ ਢੇਰੀ ਹੋ ਗਏ ਅਤੇ ਲੁਟੇਰਿਆਂ ਤੇ ਪੈਸਾ ਕਮਾਉਣ ਵਾਲਿਆਂ ਦੀ ਚੜ੍ਹ ਮੱਚੀ। ਭਾਰਤੀ ਸੈਨਾ ਤੇ ਨੀਮ ਸੈਨਿਕ ਦਲਾਂ ਦਾ ਯੋਗਦਾਨ ਵੀ ਕਿਸੇ ਖਾਤੇ ਨਹੀਂ ਪਿਆ। ਉਨ੍ਹਾਂ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਨਦੀਆਂ ਨਾਲੇ ਲਾਸ਼ਾਂ ਨਾਲ ਭਰ ਗਏ। ਹਨੇਰੀ ਤੇ ਝੱਖੜ ਪੇਸ਼ ਨਹੀਂ ਸੀ ਜਾਣ ਦਿੰਦੇ।
ਇਹ ਤਬਾਹੀ ਅਣਕਿਆਸੀ ਵੀ ਹੈ ਤੇ ਬਿਨ ਮੰਗੀ ਵੀ। ਮੇਰੇ ਕੋਲ ਆਪਣੇ ਆਪ ਨੂੰ ਸਮਝਾਉਣ ਲਈ ਮਿਥਿਹਾਸ ਤੋਂ ਸਿਵਾ ਕੋਈ ਚਾਰਾ ਨਹੀਂ। ਅਸੀਂ ਖੁਆਜਾ ਖਿਜਰ ਤੋਂ ਬੇਮੁਖ ਹੋ ਗਏ ਹਾਂ। ਉਸ ਨੂੰ ਜਾਗਣਾ ਪੈ ਗਿਆ ਹੈ, ਬੋਲਣਾ ਵੀ। ਮਿਥਿਹਾਸ ਅਨੁਸਾਰ ਖੁਆਜਾ ਖਿਜਰ ਦਾ ਇਸ ਦੁਨੀਆਂ ਨੂੰ ਹਰੀ ਭਰੀ ਤੇ ਜੀਉੂਣ ਜੋਗੀ ਬਣਾਉਣ ਵਿਚ ਬੜਾ ਹੱਥ ਹੈ। ਉਹ ਸਮੁੰਦਰ ਤੇ ਬੀਆਬਾਨ ਦਾ ਰਹਿਬਰ ਹੈ। ਜਲ ਥਲ ਦਾ ਰਾਖਾ। ਉਹ ਭੁੱਲੇ ਭਟਕਿਆਂ ਦਾ ਮਾਰਗ ਦਰਸ਼ਨ ਵੀ ਕਰਦਾ ਹੈ। ਉਸ ਨੇ ਵਰਤਮਾਨ ਕਾਰਵਾਈ ਪਰਬਤ ਵਾਸੀਆਂ ਦੇ ਮਾਰਗ ਦਰਸ਼ਨ ਲਈ ਕੀਤੀ ਹੈ। ਇਸ ਲਈ ਕਿ ਉਹ ਅੱਗੇ ਤੋਂ ਉਹਨੂੰ ਚੇਤੇ ਰਖਣ ਤੇ ਅੰਧਾ ਧੁੰਦ ਕਹੀਆਂ ਤੇ ਕੁਲਹਾੜਿਆਂ ਦੀ ਵਰਤੋਂ ਨਾ ਕਰਨ। ਗੰਗਾ ਵਿਚ ਤਰਦੀਆਂ ਲਾਸ਼ਾਂ ਤੱਕ ਕੇ ਹੰਝੂ ਤਾਂ ਬਾਬੇ ਖਿਜਰ ਦੀਆਂ ਅੱਖਾਂ ਵਿਚ ਵੀ ਆਏ ਹੋਣਗੇ ਪਰ ਸਥਿਤੀ ਉਹਦੇ ਕਾਬੂ ਤੋਂ ਬਾਹਰ ਚਲੀ ਗਈ ਸੀ। ਅੱਗੇ ਤੋਂ ਸਬਕ ਸਿਖੀਏ ਤੇ ਹਰਿਆਲੀ ਨਾਲ ਛੇੜ ਛਾੜ ਨਾ ਕਰੀਏ। ਪਾਣੀਆਂ ਅੱਗੇ ਸਿਰ ਝੁਕਾਈਏ।
ਕਾਲੇ ਪਾਣੀਆਂ ਦੇ ਗੋਰੇ ਸਮਾਚਾਰ
ਅੰਡੇਮਾਨ ਤੇ ਨਿਕੋਬਾਰ ਨੂੰ ਸੇਵਾ ਮੁਕਤ ਜਰਨੈਲ ਏæ ਕੇæ ਸਿੰਘ ਦੇ ਰੂਪ ਵਿਚ ਨਵਾਂ ਗਵਰਨਰ ਹੀ ਨਹੀਂ ਮਿਲ ਰਿਹਾ। ਹਿੰਡਨ (ਦਿੱਲੀ) ਹਵਾਈ ਅੱਡੇ ਤੋਂ ਭਾਰਤੀ ਹਵਾਈ ਸੈਨਾ ਦਾ ਗਲੋਬਮਾਸਟਰ 999 ਇਸ ਧਰਤ ਦੀ ਰਾਜਧਾਨੀ ਪੋਰਟ ਬਲੇਅਰ ਵਿਚ ਸਿੱਧਾ ਉਤਰਨ ਲੱਗ ਪਿਆ ਏ। ਮੈਂ 1973 ਦੇ ਅਪਰੈਲ ਮਹੀਨੇ ਇਸ ਧਰਤੀ ਵਿਚ ਪੂਰਾ ਇਕ ਮਹੀਨਾ ਰਹਿ ਕੇ ਇਥੋਂ ਦੀਆਂ ਮੁਸ਼ਕਲਾਂ ਵੇਖੀਆਂ ਹਨ। ਉਥੇ ਜਾਣ ਵਾਲੇ ਨਿੱਕੇ ਹਵਾਈ ਜਹਾਜ਼ ਨੂੰ ਰੰਗੂਨ ਉਤਰ ਕੇ ਉਥੋਂ ਗੈਸ ਲੈਣੀ ਪੈਂਦੀ ਸੀ। ਮੁਸਾਫਰ ਵੀਜ਼ਾ ਲਏ ਬਿਨਾਂ ਸਫਰ ਨਹੀਂ ਸੀ ਕਰ ਸਕਦੇ। ਗੈਸ ਨਾ ਮਿਲਣ ਦੀ ਸੂਰਤ ਵਿਚ ਜਾਣ ਵਾਲੇ ਸਮੁੰਦਰੀ ਜਹਾਜ਼ ਰਾਹੀਂ ਜਾਂਦੇ ਸਨ ਜਿਸ ਦੀਆਂ ਸੀਟਾਂ ਪੋਰਟ ਬਲੇਅਰ ਤੋਂ ਬੁੱਕ ਹੁੰਦੀਆਂ ਸਨ। ਮੈਂ ਵੀ ਏਦਾਂ ਹੀ ਗਿਆ ਸਾਂ। ਔਖਾ ਹੋ ਕੇ। ਮੇਰਾ ਜੀਅ ਕਰਦਾ ਹੈ ਕਿ ਮੈਂ ਸੱਜਰੇ ਸਮਾਚਾਰਾਂ ਦਾ ਸਵਾਗਤ ਵੀ ਕਰਾਂ ਤੇ ਚਾਰ ਦਹਾਕੇ ਵਿਚ ਹੋਏ ਵਿਕਾਸ ਕਾਰਜ ਵੀ ਵੇਖ ਕੇ ਆਵਾਂ।
ਅੰਤਿਕਾ: (ਮਿਰਜ਼ਾ ਗ਼ਾਲਿਬ)
ਯੇਹ ਨਾ ਥੀ ਹਮਾਰੀ ਕਿਸਮਤ
ਕਿ ਵਸਾਲ ਏ ਯਾਰ ਹੋਤਾ।
ਅਗਰ ਔਰ ਜੀਤੇ ਰਹਿਤੇ
ਯਹੀ ਇੰਤਜ਼ਾਰ ਹੋਤਾ।
ਹੂਏ ਮਰ ਕੇ ਹਮ ਜੋ ਰੁਸਵਾ
ਹੂਏ ਕਿਉਂ ਨਾ ਗ਼ਰਕ ਏ ਦਰਿਆ,
ਨਾ ਕਭੀ ਜਨਾਜ਼ਾ ਉਠਤਾ
ਨਾ ਕਹੀਂ ਮਜ਼ਾਰ ਹੋਤਾ।
ਯੇਹ ਮਸਾਇਲ ਏ ਤਸਵੱਫ
ਯੇਹ ਤੇਰਾ ਬਿਆਨ ਗ਼ਾਲਿਬ,
ਤੁਝੇ ਹਮ ਵਲੀ ਸਮਝਤੇ
ਜੋ ਨਾ ਬਾਦਾਖ੍ਵਾਰ ਹੋਤਾ।

Be the first to comment

Leave a Reply

Your email address will not be published.