ਪੰਜਾਬ ਸੰਕਟ ਲਈ ਜਿ਼ੰਮੇਵਾਰ ‘ਤਨਖਾਹੀਆਂ’ ਦੀ ਸ਼ਨਾਖਤ ਕਰਦਾ ਨਾਵਲ

ਨਿਰੰਜਣ ਬੋਹਾ, ਮਾਨਸਾ
ਫੋਨ: 91-89682-82700
ਅੱਸੀਵਿਆਂ ਦੇ ਪੰਜਾਬ ਸੰਕਟ ਵੱਲੋਂ ਸਾਡੇ ਜਨ ਜੀਵਨ ‘ਤੇ ਪਾਏ ਪ੍ਰਭਾਵ ਐਨੇ ਚਿਰ ਸਥਾਈ ਤੇ ਦੀਰਘਕਾਲੀ ਹਨ ਕਿ ਉਨ੍ਹਾਂ ਬਾਰੇ ਸ਼ੁਰੂ ਹੋਏ ਬਹੁ-ਪਰਤੀ ਸੰਵਾਦ ਨੇ ਚਾਰ ਦਹਾਕੇ ਬੀਤ ਜਾਣ ‘ਤੇ ਵੀ ਆਪਣੀ ਸਾਰਥਿਕਤਾ ਬਣਾਈ ਹੋਈ ਹੈ। ਪੰਜਾਬ ਦੁਖਾਂਤ ਵਾਪਰਨ ਦੇ ਸਮਾਜਿਕ, ਸਭਿਆਚਾਰਕ, ਆਰਥਿਕ ਤੇ ਰਾਜਨੀਤਕ ਪਿਛੋਕੜੀ ਕਾਰਨ ਕਿਹੜੇ ਹਨ? ਇਸ ਲਈ ਕਿਹੜੀਆਂ ਧਿਰਾਂ ਜਿ਼ੰਮੇਵਾਰ ਹਨ? ਕੀ ਪੰਜਾਬੀਆਂ ਦੇ ਮਨ ਮਸਤਕ ‘ਤੇ ਅੱਜ ਤੱਕ ਛਾਏ ਹੋਏ ਇਸ ਦੁਖਾਂਤ ਨੂੰ ਟਾਲਿਆ ਜਾ ਸਕਦਾ ਸੀ? ਪੰਜਾਬ ਨੂੰ ਫਿਰ ਤੋਂ ਅਜਿਹੀ ਹੋਣੀ ਤੋਂ ਬਚਾਉਣ ਲਈ ਕੀ ਕੀਤਾ ਜਾਣਾ ਲੋੜੀਦਾ ਹੈ? ਆਦਿ ਸੁਆਲਾਂ ਦਾ ਜਵਾਬ ਤਲਾਸ਼ ਕਰਨ ਲਈ ਰਚੇ ਸਾਹਿਤ ਦੀ ਸੁਰ ਭਾਵੇਂ ਵਧੇਰੇ ਕਰਕੇ ਕਿਸੇ ਇੱਕ ਧਿਰ ਦਾ ਸਮਰਥਨ ਕਰਨ ਵਾਲੇ ਭਾਵੁਕ ਪ੍ਰਵਚਨ ਹੀ ਸਿਰਜਦੀ ਰਹੀ ਹੈ, ਪਰ ਸਮਾਂ ਬੀਤਣ ‘ਤੇ ਭਾਵੁਕਤਾ ਮੁਕਤ ਵਿਸ਼ਲੇਸ਼ਣੀ ਪਹੁੰਚ ਵਾਲੀਆਂ ਬਹੁਤ ਸਾਰੀਆਂ ਲਿਖਤਾਂ ਵੀ ਲਿਖੀਆਂ ਗਈਆਂ ਹਨ।

ਪੰਜਾਬੀ ਪੱਤਰਕਾਰੀ ਤੇ ਗਲਪਕਾਰੀ ਖੇਤਰ ਵਿਚ ਵੱਖਰੀ ਪਛਾਣ ਰੱਖਣ ਵਾਲੇ ਵਰਿੰਦਰ ਸਿੰਘ ਵਾਲੀਆ ਦੇ ਇਸ ਵਿਸ਼ੇ ਨਾਲ ਸਬੰਧਤ ਨਾਵਲ ‘ਤਨਖਾਹੀਏ’ ਨੂੰ ਵੱਡਾ ਪਾਠਕੀ ਹੁੰਗਾਰਾ ਮਿਲਣ ਦਾ ਕਾਰਨ ਇਹੀ ਹੈ ਕਿ ਉਸ ਵੱਲੋਂ ਪੰਜਾਬ ਸੰਕਟ ਦਾ ਕੀਤਾ ਵਿਸ਼ਲੇਸ਼ਣ ਤੇ ਵਿਵੇਚਨ ਪੂਰੀ ਤਰ੍ਹਾਂ ਨਿਰਪੱਖ ਤੇ ਬੇਬਾਕ ਹੈ। ਇਸ ਸੰਕਟ ਨੂੰ ਡੂੰਘਾ ਕਰਨ ਜਾਂ ਇਸ ਦਾ ਹੱਲ ਤਲਾਸ਼ਣ ਲਈ ਕਿਸੇ ਵੀ ਧਿਰ ਵੱਲੋਂ ਅਚੇਤ ਜਾਂ ਸੁਚੇਤ ਰੂਪ ਵਿਚ ਵਿਖਾਈ ਕ੍ਰਿਆਸ਼ੀਲਤਾ ਨੂੰ ਨਾਵਲਕਾਰ ਨੇ ਬਹੁਤ ਸਜੀਵਤਾ ਨਾਲ ਰੂਪਮਾਨ ਕੀਤਾ ਹੈ।
ਇਹ ਨਾਵਲ ਪੰਜਾਬ ਦੁਖਾਂਤ ਦੇ ਪੈਦਾ ਹੋਣ ਦੇ ਮੁਢਲੇ ਕਾਰਨ ਭਾਰਤ ਦੀ ਕੇਂਦਰੀ ਹਕੂਮਤ ਵੱਲੋਂ ਘੱਟ ਗਿਣਤੀ ਸਿੱਖਾਂ ਨਾਲ ਕੀਤੇ ਜਾਣ ਵਾਲੀ ਵਿਤਕਰੇਬਾਜ਼ੀ ਵਿਚੋਂ ਤਲਾਸ਼ਦਾ ਹੈ। ਸੰਨ ਸੰਤਾਲੀ ਤੋਂ ਬਾਅਦ ਸਿੱਖ ਕੌਮ ਦੀ ਗੌਰਵਤਾ ਨੂੰ ਨਜ਼ਰਅੰਦਾਜ਼ ਕਰਨ ਤੋਂ ਪੈਦਾ ਹੋਇਆ ਇਹ ਰੋਸ ਪੜਾਅ ਦਰ ਪੜਾਅ ਗੰਭੀਰ ਰੂਪ ਧਾਰਨ ਕਰਦਾ ਗਿਆ ਤੇ ਅੰਤ ਅੱਸੀਵਿਆਂ ਵਿਚ ਵਿਸਫੋਟਕ ਰੂਪ ਵਿਚ ਪ੍ਰਗਟ ਹੋਇਆ। ਨਾਵਲ ਦੀ ਕਹਾਣੀ ਦੀ ਸ਼ੁਰੂਆਤ ਸੰਨ 1971 ਦੇ ਭਾਰਤ-ਪਾਕਿਸਤਾਨ ਜੰਗ ਤੋਂ ਸ਼ੁਰੂ ਹੁੰਦੀ ਹੈ। ਇਸ ਜੰਗ ਨੂੰ ਜੇਤੂ ਮੁਕਾਮ ਤੱਕ ਪਹੁੰਚਾਉਣ ਲਈ ਸਿੱਖ ਸੈਨਿਕਾਂ ਤੇ ਅਫਸਰਾਂ ਨੇ ਅਹਿਮ ਭੂਮਿਕਾ ਨਿਭਾਈ, ਪਰ ਫੌਜ ਵਿਚਲੇ ਅੰਤਰ ਵਿਰੋਧਾਂ ਕਾਰਨ ਇਸ ਜੇਤੂ ਜੰਗ ਦੇ ਅਸਲ ਨਾਇਕ ਬ੍ਰਿਗੇਡੀਅਰ ਸ਼ਬੇਗ ਸਿੰਘ ਦੀ ਜੰਗੀ ਮੁਹਾਰਤ ਤੇ ਕੁਰਬਾਨੀ ਨੂੰ ਨਜ਼ਰ ਅੰਦਾਜ਼ ਕਰਕੇ ਫੌਜ ਵਿਚੋਂ ਅਪਮਾਨਿਤ ਢੰਗ ਨਾਲ ਬਰਖਾਸਤ ਕਰ ਦਿੱਤਾ ਗਿਆ। ਬਹੁ-ਗਿਣਤੀ ਦੀ ਪ੍ਰਤੀਨਿਧਤਾ ਕਰਦੀ ਕੇਂਦਰੀ ਹਕੂਮਤ ਖਿਲਾਫ ਪੈਦਾ ਹੋਈ ਉਸ ਅੰਦਰਲੀ ਰੋਸ ਦੀ ਭਾਵਨਾ ਅੰਤ ਬਦਲਾਖੋਰੀ ਦੀ ਭਾਵਨਾ ਵਿਚ ਤਬਦੀਲ ਹੋ ਗਈ ਤੇ ਫਿਰ ਇਹ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਫੌਜੀ ਦ੍ਰਿਸ਼ਟੀ ਤੋਂ ਕੀਤੀ ਕਿੱਲੇਬੰਦੀ ਦੇ ਰੂਪ ਵਿਚ ਸਾਹਮਣੇ ਆਈ। ਨਾਵਲ ਅਨੁਸਾਰ ਵਿਤਕਰੇਬਾਜ਼ੀ ਤੋਂ ਉਪਜੀ ਸਿੱਖ ਜਗਤ ਦੀ ਬਗਾਵਤੀ ਕ੍ਰਿਆਸ਼ੀਲਤਾ ਅਤੇ ਇਸ ਨੂੰ ਦਬਾਉਣ ਦੀ ਪ੍ਰਤੀਕ੍ਰਿਆਵਾਦੀ ਸੋਚ ਹੀ ਸੰਨ ਸੰਤਾਲੀ ਤੋਂ ਬਾਅਦ ਦੇਸ਼ ਵਿਚ ਹੋਣ ਵਾਲੇ ਦੂਸਰੇ ਵੱਡੇ ਮਨੁੱਖੀ ਕਤਲੇਆਮ ਦਾ ਕਾਰਨ ਬਣੀ ਹੈ।
ਬੰਗਲਾ ਦੇਸ਼ ਨੂੰ ਪਾਕਿਸਤਾਨ ਨਾਲੋਂ ਅਲਗ ਕਰਨ ਲਈ ਬੰਗਾਲੀ ਨੌਜਵਾਨਾਂ ਨੂੰ ਫੌਜੀ ਗੁਰੀਲਾ ਯੁਧ ਦੀ ਸਿਖਲਾਈ ਦੇਣ ਵਾਲੇ ਫੌਜੀ ਜਰਨੈਲ ਦੀ ਮਾਨਸਿਕਤਾ ਜੇ ਭਾਰਤ ਸਰਕਾਰ ਵਿਰੁੱਧ ਗੁਰੀਲਾ ਯੁੱਧ ਲੜਨ ਵਾਲੇ ਸਿੱਖ ਖਾੜਕੂਆਂ ਨੂੰ ਵੀ ਅਜਿਹੀ ਸਿਖਲਾਈ ਦੇਣ ਵਾਲੀ ਬਦਲਾ ਲਊ ਪ੍ਰਵਿਰਤੀ ਧਾਰਨ ਕਰਦੀ ਹੈ ਤਾਂ ਇਹ ਕਿਸੇ ਵੀ ਹਕੂਮਤ ਲਈ ਸਬਕ ਹੈ ਕਿ ਦੇਸ਼ ਲਈ ਲੜਨ ਵਾਲੇ ਹਰ ਸੈਨਿਕ ਨੂੰ ਉਸ ਦੀ ਕਾਰਗੁਜਾਰੀ ਤੇ ਕੁਰਬਾਨੀ ਅਨੁਸਾਰ ਢੁਕਵਾਂ ਸਨਮਾਨ ਦਿੱਤਾ ਜਾਵੇ। ਨਾਵਲ ਇਸ ਇਤਿਹਾਸਕ ਸੱਚ ਦੀ ਵੀ ਸ਼ਿੱਦਤ ਨਾਲ ਬਿਆਨੀ ਕਰਦਾ ਹੈ ਕਿ ਜੇ ਤਰੱਕੀ ਸਮੇਂ ਮੈਰਿਟ ਨੂੰ ਨਜ਼ਰ ਅੰਦਾਜ਼ ਕਰਕੇ ਜਨਰਲ ਕੌਲ ਵਰਗੇ ਕਿਸੇ ਸਿਫਾਰਸ਼ੀ ਨੂੰ ਫੌਜ ਦੀ ਕਮਾਨ ਸੌਂਪੀ ਗਈ ਸੀ ਤਾਂ ਭਾਰਤ ਨੂੰ 1962 ਦੀ ਲੜਾਈ ਵੇਲੇ ਚੀਨ ਕੋਲੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 1971 ਦੀ ਜੰਗ ਵੇਲੇ ਬ੍ਰਿਗੇਡੀਅਰ ਸ਼ਬੇਗ ਸਿੰਘ ਨੂੰ ਉਸ ਦੀ ਬਹਾਦੁਰੀ ਅਤੇ ਵਫਾਦਾਰੀ ਲਈ ਅਹਿਮੀਅਤ ਦੇਣ ਦੀ ਥਾਂ ਉਸ ਨੂੰ ਅਪਮਾਨਿਤ ਕੀਤਾ ਗਿਆ ਤਾਂ ਸਾਰੇ ਦੇਸ਼ ਨੂੰ ਇਸ ਦੀ ਕੀਮਤ ਚੁਕਾਉਣੀ ਪਈ।
ਨਾਵਲ ਪੰਜਾਬ ਦੀਆਂ ਦੋਹੇ ਮੁੱਖ ਸਿਆਸੀ ਪਾਰਟੀਆਂ-ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਸਮੱਸਿਆ ਨੂੰ ਉਲਝਾਉਣ ਦਾ ਦੋਸ਼ੀ ਮੰਨਦਿਆਂ ਲੋਕ ਕਟਹਿਰੇ ਵਿਚ ਖੜ੍ਹਾ ਕਰਦਾ ਹੈ। ਨਾਵਲ ਅਨੁਸਾਰ ਐਮਰਜੈਂਸੀ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਮਿਲੀ ਤੇ ਦੇਸ਼ `ਤੇ ਲੰਮੇ ਸਮੇ ਤੋਂ ਰਾਜ ਕਰਦੀ ਆ ਰਹੀ ਇਹ ਪਾਰਟੀ ਇਕ ਦਮ ਸੱਤਾ ਦੇ ਹਾਸ਼ੀਏ ‘ਤੇ ਪਹੁੰਚ ਗਈ। ਕਾਂਗਰਸ ਸੁਪਰੀਮੋ ਇੰਦਰਾ ਗਾਂਧੀ ਦੇ ਅਹਿਸਾਨਾਂ ਹੇਠ ਦੱਬੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਉਸ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਅਜਿਹੀਆਂ ਇਤਿਹਾਸਕ ਗਲਤੀਆਂ ਕੀਤੀਆਂ, ਜਿਸ ਦਾ ਉਸ ਨੂੰ ਮਰਦੇ ਦਮ ਤੱਕ ਪਛਤਾਵਾ ਰਿਹਾ। ਉਸ ਵੱਲੋਂ ਅਕਾਲੀ ਦਲ ਦੇ ਸਥਾਈ ਸਿੱਖ ਵੋਟ ਬੈਂਕ ਵਿਚ ਪਾੜ ਲਾਉਣ ਲਈ ਦਲ ਖਾਲਸਾ ਦੇ ਰੂਪ ਵਿਚ ਗਰਮ ਖਿਆਲੀ ਸਿੱਖਾਂ ਦੀ ਨਵੀਂ ਜੱਥੇਬੰਦੀ ਵੀ ਕਾਇਮ ਕੀਤੀ ਗਈ ਤੇ ਗਰਮ ਖਿਆਲੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਨੂੰ ਸਿੱਖਾਂ ਦੇ ਨਵੇਂ ਆਗੂ ਦੇ ਰੂਪ ਵਿਚ ਵੀ ਉਭਾਰਿਆ ਵੀ ਗਿਆ। ਪੰਜਾਬ ਵਿਚ ਆਪਣੇ ਨੇੜਲੇ ਰਾਜਸੀ ਸ਼ਰੀਕ ਦਰਬਾਰਾ ਸਿੰਘ ਨੂੰ ਉਸ ਦੇ ਮੁੱਖ ਮੰਤਰੀ ਕਾਰਜ ਕਾਲ ਦੌਰਾਨ ਪ੍ਰੇਸ਼ਾਨ ਕਰਨਾ ਵੀ ਉਸ ਦਾ ਲੁਕਵਾਂ ਮੰਤਵ ਰਿਹਾ। ਸਿੱਖ ਨਿਰੰਕਾਰੀ ਕਾਂਡ ਤੋਂ ਬਾਅਦ ਸੰਤ ਭਿੰਡਰਾਂ ਵਾਲੇ ਇਕ ਸ਼ਕਤੀਸ਼ਾਲੀ ਧਾਰਮਿਕ ਆਗੂ ਦੇ ਰੂਪ ਵਿਚ ਸਾਹਮਣੇ ਆਏ ਅਤੇ ਉਨ੍ਹਾਂ ਦੀਆਂ ਧਾਰਮਿਕ ਸਰਗਰਮੀਆਂ ਕਾਂਗਰਸ ਦੀ ਕੇਂਦਰੀ ਸਰਕਾਰ ਦੇ ਮਨਸੂਬਿਆਂ ‘ਤੇ ਭਾਰੂ ਪੈਣ ਲੱਗੀਆਂ ਤਾਂ ਸੰਤਾਂ ਦੀ ਚੜ੍ਹਤ ਸਰਕਾਰ ਲਈ ਵੀ ਇਕ ਸਮੱਸਿਆ ਬਣ ਗਈ। ਨਾਵਲ ਦੇ ਵਿਸ਼ਲੇਸ਼ਣੀ ਬੋਧ ਅਨੁਸਾਰ ਸਿੱਖ ਹਿਰਦਿਆਂ ਨੂੰ ਧੁਰ ਅੰਦਰ ਤੱਕ ਵਲੂੰਧਰਣ ਵਾਲਾ ਅਪਰੇਸ਼ਨ ਬਲਿਊ ਸਟਾਰ ਸੰਤਾਂ ਦੀ ਚੜ੍ਹਤ ਨੂੰ ਰੋਕਣ ਦੇ ਨਤੀਜੇ ਵਜੋਂ ਹੀ ਹੋਂਦ ਵਿਚ ਆਇਆ ਸੀ।
ਦੂਸਰੇ ਪਾਸੇ ਸੰਤਾਂ ਦੀ ਸਿੱਖ ਜਗਤ ‘ਤੇ ਬਣ ਰਹੀ ਪਕੜ ਅਕਾਲੀ ਦਲ ਨੂੰ ਵੀ ਆਪਣੀ ਹੋਂਦ ਲਈ ਵੱਡਾ ਖਤਰਾ ਲੱਗੀ ਤਾਂ ਇਸ ਨੂੰ ਘੱਟ ਕਰਨ ਲਈ ਧਰਮ ਯੁਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਮਰਜੀਵੜਿਆਂ ਦੀ ਇੱਕ ਲੱਖ ਫੌਜ ਤਿਆਰ ਕਰਨ ਦਾ ਐਲਾਨ ਕਰ ਦਿੱਤਾ। ਦੋਹਾਂ ਸੰਤਾਂ ਦੇ ਸਬੰਧਾਂ ਵਿਚਲੀ ਸਿਰੇ ਦੀ ਕੜਵਾਹਟ ਨੇ ਭਰਾ ਮਾਰੂ ਜੰਗ ਦੀ ਸ਼ੁਰੂਆਤ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਅਕਾਲੀ ਲੀਡਰਸ਼ਿਪ ਤੇ ਗਰਮ ਖਿਆਲੀ ਖਾੜਕੂ ਧਿਰਾਂ ਵਿਚਕਾਰ ਚਲਦੇ ਤਣਾਉ ਤੇ ਟਕਰਾਓ ਨੇ ਦੇਸ਼ ਦੀ ਤਾਨਾਸ਼ਾਹ ਪ੍ਰਧਾਨ ਮੰਤਰੀ ਨੂੰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦਾ ਬਹਾਨਾ ਵੀ ਦਿੱਤਾ ਤੇ ਇਸ ਲਈ ਉਕਸਾਉਣ ਦਾ ਕਾਰਜ ਵੀ ਕੀਤਾ। ਅਕਾਲੀ ਦਲ ਦੇ ਭਾਵੇਂ ਕਾਂਗਰਸ ਪਾਰਟੀ ਨਾਲ ਸਬੰਧ ਕਦੇ ਵੀ ਸੁਖਾਂਵੇ ਨਹੀਂ ਰਹੇ, ਪਰ ਸੰਤ ਜਰਨੈਲ ਸਿੰਘ ਦੀ ਚੜ੍ਹਤ ਨੂੰ ਰੋਕਣ ਲਈ ਦੋਵੇਂ ਪਾਰਟੀਆਂ ਅੰਦਰਖਾਤੇ ਇੱਕ ਹੋ ਗਈਆਂ। ਗੁਪਤ ਮੀਟਿੰਗਾਂ ਵੀ ਕਰਦੀਆਂ ਰਹੀਆਂ। ਇਹ ਨਾਵਲ ਅਪਰੇਸ਼ਨ ਬਲਿਊ ਸਟਾਰ ਬਾਰੇ ਜਾਰੀ ਹੋਏ ਸਰਕਾਰੀ ਵਾਈਟ ਪੇਪਰ ਦੇ ਹਵਾਲੇ ਨਾਲ ਅਕਾਲੀ ਲੀਡਰਸ਼ਿਪ ਤੇ ਕੇਂਦਰ ਸਰਕਾਰ ਵਿਚਕਾਰ ਹੋਈਆਂ ਕੁਝ ਮੀਟਿਗਾਂ ਬਾਰੇ ਜਾਣਕਾਰੀ ਵੀ ਦਿੰਦਾ ਹੈ।
ਨਾਵਲ ਮੀਡੀਆ ਦੇ ਕੁਝ ਹਿੱਸੇ ਵੱਲੋਂ ਆਪਣੇ ਨਿਜੀ ਮੁਫਾਦ ਲਈ ਪੰਜਾਬ ਸੱਮਸਿਆ ਤੋਂ ਲਾਹਾ ਲੈਣ ਦੀਆਂ ਬਦਨੀਤੀਆਂ ਬਾਰੇ ਵੀ ਭਰਵੀਂ ਚਰਚਾ ਕਰਦਾ ਹੈ। ਚਾਹੇ ਕੁਝ ਪੱਤਰਕਾਰ ਇਕ ਜਾਂ ਦੂਜੀ ਧਿਰ ਦੇ ਚਹੇਤੇ ਬਣਨ ਦੀ ਦੌੜ ਇਕਪਾਸੜ ਪੱਤਰਕਾਰੀ ਕਰਦਿਆਂ ਮੌਤ ਦੇ ਮੂੰਹ ਵਿਚ ਵੀ ਜਾ ਪਏ ਤੇ ਕੁਝ ਸੱਚੀ ਸੁੱਚੀ ਪੱਤਰਕਾਰੀ ਕਰਨ ਦਾ ਦਾ ਫਰਜ਼ ਨਿਭਾਉਂਦਿਆਂ ਸ਼ਹੀਦ ਵੀ ਹੋਏ, ਪਰ ਜਸਪਾਲ ਸਿੰਘ ਜੱਸੀ ਤੇ ਉਸ ਦੇ ਪੁੱਤ ਬੀਰੇ ਵਰਗੇ ਪੱਤਰਕਾਰ ਖਾੜਕੂਆਂ ਤੇ ਸਰਕਾਰ ਦੋਹਾਂ ਧਿਰਾਂ ਦੇ ਵਿਸ਼ਵਾਸ ਪਾਤਰ ਬਣ ਕੇ ਆਪਣੀਆਂ ਜੇਬਾਂ ਭਰਦੇ ਰਹੇ। ਸਨਸਨੀਖੇਜ਼ ਪੱਤਰਕਾਰੀ ਰਾਹੀਂ ਆਪਣਾ ਨਾਂ ਬਣਾਉਣ ਅਤੇ ਸਰਕਾਰੀ ਏਜੰਸੀਆਂ ਤੇ ਖਾੜਕੂਆਂ ਤੋਂ ਵੱਖਰੀ ਵੱਖਰੀ ਮਾਇਆ ਬਟੋਰਨ ਵਾਲੇ ਪੱਤਰਕਾਰਾਂ ਨੇ ਉਸ ਸਮੇਂ ਆਪਣੇ ਪੇਸ਼ੇ ਦੇ ਅਸੂਲਾਂ ਨੂੰ ਵੀ ਤਿਆਗ ਦਿੱਤਾ ਤੇ ਜ਼ਮੀਰ ਦੀ ਆਵਾਜ਼ ਨੂੰ ਅਣ-ਸੁਣਿਆਂ ਕਰ ਦਿੱਤਾ।
ਏਰੀਆ ਕਮਾਂਡਰ ਬਾਜ ਸਿੰਘ ਤੇ ਐਸ. ਐਚ. ਓ. ਸੁਰਿੰਦਰ ਸਿੰਘ ਇਸ ਸੰਘਰਸ਼ ਵਿਚ ਸ਼ਾਮਿਲ ਆਪਣੀਆਂ ਆਪਣੀਆਂ ਧਿਰਾਂ ਦੇ ਪ੍ਰਤੀਨਿਧ ਪਾਤਰ ਹਨ, ਇਸ ਲਈ ਨਾਵਲ ਦੇ ਆਖਰੀ ਕਾਂਡ ਵਿਚ ਉਨ੍ਹਾਂ ਦੋਹਾਂ ਵਿਚਕਾਰ ਹੋਇਆ ਸੰਵਾਦ ਸਰਕਾਰ ਤੇ ਖਾੜਕੂ ਧਿਰਾਂ ਵਿਚਾਕਾਰ ਹੋਏ ਸੰਵਾਦ ਦੀ ਹੀ ਤਰਜ਼ਮਾਨੀ ਕਰਦਾ ਹੈ। ਨਾਵਲਕਾਰ ਵੱਲੋਂ ਪੰਜਾਬ ਸਮੱਸਿਆ ਪ੍ਰਤੀ ਅਪਨਾਈ ਵਿਚਾਰਧਾਰਕ ਪਹੁੰਚ ਦਾ ਨਿਚੋੜ ਵੀ ਇਸੇ ਸੰਵਾਦ ਵਿਚ ਹੀ ਛੁਪਿਆ ਵਿਖਾਈ ਦਿੰਦਾ ਹੈ। ਇਸ ਮੌਕੇ ਦੋਵਾਂ ਧਿਰਾਂ ਦੀ ਅੰਤਰ ਆਤਮਾ ਮੰਨਦੀ ਹੈ ਕਿ ਆਮ ਲੋਕ ਸਰਕਾਰੀ ਤੇ ਗੈਰ-ਸਰਕਾਰੀ ਦਹਿਸ਼ਤਗਰਦੀ ਦੇ ਪੁੜਾਂ ਹੇਠ ਬੁਰੀ ਤਰ੍ਹਾਂ ਪਿਸੇ ਹਨ। ਜਦੋਂ ਐਸ. ਐਚ. ਓ. ਸੁਰਿੰਦਰ ਸਿੰਘ ਖਾੜਕੂ ਬਾਜ ਸਿੰਘ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੀ ਅੰਤਰ ਆਤਮਾ ਦੀ ਆਵਾਜ਼ ਤੇ ਉਸ ਤੋਂ ਇਹ ਵਾਅਦਾ ਮੰਗਦਾ ਹੈ ਕਿ ਉਹ ਦੁਬਾਰਾ ਜਨਮ ਮਿਲਣ ‘ਤੇ ਨਿਰਦੋਸ਼ਾਂ ਦੇ ਖੂਨ ਨਾਲ ਹੋਲੀ ਨਹੀਂ ਖੇਡੇਗਾ ਤਾਂ ਬਾਜ ਸਿੰਘ ਵੀ ਮੋੜਵੇਂ ਰੂਪ ਵਿਚ ਉਸ ਤੋਂ ਇਹੀ ਮੰਗ ਕਰਦਾ ਹੈ। ਇਸ ਤਰ੍ਹਾਂ ਨਾਵਲ ਕੱਚ ਨੂੰ ਕੱਚ ਤੇ ਸੱਚ ਨੂੰ ਸੱਚ ਕਹਿਣ ਦੀ ਨਿਰਪੱਖ ਵਿਚਾਰਧਾਰਕ ਪਹੁੰਚ ਦੀ ਤਰਜ਼ਮਾਨੀ ਕਰਦਿਆਂ ਆਪਣੀ ਸਮਾਪਤੀ ਵੱਲ ਵਧਦਾ ਹੈ।
ਕਿਸੇ ਨਾਵਲ ਜਾਂ ਕਹਾਣੀ ਵਿਚ ਗਲਪਕਾਰ ਆਪਣੀ ਰਚਨਾ ਦੀ ਉਦੇਸ਼ਾਤਮਿਕ ਪਹੁੰਚ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਪਾਤਰਾਂ ਦੀ ਮਾਨਸਿਕ ਅਵੱਸਥਾ ਨੂੰ ਉਸ ਪਹੁੰਚ ਅਨੁਸਾਰ ਢਾਲਣ ਸਬੰਧੀ ਬਹੁਤ ਖੁਲ੍ਹ ਲੈ ਸਕਦਾ ਹੈ, ਪਰ ਜਦੋਂ ਉਹ ਇਤਿਹਾਸਕ ਪਾਤਰਾਂ ਦੀ ਮਾਨਸਿਕਤਾ ਨੂੰ ਬਿਆਨ ਕਰ ਰਿਹਾ ਹੋਵੇ ਤਾਂ ਉਹ ਉਨ੍ਹਾਂ ਦੇ ਮੂਲ ਸੁਭਾਅ ਤੇ ਸੋਚ ਵਿਚ ਬਹੁਤੀ ਦਖਲਅੰਦਾਜ਼ੀ ਨਹੀਂ ਕਰ ਸਕਦਾ। ਗਿਆਨੀ ਜੈਲ ਸਿੰਘ ਤੇ ਜਨਰਲ ਸ਼ਬੇਗ ਸਿੰਘ ਵਰਗੇ ਜਗਤ ਪ੍ਰਸਿਧ ਇਤਿਹਾਸਕ ਪਾਤਰਾਂ ਦੀ ਮਾਨਸਿਕਤਾ ਵਿਚ ਸਮੇਂ ਤੇ ਸਥਿਤਿਆਂ ਅਨੁਸਾਰ ਆਉਂਦੇ ਰਹੇ ਉਤਰਾਵਾਂ-ਚੜ੍ਹਾਵਾਂ ਨੂੰ ਸਜੀਵਤਾ ਪ੍ਰਦਾਨ ਕਰਨਾ ਇਸ ਨਾਵਲ ਦਾ ਵਿਸ਼ੇਸ਼ ਹਾਸਿਲ ਹੈ। ਪੱਤਰਕਾਰੀ ਖੇਤਰ ਦੇ ਲੰਮੇ ਅਨੁਭਵ ਨੇ ਪੰਜਾਬ ਸੰਕਟ ਨਾਲ ਸਬੰਧਤ ਤੱਥਾਂ ਤੇ ਅੰਕੜਿਆਂ ਦੀ ਖੋਜ ਅਤੇ ਨਿਰਖ-ਪਰਖ ਕਰਨ ਵਿਚ ਉਸ ਦੀ ਵਿਸ਼ੇਸ਼ ਤੌਰ ‘ਤੇ ਮਦਦ ਕੀਤੀ ਹੈ। ਮੈਂ ਇਸ ਨਾਵਲ ਨੂੰ ਪੰਜਾਬ ਸਮੱਸਿਆ ਬਾਰੇ ਸਭ ਤੋਂ ਸਤੁੰਲਿਤ ਵਿਚਾਰਧਾਰਕ ਪਹੁੰਚ ਅਪਨਾਉਣ ਵਾਲੇ ਨਾਵਲਾਂ ਦੀ ਸ਼੍ਰੇਣੀ ਵਿਚ ਰੱਖਦਾ ਹਾਂ। ਨਾਵਾਲ ਐਵਿਸ ਪਬਲੀਕੇਸ਼ਨਜ਼, ਦਿੱਲੀ ਨੇ ਪ੍ਰਕਾਸਿ਼ਤ ਕੀਤਾ ਹੈ, ਜਿਸ ਦੀ ਕੀਮਤ 395 ਰੁਪਏ ਹੈ ਅਤੇ ਪੰਨੇ 242 ਹਨ।