ਬੈਚ ਫੁੱਲ ਚੈਰੀ ਪਲੱਮ-ਮਾਨਸਿਕ ਬੇਵਸੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜੇ ਕੋਈ ਪੁੱਛੇ ਬੰਦੇ ਦੇ ਸਰੀਰ ਦਾ ਸਭ ਤੋਂ ਅਹਿਮ ਅੰਗ ਕਿਹੜਾ ਹੈ, ਨਿਸ਼ਚੇ ਹੀ ਜਵਾਬ ਹੋਵੇਗਾ ਦਿਮਾਗ। ਦਿਮਾਗ ਦੀ ਕਾਰਗੁਜ਼ਾਰੀ ਅਤਿਅੰਤ ਤਰਕਸ਼ੀਲ ਹੁੰਦੀ ਹੈ, ਪਰ ਇਸ ਦੇ ਸਭ ਫੈਸਲੇ ਤਰਕਸ਼ੀਲ ਨਹੀਂ ਹੁੰਦੇ। ਇਸ ਦੇ ਬਹੁਤੇ ਫੈਸਲੇ ਅਚੇਤ ਦਿਮਾਗ ਅਧੀਨ ਹੁੰਦੇ ਹਨ, ਜੋ ਦਿਮਾਗ ਦਾ ਹੀ ਵਧਵਾਂ ਭਾਗ ਹੈ। ਅਚੇਤ ਦਿਮਾਗ ਗਹਿਰੀਆਂ ਪੁਰਾਤਨ ਯਾਦਾਂ ਤੇ ਜੱਦੀ-ਪੁਰਖੀ ਅਸਰਾਂ ਦੇ ਪੁਰਾਤੱਤਵ ਵਾਂਗ ਹੁੰਦਾ ਹੈ। ਇਹ ਤਰਕ ਵਿਵੇਕ ਤੋਂ ਇਲਾਵਾ ਵੱਖ ਵੱਖ ਗ੍ਰੰਥੀਆਂ ਤੋਂ ਆਏ ਹਾਰਮੋਨਾਂ ਦੇ ਪ੍ਰਭਾਵ ਅਨੁਸਾਰ ਚਲਦਾ ਹੈ।

ਇਸ ਦੇ ਕੰਮ ਕਾਜ ਨੂੰ ਮਨ ਕਿਹਾ ਜਾਂਦਾ ਹੈ। ਇਸੇ ਲਈ ਮਨ ਨੂੰ ਭਾਵੇਂ ਕਿਸੇ ਨੇ ਦੇਖਿਆ ਨਹੀਂ, ਪਰ ਆਮ ਗੱਲਬਾਤ ਵਿਚ ਦਿਮਾਗ ਦੀ ਥਾਂ ਇਹੀ ਸ਼ਬਦ ਬਹੁਤਾ ਵਰਤਿਆ ਜਾਂਦਾ ਹੈ। ਮਨ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਦਾ ਸੰਕਲਨ ਕਰ ਕੇ ਨਿਰਣੇ ਲੈਂਦਾ ਹੈ ਤੇ ਵਿਅਕਤੀ ਦੇ ਵਿਹਾਰ ਨੂੰ ਸੁਤੇ ਸਿੱਧ ਸਹੀ ਦਿਸ਼ਾ ਵਿਚ ਰੱਖਦਾ ਹੈ। ਸਰੀਰ ਸਬੰਧੀ ਸਾਰੇ ਹਾਵ-ਭਾਵ ਤੇ ਹੋਸ਼-ਹਵਾਸ਼ ਇਸ ਦੇ ਅਧੀਨ ਆਉਂਦੇ ਹਨ। ਸਰੀਰ ਦੀ ਅਜਿਹੀ ਕੋਈ ਪ੍ਰਕ੍ਰਿਤੀ ਜਾਂ ਗਤੀਵਿਧੀ ਨਹੀਂ, ਜੋ ਮਨ ਦੇ ਘੇਰੇ ਤੋਂ ਬਾਹਰ ਹੋਵੇ। ਜੇ ਮਨ ਹਿੱਲ ਜਾਵੇ ਜਾਂ ਹਿੱਲਣ ਦਾ ਭੈ ਖਾਵੇ ਜਾਂ ਫਿਰ ਪੂਰਾ ਹੀ ਬੇਕਾਬੂ ਹੋ ਜਾਵੇ ਤਾਂ ਇਹ ਮਨੁੱਖ ਤੇ ਸਮਾਜ ਲਈ ਸਿਹਤਮੰਦ ਕੰਮ ਨਹੀਂ ਕਰ ਸਕਦਾ। ਜੇ ਉਹ ਬੇਲਗਾਮ ਹੋ ਜਾਵੇ ਤਾਂ ਉਹ ਮਨੁੱਖ ਤੋਂ ਅਜਿਹੇ ਕਾਰੇ ਕਰਵਾਏਗਾ, ਜੋ ਉਸ ਨੂੰ ਜੰਜੀਰਾਂ ਵਿਚ ਜਕੜਾ ਦੇਣਗੇ ਜਾਂ ਸਲਾਖਾਂ ਪਿੱਛੇ ਬੰਦ ਕਰਵਾ ਦੇਣਗੇ।
ਜਦੋਂ ਕਿਸੇ `ਤੇ ਅਜਿਹੀ ਨੌਬਤ ਆ ਜਾਵੇ ਤਾਂ ਚੈਰੀ ਪਲੱਮ (ਛਹੲਰਰੇ ਫਲੁਮ) ਯਾਦ ਆਉਂਦੀ ਹੈ ਜਾਂ ਯਾਦ ਕਰ ਲੈਣੀ ਚਾਹੀਦੀ ਹੈ। ਕਈ ਪਾਠਕ ਸੋਚਣਗੇ ਕਿ ਸ਼ਾਇਦ ਇਹ ਫੁੱਲ ਦਵਾ ਕੁਝ ਇਕ ਹਿੱਲੇ ਦਿਮਾਗ ਵਾਲੇ ਬੀਮਾਰਾਂ ਲਈ ਹੋਵੇਗੀ, ਜੋ ਹਸਪਤਾਲਾਂ ਵਿਚ ਭਰਤੀ ਕੀਤੇ ਜਾਣ ਦੀ ਕਗਾਰ `ਤੇ ਹੋਣ; ਪਰ ਇੱਦਾਂ ਨਹੀਂ ਹੈ। ਆਮ ਜ਼ਿੰਦਗੀ ਵਿਚ ਪੈਰ ਪੈਰ `ਤੇ ਅਜਿਹੀਆਂ ਸਥਿਤੀਆਂ ਆਉਂਦੀਆਂ ਹਨ, ਜਦੋਂ ਮਨੁੱਖੀ ਮਨ ਕੰਟਰੋਲ ਵਿਚ ਨਹੀਂ ਰਹਿੰਦਾ। ਫਿਰ ਉਹ ਆਪ ਮੁਹਾਰਾ ਹੋ ਕੇ ਫੈਸਲੇ ਲੈਂਦਾ ਹੈ ਤੇ ਦਿਮਾਗ `ਤੇ ਭਾਰ ਪਾਉਂਦਾ ਹੈ। ਮਨ ਤੇ ਦਿਮਾਗ ਵਿਚ ਦਰਾੜ ਪੈਦਾ ਹੋਣ ਨਾਲ ਵਿਅਕਤੀ ਦੇ ਜੀਵਨ ਵਿਚ ਤਣਾਓ ਆ ਜਾਂਦਾ ਹੈ। ਖੂਨ ਤੇ ਦਿਲ ਦੇ ਰੋਗ ਲੱਗ ਜਾਂਦੇ ਹਨ। ਬੇਵਸੀ ਵਿਚ ਲਏ ਫੈਸਲਿਆਂ ਦੇ ਸੇਕ ਨਾਲ ਪਰਿਵਾਰਕ ਤੇ ਸਮਾਜਿਕ ਤਾਣਾ-ਬਾਣਾ ਭ੍ਰਸਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਚੈਰੀ ਪਲੱਮ ਇਕ ਢਾਲ ਦਾ ਕੰਮ ਕਰਦੀ ਹੈ। ਨਿਰਸੰਦੇਹ ਇਹ ਬੈਚ ਫੁੱਲ ਚਿਕਿਤਸਾ ਪ੍ਰਣਾਲੀ ਦੀਆਂ ਸਿਰਕੱਢ ਦਵਾਈਆਂ ਵਿਚੋਂ ਇਕ ਹੈ। ਇਸ ਦੀ ਚਾਰ ਚੁਫੇਰੀ ਵਰਤੋਂ ਤੇ ਚੱਕਰਵਰਤੀ ਸਿੱਟਿਆਂ ਕਰਕੇ ਹੀ ਡਾਕਟਰ ਬੈਚ ਨੇ ਇਸ ਨੂੰ ਰੈਸਕਿਊ ਰੈਮਿਡੀ ਦੀਆਂ ਪੰਜ ਦਵਾਈਆਂ ਵਿਚ ਸ਼ਾਮਲ ਕੀਤਾ ਹੈ।
ਇਹ ਦਵਾਈ ਡਰ ਤੇ ਬੁਖਲਾਹਟ ਦੀ ਹਾਲਤ ਵਿਚ ਵਰਤੀ ਜਾਂਦੀ ਹੈ। ਇਹ ਡਰ ਐਸਪਨ ਵਾਂਗ ਕਿਸੇ ਅਣਪਛਾਤੀ ਬਲਾਅ ਦਾ ਨਹੀਂ ਹੁੰਦਾ, ਸਗੋਂ ਅਚਨਚੇਤ ਪਰਗਟ ਹੋਏ ਕਿਸੇ ਅਜਿਹੇ ਸੰਕਟ ਦਾ ਹੁੰਦਾ ਹੈ, ਜਿਸ ਨੂੰ ਵੇਖ ਮਨੁੱਖ ਬੇਵਸੀ ਦੀ ਹਾਲਤ ਵਿਚ ਚਲਾ ਜਾਂਦਾ ਹੈ। ਉਸ ਨੂੰ ਭੈ ਹੋ ਜਾਂਦਾ ਹੈ ਕਿ ਉਹ ਇਸ ਨਾਲ ਕਿਵੇਂ ਨਿਬੜੇਗਾ! ਇਹ ਭੈ ਨੌਕਰੀ ਜਾਣ ਤੋਂ ਬਾਅਦ ਗੁਜ਼ਾਰੇ ਦੀ ਮੁਸ਼ਕਿਲ ਦਾ ਜਾਂ ਬੀਮਾਰ ਪਤਨੀ ਦੇ ਮਰਨ ਤੋਂ ਬਾਅਦ ਘਰ ਸੰਭਾਲਣ ਜਿਹਾ ਹੋ ਸਕਦਾ ਹੈ। ਇਹ ਉਹ ਡਰ ਹੈ, ਜਿਸ ਕਾਰਨ ਪ੍ਰੀਖਿਆ ਵਿਚ ਵਾਰ ਵਾਰ ਫੇਲ੍ਹ ਹੋਣ ਵਾਲੇ ਵਿਦਿਆਰਥੀ ਦੂਜਿਆਂ ਨੂੰ ਮੂੰਹ ਨਹੀਂ ਦਿਖਾਉਂਦੇ। ਜੀਵਨ ਵਿਚ ਹਜਾਰਾਂ ਹੋਰ ਅਜਿਹੀਆਂ ਪ੍ਰਸਥਿਤੀਆਂ ਆਉਂਦੀਆਂ ਹਨ, ਜਿਨ੍ਹਾਂ ਵਿਚ ਇਹ ਡਰ ਕੰਧ ਵਾਂਗ ਅੱਗੇ ਖੜ੍ਹੋ ਜਾਂਦਾ ਹੈ। ਡਰ ਦੀ ਇਸ ਪੀੜਾ ਕਾਰਨ ਵਿਅਕਤੀ ਗੰਭੀਰ ਰੂਪ ਨਾਲ ਬੀਮਾਰ ਹੋ ਜਾਂਦਾ ਹੈ ਤੇ ਆਤਮ ਹੱਤਿਆ ਤੀਕ ਪਹੁੰਚ ਜਾਂਦਾ ਹੈ। ਚੈਰੀ ਪਲੱਮ ਉਨ੍ਹਾਂ ਦੀ ਵਿਵਸਤਤਾ ਨੂੰ ਦੂਰ ਹੀ ਨਹੀਂ ਕਰਦੀ, ਸਗੋਂ ਮਾਨਸਿਕ ਸਹਾਰਾ ਦੇ ਕੇ ਉਨ੍ਹਾਂ ਨੂੰ ਇਸ ਸਥਿਤੀ `ਚੋਂ ਬਾਹਰ ਕੱਢਦੀ ਹੈ। ਇਸ ਹਾਲਤ ਵਿਚੋਂ ਉਪਜੀਆਂ ਸਭ ਤਕਲੀਫਾਂ ਨੂੰ ਇਹ ਦੂਰ ਕਰਦੀ ਹੈ।
ਚੈਰੀ ਪਲੱਮ ਦੇ ਮਰੀਜ਼ਾਂ ਨੂੰ ਹੋਰਾਂ ਤੋਂ ਇਲਾਵਾ ਆਪਣੇ ਆਪ ਤੋਂ ਵੀ ਭੈ ਆਉਣ ਲਗਦਾ ਹੈ। ਉਹ ਸੋਚਦੇ ਹਨ, ਕਿਤੇ ਉਹ ਕੁਝ ਅਣਸੁਖਾਵਾਂ ਨਾ ਕਰ ਬੈਠਣ। ਕਈ ਲੋਕ ਗੁੱਸਾ ਆਉਣ ਨਾਲ ਮਨ `ਤੇ ਕਾਬੂ ਖੋ ਬੈਠਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਤੋੜ ਭੰਨ ਤੇ ਗਾਲ੍ਹੀ ਗਲੋਚ ਕਰਨਾ ਸਹੀ ਨਹੀਂ ਹੈ ਤੇ ਇਨ੍ਹਾਂ ਦੇ ਨਾਖੁਸ਼ਗਵਾਰ ਨਤੀਜੇ ਨਿਕਲ ਸਕਦੇ ਹਨ, ਪਰ ਉਹ ਦਿਮਾਗ ਦੀ ਇਸ ਸੁਝਾਉਣੀ ਨੂੰ ਅਣਗੌਲੀ ਕਰ ਦਿੰਦੇ ਹਨ ਤੇ ਮਨ ਦੀ ਗੱਲ ਮੰਨਣ ਲਈ ਮਜ਼ਬੂਰ ਹੋ ਜਾਂਦੇ ਹਨ। ਉਹ ਸੋਚਦੇ ਹਨ ਕਿ ਬਾਅਦ ਦੇ ਸਿੱਟਿਆਂ ਨਾਲ ਤਾਂ ਨਿਪਟ ਲੈਣਗੇ, ਪਰ ਜੇ ਤਤਕਾਲੀ ਤੌਰ `ਤੇ ਗੁੱਸਾ-ਗਾਲ੍ਹੀ ਤੋਂ ਖੁੰਝ ਗਏ ਤਾਂ ਸਦੀਵੀ ਘਾਟਾ ਪੈ ਜਾਵੇਗਾ। ਗੁੱਸੇ ਕਾਰਨ ਘਰ ਵਿਚ ਉਹ ਛੋਟੀ ਛੋਟੀ ਗੱਲ `ਤੇ ਲੜਦੇ ਰਹਿੰਦੇ ਹਨ ਤੇ ਅੰਤ ਤਲਾਕ ਲੈ ਲੈਂਦੇ ਹਨ। ਉਹ ਮੱਥਾ ਕੁਟਦੇ ਹਨ, ਕੰਧਾਂ ਵਿਚ ਸਿਰ ਮਾਰਦੇ ਹਨ, ਅੱਗ ਲਾ ਦਿੰਦੇ ਹਨ, ਫਾਹਾ ਲੈ ਲੈਂਦੇ ਹਨ ਜਾਂ ਕੋਈ ਹੋਰ ਹਿੰਸਕ ਕਾਰਾ ਵੀ ਕਰ ਦਿੰਦੇ ਹਨ। ਆਪਣੇ ਮਨ ਦੇ ਤੀਬਰ ਵੇਗ ਅੱਗੇ ਬੇਵਸ ਹੋਏ ਉਹ ਰੁਕ ਨਹੀਂ ਸਕਦੇ। ਵੇਲੇ ਸਿਰ ਦਿੱਤੀ ਚੈਰੀ ਪਲੱਮ ਅਜਿਹੇ ਲੋਕਾਂ ਨੂੰ ਸੁਮੱਤ ਬਖਸ਼ਦੀ ਹੈ। ਕਈ ਅਣਸੁਖਾਵੀਆਂ ਪਰਿਵਾਰਕ ਤੇ ਸਮਾਜਿਕ ਵਾਰਦਾਤਾਂ ਨੂੰ ਰੋਕਣ ਵਿਚ ਇਹ ਦਵਾ ਅਤਿਅੰਤ ਸਹਾਈ ਹੋ ਸਕਦੀ ਹੈ।
ਅੱਜ ਕੱਲ੍ਹ ਅਨੇਕਾਂ ਨੌਜਵਾਨ ਪਿਆਰ ਮੁਹੱਬਤ ਤੇ ਵਿਆਹ ਸ਼ਾਦੀ ਦੇ ਮਸਲਿਆਂ ਕਾਰਨ ਆਪਣੀ ਜਾਨ ਦੇ ਦਿੰਦੇ ਹਨ। ਅਕਸਰ ਉਹ ਅਜਿਹੀ ਥਾਂ ਦਿਲ ਲਾ ਬੈਠਦੇ ਹਨ, ਜਿੱਥੇ ਉਨ੍ਹਾਂ ਨੂੰ ਸਮਾਜਿਕ ਪ੍ਰਵਾਨਗੀ ਮਿਲਣ ਦੀ ਕੋਈ ਆਸ ਨਹੀਂ ਹੁੰਦੀ। ਕਿਤੇ ਸਭਿਆਚਾਰ, ਕਿਤੇ ਜਾਤ, ਕਿਤੇ ਔਕਾਤ, ਕਿਤੇ ਕਾਨੂੰਨ, ਕਿਤੇ ਜਨੂੰਨ, ਕਿਤੇ ਖਾਪ ਤੇ ਕਿਤੇ ਮਾਂ-ਬਾਪ ਦੀ ਵਿਰੋਧਤਾ ਉਨ੍ਹਾਂ ਦੇ ਸਬੰਧਾਂ ਵਿਚ ਰੁਕਾਵਟ ਬਣ ਜਾਂਦੀ ਹੈ। ਜੇ ਉਹ ਵਿਦਰੋਹ ਕਰਨ ਤਾਂ ਉਨ੍ਹਾਂ ਦੇ ਮਾਂ-ਪਿਓ ਹੀ ਸਮਾਜਿਕ ਬਦਨਾਮੀ ਦੇ ਡਰੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਕਈ ਵਾਰ ਤਾਂ ਉਹ ਉਨ੍ਹਾਂ ਨੂੰ ਸ਼ਾਦੀ ਦੀਆਂ ਰਸਮਾਂ ਤੋਂ ਬਾਅਦ ਵੀ ਨਹੀਂ ਬਖਸ਼ਦੇ। ਜੇ ਅਜਿਹੇ ਜੋੜਿਆਂ ਨੂੰ ਲੱਗੇ ਕਿ ਉਨ੍ਹਾਂ ਦੇ ਖੁਆਬ ਪੂਰੇ ਨਹੀਂ ਹੋਣਗੇ ਤਾਂ ਉਹ ਆਪ ਵੀ ਆਤਮਘਾਤ ਦਾ ਇਕਰਾਰ ਕਰ ਲੈਂਦੇ ਹਨ। ਅਜਿਹੇ ਹਾਲਾਤ ਵਿਚ ਮੁਹੱਬਤੀ ਜੋੜਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਮਨ ਬੇਵੱਸ ਤੇ ਬੇਲਗਾਮ ਹੋਏ ਵੱਖ ਵੱਖ ਦਿਸ਼ਾਵਾਂ ਵਿਚ ਚਲਦੇ ਹਨ। ਚੈਰੀ ਪਲੱਮ ਦੀਆਂ ਕੁਝ ਹੀ ਖੁਰਾਕਾਂ ਦੋਹਾਂ ਧਿਰਾਂ ਦੀ ਸੋਚ ਠਿਕਾਣੇ ਲਿਆ ਸਕਦੀਆਂ ਹਨ ਤੇ ਅਨਮੋਲ ਮਨੁੱਖੀ ਜਾਨਾਂ ਦਾ ਘਾਣ ਹੋਣੋਂ ਬਚਾ ਸਕਦੀਆਂ ਹਨ। ਹੋਮਿਓਪੈਥੀ ਵਿਚ ਅਲ੍ਹੜ ਪਿਆਰ ਦਾ ਭੂਤ ਉਤਾਰਨ ਦੀਆਂ ਕਈ ਹੋਰ ਦਵਾਈਆਂ ਦਾ ਵੀ ਚਿਰੋਕਣਾ ਪਤਾ ਹੈ।
ਡਾਕਟਰ ਜੇ. ਟੀ. ਕੈਂਟ ਨੇ ਆਪਣਾ ਇਕ ਕੇਸ ਲਿਖਦਿਆਂ ਦੱਸਿਆ ਹੈ ਕਿ ਇਕ ਅਲੜ੍ਹ ਉਮਰ ਦੀ ਮੁਟਿਆਰ ਆਪਣੇ ਕੋਚਵਾਨ ਦੀ ਮੁਹੱਬਤ ਵਿਚ ਪਾਗਲ ਹੋਈ ਉਸ ਨਾਲ ਸ਼ਾਦੀ ਕਰਨ ਦੀ ਜਿੱਦ ਫੜ ਬੈਠੀ। ਮਾਂ-ਪਿਓ ਨੇ ਸਮਝਾਇਆ ਤਾਂ ਉਹ ਮਰਨ ਦੀ ਧਮਕੀ ਦੇਣ ਲੱਗੀ। ਨੈਟਰਮ ਮਿਊਰੈਟੀਕਮ (ਂਅਟਰੁਮ ੰੁਰਅਟਚਿੁਮ) ਦੀ ਸਿਰਫ ਇਕ ਖੁਰਾਕ ਨੇ ਹੀ ਉਸ ਦੇ ਪਿਆਰ ਦਾ ਨਸ਼ਾ ਉਤਾਰ ਦਿੱਤਾ। ਡਾ. ਕੈਂਟ ਲਿਖਦੇ ਹਨ ਕਿ ਉਹ ਦਵਾ ਲੈਣ ਦੇ ਦੂਜੇ ਹੀ ਦਿਨ ਮੱਥੇ `ਤੇ ਹੱਥ ਰੱਖ ਕੇ ਕਹਿਣ ਲੱਗੀ, “ਉੱਫ ਮੈਂ ਕਿੰਨੀ ਪਾਗਲ ਸਾਂ।” ਚੈਰੀ ਪਲੱਮ ਵੀ ਇਸੇ ਤਰ੍ਹਾਂ ਦਾ ਅਸਰ ਕਰਦੀ ਹੈ। ਕੀ ਕਿਸੇ ਕੋਲ ਉਹ ਸ਼ਬਦ ਹਨ, ਜਿਨ੍ਹਾਂ ਰਾਹੀਂ ਹੋਮਿਓਪੈਥਿਕ ਤੇ ਬੈਚ ਫੁੱਲ ਦਵਾਈਆਂ ਦੀ ਪ੍ਰਸ਼ੰਸਾ ਕੀਤੀ ਜਾ ਸਕੇ? ਬਹੁਤੇ ਲੋਕ ਤਾਂ ਇਨ੍ਹਾਂ ਰਾਹੀਂ ਹੱਲ ਹੁੰਦੀਆਂ ਸਮੱਸਿਆਵਾਂ ਨੂੰ ਲਾਇਲਾਜ਼ ਹੀ ਸਮਝਦੇ ਹਨ।
ਪਿਆਰ-ਮੁਹੱਬਤ ਤਾਂ ਫਿਰ ਵੀ ਧਨਾਤਮਿਕ (ਫੋਸਟਿਵਿੲ) ਮਸਲੇ ਹਨ, ਪਰ ਉਨ੍ਹਾਂ ਮਨੁੱਖੀ ਭਾਵਨਾਵਾਂ ਦਾ ਕੀ ਬਣੇ, ਜੋ ਸਰਾ-ਸਰ ਰਿਣਾਤਮਿਕ (ਂੲਗਅਟਵਿੲ) ਹੁੰਦੀਆਂ ਹਨ? ਕਈ ਖੂਨ ਦਾ ਇਕ ਤੁਪਕਾ ਦੇਖਦਿਆਂ ਹੀ ਕਿਸੇ ਦਾ ਕਤਲ ਕਰਨ ਬਾਰੇ ਸੋਚਣ ਲੱਗ ਪੈਂਦੇ ਹਨ। ਕਈਆਂ ਦੇ ਮਨ ਵਿਚ ਚਾਕੂ ਦੇਖਦਿਆਂ ਹੀ ਕਿਸੇ ਦਾ ਗਲਾ ਕੱਟਣ ਦਾ ਖਿਆਲ ਘੁੰਮਣ ਲੱਗ ਜਾਂਦਾ ਹੈ। ਕਈ ਟਾਈ ਲੱਗੀ ਜਾਂ ਗਲ ਵਿਚ ਚੁੰਨੀ ਪਈ ਦੇਖ ਕੇ ਹੀ ਗਲਾ ਘੁੱਟਣ ਦੀ ਹਸਰਤ ਕਰਨ ਲਗਦੇ ਹਨ। ਕਈ ਪਰਾਈ ਇਸਤਰੀ ਨੂੰ ਇੱਕਲੀ ਦੇਖ ਉਸ ਦੀ ਇੱਜ਼ਤ `ਤੇ ਹੱਥ ਪਾਉਣ ਲਈ ਤੱਤਪਰ ਹੋ ਜਾਂਦੇ ਹਨ। ਕਈ ਅੱਖ ਬਚਾ ਕੇ ਸਟੋਰ `ਚੋਂ ਕੋਈ ਛੋਟੀ ਮੋਟੀ ਚੀਜ਼ ਚੁੱਕ ਲੈਂਦੇ ਹਨ ਤੇ ਕਈ ਫੇਸਬੁੱਕ ਜਾਂ ਇੰਸਟਾਗਰਾਮ ਨਾਲੋਂ ਤੋੜਿਆਂ ਨਹੀਂ ਟੁੱਟਦੇ। ਕਈ ਚਾਹ ਦੇ ਟਾਈਮ ਤੋਂ ਹੀ ਪਹਿਲਾਂ ਕੰਮ ਛੱਡ ਕੇ ਬਹਿ ਜਾਂਦੇ ਹਨ ਤੇ ਕਈ ਸਿਰੜੀ ਰਾਤ ਨੂੰ ਵੀ ਕੰਮੋਂ ਨਹੀਂ ਮੁੜਦੇ। ਕਈ ਵੱਡੇ ਹੋ ਕੇ ਵੀ ਬਿਸਤਰਾ ਗਿੱਲਾ ਕਰਨੋਂ ਨਹੀਂ ਹਟਦੇ ਤੇ ਕਈਆਂ ਦੇ ਮੂੰਹ ਵਿਚ ਮਿਠਾਈ ਦੇਖ ਕੇ ਪਾਣੀ ਭਰ ਆਉਂਦਾ ਹੈ। ਕਈਆਂ ਦਾ ਬਾਥ-ਰੂਮ ਕੋਲ ਪਹੁੰਚਦਿਆਂ ਤੀਕ ਪਿਸ਼ਾਬ ਨਿਕਲ ਜਾਂਦਾ ਹੈ ਤੇ ਕਈ ਭੁੱਖ ਕਾਰਨ ਵਰਤ ਤੋੜ ਲੈਂਦੇ ਹਨ। ਕਈ ਲੋਭ ਲਾਲਚ ਕਾਰਨ ਜ਼ਮੀਰ ਤਿਆਗ ਦਿੰਦੇ ਹਨ ਅਤੇ ਕਈ ਨੌਂ ਸੌ ਵਾਰ ਹੱਜ ਜਾ ਕੇ ਚੂਹਾ ਖਾਣ ਵਾਲੀ ਬਿੱਲੀ ਵਾਂਗ ਉਮਰ ਭਰ ਦੀ ਇਮਾਨਦਾਰੀ ਤੋਂ ਬਾਅਦ ਬੇਇਮਾਨ ਹੋ ਜਾਂਦੇ ਹਨ। ਇਨ੍ਹਾਂ ਸਭਨਾਂ ਦਾ ਮਨ ਕਿਸੇ ਆਦਤ, ਅਰਮਾਨ ਜਾਂ ਲਾਲਸਾ ਕਾਰਨ ਬੇ-ਵਸੀ ਦਾ ਮਾਰਿਆ ਹੁੰਦਾ ਹੈ। ਇਨ੍ਹਾਂ ਨੂੰ ਚੈਰੀ ਪਲੱਮ ਦੀ ਲੋੜ ਹੁੰਦੀ ਹੈ।
ਇਹ ਤਾਂ ਹਾਲੇ ਕੁਝ ਵੀ ਨਹੀਂ। ਅਜੋਕੇ ਸਮੇਂ ਵਿਚ ਮਨੁੱਖੀ ਮਨ ਵਿਚ ਸਬਰ, ਸੰਤੋਖ ਤੇ ਸੰਜਮ ਦੀ ਘਾਟ ਪਸਰਦੀ ਜਾ ਰਹੀ ਹੈ। ਧਰਮ ਪੰਖ ਲਾ ਕੇ ਉਡ ਗਿਆ ਹੈ। ਮਨ ਜੀਤੈ ਜਗ ਜੀਤ ਦਾ ਸੰਕਲਪ ਵਿਸਰ ਗਿਆ ਹੈ। ਹਿੰਸਾ, ਲਾਲਸਾ ਤੇ ਲਾਚਾਰੀ ਸਿਖਰ `ਤੇ ਪਹੁੰਚ ਗਈਆਂ ਹਨ। ਔਰਤਾਂ, ਮਰਦ, ਬੱਚੇ ਤੇ ਬਜੁਰਗ ਸਭ ਬਾਜ਼ਾਰਵਾਦ ਦਾ ਸ਼ਿਕਾਰ ਹੋ ਰਹੇ ਹਨ। ਅਖਬਾਰ, ਰਸਾਲੇ, ਟੀ. ਵੀ. ਆਦਿ ਵਿਚ ਕਿਸੇ ਨਵੀਂ ਚੀਜ਼ ਦੀ ਐਡ ਦੇਖ ਕੇ ਉਹ ਝਟ ਖਰੀਦਣ ਲਈ ਤਿਆਰ ਹੋ ਜਾਂਦੇ ਹਨ। ਉਹ ਨਾ ਆਪਣੀ ਲੋੜ ਵਲ ਦੇਖਦੇ ਹਨ ਤੇ ਨਾ ਜੇਬ ਦੀ ਸਮਤਾ ਵਲ, ਬਸ ਇੱਛਾ ਦੀ ਤੀਬਰਤਾ ਅੱਗੇ ਝੁਕ ਜਾਂਦੇ ਹਨ। ਘਰ ਵਿਚ ਔਰਤਾਂ ਦੇ ਅਣਗਿਣਤ ਗਹਿਣੇ ਕੱਪੜੇ, ਮਰਦਾਂ ਦੀਆਂ ਬਹੁ-ਭਾਂਤੀ ਗੱਡੀਆਂ, ਬੱਚਿਆਂ ਦੇ ਢੇਰਾਂ ਖਿਡਾਉਣੇ ਮਨੁੱਖੀ ਮਨ ਦੀ ਬੇਲਗਾਮੀ ਦਾ ਸੰਕੇਤ ਹਨ। ਚਾਰੇ ਪਾਸੇ ਪਦਾਰਥਵਾਦ ਦੀ ਹੇੜ੍ਹ ਦੇਖ ਕੇ ਲਗਦਾ ਹੈ ਕਿ ਬਹੁਤੇ ਸੰਸਾਰ ਵਾਸੀਆਂ ਨੇ ਚੈਰੀ ਪਲੱਮ ਕਦੇ ਦੇਖੀ ਵੀ ਨਹੀਂ ਹੋਣੀ।
ਜੇ ਇਕ ਪਾਸੇ ਕੁਝ ਚੀਜ਼ਾਂ ਦੀ ਅਣਹੋਂਦ ਮਨੁੱਖ ਦਾ ਸਬਰੋ-ਕਰਾਰ ਤੋੜਦੀ ਹੈ ਤਾਂ ਦੂਜੇ ਪਾਸੇ ਕਈ ਚੀਜ਼ਾਂ ਦੀ ਹੋਂਦ ਉਸ ਦਾ ਧੀਰਜ ਪਰਖਦੀ ਹੈ। ਅਜਿਹੀ ਹੀ ਇਕ ਸ਼ੈਅ ਅਸਹਿ ਪੀੜਾ ਹੈ, ਜੋ ਮਨੁੱਖ ਦੇ ਹੰਝੂ ਕਢਾ ਦਿੰਦੀ ਹੈ। ਦਰਵਾਜੇ ਵਿਚ ਉਂਗਲੀ ਨਪੀੜੀ ਜਾਣ ਦਾ ਦਰਦ, ਔਰਤ ਦਾ ਪ੍ਰਸੂਤੀ ਦਰਦ, ਬੱਚੇ ਦਾ ਦੰਦੀਆਂ ਕੱਢਣ ਵੇਲੇ ਦਾ ਦਰਦ, ਕਿਸੇ ਦੇ ਚੁਭਵੇਂ ਬੋਲਾਂ ਦਾ ਦਰਦ, ਕਿਸੇ ਦੇ ਗਲਤ ਵਿਹਾਰ ਕਾਰਨ ਹਰਖ ਦੇ ਉਬਾਲੇ ਦਾ ਦਰਦ, ਕਿਸੇ ਦੇ ਸਦੀਵੀ ਵਿਛੋੜੇ ਦਾ ਦਰਦ ਆਦਿ ਅਜਿਹੀਆਂ ਪੀੜਾਂ ਹਨ, ਜਿਨ੍ਹਾਂ ਦੇ ਹੋਣ ਨਾਲ ਪ੍ਰਾਣੀ ਫੁੱਟ ਫੁੱਟ ਰੋਂਦਾ ਹੈ। ਇਉਂ ਕਹੋ ਕਿ ਦਰਦ ਨਾਲ ਮਨੁੱਖ ਦੇ ਸੋਫੀਪੁਣੇ ਦੀ ਹੱਦ ਟੱਪ ਜਾਂਦੀ ਹੈ। ਅਜਿਹੇ ਦਰਦ ਜਿਨ੍ਹਾਂ ਦਾ ਨਾਮ ਭਾਵੇਂ ਕੋਈ ਹੋਵੇ, ਪਰ ਉਹ ਪੀੜਤ ਨੂੰ ਚੀਕਾਂ ਤੇ ਹੰਝੂਆਂ ਨਾਲ ਰੋਣ ਲਈ ਮਜ਼ਬੂਰ ਕਰ ਦੇਣ, ਚੈਰੀ ਪਲੱਮ ਨਾਲ ਠੀਕ ਹੁੰਦੇ ਹਨ। ਇਸ ਫੁੱਲ-ਦਵਾਈ ਦੀਆਂ ਕੁਝ ਖੁਰਾਕਾਂ ਹੀ ਰੋਗੀ ਵਿਚ ‘ਰੁਖਾਂ ਦੀ ਜੀਰਾਂਦ’ ਭਰ ਦੇਣਗੀਆਂ। ਇਹ ਨਾ ਸਮਝੋ ਕਿ ਚੈਰੀ-ਪਲੱਮ ਇਕ ਦਰਦ ਦੀ ਦਵਾਈ ਜਾਂ ਦੁਖ-ਭੰਜਨੀ (ਫਅਨਿ-ਕਲਿਲੲਰ) ਗੋਲੀ ਹੈ। ਇਹ ਤਾਂ ਰੋਗੀ ਦੇ ਅੰਦਰੂਨੀ ਵਿਗਾੜਾਂ ਨੂੰ ਠੀਕ ਕਰਦੀ ਹੈ ਤੇ ਉਸ ਦੀ ਪੀੜਾ ਆਪਣੇ ਆਪ ਠੀਕ ਹੋ ਜਾਂਦੀ ਹੈ।
ਇਸ ਬਾਰੇ ਸਮਝਾਉਂਦਿਆਂ ਡਾ. ਵੀ. ਕੇ. ਕ੍ਰਿਸ਼ਨਾਮੂਰਤੀ ਲਿਖਦੇ ਹਨ, “ਚੈਰੀ ਪਲੱਮ ਦਾ ਕੌਤਕ ਦੇਖਣ ਲਈ ਉੱਤਮ ਥਾਂ ਮੈਟਰਨਿਟੀ ਹਸਪਤਾਲ ਦਾ ਪ੍ਰਸੂਤ ਵਾਰਡ ਹੈ। ਕਿਸੇ ਦਿਨ ਅੱਧੀ ਰਾਤ ਨੂੰ ਅਜਿਹੇ ਵਾਰਡ ਦੇ ਵਰਾਂਡੇ ਵਿਚ ਜਾਓ, ਤੁਹਾਨੂੰ ਸੈਂਕੜੇ ਹੋਣ ਵਾਲੀਆਂ ਮਾਂਵਾਂ ਅਸਹਿ ਪ੍ਰਸੂਤੀ ਪੀੜਾਂ ਨਾਲ ਕੁਰਲਾਉਂਦੀਆਂ ਸੁਣਾਈ ਦੇਣਗੀਆਂ। ਉਹ ਆਪਣੇ ਬੱਚਿਆਂ ਨੂੰ ਸੰਸਾਰ ਵਿਚ ਲਿਆਉਣਾ ਚਾਹੁੰਦੀਆਂ ਹਨ, ਪਰ ਉਨ੍ਹਾਂ ਦੀਆਂ ਬੱਚੇਦਾਨੀਆਂ ਦੇ ਮੂੰਹ ਬਹੁਤ ਤੰਗ ਹੁੰਦੇ ਹਨ। ਉਹ ਵਿਰਲਾਪ ਕਰਦੀਆਂ ਹਨ। ਅਸੀਂ ਇਨ੍ਹਾਂ ਨੂੰ ਪੰਜ ਪੰਜ ਮਿੰਟ ਦੇ ਫਰਕ ਨਾਲ ਤਿੰਨ ਖੁਰਾਕਾਂ ਦੇ ਦਿੰਦੇ ਹਾਂ ਤੇ ਤੁਰੰਤ ਹੀ ਉਹ ਆਪਣੇ ਬੱਚਿਆਂ ਨੂੰ ਕੁਦਰਤੀ ਢੰਗ ਨਾਲ ਜਨਮ ਦੇ ਦਿੰਦੀਆਂ ਹਨ। ਅਸੀਂ ਆਪ੍ਰੇਸ਼ਨ ਕਰ ਕੇ ਉਨ੍ਹਾਂ ਦੀਆਂ ਬੱਚੇਦਾਨੀਆਂ ਦਾ ਮੂੰਹ ਨਹੀਂ ਖੋਲ੍ਹਦੇ, ਕੇਵਲ ਉਨ੍ਹਾਂ ਦੇ ਅਸਹਿ ਦਰਦਾਂ ਲਈ ਚੈਰੀ ਪਲੱਮ ਦਿੰਦੇ ਹਾਂ। ਬਾਕੀ ਦੇ ਕੰਮ ਇਹ ਦਵਾ ਆਪ ਕਰਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਬੱਚਿਆਂ ਨੂੰ ਸੌਖਿਆਂ ਜਮਾਉਣ ਦੀ ਦਵਾ ਹੈ।”
ਡਾ. ਕ੍ਰਿਸ਼ਨਾਮੂਰਤੀ ਇਸ ਦਵਾਈ ਬਾਰੇ ਜੋ ਅੱਗੇ ਦੱਸਦੇ ਹਨ, ਉਹ ਹੋਰ ਵੀ ਦਿਲਚਸਪ ਤੇ ਖਾਸ ਹੈ। ਉਹ ਲਿਖਦੇ ਹਨ, “ਜਿਨ੍ਹਾਂ ਔਰਤਾਂ ਨੂੰ ਪ੍ਰਸੂਤੀ ਪੀੜਾ ਲਈ ਚੈਰੀ ਪਲੱਮ ਦਿੱਤੀ ਸੀ, ਮੈਂ ਉਨ੍ਹਾਂ ਨੂੰ ਇਕ ਪਾਸੇ ਬੁਲਾ ਕੇ ਕਿਹਾ ਕਿ ਉਹ ਸਭ ਇਸ ਦੀ ਇਕ ਇਕ ਖੁਰਾਕ ਹਰ ਰੋਜ ਖਾਇਆ ਕਰਨ। ਉਹ ਕਹਿਣ ਲੱਗੀਆਂ ਕਿ ਸਰ ਜੀ, ਬੱਚਾ ਹੋਣ ਤੋਂ ਬਾਅਦ ਇਸ ਦੀ ਕੀ ਜਰੂਰਤ ਹੈ। ਮੈਂ ਸਮਝਾਇਆ ਕਿ ਹੁਣ ਲੈਣ ਨਾਲ ਉਨ੍ਹਾਂ ਨੂੰ ਭਵਿੱਖ ਵਿਚ ਅਜਿਹੀਆਂ ਦਰਦਾਂ ਕਦੇ ਨਹੀਂ ਹੋਣਗੀਆਂ। ਮੇਰੇ ਕਹਿਣ ਅਨੁਸਾਰ ਉਨ੍ਹਾਂ ਨੇ ਦਵਾਈ ਲੈਣੀ ਸ਼ੁਰੂ ਕਰ ਦਿੱਤੀ। ਕੁਝ ਹਫਤਿਆਂ ਵਿਚ ਹੀ ਉਨ੍ਹਾਂ ਸਾਰੀਆਂ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਤੇ ਬਹੁਤ ਹੀ ਵਧੀਆ ਗਾਉਣ ਲੱਗ ਪਈਆਂ। ਗਾਉਣ ਤੇ ਰੋਣ-ਦੋਹਾਂ ਦਾ ਸਬੰਧ ਗਲੇ ਦੇ ਗਲੇਡੂਆਂ ਨਾਲ ਹੁੰਦਾ ਹੈ। ਕੁਦਰਤ ਨੇ ਉਨ੍ਹਾਂ ਨੂੰ ਜੋ ਗਲੇ ਦੀ ਸ਼ਕਤੀ ਦਿੱਤੀ ਸੀ, ਉਹ ਰਿਣਾਤਮਿਕ ਰੂਪ ਧਾਰ ਕੇ ਚੀਕ-ਪੁਕਾਰ ਬਣ ਗਈ ਸੀ। ਚੈਰੀ ਪਲੱਮ ਨੇ ਉਨ੍ਹਾਂ ਦੀ ਰਿਣ ਸ਼ਕਤੀ ਨੂੰ ਧਨਾਤਮਿਕ ਬਣਾ ਦਿੱਤਾ ਸੀ। ਉਹ ਸਟੇਜਾਂ, ਕਲੱਬਾਂ ਤੇ ਰੇਡੀਓ ਸਟੇਸ਼ਨਾਂ `ਤੇ ਗਾਉਣ ਲੱਗੀਆਂ, ਜਿਸ ਨਾਲ ਉਨ੍ਹਾਂ ਨੇ ਮਾਇਆ ਤੇ ਮਾਣ-ਦੋਵੇਂ ਖੱਟੇ। ਤਦੇ ਤਾਂ ਕਹਿੰਦੇ ਹਨ ਕਿ ਇਹ ਦਵਾਈ ਦਰਦ ਤੇ ਗਰੀਬੀ-ਦੋਵੇਂ ਦੂਰ ਕਰਦੀ ਹੈ। ਮੇਰੀ ਜਾਚੇ ਪ੍ਰਸਿੱਧ ਮਡੋਨਾ, ਸੁਬਾਲਕਸ਼ਮੀ, ਸੁਧਾ ਰਘੁਨਾਥਨ, ਸੌਮਯਾ ਤੇ ਲਤਾ ਮੰਗੇਸਕਰ ਜਿਹੀਆਂ ਪ੍ਰਸਿੱਧ ਗੱਵਿਤਰੀਆਂ ਵੀ ਚੈਰੀ ਪਲੱਮ ਦੇ ਧਨਾਤਮਿਕ ਗੁਣਾਂ ਨਾਲ ਹੀ ਨਿਵਾਜ਼ੀਆਂ ਹੋਈਆਂ ਹਨ। ਇਨ੍ਹਾਂ ਨੇ ਇਨ੍ਹਾਂ ਗੁਣਾਂ ਦੀ ਸ਼ੁਧਤਾ ਨੂੰ ਕਾਇਮ ਰੱਖਿਆ। ਜੇ ਇਨ੍ਹਾਂ ਦੇ ਮਾਪੇ ਇਨ੍ਹਾਂ ਨੂੰ ਪੜ੍ਹਾ ਲਿਖਾ ਕੇ ਕਿਸੇ ਹੋਰ ਕਿੱਤੇ ਵਿਚ ਪਾ ਦਿੰਦੇ ਤਾਂ ਅੱਜ ਇਹ ਕਿਤੇ ਬੈਂਕਾਂ ਜਾਂ ਸਕੂਲਾਂ ਦੀਆਂ ਨਿਮਨ-ਪੁਗਾਰੀ ਨੌਕਰੀਆਂ ਕਰਦੀਆਂ ਹੁੰਦੀਆਂ। ਉਸ ਤੰਗੀ ਤੁਰਸ਼ੀ ਦੇ ਜੀਵਨ ਵਿਚ ਦੁੱਖੀ ਹੋਈਆਂ ਇਹ ਗਲਾ ਫਾੜ ਫਾੜ ਰੋਂਦੀਆਂ ਕੁਰਲਾਉਂਦੀਆਂ ਹੁੰਦੀਆਂ। ਕਈ ਤਾਂ ਕਦੋਂ ਦੀਆਂ ਆਤਮ-ਹੱਤਿਆਵਾਂ ਦੀ ਬਲੀ ਚੜ੍ਹ ਗਈਆਂ ਹੁੰਦੀਆਂ।”
ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਕਿਸਾਨ ਵੀ ਗਰੀਬੀ ਤੇ ਭੁਖਮਰੀ ਦੇ ਮਾਰੇ ਆਤਮ-ਹਤਿਆਵਾਂ ਕਰਦੇ ਚਲੇ ਆ ਰਹੇ ਹਨ। ਅਜੋਕੇ ਸਮੇਂ ਵਿਚ ਇਹ ਵਾਰਦਾਤਾਂ ਇੰਨੀਆਂ ਵਧ ਗਈਆਂ ਹਨ ਕਿ ਇਨ੍ਹਾਂ ਨੂੰ ਇਕ ਸਮਾਜਿਕ ਮਹਾਂਮਾਰੀ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਰੁਝਾਨ ਦਾ ਕਾਰਨ ਕਿਸਾਨਾਂ ਦੇ ਸਿਰ ਚੜ੍ਹਿਆ ਕਰਜ਼ਾ ਦੱਸਿਆ ਜਾਂਦਾ ਹੈ। ਹਰੇ ਇਨਕਲਾਬ ਤੋਂ ਬਾਅਦ ਖੇਤੀ ਉਪਜਾਂ ਦੇ ਲਾਭਕਾਰੀ ਭਾਅ ਨਾ ਮਿਲਣ ਕਾਰਨ ਕਿਸਾਨਾਂ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਉਨ੍ਹਾਂ ਨੂੰ ਕਰਜ਼ੇ `ਤੇ ਨਿਰਭਰ ਹੋਣਾ ਹੀ ਪੈਂਦਾ ਹੈ। ਕਰਜ਼ਾ ਨਾ ਮੋੜ ਸਕਣ ਦੀ ਸਥਿਤੀ ਵਿਚ ਉਨ੍ਹਾਂ ਨੂੰ ਕਰਜ਼ਦਾਰਾਂ ਦੇ ਤਕਰਾਰ ਤੇ ਸਮਾਜਿਕ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਤ ਉਨ੍ਹਾਂ ਦੀ ਜ਼ਮੀਨ ਵਿਕ ਜਾਂਦੀ ਹੈ ਤੇ ਉਹ ਕੰਗਾਲ ਹੋ ਜਾਂਦੇ ਹਨ। ਮਾੜੇ ਸਿਸਟਮ ਅੱਗੇ ਬੇਵਸੀ ਕਾਰਨ ਉਹ ਭਿਆਨਕ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਮਾਯੂਸੀ ਦੇ ਆਲਮ ਵਿਚ ਖੁਦਕਸ਼ੀ ਦਾ ਅੱਕ ਚੱਬ ਲੈਂਦੇ ਹਨ। ਲੱਖਾਂ ਲੇਖਕ, ਬੁਧੀਜੀਵੀ, ਸਮਾਜ ਸੇਵਕ, ਆਮ ਲੋਕ ਤੇ ਸਮੂਹ ਰਾਜਨੀਤਕ ਦਲ ਇਸ ਮੁੱਦੇ `ਤੇ ਨਿਰੰਤਰ ਹਾਹਾਕਾਰ ਮਚਾਉਂਦੇ ਆ ਰਹੇ ਹਨ, ਪਰ ਉਹ ਇਸ ਮਸਲੇ ਦਾ ਕੋਈ ਪੱਕਾ ਤਾਂ ਕੀ, ਕੱਚਾ ਹੱਲ ਵੀ ਨਹੀਂ ਕੱਢ ਸਕੇ। ਇਸ ਦਾ ਪੱਕਾ ਤੇ ਫੌਰੀ ਇਲਾਜ਼ ਚੈਰੀ ਪਲੱਮ ਜਾਪਦਾ ਹੈ। ਜੇ ਕਿਸਾਨ ਹਿਤੈਸ਼ੀ ਹੁਣ ਵੀ ਕਰਜ਼ ਥੱਲੇ ਦਬੇ ਕਿਸਾਨਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਚੈਰੀ ਪਲੱਮ ਦੇਣ ਤਾਂ ਇਸ ਵਬਾ ਦੀ ਰੋਕ ਥਾਮ ਹੋ ਸਕਦੀ ਹੈ। ਇਸ ਦਵਾ ਦੀਆਂ ਅਸੀਮਤ ਧਨਾਤਮਿਕ ਸ਼ਕਤੀਆਂ ਆਪਣੇ ਆਪ ਉਨ੍ਹਾਂ ਦੇ ਅਧੀਰ ਮਨ ਵਿਚ ਧੀਰਜਤਾ ਪੈਦਾ ਕਰ ਕੇ ਹਾਲਾਤ ਨਾਲ ਨਿਬੜਨ ਦਾ ਰਾਹ ਖੋਲ੍ਹਣਗੀਆਂ। ਭਾਵ ਸਾਰਥਿਕ ਸੋਚ ਪ੍ਰਬਲ ਕਰ ਕੇ ਇਹ ਸ਼ਕਤੀਆਂ ਉਨ੍ਹਾਂ ਨੂੰ ਆਤਮ-ਨਿਰਭਰਤਾ ਦੇ ਨਵੇਂ ਸੋਮੇ ਦਰਸਾਉਣਗੀਆਂ।
ਜਿਨ੍ਹਾਂ ਕਾਰਨਾਂ ਕਰ ਕੇ ਕਰਜ਼ਾਈ ਕਿਸਾਨ ਆਤਮ-ਹੱਤਿਆਵਾਂ ਕਰਦੇ ਹਨ, ਉਨ੍ਹਾਂ ਕਰਕੇ ਹੀ ਉਨ੍ਹਾਂ ਦੇ ਨੌਜਵਾਨ ਵਾਰਸ ਨਸ਼ਿਆਂ ਵਿਚ ਗਰਕ ਜਾਂਦੇ ਹਨ। ਅਨਪੜ੍ਹਤਾ, ਬੇਰੁਜ਼ਗਾਰੀ ਤੇ ਮਾਇਕ ਲਾਚਾਰੀ ਦੇ ਸਤਾਏ ਇਹ ਨੌਜਵਾਨ ਆਪਣੇ ਜੀਵਨ ਦੇ ਬੇਨੂਰ ਭਵਿੱਖ ਤੋਂ ਘਬਰਾ ਕੇ ਨਸ਼ਿਆਂ ਦੇ ਸਰੂਰ ਵਲ ਤਿਲਕ ਪੈਂਦੇ ਹਨ। ਜ਼ਰਦਾ, ਸ਼ਰਾਬ, ਭੁੱਕੀ, ਸਮੈਕ, ਚਿੱਟਾ ਆਦਿ ਜਿਹੇ ਕੋਹੜ ਉਨ੍ਹਾਂ ਦੇ ਘਰੇਲੂ ਜੀਵਨ ਤੇ ਆਰਥਿਕਤਾ ਨਾਲ ਖਿਲਵਾੜ ਕਰਦੇ ਹਨ। ਇਲਾਜ਼ ਵਜੋਂ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਕਰਾਇਆ ਜਾਂਦਾ ਹੈ, ਜਿੱਥੇ ਉਹ ਨਸ਼ਾ ਛਡਾਊ ਦਵਾਈ ਨੂੰ ਹੀ ਨਸ਼ੇ ਵਜੋਂ ਵਰਤਣਾ ਸ਼ੁਰੂ ਕਰ ਦਿੰਦੇ ਹਨ। ਹੈ ਕਿਸੇ ਕੋਲ ਨਸ਼ੇ ਦੀ ਵਹਿਬਤ ਦਾ ਕੋਈ ਇਲਾਜ਼?
ਇਸ ਦਾ ਇਲਾਜ਼ ਵੀ ਬੈਚ ਫੁੱਲ ਦਵਾਈਆਂ ਹੀ ਹਨ। ਇਸ ਪ੍ਰਣਾਲੀ ਵਿਚ ਨਸ਼ਾ ਛਡਾਊ ਕੇਂਦਰਾਂ ਵਾਂਗ ਸਭ ਨਸ਼ੇੜੀਆਂ ਦਾ ਇਲਾਜ਼ ਘੱਟ ਨਸ਼ੇ ਵਾਲੀ ਇਕੋ ਦਵਾ ਨਾਲ ਨਹੀਂ ਹੁੰਦਾ। ਉਸ ਨਸ਼ੇ ਵਾਲੀ ਦਵਾਈ ਦੇ ਬੁਰੇ ਪ੍ਰਭਾਵ ਦਵਾਈ ਛੱਡਣ ਤੋਂ ਬਾਅਦ ਪਤਾ ਚਲਦੇ ਹਨ। ਕਈਆਂ ਦੇ ਹੱਥ ਕੰਬਣ ਲਗ ਪੈਂਦੇ ਹਨ, ਕਈਆਂ ਨੂੰ ਕੜੱਲ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਕਈਆਂ ਨੂੰ ਪਹਿਲੇ ਨਸ਼ੇ ਦੀ ਤਲਬ ਲੱਗਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਵਿਚੋਂ ਬਹੁਤੇ ਫਿਰ ਨਸ਼ੇ ਵਿਚ ਜਾ ਡਿਗਦੇ ਹਨ ਤੇ ਵਾਰ ਵਾਰ ਉੱਥੇ ਹੀ ਫਸੇ ਰਹਿੰਦੇ ਹਨ। ਉਹ ਕੇਂਦਰ ਇਹ ਨਹੀਂ ਜਾਣਦੇ ਕਿ ਸਭ ਨਸ਼ਾ ਲੈਣ ਵਾਲਿਆਂ ਦੀਆਂ ਆਦਤਾਂ ਤੇ ਮਜ਼ਬੂਰੀਆਂ ਵੱਖੋ ਵੱਖ ਹੁੰਦੀਆਂ ਹਨ। ਇਸ ਲਈ ਸਭ ਦੀਆਂ ਦਵਾਈਆਂ ਵੀ ਉਨ੍ਹਾਂ ਦੇ ਵਿਹਾਰ ਮੁਤਾਬਿਕ ਹੋਣੀਆਂ ਚਾਹੀਦੀਆਂ ਹਨ। ਸ਼ਰਾਬ ਦੀ ਮਿਸਾਲ ਹੀ ਲੈ ਲਵੋ- ਕਈ ਮੂਡ ਠੀਕ ਕਰਨ ਲਈ ਪੀਂਦੇ ਹਨ ਤੇ ਕਈ ਕੰਡਾ (ਖਚਿਕ) ਲੈਣ ਲਈ। ਇਸ ਤੋਂ ਇਲਾਵਾ ਕਈ ਸ਼ੌਕ ਵਜੋਂ, ਕਈ ਟਾਨਿਕ ਵਜੋਂ, ਕਈ ਦਵਾ ਵਜੋਂ, ਕਈ ਦਿਖਾਵੇ ਦੀ ਟੌਹਰ ਵਜੋਂ, ਕਈ ਗਮ ਦੂਰ ਕਰਨ ਲਈ, ਕਈ ਸਮਾਜਿਕ ਫੰਕਸ਼ਨਾਂ ਦੇ ਬਹਾਨੇ ਅਤੇ ਕਈ ਯਾਰ ਬੇਲੀਆਂ ਦੀ ਸੰਗਤ ਕਰਨ ਲਈ ਪੀਣ ਦੇ ਆਦੀ ਹੁੰਦੇ ਹਨ। ਕਈ ਰਾਤ ਨੂੰ ਤੌਬਾ ਕਰ ਕੇ ਸਵੇਰੇ ਫਿਰ ਪੀਣੀ ਸ਼ੁਰੂ ਕਰ ਦਿੰਦੇ ਹਨ। ਕਈ ਕਹਿਣਗੇ ਕਿ ਇਹ ਉਨ੍ਹਾਂ ਦੀ ਆਖਰੀ ਬੋਤਲ ਜਾਂ ਅਖਰੀ ਪੈਗ ਹੈ, ਪਰ ਉਹ ਆਪਣੇ ਬਚਨਾਂ `ਤੇ ਨਹੀਂ ਟਿਕਦੇ। ਕਈ ਮਹੀਨਾ ਦੋ ਮਹੀਨੇ ਛੱਡ ਵੀ ਦਿੰਦੇ ਹਨ, ਪਰ ਜਦੋਂ ਕਿਸੇ ਠੇਕੇ ਕੋਲੋਂ ਦੀ ਲੰਘਦੇ ਹਨ, ਜਾਂ ਲਾਲ ਪਰੀ ਦੀ ਬੋਤਲ ਪਈ ਦੇਖਦੇ ਹਨ ਤਾਂ ਉਨ੍ਹਾਂ ਦੇ ਸਬਰੋ-ਕਰਾਰ ਦਾ ਬੰਨ੍ਹ ਟੁੱਟ ਜਾਂਦਾ ਹੈ। ਇਕ ਵਾਰ ਪੀਣਾ ਸ਼ੁਰੂ ਕਰਨ ਤਾਂ ਫਿਰ ਉਹ ਹਫਤਾ ਦਸ ਦਿਨ ਪੀਂਦੇ ਹੀ ਰਹਿੰਦੇ ਹਨ। ਸਭ ਨਸ਼ਾ ਕਰਨ ਦੇ ਆਦੀ ਇਕ ਤਰ੍ਹਾਂ ਨਾਲ ਆਪਣੀ ਆਪਣੀ ਆਦਤ ਤੋਂ ਮਜ਼ਬੂਰ ਹੁੰਦੇ ਹਨ। ਉਹ ਜੋ ਵੀ ਸਮਝਦੇ, ਕਰਦੇ ਜਾਂ ਕਹਿੰਦੇ ਹਨ, ਉਹ ਉਨ੍ਹਾਂ ਦੇ ਮਨ ਦੀ ਭਾਸ਼ਾ ਹੁੰਦੀ ਹੈ। ਬੈਚ ਪ੍ਰਣਾਲੀ ਵਿਚ ਉਨ੍ਹਾਂ ਦੇ ਮਨ ਦੀ ਬੋਲੀ ਸਮਝ ਕੇ ਹੀ ਉਨ੍ਹਾਂ ਦੀ ਦਵਾਈ ਨਿਸ਼ਚਿਤ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਚੈਰੀ ਪਲੱਮ ਸਿਰਫ ਉਸ ਕਿਸਮ ਦੇ ਨਸ਼ੱਈਆਂ ਨੂੰ ਠੀਕ ਕਰਦੀ ਹੈ, ਜਿਨ੍ਹਾਂ ਦਾ ਮਨ ਸ਼ਰਾਬ ਦੀ ਬੋਤਲ ਦੇਖਦਿਆਂ ਬੇਕਾਬੂ ਹੋ ਜਾਂਦਾ ਹੈ।
ਇਹ ਦਵਾਈ ਨਸ਼ੇੜੀਆਂ ਦੀ ਬੇਲਗਾਮ ਤਲਬ ਨੂੰ ਦੂਰ ਕਰਕੇ ਉਨ੍ਹਾਂ ਦੇ ਮਨ ਦੀ ਤਿਲਕਣੀ ਧਰਾਤਲ `ਤੇ ਚੱਟਾਨ ਵਾਂਗ ਖੜ੍ਹੀ ਹੋ ਜਾਂਦੀ ਹੈ ਤੇ ਉਨ੍ਹਾਂ ਨੂੰ ਡਿਗਣ ਤੋਂ ਰੋਕਦੀ ਹੈ। ਇਹ ਉਨ੍ਹਾਂ ਦੇ ਹਾਰਮੋਨਿਕ ਤਵਾਜ਼ਨ ਨੂੰ ਸਹੀ ਕਰਦੀ ਹੈ, ਜਿਸ ਨਾਲ ਉਨ੍ਹਾਂ ਦੀਆਂ ਆਦਤਨ ਮਜ਼ਬੂਰੀਆਂ ਕਮਜ਼ੋਰ ਹੋ ਜਾਂਦੀਆਂ ਹਨ। ਚੈਰੀ ਪਲੱਮ ਦੀਆਂ ਸਵੇਰ ਸ਼ਾਮ ਦੋ ਖੁਰਾਕਾਂ ਤੇ ਨਸ਼ੇ ਦੀ ਤੋੜ ਵੇਲੇ ਦੋ ਹੋਰ ਖੁਰਾਕਾਂ ਕੁਝ ਮਹੀਨੇ ਦੇਣ ਨਾਲ ਉਹ ਆਪਣੀ ਇਸ ਆਦਤ ਤੋਂ ਸਦਾ ਲਈ ਨਵਿਰਤ ਹੋ ਜਾਣਗੇ। ਡਾ. ਕ੍ਰਿਸ਼ਨਾਮੂਰਤੀ ਅਨੁਸਾਰ ਇਹੀ ਲੋਕ ਠੀਕ ਹੋ ਕੇ ਫਿਰ ਟਾਈਪ ਜਾਂ ਸੰਗੀਤਕ ਸਾਜਾਂ ਵਿਚ ਦਿਲਚਸਪੀ ਲੈਣ ਲੱਗ ਪੈਣਗੇ, ਕਿਉਂਕਿ ਇਨ੍ਹਾਂ ਦੇ ਹੱਥਾਂ ਦੀਆਂ ਉਂਗਲੀਆਂ ਹੁਣ ਨਸ਼ਾ ਤਿਆਰ ਕਰਨ ਦੀਆਂ ਨੈਗੇਟਿਵ ਹਰਕਤਾਂ ਤੋਂ ਮੁਕਤ ਹੋ ਕੇ ਸੰਗੀਤ ਵਾਦਨ ਦਾ ਅਨੰਦਮਈ ਕਾਰਜ ਕਰਨਾ ਸ਼ੁਰੂ ਕਰ ਦੇਣਗੀਆਂ।