ਸਿੰਘੂ ਬਾਰਡਰ ’ਤੇ ਔਰਤ ਦਿਵਸ ਦੀਆਂ ਰੌਣਕਾਂ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਤੇ ਹਰਿਆਣਾ ਦੇ ਵਸਨੀਕਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਵਿਸ਼ਵ ਔਰਤ ਦਿਵਸ ਦੇ ਪ੍ਰਸੰਗ ਵਿਚ ਦੋਹਾਂ ਰਾਜਾਂ ਦੀਆਂ ਔਰਤਾਂ ਨੇ ਸਿੰਘੂ ਤੇ ਟਿੱਕਰੀ ਬਾਰਡਰ ਉੱਤੇ ਬਸੰਤੀ ਚੰੁਨੀਆਂ ਲੈ ਕੇ ਸੈਂਟਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਡੱਟ ਕੇ ਧਰਨਾ ਦਿੱਤਾ। ਕੁਝ ਔਰਤਾਂ ਖੁਦ ਟਰੈਕਟਰ ਚਲਾ ਕੇ ਉੱਥੇ ਪਹੰੁਚੀਆਂ। ਭਾਵੇਂ ਪਲਵਲ ਤੇ ਗਾਜ਼ੀਪੁੁਰ ਵਿਚ ਵੀ ਔਰਤਾਂ ਦੀ ਗਿਣਤੀ ਘੱਟ ਨਹੀਂ ਸੀ, ਪਰ ਜਿਸ ਜੋਸ਼-ਖਰੋਸ਼ ਨਾਲ ਸਿੰਘੂ ਤੇ ਟਿੱਕਰੀ ਦੇ ਮੋਰਚਿਆਂ ਉੱਤੇ ਮੋਦੀ ਸਰਕਾਰ ਨੂੰ ਚਲਦਾ ਕਰਨਾ ਦੇ ਨਾਅਰੇ ਲਾਏ, ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ।

ਉਨ੍ਹਾਂ ਨੇ ਆਉਂਦੀਆਂ ਚੋਣਾਂ ਵਿਚ ਈ. ਵੀ. ਐਮ. ਮਸ਼ੀਨਾਂ ਬੰਦ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਆਪਣੀਆਂ ਭਾਵਨਾਵਾਂ ਦਾ ਪ੍ਰਦਰਸ਼ਨ ਸਿਰਫ ਭਾਸ਼ਣਾਂ ਰਾਹੀਂ ਹੀ ਨਹੀਂ, ਲੋਕ ਨਾਚਾਂ, ਕਵਿਤਾਵਾਂ ਤੇ ਗੀਤਾਂ ਰਾਹੀਂ ਵੀ ਕੀਤਾ।
ਸਾਮਰਾਜੀ ਕੰਪਨੀਆਂ ਵਲੋਂ ਔਰਤਾਂ ਨੂੰ ਨੌਕਰੀਆਂ ਦੇ ਕੇ ਬੇਇੱਜ਼ਤ ਕਰਨ ਦੀ ਬਾਤ ਪਾਉਂਦਿਆਂ ਉਨ੍ਹਾਂ ਨੇ ਗਦਰੀ ਬੇਬੇ ਗੁਲਾਬ ਕੌਰ ਅਤੇ ਮਾਈ ਭਾਗੋ ਦੇ ਸਿਰੜ ਤੇ ਅਗਵਾਈ ਨੂੰ ਚੇਤੇ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਕਰਨ ਵਾਲੀਆਂ ਤੇ ਅਗਾਂਹਵਧੂ ਸੋਚ ਨੂੰ ਪ੍ਰਨਾਈਆਂ ਬੀਬੀਆਂ ਨੇ ਦੋ ਮਤਿਆਂ ਰਾਹੀਂ ਜਮਹੂਰੀ ਹੱਕਾਂ ਲਈ ਲੜ ਰਹੇ ਸਾਰੇ ਮਰਦਾਂ ਤੇ ਔਰਤਾਂ ਦੀ ਰਿਹਾਈ ਮੰਗੀ ਅਤੇ ਮੋਦੀ ਸਰਕਾਰ ਦੇ ਫਿਰਕੂ ਫਾਸੀ ਰੁਝਾਨ ਦੇ ਖਿਲਾਫ ਲਿਖਣ ਤੇ ਬੋਲਣ ਵਾਲੀਆਂ ਪੱਤਰਕਾਰ ਬੀਬੀਆਂ ਨੂੰ ਸਲਾਮ ਕੀਤਾ। ਇੱਥੇ ਹਿੱਸਾ ਲੈਣ ਵਾਲੀਆਂ ਔਰਤਾਂ ਵਿਚ ਕੌਮਾਂਤਰੀ ਪ੍ਰਸਿਧੀ ਵਾਲੀ ਸ਼ਬਨਮ ਹਾਸ਼ਮੀ, ਕਲਾਕਾਰ ਮਾਇਆ ਰਾਏ, ਸਵੇਤਾ, ਪੂਨਮ ਰਾਣੀ ਤੇ ਐਡਵੋਕੇਟ ਰਵਿੰਦਰ ਕੌਰ ਵੀ ਸ਼ਾਮਲ ਸਨ। ਵੱਡੀ ਗੱਲ ਇਹ ਕਿ ਇਨ੍ਹਾਂ ਔਰਤਾਂ ਨੇ ਬਾਰਡਰ ਉੱਤੇ ਵਸਾਏ ਆਪਣੇ ਟਿਕਾਣੇ ਨੂੰ ਗਦਰੀ ਗੁਲਾਬ ਕੌਰ ਨਗਰ ਦਾ ਨਾਂ ਦਿੱਤਾ ਹੈ।
ਸਿੰਘੂ ਬਾਰਡਰ ’ਤੇ ਸਿ਼ਰਕਤ ਕਰਨ ਵਾਲੀ ਮੇਰੇ ਅਜ਼ੀਜ਼ ਸੁਸ਼ੀਲ ਦੋਸਾਂਝ ਦੀ ਜੀਵਨ ਸਾਥਣ ਕਮਲ ਦੋਸਾਂਝ ਨੇ ਦੱਸਿਆ ਕਿ ਮਰਦਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਲੜਨ ਵਾਲੀਆਂ ਔਰਤਾਂ ਜਾਣਦੀਆਂ ਹਨ ਕਿ ਇਹ ਲੜਾਈ ਲੰਮੀ ਚੱਲੇਗੀ, ਇਸ ਲਈ ਉਹ ਬਾਰਡਰ ਉੱਤੇ ਪੱਕੇ ਟਿਕਾਣੇ ਬਣਾਉਣ ਦੇ ਨਾਲ ਨਾਲ ਬਜੁਰਗਾਂ ਲਈ ਲਾਇਬਰੇਰੀ ਤੇ ਬੱਚਿਆਂ ਦੀ ਪੜ੍ਹਾਈ ਦੇ ਹਰ ਸੰਭਵ ਉਪਰਾਲੇ ਕਰ ਰਹੀਆਂ ਹਨ।
ਏਧਰ ਪੰਜਾਬ ਵਿਧਾਨ ਸਭਾ ਵਿਚ ਵੀ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦੇਸ਼ ਦੀ ਉਨਤੀ ਅਤੇ ਆਜ਼ਾਦੀ ਲਈ ਪਾਏ ਜਾ ਰਹੇ ਔਰਤਾਂ ਦੇ ਸਿਰੜ ਨੂੰ ਚੇਤੇ ਕੀਤਾ ਤੇ ਸਰਾਹਿਆ ਗਿਆ। ਇਥੋਂ ਤੱਕ ਕਿ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਦੇ ਘੋਲ ਪ੍ਰਤੀ ਵਚਨਬੱਧਤਾ ਦਾ ਹੋਕਾ ਦਿੰਦਿਆਂ ਪੰਚਾਇਤੀ ਰਾਜ ਸੰਸਥਾਵਾਂ ਤੇ ਸ਼ਹਿਰੀ ਸਥਾਨਕ ਇਕਾਈਆਂ ਵਿਚ ਔਰਤਾਂ ਦੀ 50 ਪ੍ਰਤੀਸ਼ਤ ਸ਼ਮੂਲੀਅਤ ਉੱਤੇ ਆਪਣੀ ਖੁਸ਼ੀ ਪ੍ਰਗਟ ਕੀਤੀ। ਇੱਕ ਮਤੇ ਰਾਹੀਂ ਔਰਤਾਂ ਵਲੋਂ ਕਿਸਾਨੀ ਘੋਲ ਵਿਚ ਯੋਗਦਾਨ ਪਾਉਣ ਸਦਕਾ ਅਗਾਮੀ ਚੋਣਾਂ ਵਿਚ 50 ਪ੍ਰਤੀਸ਼ਤ ਟਿਕਟ ਦੇਣ ਦੀ ਮੰਗ ਵੀ ਪੇਸ਼ ਕੀਤੀ ਗਈ।
ਮਾਧਵ ਕੌਸ਼ਿਕ ਲਈ ਹਰਿਆਣਾ ਸਾਹਿਤ ਅਕਾਦਮੀ ਸਨਮਾਨ: ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਾਬਕਾ ਚੇਅਰਮੈਨ ਤੇ ਰਾਸ਼ਟਰੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਵਾਈਸ ਚੇਅਰਮੈਨ ਮਾਧਵ ਕੌਸ਼ਿਕ ਨੂੰ ਹਰਿਆਣਾ ਸਾਹਿਤ ਅਕਾਦਮੀ ਨੇ ਸੱਤ ਲੱਖ ਦੇ ਆਜੀਵਨ ਸਾਹਿਤ ਸਾਧਨਾ ਪੁਰਸਕਾਰ ਨਾਲ ਨਿਵਾਜ ਕੇ ਹਿੰਦੀ ਭਾਸ਼ੀ ਸਾਹਿਤਕਾਰਾਂ ਨੂੰ ਹੀ ਨਹੀਂ, ਚੰਡੀਗੜ੍ਹ ਦੇ ਪੰਜਾਬੀ ਤੇ ਉਰਦੂ ਦੇ ਅਦੀਬਾਂ ਨੂੰ ਵੀ ਨਿਹਾਲ ਕੀਤਾ ਹੈ। ਉਸ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਨਾਲ ਜੁੜੇ ਆਪਣੇ ਕਾਰਜਕਾਲ ਵਿਚ ਹਿੰਦੀ, ਉਰਦੂ ਪੰਜਾਬੀ ਤੇ ਅੰਗਰੇਜ਼ੀ ਲੇਖਕਾਂ ਨੂੰ ਵੀ ਨਿਵਾਜਿਆ ਤੇ ਚੰਡੀਗੜ੍ਹ ਦੇ ਸਕੂਲਾਂ-ਕਾਲਜਾਂ ਵਿਚ ਪ੍ਰੋਗਰਾਮ ਰਚਾ ਕੇ ਨਵੇਂ ਸਾਹਿਤ ਰਸੀਆਂ ਨੂੰ ਵੀ ਉਤਸ਼ਾਿਹਤ ਕੀਤਾ ਹੈ।
ਚੇਤੇ ਰਹੇ, ਮਾਧਵ ਕੌਸ਼ਿਕ ਦੇ ਹੁਣ ਤੱਕ 16 ਗਜ਼ਲ ਸੰਗ੍ਰਹਿ ਤੋਂ ਬਿਨਾ ਦੋ ਦਰਜਨ, ਖੰਡ ਕਾਵਿ, ਨਵਗੀਤ, ਕਥਾ ਸੰਗ੍ਰਹਿ, ਕਵਿਤਾ ਸੰਗ੍ਰਹਿ, ਬਾਲ ਸਾਹਿਤ, ਅਨੁਵਾਦ ਤੇ ਸਾਹਿਤ ਆਲੋਚਨਾ ਦੀਆਂ ਪੁਸਤਕਾਂ ਮਾਰਕਿਟ ਵਿਚ ਆ ਚੁਕੀਆਂ ਹਨ। ਉਸ ਦੀ ਰਚਨਾਕਾਰੀ ਉੱਤੇ 8 ਵਿਦਿਆਰਥੀ ਤੇ ਵਿਦਿਆਰਥਣਾਂ ਪੀਐੱਚ. ਡੀ. ਤੇ ਐਮ. ਫਿਲ ਕਰ ਚੁਕੇ ਹਨ। ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਹਿੰਦੀ ਸਾਹਿਤਕਾਰ ਵਜੋਂ ਨਿਵਾਜੇ ਮਾਧਵ ਕੌਸ਼ਿਕ ਨੂੰ ਨਵੀਂ ਦਿੱਲੀ, ਪ੍ਰਯਾਗ ਤੇ ਰਾਜਸਥਾਨ ਦੀਆਂ ਸਾਹਿਤ ਸੰਸਥਾਵਾਂ ਵਲੋਂ ਬੋਲਿਆ ਗਿਆ ਹੈ ਤੇ ਦੂਰਦਰਸ਼ਨ ਵਾਲਿਆਂ ਨੇ ਉਸ ਦੀਆਂ ਪ੍ਰਾਪਤੀਆਂ ਉੱਤੇ ਟੈਲੀ ਫਿਲਮ ਵੀ ਬਣਵਾਈ ਹੈ।
ਇੱਕ ਕਰੋੜ ਅੱਸੀ ਲੱਖ ਰੁਪਏ ਦਾ ਡੌਗੀ: ਮੀਡੀਆ ਅਨੁਸਾਰ ਅਮਰੀਕਨ ਗਾਇਕਾ ਲੇਡੀ ਗਾਗਾ ਦੇ ਫਰਾਂਸੀਸੀ ਨਸਲ ਦੇ ਡੌਗੀ ਉਸ ਦੇ ਨੌਕਰ ਨੂੰ ਜਖਮੀ ਕਰਕੇ ਉਹਦੇ ਕੋਲੋਂ ਖੋਹ ਲਏ ਗਏ ਸਨ, ਜਿਹੜੇ ਲਾਸ ਏਂਜਲਸ ਪੁਲਿਸ ਅਨੁਸਾਰ ਮੁੜ ਉਹਦੇ ਘਰ ਪਹੰੁਚਾਏ ਜਾ ਚੁਕੇ ਹਨ। ਲੇਡੀ ਗਾਗਾ ਆਪਣੇ ਪਿਆਰੇ ਡੌਗੀਆਂ ਦੀ ਘਰ ਵਾਪਸੀ ਉੱਤੇ ਅੰਤਾਂ ਦੀ ਖੁਸ਼ ਹੈ। ਚੇਤੇ ਰਹੇ, ਲੇਡੀ ਗਾਗਾ ਨੇ ਦੋਹਾਂ ਡੌਗੀਆਂ ਦੀ ਵਾਪਸੀ ਉੱਤੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਡਾਲਰ (ਤਿੰਨ ਕਰੋੜ ਪੈਂਹਠ ਲੱਖ ਰੁਪਏ) ਦਾ ਐਲਾਨ ਕੀਤਾ ਸੀ। ਪ੍ਰਤੀ ਡੌਗੀ ਕਰੀਬ ਇੱਕ ਕਰੋੜ ਅੱਸੀ ਲੱਖ ਰੁਪਏ।
ਅੰਤਿਕਾ: ਗੁਰਚਰਨ ਕੌਰ ਕੋਚਰ
ਜੇ ਦੁਸ਼ਮਣ ਮਾਰਦੈ ਪੱਥਰ
ਜ਼ਰਾ ਵੀ ਫਰਕ ਨਹੀਂ ਪੈਂਦਾ,
ਪਰ ਸੱਜਣ ਜੇ ਮਾਰੇ ਫੱੁਲ
ਬੜੀ ਤਕਲੀਫ ਹੰੁਦੀ ਏ।
ਪਸੀਨਾ ਵੇਚ ਕੇ ਵੀ ਜੇ
ਮਿਲੇ ਨਾ ਦਾਲ ਰੋਟੀ ਵੀ,
ਤੇ ਮਿਹਨਤ ਦਾ ਪਵੇ ਨਾ ਮੁਲ,
ਬੜੀ ਤਕਲੀਫ ਹੰੁਦੀ ਏ।
ਅਸੀਂ ਜਦ ਵੇਖੀਏ ਉਨ੍ਹਾਂ
ਬਜ਼ੁਰਗਾਂ ਨੂੰ, ਘਰਾਂ ਵਿਚ ਜੋ,
ਨੇ ਰਹਿੰਦੇ ਨੌਕਰਾਂ ਦੇ ਤੁਲ,
ਬੜੀ ਤਕਲੀਫ ਹੰੁਦੀ ਏ।