ਬੁਰਜ਼ੂਆ ਨੈਤਿਕਤਾ ਨੂੰ ਛਾਂਗਦਾ ਮਾਈਕਲਏਂਜਲੋ ਅੰਤੋਨੀਓਨੀ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਅਜਿਹੇ ਫਿਲਮਸਾਜ਼ਾਂ ਅਤੇ ਇਨ੍ਹਾਂ ਦੀ ਸਿਰਜੀਆਂ ਫਿਲਮਾਂ ਦਾ ਰੰਗ ਬਿਲਕੁਲ ਵੱਖਰੇ ਰੰਗ ਦਾ ਹੈ। ਐਤਕੀਂ ਇਸ ਕਾਲਮ ਵਿਚ ਸੰਸਾਰ ਪ੍ਰਸਿੱਧ ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ (29 ਸਤੰਬਰ 1912-30 ਜੁਲਾਈ 2007), ਉਨ੍ਹਾਂ ਦੀਆਂ ਫਿਲਮਾਂ ਅਤੇ ਦਰੜਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਇਨ੍ਹਾਂ ਫਿਲਮਾਂ ਦੀ ਸ਼ੈਲੀ ਬਾਬਤ ਚਰਚਾ ਕੀਤੀ ਗਈ ਹੈ।

ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330

ਆਪਣੀ ਫਿਲਮ ‘ਰੈੱਡ ਰੀਜ਼ਰਟ` ਬਾਰੇ ਦਿੱਤੀ ਇੰਟਰਵਿਊ ਵਿਚ ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਦੱਸਦਾ ਹੈ ਕਿ ‘ਬਹੁਤ ਸਾਰੇ ਲੋਕ ਸਮਝਦੇ ਹਨ ਕਿ ਮੈਂ ਗੈਰ-ਮਾਨਵੀ ਤੇ ਸੋਚ ਦੇ ਸਨਅਤੀ ਪੱਧਰ ‘ਤੇ ਜੀਅ ਰਹੀ ਦੁਨੀਆ ਨੂੰ ਆਪਣੀਆਂ ਫਿਲਮਾਂ ਵਿਚ ਚਿਤਰਦਾ ਹਾਂ; ਉਹ ਦੁਨੀਆ ਜਿਹੜੀ ਬੰਦਿਆਂ ਦੇ ਅੰਦਰੋਂ ਮਾਨਵੀ ਸਰੋਕਾਰ ਖਤਮ ਕਰ ਕੇ ਮਾਨਸਿਕ ਤੌਰ ‘ਤੇ ਟੁੱਟ-ਭੱਜ ਦੇ ਵਰਤਾਰੇ ਵਿਚ ਧੱਕਦੀ ਹੈ। ਮੇਰੀਆਂ ਫਿਲਮਾਂ ਸਿਰਫ ਇਹ ਨਹੀਂ ਹਨ। ਮੇਰਾ ਇਰਾਦਾ ਉਨ੍ਹਾਂ ਫੈਕਟਰੀਆਂ ਵਿਚ ਪਨਪਦੀ ਕਵਿਤਾ ਨੂੰ ਫਿਲਮਾਉਣਾ ਹੈ ਜਿਨ੍ਹਾਂ ਦੀਆਂ ਚਿਮਨੀਆਂ ਅਤੇ ਕਾਲਖਾਂ ਭਰੇ ਆਕਾਰ ਉਨ੍ਹਾਂ ਰੁੱਖਾਂ ਤੇ ਬੂਟਿਆਂ ਦੇ ਆਕਾਰਾਂ ਤੋਂ ਕਿਤੇ ਵੱਧ ਖੂਬਸੂਰਤ ਹੋ ਸਕਦੇ ਹਨ ਜਿਨ੍ਹਾਂ ਨੂੰ ਦੇਖ-ਦੇਖ ਅਸੀਂ ਅੱਕ ਚੁੱਕੇ ਹਾਂ। ਇਹ ਭਰੀ-ਭਕੁੰਨੀ ਦੁਨੀਆ ਹੈ ਜਿਹੜੀ ਹਰ ਪਲ ਧੜਕਦੀ ਤੇ ਜਿਊਂਦੀ ਹੈ। ਇਨ੍ਹਾਂ ਥਾਵਾਂ ‘ਤੇ ਕੰਮਾਂ ਵਿਚ ਰੁੱਝੇ ਲੋਕਾਂ ਵਿਚ ਕੁਝ ਵੀ ਬਣ ਸਕਣ ਦੀ ਸਮਰੱਥਾ ਮੌਜੂਦ ਹੈ। ਦੂਜੇ ਪਾਸੇ ਉਹ ਲੋਕ ਵੀ ਹਨ ਜਿਹੜੇ ਸਾਧਾਰਨਤਾ ਅਤੇ ਅਕੇਵੇਂ ਦੇ ਮਾਰੇ ਜ਼ਿੰਦਗੀ ਨੂੰ ਝੱਲ ਸਕਣ ਤੋਂ ਅਸਮਰੱਥ ਹਨ`।
ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਦਾ ਸਿਨੇਮਾ ਆਧੁਨਿਕਤਾ ਦਾ ਸਿਨੇਮਾ ਹੈ। ਆਪਣੇ ਕੈਮਰੇ ਦੀ ਅੱਖ ਰਾਹੀਂ ਉਹ ਆਪਣੇ ਦੌਰ ਦੇ ਅਮੂਰਤ ਅਤੇ ਖਿੰਡਰੇ ਵਰਤਾਰਿਆਂ ਨੂੰ ਸੰਬੋਧਿਤ ਹੁੰਦਾ ਹੈ। ਉਹ ਅਣਦੇਖੇ ਹਾਦਸਿਆਂ ਦੀ ਉਡੀਕ ਵਿਚ ਆਪਣੇ ਕੈਮਰੇ ਦੇ ਫਰੇਮ ਤੇ ਗਤੀ ਨੂੰ ਰੋਕ ਕੇ ਲਗਾਤਾਰ ਇੰਤਜ਼ਾਰ ਕਰ ਸਕਦਾ ਹੈ। ਉਸ ਦੀਆਂ ਫਿਲਮਾਂ ਦੇ ਕਿਰਦਾਰ ਅਤੇ ਪਲਾਟ ਗੁਜ਼ਰ ਰਹੇ ਸਮੇਂ ਦੇ ਐਨ ਵਿਚਕਾਰ ਸਥਿਰ ਹੋ ਸਕਦੇ ਹਨ ਤੇ ਫਿਲਮ ਦੀਆਂ ਘਟਨਾਵਾਂ ਦੀ ਗਤੀ ਇੰਨੀ ਹੌਲੀ ਹੋ ਸਕਦੀ ਹੈ ਕਿ ਦਰਸ਼ਕਾਂ ਨੂੰ ਭੁਲੇਖਾ ਪੈ ਸਕਦਾ ਹੈ ਕਿ ਕਿਤੇ ਕੁਝ ਵੀ ਨਹੀਂ ਵਾਪਰ ਰਿਹਾ। ਨਿਰੰਤਰ ਅਨਿਸ਼ਚਤਤਾ ਅਤੇ ਬਦਲਾਓ ਦੀ ਸਥਿਤੀ ਦਾ ਚਿਤਰਨ ਕਰਦਾ ਉਸ ਦਾ ਸਿਨੇਮਾ ਸੰਭਾਵਨਾਵਾਂ ਦਾ ਸਿਨੇਮਾ ਹੈ ਜਿਸ ਵਿਚ ਆਧੁਨਿਕ ਇਮਾਰਤਾਂ ਦੇ ਵੱਡ-ਆਕਾਰੀ ਢਾਂਚਿਆਂ ਸਾਹਮਣੇ ਬੌਣੇ ਤੇ ਨਿੱਕੇ ਮਨੁੱਖੀ ਆਕਾਰ ਅਣਦਿਸਦੇ ਖਾਲੀਪਣ ਵਿਚ ਗੁੰਮ ਹੁੰਦੇ ਜਾਂਦੇ ਹਨ। ਉਸ ਦੀਆਂ ਫਿਲਮਾਂ ਵਿਚ ਰੰਗਾਂ ਦੇ ਕੋਲਾਜ਼ ਤੇ ਉਨ੍ਹਾਂ ਦੇ ਵੱਖੋ-ਵੱਖ ਪੈਟਰਨਾਂ ਦੀ ਭਰਮਾਰ ਹੈ।
ਫਿਲਮ ਚਿੰਤਕ ਡੇਵਿਡ ਬੋਰਵੈਲ ਉਸ ਦੀਆਂ ਫਿਲਮਾਂ ਬਾਰੇ ਟਿੱਪਣੀ ਕਰਦਿਆਂ ਆਖਦਾ ਹੈ ਕਿ ਉਸ ਦੀਆਂ ਫਿਲਮਾਂ ਦੇ ਕਿਰਦਾਰ ਆਪਣੀ ਜ਼ਿੰਦਗੀ ਦੇ ਖਾਲੀਪਣ ਤੇ ਉਦੇਸ਼ਹੀਣਤਾ ਤੋਂ ਉਕਤਾਏ ਹੋਏ ਲੋਕ ਹਨ। ਉਹ ਫਿਲਮਾਂ ਵਿਚ ਬਹੁਤ ਸਾਰੀਆਂ ਪਾਰਟੀਆਂ, ਪਿਕਨਿਕਾਂ ਤੇ ਇੱਕਠਿਆਂ ਖਾਣ-ਪੀਣ ਤੇ ਗੱਲਾਂ-ਬਾਤਾਂ ਕਰਨ ਦੇ ਬਹੁਤ ਸਾਰੇ ਦ੍ਰਿਸ਼ ਇਸੇ ਲਈ ਪਾਉਂਦਾ ਹੈ, ਕਿਉਂਕਿ ਉਸ ਦੀਆਂ ਫਿਲਮਾਂ ਦੇ ਕਿਰਦਾਰਾਂ ਕੋਲ ਕਰਨ ਲਈ ਕੁਝ ਨਹੀਂ ਹੈ। ਉਹ ਅਜਿਹੀਆਂ ਥਾਵਾਂ ‘ਤੇ ਪੈਦਾ ਹੋ ਗਏ ਹਨ ਜਿੱਥੇ ਪੈਸਾ ਤੇ ਇਮਾਰਤਾਂ ਦਾ ਹੀ ਰਾਜ ਹੈ ਤੇ ਇਨਸਾਨਾਂ ਦੇ ਆਪਸ ਵਿਚ ਮਿਲਣ-ਬੈਠਣ ਦਾ ਕੋਈ ਮਾਨਵੀ ਜਾ ਭਾਵਨਾਤਮਿਕ ਆਧਾਰ ਨਹੀਂ। ਇਨਸਾਨ ਆਪਣੇ ਅੰਦਰ ਬੈਠੇ ਵੀ ਵੱਖ-ਵੱਖ ਦਿਮਾਗੀ ਧਰਾਤਲਾਂ ‘ਤੇ ਵਿਚਰ ਰਹੇ ਹਨ। ਉਨ੍ਹਾਂ ਦੀ ਆਪਸੀ ਗੱਲਬਾਤ ਵੀ ਵੇਚਣ-ਖਰੀਦਣ ਜਾਂ ਪੂੰਜੀ ਦੇ ਘਟਾਉ-ਵਧਾਉ ਦੇ ਇਰਦ-ਗਿਰਦ ਘੁੰਮਦੀ ਹੈ। ਇਸ ਸਾਰੀ ਗੱਲਬਾਤ ਤੋਂ ਬਾਅਦ ਉਨ੍ਹਾਂ ਅੰਦਰਲੀ ਇਕੱਲ ਤੇ ਠੰਢਾਪਣ ਹੋਰ ਵੀ ਵਧ ਜਾਂਦਾ ਹੈ। ਉਹ ਪੂੰਜੀ ਦੇ ਸਰਾਪੇ ਕਿਰਦਾਰ ਹਨ ਤੇ ਜ਼ਿੰਦਗੀ ਤੋਂ ਭਗੌੜੇ ਹੋਣ ਦੀ ਕਗਾਰ ਤੇ ਖੜ੍ਹੇ ਹਨ।
ਅਮਰੀਕਾ ਦਾ ਅਖਬਾਰ ‘ਦਿ ਨਿਊ ਯਾਰਕਰ` ਅੰਤੋਨੀਓਨੀ ਦੀਆਂ ਫਿਲਮਾਂ ਬਾਰੇ ਟਿੱਪਣੀ ਕਰਦਿਆਂ ਆਖਦਾ ਹੈ ਕਿ ਇਹ ਨਵ-ਉਦਾਰਵਾਦੀ ਤੇ ਪੂੰਜੀਵਾਦ ਦੇ ਆਧੁਨਿਕ ਦੌਰ ਦਾ ਯਥਾਰਥਕ ਚਿਤਰਨ ਹੈ ਜਿੱਥੇ ਪਦਾਰਥਕ ਹਾਲਾਤ ਬਦਲ ਚੁੱਕੇ ਹਨ ਪਰ ਚੇਤਨਾ ਦਾ ਸਵਾਲ ਜਿਉਂ ਦਾ ਤਿਉਂ ਖੜ੍ਹਾ ਹੈ। ਸਮਾਜਿਕ ਸੋਚ ਸਾਂਝੀਵਾਲਤਾ ਤੋਂ ਨਿੱਜ ਤੱਕ ਸਿਮਟ ਰਹੀ ਹੈ। ਚੀਜ਼ਾਂ ਦੇ ਅਕਸ ਉਨ੍ਹਾਂ ਤੋਂ ਵੱਧ ਮਹਤੱਵਪੂਰਨ ਹੋ ਚੁੱਕੇ ਹਨ। ਬੰਦਾ ਆਪਣੀ ਹੋਂਦ ਤੇ ਪਛਾਣ ਨੂੰ ਲੈ ਕੇ ਡੌਰ-ਭੌਰ ਹੈ।
ਬਹੁਤ ਸਾਰੇ ਆਲੋਚਕਾਂ ਨੇ ਉਸ ਦੀਆਂ ਫਿਲਮਾਂ ਵਿਚ ਜਨ-ਸੰਚਾਰ ਮਾਧਿਅਮਾਂ ਦੀ ਵਰਤੋਂ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਉਹ ਆਪਣੀਆਂ ਫਿਲਮਾਂ ਵਿਚ ਇਨ੍ਹਾਂ ਮਾਧਿਅਮਾਂ ਦੁਆਰਾ ਪਰੋਸੇ ਜਾਂਦੇ ਸਮਾਜਿਕ ਘੜਮੱਸ ਨੂੰ ਵਾਰ-ਵਾਰ ਪਰਦੇ ‘ਤੇ ਪੇਸ਼ ਕਰਦਾ ਹੈ, ਕਿਉਂਕਿ ਇਨ੍ਹਾਂ ਦੁਆਰਾ ਸਿਰਜੀ ਤੇ ਪ੍ਰਚਾਰੀ ਜਾ ਰਹੀ ਇਮਾਰਤਸਾਜ਼ੀ, ਸੰਗੀਤ, ਰਹਿਣ-ਸਹਿਣ, ਫੈਸ਼ਨ ਤੇ ਸਿਆਸਤ ਦੇ ਦ੍ਰਿਸ਼ਾਂ ਤੇ ਆਵਾਜ਼ਾਂ ਨੇ ਆਧੁਨਿਕ ਸਮਾਜਾਂ ਦੇ ਮਨੋਵਿਗਿਆਨਕ ਖਲਾਅ ਤੇ ਹੋਂਦ ਨੂੰ ਆਪਣੇ ਕੱਚ-ਘਰੜ ਸੱਚ ਨਾਲ ਭਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਵਿਚ ਸਫਲ ਵੀ ਹੋਏ ਹਨ।
ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਦੀਆਂ ਫਿਲਮਾਂ ਵਿਚੋਂ ਮੁੱਖ ਰੂਪ ਵਿਚ ਤਿੰਨ ਫਿਲਮਾਂ ਜ਼ਿਆਦਾ ਮਹਤੱਵਪੂਰਨ ਹਨ। ਪਹਿਲੀ ਫਿਲਮ ਹੈ ‘ਲਾ ਅਵੈਨਚਰਾ`, ‘ਲਾ ਨੌਟੇ` ਅਤੇ ‘ਲਾ ਇਕਲੀਜ਼ੇ`। ਇਸ ਤੋਂ ਬਿਨਾਂ ਅੰਗਰੇਜ਼ੀ ਭਾਸ਼ਾ ਵਿਚ ਉਸ ਦੁਆਰਾ ਨਿਰਦੇਸ਼ਤ ਫਿਲਮਾ ‘ਬਲੋਅ-ਅੱਪ` ਅਤੇ ‘ਪਸੈਂਜਰ` ਨੂੰ ਆਧੁਨਿਕ ਜੀਵਨ ਸ਼ੈਲੀ ‘ਤੇ ਸਖਤ ਟਿੱਪਣੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਆਪਣੀ ਇੱਕ ਫਿਲਮ ਦੇ ਰਿਲੀਜ਼ ਮੌਕੇ ਉਹ ਆਪਣੀਆਂ ਫਿਲਮਾਂ ਬਾਰੇ ਦੱਸਦਾ ਹੈ, “ਇਸ ਵਿਗਿਆਨਕ ਅਤੇ ਤਰਕ ਆਧਾਰਿਤ ਮੰਨੇ ਜਾਂਦੇ ਸਮਾਜਾਂ ਵਿਚ ਵੀ ਅਸੀਂ ਪੁਰਾਣੀ ਅਤੇ ਜੜ੍ਹ ਹੋ ਚੁੱਕੀ ਨੈਤਕਿਤਾ ਨੂੰ ਆਪਣੇ ਆਲਸਪੁਣੇ ਤੇ ਕਾਇਰਤਾ ਕਰ ਕੇ ਲਗਾਤਾਰ ਢੋਅ ਰਹੇ ਹਾਂ। ਅਸੀ ਸਦੀਆਂ ਤੋਂ ਇਸ ‘ਤੇ ਬਹਿਸਾਂ ਤੇ ਵਿਚਾਰ-ਵਟਾਂਦਰੇ ਕਰ-ਕਰ ਕੇ ਇਸ ਦੀ ਬਥੇਰੀ ਚੀੜ-ਫਾੜ ਕੀਤੀ ਹੈ। ਅਸੀਂ ਇਨ੍ਹਾਂ ਧਾਰਨਾਵਾਂ ਦਾ ਧੂੰਆਂ ਕੱਢ ਦਿੱਤਾ ਹੈ, ਫਿਰ ਵੀ ਅਸੀਂ ਇਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ। ਅਸੀਂ ਇਨ੍ਹਾਂ ਤੋਂ ਖਹਿੜਾ ਨਹੀਂ ਛੁਡਾ ਰਹੇ ਅਤੇ ਨਵੀਂਆਂ ਕਦਰਾਂ-ਕੀਮਤਾਂ ਘੜਨ ਤੋਂ ਭੱਜ ਰਹੇ ਹਾਂ।”
ਆਪਣੀਆਂ ਫਿਲਮਾਂ ਰਾਹੀਂ ਉਸ ਨੇ ਲਗਾਤਾਰ ਨੈਤਕਿਤਾ ਅਤੇ ਬੁਰਜ਼ੁਆਵਾਦੀ ਕਦਰਾਂ ਨੂੰ ਛਾਂਗਿਆ ਹੈ। ਉਸ ਦੀਆਂ ਫਿਲਮਾਂ ਬਾਰੇ ਟਿੱਪਣੀ ਕਰਦਿਆਂ ਉਘਾ ਚਿੰਤਕ ਰੋਲਾਂ ਬਾਰਤ ਲਿਖਦਾ ਹੈ ਕਿ ਉਸ ਦਾ ਸਿਨੇਮਾ ਅਰਥਾਂ ਦੀ ਥਾਂ ਖਾਲੀ ਥਾਵਾਂ ਰੱਖ ਦਿੰਦਾ ਹੈ ਤੇ ਉਨ੍ਹਾਂ ਬਾਰੇ ਅੰਤਿਮ ਸੱਚ ਜਾਂ ਅੰਤਿਮ ਧਾਰਨਾ ਬਣਾਉਣ ਦੀ ਜ਼ਿੱਦ ਤੋਂ ਬਚਦਾ ਹੈ। ਉਹ ਚੀਜ਼ਾਂ ਅਤੇ ਵਰਤਾਰਿਆਂ ਨੂੰ ਇਤਿਹਾਸਕਾਰ ਜਾਂ ਸਿਆਸੀ ਨੇਤਾ ਜਾਂ ਫਿਰ ਪ੍ਰੰਪਰਾ ਵਾਲੇ ਕਿਸੇ ਆਲੋਚਕ ਵਾਂਗ ਦੇਖਣ ਤੋਂ ਗੁਰੇਜ਼ ਕਰਦਾ ਹੈ। ਉਹ ਨਵੀਂ ਦੁਨੀਆ ਦੀ ਕਲਪਨਾ ਕਰਦਾ ਹੈ, ਉਸੇ ਵਿਚ ਜਿਊਂਦਾ ਹੈ ਤੇ ਦਰਸ਼ਕ ਨੂੰ ਉਸ ਦੁਨੀਆ ਦਾ ਹਿੱਸਾ ਬਣਾਉਣ ਲਈ ਤਾਂਘਦਾ ਹੈ।