ਚਿੱਠੀ-ਪੱਤਰ ਵਾਲੇ ਪ੍ਰੀਤ ਵਿਆਹਾਂ ਦਾ ਮਰਸੀਆ

ਗੁਲਜ਼ਾਰ ਸਿੰਘ ਸੰਧੂ
ਨਵੀਨ ਤਕਨਾਲੋਜੀ ਨੇ ਚਿੱਠੀ-ਪੱਤਰ ਪ੍ਰਣਾਲੀ ਦਾ ਭੋਗ ਪਾ ਦਿੱਤਾ ਹੈ। ਪਿਛਲੀ ਸਦੀ ਦੇ ਅੱਧ ਤੱਕ ਇਸ ਵਿਧਾ ਦਾ ਬੋਲਬਾਲਾ ਸੀ। ਮਿਰਜ਼ਾ ਗਾਲਿਬ ਦੇ ਕਾਲ ਵਿਚ ਤਾਂ ਇਨ੍ਹਾਂ ਦਾ ਮਹੱਤਵ ਏਨਾ ਸੀ ਕਿ ਉਸ ਦੀ ਖੱਤ-ਓ-ਕਿਤਾਬਤ ਉੱਤੇ ਖੋਜ ਪੱਤਰ ਲਿਖ ਕੇ ਅੱਜ ਦੇ ਵਿਦਿਆਰਥੀ ਡਾਕਟਰੇਟਾਂ ਕਰ ਰਹੇ ਹਨ।

ਕੋਵਿਡ-19 ਦੀ ਤਾਲਾਬੰਦੀ ਸਮੇਂ ਹੋਰ ਭਾਸ਼ਾਵਾਂ ਬਾਰੇ ਤਾਂ ਪਤਾ ਨਹੀਂ, ਪੰਜਾਬੀ ਵਿਚ ਦੋ ਪੁਸਤਕਾਂ ਅਜਿਹੀਆਂ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਵਿਚ ਵਿਅਹੁਤਾ ਜੀਵਨ ਤੇ ਇਸ ਤੋਂ ਪਹਿਲਾਂ ਦੇ ਪ੍ਰੇਮ ਸਬੰਧਾਂ ਦਾ ਮਾਣਨਯੋਗ ਵਰਣਨ ਹੈ-ਚਿੱਠੀ ਪੱਤਰਾਂ ਦੀ ਵਿਧਾ ਵਾਲਾ। ਪਹਿਲੀ ਰਚਨਾ ਪ੍ਰਿਤਪਾਲ ਕੌਰ ਦੀ ਹੈ ‘ਲਿਖ ਤੁਮ ਕਮਲਜੀਤ,’ ਜੋ ਛੇ ਕੁ ਮਹੀਨੇ ਪਹਿਲਾਂ ਛਪੀ ਹੈ ਤੇ ਦੂਜੀ ਅਮਰਜੀਤ ਸਿੰਘ ਹੇਅਰ ਦੀ ‘ਪ੍ਰੇਮਿਕਾ ਤੋਂ ਪਤਨੀ,’ ਜੋ ਹੁਣੇ ਹੁਣੇ ਬਾਜ਼ਾਰ ਵਿਚ ਆਈ ਹੈ। ਪਹਿਲੀ ਵਿਚ ਪ੍ਰਿਤਪਾਲ ਨੂੰ ਉਸ ਦੇ ਪਤੀ ਕਰਮਜੀਤ ਵਲੋਂ ਲਿਖੀਆਂ 90 ਲੰਮੀਆਂ ਚਿੱਠੀਆਂ ਹਨ। ਇਸ ਦਾ ਇੱਕ ਹੀ ਵਾਕ ਕਮਲਜੀਤ ਦੇ ਮਨ ਦੀ ਭਾਵਨਾ ਦੱਸਣ ਲਈ ਕਾਫੀ ਹੈ, ‘ਪਿਆਰ ਪਹਿਲੀ ਵਾਰ ਦੇਖਦਿਆਂ ਨਹੀਂ ਹੰੁਦਾ, ਸਗੋਂ ਇਹ ਉਹ ਜਜ਼ਬਾ ਹੈ, ਜੋ ਦਿਮਾਗ ਰਾਹੀਂ ਤੁਹਾਡੀ ਰੂਹ ਉਤੇ ਛਾ ਜਾਂਦਾ ਹੈ, ਜਿਸ ਨੂੰ ਕਦੀ ਚਾਹ ਕੇ ਵੀ ਤੁਸੀਂ ਭੁਲਾ ਨਹੀਂ ਸਕਦੇ।’
ਪੁਸਤਕ ਦੇ ਸਰਵਰਕ ਉੱਤੇ ਪ੍ਰਿਤਪਾਲ ਇਸ ਜਜ਼ਬੇ ਉੱਤੇ ਸਹੀ ਪਾਉਂਦੀ ਹੋਈ ਲਿਖਦੀ ਹੈ, “ਤੈਨੂੰ ਗਏ ਨੂੰ 39 ਸਾਲ ਹੋ ਗਏ ਨੇ, ਤੇ ਮੈਂ ਤੇਰੇ ਵਿਯੋਗ ਵਿਚ ਬੱੁਢੀ ਹੋ ਗਈ ਹਾਂ। ਹੁਣ ਤੇਰੀਆਂ ਚਿੱਠੀਆਂ ਹੀ ਮੇਰੀ ਸਿਮਰਨੀ, ਤੇਰਾ ‘ਨਾਮ’ ਮੇਰੀ ਰਸਨਾ ਦਾ ਜਾਪ ਤੇ ਚਿੱਠੀਆਂ ਵਿਚ ਹਰ ਸ਼ਬਦ ਮੇਰਾ ਮਣਕਾ, ਮੇਰਾ ਕਰਮਜੀਤ ਸਿੰਘ, ਮੇਰਾ ਆਸਰਾ। ਮੈਂ ਸਵਾਸ ਸਵਾਸ ਵਿਚ ਤੈਨੂੰ ਰਾਮ ਵਾਂਗ ਰਸਿਆ ਹੋਇਆ ਹੈ।”
ਅਮਰਜੀਤ ਹੇਅਰ ਦੀ ਰਚਨਾ ਲੰਮੇਰੇ ਤੇ ਭਰਪੂਰ ਵਿਆਹੁਤਾ ਜੀਵਨ ਦਾ ਬਿਰਤਾਂਤ ਹੈ। ਉਸ ਦੀਆਂ ਚਿੱਠੀਆਂ ਨੂੰ ਦੋ ਹਰਫੀਆਂ ਕਹਿ ਸਕਦੇ ਹਾਂ। ਇਹ ਡਾਕ ਰਾਹੀਂ ਨਹੀਂ ਭੇਜੀਆਂ ਗਈਆਂ, ਸਗੋਂ ਰੋਜ਼ਾਨਾ ਡਾਇਰੀ ਵਿਚ ਦਰਜ ਹਨ। ਹਰ ਆਏ ਦਿਨ ਦੀ ਸੋਚ ਤੇ ਕਾਰਗੁਜ਼ਾਰੀ। ਬੀ. ਟੀ. ਕਰਦਿਆਂ ਹਰਦੇਵ ਉਸ ਦੀ ਹਮ ਜਮਾਤਣ ਸੀ। ਡਾਇਰੀ ਵਿਚ ਉਸ ਦਾ ਪੂਰਾ ਨਾਂ ਨਹੀਂ ਮਿਲਦਾ, ਕੇਵਲ ‘ਐਚ’ ਲਿਖਿਆ ਮਿਲਦਾ ਹੈ।
‘ਐਚ’ ਦਾ ਗੱੁਸੇ ਵਾਲਾ ਨੋਟ ਮਿਲਿਆ। ਸ਼ਾਇਦ ਇਸ ਲਈ ਕਿ ਮੈਂ ਆਪਣੀ ਡਾਇਰੀ ਉਸ ਨੂੰ ਪੜ੍ਹਨ ਲਈ ਨਹੀਂ ਭੇਜੀ। ਮੈਂ ਵੀ ਜਵਾਬ ਵਿਚ 14 ਸਫੇ ਦੀ ਚਿੱਠੀ ਲਿਖੀ।
‘ਮੈਨੂੰ ਆਪਣੀ ਹਾਲਤ ਉੱਤੇ ਤਰਸ ਆਉਂਦਾ ਹੈ। ਕਾਸ਼! ਉਹ ਮੇਰੀ ਜ਼ਿੰਦਗੀ ਵਿਚ ਨਾ ਆਈ ਹੰੁਦੀ। ਆਪਾਂ ਇੱਕ ਦੂਜੇ ਨੂੰ ਨਾ ਮਿਲਦੇ ਤਾਂ ਚੰਗਾ ਸੀ। ਮੇਰੇ ਮਨ ਵਿਚ ਬੜੇ ਖਿਆਲ ਆਪਸ ਵਿਚ ਦੀ ਭਿੜਦੇ ਫਿਰਦੇ ਹਨ। ਦੁਨੀਆਂ ਦਾ ਫਿਕਰ, ਘਰ ਪਰਿਵਾਰ ਦੀਆਂ ਸਮੱਸਿਆਵਾਂ। ਸੰਸਾਰ ਵਿਚ ਕਿੰਨਾ ਦੱੁਖ ਹੈ…ਕੀ ਮੈਂ ਤੇਰੇ ਨਾਲ ਖੁਸ਼ ਰਹਿ ਸਕਾਂਗਾ? ਮੈਨੂੰ ਇਸ ’ਤੇ ਸ਼ੱਕ ਹੈ। ਤੇਰਾ ਪਿਛੋਕੜ ਮੇਰੇ ਤੋਂ ਵੱਖਰਾ ਹੈ।
ਇਹੋ ਜਿਹੇ ਪਿਛੋਕੜ ਨੂੰ ਮੈਂ ਇੱਕੋ ਸਮੇਂ ਪਿਆਰ ਕਰਦਾ ਹਾਂ ਤੇ ਘਿਰਣਾ ਵੀ। ਗਰੀਬੀ ਤੇ ਅਮੀਰੀ ਦਾ ਫਰਕ। ਕਾਸ਼…! ਇਤਿਆਦਿ।
ਹੁਣ ਹਰਦੇਵ ਦੀ ਇੱਕ ਚਿੱਠੀ। ਅਮਰਜੀਤ ਦੀ ਡਾਇਰੀ ਪੜ੍ਹਨ ਤੋਂ ਪਿਛੋਂ ਲਿਖੀ ਹੋਈ। (ਅੰਗਰੇਜ਼ੀ ਤੋਂ ਅਨੁਵਾਦ), “ਤੰੂ ਆਪਦੀ ਜ਼ਿੰਦਗੀ ਵਿਚ ਤਬਦੀਲੀ ਚਾਹੰੁਦਾ ਹੈ, ਪਰ ਤਬਦੀਲੀ ਤਾਂ ਸਾਡੇ ਵਿਚ ਹਰ ਪਲ ਹੰੁਦੀ ਹੈ। ਤੰੂ ਇਸ ਥਾਂ ਤੋਂ ਦੂਰ ਚਲਾ ਜਾਣਾ ਚਾਹੰੁਦਾ ਹੈ। ਜਦ ਸਮਾਂ ਬੀਤ ਗਿਆ, ਤੰੂ ਇਸ ਥਾਂ ਨੂੰ ਹੀ ਯਾਦ ਕਰੇਂਗਾ। ਤੰੂ ਹੁਣ ਕਿਸੇ ਹੋਰ ਲਈ ਹੈ, ਇਸ ਕਰਕੇ ਸਿਰਫ ਆਪਦੀ ਹੀ ਨਾਂ ਸੋਚ। ਇਕੱਲੇ ਪਿਆਰ ਬਾਰੇ ਨਾ ਸੋਚ। ਦੱਬ ਕੇ ਕੰਮ ਕਰ। ਪਿਆਰ ਵਿਚ ਚੈਨ ਤੇ ਸਕੂਨ ਮਿਲਦਾ ਹੈ। ਜਦ ਅਸੀਂ ਪਿਆਰ ਕਰਦੇ ਹੋਈਏ ਤਾਂ ਜ਼ਿਆਦਾ ਕੰਮ ਕਰ ਸਕਦੇ ਹਾਂ। ਮੇਰੀ ਹਾਜ਼ਰੀ ਇਸ ਦਾ ਸਬੂਤ ਹੈ।”
ਚਿੱਠੀਆਂ ਤੇ ਚਿੱਠੀ-ਰੂਪੀ ਡਾਇਰੀ ਦੀਆਂ ਸਤਰਾਂ ਵਿਚ ਫਰੀਦਕੋਟ ਵਾਲਾ ਬੀ. ਟੀ. ਕਾਲਜ ਛੱਡਣ ਦੀਆਂ ਯਾਦਾਂ ਵੀ ਹਨ, ਵਿਗੋਚਾ ਵੀ ਤੇ ਬੱਸ ਵਿਚ ਇੱਕ ਹੀ ਸੀਟ ਉੱਤੇ ਬੈਠ ਕੇ ਤੈਅ ਕੀਤਾ ਸਫਰ ਵੀ। ਖਾਸ ਕਰਕੇ ਅਮਰਜੀਤ ਦੇ ਮਨ ਵਿਚ ਰਹਿ ਰਹਿ ਕੇ ਆਉਂਦਾ ਇਹ ਖਿਆਲ ਕਿ ਉਹ ਹਰਦੇਵ ਲਈ ਢੁਕਵਾਂ ਵਿਅਕਤੀ ਨਹੀਂ। ਇਹ ਸੋਚਣਾ ਵੀ ਕਿ ਜੇ ਉਸ ਦਾ ਪਿਆਰ ਸੱਚਾ ਹੈ ਤਾਂ ਉਹ ਚਾਹਵੇਗਾ ਕਿ ਉਸ ਦਾ ਕਿਸੇ ਐਸੇ ਬੰਦੇ ਨਾਲ ਵਿਆਹ ਹੋ ਜਾਵੇ, ਜੋ ਉਸ ਨੂੰ ਖੁਸ਼ ਰਖ ਸਕੇ।
ਓਧਰ ਹਰਦੇਵ ਦਾ ਬਾਪ ਨਸ਼ੇੜੀ ਹੈ। ਨਸ਼ੇ ਵਿਚ ਅਵਾ-ਤਵਾ ਬੋਲਣ ਦਾ ਆਦੀ ਹੈ; ਪਰ ਜਦੋਂ ਅਮਰਜੀਤ ਨੂੰ ਮਿਲਣ ਉਸ ਦੇ ਘਰ ਆਉਦਾ ਹੈ ਤਾਂ ਅਮਰਜੀਤ ਇਸ ਨਤੀਜੇ ਉੱਤੇ ਪਹੰੁਚਦਾ ਹੈ ਕਿ ਉਸ ਸ਼ਖਸ ਵਿਚ ਕੁਝ ਤਕੜੇ ਕਮਜ਼ੋਰ ਲੱਛਣ ਹਨ ਤੇ ਕੁਝ ਕਮਜ਼ੋਰ ਤਕੜੇ ਪੁਆਇੰਟਸ। ਜੇ ਸੋਫੀ ਹੋਵੇ ਤਾਂ ਦਿਲਚਸਪ ਆਦਮੀ ਹੈ। ਦਿਲ ਦਾ ਚੰਗਾ ਲਗਦਾ ਹੈ।
ਸੈਂਸ ਆਫ ਹਿਊਮਰ ਦਾ ਮਾਲਕ ਹੈ। ਉਹ ਇਨ੍ਹਾਂ ਦੀ ਸ਼ਾਦੀ ’ਤੇ ਖੁਸ਼ ਨਹੀਂ। ਹੋਣਾ ਵੀ ਨਹੀਂ ਚਾਹੀਦਾ। ਉਸ ਨੂੰ ਇਸ ਸ਼ਾਦੀ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ ਕਿ ਉਹ ਵਿਆਹ ਲਈ ਢੁਕਵੀਂ ਚੁਆਇਸ ਨਹੀਂ। ਇਤਿਆਦਿ।
ਹਰਦੇਵ ਦੀਆਂ ਚਿੱਠੀਆਂ ਵਿਚ ਵਿਸਥਾਰ ਹੈ ਜੋ ਕਿ ਅਮਰਜੀਤ ਦੀ ਡਾਇਰੀ ਦੀਆਂ ਦੋ ਸਤਰੀ ਟੂਕਾਂ ਵਿਚ ਨਹੀਂ।
“ਸਾਨੂੰ ਆਪਣੇ ਅੰਦਰੂਨੀ ਜਜ਼ਬਿਆਂ ਅਤੇ ਅਕੀਦਿਆਂ ’ਤੇ ਚਲਣਾ ਚਾਹੀਦਾ ਹੈ ਤੇ ਪਰਮਾਤਮਾ `ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜੋ ਅਸੀਂ ਸੱਚੇ ਦਿਲੋਂ ਚਾਹੰੁਦੇ ਹਾਂ, ਉਹ ਮਿਲ ਜਾਂਦਾ ਹੈ। ਮੈਂ ਆਪਣੀਆਂ ਸਰੀਰਕ ਲੋੜਾਂ ਵੀ ਪੂਰੀਆਂ ਕਰਨਾ ਲੋਚਦੀ ਹਾਂ। ਇਹ ਸੁਭਾਵਕ ਹੈ। ਮੇਰੀ ਤੇਰੇ ਨਾਲ ਰਹਿਣ ਦੀ ਤੀਬਰ ਇੱਛਾ ਹੈ। ਮੇਰੀਆਂ ਚਿੱਠੀਆਂ ਕਿਸੇ ਨੂੰ ਨਾ ਦਿਖਾਈਂ, ਪਰ ਜਲਦੀ ਜਵਾਬ ਦੇਈਂ। ਬਹੁਤ ਪਿਆਰ ਤੇ ਬਹੁਤ ਸਾਰੀਆਂ…।”
ਹਰਦੇਵ ਤੇ ਅਮਰਜੀਤ ਦੀ ਸ਼ਾਦੀ ਤਾਂ 1956 ਦੇ ਅੰਤ ਵਿਚ ਹੋਈ, ਪਰ ਚਿੱਠੀ-ਪੱਤਰ ਵਿਆਹ ਤੱਕ ਵੀ ਚਲਦਾ ਰਿਹਾ ਤੇ ਉਸ ਤੋਂ ਪਿੱਛੋਂ ਵੀ। ਇਸ ਪਿਆਰ ਕਥਾ ਦਾ ਤੀਜਾ ਪਾਤਰ ਹਰਦੇਵ ਦਾ ਪਿਤਾ ਸੀ। ਉਸ ਦੀ ਸੋਚ ਉੱਤੇ ਮੁਹਰ ਲਾਏ ਬਿਨਾ ਇਹ ਕਥਾ ਅਧੂਰੀ ਰਹਿ ਜਾਵੇਗੀ। ਉਹਦੇ ਵਲੋਂ ਵਿਆਹ ਤੋਂ ਦਸ ਮਹੀਨੇ ਪਹਿਲਾਂ ਅਮਰਜੀਤ ਨੂੰ ਲਿਖੀ ਚਿੱਠੀ ਦੇ ਦੋ ਵਾਕ ਪੇਸ਼ ਹਨ:
“ਅਮਰਜੀਤ ਤੁਮ ਨੇ ਏਕ ਖਤ ਮੇਂ ਲਿਖਾ ਥਾ ਕਿ ਮੈਨੇ ਆਪ ਕੇ ਸਾਥ ਲੜਨਾ ਹੈ। ਯੇਹ ਹੈ ਵੁਹ ਹੈ। ਮੈਨੇ ਵਾਹਿਗੁਰੂ ਕਾ ਬੜਾ ਸ਼ੁਕਰ ਕੀਆਂ ਕਿ ਲੜ ਪਏ ਤੋ ਮਾਮਲਾ ਖਤਮ। ਪਰ ਮੈਂ ਦੋਨੋਂ ਦਿਨ ਦੇਖਤਾ ਰਹਾ ਤੰੂ ਲੜਾ ਨਹੀਂ। ਮੇਰੇ ਸਾਥ ਕੋਈ ਲੜਤਾ ਨਹੀਂ। ਵਜਾ ਯਹ ਕਿ ਮੈਨੇ ਆਜ ਤੱਕ ਕਿਸੀ ਕੀ ਬੁਰਾਈ ਨਹੀਂ ਕੀ ਔਰ ਨਾ ਹੀ ਕਿਸੀ ਕੇ ਬਾਰੇ ਬੁਰਾ ਸੋਚਾ ਹੈ। ਲੇਕਿਨ ਮੁਝੇ ਦੱੁਖ ਹੈ ਕਿ ਆਪ ਮੁਝੇ ਅਪਨੀ ਡਾਇਰੀ ਭੀ ਨਹੀਂ ਦਿਖਾਨਾ ਚਾਹਤੇ, ਹਾਲਾਂਕਿ ਮੈਂ ਅਪਨੀ ਲੜਕੀ ਆਪ ਕੋ ਅਪਨਾ ਏਕ ਕੀਮਤੀ ਪੁਰਜ਼ਾ (ਹਰਦੇਵ) ਤੁਮਹਾਰੇ ਹਵਾਲੇ ਕਰਨੇ ਕੋ ਤਿਆਰ ਹੂੰ। ਮੈਂ ਹਰ ਹਾਲਤ ਮੇਂ ਦੇਖਨਾ ਚਾਹਤਾ ਹੂੰ, ਬੇਸ਼ਕ ਉਸਮੇਂ ਮੇਰੇ ਲੀਏ ਗਾਲੀ ਗਲੋਚ ਕਿਉਂ ਨਾ ਹੋ। ਮੈਂ ਹਰਗਿਜ਼ ਗੁੱਸਾ ਨਹੀਂ ਕਰੂੰਗਾ। ਅਪਨੇ ਬੱਚੋਂ ਸੇ ਝਗੜਾ ਹੂਆ ਹੀ ਕਰਤਾ ਹੈ।”
ਡਾਇਰੀ ਦੇ ਪੰਨਿਆ ਵਿਚ ਇਹ ਵੀ ਦਰਜ ਹੈ ਕਿ ਦੋਨੋ ਪਤੀ-ਪਤਨੀ ਬਣਨ ਤੋਂ ਪਿੱਛੋਂ ਲੜਦੇ-ਝਗੜਦੇ ਵੀ ਰਹੇ, ਪਰ ਜ਼ਿੰਦਗੀ ਵਿਚ ਸਾਰੇ ਦੱੁਖ-ਸੱੁਖ ਦੋਹਾਂ ਨੇ ਰਲ ਕੇ ਮਾਣੇ। ਅਮਰਜੀਤ ਦੇ ਲਿਖਣ ਅਨੁਸਾਰ ਉਸ ਨੇ ਜ਼ਿੰਦਗੀ ਦੇ ਹਰ ਪਲ ਵਿਚ ਖਿੜੀ ਧੱੁਪ ਖਿਲਾਰਨ ਦਾ ਯਤਨ ਕੀਤਾ। ਇਹ ਸੋਚੇ ਬਿਨਾ ਕਿ ਉਸ ਨੂੰ ਪ੍ਰਸ਼ੰਸਾ ਮਿਲਦੀ ਸੀ ਜਾਂ ਨਹੀਂ। ਅਮਰਜੀਤ ਸਿੰਘ ਹੇਅਰ ਦੀ ਰਚਨਾ ‘ਪ੍ਰੇਮਿਕਾ ਤੋਂ ਪਤਨੀ’ ਇਹ ਦਸਦੀ ਹੈ ਕਿ ਟੈਲੀਫੋਨਾਂ ਦਾ ਜਾਲ ਵਿਛਣ ਤੋਂ ਪਹਿਲਾਂ ਪ੍ਰੇਮੀ ਜਾਂ ਵਿਆਹੁਤਾ ਜੋੜਿਆਂ ਲਈ ਚਿੱਠੀ ਪੱਤਰਾਂ ਦਾ ਕਿੰਨਾ ਮਹੱਤਵ ਸੀ। ਪੁਸਤਕ ਸਚਿਤਰ ਹੈ। ਅਮਰਜੀਤ, ਹਰਦੇਵ ਤੇ ਉਸ ਦੇ ਪਿਤਾ ਤੋਂ ਬਿਨਾ ਹੋਰ ਵੀ ਕਈ ਤਸਵੀਰਾਂ ਹਨ। ਪੜ੍ਹਨਯੋਗ ਪੁਸਤਕਾ ਹੈ। ਸਵਾਗਤ ਹੈ।
ਅੰਤਿਕਾ: ਮਿਰਜ਼ਾ ਗਾਲਿਬ
ਇਸ਼ਕ ਪਰ ਜ਼ੋਰ ਨਹੀਂ ਹੈ
ਯਹ ਵੋਹ ਆਤਿਸ਼ ਗਾਲਿਬ,
ਜੋ ਲਗਾਏ ਨਾ ਲਗੇ
ਔਰ ਬੁਝਾਏ ਨਾ ਬੁਝੇ।