ਸੋਨਾਕਸ਼ੀ ਸਿਨਹਾ ਅੱਜਕੱਲ੍ਹ ਬਹੁਤ ਖੁਸ਼ ਹੈ। ਇਕ ਤਾਂ ਉਹਦੀ ਨਵੀਂ ਫਿਲਮ ‘ਲੁਟੇਰਾ’ ਲਈ ਉਸ ਦੀ ਬੜੀ
ਤਾਰੀਫ ਹੋ ਰਹੀ ਹੈ; ਦੂਜੇ, ਉਸ ਨੇ ਸਾਬਤ ਕਰ ਦਿਖਾਇਆ ਹੈ ਕਿ ਸਫਲ ਹੋਣ ਲਈ ਜਾਂ ਜ਼ਿਆਦਾ ਸੁਨੱਖੇ ਦਿਸਣ ਲਈ ਘੱਟ ਕੱਪੜੇ ਪਾਉਣ ਜਾਂ ਕਈ ਮਾਮਲਿਆਂ ਵਿਚ ਕੱਪੜੇ ਉਤਾਰਨ ਦੀ ਕੋਈ ਲੋੜ ਨਹੀਂ ਹੈ। ਪੁੱਛਣ ‘ਤੇ ਉਹ ਦੱਸਦੀ ਹੈ, “ਮੈਂ ਤਾਂ ਕਾਲਜ ਪੜ੍ਹਨ ਵੇਲੇ ਵੀ ਅਜਿਹੇ ਕੱਪੜੇ ਪਸੰਦ ਨਹੀਂ ਸੀ ਕਰਦੀ। ਹੁਣ ਕੋਈ ਵੀ ਨਿਰਮਾਤਾ ਨਿਰਦੇਸ਼ਕ ਮੇਰੇ ਕੋਲ ਅਜਿਹੀ ਕੋਈ ਪੇਸ਼ਕਸ਼ ਲੈ ਕੇ ਨਹੀਂ ਆਇਆ। ਇਨ੍ਹਾਂ ਸਭ ਨੂੰ ਪਤਾ ਹੈ ਕਿ ਮੈਂ ਸੋਨਾਕਸ਼ੀ ਹਾਂ।” ਉਸ ਨੇ ਆਸ ਪ੍ਰਗਟਾਈ ਕਿ ਉਸ ਦੇ ਦਰਸ਼ਕ ਉਸ ਨੂੰ ਅਗਾਂਹ ਵੀ ਇਸੇ ਰੂਪ ਵਿਚ ਸਵੀਕਾਰ ਕਰਨਗੇ। ਅਸਲ ਵਿਚ ਸੋਨਾਕਸ਼ੀ ਆਪਣੇ ਪਿਤਾ ਸ਼ਤਰੂਘਨ ਸਿਨਹਾ ਅਤੇ ਮਾਂ ਪੂਨਮ ਸਿਨਹਾ ਦੇ ਬਹੁਤ ਨੇੜੇ ਹੈ। ਉਹ ਉਨ੍ਹਾਂ ਦਾ ਖਿਆਲ ਵੀ ਬਹੁਤ ਰੱਖਦੀ ਹੈ। ਪਿੱਛੇ ਜਿਹੇ ਜਦੋਂ ਉਸ ਦਾ ਪਿਤਾ ਬਿਮਾਰ ਹੋ ਗਿਆ ਸੀ ਅਤੇ ਸਿਆਸੀ ਰੁਝੇਵਿਆਂ ਕਰ ਕੇ, ਡਾਕਟਰਾਂ ਦੇ ਕਹਿਣ ਦੇ ਬਾਵਜੂਦ ਲੋਕਾਂ ਨੂੰ ਮਿਲਣ ਤੋਂ ਨਹੀਂ ਸੀ ਹਟਦਾ, ਤਾਂ ਸੋਨਾਕਸ਼ੀ ਨੇ ਬਾਪੂ ਨੂੰ ਵੀ ਦਬਕ ਦਿੱਤਾ ਸੀ ਅਤੇ ਨਾਲ ਹੀ ਮਿਲਣ ਆਉਣ ਵਾਲਿਆਂ ਨੂੰ ਵੀ। ‘ਲੁਟੇਰਾ’ ਵਿਚ ਸੋਨਾਕਸ਼ੀ ਨਾਲ ਕੰਮ ਕਰਨ ਵਾਲਾ ਅਦਾਕਾਰ ਰਣਵੀਰ ਸਿੰਘ ਤਾਂ ਉਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਾ ਨਹੀਂ ਥੱਕਦਾ। ਉਹ ਹੁੱਬ ਹੁੱਬ ਦੱਸਦਾ ਫਿਰਦਾ ਹੈ, “ਸੋਨਾਕਸ਼ੀ ਆਪਣਾ ਕੰਮ ਬਹੁਤ ਸੰਜੀਦਗੀ ਨਾਲ ਕਰਦੀ ਹੈ, ਸਗੋਂ ਹੋਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਦੀ ਹੈ। ‘ਲੁਟੇਰਾ’ ਵਿਚ ਉਸ ਨਾਲ ਕੰਮ ਕਰ ਕੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਫਿਲਮ ਅਤੇ ਕਲਾਕਾਰਾਂ ਦੀ ਹਰ ਜ਼ਰੂਰਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ।” ਦੋ ਜੂਨ 1987 ਨੂੰ ਜਨਮੀ ਸੋਨਾਕਸ਼ੀ ਨੇ 2010 ਵਿਚ ‘ਦਬੰਗ’ ਫਿਲਮ ਨਾਲ ਫਿਲਮੀ ਦੁਨੀਆਂ ਵਿਚ ਪੈਰ ਪਾਏ ਸਨ। ਉਂਜ ਉਸ ਨੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਨੇ ਆਪਣਾ ਕਰੀਅਰ ਕੌਸਟਿਊਮ ਡਿਜ਼ਾਈਨਰ ਵਜੋਂ ਹੀ ਸ਼ੁਰੂ ਕੀਤਾ ਸੀ। 2005 ਵਿਚ ਰਿਲੀਜ਼ ਹੋਈ ਫਿਲਮ ‘ਮੇਰਾ ਦਿਲ ਲੇ ਕੇ ਦੇਖੋ’ ਲਈ ਉਸ ਨੇ ਕੌਸਟਿਊਮ ਡਿਜ਼ਾਈਨ ਕੀਤੇ ਸਨ। 2008 ਅਤੇ 2009 ਵਿਚ ਲੈਕਮੇ ਫੈਸ਼ਨ ਵੀਕ ਦੌਰਾਨ ਉਹ ਰੈਂਪ ਉਤੇ ਮਟਕੀ ਤੇ ਮੁਸਕਰਾਈ ਅਤੇ ਸਭ ਦਾ ਧਿਆਨ ਖਿੱਚਿਆ। ਇਸ ਤੋਂ ਬਾਅਦ ਉਸ ਲਈ ਬਾਲੀਵੁੱਡ ਦੇ ਰਾਹ ਖੁੱਲ੍ਹ ਗਏ ਅਤੇ ਉਹ ‘ਦਬੰਗ’ ਵਿਚ ਸਲਮਾਨ ਖਾਨ ਨਾਲ ਬਤੌਰ ਹੀਰੋਇਨ ਆਈ। ਸਲਮਾਨ ਖਾਨ ਨਾਲ ਕੰਮ ਕਰਨ ਵਾਲੀਆਂ ਹੀਰੋਇਨਾਂ ਭਾਵੇਂ ਸਲਮਾਨ ਦੇ ਰੋਲ ਹੇਠਾਂ ਦਬ ਕੇ ਰਹਿ ਜਾਂਦੀਆਂ ਹਨ, ਪਰ ਸੋਨਾਕਸ਼ੀ ਨੇ ਇਸ ਫਿਲਮ ਵਿਚ ਆਪਣੀ ਛਾਪ ਛੱਡੀ; ਫਿਲਮ ਆਲੋਚਕਾਂ ਨੇ ਵੀ ਉਸ ਦੀ ਅਦਾਕਾਰੀ ਦਾ ਨੋਟਿਸ ਲਿਆ ਅਤੇ ਖੂਬ ਪ੍ਰਸ਼ੰਸਾ ਕੀਤੀ। 2012 ਵਿਚ ਉਸ ਦੀਆਂ ਪੰਜ ਫਿਲਮਾਂ ਰਿਲੀਜ਼ ਹੋਈਆਂ: ਰਾਊਡੀ ਰਾਠੌਰ, ਜੋਕਰ, ਓਹ ਮਾਈ ਗੌਡ, ਦਬੰਗ-2 ਅਤੇ ਸਨ ਆਫ ਸਰਦਾਰ। 2013 ਵਿਚ ‘ਲੁਟੇਰਾ’ ਨਾਲ ਧਿਆਨ ਖਿੱਚਿਆ। ਇਸੇ ਸਾਲ ਉਸ ਦੀ ਫਿਲਮ ‘ਵੰਸ ਅਪੌਨ ਏ ਟਾਈਮ ਇਨ ਮੁੰਬਈ ਦੋਬਾਰਾ’ ਆ ਰਹੀ ਹੈ। ‘ਬੁਲੇਟ ਰਾਜਾ’, ‘ਰੈਂਬੋ ਰਾਜ ਕੁਮਾਰ’ ਅਤੇ ‘ਪਿਸਟਲ’ ਦੀ ਸ਼ੂਟਿੰਗ ਚੱਲ ਰਹੀ ਹੈ।
Leave a Reply