ਇਸਤਰੀ ਸ਼ਕਤੀ ਅਤੇ ਅੰਦੋਲਨ

ਡਾ. ਗੁਰਨਾਮ ਕੌਰ, ਕੈਨੇਡਾ
ਔਰਤ ਮਨੁੱਖੀ ਸਮਾਜ ਦਾ ਧੁਰਾ ਹੈ, ਉਸ ਦੀ ਹੋਂਦ ਤੋਂ ਬਿਨਾ ਮਨੁੱਖੀ ਸਮਾਜ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਦੇ ਬਾਵਜੂਦ ਉਸ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ, ਆਪਣੇ ਅਧਿਕਾਰਾਂ ਖਾਤਰ ਸਮੇਂ ਸਮੇਂ ਸੰਘਰਸ਼ ਕਰਨਾ ਪੈਂਦਾ ਰਿਹਾ ਹੈ, ਆਪਣੇ ਹੱਕਾਂ ਲਈ ਲੜਨਾ ਪਿਆ ਹੈ। ਸੰਘਰਸ਼ਾਂ ਵਿਚੋਂ ਲੰਘਦਿਆਂ ਹੀ ਉਹ ਇਸ ਪੜਾਅ ‘ਤੇ ਪਹੁੰਚ ਗਈ ਹੈ, ਏਨੀ ਕੁ ਬਲਵਾਨ ਹੋ ਗਈ ਹੈ ਕਿ ਅੱਜ ਇੱਕੀਵੀਂ ਸਦੀ ਵਿਚ ਉਹ ਮਹਿਜ਼ ਆਪਣੇ ਲਈ ਹੀ ਨਹੀਂ, ਸਗੋਂ ਸਮੁੱਚੇ ਸਮਾਜ ਦੇ ਅਧਿਕਾਰਾਂ ਲਈ, ਸਮੁੱਚੀ ਮਾਨਵਤਾ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਨਾਲ ਸੰਘਰਸ਼ਸ਼ੀਲ ਹੈ ਤੇ ਕਿਸੇ ਵੀ ਹੱਦ ਤੱਕ ਸੰਘਰਸ਼ ਵਿਚ ਕੁੱਦ ਸਕਦੀ ਹੈ।

ਆਪਣੀ ਹੋਂਦ ਅਤੇ ਸ਼ਕਤੀ ਦਾ ਅਹਿਸਾਸ ਉਸ ਨੇ ਕੌਮਾਂਤਰੀ ਪੱਧਰ ‘ਤੇ ਅੱਜ ਸਮੁੱਚੇ ਸਮਾਜ ਨੂੰ ਕਰਾ ਦਿੱਤਾ ਹੈ। ਉਸ ਦੇ ਇਸ ਸੰਘਰਸ਼ ਨੂੰ ਸਮਰਪਿਤ ਹੀ ਕੌਮਾਂਤਰੀ ਪੱਧਰ ‘ਤੇ 8 ਮਾਰਚ ਦਾ ਦਿਨ ਯੂ. ਐਨ. ਓ. ਵੱਲੋਂ ‘ਇਸਤਰੀ ਦਿਵਸ’ ਵਜੋਂ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ‘ਕੌਮਾਂਤਰੀ ਇਸਤਰੀ ਦਿਵਸ’ (8 ਮਾਰਚ) ਦਾ ਵਿਸ਼ਾ ਇਸ ਵਾਰ “ਵੂਮੈਨ ਇਨ ਲੀਡਰਸ਼ਿਪ: ਅਚੀਵਿੰਗ ਐਨ ਇਕੁਅਲ ਫਿਊਚਰ ਇਨ ਏ ਕੋਵਿਡ-19 ਵਰਲਡ” ਅਰਥਾਤ “ਨੇਤ੍ਰਤਵ ਵਿਚ ਇਸਤਰੀਆਂ: ਕੋਵਿਡ-19 ਦੀ ਦੁਨੀਆਂ ਵਿਚ ਬਰਾਬਰ ਦੇ ਭਵਿੱਖ ਦੀ ਪ੍ਰਾਪਤੀ ਕਰਦੀਆਂ ਹੋਈਆਂ” ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ; ਇਹ ਸਾਲ ਔਰਤਾਂ ਅਤੇ ਲੜਕੀਆਂ ਵੱਲੋਂ ਸੰਸਾਰ ਭਰ ਵਿਚ ਪਾਏ ਭਰਪੂਰ ਯੋਗਦਾਨ ਨੂੰ ਸਾਹਮਣੇ ਰੱਖ ਕੇ ਮਨਾਉਂਦਿਆਂ ਜ਼ਿਆਦਾ ਬਰਾਬਰੀ ਵਾਲਾ ਭਵਿੱਖ ਘੜਨ, ਕੋਵਿਡ-19 ਦੀ ਮਹਾਂਮਾਰੀ ਵਿਚੋਂ ਨਿਕਲਣ ਤੇ ਰਹਿ ਗਏ ਖੱਪੇ ਨੂੰ ਉਭਾਰਨ ਦੇ ਸੰਦਰਭ ਵਿਚ ਹੈ।
ਔਰਤਾਂ ਵੱਲੋਂ ਜ਼ਿੰਦਗੀ ਦੇ ਹਰ ਖੇਤਰ ਵਿਚ ਪਾਇਆ ਭਰਪੂਰ ਯੋਗਦਾਨ, ਉਨ੍ਹਾਂ ਦੀ ਸ਼ਮੂਲੀਅਤ ਅਤੇ ਨੇਤ੍ਰਤਵ ਸਾਰੇ ਸਮਾਜ ਲਈ ਤਰੱਕੀ ਲਿਆਉਂਦਾ ਹੈ। ਇਸ ਦੇ ਬਾਵਜੂਦ, ਯੂ. ਐਨ. ਸਕੱਤਰ ਜਨਰਲ ਦੀ ਰਿਪੋਰਟ ਅਨੁਸਾਰ ਜਨਤਕ ਜੀਵਨ ਅਤੇ ਫੈਸਲੇ ਲੈਣ ਵਿਚ ਇਸਤਰੀਆਂ ਦੀ ਹਿੱਸੇਦਾਰੀ ਦੀ ਨੁਮਾਇੰਦਗੀ ਬਹੁਤ ਘੱਟ ਹੈ। ਭਾਵੇਂ ਦੁਨੀਆਂ ਦੇ 22 ਮੁਲਕਾਂ ਦੀਆਂ ਮੁਖੀ ਇਸਤਰੀਆਂ ਹਨ, ਪ੍ਰੰਤੂ ਕੌਮੀ ਪਰਲੀਮੈਂਟਾਂ ਵਿਚ ਉਨ੍ਹਾਂ ਦੀ ਨੁਮਾਇੰਦਗੀ ਮਹਿਜ਼ 24.9 ਪ੍ਰਤੀਸ਼ਤ ਹੀ ਹੈ। ਜੇ ਤਰੱਕੀ ਦੀ ਰਫਤਾਰ ਇਹੀ ਰਹੀ ਤਾਂ, ਸਰਕਾਰਾਂ ਦੇ ਮੁਖੀਆਂ ਵਿਚ ਲਿੰਗ ਬਰਾਬਰੀ ਲਈ ਹੋਰ 130 ਸਾਲ ਲੱਗਣਗੇ। ਕੋਵਿਡ-19 ਦੇ ਖਿਲਾਫ ਲੜਾਈ ਵਿਚ ਇਸਤਰੀਆਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਮੂਹਰਲੀਆਂ ਸਫਾਂ ਅਤੇ ਸਿਹਤ ਖੇਤਰ ਕਾਰਕੁਨਾਂ, ਵਿਗਿਆਨੀਆਂ, ਡਾਕਟਰਾਂ ਅਤੇ ਦੇਖਭਾਲ-ਕਰਤਾ ਦੇ ਤੌਰ `ਤੇ ਮਹਾਂਮਾਰੀ ਖਿਲਾਫ ਲੜਾਈ ਲੜੀ ਹੈ, ਫਿਰ ਵੀ ਸੰਸਾਰ ਪੱਧਰ ‘ਤੇ ਉਨ੍ਹਾਂ ਨੂੰ ਆਪਣੇ ਪੁਰਸ਼ ਸਮਕਸ਼ਕਾਂ ਦੇ ਮੁਕਾਬਲੇ 11% ਘੱਟ ਉਜਰਤ ਮਿਲੀ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਔਰਤਾਂ ਅਗਵਾਈ ਕਰਦੀਆਂ ਹਨ ਤਾਂ ਨਤੀਜੇ ਜ਼ਿਆਦਾ ਹਾਂ-ਮੁਖੀ ਅਤੇ ਸਾਰਥਕ ਨਿਕਲਦੇ ਹਨ। ਕੋਵਿਡ-19 ਮਹਾਂਮਾਰੀ ਖਿਲਾਫ ਔਰਤਾਂ ਨੇ ਬਹੁਤ ਸੁਜੱਗਤਾ ਨਾਲ ਆਪਣਾ ਯੋਗਦਾਨ ਪਾਇਆ ਹੈ। ਸਮਾਜਿਕ ਨਿਆਂ, ਵਾਤਾਵਰਣ ਸੰਭਾਲ ਅਤੇ ਬਰਾਬਰੀ ਲਈ ਔਰਤਾਂ ਖਾਸ ਕਰਕੇ ਨੌਜੁਆਨ ਅੋਰਤਾਂ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਵਿਭਿੰਨ ਕਿਸਮ ਦੀਆਂ ਆਨਲਾਈਨ ਅਤੇ ਸੜਕੀ ਲਹਿਰਾਂ ਵਿਚ ਅੱਗੇ ਹੋ ਕੇ ਅਗਵਾਈ ਕਰ ਰਹੀਆਂ ਹਨ। ਫਿਰ ਵੀ ਸੰਸਾਰ ਪੱਧਰ `ਤੇ ਸੰਸਦਾਂ ਵਿਚ 30 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ 1% ਤੋਂ ਵੀ ਘੱਟ ਹਨ।
ਆਲਮੀ ਪੱਧਰ `ਤੇ ਇਸਤਰੀਆਂ ਕਲੰਕ-ਰਹਿਤ, ਗੈਰ-ਦਕਿਆਨੂਸੀ ਅਤੇ ਹਿੰਸਾ-ਮੁਕਤ ਬਰਾਬਰ ਦਾ ਭਵਿੱਖ ਚਾਹੁੰਦੀਆਂ ਹਨ, ਅਜਿਹਾ ਭਵਿੱਖ ਜਿਹੜਾ ਸਥਾਈ, ਸ਼ਾਂਤ, ਬਰਾਬਰ ਦੇ ਅਧਿਕਾਰਾਂ, ਮੌਕਿਆਂ ਤੇ ਸੰਭਾਵਨਾਵਾਂ ਭਰਪੂਰ ਹੋਵੇ, ਜਿਸ ਦੀਆਂ ਉਹ ਹੱਕਦਾਰ ਵੀ ਹਨ। ਉਨ੍ਹਾਂ ਲਈ ਅਜਿਹਾ ਮਾਹੌਲ ਸਿਰਜਣ ਲਈ ਇਸਤਰੀਆਂ ਉਸ ਹਰ ਇੱਕ ਮੇਜ਼ ‘ਤੇ ਸ਼ਾਮਲ ਹੋਣੀਆਂ ਚਾਹੀਦੀਆਂ ਹਨ, ਜਿਸ ‘ਤੇ ਫੈਸਲੇ ਲਏ ਜਾਂਦੇ ਹਨ।
ਅੰਦੋਲਨ ਇੱਕ ਵਿਸ਼ਵ-ਵਿਆਪੀ ਭਾਸ਼ਾ ਹੈ। ਜਦੋਂ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਆਪਣੀ ਗੱਲ ਸੁਣਾਉਣ ਲਈ ਲੋਕ ਜਨਤਕ ਪੱਧਰ ‘ਤੇ ਇਕੱਠੇ ਹੋ ਕੇ ਆਪਣੇ ਮਸਲੇ ਦਾ ਪ੍ਰਦਰਸ਼ਨ ਕਰਦੇ ਹਨ। ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਣ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਆਪਣੀ ਇੱਕਮੁਠਤਾ, ਤਾਕਤ, ਏਕਤਾ ਅਤੇ ਤਬਦੀਲੀ ਲਿਆਉਣ ਦੀ ਇੱਛਾ ਦਿਖਾਉਣ ਦਾ ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਤੇ ਸਮਰੱਥ ਜ਼ਰੀਆ ਹੈ। ਇਸਤਰੀਆਂ ਵੀ ਸਮੇਂ ਸਮੇਂ ਆਪਣੇ ਅਧਿਕਾਰਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਂ ਰੋਸ ਦਿਖਾਵੇ ਕਰਦੀਆਂ ਰਹੀਆਂ ਹਨ। ਦੁਨੀਆਂ ਭਰ ਵਿਚ ਔਰਤਾਂ ਵੱਲੋਂ ਆਪਣੇ ਹੱਕਾਂ ਲਈ ਸਮੇਂ ਸਮੇਂ ਬਹੁਤ ਵੱਡੇ ਪੱਧਰ ‘ਤੇ ਵੀ ਅਤੇ ਕੁਝ ਛੋਟੇ ਪੱਧਰ `ਤੇ ਅੰਦੋਲਨ ਕੀਤੇ ਜਾਂਦੇ ਰਹੇ ਹਨ, ਪਰ ਹਰ ਇੱਕ ਅੰਦੋਲਨ ਦੀ ਆਪਣੀ ਆਪਣੀ ਅਹਿਮੀਅਤ ਰਹੀ ਹੈ-ਭਾਵੇਂ ਕਈਆਂ ਦਾ ਘੇਰਾ ਵਿਸ਼ਵ ਪੱਧਰ ਤੱਕ ਦਾ ਰਿਹਾ ਤੇ ਕਈਆਂ ਦਾ ਛੋਟਾ।
ਔਰਤਾਂ ਵੱਲੋਂ ਕੀਤੇ ਗਏ ਅੰਦੋਲਨਾਂ ਦੀ ਇਸ ਪਰੰਪਰਾ ਦੀ ਸੰਖੇਪ ਜਿਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਵੀਹਵੀਂ ਸਦੀ ਦੇ ਅਰੰਭ ਵਿਚ ਔਰਤਾਂ ਦੇ ਹੱਕਾਂ ਲਈ ਬਰਤਾਨੀਆ ਵਿਚ ਅੰਦੋਲਨ ਸ਼ੁਰੂ ਹੋਇਆ ਸੀ, ਜਿਸ ਵਿਚ ਪੰਜਾਬ ਦੇ ਜਲਾਵਤਨ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦਲੀਪ ਸਿੰਘ ਨੂੰ ਇਸਤਰੀ ਅਧਿਕਾਰਾਂ ਲਈ ਸਫਰਜੈਟ ਅਤੇ ਕੰਪੇਨਰ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ ਅਤੇ ਸਾਰੇ ਬੜੀ ਉਤਸੁਕਤਾ ਨਾਲ ਉਸ ਨੂੰ ਸੁਣਦੇ ਤੇ ਦੇਖਦੇ ਸਨ ਕਿ ਇਸਤਰੀ ਅਧਿਕਾਰਾਂ ਲਈ ਲੜਨ ਵਾਲੀ ਉਹ ਇੱਕ ‘ਬਲੈਕ ਪ੍ਰਿੰਸੈਸ’ ਹੈ। ਕੁਝ ਦੇਰ ਪਹਿਲਾਂ ਮੈਂ ਅਨੀਤਾ ਅਨੰਦ ਦੀ ਸੋਫੀਆ ਦਲੀਪ ਸਿੰਘ `ਤੇ ਲਿਖੀ ਕਿਤਾਬ ਪੜ੍ਹੀ ਸੀ, ਜਿਸ ਦਾ ਸਿਰਲੇਖ ਹੀ “ਸੋਫੀਆ: ਪ੍ਰਿੰਸੈਸ, ਸਫਰਜੈਟ, ਰੈਵੋਲੂਸ਼ਨਰੀ” ਹੈ ਅਤੇ ਹੁਣ ਇੱਕ ਹੋਰ ਪੁਸਤਕ ਬਾਲੀ ਰਾਇ ਅਤੇ ਰੇਚਲ ਡੀਨ ਵੱਲੋਂ ਲਿਖੀ ਗਈ ਹੈ, ਜਿਸ ਦਾ ਸਿਰਲੇਖ ਵੀ “ਦਾ ਰਾਇਲ ਰੈਬਲ: ਦਾ ਲਾਈਫ ਆਫ ਸਫਰਜੈਟ ਪ੍ਰਿੰਸੈਸ ਸੋਫੀਆ ਦਲੀਪ ਸਿੰਘ” ਹੈ। ਕਹਿਣ ਤੋਂ ਭਾਵ ਅੱਜ ਰਾਜਕੁਮਾਰੀ ਸੋਫੀਆ ਨੂੰ ਮਹਾਰਾਜਾ ਦਲੀਪ ਸਿੰਘ ਦੀ ਧੀ ਹੋਣ ਦੇ ਨਾਲ ਨਾਲ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਸ਼ਖਸੀਅਤ ਦੇ ਤੌਰ `ਤੇ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਸਤਰੀ ਬੀਬੀ ਨਾਨਕੀ ਦੀ ਮੁਹੱਬਤ ਭਰੀ ਦਿੱਬ-ਦ੍ਰਿਸ਼ਟੀ, ਮਾਤਾ ਖੀਵੀ ਦੀ ਸੇਵਾ-ਭਾਵਨਾ, ਮਾਤਾ ਗੁਜਰੀ ਦਾ ਸਬਰ-ਸੰਤੋਖ ਅਤੇ ਮਾਈ ਭਾਗੋ ਦੇ ਜੁਝਾਰੂ ਜਜ਼ਬੇ ਦੀ ਵਾਰਸ ਹੈ, ਜਿਸ ਦਾ ਜ਼ਿਕਰ ਅਸੀਂ ਮੌਜੂਦਾ ਕਿਸਾਨੀ ਅੰਦੋਲਨ ਦੇ ਸੰਦਰਭ ਵਿਚ ਕਰ ਸਕਦੇ ਹਾਂ ਅਤੇ ਉਹ ਅੰਦੋਲਨ ਵਿਚ ਜੂਝ ਰਹੀਆਂ ਬੀਬੀਆਂ ਵਿਚੋਂ ਦ੍ਰਿਸ਼ਟੀਗੋਚਰ ਵੀ ਹੁੰਦਾ ਹੈ। ਇਸ ਤੋਂ ਪਹਿਲਾਂ ‘ਇਸਤਰੀ ਦਿਵਸ’ ਨੂੰ ਧਿਆਨ ਵਿਚ ਰੱਖਦਿਆਂ, ਔਰਤਾਂ ਵੱਲੋਂ ਕੀਤੇ ਜਾਂਦੇ ਰਹੇ ਅੰਦੋਲਨਾਂ ਦੀ ਪਰੰਪਰਾ ‘ਤੇ ਇੱਕ ਸਰਸਰੀ ਨਜ਼ਰ ਮਾਰ ਲੈਣੀ ਕੁਥਾਂ ਨਹੀਂ ਹੋਵੇਗੀ।
ਔਰਤਾਂ ਦੇ ਹੱਕਾਂ ਲਈ ਅੰਦੋਲਨ 25 ਮਾਰਚ 1911 ਨੂੰ, ਨਿਊ ਯਾਰਕ ਦੇ ਗਰੀਨਵਿਚ ਪਿੰਡ ਦੀ “ਟਰਾਇੰਗਲ ਸ਼ਰਟਵੇਸਟ ਫੈਕਟਰੀ” ਵਿਚ ਅੱਗ ਲੱਗਣ ਕਾਰਨ 146 ਕਾਮੇ ਮੌਤ ਦੇ ਮੂੰਹ ਵਿਚ ਚਲੇ ਗਏ ਸਨ, ਕਿਉਂਕਿ ਬਾਹਰ ਨਿਕਲਣ ਦੇ ਰਸਤੇ ਬੰਦ ਕੀਤੇ ਹੁੰਦੇ ਸਨ, ਜਿਨ੍ਹਾਂ ਵਿਚੋਂ 123 ਔਰਤਾਂ ਸਨ, ਦੇ ਖਿਲਾਫ ਹੋਇਆ ਸੀ ਅਤੇ ਆਸ-ਪਾਸ ਦੇ ਕਰੀਬ 10,000 ਲੋਕਾਂ ਨੇ ਰੋਸ ਮਾਰਚ ਵਿਚ ਹਿੱਸਾ ਲਿਆ। ਸੰਨ 1949 ਵਿਚ ਕਰੀਬ 100 ਸਫਾਈ ਸੇਵਕ ਔਰਤਾਂ ਵੱਲੋਂ ਆਪਣੀਆਂ ਘੱਟ ਉਜਰਤਾਂ ਦੇ ਰੋਸ ਵਿਚ ਲੰਡਨ’ਸ ਟੈਂਪਲ ਗਾਰਡਨ ਤੋਂ ਲਿੰਕਨ’ਸ ਇਨ ਫੀਲਡਜ਼ ਤੱਕ ਰੋਸ ਮਾਰਚ ਕੀਤਾ ਗਿਆ। ਔਰਤਾਂ, ਜਿਹੜੀਆਂ ਕਿ ਸਿਵਲ ਸਰਵਿਸਿਜ਼ ਯੂਨੀਅਨ ਦੀਆਂ ਮੈਂਬਰ ਸਨ, ਆਪਣੀ ਤਨਖਾਹ 34 ਸੈਂਟ ਪ੍ਰਤੀ ਘੰਟਾ ਤੋਂ 40 ਸੈਂਟ ਪ੍ਰਤੀ ਘੰਟਾ ਕਰਨ ਲਈ ਸੰਘਰਸ਼ ਕਰ ਰਹੀਆਂ ਸਨ। ਉਨ੍ਹਾਂ ਦੇ ਹੱਥਾਂ ਵਿਚ ਬੈਨਰ ਚੁੱਕੇ ਹੋਏ ਸੀ, “ਕਲੈਨਲੀਨੈਸ ਇਜ਼ ਨੈਕਸਟ ਟੂ ਗੌਡਲੀਨੈਸ, ਵੂਮੈਨ ਕਲੀਨਰਜ਼ ਆਰ ਨੈਕਸਟ ਟੂ ਸਟਾਰਵੇਸ਼ਨ।” ਉਨ੍ਹਾਂ ਨੇ ਲਹਿਰਾਉਣ ਲਈ ਨਵੇਂ ਮੌਪ (ਪੋਚੇ ਖਰੀਦੇ)।
ਇਸੇ ਤਰ੍ਹਾਂ 9 ਅਗਸਤ 1956 ਨੂੰ ਦੱਖਣੀ ਅਫਰੀਕਨ ਔਰਤਾਂ ਦੇ ਇੱਕ ਸਮੂਹ ਨੇ ਇੱਕ ਕਾਨੂੰਨ ਪਾਸ ਕਰਨ ਦੇ ਵਿਰੁੱਧ ਸੰਘਰਸ਼ ਕੀਤਾ, ਜਿਹੜਾ ਕਾਨੂੰਨ ਜਨਤਾ ਨੂੰ ਵੰਡਣ ਲਈ ਇੱਕ ਤਰ੍ਹਾਂ ਦਾ ਅੰਦਰੂਨੀ ਦਸਤਾਵੇਜ਼ ਸੀ। ਇਸ ਦਾ ਮੁਖ ਨੁਕਤਾ ਦੱਖਣੀ ਅਫਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਨਾਲ ਨਸਲੀ ਵਿਤਕਰਾ-ਭਰਪੂਰ ਵਰਤਾਉ ਕਰਨਾ ਸੀ। ਹਰ ਤਰ੍ਹਾਂ ਦੇ ਪਿਛੋਕੜ ਤੋਂ ਕਰੀਬ 20,000 ਔਰਤਾਂ ਨੇ ਇਕੱਠੀਆਂ ਹੋ ਕੇ ਪਰੀਟੋਰੀਆ ਯੂਨੀਅਨ ਬਿਲਡਿੰਗ ਤੱਕ ਪ੍ਰਧਾਨ ਮੰਤਰੀ ਨੂੰ ਆਪਣੀ ਅਪੀਲ ਸੌਂਪਣ ਲਈ ਮਾਰਚ ਕੀਤਾ। ਪ੍ਰਧਾਨ ਮੰਤਰੀ ਉਥੇ ਹਾਜ਼ਰ ਨਹੀਂ ਸੀ, ਪਰ ਉਸ ਦੇ ਸਕੱਤਰ ਨੂੰ ਆਪਣਾ ਪੱਤਰ ਇੱਕ ਨਾਹਰੇ ਵਰਗਾ ਗੀਤ ਗਾਉਂਦਿਆਂ ਸੌਂਪਿਆ, ਜਿਸ ਦਾ ਅਰਥ ਸੀ, “ਯੂ ਸਟਰਾਈਕ ਏ ਵੂਮੈਨ, ਯੂ ਸਟਰਾਈਕ ਏ ਰੌਕ” ਅਤੇ ਹੁਣ ਦੱਖਣੀ ਅਫਰੀਕਾ ਵਿਚ 9 ਅਗਸਤ ਦਾ ਦਿਨ “ਨੈਸ਼ਨਲ ਵੂਮੈਨ ਡੇ” ਉਨ੍ਹਾਂ ਦੇ ਹੌਂਸਲੇ ਅਤੇ ਸ਼ਕਤੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਵੀਅਤਨਾਮ ਜੰਗ ਦੇ ਖਿਲਾਫ ਲੰਡਨ ਤੋਂ ਲੈ ਕੇ ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ਵਿਚ ਅਨੇਕ ਮਾਰਚ ਹੋਏ ਅਤੇ ਕਈ ਥਾਂਵਾਂ ‘ਤੇ ਝੜੱਪਾਂ ਵੀ ਹੋਈਆਂ। ਸਭ ਤੋਂ ਸ਼ਾਂਤਮਈ 19 ਫਰਵਰੀ 1968 ਦਾ ਅੰਦੋਲਨ ਸੀ, ਜਦੋਂ ਕਰੀਬ 400 ਔਰਤਾਂ ਨੇ ਲੰਡਨ ਵਿਚ ਅਮਰੀਕਨ ਦੂਤ-ਘਰ ਦੇ ਸਾਹਮਣੇ ਗਰੋਵਨਰ ਸੁਕੇਅਰ ਤੋਂ ਡਾਊਨਿੰਗ ਸਟਰੀਟ ਤੱਕ ਰੋਸ-ਮਾਰਚ ਕੀਤਾ।
ਸੰਨ 2017 ਦਾ ਮਾਰਚ ਮਹੀਨਾ ਬਹੁਤ ਵਿਸ਼ਾਲ ਕੌਮਾਂਤਰੀ ਅੰਦੋਲਨ ਦੀ ਇੱਕ ਮਿਸਾਲ ਹੈ; ਜਿਸ ਵਿਚ ਇੱਕ ਅੰਦਾਜ਼ੇ ਅਨੁਸਾਰ ਕਰੀਬ ਸੱਤਰ ਲੱਖ ਲੋਕਾਂ ਨੇ ਸੰਸਾਰ ਭਰ ਵਿਚ ਮਨੁੱਖੀ ਅਧਿਕਾਰਾਂ, ਆਜ਼ਾਦੀ ਅਤੇ ਸਭ ਲਈ ਬਰਾਬਰੀ ਦੀ ਵਕਾਲਤ ਲਈ ਸ਼ਾਂਤਮਈ ਅੰਦੋਲਨ ਕੀਤਾ, ਜਿਸ ਵਿਚ ਅੰਟਾਰਟਿਕਾ ਵਰਗੇ ਮੁਲਕ ਵੀ ਸ਼ਾਮਲ ਹੋਏ। ਵੱਡੇ ਪੱਧਰ ‘ਤੇ ਸੋਸ਼ਲ ਮੀਡੀਆ ਰਾਹੀਂ ਸੰਗਠਤ ਕੀਤਾ ਗਿਆ ਇਹ ਇੱਕ-ਰੋਜਾ ਅੰਦੋਲਨ ਅਮਰੀਕਾ ਵਿਚ ਸਭ ਤੋਂ ਵੱਡਾ ਅੰਦੋਲਨ ਹੋ ਨਿਬੜਿਆ। ਇਸੇ ਤਰ੍ਹਾਂ “ਦਾ ਐਸੋਸੀਏਸ਼ਨ ਆਫ ਫੀਮੇਲ ਇੰਡੀਜਿਨੀਅਸ ਵਾਰੀਅਰਜ਼ ਫਰਾਮ ਰੋਂਡੌਨੀਆ” ਬਣਾਈ ਗਈ, ਜਿਸ ਦਾ ਮਕਸਦ ਬ੍ਰਾਜ਼ੀਲ ਦੇ ਮੂਲ ਭਾਈਚਾਰੇ ਦੀਆਂ ਔਰਤਾਂ, ਜਿਨ੍ਹਾਂ ਦੀ ਗਿਣਤੀ 50 ਦੇ ਕਰੀਬ ਐਥਨਿਕ ਸਮੂਹਾਂ ਵਿਚ ਕਰੀਬ 15000 ਹੈ, ਦੀ ਫੈਸਲੇ ਲੈਣ ਵਿਚ ਬਹੁਤ ਘੱਟ ਹਿੱਸੇਦਾਰੀ ਨੂੰ ਟੱਕਰ ਦੇਣ ਵਿਚ ਮਦਦ ਕਰਨਾ ਸੀ। ਸੰਨ 2015 ਤੋਂ ਉਭਰ ਕੇ, ਮੈਂਬਰਾਂ ਨੇ ਆਪਣੀ ਆਵਾਜ਼ ਨੂੰ ਸੁਣੇ ਜਾਣ ਲਈ ਸੰਘਰਸ਼ ਕੀਤਾ, ਜਿਸ ਲਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਰੋਸ-ਦਿਖਾਵੇ ਕੀਤੇ ਗਏ। ਮਸਲਿਆਂ ਵਿਚ ਸਭ ਤੋਂ ਅਹਿਮ ਵਿਸ਼ਾ ਮੂਲ ਵਾਸੀਆਂ ਦੀਆਂ ਜ਼ਮੀਨਾਂ ਦੀ ਖਣਨ/ਖੁਦਾਈ ਦਾ ਸੀ (ਭਾਰਤ ਵਿਚ ਵੀ ਝਾਰਖੰਡ ਅਤੇ ਹੋਰ ਆਦਿ-ਵਾਸੀ ਇਲਾਕਿਆਂ ਦੀ ਇਹੀ ਸਮੱਸਿਆ ਹੈ, ਜਿਸ ਲਈ ਅੰਦੋਲਨਕਾਰੀ ਔਰਤਾਂ ਅਤੇ ਮਰਦਾਂ ਨੂੰ “ਮਾਓਵਾਦੀ” ਕਹਿ ਕੇ ਤਸ਼ੱਦਦ ਕੀਤਾ ਜਾਂਦਾ ਹੈ); ਖਣਨ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਫੈਲਦਾ ਹੈ, ਜੋ ਖਾਧ-ਪਦਾਰਥਾਂ ਅਤੇ ਘਰੇਲੂ ਦਸਤਕਾਰੀ ਦੇ ਸੋਮਿਆਂ ਨੂੰ ਤਬਾਹ ਕਰਦਾ ਹੈ ਤੇ ਇਸ ਦੇ ਬੁਰੇ ਸਮਾਜਿਕ ਪ੍ਰਭਾਵ ਵੀ ਪੈਂਦੇ ਹਨ ਜਿਵੇਂ ਸ਼ਰਾਬਨੋਸ਼ੀ, ਨਸ਼ਿਆਂ ਅਤੇ ਵੇਸਵਾਗਿਰੀ ਵਿਚ ਵਾਧਾ ਹੋਣਾ ਆਦਿ ਹੈ।
ਇਸ ਤਰ੍ਹਾਂ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਇਸਤਰੀਆਂ ਦੇ ਹੱਕਾਂ ਅਤੇ ਸਾਂਝੀਆਂ ਸਮਾਜਿਕ, ਰਾਜਨੀਤਕ ਸਮੱਸਿਆਵਾਂ ਨੂੰ ਲੈ ਕੇ ਛੋਟੇ ਵੱਡੇ ਅੰਦੋਲਨ ਚੱਲਦੇ ਰਹੇ ਹਨ, ਜਿਨ੍ਹਾਂ ਦੀ ਆਪਣੀ ਆਪਣੀ ਅਹਿਮੀਅਤ ਹੈ। ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਬੀਬੀਆਂ ਦੀ ਸ਼ਮੂਲੀਅਤ ਵੱਲ ਆਉਣ ਤੋਂ ਪਹਿਲਾਂ ਮੈਂ ਇੱਥੇ ਦੋ ਹੋਰ ਵੱਡੇ ਅੰਦੋਲਨਾਂ ਦੀ ਗੱਲ ਕਰਨਾ ਵਾਜਬ ਸਮਝਦੀ ਹਾਂ। ਇਨ੍ਹਾਂ ਵਿਚੋਂ ਪਹਿਲਾ ਹੈ, “ਬਲੈਕ ਲਾਈਵਜ਼ ਮੈਟਰ” ਅਤੇ ਦੂਸਰਾ ਹੈ, ਸ਼ਾਹੀਨ ਬਾਗ ਮੋਰਚਾ। ਸੰਨ 2020 ਦਾ ਸਾਲ ਸਾਰੀ ਦੁਨੀਆਂ ‘ਤੇ “ਬਲੈਕ ਲਾਈਵਜ਼ ਮੈਟਰ” ਅੰਦੋਲਨ ਲਈ ਯਾਦ ਰੱਖਿਆ ਜਾਵੇਗਾ। “ਬਲੈਕ ਲਾਈਵਜ਼ ਮੈਟਰ” (ਬੀ. ਐਲ. ਐਮ.) ਇੱਕ ਕੌਮਾਂਤਰੀ ਸਮਾਜਿਕ ਲਹਿਰ ਹੈ, ਜਿਸ ਦੀ ਸਥਾਪਨਾ ਯੁਨਾਈਟਿਡ ਸਟੇਟਸ ਵਿਚ 2013 ਨੂੰ, ਨਸਲਵਾਦ ਅਤੇ ਸਿਆਹਫਾਮ ਲੋਕਾਂ ਖਿਲਾਫ ਹੁੰਦੀ ਹਿੰਸਾ, ਖਾਸ ਕਰਕੇ ਪੁਲਿਸ ਦੇ ਤਸ਼ੱਦਦ ਨੂੰ ਰੋਕਣ ਲਈ ਕੀਤੀ ਗਈ ਸੀ। ਅਸਲ ਵਿਚ ਅਮਰੀਕਾ ਦੀ ਪੁਲਿਸ ਵੱਲੋਂ ਗੋਰੇ ਲੋਕਾਂ ਨਾਲੋਂ ਸਿਆਹਫਾਮ ਲੋਕਾਂ ਦੇ ਗੈਰ-ਨਿਆਂਇਕ ਕਤਲ ਵੱਧ ਕੀਤੇ ਜਾਂਦੇ ਹਨ। ਸੰਗਠਨ ਦਾ ਮਕਸਦ ਹੈ ਕਿ ਸਿਆਹਫਾਮ ਲੋਕਾਂ ਦੇ ਜੀਵਨ ਅਤੇ ਮਾਨਵਤਾ ਦੀ ਓਨੀ ਹੀ ਮੰਗ ਕਰਦਾ ਹੈ, ਜਿੰਨੀ ਗੋਰੇ ਲੋਕਾਂ ਦੇ ਜੀਵਨ ਅਤੇ ਮਾਨਵਤਾ ਦੀ। ਇਸ ਲਈ ਸੰਗਠਨ ਦੇ ਕਾਰਕੁਨ ਅਮਰੀਕਾ ਅਤੇ ਕੌਮਾਂਤਰੀ ਪੱਧਰ ‘ਤੇ ਪ੍ਰਭਾਵਸ਼ਾਲੀ ਅੰਦੋਲਨ ਕਰਦੇ ਹਨ। ਇਸ ਦੇ ਅਮਰੀਕਾ ਸਮੇਤ ਕੈਨੇਡਾ ਅਤੇ ਯੁਨਾਈਟਿਡ ਕਿੰਗਡਮ ਵਿਚ ਵੀ ਸੰਗਠਨ ਹਨ, ਜਿਨ੍ਹਾਂ ਦੀ ਮਾਨਤਾ ਬੀ. ਐਮ. ਐਲ. ਗਲੋਬਲ ਨੈੱਟਵਰਕ ਫਾਊਂਡੇਸ਼ਨ ਨਾਲ ਹੈ ਤੇ ਸਥਾਨਕ ਪੱਧਰ ‘ਤੇ ਸਭ ਆਪਣਾ ਆਪਣਾ ਅੰਦੋਲਨ ਚਲਾਉਂਦੇ ਹਨ। ਇਸ ਦਾ ਅਰੰਭ ਓਨਲਾਈਨ ਲਹਿਰ ਦੇ ਤੌਰ `ਤੇ ਸਿਆਹਫਾਮ ਭਾਈਚਾਰੇ ਦੀਆਂ ਤਿੰਨ ਇਸਤਰੀ ਪ੍ਰਬੰਧਕਾਂ-ਪੈਟਰੀਸ ਖਾਨ ਕਲਰਜ਼, ਅਲੀਸੀਆ ਗਾਰਜ਼ਾ ਅਤੇ ਓਪਾਲ ਟੋਮੈਟੀ ਵੱਲੋਂ ਕੀਤਾ ਗਿਆ ਸੀ, ਜਦੋਂ 2013 ਵਿਚ ਜਾਰਜ ਜ਼ਿਮਰਮੈਨ ਨੂੰ ਇੱਕ ਸਿਆਹਫਾਮ ਨਾਬਾਲਗ ਟਰੈਵਨ ਮਾਰਟਿਨ ਦੇ ਕਤਲ ਕੇਸ ਵਿਚੋਂ “ਦੋਸ਼ੀ ਨਹੀਂ” ਤਹਿਤ ਬਰੀ ਕਰ ਦਿੱਤਾ ਗਿਆ ਸੀ। ਜਾਰਜ ਜ਼ਿਮਰਮੈਨ, ਜੋ ਜਰਮਨ ਅਤੇ ਪੇਰੂਵੀਅਨ ਵੰਸ਼ ਵਿਚੋਂ ਸੀ, ਉਸ ਨੇ ਸ਼ੱਕ ਦੀ ਬਿਨਾਂ ‘ਤੇ ਪੁਲਿਸ ਦੇ ਰੋਕਣ ‘ਤੇ ਵੀ ਮਾਰਟਿਨ ਦਾ ਪਿੱਛਾ ਕਰਕੇ ਉਸ ਦੇ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਬਲੈਕ ਲਾਈਵਜ਼ ਮੈਟਰ ਲਹਿਰ ਨੇ ਥਾਂ ਥਾਂ ਏਨਾ ਜ਼ੋਰ ਫੜਿਆ ਕਿ ਆਖਰ ਜ਼ਿਮਰ ‘ਤੇ ਸੈਕੰਡ ਡਿਗਰੀ ਕਤਲ ਦੇ ਦੋਸ਼ ਆਇਤ ਕੀਤੇ ਗਏ। ਸਮੇਂ ਸਮੇਂ ਇਹ ਲਹਿਰ ਸਿਆਹਫਾਮ ਲੋਕਾਂ ਦੇ ਕਤਲਾਂ ਖਿਲਾਫ ਭਖਦੀ ਰਹੀ ਹੈ। ਸੰਨ 2020 ਮਈ ਵਿਚ ਫਿਰ ਇਹ ਲਹਿਰ ਭਖੀ, ਜਦੋਂ ਮਿਨੀਐਪੋਲਿਸ `ਚ ਇੱਕ ਪੁਲਿਸ ਅਫਸਰ ਨੇ ਜਾਰਜ ਫਲਾਇਡ ਨਾਮ ਦੇ ਸਿਆਹਫਾਮ ਵਿਅਕਤੀ ਦੀ ਧੌਣ ‘ਤੇ ਉਦੋਂ ਤੱਕ ਗੋਡਾ ਧਰੀ ਰੱਖਿਆ, ਜਦੋਂ ਤੱਕ ਸਾਹ ਬੰਦ ਹੋ ਕੇ ਉਸ ਦੀ ਮੌਤ ਨਹੀਂ ਹੋ ਗਈ। ਇਸ ਦੇ ਰੋਸ ਵਜੋਂ ਸਮੇਤ ਅਮਰੀਕਾ, ਕੈਨੇਡਾ ਦੇ ਦੁਨੀਆਂ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਲਹਿਰ ਦੀ ਚੜ੍ਹਤ ਨੇ ਡੋਨਲਡ ਟਰੰਪ ਦੀ ਹਾਰ ਵਿਚ ਅਹਿਮ ਯੋਗਦਾਨ ਪਾਇਆ। ਗਾਰਜ਼ਾ ਦਾ ਕਹਿਣਾ ਹੈ ਕਿ ਬਲੈਕ ਲਾਈਵਜ਼ ਮੈਟਰ ਸੱਤ ਸਾਲ ਦੇ ਵਕਫੇ ਬਾਅਦ ਅਸਲ ਵਿਚ ਹੁਣ ਇਸ ਮੁਲਕ ਦੇ ਡੀ. ਐਨ. ਏ. ਅਤੇ ਗਹਿਰੀ ਯਾਦਸ਼ਤ ਦਾ ਹਿੱਸਾ ਬਣ ਗਿਆ ਹੈ।
ਸ਼ਾਹੀਨ ਬਾਗ ਅੰਦੋਲਨ ਅਸਲ ਵਿਚ ਬੈਠ ਕੇ ਧਰਨਾ ਦੇਣ ਦਾ ਸ਼ਾਂਤਮਈ ਅੰਦੋਲਨ ਸੀ, ਜਿਸ ਦੀ ਅਗਵਾਈ ਔਰਤਾਂ ਨੇ ਕੀਤੀ। ਇਹ ਅੰਦੋਲਨ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿਚ ਲਿਆਂਦੇ ਗਏ ‘ਸਿਟੀਜਨਸ਼ਿਪ (ਅਮੈਂਡਮੈਂਟ) ਐਕਟ (ਸੀ. ਏ. ਏ.) ਦੇ ਵਿਰੋਧ ਵਿਚ ਸ਼ੁਰੂ ਹੋਇਆ, ਜਿਸ ਵਿਚ ਨੈਸ਼ਨਲ ਰਜਿਸਟਰ ਆਫ ਸਿਟੀਜਨਜ਼ (ਐਨ. ਆਰ. ਸੀ.) ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨ. ਪੀ. ਆਰ.) ਦਾ ਵਿਰੋਧ ਵੀ ਸ਼ਾਮਲ ਸੀ। ਇਸ ਵਿਚ ਉਸ ਤਸ਼ੱਦਦ ਦੀ ਵਿਰੋਧਤਾ ਵੀ ਸ਼ਾਮਲ ਹੋ ਗਈ, ਜੋ ਪੁਲਿਸ ਵੱਲੋਂ ਸਿਟੀਜ਼ਨ ਅਮੈਂਡਮੈਂਟ ਐਕਟ ਦਾ ਵਿਰੋਧ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਉਤੇ ਢਾਹਿਆ ਗਿਆ। ਇਹ ਅੰਦੋਲਨ ਬੇਹੱਦ ਸ਼ਾਂਤਮਈ ਅਤੇ ਪੁਰਅਮਨ ਸੀ, ਜਿਸ ਦੀ ਵਾਗਡੋਰ ਪੂਰੀ ਤਰ੍ਹਾਂ ਬੀਬੀਆਂ ਨੇ ਆਪਣੇ ਹੱਥ ਵਿਚ ਲੈ ਰੱਖੀ ਸੀ। ਇਸ ਵਿਚ ਮੁਸਲਿਮ ਔਰਤਾਂ ਤੋਂ ਬਿਨਾ ਭਾਵੇਂ ਹਰ ਰੋਜ਼ ਹੋਰ ਭਾਈਚਾਰਿਆਂ ਦੇ ਨੁਮਾਇੰਦੇ ਅਤੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੇ ਰਹੇ, ਪਰ ਭਾਜਪਾ ਇਸ ਨੂੰ ਆਈ. ਐਸ. ਐਸ. ਅਤੇ ਪਾਕਿਸਤਾਨ ਵੱਲੋਂ ਸਪਾਂਸਰਡ ਅੰਦੋਲਨ ਪ੍ਰਚਾਰਦੀ ਰਹੀ।
ਭਾਜਪਾ ਦੇ ਕਾਰਕੁਨਾਂ ਨੇ ਹਰ ਤਰ੍ਹਾਂ ਨਾਲ ਇਸ ਅੰਦੋਲਨ ਦਾ ਵਿਰੋਧ ਪੂਰੇ ਜ਼ੋਰ-ਸ਼ੋਰ ਨਾਲ ਕੀਤਾ। ਧਰਨੇ ਵਿਚ ਹਿੱਸਾ ਲੈਣ ਵਾਲੀਆਂ ਬੀਬੀਆਂ ਦੀ ਕਿਰਦਾਰਕੁਸ਼ੀ ਤੋਂ ਲੈ ਕੇ ਮੰਦੀ ਸ਼ਬਦਾਵਲੀ ਵਰਤਣ ਤੱਕ ਹਰ ਹਰਬਾ ਵਰਤਿਆ ਗਿਆ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ (ਜਦ ਕਿ ਕਿਸੇ ਵੀ ਮੁਲਕ ਦਾ ਪ੍ਰਧਾਨ ਮੰਤਰੀ ਕਿਸੇ ਇੱਕ ਭਾਈਚਾਰੇ ਦਾ ਨੁਮਾਇੰਦਾ ਨਹੀਂ ਹੁੰਦਾ) ਕਿਹਾ ਕਿ ਅੰਦੋਲਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕੱਪੜਿਆਂ ਤੋਂ ਪਛਾਣਿਆ ਜਾ ਸਕਦਾ ਹੈ। ਇਹ ਅੰਦੋਲਨ 14 ਦਸੰਬਰ 2019 ਤੋਂ ਲੈ ਕੇ 24 ਮਾਰਚ 2020 ਤੱਕ ਪੂਰੇ 101 ਦਿਨ ਚੱਲਿਆ ਅਤੇ ਫਿਰ ਇਸ ਨੂੰ ਕੋਵਿਡ-19 ਦਾ ਬਹਾਨਾ ਲਾ ਕੇ ਚੁਕਵਾ ਦਿੱਤਾ ਗਿਆ। ਦਿੱਲੀ ਪੁਲਿਸ ਨੇ ਇਸ ਧਰਨੇ ਦੁਆਲੇ ਵੀ ਉਤਰ-ਪੂਰਬੀ ਦਿੱਲੀ ਵਿਚ ਦੰਗਿਆਂ ਅਤੇ ਸਿਕਿਉਰਿਟੀ ਦਾ ਬਹਾਨਾ ਲਾ ਕੇ ਬੈਰੀਕੇਡਿੰਗ ਕੀਤੀ ਤੇ ਬਹੁਤ ਗਿਣਤੀ ਵਿਚ ਪੁਲਿਸ ਦੀ ਨਫਰੀ ਵਧਾ ਦਿੱਤੀ। ਇਹ 2020 ਦਾ ਇੱਕ ਲੰਬਾ ਅਤੇ ਹਰ ਤਰ੍ਹਾਂ ਦੀ ਭੜਕਾਹਟ ਦੇ ਬਾਵਜੂਦ ਬੇਹੱਦ ਸ਼ਾਂਤਮਈ ਅੰਦੋਲਨ ਰਿਹਾ। ਇਨ੍ਹਾਂ ਕਾਨੂੰਨਾਂ ਦੇ ਖਿਲਾਫ ਭਾਵੇਂ ਮੁਲਕ ਦੇ ਬਾਕੀ ਸ਼ਹਿਰਾਂ ਵਿਚ ਵੀ ਅੰਦੋਲਨ ਹੋਏ, ਪਰ ਸ਼ਾਹੀਨ ਬਾਗ ਦਾ ਮੋਰਚਾ ਆਪਣੀ ਮਿਸਾਲ ਆਪ ਸੀ, ਜਿਸ ਵਿਚ ਬੱਚੀਆਂ ਤੋਂ ਲੈ ਕੇ 82 ਸਾਲ ਦੀ ਬਜ਼ੁਰਗ ਬਲਕੀਸ ਬਾਨੋ ਵਰਗੀਆਂ ਨੇ ਡੱਟ ਕੇ ਧਰਨਾ ਦਿੱਤਾ ਅਤੇ ਹੌਸਲੇ ਬੁਲੰਦ ਰੱਖੇ। ਭਾਰਤ ਦੇ ਇਤਿਹਾਸ ਵਿਚ ਇਸ ਵਿਲੱਖਣ ਇਸਤਰੀ ਅੰਦੋਲਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਭਾਰਤ ਦੀ ਕੇਂਦਰੀ ਸਰਕਾਰ ਨੇ ਖੇਤੀ ਦਾ ਕਾਰਪੋਰਾਈਜ਼ੇਸ਼ਨ ਕਰਨ ਲਈ ਅਤੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਧੱਕ ਦੇਣ ਲਈ ਜੋ ਕਾਲੇ ਤਿੰਨ ਕਾਨੂੰਨ ਲਿਆਂਦੇ ਹਨ, ਉਨ੍ਹਾਂ ਦੀ ਚਰਚਾ ਲਗਾਤਾਰ ਚੱਲਦੀ ਰਹੀ ਹੈ ਤੇ ਚੱਲ ਰਹੀ ਹੈ। ਇਨ੍ਹਾਂ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਤੋਂ ਅੰਦੋਲਨ ਸ਼ੁਰੂ ਕੀਤਾ ਗਿਆ, ਜੋ ਅੱਜ ਪੰਜਾਬ ਦੇ ਕਿਸਾਨਾਂ ਦਾ ਹੀ ਅੰਦੋਲਨ ਨਾ ਰਹਿ ਕੇ ਸਮੁੱਚੇ ਭਾਰਤ ਦਾ ਜਨ-ਅੰਦੋਲਨ ਬਣ ਗਿਆ ਹੈ, ਜਿਸ ਦਾ ਫੈਲਾਉ ਅਤੇ ਪ੍ਰਭਾਵ ਕੌਮਾਂਤਰੀ ਪੱਧਰ ‘ਤੇ ਅਨੇਕ ਮੁਲਕਾਂ ਤੱਕ ਪਸਰ ਗਿਆ ਹੈ। ਜਿਸ ਦਿਨ ਤੋਂ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਪਹਿਲਾਂ ਪੰਜਾਬ ਦੀਆਂ ਕਿਸਾਨ ਅਤੇ ਮਜ਼ਦੂਰ ਔਰਤਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ, ਜਿਸ ਵਿਚ ਟੋਲ ਪਲਾਜਿਆਂ, ਪੈਟਰੋਲ ਪੰਪਾਂ, ਸ਼ਾਪਿੰਗ ਮਾਲਾਂ, ਸੈਲੋਜ਼, ਰੇਲਵੇ ਲਾਈਨਾਂ, ਟਾਵਰਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਤੇ ਕਾਰਕੁਨਾਂ ਦਾ ਘਿਰਾਉ ਕਰਨਾ ਸ਼ਾਮਲ ਸੀ। ਪੰਜਾਬ ਤੋਂ ਹੁੰਦੇ ਹੋਏ ਇਸ ਅੰਦੋਲਨ ਨੂੰ 25-26 ਨਵੰਬਰ 2020 ਤੋਂ ਦਿੱਲੀ ਦੀਆਂ ਫਿਰਨੀਆਂ ‘ਤੇ ਚੱਲਦੇ ਨੂੰ ਵੀ 101 ਦਿਨ ਹੋ ਗਏ ਹਨ। ਜਿੱਥੇ ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਹਰ ਉਮਰ ਦੀਆਂ ਬੀਬੀਆਂ, 80 ਸਾਲ ਦੀ ਬੇਬੇ ਮਹਿੰਦਰ ਕੌਰ ਤੋਂ ਲੈ ਕੇ 60 ਸਾਲ ਦੀ ਬਲਬੀਰ ਕੌਰ ਤੱਕ ਕਿਸਾਨ-ਮਜ਼ਦੂਰ, ਘਰੇਲੂ, ਸਕੂਲ-ਕਾਲਜ-ਯੂਨੀਵਰਸਿਟੀ ਦੀਆਂ ਵਿਦਿਆਰਥਣਾਂ, ਬੱਚਿਆਂ ਵਾਲੀਆਂ ਆਪਣੇ ਬੱਚਿਆਂ ਸਮੇਤ, ਕਲਾਕਾਰ, ਗਾਇਕ ਬਹੁਤ ਵੱਡੀ ਗਿਣਤੀ ਵਿਚ ਬੀਬੀਆਂ ਸ਼ਾਮਲ ਹਨ; ਉਥੇ ਹੀ ਪੰਜਾਬ ਵਿਚ ਉਪਰ ਦੱਸੀਆਂ ਸਾਰੀਆਂ ਥਾਂਵਾਂ `ਤੇ ਚੱਲ ਰਹੇ ਧਰਨਿਆਂ ਵਿਚ ਵੀ ਬੀਬੀਆਂ ਲਗਾਤਾਰ ਹਿੱਸਾ ਲੈ ਰਹੀਆਂ ਹਨ। ਇਹੀ ਨਹੀਂ ਉਹ ਪਿੱਛੇ ਰਹਿ ਕੇ ਧਰਨਿਆਂ ਵਿਚ ਹਿੱਸਾ ਲੈਣ ਦੇ ਨਾਲ ਨਾਲ ਪੁਰਸ਼ਾਂ ਦੀ ਗੈਰਹਾਜ਼ਰੀ ਵਿਚ ਖੇਤੀਬਾੜੀ ਅਤੇ ਪਸ਼ੂਆਂ ਦੀ ਸੰਭਾਲ ਦਾ ਕਾਰਜ ਬਾਖੂਬੀ ਨਿਭਾ ਰਹੀਆਂ ਹਨ। ਦਿੱਲੀ ਦੇ ਬਾਰਡਰਾਂ `ਤੇ ਬੈਠੀਆਂ ਬੀਬੀਆਂ ਸਿਰਫ ਲੰਗਰ ਪਕਾਉਣ ਜਾਂ ਸਫਾਈ ਦਾ ਕੰਮ ਹੀ ਨਹੀਂ ਸਾਂਭ ਰਹੀਆਂ, ਸਗੋਂ ਸਟੇਜ ਤੋਂ ਸੰਬੋਧਨ ਵੀ ਕਰਦੀਆਂ ਹਨ, ਕਾਲੇ ਖੇਤੀ ਕਾਨੂੰਨਾਂ ਦੀ ਉਨ੍ਹਾਂ ਨੂੰ ਖੂਬ ਜਾਣਕਾਰੀ ਹੈ। ਬਹੁਤ ਸਾਰੀਆਂ ਕਿਸਾਨ ਔਰਤਾਂ ਆਪਣੇ ਖੇਤਾਂ ਵਿਚ ਆਪ ਟਰੈਕਟਰ ਚਲਾਉਂਦੀਆਂ ਹਨ। 26 ਜਨਵਰੀ ਦੀ ਟਰੈਕਟਰ ਪਰੇਡ ਲਈ ਕਈਆਂ ਨੇ ਖੂਬ ਟਰੈਕਟਰ ਚਲਾਉਣ ਦਾ ਅਭਿਆਸ ਕਰਕੇ ਪੂਰੀ ਤਿਆਰੀ ਕੀਤੀ ਸੀ। ਕੁਝ ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰੇਰਨਾ ਦਾ ਸਰੋਤ ਸ਼ਾਹੀਨ ਬਾਗ ਦੀਆਂ ਬੀਬੀਆਂ ਹਨ। ਇਨ੍ਹਾਂ ਵਿਚੋਂ ਕਈ 26 ਨਵੰਬਰ ਤੋਂ ਲਗਾਤਾਰ ਇਥੇ ਹੀ ਡਟੀਆਂ ਹੋਈਆਂ ਹਨ।
ਪੰਜਾਬ ਦੀਆਂ ਔਰਤਾਂ ਤੋਂ ਪ੍ਰੇਰਨਾ ਲੈ ਕੇ ਹਰਿਆਣਾ, ਰਾਜਸਥਾਨ ਅਤੇ ਯੂ. ਪੀ., ਉਤਰਾਖੰਡ ਦੀਆਂ ਔਰਤਾਂ ਵੀ ਦਿੱਲੀ ਧਰਨੇ ਵਿਚ ਲਗਾਤਾਰ ਹਾਜ਼ਰੀ ਭਰਨ ਦੇ ਨਾਲ ਨਾਲ ਆਪਣੇ ਆਪਣੇ ਪ੍ਰਾਂਤਾਂ ਵਿਚ ਹੋ ਰਹੀਆਂ ਖਾਪ-ਪੰਚਾਇਤਾਂ, ਮਹਾਂ-ਪੰਚਾਇਤਾਂ ਵਿਚ ਬਹੁਤ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੀਆਂ ਹਨ। ਭਾਰਤੀ ਔਰਤ ਲਈ ਇਹ ਇੱਕ ਬਹੁਤ ਹੀ ਸ਼ੁਭ ਸ਼ਗਨ ਹੈ ਕਿ ਘਰਾਂ ਵਿਚ ਪਰਦੇ ਅੰਦਰ ਰਹਿਣ ਵਾਲੀਆਂ ਔਰਤਾਂ ਇਸ ਹੱਦ ਤੱਕ ਜਾਗ੍ਰਿਤ ਹੋ ਰਹੀਆਂ ਹਨ-ਭਾਵੇਂ ਉਨ੍ਹਾਂ ਪ੍ਰਤੀ ਵੀ ਮੋਦੀ ਪੱਖੀ ਔਰਤਾਂ ਅਤੇ ਮੀਡੀਆ ਵੱਲੋਂ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਬਿੰਦੂ ਵਰਗੀਆਂ ਕਿਸਾਨ ਬੀਬੀਆਂ ਲਗਾਤਾਰ ਦੂਸਰੀਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਕਰਦੀਆਂ ਹਨ। ਪੂਨਮ ਪੰਡਿਤ ਵਰਗੀਆਂ ਨਿਝੱਕ ਹੋ ਕੇ ਸਰਕਾਰ ਦੀਆਂ ਬਦਨੀਤੀਆਂ ਦੇ ਵਿਰੁੱਧ ਆਪਣੇ ਖਿਆਲ ਮੀਡੀਆ ਅੱਗੇ ਰੱਖਦੀਆਂ ਹਨ। “ਟਰਾਲੀ ਟਾਈਮਜ਼” ਦੀ ਸੰਪਾਦਕੀ ਵਰਗੇ ਕੰਮਾਂ ਤੋਂ ਲੈ ਕੇ ਕਿਤਾਬਾਂ ਵੰਡਣ, ਦਵਾਈਆਂ ਦੇਣ ਤੱਕ ਦੇ ਬਹੁਤ ਸਾਰੇ ਕੰਮ ਔਰਤਾਂ ਨੇ ਸੰਭਾਲ ਰੱਖੇ ਹਨ, ਜਿਸ ਨਾਲ ਅੰਦੋਲਨ ਨੂੰ ਬਹੁਤ ਮਜ਼ਬੂਤੀ ਮਿਲੀ ਹੈ। ਕਿਸਾਨ ਆਗੂਆਂ ਵੱਲੋਂ ਸਮੇਂ ਸਮੇਂ ਉਲੀਕੇ ਜਾਂਦੇ ਪ੍ਰੋਗਰਾਮਾਂ ਨੂੰ ਸਿਰੇ ਚੜ੍ਹਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਮਸ਼ਹੂਰ ਗਾਇਕਾ ਰਿਹਾਨਾ ਅਤੇ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਵੀ ਕਿਸਾਨਾਂ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਵਿਰੁੱਧ ਆਵਾਜ਼ ਉਠਾ ਕੇ ਆਪਣੀ ਹਾਜ਼ਰੀ ਹੀ ਨਹੀਂ ਲੁਆਈ, ਸਗੋਂ ਭਾਰਤੀ ਜਨਤਾ ਪਾਰਟੀ ਅਤੇ ਸਰਕਾਰੀ ਤੰਤਰ ਵਿਚ ਹਨੇਰੀ ਲਿਆ ਦਿੱਤੀ। ਦਿਸ਼ਾ ਰਵੀ ਅਤੇ ਮਜ਼ਦੂਰ ਕਾਰਕੁਨ ਨੌਦੀਪ ਕੌਰ ਨੂੰ ਜੇਲ੍ਹ ਜਾਣਾ ਪਿਆ। ਫਿਲਮੀ ਕਲਾਕਾਰ ਤਾਪਸੀ ਪੰਨੂ ਦੇ ਕਿਸਾਨਾਂ ਦੇ ਹੱਕ ਵਿਚ ਬੋਲਣ ਕਰਕੇ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਛਾਪੇ ਮਾਰੇ ਗਏ। ਪਿਛਲੇ ਦਿਨੀਂ ਸਿੰਘੂ ਬਾਰਡਰ ਤੋਂ ਬੰਗਲਾ ਸਾਹਿਬ ਜਾ ਰਹੀਆਂ 25 ਬੀਬੀਆਂ ਦੇ ਗਰੁੱਪ ਨੇ ਆਪਣੀਆਂ ਗੱਡੀਆਂ ‘ਤੇ ਕਿਸਾਨੀ ਝੰਡੇ ਲਾ ਰੱਖੇ ਸਨ, ਜਿਨ੍ਹਾਂ ਨੂੰ ਰੋਕ ਕੇ ਦਿੱਲੀ ਪੁਲਿਸ ਨੇ ਝੰਡੇ ਉਤਾਰਨ ਲਈ ਕਿਹਾ। ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਠਾਣੇ ਲੈ ਜਾਇਆ ਗਿਆ, ਜਿਨ੍ਹਾਂ ਵਿਚ ਦੋ ਸਾਲ ਦੀ ਇੱਕ ਬੱਚੀ ਵੀ ਸ਼ਾਮਲ ਸੀ। ਬਿਰਤਾਂਤ ਬਹੁਤ ਲੰਬੇ ਹਨ। ਰੱਬ ਬੀਬੀਆਂ ਦੇ ਹੌਸਲੇ ਸਦਾ ਬੁਲੰਦ ਰੱਖੇ।