ਔਰਤ ਦੀ ਆਜ਼ਾਦੀ ਦਾ ਮਸਲਾ ਅਤੇ ਔਰਤ-ਮਰਦ ਦਾ ਰਿਸ਼ਤਾ

ਗੁਰਬਚਨ ਸਿੰਘ
ਫੋਨ: 91-98156-98451
ਇਸ ਸੱਚਾਈ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਔਰਤ ਜਾਤ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਦੇ ਦਾਬੇ ਦਾ ਸ਼ਿਕਾਰ ਚਲੀ ਆ ਰਹੀ ਹੈ। ਜਿਹੜਾ ਸਮਾਜ ਆਪਣੀਆਂ ਧਰਮ ਪੁਸਤਕਾਂ ਵਿਚ “ਢੋਰ ਗੰਵਾਰ ਸ਼ੂਦਰ ਔਰ ਨਾਰੀ, ਯੇਹ ਸਭ ਤਾੜਨ ਕੇ ਅਧਿਕਾਰੀ” ਅਤੇ ਆਪਣੇ ਮੁਹਾਵਰਿਆਂ ਵਿਚ ਔਰਤ ਨੂੰ ‘ਪੈਰ ਦੀ ਜੁਤੀ’ ਅਤੇ ‘ਗੁਤ ਪਿਛੇ ਮਤਿ’ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਦਾ ਹੋਵੇ, ਉਸ ਸਮਾਜ ਵਿਚ ਔਰਤ ਜਾਤ ਉਤੇ ਹੋ ਰਹੇ ਮਾਨਸਿਕ ਅਤੇ ਸਰੀਰਕ ਜਬਰ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਪਰ ਅਜੋਕੇ ਸਾਮਰਾਜੀ ਸੰਸਾਰੀਕਰਨ ਦੇ ਦੌਰ ਵਿਚ ਔਰਤ ਮਰਦ ਦੇ ਰਿਸ਼ਤੇ ਨੂੰ ਇਕ ਅਸਲੋਂ ਨਵੇਂ ਪ੍ਰਸੰਗ ਵਿਚ ਵੇਖਣ ਦੀ ਲੋੜ ਹੈ। ਕੁਦਰਤ ਵਲੋਂ ਸਿਰਜੇ ਅਤੇ ਮਨੁੱਖ ਜਾਤੀ ਵਲੋਂ ਸਦੀਆਂ ਵਿਚ ਵਿਕਸਿਤ ਕੀਤੇ ਗਏ, ਇਸ ਸਭ ਤੋਂ ਖੂਬਸੂਰਤ ਅਤੇ ਬੁਨਿਆਦੀ ਰਿਸ਼ਤੇ ਨੂੰ ਨਵੇਂ ਪ੍ਰਸੰਗ ਵਿਚ ਸਮਝੇ ਬਿਨਾ ਇਸ ਰਿਸ਼ਤੇ ਨੂੰ ਸਾਮਰਾਜੀ ਖਪਤਕਾਰੀ ਸਭਿਆਚਾਰ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬਚਾਇਆ ਨਹੀਂ ਜਾ ਸਕਦਾ।

18ਵੀਂ ਅਤੇ 19ਵੀਂ ਸਦੀ ਵਿਚ ਯੂਰਪ ਅੰਦਰ ਪੂੰਜੀਵਾਦ ਦੇ ਉਭਾਰ ਨਾਲ ਔਰਤ ਦੀ ਆਜ਼ਾਦੀ ਦਾ ਸੁਆਲ ਸਾਹਮਣੇ ਆਇਆ। ਪੂੰਜੀਵਾਦ ਦੇ ਆਪਣੇ ਵੇਲੇ ਦੇ ਅਗਾਂਹਵਧੂ ਸਿਧਾਂਤਕਾਰਾਂ ਨੇ ਜਿਥੇ ਮਨੁੱਖੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਨਾਹਰਾ ਲਾਇਆ, ਉਥੇ ਉਨ੍ਹਾਂ ਨੇ ਔਰਤ ਦੀ ਆਜ਼ਾਦੀ ਦੇ ਮਸਲੇ ਨੂੰ ਵੀ ਉਭਾਰਿਆ। ਜਿਵੇਂ-ਜਿਵੇਂ ਯੂਰਪ ਅੰਦਰ ਜਾਗ੍ਰਤੀ ਆਈ, ਤਿਵੇਂ-ਤਿਵੇਂ ਔਰਤਾਂ ਦੇ ਮਨਾਂ ਵਿਚ ਵੀ ਮਰਦ ਪ੍ਰਧਾਨ ਸਮਾਜ ਦੇ ਦਾਬੇ ਵਿਰੁਧ ਆਜ਼ਾਦੀ ਦੇ ਸੰਕਲਪ ਨੇ ਜੋਰ ਫੜਿਆ। ਆਜ਼ਾਦੀ ਦੇ ਇਸ ਸੰਕਲਪ ਵਿਚੋਂ ਹੀ ਔਰਤਾਂ ਦੀ ਆਜ਼ਾਦੀ ਦੀ ਲਹਿਰ ਦਾ ਜਨਮ ਹੋਇਆ। ਇਸ ਲਹਿਰ ਨੇ ਬੜੀਆ ਜੁਝਾਰੂ, ਆਪਣੇ ਹਕਾਂ ਪ੍ਰਤੀ ਬੌਧਿਕ ਤੌਰ ਉਤੇ ਚੇਤੰਨ ਅਤੇ ਸੰਵੇਦਨਸ਼ੀਲ ਉਘੀਆਂ ਔਰਤਾਂ ਨੂੰ ਮੂਹਰੇ ਲਿਆਂਦਾ, ਜਿਨ੍ਹਾਂ ਨੇ ਸਾਇੰਸ ਦੀਆਂ ਖੋਜਾਂ, ਸਮਾਜਵਾਦ ਲਈ ਲੜੇ ਗਏ ਸੰਘਰਸ਼ ਅਤੇ ਸਾਹਿਤ ਰਚਨਾ ਵਿਚ ਅਨੇਕ ਮਾਅਰਕੇ ਮਾਰੇ; ਪਰ ਇਥੇ ਇਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਸ ਦੌਰ ਵਿਚ ਹੀ ਔਰਤਾਂ ਦੀ ਆਜ਼ਾਦੀ ਦੇ ਮਸਲੇ ਨੂੰ ਪੂੰਜੀਵਾਦੀ ਤਰਜ ਦੇ ਹੋ ਰਹੇ ਵਿਕਾਸ ਦੇ ਸਿੱਟੇ ਵਜੋਂ ਹੋਂਦ ਵਿਚ ਆਏ ਖਪਤਕਾਰੀ ਸਭਿਆਚਾਰ ਨੇ ਹਥਿਆ ਲਿਆ। ਪੂੰਜੀਵਾਦੀ ਖਪਤਕਾਰੀ ਸਭਿਆਚਾਰ ਨੇ ਜਿਵੇਂ ਮਨੁੱਖੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਸੰਕਲਪਾਂ ਨੂੰ ਗੰਧਲੇ ਕੀਤਾ, ਐਨ ਉਸੇ ਤਰ੍ਹਾਂ ਔਰਤਾਂ ਦੀ ਆਜ਼ਾਦੀ ਦੇ ਸੰਕਲਪ ਨੂੰ ਵੀ ਇਸ ਹਦ ਤਕ ਤੋੜ-ਮਰੋੜ ਦਿਤਾ ਕਿ ਇਹ ਸੰਕਲਪ ਆਪਣੇ ਅਸਲੀ ਅਰਥ ਹੀ ਗੁਆ ਬੈਠਾ। ਇਸ ਨੇ ਔਰਤਾਂ ਦੇ ਪੂਜੀਵਾਦੀ ਖਪਤਕਾਰੀ ਸਭਿਆਚਾਰ ਅਤੇ ਪੰੂਜੀਵਾਦੀ ਆਰਥਿਕ ਰਿਸ਼ਤਿਆਂ ਤੋਂ ਆਜ਼ਾਦੀ ਦੇ ਮਸਲੇ ਨੂੰ ਮਰਦਾਂ ਤੋਂ ਆਜ਼ਾਦੀ ਦਾ ਮਸਲਾ ਬਣਾ ਧਰਿਆ। ਇਸ ਗੈਰ-ਕੁਦਰਤੀ ਅਤੇ ਅਰਥਹੀਣ ਸੰਕਲਪ ਨੇ ਅੱਜ ਸਾਰੇ ਮਨੁੱਖੀ ਰਿਸ਼ਤੇ ਹੀ ਗੰਧਲੇ ਕਰ ਦਿਤੇ ਹਨ। ਹੋਰ ਤੇ ਹੋਰ, ਔਰਤ-ਮਰਦ ਦੇ ਸਭ ਤੋਂ ਵਧ ਪਿਆਰ ਭਰੇ ਅਤੇ ਕੁਦਰਤੀ ਰਿਸ਼ਤੇ ਨੂੰ ਵੀ ਇਸ ਹਦ ਤਕ ਭ੍ਰਿਸ਼ਟ ਕਰ ਦਿਤਾ ਹੈ ਕਿ ਹੁਣ ਇਹ ਰਿਸ਼ਤਾ ਸਭ ਤੋਂ ਵਧੇਰੇ ਕੁੜੱਤਣ ਭਰਿਆ ਜਾਪਣ ਲਗ ਪਿਆ ਹੈ।
ਏਂਗਲਜ ਨੇ ਕਰੀਬ ਡੇਢ ਸੌ ਸਾਲ ਪਹਿਲਾਂ ਲਿਖਿਆ ਸੀ, “ਪੂੰਜੀਵਾਦ ਦਾ ਅੰਤਿਮ ਨਿਸ਼ਾਨਾ ਹਜਾਰਾਂ ਸਾਲਾਂ ਵਿਚ ਵਿਕਸਿਤ ਹੋਏ ਸਾਂਝੇ ਪਰਿਵਾਰਾਂ ਦਾ ਖਾਤਮਾ ਕਰਨਾ ਹੈ, ਜਿਸ ਨੂੰ ਪੂਰਾ ਕਰਨ ਲਈ ਇਹ ਆਪਣੀ ਖੂਬਸੂਰਤ ਖੋਜ ਕਾਰਖਾਨੇਦਾਰੀ ਨੂੰ ਵਰਤਦਾ ਹੈ। ਕਾਰਖਾਨੇਦਾਰੀ ਸਾਂਝੇ ਹਿਤਾਂ ਦੀ ਆਖਰੀ ਰਹਿੰਦ ਖੂੰਹਦ ਪਰਿਵਾਰ ਦੀ ਮਾਲਕੀ ਵਾਲੀਆਂ ਵਸਤੂਆਂ ਦੀ ਸਾਂਝ ਨੂੰ ਵੀ ਦਰੜ ਦਿੰਦੀ ਹੈ। ਬੱਚਿਆਂ ਵਿਚ ਇਹ ਰੁਝਾਨ ਆਮ ਵਿਕਸਿਤ ਹੋ ਜਾਂਦਾ ਹੈ ਕਿ ਜਦੋਂ ਹੀ ਉਹ ਕੰਮ ਕਰਨ ਦੇ ਯੋਗ ਹੁੰਦੇ ਹਨ, ਉਹ ਆਪਣੀ ਕਮਾਈ ਨੂੰ ਖੁਦ ਖਰਚਣ ਵਾਸਤੇ ਆਪਣੇ ਮਾਪਿਆਂ ਦੇ ਘਰ ਨੂੰ ਰਹਿਣ-ਬਸੇਰਾ ਸਮਝਣ ਲੱਗ ਪੈਂਦੇ ਹਨ ਅਤੇ ਭੋਜਨ ਤੇ ਰਹਿਣ ਦੇ ਖਰਚੇ ਵਜੋਂ ਇਕ ਨਿਸ਼ਚਿਤ ਰਕਮ ਆਪਣੇ ਮਾਪਿਆਂ ਨੂੰ ਦੇ ਕੇ, ਬਾਕੀ ਬਚੀ ਸਾਰੀ ਰਕਮ ਆਪ ਖਰਚਣ ਦੀ ਆਜ਼ਾਦੀ ਮਾਣਨਾ ਚਾਹੁੰਦੇ ਹਨ। ਪੂੰਜੀਵਾਦੀ ਬੇਲਗਾਮ ਮੰਡੀ ਅਤੇ ਪੂੰਜੀਵਾਦੀ (ਖਪਤਕਾਰੀ) ਸਭਿਆਚਾਰ ਦਾ ਸਿੱਟਾ ਇਹੀ ਨਿਕਲ ਸਕਦਾ ਹੈ। ਇਕ ਵਾਰ ਜੇ ਨੇਮ ਬਣ ਗਿਆ ਤਾਂ ਅਰਥਸ਼ਾਸਤਰੀ ਚਾਹੇ ਜਾਂ ਨਾ, ਇਹ ਆਪਣੇ ਹੀ ਵੇਗ ਨਾਲ ਚਲਦਾ ਹੈ।”
ਪੂੰਜੀਵਾਦੀ ਬੇਲਗਾਮ ਮੰਡੀ ਦਾ ਇਹ ਵੇਗ ਹੁਣ ਤਕ ਪਰਿਵਾਰਕ ਰਿਸ਼ਤਿਆਂ ਨੂੰ ਖਤਮ ਕਰਦਾ ਆ ਰਿਹਾ ਹੈ। ਪੂਜੀਵਾਦੀ ਵਿਕਸਿਤ ਮੁਲਕਾਂ ਵਿਚ ਇਸ ਨੇ ਲਗਪਗ ਪਰਿਵਾਰਾਂ ਨੂੰ ਤੋੜ ਦਿਤਾ ਹੈ ਅਤੇ ਹੁਣ ਸਾਮਰਾਜੀ ਪੂੰਜੀਵਾਦੀ ਸਭਿਆਚਾਰ ਦੀ ਮਾਰ ਹੇਠ ਆ ਰਹੇ ਮੁਲਕਾਂ ਵਿਚ ਬੜੀ ਤੇਜੀ ਨਾਲ ਇਨ੍ਹਾਂ ਰਿਸ਼ਤਿਆਂ ਨੂੰ ਖਤਮ ਕਰਦਾ ਜਾ ਰਿਹਾ ਹੈ। ਵਿਆਹ ਦੀ ਉਮਰ ਵਿਚ ਹੋ ਰਿਹਾ ਵਾਧਾ ਅਤੇ ਤਲਾਕਾਂ ਦੀ ਵਧ ਰਹੀ ਦਰ ਇਸੇ ਵਰਤਾਰੇ ਦਾ ਪ੍ਰਗਟਾਵਾ ਹੈ। ਕਮਿਊਨਿਸਟ ਮੈਨੀਫੈਸਟੋ ਵਿਚ ਔਰਤਾਂ ਦੀ ਗੁਲਾਮੀ ਦਾ ਜਿ਼ਕਰ ਕਰਦਿਆਂ ਮਾਰਕਸ-ਏਂਗਲਜ ਨੇ ਇਹ ਜਾਣਕਾਰੀ ਦਿਤੀ ਹੈ ਕਿ ਪੂੰਜੀਵਾਦ ਪੂਰੀ ਤਰ੍ਹਾਂ ਪਰਿਵਾਰ ਦੇ ਸਭਿਆਚਾਰਕ ਅਤੇ ਜਜ਼ਬਾਤੀ ਆਧਾਰ ਨੂੰ ਖਤਮ ਕਰ ਦਿੰਦਾ ਹੈ। ਪੂੰਜੀਵਾਦੀ ਪਰਿਵਾਰ ਪੂੰਜੀ ਦੀ ਬੁਨਿਆਦ ਉਤੇ ਖੜ੍ਹਾ ਹੈ, ਜਿਸ ਦਾ ਇਕੋ-ਇਕ ਨੇਮ ਵਧ ਤੋਂ ਵਧ ਪੂੰਜੀ ਤੇ ਮੁਨਾਫਾ ਕਮਾਉਣਾ ਅਤੇ ਵਧ ਤੋਂ ਵਧ ਪੈਸਾ ਇਕਠਾ ਕਰਨਾ ਹੈ। ਆਪਣੇ ਪੂਰਨ ਵਿਕਸਿਤ ਰੂਪ ਵਿਚ ਪਰਿਵਾਰ ਸਿਰਫ ਪੂੰਜੀਵਾਦੀਆਂ ਵਿਚਕਾਰ ਹੀ ਹੋਂਦ ਰਖਦਾ ਹੈ, ਜਦੋਂ ਕਿ ਅਮਲ ਵਿਚ ਇਹ ਆਪਣਾ ਪੂਰਕ ਕਿਰਤੀ ਜਮਾਤ ਅੰਦਰ ਪਰਿਵਾਰ ਦੀ ਅਣਹੋਂਦ ਅਤੇ ਸ਼ੱਰੇਆਮ ਹੁੰਦੀ ਵੇਸਵਾਗਿਰੀ ਵਿਚੋਂ ਲਭਦਾ ਹੈ।
ਮਾਰਕਸ ਏਂਗਲਜ ਨੇ ਇਹ ਵੀ ਕਿਹਾ ਹੈ, “ਪੂੰਜੀਵਾਦੀ ਰਿਸ਼ਤਿਆਂ ਉਤੇ ਉਸਰਿਆ ਪਰਿਵਾਰ ਆਪਣੇ ਆਪ ਹੀ ਖਤਮ ਹੋ ਜਾਏਗਾ, ਜਦੋਂ ਇਸ ਦੀ ਪੂਰਕ ਵੇਸਵਾਗਿਰੀ ਖਤਮ ਹੋ ਜਾਏਗੀ। ਪੂੰਜੀ ਦੇ ਖਤਮ ਹੋਣ ਨਾਲ ਇਹ ਦੋਵੇਂ ਹੀ ਖਤਮ ਹੋ ਜਾਣਗੇ।”
ਸਾਰੇ ਟੀ. ਵੀ. ਚੈਨਲਾਂ ਤੇ ਲਗਪਗ ਸਾਰੀਆਂ ਅਖਬਾਰਾਂ ਸਮੇਤ ਅਜੋਕੇ ਕੂੜੁ ਪ੍ਰਚਾਰ ਦੇ ਸਾਧਨ ਇਸ ਧਾਰਨਾ ਦਾ ਦਿਨ-ਰਾਤ ਪ੍ਰਚਾਰ ਕਰਦੇ ਹਨ ਅਤੇ ਇਸ ਨੂੰ ਉਹ ਇਕ ਕੁਦਰਤੀ ਨੇਮ ਦੇ ਤੌਰ ਉਤੇ ਪ੍ਰਚਾਰਦੇ ਹਨ ਕਿ ਮਨੁੱਖ ਜਮਾਂਦਰੂ ਹੀ ਬਹੁਨਾਰੀ ਜਾਂ ਬਹੁਪੁਰਖ ਗਾਮੀ ਹੈ। ਇਹ ਮਨੁੱਖ ਦੀ ਕੁਦਰਤੀ ਫਿਤਰਤ ਹੈ। ਉਸ ਦੇ ਸੁਭਾਅ ਦਾ ਇਕ ਆਮ ਲਛਣ ਹੈ; ਪਰ ਉਹ ਇਹ ਜਾਣਕਾਰੀ ਨਹੀਂ ਦਿੰਦੀਆਂ ਕਿ ਇਹ ਇਕ ਪਸੂ ਦੀ ਪੱਧਰ ਉਤੇ ਜਿਉਣ ਵਾਲੇ ਮਨੁੱਖ ਦਾ ਲਛਣ ਹੈ, ਜਿਸ ਨੇ ਅਜੇ ਤਕ ਆਪਣੀ ਸਮਾਜੀ ਚੇਤਨਾ ਅਤੇ ਸਦਾਚਾਰ ਨੂੰ ਵਿਕਸਿਤ ਨਹੀਂ ਕੀਤਾ। ਜਿਸ ਨੂੰ ਸਦੀਆਂ ਵਿਚ ਵਿਕਸਿਤ ਹੋਏ ਇਸ ਅਨੁਭਵੀ ਗਿਆਨ ਦੀ ਜਾਣਕਾਰੀ ਨਹੀਂ ਕਿ ਕਾਮੁਕ ਰਿਸ਼ਤਿਆਂ ਸਮੇਤ ਔਰਤ ਮਰਦ ਦੇ ਖੂਬਸੂਰਤ ਰਿਸ਼ਤਿਆਂ ਦਾ ਅਨੰਦ ਸਿਰਫ ਆਤਮਿਕ ਪੱਧਰ ਉਤੇ ਜਾ ਕੇ ਹੀ ਮਾਣਿਆ ਜਾ ਸਕਦਾ ਹੈ, ਨਿਰੋਲ ਸਰੀਰਕ ਪੱਧਰ ਉਤੇ ਨਹੀਂ। ਨਿਰੋਲ ਸਰੀਰਕ ਪਧਰ ਉਤੇ ਬਣਾਏ ਕਾਮੁਕ ਰਿਸ਼ਤੇ ਨਿਰੀ ਭਟਕਣਾ ਦਾ ਕਾਰਨ ਬਣਦੇ ਹਨ। ਅਜੋਕੀ ਨੌਜਵਾਨ ਪੀੜ੍ਹੀ ਇਹੀ ਭਟਕਣਾ ਹੰਢਾਅ ਰਹੀ ਹੈ, ਜਿਸ ਕਰਕੇ ਉਹ ਮਾਨਸਿਕ ਰੋਗਾਂ ਦੀ ਹੱਦ ਤਕ ਜਾ ਕੇ ਬਿਮਾਰ ਹੈ। ਔਰਤ-ਮਰਦ ਦੇ ਪਸੂ ਦੀ ਪੱਧਰ ਉਤੇ ਜਾ ਕੇ ਕਾਇਮ ਕੀਤੇ ਇਹ ਕਾਮੁਕ ਰਿਸ਼ਤੇ ਨਾ ਸੰਤੁਲਿਤ ਪਰਿਵਾਰ ਯਕੀਨੀ ਬਣਾ ਸਕਦੇ ਹਨ ਤੇ ਨਾ ਮਾਨਸਿਕ ਅਤੇ ਸਰੀਰਕ ਤੌਰ ਉਤੇ ਤੰਦਰੁਸਤ ਪੀੜ੍ਹੀਆਂ ਪੈਦਾ ਕਰ ਸਕਦੇ ਹਨ ਤੇ ਨਾ ਹੀ ਇਨ੍ਹਾਂ ਦੇ ਆਧਾਰ ਉਤੇ ਸੰਤੁਲਿਤ ਮਨੁੱਖੀ ਸਮਾਜ ਕਾਇਮ ਕੀਤਾ ਜਾ ਸਕਦਾ ਹੈ। ਇਨ੍ਹਾਂ ਪਸੂ-ਰਿਸ਼ਤਿਆਂ ਦੀ ਲਲਕ ਨੇ ਹੀ ਦੁਨੀਆਂ ਭਰ ਵਿਚ ਅਸ਼ਲੀਲ ਭੜਕਾਊ ਕਾਮੁਕਤਾ ਦੇ ਨੀਚ ਧੰਦੇ, ਵੇਸਵਾਗਿਰੀ ਅਤੇ ਸਮਲਿੰਗਕਤਾ ਦੀ ਮੰਡੀ ਤਿਆਰ ਕੀਤੀ ਹੈ, ਜਿਸ ਨੂੰ ਵਹਿਸ਼ਤ ਦੀ ਹਦ ਤਕ ਜਾ ਕੇ ਕਾਨੂੰਨੀ ਰੂਪ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਜਦੋਂ ਕਿ ਸਰੀਰੀ ਸਾਇੰਸ ਦਸਦੀ ਹੈ ਕਿ ਅਸ਼ਲੀਲ ਭੜਕਾਊ ਕਾਮੁਕਤਾ ਦੀ ਅਤਿ ਮਨੁੱਖ ਦੇ ਦਿਮਾਗ ਨੂੰ ਸੁੰਗੇੜ ਦਿੰਦੀ ਹੈ।
ਕਾਰਲ ਮਾਰਕਸ ਦੀ ਧਾਰਨਾ ਅਨੁਸਾਰ “ਔਰਤ ਨੂੰ ਪੈਰ ਦੀ ਜੁਤੀ, ਦਾਸੀ ਅਤੇ ਸਾਂਝੀ ਹਵਸ ਦੀ ਪੁਤਲੀ ਸਮਝਣ ਵਾਲੀ ਪਹੁੰਚ ਮਰਦ ਦੇ ਉਸ ਅੰਤਹੀਣ ਨਿਘਾਰ ਦਾ ਪ੍ਰਗਟਾਵਾ ਹੈ, ਜਿਸ ਨਿਘਾਰ ਵਿਚ ਉਸ ਨੇ ਆਪਣੀ ਜਿ਼ੰਦਗੀ ਨੂੰ ਆਪ ਹੀ ਲਿਜਾ ਸੁਟਿਆ ਹੈ। ਅਜਿਹੀ ਪਹੁੰਚ ਦਾ ਕਾਰਨ, ਇਸ ਸਿਧੇ ਅਤੇ ਕੁਦਰਤੀ ਨਸਲੀ ਰਿਸ਼ਤੇ ਨੂੰ ਭੁਲ ਕੇ ਇਸ ਰਿਸ਼ਤੇ ਬਾਰੇ ਬਣੀ ਗਲਤ ਸੋਚ ਅਤੇ ਵਿਹਾਰ ਹੈ। ਵਿਅਕਤੀ ਤੋਂ ਵਿਅਕਤੀ ਦਾ ਕੁਦਰਤੀ, ਸਿੱਧਾ ਅਤੇ ਲੋੜੀਂਦਾ ਰਿਸ਼ਤਾ ਔਰਤ-ਮਰਦ ਦਾ ਰਿਸ਼ਤਾ ਹੈ। ਕੁਦਰਤ ਨਾਲ ਆਪਣੇ ਨਸਲੀ ਰਿਸ਼ਤੇ ਵਿਚ ਮਨੁੱਖ ਦਾ ਫੌਰੀ ਰਿਸ਼ਤਾ ਮਨੁੱਖ ਨਾਲ ਹੈ, ਜਿਵੇਂ ਆਪਣੀ ਕੁਦਰਤੀ ਹੋਂਦ ਵਜੋਂ ਮਨੁੱਖ ਦਾ ਫੌਰੀ ਰਿਸ਼ਤਾ ਕੁਦਰਤ ਨਾਲ ਹੈ। ਇਸ ਲਈ ਔਰਤ-ਮਰਦ ਦੇ ਰਿਸ਼ਤੇ ਤੋਂ ਮਨੁੱਖੀ ਵਿਕਾਸ ਦਾ ਸਮੁੱਚਾ ਪੱਧਰ ਜਾਣਿਆ ਜਾ ਸਕਦਾ ਹੈ। ਇਸ ਰਿਸ਼ਤੇ ਦੇ ਪੱਧਰ ਤੋਂ ਹੀ ਪਤਾ ਲਗਦਾ ਹੈ ਕਿ ਇਕ ਨਸਲੀ ਹੋਂਦ ਵਜੋਂ ਮਨੁੱਖ ਕਿੰਨਾ ਕੁ ਮਨੁੱਖ ਬਣਿਆ ਹੈ ਅਤੇ ਇਕ ਮਨੁੱਖ ਵਜੋਂ ਉਸ ਨੇ ਆਪਣੇ-ਆਪ ਨੂੰ ਕਿੰਨਾ ਕੁ ਆਪਣੀ ਅਨੁਭਵੀ ਚੇਤਨਾ ਦੀ ਪਕੜ ਵਿਚ ਲਿਆਂਦਾ ਹੈ।”
ਕਾਰਲ ਮਾਰਕਸ ਦੀ ਇਸ ਧਾਰਨਾ ਅਨੁਸਾਰ ਔਰਤ-ਮਰਦ ਦਾ ਰਿਸ਼ਤਾ ਸਾਰੇ ਮਨੁੱਖੀ ਰਿਸ਼ਤਿਆਂ ਦਾ ਮੂਲ ਆਧਾਰ ਹੈ। ਮਨੁੱਖੀ ਨਸਲ ਚਲਦੀ ਰੱਖਣ ਲਈ ਇਹ ਸਭ ਤੋਂ ਬੁਨਿਆਦੀ ਕੁਦਰਤੀ ਰਿਸ਼ਤਾ ਹੈ। ਭਾਵ ਔਰਤ-ਮਰਦ ਇਕ-ਦੂਜੇ ਤੋਂ ਆਜ਼ਾਦ ਨਹੀਂ, ਜਿਵੇਂ ਕਿ ਸਾਮਰਾਜੀ ਮੀਡੀਆ ਪ੍ਰਚਾਰਦਾ ਹੈ, ਸਗੋਂ ਇਕ-ਦੂਜੇ ਦੇ ਪੂਰਕ ਹਨ। ਮਰਦ ਔਰਤ ਬਿਨਾ ਅਧੂਰਾ ਹੈ ਅਤੇ ਔਰਤ ਮਰਦ ਬਿਨਾ ਅਧੂਰੀ ਹੈ; ਪਰ ਜਿੰਨਾ ਚਿਰ ਇਸ ਰਿਸ਼ਤੇ ਵਿਚ ਪੈਸਾ ਜਾਂ ਨਿਜੀ ਜਾਇਦਾਦ ਦੀ ਹੋਂਦ ਭਾਰੂ ਹੈ, ਓਨਾ ਚਿਰ ਇਹ ਰਿਸ਼ਤਾ ਸੰਤੁਲਿਤ ਨਹੀਂ ਬਣ ਸਕਦਾ।
ਡਾ. ਗੁਰਭਗਤ ਸਿੰਘ ਨੇ ਗੁਰਮਤਿ ਵਿਚ ਔਰਤ ਦੇ ਦਰਜੇ ਬਾਰੇ ਲਿਖਿਆ ਹੈ, “ਗੁਰੂ ਸਾਹਿਬਾਨ ਨੇ ਮਹਿਲਾਵਾਂ ਬਾਰੇ ਜੋ ਚਿੰਤਨ ਅਤੇ ਅਭਿਆਸ ਸਾਨੂੰ ਦਿਤੇ, ਉਹ ਸਮੇਂ ਨਾਲੋਂ ਅਗੇਰੇ ਹੀ ਨਹੀਂ ਸਨ, ਉਹ ਅਤਿਅੰਤ ਵਿਸ਼ੇਸ਼ ਵੀ ਸਨ। ਇਹ ਆਖਣਾ ਵੀ ਅਤਿਕਥਨੀ ਨਹੀਂ ਕਿ ਉਹ ਸਾਡੀ ਸਮਕਾਲੀ ਨਾਰੀਵਾਦੀ ਸੋਚ ਨਾਲੋਂ ਵੀ ਅਗੇ ਲੰਘਦੇ ਹਨ। ‘ਆਸਾ ਦੀ ਵਾਰ’ ਵਿਚ ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਤਾਂ ਸਭ ਨੂੰ ਯਾਦ ਆ ਜਾਂਦੇ ਹਨ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ’, ਪਰ ਇਹ ਧਿਆਨ ਵਿਚ ਘਟ ਹੀ ਆਉਂਦਾ ਹੈ ਕਿ ਉਨ੍ਹਾਂ ਵਾਹਿਗੁਰੂ ਅਤੇ ਕਾਇਨਾਤ ਦੇ ਕੁਲ ਰਹੱਸ ਨੂੰ ਅਨੁਭਵ ਕਰਨ ਲਈ ਮਹਲਾ ਅਧਿਆਤਮਕ ਸਰੂਪ ਬਣਨ ਦਾ ਚਿੰਤਨ ਅਤੇ ਅਭਿਆਸ ਸਾਨੂੰ ਦਿਤੇ ਹਨ।”
ਡਾ. ਗੁਰਭਗਤ ਸਿੰਘ ਨੇ ਇਹ ਵੀ ਲਿਖਿਆ ਹੈ, “ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਸੰਸਥਾਵਾਂ, ਉਨ੍ਹਾਂ ਪੁਰਸ਼ਾਂ ਦੇ ਹੱਥਾਂ ਵਿਚ ਸਨ, ਜੋ ਵਕਤ ਦੀਆਂ ਪੁਰਸ਼-ਪ੍ਰਧਾਨ ਕੀਮਤਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੇ ਮਨ ਅਤੇ ਭਾਵ ਉਸ ਰਾਜਨੀਤਕ ਆਰਥਿਕਤਾ ਨੇ ਸਿਰਜੇ ਹੋਏ ਸਨ, ਜਿਨ੍ਹਾਂ ਵਿਚ ਪੁਰਸ਼ ਪ੍ਰਧਾਨ ਸੀ। ਪੁਰਸ਼ ਨੂੰ ਹੀ ਸਭ ਨੈਟਵਰਕ ਚਲਾਉਣ ਦੇ ਸਮਰਥ ਸਮਝਿਆ ਜਾਂਦਾ ਸੀ। ਬੁੱਧੀ ਦੀ ਅਜਾਰੇਦਾਰੀ ਉਸੇ ਕੋਲ ਸੀ। ਸਿੱਖ ਸੰਸਥਾਵਾਂ ਨੂੰ ਚਲਾਉਣ ਵਾਲੇ ਭਾਵੇਂ ਗੁਰਬਾਣੀ ਦੇ ਚੰਗੇ ਜਾਣਕਾਰ ਸਨ, ਪਰ ਅਮਲ ਵਿਚ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਚੰਗੀ ਤਰ੍ਹਾਂ ਸਮਝ ਕੇ ਅੱਗੇ ਤੋਰਨ ਵਿਚ ਕੋਈ ਸਮਰਥਾ ਨਹੀਂ ਦਿਖਾਈ।”
ਸਿੱਖ ਪੰਥ ਨੇ ਗੁਰੂ ਸਾਹਿਬਾਨ ਦੇ ਏਨੇ ਉਚੇ ਅਤੇ ਸੁਚੇ ਮਿਸ਼ਨ ਨੂੰ ਕਿਉਂ ਭੁਲਾ ਦਿਤਾ, ਇਸ ਦੇ ਠੋਸ ਇਤਿਹਾਸਕ ਕਾਰਨ ਹਨ, ਜਿਨ੍ਹਾਂ ਕਰਕੇ ਸਿੱਖ ਇਨਕਲਾਬ ਦੀ ਨਿਰੰਤਰਤਾ ਜਾਰੀ ਨਹੀਂ ਰਹਿ ਸਕੀ। ਪਹਿਲਾਂ ਬ੍ਰਾਹਮਣਵਾਦ ਅਤੇ ਰਜਵਾੜਾਸ਼ਾਹੀ ਦੇ ਗਠਜੋੜ, ਫਿਰ ਬਸਤੀਵਾਦੀ ਰਾਜਨੀਤਕ ਗੁਲਾਮੀ ਅਤੇ ਹੁਣ ਸਾਮਰਾਜੀ ਪੂੰਜੀਵਾਦ ਨੇ ਸਿੱਖ ਇਨਕਲਾਬ ਨੂੰ ਵਾਪਰਨ ਤੋਂ ਰੋਕਿਆ ਹੋਇਆ ਹੈ। ਮੌਜੂਦਾ ਰਾਜਪ੍ਰਬੰਧ ਦੀ ਬੁਨਿਆਦ ਹੀ ਪੁਰਸ਼ ਪ੍ਰਧਾਨ ਸਮਾਜ ਹੈ। ਇਹ ਬੁਨਿਆਦ ਮਨੂੰਵਾਦੀ ਭਰਮਜਾਲ ਅਤੇ ਸਾਮਰਾਜੀ ਆਰਥਿਕਤਾ ਉਤੇ ਟਿਕੀ ਹੋਈ ਹੈ। ਨਿਜੀ ਜਾਇਦਾਦ ਅਤੇ ਇਸ ਦੇ ਪ੍ਰਗਟ ਰੂਪ ਪੈਸੇ ਉਤੇ ਮੁਕੰਮਲ ਮਨੁੱਖੀ ਨਿਰਭਰਤਾ ਕਾਰਨ ਬਣੀ ਮਨੁੱਖੀ ਸੋਚ ਅਤੇ ਇਸ ਸੋਚ ਕਾਰਨ ਬਣੇ ਸਾਰੇ ਮਨੁੱਖੀ-ਸਮਾਜੀ ਰਿਸ਼ਤੇ ਇਸ ਪੁਰਸ਼ ਪ੍ਰਧਾਨ ਸਮਾਜ ਦਾ ਪ੍ਰਗਟ ਰੂਪ ਹਨ। ਪੂੰਜੀ (ਪੈਸੇ) ਦਾ ਗਲਬਾ ਅਤੇ ਪੁਰਸ਼ ਪ੍ਰਧਾਨ ਸੋਚ ਇਕੋ ਹੀ ਸਮਾਜੀ ਪ੍ਰਬੰਧ ਦੀਆਂ ਕੜੀਆਂ ਹਨ। ਇਹ ਪ੍ਰਬੰਧ ਸਾਮਰਾਜੀ ਪੂੰਜੀਵਾਦ ਦੀ ਜਕੜ ਵਿਚ ਹੈ। ਇਸ ਜਕੜ ਨੂੰ ਤੋੜੇ ਬਿਨਾ ਗੁਰੂ ਸਾਹਿਬਾਨ ਦੇ ਕਿਆਸੇ, ਮਹਿਲਾਵਾਂ ਦੇ ਮਰਦਾਂ ਨਾਲ ਬਰਾਬਰੀ ਦੇ ਆਧਾਰ ਉਤੇ ਇਕ-ਦੂਜੇ ਦੇ ਪੂਰਕ ਹੋਣ ਦੇ ਰਿਸ਼ਤੇ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ।
ਵਿਦਵਾਨ ਚਿੰਤਕ ਸਮਕਾਲੀ ਚਿੰਤਨ ਵਿਚ ਫਰਾਂਸ ਦੀਆਂ ਦੋ ਮਹਿਲਾਵਾਦੀ ਚਿੰਤਕਾਂ, ਲੂਸ ਇਰਿਗੈਰੇ ਅਤੇ ਹੈਲੇਨ ਸਿਖੂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹੋਏ ਲਿਖਦੇ ਹਨ, “ਇਨ੍ਹਾਂ ਦੋਹਾਂ ਨੇ ਸਪਸ਼ਟ ਕੀਤਾ ਹੈ ਕਿ ਮਹਿਲਾ ਦੀ ਵਿਸ਼ੇਸ਼ ਦੇਹ ਭਾਵ ਅਤੇ ਸੋਚ ਕਾਰਨ ਉਸ ਦੀ ਸ਼ੈਲੀ, ਵਾਕ ਪ੍ਰਬੰਧ ਆਦਿ ਵਿਸ਼ੇਸ਼ ਹਨ। ਉਸ ਦਾ ਜੋ ਅਨੁਭਵ ਹੈ, ਉਹ ਪੁਰਸ਼ ਦੀ ਸਮਰਥਾ ਵਿਚ ਨਹੀਂ। ਇਰਿਗੈਰੇ ਨੇ ਤਾਂ ਇਥੋਂ ਤਕ ਕਹਿ ਦਿਤਾ ਹੈ ਕਿ ਮਹਿਲਾ ਦੀ ਵਿਸ਼ੇਸ਼ਤਾ ਨੂੰ ਮੁਖ ਰਖ ਕੇ, ਸਭ ਸੰਸਥਾਵਾਂ ਨਵੇਂ ਸਿਰਿਓਂ ਸੰਗਠਿਤ ਕਰਨੀਆਂ ਚਾਹੀਦੀਆਂ ਹਨ। ਸਮਾਜ ਦੀ ਦਰਜਾਬੰਦੀ ਰਿਸ਼ਤੇ ਨਾਤੇ, ਮੁਖ ਅਦਾਰੇ ਇਸ ਸਮੇਂ ਪੁਰਖ ਪਰਿਪੇਖ ਤੋਂ ਉਸਾਰੇ ਗਏ ਹਨ। ਉਨ੍ਹਾਂ ਰਾਹੀਂ ਮੁਕਤੀ ਨਹੀਂ ਹੋ ਸਕਦੀ। ਇਨ੍ਹਾਂ ਸਭ ਵਿਚ ਮਹਿਲਾ ਪਰਿਪੇਖ ਜਾਂ ਦ੍ਰਿਸ਼ਟੀ ਸ਼ਾਮਲ ਹੋਣੀ ਚਾਹੀਦੀ ਹੈ, ਵਰਨਾ ਸਭਿਅਤਾ ਦੀ ਪ੍ਰਾਪਤੀ ਅਧੂਰੀ ਰਹਿ ਜਾਵੇਗੀ।”
ਵਿਦਵਾਨ ਚਿੰਤਕ ਇਹ ਤਾਂ ਦਰੁਸਤ ਕਹਿੰਦੇ ਹਨ ਕਿ “ਇਰਿਗੈਰੇ ਦੀ ਮਹਿਲਾਵਾਦੀ ਸੋਚ ਇਥੋਂ ਤਕ ਨਹੀਂ ਪਹੁੰਚੀ ਕਿ ਕੁੱਲ ਸ੍ਰਿਸ਼ਟੀ ਦਾ ਰਹੱਸ ਮਹਿਲਾ ਅਧਿਆਤਮ ਰਾਹੀਂ ਹੀ ਹੋ ਸਕਦਾ ਹੈ।”, ਪਰ ਵਿਦਵਾਨ ਚਿੰਤਕ ਦੀ ਇਹ ਗੱਲ ਸਹੀ ਨਹੀਂ ਕਿ ਗੁਰੂ ਸਾਹਿਬਾਨ ਨੇ ਮਹਿਲਾ-ਪੁਰਸ਼ ਦਾ ਭੇਦ ਮਿਟਾ ਦਿਤਾ ਹੈ। ਇਸ ਧਾਰਨਾ ਨੂੰ ਮੰਨਣ ਨਾਲ ਔਰਤ-ਮਰਦ, ਦੋਵੇਂ, ਇਕ-ਦੂਜੇ ਤੋਂ ਆਜ਼ਾਦ ਇਕਾਈਆਂ ਦੇ ਤੌਰ ਉਤੇ ਜਾਪਦੇ ਹਨ; ਜਦੋਂਕਿ ਹਕੀਕੀ ਜ਼ਿੰਦਗੀ ਵਿਚ ਇਹ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਅਸਲ ਵਿਚ ਮਹਿਲਾ-ਪੁਰਸ਼ ਦਾ ਭੇਦ ਮਿਟਾਉਣ ਦੀ ਧਾਰਨਾ ਵੀ ਪੁਰਸ਼ ਪ੍ਰਧਾਨਗੀ ਦੇ ਅੰਸ਼ ਵਿਚ ਸ਼ਾਮਿਲ ਹੈ।
ਗੁਰਮਤਿ ਤਾਂ ਇਸ ਤੋਂ ਵੀ ਵਡਾ ਕੁਦਰਤੀ ਸੱਚ ਬਿਆਨ ਕਰਦੀ ਹੈ,
ਭੰਡਹੁ ਹੀ ਭੰਡ ਉਪਜੈ ਭੰਡੈ ਬਾਝ ਨ ਕੋਇ॥
ਨਾਨਕ ਭੰਡਹਿ ਬਾਹਰਾ ਸਾਹਿਬ ਸਚਾ ਸੋਇ॥ (ਪੰਨਾ 473)
ਭਾਵ ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ ਤੇ ਔਰਤ ਤੋਂ ਬਿਨਾ ਕੋਈ ਮਨੁੱਖੀ ਜੀਵਨ ਕਿਆਸਿਆ ਵੀ ਨਹੀਂ ਜਾ ਸਕਦਾ। ਸਿਰਫ ਇਕ ਵੱਡਾ ਸੱਚ ਕਰਤਾ ਹੀ ਇਸ ਵਰਤਾਰੇ ਤੋਂ ਬਾਹਰ ਹੈ। ਭਾਵ ਔਰਤ ਹੀ ਜੀਵਨ ਦਾਤੀ ਹੈ। ਇਹ ਕੁਦਰਤੀ ਸੱਚ ਹੈ। ਮਨੁੱਖੀ ਜੀਵਨ ਦਾ ਆਧਾਰ ਔਰਤ ਦੀ ਕੁਖ ਹੈ। ਮਰਦ ਇਸ ਪ੍ਰਕਿਰਿਆ ਵਿਚ ਸ਼ਾਮਿਲ ਜ਼ਰੂਰ ਹੈ, ਪਰ ਅੰਤਿਮ ਤੌਰ ਉਤੇ ਬੱਚੇ ਨੂੰ ਜਨਮ ਔਰਤ ਹੀ ਦਿੰਦੀ ਹੈ। ਇਸ ਪ੍ਰਸੰਗ ਵਿਚ ਦੇਬੀ ਪ੍ਰਸਾਦਿ ਚੋਟੋਪਾਧਿਆਇ ਦੀ ਸਹਜੀ ਗੀਤ ਦੀ ਦਿੱਤੀ, ਉਨ੍ਹਾਂ ਦੀ ਇਹ ਮਿਸਾਲ, ਗੁਰਮਤਿ ਦੇ ਜ਼ਿਆਦਾ ਨੇੜੇ ਹੈ, “ਜੇ ਤੂੰ ਇਕ ਤਨ ਹੋ ਕੇ ਸਦੀਵਤਾ ਵਿਚ ਜਾਣਾ ਚਾਹੁੰਦਾ ਹੈ ਤਾਂ ਮਰਦ ਅੰਸ਼ ਨੂੰ ਤਿਆਗ ਕੇ ਇਸਤਰੀ ਜਾਂ ਕੁਦਰਤ ਬਣ।” ਇਸੇ ਕਰਕੇ ਗੁਰਮਤਿ ਨੇ ਧਰਤੀ ਨੂੰ ਮਾਂ ਕਿਹਾ ਹੈ। ਕਿਉਂਕਿ ਧਰਤੀ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਗੁਰੂ ਸਾਹਿਬ ਨੇ ਇਸ ਸਮਾਜੀ ਸੱਚ ਉਤੇ ਵੀ ਮੋਹਰ ਲਾਈ ਹੈ ਕਿ ਇਸ ਧਰਤੀ ਉਤੇ ਸਾਰੇ ਰਿਸ਼ਤਿਆਂ ਦੀ ਖੂਬਸੂਰਤੀ ਦਾ ਆਧਾਰ ਔਰਤ ਮਰਦ ਦਾ ਰਿਸ਼ਤਾ ਹੈ। ਬਾਕੀ ਸਾਰੇ ਸਮਾਜੀ-ਆਤਮਿਕ ਰਿਸ਼ਤੇ ਇਸ ਦੇ ਦੁਆਲੇ ਹੀ ਘੁੰਮਦੇ ਹਨ। ਇਥੋਂ ਤਕ ਕਿ ਸਾਰਾ ਆਤਮਿਕ ਰਹੱਸ ਅਤੇ ਸੁੰਦਰਤਾ ਇਸ ਰਿਸ਼ਤੇ ਰਾਹੀਂ ਹੀ ਪ੍ਰਗਟ ਹੁੰਦੀ ਹੈ। ਸਾਰੀ ਮਨੁੱਖੀ ਖੂਬਸੂਰਤੀ ਇਸ ਰਿਸ਼ਤੇ ਦੁਆਲੇ ਕੇਂਦਰਿਤ ਹੈ। ਇਸੇ ਕਰਕੇ ਉਨ੍ਹਾਂ ਨੇ ਆਪਣੀ “ਅੰਤਿਮ ਅਨੁਭਵ ਪ੍ਰਤਖਣਾ, ਸਰਵ ਪਰਿਪੇਖੀ ਦ੍ਰਿਸ਼ਟੀ ਨੂੰ ਮਹਲਾ ਅਧਿਆਤਮ ਨਾਲ ਪਰਿਭਾਸ਼ਤ ਕੀਤਾ ਹੈ।”
ਗੁਰਮਤਿ ਨੇ ਔਰਤ ਮਰਦ ਦੇ ਰਿਸ਼ਤੇ ਨੂੰ ਜਿਸ ਅਨੁਭਵੀ ਸਿਖਰ ਉਤੇ ਪਹੁੰਚਾਇਆ ਹੈ, ਇਹ ਅਜੇ ਤਕ ਕਿਸੇ ਫਿਲਾਸਫਰ ਜਾਂ ਧਰਮ ਗੁਰੂ ਦੇ ਹਿੱਸੇ ਨਹੀਂ ਆਇਆ। ਕਮਾਲ ਦੀ ਗੱਲ ਇਹ ਹੈ ਕਿ ਇਹ ਸਿਖਰ ਹੁਣ ਤਕ ਦੇ ਹੋਏ ਪੂਰੇ ਸਮਾਜੀ-ਸਭਿਆਚਾਰਕ ਵਿਕਾਸ ਦਾ ਸਿੱਟਾ ਹੈ ਅਤੇ ਭਵਿਖ ਦਾ ਖੂਬਸੂਰਤ ਸਮਾਜ ਇਹੋ ਜਿਹਾ ਹੀ ਹੋਵੇਗਾ।
ਗੁਰੂ ਸਾਹਿਬ ਦਾ ਫੁਰਮਾਨ ਹੈ,
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ 788)
ਔਰਤ-ਮਰਦ ਦੀ ਬਰਾਬਰੀ ਦੀ ਹਮਾਇਤ ਕਰਨ ਦੇ ਨਾਲ-ਨਾਲ ਗੁਰਮਤਿ ਨੇ ਦੋਹਾਂ ਨੂੰ ਇਕ-ਦੂਜੇ ਦੇ ਪੂਰਕ ਮੰਨਿਆ ਹੈ। ਅਰਥਾਤ ਔਰਤ-ਮਰਦ ਦਾ ਰਿਸ਼ਤਾ ਦੋ ਵਖ-ਵਖ ਸਰੀਰਾਂ ਦਾ ਨਹੀਂ, ਸਗੋਂ ਇਸ ਤੋਂ ਕਿਤੇ ਵੱਡਾ ਆਤਮਿਕ ਰਿਸ਼ਤਾ ਹੈ, ਜਿਸ ਵਿਚ ਦੋਵੇਂ ਇਕ-ਦੂਜੇ ਦੇ ਪੂਰਕ ਬਣ ਕੇ ਜਿਉਂਦੇ ਹਨ। ਔਰਤ-ਮਰਦ ਦੇ ਰਿਸ਼ਤੇ ਬਾਰੇ ਗੁਰੂ ਸਾਹਿਬ ਦੀ ਇਹ ਧਾਰਨਾ, ਅੱਜ ਦੇ ਰਾਜਸੀ-ਸਮਾਜੀ ਮਾਹੌਲ ਵਿਚ ਖਾਸ ਤੌਰ ਉਤੇ ਮਹਤਵਪੂਰਨ ਹੈ; ਕਿਉਂਕਿ ਮਨੂੰਵਾਦ ਨੇ ਜੇ ਔਰਤ-ਮਰਦ ਨੂੰ ਦੇਹ ਦੀ ਹੋਂਦ ਤਕ ਸੁੰਗੇੜ ਦਿੱਤਾ ਸੀ, ਤਾਂ ਸਾਮਰਾਜੀ ਪੂੰਜੀਵਾਦ ਦੇ ਬਾਜ਼ਾਰੀਕਰਨ ਨੇ ਔਰਤ-ਮਰਦ ਦੇ ਰਿਸ਼ਤੇ ਨੂੰ ਕੁਝ ਕੁ ਅੰਗਾਂ ਤਕ ਸੀਮਤ ਕਰ ਦਿਤਾ ਹੈ। ਇਥੋਂ ਤਕ ਕਿ ਮਨੁੱਖੀ ਰਿਸ਼ਤਿਆਂ ਦਾ ਇਹ ਬਾਜ਼ਾਰੀਕਰਨ, ਮਨੁੱਖ ਜਾਤੀ ਦੀ ਹੁਣ ਤਕ ਦੀ ਇਕੱਠੀ ਹੋਈ ਸਮੁਚੀ ਅਨੁਭਵੀ ਸਿਆਣਪ ਨੂੰ ਵੀ ਅਣਗੌਲਿਆ ਕਰ ਰਿਹਾ ਹੈ।
ਅਰਬਾਂ-ਖਰਬਾਂ-ਨਰਬਾਂ ਮਨੁੱਖਾਂ ਦੇ ਹਜ਼ਾਰਾਂ ਸਾਲਾਂ ਵਿਚ ਹੰਢਾਏ ਅਨੁਭਵੀ ਅਮਲ ਤੋਂ ਬਾਅਦ ਹੀ ਬੰਦੇ ਨੂੰ ਸਮਝ ਆਈ ਕਿ ਔਰਤ-ਮਰਦ ਦਾ ਰਿਸ਼ਤਾ ਬਾਕੀ ਸਾਰਿਆਂ ਰਿਸ਼ਤਿਆਂ ਦੀ ਖੂਬਸੂਰਤੀ ਦਾ ਆਧਾਰ ਹੈ। ਉਸ ਨੂੰ ਇਹ ਸਮਝ ਆਈ ਹੈ ਕਿ ਔਰਤ-ਮਰਦ ਇਕ-ਦੂਜੇ ਦੇ ਪੂਰਕ ਹਨ। ਦੋਵੇਂ ਮਿਲ ਕੇ ਇਕ ਮਨੁੱਖੀ ਇਕਾਈ ਬਣਦੇ ਹਨ। ਕਿਉਂਕਿ ਮਨੁੱਖੀ ਨਸਲ ਚਲਦੀ ਰੱਖਣ ਲਈ, ਇਨ੍ਹਾਂ ਦੋਹਾਂ ਦਾ ਮਿਲਣ ਅਤਿ ਜ਼ਰੂਰੀ ਹੈ। ਦੋਵੇਂ ਇਕ-ਦੂਜੇ ਬਿਨਾ ਅਧੂਰੇ ਹਨ, ਪਰ ਕਿਉਂਕਿ ਬੱਚੇ ਨੂੰ ਜਨਮ ਮਾਂ ਹੀ ਦਿੰਦੀ ਹੈ, ਇਸ ਲਈ ਸਮਾਜੀ ਤੌਰ ਉਤੇ ਔਰਤ ਦੀ ਅਹਿਮੀਅਤ ਮਰਦ ਨਾਲੋਂ ਵਧ ਹੈ। ਇਹ ਸਮਝ ਆਉਣ ਤੋਂ ਬਾਅਦ ਹੀ ਮਨੁੱਖ ਨੂੰ ਪਤਾ ਲਗਾ ਹੈ ਕਿ ਇਨ੍ਹਾਂ ਦੋਹਾਂ ਦਾ ਰਿਸ਼ਤਾ ਸਿਰਫ ਸਰੀਰੀ ਹੀ ਨਹੀਂ, ਸਗੋਂ ਇਸ ਤੋਂ ਕਿਤੇ ਜ਼ਿਆਦਾ ਹੈ। ਇਹ ਸਮਝ ਆਉਣ ਤੋਂ ਬਾਅਦ ਹੀ ਅਨੁਭਵ ਹੋਇਆ ਕਿ ਇਕ ਔਰਤ ਅਤੇ ਇਕ ਮਰਦ ਦਾ ਸਥਾਈ ਰਿਸ਼ਤਾ ਪਰਿਵਾਰ ਦੀ ਸਥਿਰਤਾ ਲਈ ਜ਼ਿਆਦਾ ਗੁਣਕਾਰੀ ਹੈ। ਫਿਰ ਹੀ ਇਹ ਸਮਝ ਆਈ ਕਿ ਇਸ ਰਿਸ਼ਤੇ ਵਾਸਤੇ ਇਕ-ਦੂਜੇ ਦੇ ਦੁਖ-ਸੁਖ ਵਿਚ ਭਾਈਵਾਲ ਹੋਣ ਲਈ, ਵਧੇਰੇ ਸੰਵੇਦਨਸ਼ੀਲਤਾ ਦੀ ਲੋੜ ਹੈ। ਸੰਵੇਦਨਸ਼ੀਲਤਾ ਲਈ ਦੋਹਾਂ ਦੇ ਬੌਧਿਕ ਵਿਕਾਸ ਦੀ ਲੋੜ ਹੈ। ਬਹੁਤ ਲੰਮਾ ਸਮਾਂ ਪਾ ਕੇ ਹੀ ਮਨੁੱਖ ਜਾਤੀ ਨੂੰ ਸਮਝ ਆਈ ਕਿ ਔਰਤ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਦਾ ਆਧਾਰ ਸਰੀਰਕ ਨਾਲੋਂ ਆਤਮਿਕ ਜ਼ਿਆਦਾ ਹੈ। ਭਾਵ ਇਹ ਰਿਸ਼ਤਾ ਸਰੀਰੀ ਵੀ ਹੈ, ਪਰ ਇਨ੍ਹਾਂ ਰਿਸ਼ਤਿਆਂ ਵਿਚ ਖੂਬਸੂਰਤੀ ਭਰਨ ਲਈ ਦੋਹਾਂ ਦੇ ਆਤਮਿਕ ਤੇ ਸਭਿਆਚਾਰਕ ਵਿਕਾਸ ਦੀ ਲੋੜ ਵੀ ਹੈ।
ਗੁਰਮਤਿ ਦੀ ਪਰ-ਨਾਰੀ ਦੀ ਸੇਜ ਸੁਪਨੇ ਵਿਚ ਵੀ ਨਾ ਜਾਣ ਦੀ ਨਸੀਹਤ ਕੋਈ ਧਾਰਮਿਕ ਉਪਦੇਸ਼ ਨਹੀਂ, ਸਗੋਂ ਇਸ ਦਾ ਆਧਾਰ ਸਮਾਜੀ ਤੌਰ ਉਤੇ ਇਕੱਠੀ ਹੋਈ ਅਨੁਭਵੀ ਸਿਆਣਪ ਹੈ ਕਿ ਸੁਪਨਿਆਂ ਵਿਚ ਪਰ-ਨਾਰੀਆਂ ਦੀ ਸੇਜ ਮਾਣਨ ਵਾਲਾ ਮਨੁੱਖ ਕਦੀ ਵੀ ਔਰਤ-ਮਰਦ ਦੇ ਰਿਸ਼ਤਿਆਂ ਨੂੰ ਆਤਿਮਕ ਪੱਧਰ ਉਤੇ ਜਾ ਕੇ ਨਹੀਂ ਮਾਣ ਸਕਦਾ। ਉਹ ਕਦੀ ਵੀ ਆਪਣੀ ਔਰਤ ਨਾਲ ਆਤਮਿਕ ਆਧਾਰ ਉਤੇ ਜਾ ਕੇ ਰਿਸ਼ਤਾ ਕਾਇਮ ਨਹੀਂ ਕਰ ਸਕਦਾ। ਨਾ ਹੀ ਉਹ ਸੁਚੇਤ ਰੂਪ ਵਿਚ ਆਪਣੇ ਸਰੀਰ ਦੀਆਂ ਇੰਦ੍ਰਿਆਵੀ, ਜਜ਼ਬਾਤੀ ਅਤੇ ਆਤਮਿਕ ਲੋੜਾਂ ਦੀ ਪਛਾਣ ਕਰ ਸਕਦਾ ਹੈ। ਕਿਉਂਕਿ ਸੁਪਨਿਆਂ ਵਿਚ ਪਰਾਈਆਂ ਔਰਤਾਂ ਭੋਗਣ ਵਾਲਾ ਮਨੁੱਖ ਯਥਾਰਥ ਤੋਂ ਟੁਟੀ ਹੋਈ ਕਾਲਪਨਿਕ ਭਟਕਣਾ ਦਾ ਸ਼ਿਕਾਰ ਹੈ ਅਤੇ ਇਹੀ ਭਟਕਣਾ ਅਜੋਕੇ ਸਾਮਰਾਜੀ ਅਸਭਿਆਚਾਰ ਦੇ ਸ਼ਿਕਾਰ ਮਨੁੱਖ ਦੀ ਹੋਣੀ ਹੈ।
ਗੁਰਮਤਿ ਇਸ ਧਾਰਨਾ ਵਿਚ ਇਹੀ ਆਤਮਿਕ ਗਿਆਨ ਦੇ ਰਹੀ ਹੈ,
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ॥
ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ॥ (ਪੰਨਾ 672)
ਭਾਵ ਕਾਮ ਵਾਸਨਾ ਵਿਚ ਗ੍ਰਸੇ ਮਰਦ ਕੋਲ ਭਾਵੇਂ ਜਿੰਨੀਆਂ ਮਰਜੀ ਔਰਤਾਂ ਹੋਣ, ਪਰ ਉਸ ਦੀ ਹੋਰ-ਹੋਰ ਪਰਾਈਆਂ ਔਰਤਾਂ ਭੋਗਣ ਦੀ ਭੁਖ ਕਦੇ ਤ੍ਰਿਪਤ ਨਹੀਂ ਹੁੰਦੀ। ਉਹ ਦਿਨ-ਰਾਤ ਕਾਮ ਵਿਚ ਗ੍ਰਸਿਆ ਰਹਿ ਕੇ ਪਛਤਾਉਂਦਾ ਵੀ ਹੈ, ਕਿਉਂਕਿ ਸਰੀਰਕ ਸਮਰਥਾ ਸੀਮਤ ਹੈ, ਪਰ ਫਿਰ ਵੀ ਹੋਰ-ਹੋਰ ਔਰਤਾਂ ਭੋਗਣ ਦੀ ਭਟਕਣਾ ਵਿਚ ਮਰਦਾ ਜਾਂਦਾ ਹੈ।
ਜੇ ਲਖ ਇਸਤਰੀਆਂ ਭੋਗ ਕਰਹਿ ਨਵ ਖੰਡ ਰਾਜ ਕਮਾਹਿ॥
ਬਿਨੁ ਸਤਗੁਰ ਸੁਖ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥ (ਪੰਨਾ 26)
ਭਾਵ ਜੇ ਬੰਦਾ ਲਖ ਔਰਤਾਂ ਨਾਲ ਵੀ ਭੋਗ ਕਰ ਲਵੇ ਤੇ ਸਾਰੀ ਦੁਨੀਆਂ ਉਤੇ ਰਾਜ ਕਮਾ ਲਵੇ ਤਾਂ ਵੀ ਸੱਚੇ ਗੁਰੂ ਦੇ ਆਤਮਿਕ ਗਿਆਨ ਤੋਂ ਬਿਨਾ ਮਨ ਵਿਚੋਂ ਵਾਰ ਵਾਰ ਜੰਮਣ-ਮਰਣ ਦਾ ਭਰਮ ਨਹੀਂ ਮਿਟਦਾ ਤੇ ਇਸ ਕਰਕੇ ਮਨ ਦੀ ਸ਼ਾਂਤੀ ਭਾਵ ਸੁਖ ਨਹੀਂ ਮਿਲ ਸਕਦਾ। ਭਾਵ ਆਪਣੀ ਨਾਸਵੰਤ ਹੋਂਦ ਦੀ ਅਸਲੀਅਤ ਜਾਣੇ ਬਿਨਾ ਬੰਦਾ ਆਪਣੇ ਸੰਤੁਲਿਤ ਸੰਜਮੀ ਸਹਿਜ ਜੀਵਨ ਦਾ ਸੁਖ ਨਹੀਂ ਮਾਣ ਸਕਦਾ।
ਗੁਰੂ ਸਾਹਿਬਾਨ ਨੇ ਇਸ ਕੁਦਰਤੀ ਸੱਚ ਉਤੇ ਜ਼ੋਰ ਦਿਤਾ ਕਿ ਔਰਤ ਮਨੁੱਖੀ ਨਸਲ ਦੀ ਜਨਮਦਾਤੀ ਹੈ। ਔਰਤ ਤੋਂ ਬਿਨਾ ਸਮੁੱਚਾ ਮਨੁੱਖੀ ਜੀਵਨ ਚਿਤਵਿਆ ਵੀ ਨਹੀਂ ਜਾ ਸਕਦਾ, ਪਰ ਮੌਜੂਦਾ ਸਾਮਰਾਜੀ ਰਿਸ਼ਤਿਆਂ ਨੇ ਔਰਤਾਂ ਦੇ ਬੱਚੇ ਜੰਮਣ ਦੀ ਪਵਿਤਰ ਕਿਰਿਆ ਨੂੰ ਵੀ ਪੈਸੇ ਦੀਆਂ ਗਿਣਤੀਆਂ-ਮਿਣਤੀਆਂ ਦੇ ਖਾਰੇ ਸਮੁੰਦਰ ਵਿਚ ਡੋਬ ਦਿਤਾ ਹੈ। ਇਸ ਲਈ ਹੁਣ ਇਹ ਗੱਲ ਧਿਆਨ ਵਿਚ ਰਹਿਣੀ ਚਾਹੀਦੀ ਹੈ ਕਿ ਇਸ ਰਿਸ਼ਤੇ ਦੀ ਖੂਬਸੂਰਤੀ ਮਾਣਨੀ ਓਨਾ ਚਿਰ ਸੰਭਵ ਨਹੀਂ, ਜਿੰਨਾ ਚਿਰ ਪੁਰਸ਼ ਪ੍ਰਧਾਨ ਰਿਸ਼ਤਿਆਂ ਦੀ ਪੁਸ਼ਤਪਨਾਹੀ ਕਰ ਰਿਹਾ ਬ੍ਰਾਹਮਣਵਾਦੀ ਭਰਮਜਾਲ ਅਤੇ ਪੂੰਜੀਵਾਦੀ ਸਾਮਰਾਜੀ ਰਿਸ਼ਤੇ ਖਤਮ ਨਹੀਂ ਹੁੰਦੇ ਅਤੇ ਇਸ ਦੀ ਥਾਂ ਕੁਦਰਤੀ-ਸਮਾਜੀ ਰਿਸ਼ਤਿਆਂ ਉਤੇ ਆਧਾਰਿਤ ਇਕ ਰਾਜਸੀ-ਸਮਾਜੀ ਪ੍ਰਬੰਧ ਭਾਵ ਹਲੇਮੀ ਰਾਜ ਅਤੇ ਬੇਗ਼ਮਪੁਰਾ ਸਮਾਜ ਦੀ ਸਥਾਪਨਾ ਨਹੀਂ ਹੁੰਦੀ।