ਇਤਿਹਾਸਕ ਪ੍ਰਸੰਗ ਵਿਚ ਦਿੱਲੀ ਕਿਸਾਨ ਮੋਰਚਾ

ਪ੍ਰੋ. ਨਿਰਮਲ ਸਿੰਘ ਧਾਰਨੀ
ਫੋਨ: 905-497-1173
26 ਨਵੰਬਰ 2020 ਤੋਂ ਕਿਸਾਨਾਂ ਦਾ ਮੋਰਚਾ ਦਿੱਲੀ ਬਾਰਡਰ ਉੱਤੇ ਚੱਲ ਰਿਹਾ ਹੈ। ਪੰਜਾਬ ਤੋਂ ਸ਼ੁਰੂ ਹੋਇਆ ਇਹ ਮੋਰਚਾ ਹਰਿਆਣਾ ਦੀ ਭਾਈਵਾਲੀ ਨਾਲ ਦਿੱਲੀ ਦੇ ਬਾਹਰ ਟਿਕ ਗਿਆ। ਯੂ. ਪੀ. ਅਤੇ ਉਤਰਾਖੰਡ ਦੇ ਕਿਸਾਨ ਗਾਜ਼ੀਆਬਾਦ ਬਾਰਡ ਉੱਤੇ ਆ ਗਏ। ਸਮਾਂ ਬੀਤਣ ਨਾਲ ਬਾਕੀ ਸੂਬਿਆਂ ਦੇ ਕਿਸਾਨ ਵੀ ਦਿੱਲੀ ਪਹੁੰਚੇ ਅਤੇ ਦਿੱਲੀ ਹਰ ਪਾਸਿਓਂ ਕਿਸਨਾਂ ਨੇ ਘੇਰ ਲਈ। ਮੋਰਚੇ ਦਾ ਮੂਲ ਕਾਰਨ ਤਿੰਨ ਖੇਤੀ ਕਾਨੂੰਨ ਹਨ, ਜਿਹੜੇ ਨਾ ਸਿਰਫ ਕਿਸਾਨਾਂ ਲਈ ਮਾਰੂ ਹਨ, ਸਗੋਂ ਭਾਰਤ ਦੀ ਸਮੁੱਚੀ ਜਨਤਾ ਦੇ ਹਿਤਾਂ ਦੇ ਵੀ ਖਿਲਾਫ ਹਨ। ਕਾਨੂੰਨ ਪਾਸ ਕਰਨ ਸਮੇਂ ਅਖੌਤੀ ਕਿਸਾਨ ਆਗੂਆਂ ਨੇ ਪਾਰਲੀਮੈਂਟ ਵਿਚ ਸਿਰਫ ਹਮਾਇਤ ਹੀ ਨਹੀਂ ਕੀਤੀ, ਸਗੋਂ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨ ਲਈ ਕਾਨੂੰਨਾਂ ਦੇ ਫਾਇਦੇ ਵੀ ਪ੍ਰਚਾਰੇ। ਕਿਸਾਨਾਂ ਅਨੁਸਾਰ ਇਹ ਕਾਨੂੰਨ ਅਨਡੈਮੋਕਰੈਟਿਕ ਤਰੀਕੇ ਨਾਲ ਪਾਸ ਹੋਏ ਹਨ। ਕੋਈ ਵੀ ਸਿਆਣਾ ਬੰਦਾ ਸਮਝ ਸਕਦਾ ਹੈ ਕਿ ਬਿਨਾ ਰੋਕ ਟੋਕ ਖੁੱਲ੍ਹਾ ਅੰਨ ਭੰਡਾਰਣ ਕਿਵੇਂ ਨੁਕਸਾਨਦੇਹ ਹੁੰਦਾ ਹੈ।

ਸਰਕਾਰ ਬਿਨਾ ਕੋਈ ਫਾਇਦਾ ਦੱਸੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦਸਦੀ ਰਹੀ। ਸਰਕਾਰ ਨੇ ਸਰਕਾਰ ਵਾਲਾ ਕੋਈ ਵੀ ਰੋਲ ਅਦਾ ਨਾ ਕੀਤਾ। ਹੁਣ 26 ਜਨਵਰੀ ਤੋਂ ਬਾਅਦ ਸਰਕਾਰ ਨੇ ਗੱਲਬਾਤ ਬੰਦ ਕਰ ਰੱਖੀ ਹੈ, ਕਿਉਂਕਿ ਸਰਕਾਰ ਇਸ ਸਮੇਂ ਸਦਮੇ ਵਿਚ ਆ ਗਈ ਕਿ ਉਸ ਦੀ ਲਾਲ ਕਿਲੇ `ਤੇ ਹਮਲੇ ਵਾਲੀ ਚਾਲ ਵੀ ਅਸਫਲ ਹੋ ਗਈ। ਕਿਸਾਨ ਆਗੂਆਂ ਨੇ ਸਾਂਤ ਰਹਿ ਕੇ ਮੁੜ ਘੋਲ ਸੁਰਜੀਤ ਕਰ ਲਿਆ। ਇਸ ਸਾਂਤੀ ਦੇ ਪਿੱਛੇ ਵੀ ਗੁਰੂ ਕੇ ਬਾਗ, ਜੈਤੋ, ਨਨਕਾਣਾ ਸਾਹਿਬ ਅਤੇ ਚਾਬੀਆਂ ਦੇ ਮੋਰਚੇ ਦੀ ਪ੍ਰੇਰਨਾ ਸੀ। ਇਸ ਗੱਲੋਂ ਕਿਸਾਨ ਆਗੂਆਂ ਦੀ ਸਿਆਣਪ ਅਤੇ ਏਕੇ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਕਿਸਾਨ ਆਗੂਆਂ ਨੂੰ ਹੋਰ ਵੀ ਤਾਕਤ ਮਿਲੀ, ਜਦੋਂ ਉਨ੍ਹਾਂ ਦੇ ਨਾਲ ਖੇਤ ਮਜਦੂਰ, ਆੜ੍ਹਤੀ, ਸ਼ੈਲ ਮਾਲਕ, ਵਕੀਲ, ਜੱਜ, ਵਿਦਿਆਰਥੀ, ਸੰਤ-ਮਹੰਤ, ਬੋਧੀ ਸੰਤ, ਹਿੰਦੂ ਸੰਤ-ਸਭ ਸ਼ਾਮਲ ਹੋ ਗਏ ਅਤੇ ਮੋਰਚਾ ਪਹਿਲਾਂ ਨਾਲੋਂ ਵੀ ਸੁਚੱਜਾ ਤੇ ਸੁਚਾਰੂ ਰੂਪ ਧਾਰਨ ਕਰ ਗਿਆ। ਵਿਦੇਸ਼ੀ ਸਰਕਾਰਾਂ ਨੇ, ਵਿਦੇਸ਼ੀ ਕਿਸਾਨਾਂ, ਕਰਮਚਾਰੀਆਂ ਨੇ ਮੋਰਚੇ ਨੂੰ ਹਮਾਇਤ ਦਿੱਤੀ।
ਕਿਸਾਨ ਹਰ ਉਹ ਸ਼ਖਸ਼ ਹੈ ਜਿਹੜਾ ਖੇਤੀ ਕਰਦਾ ਹੈ, ਡੰਗਰ ਪਾਲਦਾ ਹੈ, ਦਰਖਤਾਂ ਦੀ ਦੇਖ ਭਾਲ ਕਰਦਾ ਹੈ ਅਤੇ ਧਰਤੀ ਨੂੰ ਆਪਣੀ ਮਾਂ ਮੰਨਦਾ ਹੈ। ਕਿਸਾਨੀ ਨਾਲ ਸਬੰਧਿਤ ਜਾਤਾਂ ਵਿਚ ਜੱਟ, ਗੁੱਜਰ, ਅਹੀਰ, ਸੈਣੀ, ਕੰਬੋਜ਼, ਲੁਬਾਣੇ ਆਦਿ ਹਨ। ਰਾਜਪੂਤ ਜੱਟ, ਗੁੱਜਰ ਅਤੇ ਅਹੀਰ ਬਾਹਰੋਂ ਆਏ ਹਨ। ਜੱਟਾਂ ਦਾ ਲੱਗਪਗ ਤਿੰਨ ਹਜਾਰ ਸਾਲ ਪਹਿਲਾਂ ਦਾ ਘਰ ਮੱਧ ਏਸ਼ੀਆ ਹੈ। ਜਿਨ੍ਹਾਂ ਜੱਟਾਂ ਨੇ ਬ੍ਰਾਹਮਣੀ ਸਮਾਜਿਕ ਸ਼ਰਤਾਂ ਮੰਨੀਆਂ, ਉਨ੍ਹਾਂ ਨੂੰ ਰਾਜਪੂਤ ਅਤੇ ਹਿੰਦੂ ਗੁੱਜਰ ਮੰਨ ਲਿਆ ਗਿਆ। ਮੁਢਲਾ ਖਾਸਾ ਇਨ੍ਹਾਂ ਸਾਰਿਆਂ ਦਾ ਇੱਕੋ ਹੀ ਹੈ। ਜੱਟ ਸੁਭਾ ਤੋਂ ਬਹਾਦਰ ਹੈ, ਐਕਸ਼ਨ ਕਰਨ ਵਿਚ ਮੋਹਰੀ ਹੈ, ਅੱਗੇ ਨੂੰ ਤੇਜੀ ਨਾਲ ਤੁਰਦਾ ਹੈ, ਮੌਕੇ ਉੱਤੇ ਸਹੀ ਫੈਸਲੇ ਲੈਣ ਦਾ ਮਾਹਿਰ ਹੈ, ਜਮਾਂਦਰੂ ਰੂਲਰ ਹੈ, ਕਿਸੇ ਉੱਤੇ ਨਿਰਭਰ ਨਹੀਂ ਕਰਦਾ, ਸੈਕੂਲਰ ਹੈ, ਖੁੱਲ੍ਹੇ ਦਿਮਾਗ ਦਾ ਹੈ। ਕੋਈ ਧਾਰਮਿਕ ਕੱਟੜਤਾ ਨਹੀਂ। ਇਸੇ ਲਈ ਜੱਟ ਬੋਧੀ ਹੈ, ਹਿੰਦੂ ਹੈ, ਸਿੱਖ ਹੈ, ਮੁਸਲਿਮ ਹੈ, ਕ੍ਰਿਸਚੀਅਨ ਹੈ, ਜੋਰੋ ਅਸਤਰੀਅਨ ਹੈ। ਜੱਟ ਭੂਗੋਲਿਕ ਖਿੱਤਿਆਂ ਦੀਆਂ ਵੱਖੋ ਵੱਖਰੀਆਂ ਬੋਲੀਆਂ ਵਿਚ ਥੋੜ੍ਹੇ ਬਹੁਤੇ ਫਰਕ ਨਾਲ ਜੱਟ-ਨਾਂ ਦਿੱਤੇ ਗਏ ਹਨ। ਆਜਰਬਾਈਜਾਨ, ਉਜਬੇਕਸਤਾਨ, ਸੈਂਟਰਲ ਏਸ਼ੀਆ-ਦੋ ਹੋਰ ਹਿੱਸਿਆਂ ਵਿਚ ਜਟਾਨ, ਸਵੀਡਨ ਵਿਚ ਗੋਟਸ, ਜਰਮਨੀ ਵਿਚ ਗੋਟਾਸ, ਤੁਰਕੀ ਅਤੇ ਮਿਸਰ ਵਿਚ ਜੱਟ, ਅਰੇਬੀਆ ਵਿਚ ਜੌਟਸ, ਜੱਟ ਪੰਜਾਬ, ਜਾਟ ਹਰਿਆਣਾ ਅਤੇ ਯੂ. ਪੀ., ਰਾਜਸਥਾਨ ਵਿਚ ਜੀਟ ਕਿਹਾ ਗਿਆ। ਇਸ ਤੋਂ ਬਿਨਾ ਜੱਟ ਗੁਜਰਾਤ, ਕਠੀਆਵਾੜ, ਉਜੈਨ ਅਤੇ ਮਥਰਾ ਦੇ ਇਲਾਕਿਆਂ ਵਿਚ ਵਸਦੇ ਹਨ। ਸਿਵੀਆ ਜੱਟ ਸਪੇਨ ਤੋਂ ਹੋ ਕੇ ਮਿਸਰ ਗਏ ਅਤੇ ਭਾਰਤ ਵਿਚ ਕਾਵੇਰੀ ਦੇ ਇਲਾਕੇ ਵਿਚ ਵਸੇ। ਧਾਰਨ ਜੱਟ ਬੰਗਾਲ ਅਤੇ ਮਾਲਵਾ ਵਿਚ ਵਸੇ। ਤਾਮਿਲਨਾਡੂ ਦੇ ਦੱਖਣੀ ਭਾਗ ਵੀ ਜੱਟ ਵਸੇ। ਉਹ ਮਾਨ ਜੱਟ ਸਨ।
ਇਤਿਹਾਸਕਾਰਾਂ ਨੇ ਜੱਟਾਂ ਨੂੰ ਧਰਤੀ ਦੇ ਸਭ ਤੋਂ ਪਹਿਲੇ ਬਾਦਸ਼ਾਹ ਮੰਨਿਆ ਹੈ। ਇੱਥੋਂ ਤੱਕ ਕਿ ਕੰਗ ਜੱਟਾਂ ਨੇ 700 ਬੀ. ਸੀ. ਵਿਚ ਮੱਧ ਏਸ਼ੀਆ ਵਿਚ ਖੂਹ ਲਗਵਾਏ ਅਤੇ ਨਹਿਰਾਂ ਖੁਦਵਾਈਆਂ। ਜੱਟਾਂ ਦੀ ਹਕੂਮਤ ਡੈਮੋਕਰੈਟਿਕ ਫਾਰਮ ਦੀ ਸੀ। ਹਰ ਕਬੀਲੇ ਦਾ ਮੁਖੀਆ ਹੁੰਦਾ ਸੀ। ਸਾਰੇ ਮੁਖੀਏ ਮਿਲ ਕੇ ਆਪਣਾ ਇੱਕ ਮੁਖੀ ਮੁਖੀਆ ਚੁਣ ਲੈਂਦੇ ਸਨ। ਸਾਰੇ ਜਣੇ ਮਿਲ ਕੇ ਫੈਸਲੇ ਕਰਦੇ ਸਨ। ਮਨਮਾਨੀ ਕਰਨ ਦਾ ਅਧਿਕਾਰ ਕਿਸੇ ਮੁਖੀਏ ਨੂੰ ਵੀ ਨਹੀਂ ਸੀ ਹੁੰਦਾ। ਜਨਰਲ ਅਸੈਂਬਲੀ ਨੂੰ ਓਰਦੂ ਕਹਿੰਦੇ ਸਨ, ਜਿਸ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹੁੰਦੇ ਸਨ। ਇਸ ਦੀਆਂ ਸਾਲ ਵਿਚ ਤਿੰਨ ਮੀਟਿੰਗਾਂ ਹੁੰਦੀਆਂ ਸਨ। ਮੁਖੀਏ ਦਾ ਉੱਤਰ ਅਧਿਕਾਰੀ ਸਮੁੱਚੇ ਕਬੀਲੇ ਦਾ ਯੋਗ ਬੰਦਾ ਹੀ ਬਣ ਸਕਦਾ ਸੀ।
ਜੱਟ ਦੀ ਸਭ ਤੋਂ ਪਹਿਲੀ ਖੂਬੀ ਜੰਗਜੂ ਹੋਣਾ ਹੈ। ਪਾਣਨੀ ਨੇ ਜੱਟਾਂ ਨੂੰ ਯੁੱਧਜੀਵੀ ਕਿਹਾ ਸੀ। ਇਸੇ ਕਾਰਨ ਜਦੋਂ ਤੋਂ ਜੱਟ ਭਾਰਤ ਵਿਚ ਆਏ, ਉਨ੍ਹਾਂ ਨੇ ਭਾਰਤ ਦੀ ਰਾਖੀ ਤਨੋਂ, ਮਨੋਂ, ਧਨੋਂ ਅਤੇ ਜੀਅ ਜਾਨ ਨਾਲ ਕੀਤੀ। ਖੈਬਰ ਪਾਸ ਦੇ ਲਾਗੇ ਜੌਹਲ ਜੱਟਾਂ ਨੇ ਦਿੱਲੀ ਦੇ ਲਾਲ ਕਿਲੇ ਵਰਗਾ ਕਿਲਾ ਬਣਾਇਆ। ਕਿਕਾ ਨਾਨ ਦੇ ਜੱਟਾਂ ਨੇ ਬੋਲਾਨ ਪਾਸ ਦੀ ਰਾਖੀ ਕੀਤੀ ਸੀ, ਸਿਕੰਦਰ ਨੂੰ ਜੱਟਾਂ ਨੇ ਸਮਰਕੰਦ ਵਿਚ ਹਰਾਇਆ। ਸਿਕੰਦਰ ਦੇ ਆਪਣੇ ਸਿਪਾਹੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਤੁਸੀਂ ਭੇਡਾਂ ਚਾਰਦੇ ਸੀ, ਥਰੇਜੀਅਨ ਜੱਟਾਂ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ। ਮੇਰੇ ਪਿਤਾ ਨੇ ਤੁਹਾਨੂੰ ਜੰਗਜੂ ਬਣਾ ਕੇ ਜੱਟਾਂ ਦੇ ਬਰਾਬਰ ਕੀਤਾ। ਤਿਮਰਲੰਗ ਦਾ ਆਪਣਾ ਬਿਆਨ ਹੈ ਕਿ ਜਦੋਂ ਮੈਂ ਜੱਟਾਂ ਦੇ ਸਾਹਮਣੇ ਆਇਆ ਤਾਂ ਮੇਰੇ ਕੋਲ ਅਰਦਾਸ ਤੋਂ ਬਿਨਾ ਕੋਈ ਚਾਰਾ ਨਹੀਂ ਸੀ। ਸਮਰਕੰਦ ਦੇ ਮੁੱਖ ਮੁੱਲਾਂ ਦੀ ਅਰਦਾਸ ਸੁਣੀ ਗਈ ਅਤੇ ਜੱਟਾਂ ਦੇ ਘੋੜਿਆਂ ਨੂੰ ਬੀਮਾਰੀ ਪੈ ਗਈ। ਘੋੜੇ ਤੋਂ ਬਿਨਾ ਜੱਟ ਦੀ ਸੂਰਮਗਤੀ ਕਿਸੇ ਕੰਮ ਦੀ ਨਹੀਂ। ਜੱਟ ਆਪਣਾ ਸਮਾਨ ਵੀ ਆਪ ਚੁੱਕ ਕੇ ਲੈ ਕੇ ਗਏ।
ਸਪੇਨ ਦੇ ਜੱਟ ਰਾਜੇ ਦਾ ਪੋਤਾ ਫੱਟੜ ਹੋਇਆ, ਆਪਣੇ ਜ਼ਖਮਾਂ ਨੂੰ ਸਲਾਹੁੰਦਾ ਹੋਇਆ ਕਹਿੰਦੈ, “ਪਤੈ ਮੈਂ ਕੌਣ ਹਾਂ। ਮੇਰੀ ਜਾਤ ਦੇ ਸਾਹਮਣੇ ਸਿਕੰਦਰ ਆਉਣ ਤੋਂ ਬਚਦਾ ਸੀ। ਗਰੀਕ ਦਾ ਰਾਜਾ ਤ੍ਰੈਹਿੰਦਾ ਸੀ ਅਤੇ ਸੀਜ਼ਰ ਕੰਬਦਾ ਸੀ। ਇਸੇ ਜੰਗਜੂ ਸ਼ੁਭਾ ਕਾਰਨ ਜੱਟਾਂ ਨੇ ਸੋਮਨਾਥ ਦਾ ਮੰਦਿਰ ਲੁੱਟ ਕੇ ਮੁੜੇ ਗਜ਼ਨਵੀ ਨੂੰ ਲੁੱਟਿਆ। ਮੁਹੰਮਦ ਗੌਰੀ ਜਦੋਂ ਪ੍ਰਿਥਵੀ ਰਾਜ ਚੁਹਾਨ ਨੂੰ ਹਰਾ ਕੇ ਮੁੜਿਆ ਤਾਂ ਹਾਂਸੀ ਦੇ ਸਥਾਨ ਤੋਂ ਜੱਟਾਂ ਨੇ ਭਜਾਇਆ। ਭਰਤਪੁਰ, ਧੌਲਪੁਰ ਅਤੇ ਡੀਗ ਦੇ ਰਾਜਿਆਂ ਨੇ ਭਾਰਤ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਜਮਨਾ ਦਰਿਆ ਤੋਂ ਲੈ ਕੇ ਸਤਲੁਜ ਤੱਕ ਦੇ ਜੱਟ ਰਾਜਿਆਂ ਨੇ, ਸਿੱਖ ਮਿਸਲਾਂ ਨੇ ਲਾਮਿਸਾਲ ਕੁਰਬਾਨੀਆਂ ਕਰਕੇ ਸ਼ਹੀਦੀਆਂ ਦੇ ਕੇ ਅਬਦਾਲੀ ਨੂੰ ਨੱਥ ਪਾਈ। ਮਹਾਰਾਜਾ ਰਣਜੀਤ ਸਿੰਘ ਵੀ ਜੱਟ ਰਾਜਾ ਸੀ, ਜਿਸ ਨੇ ਸਾਰੇ ਪੰਜਾਬ ਨੂੰ ਇੱਕ ਕਰਕੇ ਸਾਮਰਾਜ ਕਾਇਮ ਕੀਤਾ, ਜਿਸ ਦੇ ‘ਹਲੇਮੀ ਰਾਜ’ ਦੀ ਮਿਸਾਲ ਅੱਜ ਦੁਨੀਆਂ ਤੇ ਨਹੀਂ ਮਿਲਦੀ। ਪੰਜਾਬ ਭਾਰਤ ਦੀ ਖੜਗ ਭੁਜਾ ਬਣ ਗਿਆ।
ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜੱਟਾਂ ਨੂੰ ਸਦਾ ਬਾਹਰਲੇ ਕਿਹਾ ਗਿਆ। ਇਨ੍ਹਾਂ ਜੱਟਾਂ ਦੇ ਜਿਹੜੇ ਕਬੀਲੇ ਭਾਰਤ ਵਿਚ ਆਏ, ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ ਗਿਆ। ਜੱਟ ਰਾਜਿਆਂ ਨੂੰ ਇਤਿਹਾਸ ਵਿਚੋਂ ਮਨਫੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਇਹ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ। ਸਿਰਫ ਤੌਰ ਤਰੀਕਾ ਹੀ ਬਦਲਿਆ ਹੈ। ਮੁਦਰਾ ਰਾਖਸ਼ਸ਼ ਵਿਚ ਚੰਦਰਗੁਪਤ ਮੌਰੀਆ ਨੂੰ ਵਰੀਸ਼ਾਲਜ਼ ਕਿਹਾ ਗਿਆ। ਪਤਾਂਜਲੀ ਨੇ ਕਿਹਾ, ਵਰੀਸ਼ਾਲਜ਼ ਅਨੈਤਿਕ ਹਨ। ਮਹਾਂਭਾਸ਼ ਵਿਚ ਪਤਾਂਜਲੀ ਨੇ ਵਰੀਸ਼ਾਲਜ਼ ਨੂੰ ਖਤਮ ਕਰਨ ਦੀ ਪੁਕਾਰ ਦਿੱਤੀ। ‘ਮੌਰੀਯਾ’ ਜੱਟ ਰਾਜਾ ਬਰੀਹਦਰਥ ਨੂੰ ਉਸ ਦੇ ਸੈਨਾਪਤੀ ਪੁਸਪਾਮਿੱਤਰ ਸ਼ੁੰਗ ਨੇ ਕਤਲ ਕੀਤਾ। ਮਾਰਕੰਡੇ ਪੁਰਾਣ, ਵਾਯੂ ਪੁਰਾਣ ਅਤੇ ਅਸ਼ਟ ਅਧਿਆਇ ਵਿਚ ਜੱਟਾਂ ਲਈ ਅਸੁਰ, ਸੂਦਰ ਅਤੇ ਮਲੇਸ਼ ਸ਼ਬਦ ਵਰਤੇ ਗਏ। ਜੱਟਾਂ ਦੀਆਂ ਪ੍ਰਾਪਤੀਆਂ, ਗਤੀਵਿਧੀਆਂ ਅਤੇ ਮੁਹਿੰਮਾਂ ਨੂੰ ਸੰਸਾਰ ਤੋਂ ਲੁਕੋਇਆ ਗਿਆ। ਇਹ ਜੱਟਾਂ ਤੋਂ ਇਤਿਹਾਸਕ ਬਦਲਾ ਹੈ। ਜੱਟ ਸ਼ਬਦ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ ਗਈ, ਪਰ ਇਨ੍ਹਾਂ ਸਖਤਜਾਨ, ਬਹਾਦਰ ਅਤੇ ਸਾਦੇ ਜੱਟਾਂ ਨੇ ਨਾ ਸਿਰਫ ਆਪਣੇ ਆਪ ਨੂੰ, ਸਗੋਂ ਆਪਣੇ ਨਾਂ ਅਤੇ ਜਾਤਾਂ ਨੂੰ 3000 ਸਾਲ ਤੋਂ ਜਿੰਦਾ ਰੱਖਿਆ।
ਜੱਟ ਅੱਜ ਵੀ ਆਪਣੇ ਮੁੱਖ ਕੰਮ ਖੇਤੀਬਾੜੀ, ਪਸ਼ੂ ਪਾਲਣ ਕਰ ਰਹੇ ਹਨ ਅਤੇ ਦੇਸ਼ ਦੀ ਰਾਖੀ ਵਚਨਬਧਤਾ ਨਾਲ ਨਿਭਾ ਰਹੇ ਹਨ, ਪਰ ਜਿਨ੍ਹਾਂ ਦੇ ਹੱਥ ਰਾਜ ਆ ਗਿਆ ਹੈ, ਉਹ ਰਾਜ ਦਾ ਧਰਮ ਭੁਲ ਚੁਕੇ ਹਨ:
ਆਦਮੀਆਂ ਦੀ ਸੂਰਤ ਦਿਸਦੇ ਰਾਖਸ਼ ਆਦਮਖੋਰੇ
ਜਾਲਮ ਚੋਰ ਪਲੀਤ ਜਨਾਹੀ ਖੌਫ ਖੁਦਾਓਂ ਕੋਰੇ।
ਇਨ੍ਹਾਂ ਗੁਣਾ (ਔਗੁਣਾ) ਕਾਰਨ ਹੀ ਅੱਜ ਦੇ ਖੇਤੀ ਕਾਨੂੰਨ ਜੱਟਾਂ ਉੱਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਕੈਤ ਕੋ ਖਾਈ’ ਵਾਲੀ ਗੱਲ ਹੈ। ਇਨ੍ਹਾਂ ਕਾਨੂੰਨਾਂ ਨਾਲ ਹਰ ਕਿਸਾਨ ਨੂੰ ਮਾਰਨ ਤੇ ਉਜਾੜਨ ਦੀ ਅਤੇ ਹੋਰ ਕਰੋੜਾਂ ਲੋਕਾਂ ਨੂੰ ਭੁੱਖ ਨਾਲ ਮਾਰਨ ਦੀ ਸਾਜਿਸ਼ ਨੰਗੀ ਹੋਈ ਹੈ। ਇੱਥੇ ਇਹ ਵੀ ਦੱਸ ਦੇਣਾ ਠੀਕ ਰਹੇਗਾ ਕਿ ਪੰਜਾਬ ਦਾ ਜੱਟ ਰਾਜਾ ਤਾਂ ਭੁੱਖੇ ਅਤੇ ਬੁੱਢੇ ਮੋਚੀ ਦੇ ਘਰ ਦਾਣਿਆਂ ਦੀ ਪੰਡ ਆਪ ਚੁੱਕ ਕੇ ਸੁੱਟ ਕੇ ਆਇਆ ਸੀ। ਉਸ ਦੇ ਰਾਜ ਵਿਚ 40 ਸਾਲ ਕਿਸੇ ਚੀਜ਼ ਦਾ ਭਾਅ ਨਹੀਂ ਸੀ ਵਧਿਆ। ਉਸ ਦੇ ਰਾਜ ਦੀ ਕਾਨੂੰਨ ਵਿਵਸਥਾ ਬਾਰੇ ਕਵੀ ਸਾਵਣ ਯਾਰ ਲਿਖਦੈ,
ਸਾਵਣ ਯਾਰ ਕੁਆਰੀਆਂ ਰਾਹ ਤੁਰੀਆਂ
ਨਹੀਂ ਬੱਕਰੀ ਖੌਫ ਪਲੰਗ ਦਾ ਏ।
ਕੇਂਦਰ ਸਰਕਾਰ ਨੂੰ ਆਪਣੇ ਕੰਮ ਕਰਨ ਦਾ ਢੰਗ ਅਤੇ ਜੱਟਾਂ ਦਾ ਇਤਿਹਾਸ ਜਰੂਰ ਸਮਝ ਲੈਣਾ ਚਾਹੀਦਾ ਹੈ। ਜੱਟਾਂ ਦੇ ਦੋ ਕਬੀਲਿਆਂ ਨੇ ਰੋਮਨ ਅੰਪਾਇਰ `ਤੇ ਹਮਲਾ ਕੀਤਾ। ਲੜਾਈ 485 ਤੋਂ 557 ਈ. ਤੱਕ 72 ਸਾਲ ਚੱਲੀ ਸੀ। ਭਾਰਤ ਦੇ ਸਾਰੇ ਕਿਸਾਨਾਂ ਦੀ ਜਾਤ ਇੱਕ ਹੈ। 1965 ਦੀ ਲੜਾਈ ਇੱਕ ਜੱਟ ਜਰਨੈਲ ਹਰਬਖਸ਼ ਸਿੰਘ ਨੇ ਆਪਣੇ ਕਮਾਂਡਰ-ਇਨ-ਚੀਫ ਦੀ ਹੁਕਮ ਅਦੂਲੀ ਕਰਕੇ ਜਿੱਤੀ ਸੀ। ਭਾਰਤ ਦੀ ਆਜ਼ਾਦੀ ਵਿਚ ਮੁੱਖ ਰੋਲ ਜੱਟਾਂ ਦਾ ਹੈ। ਅਜੇ ਕੱਲ੍ਹ ਦੀ ਗੱਲ ਹੈ, ਚੀਨ ਦੇ ਬਾਰਡਰ ਉੱਤੇ ਇੱਕ ਅਠਾਰਾਂ ਸਾਲ ਦੇ ਜੱਟ ਗੱਭਰੂ ਨੇ ਕਿੰਨੇ ਚੀਨੀ ਮਾਰੇ ਸਨ, ਇਹ ਸਰਕਾਰ ਨੂੰ ਪਤਾ ਹੀ ਹੋਵੇਗਾ। ਗੱਲ ਕੇਂਦਰ ਸਰਕਾਰ ਭਾਰਤ ਦੀ ਅਖੰਡਤਾ ਦੀ ਕਰ ਰਹੀ ਹੈ, ਪਰ ਅੰਦੋਲਨ ਸਮਾਪਤ ਕਰਨ ਲਈ ਖਾਲਿਸਤਾਨ ਦਾ ਹਊਆ ਲੋਕਾਂ ਅੱਗੇ ਖੜ੍ਹਾ ਕਰਨ ਦੀ ਕੋਸ਼ਿਸ਼ ਵਿਚ ਹੈ। ਕੇਂਦਰ ਸਰਕਾਰ ਦਾ ਰਵੱਈਆ ਦੇਸ਼ ਤੋੜਨ ਵੱਲ ਜਾ ਰਿਹਾ ਹੈ। ਗੱਲ ਹੁਣ ਕਿਤੇ ਜੱਟ-ਲੈਂਡ ਦੀ ਨਾ ਚੱਲ ਪਵੇ। ਫੇਰ ਕਸੂਰ ਤਾਂ ਕੇਂਦਰ ਦਾ ਹੋਵੇਗਾ। ਸੌਖਾ ਤੇ ਵਧੀਆ ਹੱਲ ਹੈ, ਤਿੰਨੇ ਕਾਨੂੰਨ ਵਾਪਸ ਲੈਣੇ, ਐਮ. ਐਸ. ਪੀ. ਦੀ ਗਾਰੰਟੀ ਦੇਣੀ ਅਤੇ ਰਾਜਾਂ ਦੇ ਅਧਿਕਾਰਾਂ ਵਿਚ ਦਖਲ ਦੇਣ ਦੀ ਗਲਤੀ ਮੰਨਣੀ। ਆਸ ਹੈ, ਸੁਮੱਤ ਆਵੇਗੀ; ਇਹ ਆਖੰਡ ਭਾਰਤ ਦੇ ਹਿਤ ਵਿਚ ਹੋਵੇਗਾ।
ਕਿਸਾਨ ਆਗੂਆਂ ਨੂੰ ਇਹ ਲੜਾਈ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਸਮੁੱਚੇ ਭਾਰਤ ਦੇਸ਼ ਦੇ ਦੱਬੇ ਕੁਚਲੇ ਲੋਕਾਂ ਲਈ ਲੜਨੀ ਪੈਣੀ ਹੈ, ਨਹੀਂ ਤਾਂ ਭੁੱਖਮਰੀ ਅਤੇ ਕਾਲ ਸਾਹਮਣੇ ਖੜ੍ਹੇ ਹਨ। ਉਸ ਹਾਲਤ ਵਿਚ ਅੱਜ ਦੇ ਹਾਕਮਾਂ ਨੂੰ, ਜੋ ਉਨ੍ਹਾਂ ਦਾ ਟੀਚਾ ਹੈ, ਭਾਰਤ ਦੇ ਸੰਵਿਧਾਨ ਨੂੰ ਰੱਦ ਕਰਕੇ ਉਸ ਦੀ ਥਾਂ ਮੰਨੂੰ ਸਿਮਰਤੀ ਅਨੁਸਾਰ ਸੰਵਿਧਾਨ ਬਣਾਉਣ ਵਿਚ ਕੋਈ ਔਕੜ ਨਹੀਂ ਆਵੇਗੀ ਅਤੇ ਸਾਡਾ ਦੇਸ਼ 2000 ਸਾਲ ਪਿੱਛੇ ਪੈ ਜਾਵੇਗਾ।