ਸ਼ਾਹ ਮੁਹੰਮਦਾ ਇੱਕ ਸਰਕਾਰ (ਸਰਦਾਰ) ਬਾਝੋਂ…

ਮੋਦੀ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਜੂਝ ਰਹੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਬੈਠਿਆਂ ਨੂੰ 100 ਤੋਂ ਉਪਰ ਦਿਨ ਹੋ ਗਏ ਹਨ ਪਰ ਸਰਕਾਰ ਅਜੇ ਤੱਕ ਕਾਨੂੰਨ ਰੱਦ ਨਾ ਕਰਨ ਲਈ ਅੜੀ ਹੋਈ ਹੈ। ਹੁਣ ਤਾਂ ਤਕਰੀਬਨ ਡੇਢ ਮਹੀਨੇ ਤੋਂ ਸਰਕਾਰ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਵਿਚਕਾਰ ਗੱਲਬਾਤ ਵੀ ਠੱਪ ਪਈ ਹੈ।

ਸ. ਸੰਪੂਰਨ ਸਿੰਘ ਨੇ ਇਸ ਕਿਸਾਨ ਘੋਲ ਬਾਰੇ ਇਸ ਲੇਖ ਵਿਚ ਇਕ ਵੱਖਰੇ ਕੋਣ ਤੋਂ ਆਪਣੀ ਗੱਲ ਰੱਖਣ ਦਾ ਯਤਨ ਕੀਤਾ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। -ਸੰਪਾਦਕ

ਸੰਪੂਰਨ ਸਿੰਘ
ਹਿਊਸਟਨ (ਟੈਕਸਸ)
ਫੋਨ: 281-635-7466

ਪਿਛਲੇ ਡੇਢ ਸੌ ਸਾਲ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸ਼ਪਸਟ ਹੁੰਦਾ ਹੈ ਜਿਵੇਂ ਸ਼ਾਹ ਮੁਹੰਮਦ ਦੀਆਂ ਇਹ ਸਤਰਾਂ ਸੱਚਮੁਚ ਹੀ ਸਿੱਖਾਂ ਦੀ ਤਕਦੀਰ ਬਣ ਗਈਆਂ ਹਨ ਪਰ ਮੈਂ ਜਾਣਬੁੱਝ ਕੇ ਇਸ ਸਤਰ ਨੂੰ ਅਧੂਰਾ ਲਿਖਿਆ ਹੈ, ਇਸ ਆਸ ਨਾਲ ਕਿ ਇਤਿਹਾਸ ਨਵਾਂ ਮੋੜ ਲਵੇਗਾ।
ਗੱਲ ਭਾਵੇਂ 1947 ਤੋਂ ਪਹਿਲਾਂ ਦੀ ਕਰੀਏ, ਜਦੋਂ ਸਾਡਾ ਭਵਿੱਖ ਭਾਰਤ ਨਾਲ ਜੋੜਿਆ ਗਿਆ, ਪੰਜਾਬੀ ਸੂਬੇ ਦੀ ਜਦੋ-ਜਹਿਦ, ਧਰਮ ਯੁਧ ਮੋਰਚਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਹ ਵਿਚ ਹੋਏ ਸਰਬੱਤ ਖਾਲਸਾ ਦੀ ਜਾਂ ਬਰਗਾੜੀ ਦੇ ਲੰਮੇ ਮੋਰਚੇ ਦੀ; ਇਕ ਗੱਲ ਸਾਫ ਹੈ ਕਿ ਸਾਡੇ ਆਗੂਆਂ ਦੀ ਪੁਕਾਰ ਜਾਂ ਵੰਗਾਰ ਨੂੰ ਸਿੱਖ ਕੌਮ ਭਰਪੂਰ ਹੁੰਗਾਰਾ ਭਰਦੀ ਹੈ, ਪਰ ਹੋਏ ਜਾਂ ਕੀਤੇ ਜਾਂਦੇ ਕਿਸੇ ਵੀ ਸੰਘਰਸ਼ ਦੀ ਸਫਲਤਾ ਜਾਂ ਅਸਫਲਤਾ, ਹੋਈਆਂ ਪ੍ਰਾਪਤੀਆਂ `ਤੇ ਨਿਰਭਰ ਹੁੰਦੀ ਹੈ। ਹਰ ਫੈਸਲੇ ਦੀ ਘੜੀ ਵਿਚ ਸਾਡੀ ਲੀਡਰਸਿ਼ਪ, ਦ੍ਰਿੜ ਸੰਕਲਪ ਅਤੇ ਦੂਰ ਅੰਦੇਸ਼ੀ ਦੀ ਘਾਟ ਕਾਰਨ ਅਯੋਗ ਸਾਬਤ ਹੁੰਦੀ ਰਹੀ ਹੈ।
ਅਜੋਕਾ ਕਿਸਾਨੀ ਸੰਘਰਸ਼ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਸ਼ਾਂਤਮਈ ਸੰਘਰਸ਼ ਜਾਂ ਅੰਦੋਲਨ ਹੈ। ਲੋਕਾਂ ਦਾ ਹੁੰਗਾਰਾ ਕਿਸੇ ਦੀ ਵੀ ਆਮ ਉਮੀਦ ਤੋਂ ਵੱਧ ਹੈ, ਲੀਡਰਸਿ਼ਪ ਦੇ ਆਦੇਸ਼ਾਂ ਦੀ ਪਾਲਣਾ ਬੜੀ ਸੰਜੀਦਗੀ ਤੇ ਜਿ਼ੰਮੇਵਾਰੀ ਨਾਲ ਕੀਤੀ ਗਈ। 26 ਜਨਵਰੀ 2021 ਦਾ ਦਿੱਲੀ ਮਾਰਚ, ਮੰਜਿ਼ਲ ਦੀ ਪ੍ਰਾਪਤੀ ਵੱਲ ਜ਼ੋਰਦਾਰ ਹੰਭਲਾ ਸੀ, ਬੜੀਆਂ ਉਮੀਦਾਂ ਸਨ ਪਰ ਕਈ ਕਦਮ ਪਿੱਛੇ ਪਰਤਣਾ ਪਿਆ। ਲੋਕਾਂ ਦਾ ਹੜ੍ਹ ਇਸ ਉਮੀਦ ਨਾਲ ਉਠਿਆ ਸੀ ਕਿ ਸਾਡੇ ਇਕ ਸ਼ਕਤੀ ਪ੍ਰਦਰਸ਼ਨ ਨਾਲ ਸਾਡੇ ਆਗੂਆਂ ਦੇ ਹੱਥ ਸਰਕਾਰ ਦੇ ਗਲਮੇ ਤੱਕ ਪਹੁੰਚਣਗੇ ਪਰ ਲੀਡਰਸਿ਼ਪ ਸਰਕਾਰ ਦੇ ਫਰੇਬ ਨੂੰ ਸਮਝਣ ਵਿਚ ਅਸਫਲ ਰਹੀ ਅਤੇ ਖੁਦ ਹੀ ਸਰਕਾਰ ਦੇ ਜਾਲ ਵਿਚ ਫਸ ਗਈ। ਲੀਡਰਸਿ਼ਪ ਇੰਨੀ ਬੁਖਲਾਹਟ ਵਿਚ ਸੀ ਕਿ ਉਹ ਸਰਕਾਰ ਦੇ ਫਰੇਬਾਂ ਨੂੰ ਸਮਝਣ ਦੀ ਥਾਂ ਆਪਣਿਆਂ ਨੂੰ ਹੀ ਗੁਨਹਗਾਰ ਦੇਖਣ ਅਤੇ ਕਹਿਣ ਲੱਗ ਪਈ। ਉਸ ਦਿਨ ਦੇ ਸਾਰੇ ਘਟਨਾਕ੍ਰਮ ਨੂੰ ਸਰਕਾਰੀ ਮੀਡੀਆ ਰਾਹੀਂ ਇੰਨਾ ਨਾਂਹ ਪੱਖੀ ਪ੍ਰਚਾਰਿਆ ਤੇ ਪ੍ਰਸਾਰਿਆ ਗਿਆ ਕਿ ਇੰਜ ਲੱਗਣ ਲੱਗ ਪਿਆ, ਜਿਵੇਂ ਸਰਕਾਰੀ ਪ੍ਰਚਾਰ ਦੇ ਤੀਰਾਂ ਨੂੰ ਪੂਰੀ ਕਿਸਾਨੀ ਲੀਡਰਸਿ਼ਪ ਨੂੰ ਬੇਵਸ ਕਰ ਦਿੱਤਾ। ਰਾਕੇਸ਼ ਟਿਕੈਤ ਦੇ ਹੰਝੂ ਉਸ ਦੀ ਬੇਵਸੀ ਦਾ ਪ੍ਰਤੱਖ ਸਬੂਤ ਸੀ। ਕੁਦਰਤ ਦਾ ਕ੍ਰਿਸ਼ਮਾ ਵਾਪਰਿਆ ਕਿ ਟਿਕੈਤ ਦੇ ਹੰਝੂ ਮਰ ਰਹੇ ਕਿਸਾਨੀ ਸੰਘਰਸ਼ ਲਈ ਜੀਵਨਦਾਨ ਸਾਬਤ ਹੋਏ।
ਕਈ ਸੁਹਿਰਦ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਸਮਾਂ ਲੀਡਰਸਿ਼ਪ ਦੀਆਂ ਕਮੀਆਂ ਉਛਾਲਣ ਦਾ ਨਹੀਂ ਸਗੋਂ ਹਰ ਤਰ੍ਹਾਂ ਉਨ੍ਹਾਂ ਦੀਆ ਮਜ਼ਬੂਤ ਬਾਹਾਂ ਬਣਨ ਦਾ ਹੈ ਪਰ ਨੁਕਤਾਚੀਨੀ ਦਾ ਮਤਲਬ ਸਿਰਫ ਕਮੀਆਂ ਨੂੰ ਉਛਾਲਣਾ ਹੀ ਨਹੀਂ ਹੁੰਦਾ ਸਗੋਂ ਬੜੀ ਜਿ਼ੰਮੇਵਾਰੀ ਤੇ ਸੁਹਿਰਦਤਾ ਨਾਲ ਉਨ੍ਹਾਂ ਤਰੁਟੀਆਂ ਵੱਲ ਇਸ਼ਾਰਾ ਕਰਨਾ ਹੁੰਦਾ ਹੈ ਜਿਸ ਦੀ ਰੋਸ਼ਨੀ ਵਿਚ ਸਪਸ਼ਟ ਦਿਸ਼ਾ-ਨਿਰਦੇਸ਼ਾਂ ਤਹਿਤ ਵੱਧ ਸੰਭਲ ਕੇ ਚੱਲਿਆ ਜਾਵੇ।
ਸਭ ਤੋਂ ਪਹਿਲਾ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਅੰਦੋਲਨ ਦਾ ਜਨਮ ਕਿਸ ਮਾਨਸਿਕਤਾ ਦੀ ਉਪਜ ਹੈ। ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੇ ਬੜੀ ਸਿ਼ੱਦਤ ਨਾਲ ਮਹਿਸੂਸ ਕੀਤਾ ਕਿ ਇਹ ਕਾਨੂੰਨ ਉਨ੍ਹਾਂ ਲਈ ਕਿਵੇਂ ਅਤੇ ਕਿਉਂ ਮਾਰੂ ਹਨ? ਉਨ੍ਹਾਂ ਨੇ ਆਪਣੀ ਹੋਂਦ ਅਤੇ ਸਲਾਮਤੀ ਨੂੰ ਖਤਰੇ ਵਿਚ ਆਉਂਦਾ ਅਨੁਭਵ ਕੀਤਾ। ਪੰਜਾਬ ਦੀ ਖੇਤੀਬਾੜੀ ਸਿੱਧੇ ਤੌਰ `ਤੇ ਸਿੱਖਾਂ ਨਾਲ ਜੁੜੀ ਹੈ। ਪੰਜਾਬ ਦੇ ਸਿੱਖਾਂ ਨੇ 1947 ਅਤੇ ਉਸ ਤੋਂ ਬਾਅਦ ਵਾਪਰੇ ਕਈ ਘਟਨਾਕ੍ਰਮਾਂ ਦੀ ਰੋਸ਼ਨੀ ਵਿਚ ਕਿਤੇ ਨਾ ਕਿਤੇ ਆਪਣੀ ਸਲਾਮਤੀ ਦੇ ਖਤਰੇ ਨੂੰ ਅਨੁਭਵ ਜ਼ਰੂਰ ਕੀਤਾ ਹੈ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਵੇ, ਲੋਕਾਂ ਨੂੰ ਇਹ ਵੀ ਅਨੁਭਵ ਹੋ ਚੁਕਾ ਹੈ ਕਿ ਪੰਜਾਬ, ਖਾਸ ਕਰ ਕੇ ਸਿੱਖਾਂ ਦੇ ਸਬੰਧ ਵਿਚ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਡਿਆ ਹਰ ਪੱਤਾ, ਅਗਾਂਹ ਬਣਨ ਵਾਲੀ ਉਸ ਧਿਰ ਦੀ ਸਰਕਾਰ ਦੇ ਬਣ ਸਕਣ ਵਿਚ ਸਹਾਈ ਹੁੰਦਾ ਹੈ। ਇਹੀ ਕਾਰਨ ਹੈ ਕਿ ਭਾਵੇਂ ਇਹ ਅੰਦੋਲਨ ਪੂਰੇ ਦੇਸ਼ ਵਿਚ ਪ੍ਰਭਾਵੀ ਹੋ ਰਿਹਾ ਹੈ ਪਰ ਕੇਂਦਰੀ ਸਰਕਾਰ ਅਤੇ ਭਾਜਪਾ ਇਸ ਨੂੰ ਸਿਰਫ ਪੰਜਾਬ ਅਤੇ ਸਿੱਖਾਂ ਨਾਲ ਜੋੜ ਕੇ, ਤੇ ਨਾਲ ਹੀ ਸਿੱਖਾਂ ਨੂੰ ਵੱਖਵਾਦੀ ਧਾਰਾ ਨਾਲ ਜੋੜ ਕੇ ਪੇਸ਼ ਕਰਨ ਦੀ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ। ਲੋਕ ਸਭਾ ਅੰਦਰ ਖੇਤੀਬਾੜੀ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਬਿਲਕੁਲ ਇਸੇ ਦੀ ਤਰਜਮਾਨੀ ਕਰਦੇ ਦੇਖੇ ਗਏ। ਕਿਸਾਨੀ ਲੀਡਰਸਿ਼ਪ, ਖਾਸ ਕਰ ਕੇ ਪੰਜਾਬੀ ਕਿਸਾਨੀ ਲੀਡਰਸਿ਼ਪ ਲਈ ਇਹ ਔਖੀ ਘੜੀ ਹੈ ਕਿ ਇਸ ਸੰਘਰਸ਼ ਜੋ ਪੰਜਾਬੀਆਂ ਵੱਲੋਂ ਵਿਸ਼ਵਵਿਆਪੀ ਬਣ ਚੁਕਾ ਹੈ, ਨੂੰ ਭਾਰਤ ਦੇ ਹਰ ਸੂਬੇ ਵਿਚ ਕਿਵੇਂ ਪ੍ਰਚੰ ਕੀਤਾ ਜਾਵੇ ਤਾਂ ਜੋ ਕੇਂਦਰ ਦੀ ਸਰਕਾਰ ਉੱਪਰ ਵੱਧ ਤੋ ਵੱਧ ਦਬਾਓ ਬਣਾਇਆ ਜਾ ਸਕੇ।
ਇਸ ਅੰਦੋਲਨ ਦੀ ਜਨਮਭੂਮੀ ਕਿਉਂਕਿ ਪੰਜਾਬ ਹੈ, ਤੇ ਪੰਜਾਬ ਦਾ ਕਿਸਾਨ, ਖਾਸ ਕਰ ਕੇ ਸਿੱਖ ਕਿਸਾਨ ਦੇ ਪ੍ਰਭਾਵ ਨੂੰ ਬਰਕਰਾਰ ਕਿਵੇਂ ਰੱਖਿਆ ਜਾਵੇ, ਮਸਲਾ ਹੁਣ ਇਹ ਹੈ। ਮੈਂ ਇਥੇ ਪ੍ਰੋ. ਪੂਰਨ ਸਿੰਘ ਦੇ ਪੰਜਾਬ ਤੇ ਪੰਜਾਬੀਅਤ ਲਈ ਸਬੰਧਤ ਬੋਲਾਂ ਦਾ ਜਿ਼ਕਰ ਕਰਨਾ ਚਾਹਾਂਗਾ ਕਿ ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ `ਤੇ’ ਤਾਂ ਜੋ ਪੰਜਾਬ ਦੇ ਸਿੱਖ ਕਿਸਾਨ ਦੀ ਮਾਨਸਿਕਤਾ ਨੂੰ ਜਾਣਿਆ ਜਾ ਸਕੇ। ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਲੀਡਰਸਿ਼ਪ ਅਗਵਾਈ ਕਰ ਰਹੀ ਹੈ, ਕੀ ਉਹ ਸਿੱਖ ਮਾਨਸਿਕਤਾ ਦੇ ਇਸ ਪਹਿਲੂ ਨੂੰ ਸਮਝਦੀ ਹੈ? ਇਹ ਵੀ ਵਿਚਾਰਨਾ ਯੋਗ ਹੋਵੇਗਾ ਕਿ ਸਾਡੀ ਇਸ ਸਿਧਾਂਤਕ ਅਤੇ ਵਿਚਾਰਧਾਰਕ ਪੱਖਾਂ ਤੋਂ ਆਪਸ ਵਿਚ ਵੰਡੀ ਹੋਈ ਲੀਡਰਸਿ਼ਪ ਨੂੰ ਇੰਨੇ ਵੱਡੇ ਪੱਧਰ ਦੇ ਅੰਦੋਲਨਾਂ ਦੇ ਸਬੰਧ ਵਿਚ ਯੋਗ ਤਜਰਬਾ ਹੈ? ਮੈਂ ਇਸ ਦਲੀਲ ਨਾਲ ਬਹੁਤਾ ਇਤਫਾਕ ਨਹੀਂ ਰੱਖਦਾ। ਕਿਸਾਨੀ ਅਤੇ ਮਜ਼ਦੂਰਾਂ ਨਾਲ ਸਬੰਧਤ ਬਹੁਤੇ ਸੰਘਰਸ਼ ਬਹੁਤ ਸੀਮਤ ਦਾਇਰੇ ਵਿਚ ਬਹੁਤ ਸੀਮਤ ਲੋਕਾਂ ਵੱਲੋਂ ਹਰੇ ਤੇ ਲਾਲ ਰੰਗ ਦੇ ਝੰਡਿਆਂ ਦੀ ਅਗਵਾਈ ਵਿਚ ਦੇਖੇ ਗਏ ਤੇ ਚੈਲੰਜ ਵੀ ਸੀਮਤ ਸੀ। ਪਹਿਲੀ ਵਾਰੀ ਹੈ ਕਿ ਇਸ ਜੰਗ ਦਾ ਮੈਦਾਨ ਵੀ ਬਦਲ ਗਿਆ ਹੈ ਤੇ ਉਸ ਦਾ ਘੇਰਾ ਵੀ, ਇਸ ਦਾ ਦੁਸ਼ਮਣ ਵੀ ਬਦਲ ਗਿਆ ਹੈ ਤੇ ਉਸ ਦੀ ਤਾਕਤ ਵੀ। ਅੰਦੋਲਨ ਅੰਦਰ ਲਾਲ ਅਤੇ ਹਰੇ ਰੰਗ ਦੇ ਝੰਡਿਆਂ ਨਾਲ ਕੇਸਰੀ ਨਿਸ਼ਾਨ ਸਾਹਿਬ ਵੀ ਆਏ। ਇਨ੍ਹਾਂ ਤਿੰਨਾਂ ਰੰਗਾ ਦੀ ਸ਼ਕਤੀ ਅਤੇ ਸ੍ਰੋਤਾਂ ਦਾ ਇਕ ਮੈਦਾਨ ਵਿਚ ਇਕ ਧਿਰ ਵਜੋਂ ਇਕੱਠਿਆਂ ਹੋ ਕੇ ਵਿਰੋਧੀਆਂ ਖਿਲਾਫ ਲੜਨਾ ਲੀਡਰਸਿ਼ਪ ਲਈ ਸਭ ਤੋਂ ਵੱਡੀ ਚੁਣੌਤੀ ਹੈ ਪਰ ਜਿਸ ਤਰੀਕੇ ਨਾਲ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਨੂੰ ਗੀਤਾਂ ਦੇ ਰੂਪ ਵਿਚ ਵਾਰ-ਵਾਰ ਦੁਹਰਾਉਂਦੇ ਰਹੇ, ਤੇ ਦੂਜੇ ਪਾਸੇ ਸ਼ਾਂਤੀ-ਸ਼ਾਂਤੀ ਦੀਆਂ ਅਪੀਲਾਂ ਕਰਦੇ ਰਹੇ; ਇਉਂ ਸਾਡੀ ਲੀਡਰਸਿ਼ਪ ਕਿਤੇ ਨਾ ਕਿਤੇ ਖੁੰਝਦੀ ਨਜ਼ਰ ਆਈ।
ਅਸੀਂ ਆਪਣੇ ਨੌਜਵਾਨਾਂ ਨੂੰ ਇਹ ਸਬਕ ਵੀ ਪੜ੍ਹਾਉਂਦੇ ਰਹੇ ਕਿ ਤੁਸੀਂ ਕਿਵੇਂ ਆਪਣੇ ਬਾਬਿਆਂ ਤੋਂ ਥਾਪੜੇ ਲੈ ਕੇ ਜੰਗ ਦੇ ਮੈਦਾਨ ਵਿਚ ਜਾਣਾ ਹੈ। ਲੋਕਾਂ ਦੇ ਹੱਥਾਂ ਵਿਚ ਭਾਵੇਂ ਲਾਲ, ਹਰੇ ਜਾਂ ਕੇਸਰੀ ਝੰਡੇ ਹੁੰਦੇ ਸਨ ਪਰ ਜਦੋਂ ਉਹ ਪਿੰਡਾਂ ਵਿਚੋਂ ਟਰੈਕਟਰਾਂ-ਟਰਾਲੀਆਂ `ਤੇ ਚੱਲਦੇ ਸਨ ਤਾਂ ਗੁਰੂ ਘਰਾਂ ਵਿਚ ਅਰਦਾਸਾਂ ਹੁੰਦੀਆਂ ਸਨ। ਉਹ ਇਸ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ ਇਤਿਹਾਸ ਨਾਲ ਜੁੜੇ ਗੀਤ ਗਾਉਂਦੇ ਤੇ ਸੁਣਦੇ ਸਨ। 26 ਜਨਵਰੀ 2021 ਨੂੰ ਲੈ ਕੇ ਅਜਿਹਾ ਜਲੌਅ ਭਰਪੂਰ ਵਰਤਾਰਾ ਸੀ ਜਿਸ ਨੂੰ ਸਮਾਂਬੱਧ ਅਤੇ ਸ਼ਾਂਤ ਰੱਖਣਾ ਹੀ ਆਗੂਆਂ ਲਈ ਵੱਡੀ ਚੁਣੌਤੀ ਸੀ। ਗੁਰਾਂ ਦੇ ਨਾਮ ਉੱਪਰ ਜਿਊਂਦੇ ਪੰਜਾਬ ਨੂੰ ਗੁਰਾਂ ਦੇ ਇਤਿਹਾਸ ਦਾ ਵਾਸਤਾ ਪਾ ਕੇ ਸੱਦੇ ਪੰਜਾਬੀਆਂ ਨੂੰ ਜੰਗ ਦੇ ਮੈਦਾਨ ਵਿਚ ਤਾਂ ਲੈ ਆਂਦਾ ਪਰ 25 ਜਨਵਰੀ ਦੀ ਸ਼ਾਮ ਤੱਕ ਸਿਵਾਏ ਸ਼ਾਂਤੀ-ਸ਼ਾਂਤੀ ਦੇ ਕੋਈ ਵੀ ਸ਼ਪਸਟ ਸੰਦੇਸ਼ ਜਾਂ ਸੰਕੇਤ ਨਾ ਦੇ ਸਕਣਾ ਅਤੇ ਖੁਦ ਸਰਕਾਰੀ ਜਾਲ ਵਿਚ ਫਸ ਜਾਣਾ ਲੀਡਰਸਿ਼ਪ ਦੀ ਬੱਜਰ ਭੁੱਲ ਸੀ। ਲੀਡਰਸਿ਼ਪ ਇਹ ਭੁੱਲ ਗਈ ਕਿ ਜਵਾਨੀ ਦਾ ਆਪ-ਮੁਹਾਰਾ ਜੋਸ਼ ਸੁੱਕੇ ਜੰਗਲ ਵਾਂਗ ਹੁੰਦਾ ਹੈ ਜਿਸ ਨੂੰ ਬਾਹਰੋਂ ਅੱਗ ਲਾਉਣ ਦੀ ਲੋੜ ਨਹੀਂ ਹੁੰਦੀ ਸਗੋਂ ਹਵਾ ਦੇ ਤੇਜ਼ ਬੁੱਲੇ ਵੀ ਅੱਗ ਲੱਗਣ ਦਾ ਸਬਬ ਬਣ ਜਾਂਦੇ ਹਨ। ਇਹ ਤਾਂ ਇੰਜ ਸੀ, ਜਿਵੇਂ ਅੱਗ ਦੇ ਅੰਗਾਰੇ ਇਕੱਠੇ ਕਰਦੇ ਰਹੇ, ਫੂਕਾਂ ਵੀ ਮਾਰਦੇ ਰਹੇ ਕਿ ਇਹ ਅੰਗਾਰੇ ਮਘਦੇ ਵੀ ਰਹਿਣ ਪਰ ਸੰਦੇਸ਼ ਦਿੰਦੇ ਰਹੇ ਸ਼ਾਂਤੀ-ਸ਼ਾਂਤੀ!
ਲੀਡਰਸਿ਼ਪ ਦੀ ਪਹੁੰਚ ਬਿਲਕੁਲ ਹਾਸੋਹੀਣੀ ਸੀ ਜੋ 26 ਦੀ ਸਮੱਸਿਆ ਦਾ ਮੁੱਖ ਕਾਰਨ ਸੀ-ਇਹੀ ਕੁਝ ਹੋਇਆ 26 ਵਾਲੇ ਦਿਨ। 26 ਦੀ ਘਟਨਾ ਜਵਾਨੀ ਜੋਸ਼ ਦੇ ਤੂਫਾਨ ਦਾ ਸਹਿਜ ਵਹਾਓ ਸੀ। ਇਸ ਤੂਫਾਨ ਦਾ ਅਸਰ ਸੀਮਤ ਵੀ ਸੀ ਤੇ ਸੀਮਾਵਾਂ ਦੇ ਅੰਦਰ ਵੀ ਪਰ ਜਿਹੜਾ ਬਿਰਤਾਂਤ ਸਰਕਾਰ ਤੇ ਸਰਕਾਰੀ ਮੀਡੀਆ ਨੇ ਉਨ੍ਹਾਂ ਘਟਨਾਵਾਂ ਨੂੰ ਲੈ ਕੇ ਸਿਰਜਿਆ, ਉਸ ਨੇ ਉਹ ਅੱਗ ਦਾ ਸੇਕ ਜੋ ਦੁਸ਼ਮਣ ਦੀਆਂ ਬਰੂਹਾਂ ਤਕ ਪਹੁੰਚਣਾ ਸੀ, ਸਾਡੇ ਆਪਣੇ ਹੀ ਘਰਾਂ ਵਿਚ ਭਾਂਬੜ ਬਲਦੇ ਦੇਖੇ ਗਏ। ਸਾਡੇ ਆਪਣਿਆਂ ਵਿਚ ਇਕ ਅਜਿਹੀ ਸ਼ਰਮਨਾਕ ਵਿਥ ਪ੍ਰਤੱਖ ਦਿਖਾਈ ਦਿੱਤੀ ਜਿਸ ਨੇ ਅੰਦੋਲਨ ਦੀ ਅਗਵਾਈ ਸਾਡੇ ਹੱਥੋਂ ਖਿਸਕਾਉਣੀ ਸ਼ੁਰੂ ਕਰ ਦਿੱਤੀ। ਸਰਕਾਰੀ ਗੁੰਡਾਗਰਦੀ ਦਾ ਕਹਿਰ ਸਾਡੀਆਂ ਹੀ ਅੱਖਾਂ ਸਾਹਮਣੇ ਸਾਡੇ ਆਪਣਿਆਂ ਜੋ ਸਾਡੇ ਹੀ ਸੱਦਿਆਂ ਉਪਰ ਉਥੇ ਆਏ ਸਨ, ਉਪਰ ਜ਼ੁਲਮ ਢਾਹਿਆ ਗਿਆ ਪਰ ਸਾਡੀ ਲੀਡਰਸਿ਼ਪ ਦਾ ਵੱਡਾ ਹਿੱਸਾ ਤਮਾਸ਼ਬੀਨ ਬਣਿਆ ਰਿਹਾ। ਆਗੂਆਂ ਦੀਆਂ ਪੁਕਾਰਾਂ ਸੁਣ ਕੇ ਮਰ ਮਿਟਣ ਵਾਲੇ ਨੌਜਵਾਨਾਂ ਨੇ ਜੇਲ੍ਹਾਂ ਅੰਦਰ ਸਰਕਾਰੀ ਤਸ਼ੱਦਦ ਸਹਿੰਦਿਆਂ ਆਪਣੇ ਆਪ ਨੂੰ ਬੇਵਸ ਅਤੇ ਲਾਵਾਰਸ ਸਮਝਿਆ। ਲੀਡਰਸਿ਼ਪ ਦਾ ਸਭ ਤੋਂ ਘਿਨਾਉਣਾ ਚਿਹਰਾ ਉਦੋਂ ਨਜ਼ਰ ਆਇਆ, ਜਦੋਂ ਇਕ ਟਕਸਾਲੀ ਪੰਥਕ ਪਰਿਵਾਰ ਦੇ ਨੌਜਵਾਨ ਨਵਰੀਤ ਸਿੰਘ ਦੀ ਸ਼ਹਾਦਤ ਤੋਂ ਮੁਕੰਮਲ ਬੇਗਾਨਗੀ ਜ਼ਾਹਰ ਕੀਤੀ। ਸਰਕਾਰੀ ਤਸ਼ੱਦਦ, ਗ੍ਰਿਫਤਾਰੀਆਂ ਤੇ ਇਸ ਅੰਦੋਲਨ ਦੀ ਪਹਿਲੀ ਨਵਰੀਤ ਸਿੰਘ ਦੀ ਸ਼ਹਾਦਤ ਨੇ ਸੰਘਰਸ਼ ਨੂੰ ਨਵਾਂ ਜੋਸ਼, ਨਵਾਂ ਬਲ ਤੇ ਵੱਖਰੇ ਦਿਸ਼ਾ-ਨਿਰਦੇਸ਼ ਦੇਣੇ ਸਨ, ਸਾਡੀ ਲੀਡਰਸਿ਼ਪ ਦੀ ਨਾਲਾਇਕੀ ਕਾਰਨ ਅਜਾਈਂ ਜਾਂਦੇ ਨਜ਼ਰ ਆਏ।
ਵਕਤ ਹਿਸਾਬ ਜ਼ਰੂਰ ਮੰਗੇਗਾ!
ਲੀਡਰਸ਼ਿਪ ਜਿਵੇਂ ਆਪਣੀ ਇਸ ਨਾਕਾਮੀ ਦੇ ਇਲਜ਼ਾਮ ਤੋਂ ਬਚਣ ਲਈ ਨਵੇਂ-ਨਵੇਂ ਬਹਾਨੇ ਘੜ ਰਹੀ ਹੈ, ਇਸ ਸਬੰਧ ਵਿਚ ਸ਼ਹਾਬ ਜਾਫਰੀ ਦੀਆਂ ਇਨ੍ਹਾਂ ਸਤਰਾਂ ਦਾ ਜਿ਼ਕਰ ਜ਼ਰੂਰੀ ਹੋਵੇਗਾ ਕਿ ਬਹਾਨਿਆਂ ਨਾਲ ਜਿ਼ੰਮੇਵਾਰੀ ਦੀ ਅਸਫਲਤਾ ਤੋਂ ਬਚਿਆ ਨਹੀਂ ਜਾ ਸਕਦਾ- ‘ਤੂ ਇਧਰ ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫਲਾ ਕਿਉਂ ਲੁਟਾ’, ਕਿਉਂਕਿ ‘ਮੁਝੇ ਰਾਹਜ਼ਨੋਂ ਸੇ ਗਿਲਾ ਨਹੀਂ, ਤਿਰੀ ਰਹਿਬਰੀ ਕਾ ਸਵਾਲ ਹੈ’। ਬਹਾਨਾ ਕੋਈ ਲਾਓ, ਕਾਫੀ ਨਹੀਂ। ਬਦਕਿਸਮਤੀ ਸੀ ਕਿ 26 ਦੇ ਕਾਫਲੇ ਦੇ ਬੁਰੀ ਤਰ੍ਹਾਂ ਲੁੱਟੇ ਜਾਣ ਦੇ ਜਿੰ਼ਮੇਵਾਰ ਤੁਸੀਂ ਹੋ। ਮੰਨੋ ਭਾਵੇਂ ਨਾ, ਇਤਿਹਾਸ ਲਿਖਿਆ ਜਾ ਚੁੱਕਾ ਹੈ।
ਦੀਪ ਸਿੱਧੂ ਅਤੇ ਲੱਖਾ ਸਿਧਾਣਾ ਇਸ ਕਿਸਾਨੀ ਅੰਦੋਲਨ ਵਿਚ ਨੌਜਵਾਨੀ ਨੂੰ ਉਤਸ਼ਾਹਤ ਕਰਨ ਲਈ ਮਜ਼ਬੂਤ ਪੇ੍ਰਰਨਾ ਸ੍ਰੋਤ ਦੇ ਰੂਪ ਵਿਚ ਸਾਹਮਣੇ ਆਏ ਸਨ। ਇਕ ਨੇ ਬੌਧਿਕ ਪੱਧਰ `ਤੇ ਨੌਜਵਾਨਾਂ ਦੀ ਅਗਵਾਈ ਕੀਤੀ ਅਤੇ ਇਕ ਨੇ ਜ਼ਮੀਨੀ ਪੱਧਰ ਉਪਰ। ਬਦਕਿਸਮਤੀ ਸੀ ਕਿ ਲੀਡਰਸਿ਼ਪ ਨੇ ਆਪਣੇ ਸਿਧਾਂਤਕ ਵਖਰੇਵਿਆਂ ਦੀ ਕੰਧ ਨੂੰ ਕਦੇ ਵੀ ਟੁੱਟਣ ਨਹੀਂ ਦਿਤਾ। ਜੰਗ ਦੇ ਮੈਦਾਨ ਵਿਚ ਵੀ ਹਰੇ-ਲਾਲ ਤੇ ਕੇਸਰੀ ਨੂੰ ਵੱਖ ਹੀ ਰੱਖਿਆ। ਜੇ ਵੱਖਰਿਆਂ ਰੱਖ ਕੇ ਵੀ ਇਕੱਠਿਆਂ ਹੋ ਕੇ ਲੜਦੇ ਤਾਂ ਵੀ ਗੱਲ ਹੋਰ ਸੀ ਪਰ ਤੁਸੀਂ ਤਾਂ ਅੰਦਰੋ-ਅੰਦਰੀ ਦੂਜਿਆਂ ਨੂੰ ਨੀਵਾਂ ਸਾਬਤ ਕਰਨ ਦੇ ਆਹਰ ਵਿਚ ਜਿ਼ਆਦਾ ਉਲਝੇ ਨਜ਼ਰ ਆਏ। ਉਹ ਦੋ ਨੌਜਵਾਨ ਲੀਡਰ ਹੀ ਸੰਘਰਸ਼ ਦੇ ਨਕਸ਼ੇ ਤੋਂ ਪਾਸੇ ਨਹੀਂ ਕੀਤੇ ਗਏ ਸਗੋਂ ਸਮਝੋ ਕਿ ਤੁਸੀਂ ਆਪਣੀਆਂ ਬਾਹਾਂ ਆਪਣੇ ਹੱਥੀਂ ਵੱਢ ਲਈਆਂ। ਤੁਹਾਡੇ ਪਾਸ ਹੌਲੀ-ਹੌਲੀ ਧੜ ਹੀ ਰਹਿ ਜਾਣੇ ਹਨ ਤੇ ਧੜਾਂ ਵੱਲੋਂ ਅਲਾਪੇ ਸ਼ਾਂਤੀ ਦੇ ਰਾਗ ਕਿੰਨੀ ਦੇਰ ਆਪਣੇ ਵਜੂਦ ਨੂੰ ਬਣਾਈ ਰੱਖਣਗੇ, ਇਹ ਹੁਣ ਤੁਸੀਂ ਵਿਚਾਰਨਾ ਹੈ; ਜਾਂ ਆਪਣੇ ਹੱਥੀਂ ਆਪ ਆਪਣੀਆਂ ਬਾਹਾਂ ਨੂੰ ਵਾਪਸ ਜੋੜਨਾ ਹੈ?
ਅਖੀਰ ਵਿਚ ਇਕ-ਦੋ ਗੱਲਾਂ ਤੁਹਾਨੂੰ ਮੁਖਾਤਿਬ ਹੋ ਕੇ ਕਰਨੀਆਂ ਚਾਹੁੰਦਾ ਹਾਂ। ਪੂਰੇ ਭਾਰਤ ਦੇ ਕਿਸਾਨਾਂ ਦੀ ਅਗਵਾਈ ਤੁਸੀਂ 40 ਲੀਡਰ ਕਰ ਰਹੇ ਹੋ। ਦੁਨੀਆ ਦੇ ਇਤਿਹਾਸ ਵਿਚ ਕਿਸੇ ਵੀ ਦੇਸ਼, ਫੌਜ ਜਾਂ ਸੰਸਥਾ ਦੀ ਅਗਵਾਈ ਇਕ ਦੀ ਥਾਂ ਅਨੇਕਾ ਲੋਕਾਂ ਨੇ ਕੀਤੀ ਹੋਵੇ, ਤੇ ਉਨ੍ਹਾਂ ਨੂੰ ਸਫਲਤਾ ਮਿਲੀ ਹੋਵੇ, ਕੀ ਕਿਤੇ ਕੋਈ ਅਜਿਹੀ ਮਿਸਾਲ ਹੈ? ਪੁਰਾਤਨ ਸਮੇਂ ਵਿਚ ਰਾਜੇ ਆਪਣੀ ਅਤੇ ਆਪਣੀਆਂ ਫੌਜਾਂ ਦੀ ਸੁਰੱਖਿਆ ਲਈ ਕਿਲ੍ਹੇ ਉਸਾਰਦੇ ਸਨ ਤੇ ਅਕਸਰ ਹੀ ਉਨ੍ਹਾਂ ਕਿਲ੍ਹਿਆਂ ਦਾ ਇਕ ਮੁੱਖ ਦੁਆਰ ਹੁੰਦਾ ਸੀ। ਦੁਸ਼ਮਣ ਲਈ ਸਿਰਫ ਇਕ ਹੀ ਰਸਤਾ ਹੁੰਦਾ ਸੀ ਆਪਣੇ ਵਿਰੋਧੀ ਨੂੰ ਹਰਾਉਣ ਦਾ ਕਿ ਕਿਵੇਂ ਕਿਲ੍ਹੇ ਅੰਦਰ ਦਾਖਲ ਹੋਇਆ ਜਾਵੇ। ਮੁੱਖ ਦੁਆਰ ਦੀ ਹਿਫਾਜ਼ਤ ਪੂਰੇ ਕਿਲ੍ਹੇ ਉਪਰ ਤਾਇਨਾਤ ਸੈਨਾ ਕਰਦੀ ਸੀ। ਕਿਸਾਨੀ ਲੀਡਰਸਿ਼ਪ ਦੇ ਇਸ ਮਜ਼ਬੂਤ ਕਿਲ੍ਹੇ ਦੇ 40 ਦੁਆਰ ਹਨ ਤੇ ਦੁਸ਼ਮਣ ਕੇਂਦਰ ਦੀ ਮਜ਼ਬੂਤ, ਅੜੀਅਲ ਤੇ ਕੱਟੜ ਧਾਰਮਿਕ ਸਰਕਾਰ। ਬਹੁਤ ਲੋਕ ਜਾਣਦੇ ਹੋਣਗੇ, ਖਾਸ ਕਰ ਕੇ ਸਰਕਾਰ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਇਨ੍ਹਾਂ ਚਾਲੀ ਦੁਆਰਾਂ ਨੂੰ ਕਿਸ-ਕਿਸ ਹਥਿਆਰ ਅਤੇ ਕਿਸ ਵਿਧੀ ਨਾਲ ਜੰਗ ਦੇ ਇਸ ਮੈਦਾਨ ਤੋਂ ਪਾਸੇ ਕਰਨਾ ਹੈ।
ਇਕ ਗੱਲ ਹੋਰ ਲੀਡਰਸਿ਼ਪ ਨੂੰ ਕਹਿਣਾ ਚਾਹੁੰਦਾ ਹਾਂ, ਤੁਹਾਡੇ ਵੱਖ-ਵੱਖ ਲੀਡਰਾਂ ਦੇ ਮੂੰਹੋਂ ਲੋਕਾਂ ਨੇ ਇਸ ਨਾਹਰੇ ਨੂੰ ਬਹੁਤ ਵਾਰੀ ਸੁਣਿਆ ਹੈ ਕਿ ‘ਜਿੱਤਾਂਗੇ ਜਾਂ ਮਰਾਂਗੇ’। ਸੋ, ਤੁਸੀਂ ਆਪ ਹੀ ਆਪਣੇ ਘਰਾਂ ਨੂੰ ਵਾਪਸ ਜਾਣ ਦੇ ਦਰਵਾਜ਼ੇ ਕਰੀਬ-ਕਰੀਬ ਬੰਦ ਕਰ ਦਿੱਤੇ ਹਨ। ਕਿੰਨੀ ਦੇਰ ਹੋਰ ਤੜਫਦੇ ਰਹੋਗੇ? ਪੰਥ ਵਿਚ ਇਕ ਕ੍ਰਾਂਤੀਕਾਰੀ ਨਾਅਰਾ ਹੈ, ‘…ਦਿੱਤਿਆ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ’; ਇਸੇ ਤਰ੍ਹਾਂ ਕਿਸਾਨੀ ਧਰਮ ਬਚਾਉਣ ਲਈ ਸ਼ਾਇਦ ਸਾਨੂੰ ਸਾਡੇ ਸਿਰਾਂ ਦੀ ਲੋੜ ਹੈ, ਆਪਾਂ ਜੰਗ ਸ਼ਾਂਤਮਈ ਲੜਨੀ ਹੈ। ਮੈਂ ਖੁਦ ਵੀ ਇਸੇ ਹੀ ਸਿਧਾਂਤ ਦਾ ਉਪਾਸ਼ਕ ਵੀ ਹਾਂ ਤੇ ਧਾਰਨੀ ਵੀ ਪਰ ਕਦੋਂ ਤਕ? 250 ਤੋਂ ਉਪਰ ਸ਼ਹਾਦਤਾਂ ਹੋ ਚੁਕੀਆਂ ਹਨ। ਕੀ ਇਹ ਨਾਹਰਾ ਇੰਜ ਤੇ ਨਹੀਂ ਕਿ ਜੇ ਜਿੱਤ ਹੋਵੇਗੀ ਤਾਂ ਸਾਡੀ, ਮਤਲਬ ਲੀਡਰਸਿ਼ਪ ਦੀ ਅਤੇ ਜੇ ਮਰਨਾ ਪਿਆ ਤਾਂ ਉਹ ਲੋਕਾਂ ਲਈ ਹੈ।
ਨਿਮਰਤਾ ਸਹਿਤ ਬੇਨਤੀ ਹੈ ਕਿ ਲੋਕਾਂ ਨੂੰ ਮਰਾਉਣਾ ਤੇ ਤਪਾਉਣਾ ਛੱਡੋ। 40 ਲੀਡਰ ਹੁਣ ਵਾਰੀ-ਵਾਰੀ ਆਪਣੀਆਂ ਬਲੀਆਂ ਕਿਸਾਨੀ ਅੰਦੋਲਨ ਦੇ ਇਸ ਮਹਾਂ-ਯੱਗ ਵਿਚ ਦੇਣ ਲਈ ਤਿਆਰ ਹੋਣ। ਸਰਕਾਰ ਨੂੰ ਸਮਾਂਬੱਧ ਸੁਨੇਹਾ ਦੇਵੋ ਕਿ ਜੇ ਇਸ ਤਾਰੀਕ ਤਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 40 ਦੇ 40, ਵਾਰੀ-ਵਾਰੀ ਸ਼ਹਾਦਤਾਂ ਦੇਵਾਂਗੇ। ਪਹਿਲਾਂ ਤਾਂ ਸਾਰਿਆਂ ਨੂੰ ਸਾਂਝੇ ਰੂਪ ਵਿਚ ਪੁੱਛ ਲਵੋ ਕਿ ਇਸ ਨਵੀਂ ਰਣਨੀਤੀ ਵਿਚ ਇਸ ਮਹਾਂ-ਯੱਗ ਦਾ ਪਹਿਲਾ ਸ਼ਹੀਦ ਹੋਣ ਦਾ ਸੁਭਾਗ ਕਿਸ ਨੂੰ ਪ੍ਰਾਪਤ ਹੋਵੇ। ਜੇ ਕੋਈ ਆਪਣੇ ਆਪ ਪਹਿਲਕਦਮੀ ਨਹੀਂ ਕਰਦਾ ਤਾਂ 40 ਲੀਡਰ ਪਰਚੀਆਂ ਪਾ ਕੇ ਇਕ ਲੀਡਰ ਦੀ ਪਰਚੀ ਚੁਕ ਲਵੋ ਜਿਸ ਨੂੰ ਪਹਿਲੇ ਸ਼ਹੀਦ ਲੀਡਰ ਹੋਣ ਦਾ ਸੁਭਾਗ ਪ੍ਰਾਪਤ ਹੋਵੇ। ਇਸੇ ਹੀ ਤਰਤੀਬ ਵਿਚ 15-15 ਦਿਨ ਬਾਅਦ ਜਾਂ ਜਿੰਨੇ ਵੀ ਦਿਨਾਂ ਦੀ ਵਿਥ ਤੁਸੀਂ ਜ਼ਰੂਰੀ ਸਮਝੋ ਤੇ ਫੈਸਲਾ ਕਰ ਲਵੋ। ਸ਼ਹਾਦਤਾਂ ਤੋਂ ਬਿਨਾ ਇਸ ਅੰਦੋਲਨ ਦੀ ਜਿੱਤ ਦਾ ਸੁਫਨਾ, ਸੁਫਨਾ ਹੀ ਬਣਿਆ ਰਹੇਗਾ; ਇਹ ਮੇਰਾ ਦਾਅਵਾ ਹੈ ਅਤੇ ਵਿਸ਼ਵਾਸ ਵੀ। ਇਹ ਅੰਦੋਲਨ ਮੇਰਾ, ਤੁਹਾਡਾ ਤੇ ਸਭ ਦਾ ਹੈ। ਇਸ ਅੰਦੋਲਨ ਨੇ ਪੰਜਾਬ ਦੇ ਭਵਿੱਖ ਲਈ ਸ਼ਪਸਟ ਮੀਲ ਪੱਥਰ ਸਥਾਪਤ ਕਰਨਾ ਹੈ। ਇਹ ਹੁਣ ਲੀਡਰਸਿ਼ਪ `ਤੇ ਨਿਰਭਰ ਕਰਦਾ ਹੈ ਕਿ ਉਹ ਮੀਲ ਪੱਥਰ ਸਾਡੇ ਲਈ ਰੌਸ਼ਨ ਮੁਨਾਰਾ ਬਣਦਾ ਹੈ ਜਾਂ ਸਾਡੇ ਪਹਿਲਾਂ ਤੋਂ ਧੁੰਦਲੇ ਰਾਹਾਂ ਵਿਚ ਹਨੇਰਾ ਹੋਰ ਗਹਿਰਾ ਕਰਦਾ ਹੈ!