ਇਕੱਲ ਤੋਂ ਇਕਾਂਤ ਦਾ ਸਫਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜਿ਼ੰਦਗੀ ਦਾ ਸੱਚ ਬਿਆਨਿਆ ਸੀ ਕਿ ਨਜ਼ਰ ਨਾਲ ਨਜ਼ਰ ਮਿਲਾ ਕੇ, ਜਿ਼ੰਦਗੀ ਦੇ ਨੈਣਾਂ ਵਿਚ ਝਾਕਣ ਵਾਲੇ ਹੀ ਹਾਂ-ਪੱਖੀ ਵਰਤਾਰਿਆਂ ਦਾ ਵਣਜ ਕਰਦੇ।

ਇਸ ਵਿਚੋਂ ਹੀ ਨਿਆਰੀ ਅਤੇ ਨਰੋਈ ਜੀਵਨ-ਜਾਚ ਨੂੰ ਜਿੰ਼ਦਗੀ ਦੇ ਨਾਮ ਕਰਦੇ।…ਲੋੜ ਹੈ ਕਿ ਆਪਣੀ ਨਜ਼ਰ ਨੂੰ ਨਦਰਿ ਦੇ ਰਾਹੀਂ ਤੋਰਨ ਅਤੇ ਸਚਿਆਈ ਨੂੰ ਅਪਨਾਉਣ ਅਤੇ ਇਸ ਨੂੰ ਜੀਵਨ ਦਾ ਅੰਗ ਬਣਾਉਣ ਵੰਨੀਂ ਸੇਧਤ ਹੋਈਏ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਇਕੱਲ ਤੋਂ ਇਕਾਂਤ ਦੇ ਸਫਰ ਦਾ ਜਿ਼ਕਰ ਛੇੜਿਆ ਹੈ ਕਿ ਦਰਅਸਲ ਜਿ਼ੰਦਗੀ ਇਕੱਲ ਤੋਂ ਇਕਾਂਤ ਨੂੰ ਜਾਣ ਦਾ ਸੁਹਾਵਣਾ ਸਫਰ, ਅਨੰਦਮਈ ਅਹਿਸਾਸ।…ਇਕੱਲ ਸਰਾਪ, ਇਕਾਂਤ ਸੁਗਾਤ। ਇਕੱਲ ਗਲਤੀ, ਇਕਾਂਤ ਸੁਧਾਰ। ਇਕੱਲ ਗੁਨਾਹ, ਇਕਾਂਤ ਪਰਉਪਕਾਰ। ਇਕੱਲ ਪਾਪ, ਇਕਾਂਤ ਪੁੰਨ। ਇਕੱਲ ਕੂੜ-ਕਮਾਈ, ਇਕਾਂਤ ਬੰਦਿਆਈ। ਇਕੱਲ ਅਵੱਗਿਆ, ਇਕਾਂਤ ਆਗਿਆਕਾਰੀ। ਇਕੱਲ ਹਉਮੈ, ਇਕਾਂਤ ਹਲੀਮੀ। ਉਹ ਕਹਿੰਦੇ ਹਨ, “ਹਰ ਕੋਈ ਆਪਣੇ ਸੰਸਾਰ ਵਿਚ ਗਵਾਚਾ, ਖੁਦ ਨੂੰ ਖਾਲੀ ਹੁੰਦਿਆਂ ਵੀ ਭਰਿਆ ਸਮਝਦਾ। ਅਪੂਰਨ ਹੁੰਦਿਆਂ ਵੀ ਪੂਰਨ ਅਤੇ ਨੰਗ ਹੁੰਦਿਆਂ ਵੀ ਅਮੀਰ ਸਮਝਦਾ; ਪਰ ਇਕਾਂਤ ਵਿਰਲੇ ਵਿਅਕਤੀਆਂ ਦਾ ਹਾਸਲ। ਇਕਾਂਤ ਵਿਚ ਵਿਚਰਦੇ ਲੋਕ ਇਤਿਹਾਸ ਰਚਦੇ, ਭਵਿੱਖ ਲਈ ਵਿਰਾਸਤ ਬਣਦੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਲ-ਮਾਡਲ।…ਇਸ ਮਾਰਗ ‘ਤੇ ਚੱਲਣ ਲਈ ਖੁਦ ਹੀ ਤਹੱਈਆ ਕਰਨਾ ਪੈਣਾ। ਸੰਭਲ ਕੇ ਤੁਰਨਾ, ਸਫਰ ਪੂਰਾ ਕਰਨ ਅਤੇ ਅਪੂਰਨਤਾ ਤੋਂ ਪੂਰਨਤਾ ਪ੍ਰਾਪਤ ਕਰਨਾ ਪੈਣੀ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਇਕੱਲ ਤੇ ਇਕਾਂਤ, ਸਮ-ਅਰਥੀ ਜਾਪਦੇ ਸ਼ਬਦ, ਪਰ ਇਕਾਂਤ ਤੇ ਇਕੱਲ ਵਿਚ ਬਹੁਤ ਅੰਤਰ। ਇਕ ਫੁੱਲ ਤੇ ਦੂਸਰਾ ਕੰਡਾ, ਇਕ ਦਿਨ ਤੇ ਦੂਸਰਾ ਰਾਤ, ਇਕ ਪੁੰਨਿਆ ਤੇ ਦੂਸਰਾ ਮੱਸਿਆ, ਇਕ ਚਾਨਣ ਤੇ ਦੂਸਰਾ ਹਨੇਰਾ ਅਤੇ ਇਕ ਫੈਲਣਾ ਤੇ ਦੂਸਰਾ ਸੁੰਗੜਨਾ। ਇਕ ਬਹਾਰ ਦੀ ਆਮਦ ਤੇ ਦੂਸਰਾ ਪਤਝੜੀ ਸੰਤਾਪ। ਇਕ ਸਰਘੀ ਦਾ ਝਲਕਾਰਾ ਅਤੇ ਦੂਸਰਾ ਸ਼ਾਮ ਦੀ ਗਹਿਰ। ਇਕ ਮੌਲਦੇ ਚਾਅਵਾਂ ਦੀ ਰੰਗਤ ਤੇ ਦੂਸਰਾ ਉਜੜੀਆਂ ਰੀਝਾਂ ਦੀ ਬੇਰੰਗਤਾ। ਇਕ ਜੀਵਨ ਦੀਆਂ ਬਾਰੀਕੀਆਂ ਨੂੰ ਅੰਦਰ ਸਮਾਉਣ ਦਾ ਆਹਰ ਤੇ ਦੂਸਰਾ ਆਪਣੇ ਆਪ ਤੋਂ ਦੂਰ ਜਾਣ ਦਾ ਬਹਾਨਾ।
ਇਕੱਲ ਤੇ ਇਕਾਂਤ, ਵਿਰੋਧ-ਭਾਸੀ। ਇਕ ਦੂਜੇ ਤੋਂ ਦੂਰ ਜਾਂਦੀਆਂ ਰਾਹਾਂ। ਇਕ ਦੂਜੇ ਨੂੰ ਕਦੇ ਵੀ ਫੁੱਟੀ ਅੱਖ ਨਾ ਭਾਉਂਦੀਆਂ। ਇਕਾਂਤ ਤੇ ਇਕੱਲ, ਇਕ ਦੂਜੇ ਦੀਆਂ ਦੁਸ਼ਮਣ। ਇਸ ਵਿਚੋਂ ਹੀ ਸ਼ੁਰੂ ਹੁੰਦਾ ਮਨੁੱਖੀ ਵਿਕਾਸ ਜਾਂ ਪਤਨ। ਇਕ ਉਮੀਦ, ਦੂਸਰੀ ਬੇਉਮੀਦੀ। ਇਕ ਆਸ, ਦੂਸਰੀ ਬੇ-ਆਸਤਾ। ਇਕ ਰੂਹ-ਰੰਗਤਾ, ਦੂਸਰੀ ਰੂਹ-ਫਿੱਕੜਤਾ। ਅਸਮਾਨ ਤੇ ਪਤਾਲ ਦਾ ਫਰਕ।
ਇਕੱਲ, ਮਨੁੱਖ ਲਈ ਸਭ ਤੋਂ ਵੱਡੀ ਸਜ਼ਾ। ਖੁਦ ਨੂੰ ਸੂਲੀ ‘ਤੇ ਲਟਕਾਉਣਾ। ਆਪਣੀ ਹੀ ਅਰਥੀ ਨੂੰ ਮੋਢਾ ਦੇਣਾ ਅਤੇ ਆਪਣਾ ਮਰਸੀਆ ਆਪਣੇ ਹੀ ਹੋਠਾਂ `ਤੇ ਗੁਣਗੁਣਾਉਣਾ। ਆਪਣੀ ਰਾਖ ਨੂੰ ਆਪਣੀ ਮਾਨਸਿਕ ਧਰਾਤਲ ‘ਤੇ ਵਿਛਾਉਣਾ ਅਤੇ ਫਿਰ ਹਵਾ ਸੰਗ ਹਵਾ ਹੋ ਜਾਣ ਦੀ ਪੀੜਾ ਨੂੰ ਪਲ ਪਲ ਹੰਢਾਉਣਾ, ਜਦੋਂ ਕਿ ਇਕਾਂਤ ਸਭ ਤੋਂ ਵੱਡਾ ਵਰਦਾਨ, ਆਪਣੇ ਆਪ ਨੂੰ ਮਿਲਣ, ਅੰਤਰੀਵ ਵਿਚ ਬੈਠੀਆਂ ਭਾਵਨਾਵਾਂ ਨੂੰ ਕਲਾਵੇ ਵਿਚ ਲੈਣ, ਉਨ੍ਹਾਂ ਨੂੰ ਕੁਝ ਕਹਿਣਾ, ਭਾਵਨਾਤਮਿਕ ਲੋਚਾ ਨੂੰ ਮਨ ਦੀ ਜੂਹੇ ਖਿੜਾਉਣਾ, ਮਨ-ਚਾਹੀਆਂ ਇਛਾਵਾਂ ਨੂੰ ਪਾਉਣਾ ਅਤੇ ਇਨ੍ਹਾਂ ਦਾ ਨਾਦ, ਮਨ ਦੀ ਜੂਹੇ ਗਾਉਣਾ।
ਇਕੱਲ ਤੋਂ ਹਰ ਕੋਈ ਡਰਦਾ, ਦੂਰ ਭੱਜਦਾ ਅਤੇ ਇਸ ਨੂੰ ਤੋੜਨ ਲਈ ਹਰ ਜੁਗਤ ਲੜਾਉਂਦਾ, ਪਰ ਹਰੇਕ ਵਿਅਕਤੀ ਇਕਾਂਤ ਨੂੰ ਮਾਣਨਾ ਚਾਹੁੰਦਾ, ਕਿਉਂਕਿ ਇਕਾਂਤ ਵਿਚ ਹੀ ਬੰਦਾ ਆਪਣੇ ਆਪ ਦੇ, ਕੁਦਰਤ ਅਤੇ ਕਾਇਨਾਤ ਦੇ ਸਭ ਤੋਂ ਕਰੀਬ। ਇਸੇ ਲਈ ਕਲਾਕਾਰ, ਗੀਤਕਾਰ, ਕਵੀ, ਲੇਖਕ, ਸਾਧੂ, ਜੋਗੀ, ਪੀਰ, ਫਕੀਰ ਜਾਂ ਜੀਵਨੀ ਭੱਜਦੌੜ ਤੋਂ ਉਕਤਾਏ ਲੋਕ, ਖੁਦ ਨੂੰ ਮਿਲਣ ਲਈ ਇਕਾਂਤ ਵੱਲ ਦੌੜਦੇ। ਇਕੱਲ ਵਿਚ ਤੁਸੀਂ ਖੁਦ ਦੀਆਂ ਹੂਕਾਂ ਖੁਦ ਸੁਣਦੇ, ਆਪਣਾ ਹੌਕਾ ਆਪ ਬਣਦੇ ਅਤੇ ਆਪਣੀ ਤੁਰਸ਼ੀਆਂ ਦੀ ਗਾਥਾ ਖੁਦ ਨੂੰ ਸੁਣਾਉਂਦੇ। ਕੋਈ ਨਹੀਂ ਹੁੰਦਾ ਹੁੰਗਾਰਾ ਭਰਨ ਵਾਲਾ, ਦੁੱਖ ਦੀਆਂ ਲਾਸਾਂ ਸਹਿਲਾਉਣ ਵਾਲਾ ਅਤੇ ਤੁਹਾਡੇ ਲਈ ਰਾਹਤ ਦੀ ਦੁਆ ਜਾਂ ਦਵਾ ਬਣਨ ਵਾਲਾ, ਪਰ ਇਕਾਂਤ ਵਿਚ ਬੰਦਾ ਇਕੱਲਾ ਨਹੀਂ, ਸਮੁੱਚ ਤੇ ਸਮੁੱਚੀ ਕਾਇਨਾਤ ਉਹਦੇ ਨਾਲ ਹੁੰਦੀ। ਉਹ ਬਿਰਖਾਂ, ਪੰਛੀਆਂ, ਪੌਦਿਆਂ, ਪੱਤਿਆਂ ਤੇ ਫੁੱਲਾਂ ਨੂੰ ਆਪਣਾ ਦਰਦ ਸੁਣਾਉਂਦਾ। ਸੱਜਣਾਂ ਨੂੰ ‘ਵਾਵਾਂ ਹੱਥ ਸੁਨੇਹੇ ਭੇਜਦਾ। ਕੋਈ ਉਸ ਨੂੰ ਹਾਕ ਮਾਰਦਾ ਅਤੇ ਕੋਈ ਭਰੇ ਹੁੰਗਾਰਾ।
ਮਹਾਨ ਕਿਰਤਾਂ ਸਿਰਫ ਇਕਾਂਤ ਵਿਚਲੀ ਇਕਾਗਰਤਾ ਵਿਚੋਂ ਹੀ ਪੈਦਾ ਹੁੰਦੀਆਂ। ਇਸ ਲਈ ਸੂਖਮ ਲੋਕ, ਕਲਾਕਾਰ ਬਿਰਤੀ ਵਾਲੇ, ਖੋਜੀ ਵਿਅਕਤੀ ਜਾਂ ਕਿਰਿਆਤਮਿਕਤਾ ਦੀ ਸਿਰਜਣਾ ਕਰਨ ਵਾਲੇ ਜਿ਼ਆਦਾਤਰ ਲੋਕ ਇਕਾਂਤ ਵਿਚੋਂ ਹੀ ਆਪਣੀਆਂ ਸੋਚਾਂ ਨੂੰ ਨਵੇਂ ਉਚਾਣ ਤੱਕ ਲੈ ਜਾਂਦੇ। ਉਨ੍ਹਾਂ ਦੀ ਦਿੱਬ-ਦ੍ਰਿਸ਼ਟੀ ਵਿਚ ਭਵਿੱਖ ਵਿਚ ਵਾਪਰਨ ਵਾਲੀਆਂ ਕਿਰਿਆਵਾਂ ਦੀ ਸਮੂਰਤ, ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਗਿਆਨ ਜਾਂ ਮਨੁੱਖਤਾ ਨੂੰ ਚਮਕਾਉਣ ਦੀ ਚਾਹਨਾ ਦਾ ਪ੍ਰਕਾਸ਼ ਹੁੰਦਾ। ਉਨ੍ਹਾਂ ਦੀ ਕਿਰਿਆਸ਼ੀਲਤਾ ਵਿਚ ਪੈਦਾ ਕੀਤਾ ਖਲਲ, ਕਲਾ ਦੀ ਮੌਤ।
ਇਕੱਲ ਭਟਕਣਾ, ਸਵੈ-ਯੁੱਧ ਜਾਂ ਦੁਨਿਆਵੀ ਲਾਲਸਾਵਾਂ ਦੀ ਅਪੂਰਤੀ ਵਿਚੋਂ ਪੈਦਾ ਹੋਇਆ ਰੋਸਾ। ਆਪਣੇ ਆਪ `ਤੇ ਖਿਝ, ਹਿੱਕ ਵਿਚ ਬਲਦੀ ਧੂਣੀ, ਅੰਤਰੀਵ ਨੂੰ ਰਾਖ ਕਰਨ ਦੀ ਬਿਰਤੀ, ਭੁੱਲ-ਭਲੱਈਆਂ ਵਿਚ ਗਵਾਚਣਾ, ਆਪਣੇ ਤੋਂ ਬੇਮੁਖੀ ਤੇ ਬੇਲਿਹਾਜ਼ਤਾ ਅਤੇ ਉਪਰਾਮਤਾ ਤੇ ਨਿਰਾਸ਼ਾ ਦਾ ਹਾਵੀ ਹੋਣਾ। ਕਦੇ ਕਦਾਈ ਇਹ ਇਕੱਲ ਬੰਦੇ ਨੂੰ ਖੁਦਕੁਸ਼ੀ ਵੱਲ ਵੀ ਤੋਰਦੀ। ਜਿ਼ਆਦਾ ਖੁਦਕੁਸ਼ੀਆਂ ਇਕੱਲ ਵਿਚ ਹੀ ਵਾਪਰਦੀਆਂ; ਪਰ ਇਕਾਂਤ, ਮਨ ਦਾ ਟਿਕਾਅ, ਸਕੂਨ, ਸਹਿਜ ਅਤੇ ਸੁਹਜ ਦਾ ਸਮੁੰਦਰ, ਸੁਖਨ ਦੀ ਮੂਕ-ਸੱਦ, ਮੰਦ-ਮੰਦ ਮੁਸਕਰਾਹਟ। ਚੁੱਪ ਤੋਂ ਸ਼ਾਂਤੀ ਵੱਲ ਨੂੰ ਜਾਣ ਦਾ ਮਾਰਗ। ਭਟਕਦੀਆਂ ਭਾਵਨਾਵਾਂ ਨੂੰ ਠਹਿਰ ਜਾਣ ਦਾ ਸੁਝਾਅ। ਬੇਲੋੜੀਆਂ ਸੁੱਖ-ਸੁਵਿਧਾਵਾਂ ਤੋਂ ਉਕਤਾਅ ਅਤੇ ਸੀਮਤ ਲੋੜਾਂ ਨਾਲ ਰੂਹ-ਰੰਗੀ ਨੂੰ ਮਾਣਨ ਦਾ ਵਿਸਮਾਦ।
ਹਰ ਬੰਦਾ ਹੀ ਇਕੱਲ ਹੰਢਾਉਂਦਾ। ਉਹ ਪਰਿਵਾਰ, ਸਮਾਜ, ਸੰਸਾਰ ਜਾਂ ਭੀੜ ਦਾ ਹਿੱਸਾ ਬਣਿਆ ਵੀ ਇਕੱਲ ਦੀ ਮਾਰ ਹੇਠ ਆਇਆ ਆਪਣੀ ਬਰਬਾਦੀ ਦਾ ਅਹਿਦਨਾਮਾ। ਸਾਹਾਂ `ਤੇ ਉਗਾਏ ਸੋਗ ਦੀ ਤਵਾਰੀਖ। ਮਸਤਕ ਰੇਖਾਵਾਂ ‘ਤੇ ਉਕਰੀ ਮਰਨਹਾਰੀ ਰੁੱਤ। ਇਸ ਇਕੱਲ ਦਾ ਹੀ ਆਲਮ ਹੈ ਕਿ ਘਰਾਂ ਵਿਚ ਉਗ ਆਏ ਨੇ ਨਿੱਕੇ ਨਿੱਕੇ ਘਰ ਅਤੇ ਉਸਰੀਆਂ ਕੰਧਾਂ ਨੇ ਬਹੁਤ ਦੂਰ ਕਰ ਦਿਤਾ ਏ ਇਨ੍ਹਾਂ ਘਰਾਂ ਨੂੰ। ਇਕ ਕਮਰੇ ਤੋਂ ਦੂਸਰੇ ਕਮਰੇ ਤੀਕ ਦਾ ਫਾਸਲਾ ਹੀ ਤੈਅ ਨਹੀਂ ਹੁੰਦਾ ਸਾਰੀ ਉਮਰ। ਕਈ ਉਮਰਾਂ ਤੀਕ ਫੈਲ ਗਈ ਏ ਇਹ ਦੂਰੀ। ਹਰ ਕੋਈ ਆਪਣੇ ਸੰਸਾਰ ਵਿਚ ਗਵਾਚਾ, ਖੁਦ ਨੂੰ ਖਾਲੀ ਹੁੰਦਿਆਂ ਵੀ ਭਰਿਆ ਸਮਝਦਾ। ਅਪੂਰਨ ਹੁੰਦਿਆਂ ਵੀ ਪੂਰਨ ਅਤੇ ਨੰਗ ਹੁੰਦਿਆਂ ਵੀ ਅਮੀਰ ਸਮਝਦਾ; ਪਰ ਇਕਾਂਤ ਵਿਰਲੇ ਵਿਅਕਤੀਆਂ ਦਾ ਹਾਸਲ। ਉਨ੍ਹਾਂ ਦੀ ਮਾਣ-ਮਰਿਆਦਾ। ਇਕਾਂਤ ਵਿਚੋਂ ਉਗਦੇ ਚਿਰਾਗ। ਰਾਤ ਵਿਚ ਉਗਦੇ ਸੂਰਜ ਅਤੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਝਰਦੀ ਹੈ ਤਾਰਿਆਂ ਭਿੱਜੀ ਆਬਸ਼ਾਰ। ਸਮੇਂ ਨੂੰ ਸਾਰਥਿਕ, ਸਚਿਆਰਾ ਅਤੇ ਸਦੀਵੀ ਬਣਾਉਣ ਲਈ ਉਨ੍ਹਾਂ ਦੀਆਂ ਸੱਗਵੀਆਂ ਤੇ ਸੰਦਲੀ ਸੋਚਾਂ ਨੂੰ ਨਤਮਸਤਕਤਾ।
ਇਕੱਲ ਵਿਚ ਬੰਦੇ ਦਾ ਸਾਹ ਘੁੱਟਦਾ। ਅੱਖਾਂ ਸਾਹਵੇਂ ਹਨੇਰਾ, ਘਬਰਾਹਟ, ਕੈਦਖਾਨੇ ਜਿਹਾ ਚੌਗਿਰਦਾ। ਦੀਵਾਰਾਂ ਵਿਚ ਚਿਣੇ ਜਾਣ ਦਾ ਖਦਸ਼ਾ। ਕਾਲ ਕੋਠੜੀ ਵਿਚ ਦਫਨਾਏ ਜਾਣ ਦਾ ਦਰਦ। ਆਪਣੇ ਹੀ ਸਾਹਾਂ ‘ਤੇ ਬੇਇਤਬਾਰੀ। ਨੈਣਾਂ ਵਿਚ ਧੁੰਦਲਕਾ। ਦਿਸਦਿਆਂ ਵੀ ਅਣਦੇਖੀ ਕਰਨ, ਸੁਣਦਿਆਂ ਅਣਸੁਣੀ ਕਰਨ ਅਤੇ ਜਾਣਦਿਆਂ ਵੀ ਅਣਗੌਲਿਆਂ ਕਰਨ ਦੀ ਬਿਰਤੀ। ਬੰਦਾ ਆਪਣੇ ਆਪ ਤੋਂ ਅਤੇ ਲੋਕਾਂ ਤੋਂ ਡਰਦਾ। ਖੁਦ ਨੂੰ ਡਰ ਦੀ ਪਨਾਹ ਵਿਚ ਲਿਆ ਕੇ ਸਾਹਾਂ ਦਾ ਕਾਤਲ ਬਣ ਬਹਿੰਦਾ ਜਦ ਕਿ ਇਕਾਂਤ ਵਿਚ ਬੰਦਾ ਵਿਸ਼ਾਲ ਹੁੰਦਾ। ਮਾਨਸਿਕਤਾ ਵਿਚ ਫੈਲਾਅ, ਸੋਚ ਵਿਚ ਨਵੀਆਂ ਧਰਾਤਲਾਂ ਦੀ ਨਿਸ਼ਾਨਦੇਹੀ, ਮੱਥੇ ਵਿਚ ਨਵੇਂ ਸੁਪਨਿਆਂ ਦੀ ਉਡਾਣ। ਮਸਤਕ-ਵਰਕੇ ‘ਤੇ ਨਵੇਂ ਹਰਫਾਂ ਨੂੰ ਉਕਰਨ ਦਾ ਚਾਅ। ਇਕਾਂਤ ਸਬਰ, ਸਿਰੜ, ਸੰਤੋਖ, ਸਮਰਪਿਤਾ ਅਤੇ ਸਾਦਗੀ ਨੂੰ ਜਨਮਦੀ। ਇਕਾਗਰਤਾ, ਠਹਿਰਾਅ ਤੇ ਸੰਜਮ।
ਮਨ ਦੀਆਂ ਲਹਿਰਾਂ ਵਿਚ ਪਸਰੀ ਇਕੱਲ ਸਮੁੰਦਰੀ ਜਵਾਰਭਾਟਾ, ਤਬਾਹੀ ਦਾ ਚਿੰਨ੍ਹ, ਬਰਬਾਦੀ ਦੀ ਅਲਾਮਤ, ਕੀਰਤੀਆਂ ਦੀ ਤਬਾਹੀ। ਇਕਾਂਤ, ਵਿਸ਼ਾਲ ਸਮੁੰਦਰ ਤਲ ‘ਤੇ ਪਸਰੀ ਹੋਈ ਸ਼ਾਂਤੀ। ਬੇੜੀ ਲਈ ਹਿੱਕ ਦਾ ਪਲੈਟਫਾਰਮ ਬਣਾ, ਕੰਢਿਆਂ ਨੂੰ ਮਿਲਾਉਂਦੀ। ਨਵੀਆਂ ਰਾਹਾਂ, ਥਾਂਵਾਂ ਅਤੇ ਜਗਾਵਾਂ ਨੂੰ ਮਨੁੱਖੀ ਮਨ ਵਿਚ ਧਰਦੀ। ਸਿਆਣਪੀ ਮਾਣਕ ਮੋਤੀ ਮਨੁੱਖ ਨੂੰ ਨਦਰਿ-ਏ-ਅਨਾਇਤ ਕਰਦੀ।
ਇਕੱਲ ਆਫਤ, ਇਕਾਂਤ ਅਨੰਦ। ਇਕੱਲ ਓਹਲਾ, ਇਕਾਂਤ ਪ੍ਰਤੱਖ। ਇਕੱਲ ਭਟਕਣਾ, ਇਕਾਂਤ ਇਕਾਗਰਤਾ। ਇਕੱਲ ਆਦਤ, ਇਕਾਂਤ ਸ਼ੋਕ। ਇਕੱਲ ਬਾਹਰਮੁਖੀ, ਇਕਾਂਤ ਅੰਤਰੀਵੀ। ਇਕੱਲ ਯੱਖਤਾ, ਇਕਾਂਤ ਨਿੱਘ। ਇਕੱਲ ਅੱਖੜਤਾ, ਇਕਾਂਤ ਆਜ਼ਜ਼ੀ। ਇਕੱਲ ਹਉਕਾ, ਇਕਾਂਤ ਹੋਕਾ। ਇਕੱਲ ਉਂਘਲਾਉਣਾ, ਇਕਾਂਤ ਜਾਗਣਾ।
ਇਕੱਲ ਬਾਹਰੀ ਹਾਲਤਾਂ ਦਾ ਹਾਵੀ ਹੋਣਾ, ਬੰਦੇ ਨੂੰ ਤੋੜਨਾ, ਸਮਰੱਥਾ ਨੂੰ ਸ਼ੱਕੀ ਬਣਾਉਣਾ, ਭਾਵਨਾਵਾਂ ਨੂੰ ਨਕਾਰਨਾ ਅਤੇ ਸੁਪਨਿਆਂ ਵਿਚ ਸੋਗ ਧਰਨਾ। ਇਹ ਰੁਤਬਿਆਂ, ਮਾਣ-ਸਨਮਾਨਾਂ, ਹਾਲਾਤਾਂ ਜਾਂ ਹੋਂਦ ਵਿਚ ਪੈਦਾ ਹੋਈ ਬੇਚਾਰਗੀ, ਨਿਰਾਸ਼ਾ ਦਾ ਆਲਮ, ਹਤਾਸ਼ਪੁਣੇ ਦੀ ਅੱਤ, ਮਾਰੀ ਹੋਈ ਮੱਤ ਅਤੇ ਖੁਦ ਹੀ ਆਪਣੇ ਹੱਥੀਂ ਗਵਾਇਆ ਜੱਤ ਤੇ ਸੱਤ। ਇਕਾਂਤ, ਬੰਦੇ ਦਾ ਮਾਣਮੱਤਾ ਹਾਸਲ। ਬਾਹਰੀ ਯਾਤਰਾ ਤੋਂ ਅੰਤਰੀਵੀ ਯਾਤਰਾ ਵੱਲ ਮੁੜਦਾ, ਖੁਦ ਦਾ ਭਰਮਣ ਕਰਦਾ, ਦਿਲ ਦੇ ਖੂੰਜੇ-ਖਰਲਾਂ ਫਰੋਲਦਾ। ਇਸ ਦੀ ਅਮੀਰਤਾ ਤੇ ਅਸੀਮਤਾ ਵਿਚੋਂ ਜੀਵਨ ਦੇ ਮਾਣਕ-ਮੋਤੀਆਂ ਨੂੰ ਹਿੱਕ ਦਾ ਹਾਰ ਬਣਾਉਂਦਾ। ਅੰਦਰਲੇ ਹਨੇਰ ਨੂੰ ਦੂਰ ਕਰਨ ਲਈ ਇਕ ਜੋਤ ਆਪਣੇ ਅੰਦਰ ਜਗਾਉਂਦਾ, ਜੋ ਚਾਨਣ ਵੰਡਦੀ। ਇਸ ਨਾਲ ਮਿਲਦੀ ਹੈ ਬੋਲਾਂ ਨੂੰ ਮਧੁਰਤਾ, ਸ਼ਬਦਾਂ ਨੂੰ ਸੰੁਦਰਤਾ, ਸੁਘੜਤਾ ਤੇ ਸਦੀਵਤਾ। ਇਹ ਕਿਰਦਾਰ ਤੇ ਵਿਹਾਰ ਨੂੰ ਸਮਾਂ-ਸੀਮਾ ਤੋਂ ਪਾਰ ਲੈ ਜਾਂਦੀ। ਇਕਾਂਤ ਵਿਚ ਵਿਚਰਦੇ ਲੋਕ ਇਤਿਹਾਸ ਰਚਦੇ, ਭਵਿੱਖ ਲਈ ਵਿਰਾਸਤ ਬਣਦੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਲ-ਮਾਡਲ।
ਇਉਂ ਲੱਗਦਾ ਕਿ;
ਇਕੱਲ ‘ਚ ਬੰਦਾ ਖੁਣਸੀ ਹੋ ਕੇ,
ਜਾਪੇ ਜੀਕੂੰ ਰੋਗੀ
ਤੇ ਇਕਾਂਤ ‘ਚ ਹੁੰਦਾ ਰੁੱਖਾਂ ਜੇਹਾ,
ਜੋਗ ਕਮਾਉਂਦਾ ਜੋਗੀ।
ਇਕੱਲ ਹਉਕੇ ਹਉਕੇ ਹੋ ਕੇ,
ਆਪਣੇ ਸਿਵੇ ਨੂੰ ਸੇਕੇ
ਤੇ ਇਕਾਂਤ ਵਿਚ ਬੈਠੇ ਬੰਦੇ ਨੂੰ ਤਾਂ,
ਦੁਨੀਆਂ ਮੱਥੇ ਟੇਕੇ।
ਇਕੱਲ ਵਿਚ ਸੱਧਰਾਂ ਦੀ ਲੋਈ, ਮੈਲ ਨਾਲ ਭਾਰੀ ਹੋਵੇ।
ਇਕਾਂਤ ‘ਚ ਆਪਣੇ ਆਲਮ ਬੈਠਾ,
ਬੰਦਾ ਮਨ ਨੂੰ ਧੋਵੇ।
ਇਕੱਲ ਹੁੰਦੀ ਗੰਦਗੀ ਦਾ ਕੀੜਾ,
ਗੰਦਗੀ ਜੂਨ ਹੰਢਾਵੇ।
ਇਕਾਂਤ ਦੀ ਸੁੱਚੀ ਜੂਹੇ ਬਹਿ ਕੇ,
ਧੁੱਪ ਦਾ ਆਲ੍ਹਣਾ ਪਾਵੇ।
ਇਕੱਲ ਪੀੜਾ ਦੀ ਗੱਠੜੀ ਸਿਰ ‘ਤੇ,
ਕੁੱਬਾ ਹੋਇਆ ਬੰਦਾ।
ਇਕਾਂਤ ਦੇ ਬੇਲੇ ਵਿਚ ਹੁੰਦਾ,
ਸੁਖਨ ਸਕੂਨ ਦਾ ਧੰਦਾ।
ਇਕੱਲ ‘ਚ ਕਲਮ-ਕਲਾ ਦੀ ਹਿੱਚਕੀ,
ਸੀਨੇ ਵੈਣ ਅਲਾਪੇ।
ਇਕਾਂਤ ਵਿਚ ਕਲਪਨਾ ਦਾ ਅੰਬਰ,
ਆਪਣਾ ਆਪਣਾ ਜਾਪੇ।
ਇਕੱਲ ਦੀ ਜੂਨੇ ਕੋਈ ਨਾ ਜਾਇਓ,
ਇਹ ਕਬਰਾਂ ਦਾ ਵਾਸ।
ਇਕਾਂਤ ਬਹਿਸ਼ਤੀ ਬਹਿ ਕੇ ਸੱਜਣੋ,
ਮਾਣੋ ਜਿਊਣ-ਹੁਲਾਸ।
ਇਕੱਲ ਸਮਾਜਿਕ ਰਿਸ਼ਤਿਆਂ ਲਈ ਤ੍ਰੇੜ, ਸੁਹੰਢਣੇ ਸਬੰਧਾਂ ਲਈ ਸਰਾਪ, ਮੁਹੱਬਤ ਲਈ ਮਨਹੂਸ ਅਤੇ ਖੁਸ਼-ਮਜਾਜੀ ਤੇ ਚਹਿਲ-ਪਹਿਲ ਲਈ ਮਾਤਮੀ ਖਾਮੋਸ਼ੀ, ਜਦੋਂ ਕਿ ਇਕਾਂਤ ‘ਚ ਤਾਂ ਚੁੱਪ ਵਿਚੋਂ ਵੀ ਬੋਲ ਸੁਣਾਈ ਦਿੰਦੇ, ਰਿਸ਼ਤਿਆਂ ਦੀ ਖੁਸ਼ਬੋ ਵਿਚ ਨਹਾ ਲੈਂਦਾ ਮਨੁੱਖ ਅਤੇ ਆਪਣਿਆਂ ਦੇ ਖਿਆਲ ਵਿਚ ਖਾਮੋਸੀ ਨੂੰ ਖੁਦਾਈ ਮਿਲਦੀ। ਬਹੁਤ ਕੁਝ ਅਣਕਿਹਾ, ਅਣਲਿਖਿਆ ਤੇ ਅਣਕਿਆਸਿਆ ਇਕਾਂਤ ਦੀ ਜੂਹੇ ਹੀ ਵਾਪਰਦਾ।
ਇਕੱਲ ਵਿਚ ਕੁਤਾਹੀਆਂ, ਕਮੀਨੀਆਂ, ਕੁਰੀਤੀਆਂ, ਕੁਸ਼ਗਨ, ਕਤਲ, ਕਾਲੇ ਕਾਰਨਾਮੇ ਅਤੇ ਕਰਤੂਤਾਂ ਸਿਰ ਚੁੱਕਦੀਆਂ ਜਦੋਂ ਕਿ ਇਕਾਂਤ ਵਿਚ ਸੁਪਨੇ, ਸਾਧਨਾ, ਸਫਾਫਤਾ, ਸਫਲਤਾ, ਸੱਜਣਤਾਈ, ਸਮਰਪਣ ਅਤੇ ਸਥਿਰਤਾ ਨੂੰ ਨਵੀਂ ਤਸਫੀਲ ਤੇ ਤਰਜ਼ੀਹ ਨਸੀਬ ਹੁੰਦੀ।
ਕਦੇ ਵੀ ਇਕੱਲ ਦਾ ਸਾਥ ਨਾ ਭਾਲੋ ਬਲਕਿ ਇਕਾਂਤ ਨੂੰ ਆਪਣਾ ਯਾਰ ਬਣਾਓ। ਇਸ ਨਾਲ ਆਪਣੇ ਦੁੱਖ-ਸੁੱਖ ਹਾਵ-ਭਾਵ, ਮਨੋਕਾਮਨਾਵਾਂ, ਦਿਲਲੱਗੀਆਂ ਅਤੇ ਦਿਲਦਾਰੀਆਂ ਨੂੰ ਸਾਂਝਾ ਕਰੋਗੇ ਤਾਂ ਤੁਸੀਂ ਮਨੁੱਖ ਤੋਂ ਮਾਨਵਤਾ ਵੰਂਨੀਂ ਪੁਲਾਂਗ ਜਰੂਰ ਪੁਟੋਗੇ।
ਜਦ ਅੱਖਾਂ ਵਿਚ ਸਮੁੰਦਰ, ਹੋਠਾਂ ਤੇ ਚੁੱਪ, ਕਦਮਾਂ ਵਿਚ ਸਿੱਥਲਤਾ, ਮਨ ‘ਤੇ ਮਣਾਂ ਮੂੰਹੀ ਭਾਰ ਅਤੇ ਦਿਲ ਡੋਬੂ ਖਾਂਦਾ ਹੋਵੇ ਤਾਂ ਇਕੱਲੇ ਨਾ ਹੋਵੋ ਸਗੋਂ ਇਕਾਂਤ ਦੀ ਭਾਲ ਕਰੋ। ਇਕੱਲ ਸਿਵਾ ਸੇਕਣ ਲਈ ਉਕਸਾਵੇਗੀ, ਜਦੋਂ ਕਿ ਇਕਾਂਤ ਆਪਣੇ ਆਗੋਸ਼ ਵਿਚ ਲੈ, ਹੰਝੂ ਚੂਸ, ਚੁੱਪ ਨੂੰ ਚਹਿਕਾਉਂਦੀ, ਮਨ ਤੋਂ ਭਾਰ ਲਾਹੁੰਦੀ, ਜੀਵਨ ਰਾਹਾਂ ਦਾ ਮਾਣਮੱਤਾ ਪਾਂਧੀ ਬਣਨ ਵਿਚ ਸਹਾਈ ਹੋਵੇਗੀ।
ਇਕੱਲ ਸਰਾਪ, ਇਕਾਂਤ ਸੁਗਾਤ। ਇਕੱਲ ਗਲਤੀ, ਇਕਾਂਤ ਸੁਧਾਰ। ਇਕੱਲ ਗੁਨਾਹ, ਇਕਾਂਤ ਪਰਉਪਕਾਰ। ਇਕੱਲ ਪਾਪ, ਇਕਾਂਤ ਪੁੰਨ। ਇਕੱਲ ਕੂੜ-ਕਮਾਈ, ਇਕਾਂਤ ਬੰਦਿਆਈ। ਇਕੱਲ ਅਵੱਗਿਆ, ਇਕਾਂਤ ਆਗਿਆਕਾਰੀ। ਇਕੱਲ ਹਉਮੈ, ਇਕਾਂਤ ਹਲੀਮੀ।
ਇਕੱਲ ਸਜ਼ਾ ਹੈ, ਦੁਨਿਆਵੀ ਲੋੜਾਂ-ਥੋੜ੍ਹਾਂ ਦੀ ਅਪੂਰਤੀ ਵਿਚੋਂ, ਸੱਜਣਾਂ ਦੇ ਵਿਛੋੜੇ ਵਿਚੋਂ। ਆਪਣਿਆਂ ਦੀ ਰੁਖਸਤਗੀ, ਨਾਰਾਜ਼ਗੀ, ਬੇ-ਮੁਖਤਾ ਜਾਂ ਬੇਲਿਹਾਜ਼ੀ ਵਿਚੋਂ ਮਿਲਦੀ, ਪਰ ਇਸ ਇਕੱਲ ਨੂੰ ਇਕਾਂਤ ਵਿਚ ਬਦਲਣਾ ਹੀ ਉਚੇ-ਸੁੱਚੇ ਇਨਸਾਨ ਦਾ ਕਰਤਾਰੀ ਕਰਮ। ਤਾਂ ਹੀ ਬੈਰਾਗੀ ਲੋਕ ਇਕੱਲ ਤੋਂ ਇਕਾਂਤ ਵੱਲ ਨੂੰ ਅਹੁਲਦੇ ਅਤੇ ਮਨ ਦੀਆਂ ਮੁਹਾਰਾਂ ਅੰਦਰ ਵੱਲ ਮੋੜਦੇ।
ਇਕੱਲ ਸਾਨੂੰ ਬਾਹਰੋਂ ਮਿਲਦੀ, ਆਪਣੇ ਦਿੰਦੇ, ਆਦਤਾਂ ਦਿੰਦੀਆਂ ਜਾਂ ਮਨ ਦੀਆਂ ਲਾਲਸਾਵਾਂ ਦੀ ਅਪੂਰਤੀ ਸਾਨੂੰ ਦਿੰਦੀ, ਜਦੋਂ ਕਿ ਇਕਾਂਤ ਅਸੀਂ ਆਪ ਕਮਾਉਂਦੇ, ਆਪਣਾ ਰਾਹ ਖੁਦ ਨਿਰਧਾਰਤ ਕਰਦੇ, ਪੈੜਾਂ ਦੇ ਨਾਮ ਮੰਜਿ਼ਲਾਂ ਦਾ ਸਿਰਨਾਵਾਂ ਵੀ ਮਿਥਦੇ ਅਤੇ ਇਸ ‘ਤੇ ਪਹੁੰਚਣ ਦੇ ਅਹਿਸਾਸ ਨਾਲ ਭਰਿਆ ਭਕੁੰਨਿਆ ਵੀ ਮਹਿਸੂਸਦੇ।
ਇਕੱਲ ਵਿਚ ਸਮਾਂ, ਸਦੀਆਂ ਬਣ ਜਾਂਦਾ। ਉਮਰ ਦੀਆਂ ਝੁਰੜੀਆਂ ਹਾਵੀ, ਜਦੋਂ ਕਿ ਇਕਾਂਤ ਵਿਚ ਸਮੇਂ ਦੇ ਠਹਿਰ ਜਾਣ ਦੀ ਅਰਦਾਸ ਕਰਦੇ, ਪਰ ਉਹ ਪਲ ਵਿਚ ਬੀਤ ਜਾਂਦਾ। ਇਕ ਨੂੰ ਬੀਤਣ ਲਈ ਉਡੀਕ ਕਰਨੀ ਪੈਂਦੀ ਅਤੇ ਇਕ ਬੀਤਣ ਦਾ ਭੇਤ ਹੀ ਨਹੀਂ ਦਿੰਦਾ।
ਕੁਝ ਲੋਕ ਉਮਰ ਨਾਲ ਇਕੱਲ ਤੋਂ ਇਕਾਂਤ ਵੰਨੀਂ ਤੁਰਦੇ, ਪਰ ਬਹੁਤ ਵਿਰਲੇ ਲੋਕ ਉਮਰ ਦੇ ਪਹਿਲੇ ਪੜਾਅ ਵਿਚ ਵੀ ਇਕੱਲ ਤੋਂ ਇਕਾਂਤ ਦਾ ਸਫਰ ਸ਼ੁਰੂ ਕਰਦੇ, ਤਾਂ ਹੀ ਉਹ ਵਿਲੱਖਣ, ਮਹਾਨ ਅਤੇ ਪ੍ਰਤਿਭਾਸ਼ਾਲੀ ਹੁੰਦੇ। ਉਨ੍ਹਾਂ ਦੀ ਵਿਭਿੰਨਤਾ ਹੀ ਉਨ੍ਹਾਂ ਦੀ ਪ੍ਰਾਪਤੀ।
ਇਕੱਲ ਇਕਲਾਪਾ, ਇਕਾਂਤ ਇਕੱਠ। ਇਕੱਲ ਉਦਾਸੀ, ਇਕਾਂਤ ਉਤਸ਼ਾਹ। ਇਕੱਲ ਉਪਰਾਮਤਾ, ਇਕਾਂਤ ਉਮਾਹ। ਇਕੱਲ ਉਬਾਸੀ, ਇਕਾਂਤ ਅੰਗੜਾਈ। ਇਕੱਲ ਉਲਸਾਉਣਾ, ਇਕਾਂਤ ਉਠਣਾ। ਇਕੱਲ ਨੀਮ-ਬੇਹੋਸ਼ੀ, ਇਕਾਂਤ ਸੁਜੱਗਤਾ।
ਦਰਅਸਲ ਜਿ਼ੰਦਗੀ ਇਕੱਲ ਤੋਂ ਇਕਾਂਤ ਨੂੰ ਜਾਣ ਦਾ ਸੁਹਾਵਣਾ ਸਫਰ, ਅਨੰਦਮਈ ਅਹਿਸਾਸ। ਅਸ਼ਾਂਤੀ ਤੋਂ ਸ਼ਾਂਤੀ, ਦੁੱਖ ਤੋਂ ਸੁੱਖ, ਹਿੱਚਕੀ ਤੋਂ ਹਾਸੀ, ਮਰਨ ਤੋਂ ਜਿਊਣ, ਸਿੱਸਕੀ ਤੋਂ ਸੰਵੇਦਨਾ, ਚਿੰਤਾ ਤੋਂ ਚੇਤਨਾ, ਫਿਕਰ ਤੋਂ ਫੱਕਰਤਾ, ਖੁਦਦਾਰੀ ਤੋਂ ਖੁਦਾਈ, ਬੇਗਾਨਗੀ ਤੋਂ ਅਪਣੱਤ ਅਤੇ ਬਹਾਰ ਤੋਂ ਅੰਦਰ ਜਾਣ ਦਾ ਮਾਰਗ। ਇਸ ਮਾਰਗ ‘ਤੇ ਚੱਲਣ ਲਈ ਖੁਦ ਹੀ ਤਹੱਈਆ ਕਰਨਾ ਪੈਣਾ। ਸੰਭਲ ਕੇ ਤੁਰਨਾ, ਸਫਰ ਪੂਰਾ ਕਰਨ ਅਤੇ ਅਪੂਰਨਤਾ ਤੋਂ ਪੂਰਨਤਾ ਪ੍ਰਾਪਤ ਕਰਨਾ ਪੈਣੀ। ਇਹ ਸਫਰ ਖੁਦ ਦੀ ਖੁਦ ਵੰਨੀਂ ਜਾਂਦੀ ਪੈੜ-ਚਾਲ। ਇਸ ਦੀ ਸੰਗੀਤਕਾ ਵਿਚੋਂ ਜੀਵਨ ਨੂੰ ਤਰੰਗਤਾ ਅਤੇ ਸੁਰੰਗੀਤਾ ਮਿਲਦੀ। ਖੁਦ ਤੋਂ ਨਾਬਰੀ ਕਿਸ ਤਰ੍ਹਾਂ ਕਰੋਗੇ? ਇਹ ਸਫਰ ਜਿੰਨੀ ਜਲਦੀ ਹੋ ਸਕੇ, ਸ਼ੁਰੂ ਜਰੂਰ ਕਰੋ। ਇਸ ਸਫਰ ਲਈ ਅਗਾਊਂ ਬਹੁਤ ਸਾਰੀਆਂ ਸ਼ੁਭ-ਕਾਮਨਾਵਾਂ।