ਸਰਦਾਰ ਅਜੀਤ ਸਿੰਘ ਦੀ ਜੱਦੋ-ਜਹਿਦ

ਗੁਰੂਮੇਲ ਸਿੱਧੂ
ਹਿੰਦੋਸਤਾਨ ਦੀ ਆਜ਼ਾਦੀ ਦੇ ਸੰਗਰਾਮ ਵਿਚ ਸਰਦਾਰ ਅਜੀਤ ਸਿੰਘ ਦਾ ਵੱਡਾ ਯੋਗਦਾਨ ਹੈ। ਉਹ ਆਪਣੀ ਉਮਰ ਦਾ ਵੱਡਾ ਅਰਸਾ ਮੁਲਕ ਦੀ ਆਜ਼ਾਦੀ ਲਈ ਜੂਝਦੇ ਜਲਾਵਤਨ ਰਹੇ ਪਰ ਅੱਜ ਵੀ ਉਨ੍ਹਾਂ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਚਾਚੇ ਦੇ ਪ੍ਰਸੰਗ ਵਿਚ ਹੀ ਲਿਆ ਜਾਂਦਾ ਹੈ। ਉਘੇ ਵਿਗਿਆਨੀ ਅਤੇ ਲਿਖਾਰੀ ਗੁਰੂਮੇਲ ਸਿੱਧੂ ਨੇ ਇਸ ਲੇਖ ਵਿਚ ਸਰਦਾਰ ਅਜੀਤ ਸਿੰਘ ਦੀਆਂ ਅਣਗਿਣਤ ਸਰਗਰਮੀਆਂ ਵਿਚੋਂ ਕੁਝ ਕੁ ਉਤੇ ਪੰਛੀ ਝਾਤ ਪਾਈ ਹੈ। 20ਵੀਂ ਸਦੀ ਦੇ ਆਰੰਭ ਵਿਚ ਚੱਲੀ ਪਗੜੀ ਸੰਭਾਲ ਜੱਟਾ ਲਹਿਰ ਵਿਚ ਉਨ੍ਹਾਂ ਦਾ ਰੋਲ ਮੋਹਰੀ ਸੀ।

ਸਰਦਾਰ ਅਜੀਤ ਸਿੰਘ (23 ਫਰਵਰੀ 1881-15 ਅਗਸਤ 1947) ਹਿੰਦੋਸਤਾਨ ਦੀ ਆਜ਼ਾਦੀ ਦਾ ਤੁਰਦਾ ਫਿਰਦਾ ਰਾਜਦੂਤ ਸੀ। ਉਸ ਨੂੰ ਅਕਸਰ ਸ਼ਹੀਦ ਭਗਤ ਸਿੰਘ ਦਾ ਚਾਚਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਪਰ ਅਜੀਤ ਸਿੰਘ ਖੁਦ ਗਦਰ ਲਹਿਰ ਦੀ ਨੁਮਾਇਆ ਹਸਤੀ ਸੀ। ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਚਾਚੇ-ਭਤੀਜੇ ਦਾ ਇਹ ਰਿਸ਼ਤਾ ਬ੍ਰਿਟਿਸ਼ ਰਾਜ ਲਈ ਬਹੁਤ ਘਾਤਕ ਸਾਬਤ ਹੋਇਆ। ਆਜ਼ਾਦੀ ਲੈਣ ਵਿਚ ਦੋਹਾਂ ਨੇ ਆਪੋ-ਆਪਣੇ ਤੌਰ ‘ਤੇ ਗੌਰਵਮਈ ਯੋਗਦਾਨ ਪਾਇਆ: ਇਕ ਨੇ ਜਾਨ ਦੀ ਆਹੂਤੀ ਦਿੱਤੀ ਅਤੇ ਦੂਜੇ ਨੇ ਉਮਰ ਭਰ ਜਲਾਵਤਨੀ ਕੱਟੀ। ਜਿਊਂਦੇ ਜੀਅ ਉਹ ਇਕ ਦੂਜੇ ਨੂੰ ਮਿਲ ਨਾ ਸਕੇ ਲੇਕਿਨ ਭਗਤ ਸਿੰਘ ਨੂੰ ਆਪਣੇ ਚਾਚੇ ਨੂੰ ਮਿਲਣ ਦੀ ਬੜੀ ਸਿੱਕ ਰਹੀ। ਜਦ 1907 ਵਿਚ ਭਗਤ ਸਿੰਘ ਜੰਮਿਆ ਤਾਂ ਅਜੀਤ ਸਿੰਘ ਜਲਾਵਤਨੀ ਦੇ ਰਾਹੇ ਪੈ ਚੁਕਿਆ ਸੀ। ਅਜੀਤ ਸਿੰਘ ਨੇ 22 ਕੁ ਸਾਲ ਦੀ ਉਮਰ ਵਿਚ ਕ੍ਰਾਂਤੀਕਾਰੀ ਗਰੁੱਪ ਦੀ ਨੀਂਹ ਧਰੀ ਅਤੇ ਭਗਤ ਸਿੰਘ ਨੇ 22 ਸਾਲ ਦੀ ਉਮਰ ਵਿਚ ਸੈਂਟ੍ਰਲ ਲੈਜਿਸਲੇਟਿਵ ਅਸੈਂਬਲੀ, ਦਿੱੱਲੀ ਵਿਚ ਬੰਬ ਸੁੱਟਿਆ।
ਭਗਤ ਸਿੰਘ ਨੇ ਆਪਣੇ ਚਾਚੇ ਨਾਲ ਚਿੱਠੀਆਂ ਰਾਹੀਂ ਸੰਪਰਕ ਪੈਦਾ ਕਰਨਾ ਚਾਹਿਆ ਪਰ ਹੋ ਨਾ ਸਕਿਆ। ਬ੍ਰਿਟਿਸ਼ ਸਰਕਾਰ ਦੀ ਖੁਫੀਆ ਏਜੰਸੀ ਹਮੇਸ਼ਾ ਅਜੀਤ ਸਿੰਘ ਦੇ ਪਿੱਛੇ ਲੱਗੀ ਰਹੀ, ਇਸ ਕਰ ਕੇ ਉਸ ਦੇ ਸਾਥੀ ਪਤਾ ਲੁਕੋ ਕੇ ਰੱਖਦੇ ਸਨ। ਅਜੀਤ ਸਿੰਘ ਭਾਵੇਂ ਕਦੇ ਅਮਰੀਕਾ ਨਹੀਂ ਵੜਿਆ ਪਰ ਸੈਨ ਫਰਾਂਸਿਸਕੋ ਦੇ ਗਦਰ ਪਾਰਟੀ ਦੇ ਦਫਤਰ ਨੂੰ ਉਸ ਦੇ ਅਤੇ-ਪਤੇ ਦੀ ਹਮੇਸ਼ਾ ਜਾਣਕਾਰੀ ਹੁੰਦੀ ਸੀ। ਬਕੌਲ ਬਾਬਾ ਭਗਤ ਸਿੰਘ ਬਿਲਗਾ, ਭਗਤ ਸਿੰਘ ਨੇ ਤਿੰਨ ਖਤ ਹਿੰਦੋਸਤਾਨ ਦੇ ਕਾਂਗਰਸੀ ਲੀਡਰਾਂ ਦੇ ਕਿਰਦਾਰਾਂ ਬਾਰੇ ਅਜੀਤ ਸਿੰਘ ਨੂੰ ਲਿਖੇ ਜੋ ਗਦਰ ਪਾਰਟੀ ਦੇ ਦਫਤਰ ਰਾਹੀਂ ਅਜੀਤ ਸਿੰਘ ਨੂੰ ਬਰਾਜ਼ੀਲ ਪੁੱਜਦੇ ਕੀਤੇ ਗਏ। ਅਜੀਤ ਸਿੰਘ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਭਗਤ ਸਿੰਘ ਬਰਾਜ਼ੀਲ ਪਹੁੰਚ ਜਾਵੇ ਪਰ ਹਿੰਦੋਸਤਾਨ ਦੀ ਆਜ਼ਾਦੀ ਲਈ ਵਿੱਢਿਆ ਕ੍ਰਾਂਤੀ ਦਾ ਕੰਮ ਛੱਡ ਕੇ ਆਉਣਾ ਮੁਸ਼ਕਿਲ ਸੀ। ਉਲਟਾ ਭਗਤ ਸਿੰਘ ਨੇ ਚਾਚੇ ਨੂੰ ਚਿੱਠੀ ਵਿਚ ਲਿਖਿਆ, ‘ਚਾਚਾ ਜੀ ਜੋ ਕੰਮ ਤੁਸੀਂ ਅਧੂਰਾ ਛੱਡ ਕੇ ਗਏ ਸੀ, ਉਸ ਨੂੰ ਆ ਕੇ ਪੂਰਾ ਕਰੋ।` ਹਿੰਦੋਸਤਾਨ ਵਿਚੋਂ ਜਲਾਵਤਨੀ ਵੇਲੇ ਅਜੀਤ ਸਿੰਘ ਨੇ ਪ੍ਰਣ ਲਿਆ ਸੀ ਕਿ ਜਦ ਤਕ ਵਤਨ ਆਜ਼ਾਦ ਨਹੀਂ ਹੋ ਜਾਂਦਾ, ਉਦੋਂ ਤਕ ਉਹ ਵਾਪਸ ਨਹੀਂ ਪਰਤੇਗਾ। ਇਸ ਪ੍ਰਣ ਨੂੰ ਉਸ ਨੇ ਜੀਅ-ਜਾਨ ਨਾਲ ਨਿਭਾਇਆ। ਇਹ ਬਹੁਤ ਵੱਡੀ ਕੁਰਬਾਨੀ ਸੀ। ਮੰਦੇ ਭਾਗਾਂ ਨੂੰ ਸਰਦਾਰ ਅਜੀਤ ਸਿੰਘ ਦਾ ਆਜ਼ਾਦੀ ਦੀ ਲੜਾਈ ਵਿਚ ਪਾਏ ਯੋਗਦਾਨ ਦਾ ਯੋਗ ਮੁੱਲ ਨਹੀਂ ਪਿਆ। ਇਤਿਹਾਸ ਨੇ ਉਸ ਦੀ ਘਾਲਣਾ ਨਾਲ ਪੂਰਾ ਨਿਆਂ ਨਹੀਂ ਕੀਤਾ। ਅਜੀਤ ਸਿੰਘ ਦੀ ਘਾਲਣਾ ਨੂੰ ਜੇ ਭਗਤ ਸਿੰਘ ਦੀ ਸ਼ਹੀਦੀ ਤੋਂ ਅਲੱਗ ਰੱੱਖ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਉਸ ਦਾ ਯੋਗਦਾਨ ਕਿਸੇ ਸ਼ਹੀਦ ਨਾਲੋਂ ਘੱਟ ਨਹੀਂ ਸੀ। ਇਹੋ ਸਿੱਧ ਕਰਨਾ ਇਸ ਲੇਖ ਦਾ ਮੂਲ ਮੰਤਵ ਹੈ।
ਸਰਦਾਰ ਅਜੀਤ ਸਿੰਘ ਬਾਰੇ ਸਾਰੀ ਵਾਕਫੀਅਤ ਉਸ ਦੀ ਸਵੈ-ਜੀਵਨੀ ਅਤੇ ਹੋਰ ਲਿਖਤਾਂ ਤੋਂ ਮਿਲਦੀ ਹੈ ਜੋ ਪਰਦੁੱਮਨ ਸਿੰਘ ਨੇ ਸੰਪਾਦਤ ਕੀਤੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੀ ਪਹਿਲਾਂ ਅਜੀਤ ਸਿੰਘ ਦਾ ਪਰਿਵਾਰ ਜਾਗੀਰਦਾਰ ਸੀ। ਸਿੱਖ ਰਾਜ ਵੇਲੇ ਇਸ ਪਰਿਵਾਰ ਪਾਸ ਚੋਖੀ ਜਾਇਦਾਦ ਅਤੇ ਵੱਡੀ ਹਵੇਲੀ ਸੀ ਜਿਸ ਨੂੰ ‘ਗੜ੍ਹ ਕਲਾਂ` ਅਰਥਾਤ ਵੱਡਾ ਕਿਲ੍ਹਾ ਕਹਿੰਦੇ ਸਨ। ਇਸ ਹਵੇਲੀ ‘ਤੇ ਸਿੱਖ ਰਾਜ ਦਾ ਕੌਮੀ ਝੰਡਾ ਲਹਿਰਾਇਆਂ ਜਾਂਦਾ ਸੀ। ਆਂਢ-ਗੁਆਂਢ ਦੇ ਇਲਾਕੇ ਖਾਸ ਕਰ ਕੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਲੋਕ ਹੁਮ-ਹੁਮਾ ਕੇ ਆਉਂਦੇ ਤੇ ਝੰਡੇ ਦੀ ਰਸਮ ਵਿਚ ਸ਼ਾਮਿਲ ਹੁੰਦੇ। ਜੋ ਰਸਦ ਜਾਂ ਚੜ੍ਹਾਵਾ ਚੜ੍ਹਦਾ, ਉਹ ਇਸੇ ਰਸਮ ਖਾਤਰ ਵਰਤਿਆ ਜਾਂਦਾ ਸੀ। ਇਸ ਹਵੇਲੀ ਦਾ ਪਿਛੋਕੜ ਬੜਾ ਦਿਲਚਸਪ ਹੈ।
ਹਵੇਲੀ ਦਾ ਪਿਛੋਕੜ
ਅਜੀਤ ਸਿੰਘ ਦੇ ਪੁਰਖੇ ਲਾਹੌਰ ਜ਼ਿਲ੍ਹੇ ਦੇ ਇਕ ਪਿੰਡ ਨਾਰਲੀ ਵਿਚ ਰਹਿੰਦੇ ਸਨ। ਉਥੇ ਦਾ ਇਕ ਮੱਸਫੁੱਟ ਨੌਜਵਾਨ ਮੁੰਡਾ ਆਪਣੇ ਪੁਰਖਿਆਂ ਦੀਆਂ ਅਸਥੀਆਂ ਲੈ ਕੇ ਹਰਦੁਆਰ ਵਿਖੇ ਗੰਗਾ ਦਰਿਆ ਵਿਚ ਤਾਰਨ ਗਿਆ। ਉਦੋਂ ਲੋਕ ਪੈਦਲ ਜਾਂਦੇ ਸਨ, ਰਾਹ ਵਿਚ ਤਰਕਾਲਾਂ ਪੈ ਗਈਆਂ। ਉਸ ਨੇ ਵੱਡੀ ਹਵੇਲੀ ਦੇਖੀ ਅਤੇ ਰਾਤ ਕੱਟਣ ਲਈ ਦਰਬਾਨ ਨੂੰ ਪੁੱਛਿਆ। ਦਰਬਾਨ ਨੇ ਅੰਦਰ ਜਾ ਕੇ ਇਹ ਗੱਲ ਮਾਲਕ ਨੂੰ ਦੱਸੀ ਤਾਂ ਉਸ ਨੇ ਮੁੰਡੇ ਨੂੰ ਅੰਦਰ ਬੁਲਾ ਲਿਆ। ਉਸ ਦਾ ਸਵਾਗਤ ਵੱਡੀ ਸਾਰੀ ਬੈਠਕ ਵਿਚ ਕੀਤਾ ਜਿੱਥੇ ਮਾਲਕ ਦੀ ਬੀਵੀ ਅਤੇ ਧੀ ਵੀ ਮੌਜੂਦ ਸਨ। ਮੁੰਡੇ ਨੇ ਬੜੇ ਅਦਬ ਨਾਲ ਝੁਕ ਕੇ ਫਤਿਹ ਬੁਲਾਈ, ਪਰਿਵਾਰ ਨੇ ਵੀ ਉਸੇ ਲਹਿਜ਼ੇ ਵਿਚ ਉਸ ਦਾ ਸਵਾਗਤ ਕੀਤਾ। ਉਸ ਨੂੰ ਮਾਲਕ ਅਤੇ ਬੀਵੀ ਦੀਆਂ ਕੁਰਸੀਆਂ ਵਿਚਕਾਰ ਬਿਠਾਇਆ ਗਿਆ ਤੇ ਸਾਹਮਣੇ ਵਾਲੀ ਕੁਰਸੀ ‘ਤੇ ਉਨ੍ਹਾਂ ਦੀ ਖੂਬਸੂਰਤ ਧੀ ਬੈਠ ਗਈ। ਮੁੰਡੇ ਦੇ ਸਫਰ ਬਾਰੇ ਗੱਲਾਂ-ਬਾਤਾਂ ਹੋਈਆਂ ਜੋ ਸ਼ਾਮ ਦੇ ਖਾਣੇ ਤਕ ਚਲਦੀਆਂ ਰਹੀਆਂ। ਗੱਲਬਾਤ ਦੌਰਾਨ ਉਨ੍ਹਾਂ ਦਾ ਤਾਲਮੇਲ ਘਰਦਿਆਂ ਵਰਗਾ ਹੋ ਗਿਆ। ਆਹਮੋ-ਸਾਹਮਣੇ ਬੈਠੇ ਕੁੜੀ ਅਤੇ ਮੁੰਡੇ ਦੀਆਂ ਅੱਖਾਂ ਮਿਲੀਆਂ। ਖਾਣੇ ਤੋਂ ਬਾਅਦ ਮੁੰਡੇ ਨੂੰ ਸੌਣ ਵਾਲੇ ਕਮਰੇ ਵਿਚ ਛੱਡ ਕੇ ਹਵੇਲੀ ਦੇ ਤਿੰਨੇ ਜੀਅ ਉਸ ਬਾਰੇ ਦੇਰ ਤਕ ਗੱਲਾਂ ਕਰਦੇ ਰਹੇ। ਗੱਲਾਂ-ਗੱਲਾਂ ਵਿਚ ਕੁੜੀ ਨੇ ਕਿਹਾ ਕਿ ਉਹ ਕਿਸੇ ਇੱਦਾਂ ਦੇ ਮੁੰਡੇ ਨਾਲ ਵਿਆਹ ਕਰਾਉਣਾ ਪਸੰਦ ਕਰੇਗੀ। ਮਾਪਿਆਂ ਨੂੰ ਵੀ ਮੁੰਡਾ ਪਸੰਦ ਸੀ, ਉਹ ਵੀ ਇਹੋ ਸੋਚ ਰਹੇ ਸਨ। ਸਵੇਰੇ ਉਠੇ ਤਾਂ ਮੁੰਡੇ ਨੇ ਵਿਦਿਆ ਲੈਣ ਲਈ ਆਗਿਆ ਮੰਗੀ। ਹਵੇਲੀ ਦੇ ਮਾਲਕ ਨੇ ਪੁੱਛਿਆ, ‘ਪੁੱਤਰ, ਤੇਰਾ ਵਿਆਹ ਹੋ ਗਿਆ?` ਉਸ ਨੇ ਕਿਹਾ, ‘ਜੀ ਅਜੇ ਨਹੀਂ।` ਤੁਰਨ ਲੱਗਿਆਂ ਮਾਲਕ ਨੇ ਕਿਹਾ, ‘ਜੇ ਉਹ ਮੁੜਦਾ ਹੋਇਆ ਉਨ੍ਹਾਂ ਪਾਸ ਹੋ ਕੇ ਜਾਵੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।’ ਮੁੰਡੇ ਨੇ ਕਿਹਾ, ‘ਜੀ ਜ਼ਰੂਰ।` ਮੁੰਡਾ ਵੀ ਤਾੜ ਗਿਆ ਸੀ ਕਿ ਉਸ ਨੂੰ ਦੁਬਾਰਾ ਕਿਉਂ ਮਿਲਣਾ ਚਾਹੁੰਦੇ ਸਨ। ਇਸ ਖਿਆਲ ਨਾਲ ਮੁੰਡਾ ਅਸਥੀਆਂ ਪਾ ਕੇ ਛੇਤੀ ਵਾਪਸ ਆ ਗਿਆ। ਇਸ ਵਾਰ ਉਸ ਦਾ ਸਵਾਗਤ ਕਿਸੇ ਮੁਸਾਫਰ ਵਾਂਗ ਨਹੀਂ, ਹੋਣ ਵਾਲੇ ਜਵਾਈ ਵਾਂਗ ਕੀਤਾ ਗਿਆ। ਵਿਆਹ ਬਾਰੇ ਗੱਲਬਾਤ ਦੌਰਾਨ ਕੁੜੀ ਦੇ ਮਾਪਿਆਂ ਨੇ ਅਰਜ਼ ਕੀਤੀ ਕਿ ਜੇ ਉਹ ਸ਼ਾਦੀ ਤੋਂ ਬਾਅਦ ਇਸ ਹਵੇਲੀ ਵਿਚ, ਜੁਆਈ ਵਾਂਗ ਨਹੀਂ, ਪੁੱਤਾਂ ਵਾਂਗ ਰਹੇ ਤਾਂ ਉਨ੍ਹਾਂ ਦੀ ਪੁੱਤਰ ਦੀ ਥੁੜ੍ਹ ਪੂਰੀ ਹੋ ਜਾਵੇਗੀ। ਉਨ੍ਹਾਂ ਦਾ ਆਪਣਾ ਕੋਈ ਪੁੱਤ ਨਹੀਂ ਸੀ। ਉਸ ਮੁੰਡੇ ਨੇ ਕਿਹਾ, ‘ਜੀ ਘਰਦਿਆਂ ਤੋਂ ਇਜਾਜ਼ਤ ਤੋਂ ਬਗੈਰ ਮੈਂ ਕੁਝ ਨਹੀਂ ਕਹਿ ਸਕਦਾ ਪਰ ਅੰਦਰੋਂ ਮੇਜ਼ਬਾਨ ਦੀ ਅਰਜ਼ੋਈ ‘ਤੇ ਪਿਘਲ ਗਿਆ। ਮੁੰਡੇ ਦੇ ਮਾਂ-ਬਾਪ ਦੀ ਰਜ਼ਾਮੰਦੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ। ਇਕ ਪ੍ਰਕਾਰ ਨਾਲ ਉਹ ਹਵੇਲੀ ਮੁੰਡੇ ਨੂੰ ਖੱਟ ਵਿਚ ਮਿਲ ਗਈ। ਹਵੇਲੀ ਵਾਲੇ ਪਿੰਡ ਦਾ ਨਾਂ ‘ਗੜ੍ਹ ਕਲਾਂ` ਸੀ। ਉਸ ਦਿਨ ਤੋਂ ਇਸ ਦਾ ਨਾਂ ਖੱਟ-ਗੜ੍ਹ ਕਲਾਂ ਪੈ ਗਿਆ ਜਿਸ ਨੂੰ ਹੁਣ ਖਟਕੜ ਕਲਾਂ ਕਹਿੰਦੇ ਹਨ।
ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਅਜੀਤ ਸਿੰਘ ਦੇ ਪੁਰਖੇ
ਮਹਾਰਾਜਾ ਰਣਜੀਤ ਸਿੰਘ ਵੇਲੇ ਅਜੀਤ ਸਿੰਘ ਦੇ ਪੁਰਖੇ ਸਰਕਾਰੇ ਦਰਬਾਰੇ ਮੰਨੇ ਪ੍ਰਮੰਨੇ ਸਨ। ਅਜੀਤ ਸਿੰਘ ਦਾ ਪੜਦਾਦਾ ਸਰਦਾਰ ਫਤਿਹ ਸਿੰਘ ਮਹਾਰਾਜੇ ਦੀ ਫੌਜ ਵਿਚ ਆਲ੍ਹਾ ਅਫਸਰ ਸੀ। ਉਸ ਨੇ ਅੰਗਰੇਜ਼ਾਂ ਵਿਰੁਧ ਮੁਦਕੀ, ਬੱਦੋਵਾਲ, ਆਲੀਵਾਲ ਅਤੇ ਸਭਰਾਓਂ ਦੀਆਂ ਲੜਾਈਆਂ ਵਿਚ ਭਾਗ ਲਿਆ ਸੀ। 1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿਚਕਾਰ ਗੱਦੀ ਲਈ ਜੱਦੋ-ਜਹਿਦ ਸ਼ੁਰੂ ਹੋ ਗਈ। ਇਸ ਝਗੜੇ ਦਾ ਲਾਹਾ ਲੈਂਦਿਆਂ ਅੰਗਰੇਜ਼ਾਂ ਨੇ 1849 ਵਿਚ ਪੰਜਾਬ ਤੇ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਦੇ ਹਿਤੈਸ਼ੀਆਂ ਦੀਆਂ ਜਾਇਦਾਦਾਂ ਕੁਰਕ ਲਈਆਂ ਜਾਂ ਘਟਾ ਦਿਤੀਆਂ। ਅਜੀਤ ਸਿੰਘ ਦਾ ਪਰਿਵਾਰ ਵੀ ਇਸ ਮਾਰ ਹੇਠ ਆ ਗਿਆ। 1857 ਦੇ ਗਦਰ ਜੋ ਮੁੱਖ ਤੌਰ ‘ਤੇ ਪੰਜਾਬ ਤੋਂਂ ਬਾਹਰਲੀਆਂ ਰਿਆਸਤਾਂ ਨੇ ਵਿੱਢਿਆ ਸੀ, ਵੇਲੇ ਗੋਰਿਆਂ ਨੂੰ ਪੰਜਾਬੀਆਂ ਦੀ ਲੋੜ ਪਈ। ਪੰਜਾਬ ਦੇ ਗਵਰਨਰ ਨੇ ਐਲਾਨ ਕੀਤਾ ਕਿ ਜਿਹੜੇ ਪੰਜਾਬੀ ਸਾਡਾ ਸਾਥ ਦੇਣਗੇ, ਉਨ੍ਹਾਂ ਦੀਆਂ ਜਾਇਦਾਦਾਂ ਵਾਪਸ ਕਰ ਦਿੱਤੀਆਂ ਜਾਣਗੀਆਂ। ਸਰਦਾਰ ਸੂਰਤ ਸਿੰਘ ਮਜੀਠੀਆ (ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਪਿਤਾ) ਨੇ ਫਤਿਹ ਸਿੰਘ ਨੂੰ ਅੰਗਰੇਜ਼ਾਂ ਦਾ ਸਾਥ ਦੇਣ ਲਈ ਕਿਹਾ। ਫਤਿਹ ਸਿੰਘ ਨੇ ਉਤਰ ਦਿੱਤਾ, ‘ਜਾਇਦਾਦ ਅਤੇ ਇਨਾਮ ਲੈ ਕੇ ਮੈਂ ਗੱਦਾਰ ਨਹੀਂ ਕਹਾਉਣਾ।` ਗੋਰਿਆਂ ਨੇ ਫਤਿਹ ਸਿੰਘ ਦੀ ਗੜ੍ਹ ਕਲਾਂ ਵਾਲੀ ਕਿਲ੍ਹੇ ਵਰਗੀ ਹਵੇਲੀ ਦੀਆਂ ਕੰਧਾਂ ਢਾਹ ਕੇ ਛੋਟੀ ਕਰ ਦਿੱਤੀ।
ਫਤਿਹ ਸਿੰਘ ਦੇ ਪੁੱਤਰ ਸਰਦਾਰ ਅਰਜਨ ਸਿੰਘ ਦੇ ਤਿੰਨ ਪੁੱਤਰ ਕਿਸ਼ਨ ਸਿੰਘ, ਅਜੀਤ ਸਿੰਘ ਅਤੇ ਸਵਰਨ ਸਿੰਘ ਸਨ। ਅਜੀਤ ਸਿੰਘ ਵਿਚਕਾਰਲਾ ਸੀ ਅਤੇ ਉਸ ਦਾ ਜਨਮ 23 ਫਰਵਰੀ, 1881 ਵਿਚ ਹੋਇਆ। ਬੰਗਾ ਸਕੂਲ (ਜ਼ਿਲ੍ਹਾ ਨਵਾਂ ਸ਼ਹਿਰ) ਤੋਂ ਪ੍ਰਾਇਮਰੀ ਕਰਨ ਉਪਰੰਤ ਜਲੰਧਰ ਦੇ ਸਾਈਂ ਦਾਸ ਐਂਗਲੋ ਸਕੂਲ ਤੋਂ ਦਸਵੀਂ ਕੀਤੀ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਦਾਖਲਾ ਲੈਣਾ ਚਾਹੁੰਦੇ ਸਨ ਪਰ ਪਿਤਾ ਨੇ ਬਰੇਲੀ ਦੇ ਲਾਅ ਕਾਲਜ ਵਿਚ ਵਕਾਲਤ ਪੜ੍ਹਨ ਲਈ ਦਾਖਲ ਕਰਾ ਦਿੱਤਾ। ਸਿਹਤ ਵਿਗੜਨ ਕਰ ਕੇ ਕਾਲਜ ਛੱਡਣਾ ਪਿਆ। ਇਲਾਜ ਤੋਂ ਬਾਅਦ ਡੀ.ਏ.ਵੀ. ਕਾਲਜ, ਲਾਹੌਰ ਤੋਂ ਐਫ.ਏ. ਪਾਸ ਕੀਤੀ। ਬ੍ਰਿਟਿਸ਼ ਸਰਕਾਰ ਦੀ ਨੌਕਰੀ ਕਰਨਾ ਗਨੀਮਤ ਨਾ ਸਮਝਦਿਆ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣ ਲਈ ਗੋਰਿਆਂ ਨੂੰ ਉਰਦੂ, ਪੰਜਾਬੀ, ਹਿੰਦੀ ਅਤੇ ਪਰਸ਼ੀਅਨ (ਫਾਰਸੀ) ਪੜ੍ਹਾਉਣ ਲੱਗ ਪਿਆ। ਇਹ ਜ਼ਬਾਨਾਂ ਉਸ ਨੇ ਪਿਤਾ ਅਤੇ ਸਕੂਲ ਤੋਂ ਸਿੱਖੀਆਂ ਸਨ। ਪੜ੍ਹਾਉਣ ਪਿੱਛੇ ਅਜੀਤ ਸਿੰਘ ਦੀ ਇਨਕਲਾਬੀ ਸੋਚ ਦਾ ਢਾਸਣਾ ਸੀ। ਉਸ ਦਾ ਮੱਤ ਸੀ ਕਿ ਅੰਗਰੇਜ਼ਾਂ ਨੂੰ ਸਮਝਣ ਲਈ ਉਨ੍ਹਾਂ ਨਾਲ ਸੰਪਰਕ ਰਖਣਾ ਜ਼ਰੂਰੀ ਸੀ। ਪੰਜਾਬੀ ਪੜ੍ਹਾਉਣ ਲਈ ਸ਼ਰਧਾ ਰਾਮ ਫਿਲੌਰੀ ਦੀ ਪੁਸਤਕ ‘ਪੰਜਾਬੀ ਬਾਤ ਚੀਤ` ਵਰਤਦਾ ਸੀ। ਯਾਦ ਰਹੇ, ਸ਼ਰਧਾ ਰਾਮ ਫਿਲੌਰੀ ਫਿਲੌਰ (ਜਲੰਧਰ) ਵਿਚ ਜੰਮਿਆ ਸੀ ਅਤੇ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਅੰਦੋਲਨ ‘ਪਗੜੀ ਸੰਭਾਲ ਜੱਟਾ`
1861 ਵਿਚ ਪੱਛਮੀ ਪੰਜਾਬ ਦਾ ਇਲਾਕਾ ਜਿਸ ਨੂੰ ‘ਬਾਰ` ਕਹਿੰਦੇ ਸਨ, ਬੇ-ਆਬਾਦ ਪਿਆ ਸੀ। ਲੋਕ ਆਜੜੀ ਸਨ ਅਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਸਨ। ਅੰਗਰੇਜ਼ਾਂ ਨੇ ਆਪਣੇ ਹਿੱਤ ਲਈ ਇਸ ਇਲਾਕੇ ਨੂੰ ਆਬਾਦ ਕਰਨਾ ਚਾਹਿਆ। ਬਕੌਲ ਬਾਬਾ ਭਗਤ ਸਿੰਘ ਬਿਲਗਾ, ‘ਇਕ ਅੰਗਰੇਜ਼ ਮਾਹਿਰ ਨੇ ਸਰਸਰੀ ਤੌਰ ‘ਤੇ ਕਿਸੇ ਸਿੱਧੇ-ਸਾਦੇ ਜੱਟ ਤੋਂ ਪੁੱਛਿਆ ਕਿ ਇਹ ਜ਼ਮੀਨ ਆਬਾਦ ਹੋ ਸਕਦੀ ਹੈ? ਉਸ ਨੇ ਜੁਆਬ ਦਿੱਤਾ, ‘ਦੇਖੋ ਇਥੇ ਮੱਖੀਆਂ ਨਹੀਂ ਹਨ, ਗੁੜ ਲਿਆ ਕੇ ਰੱਖ ਦਿਓ, ਮੱਖੀਆਂ ਖੁਦ-ਬ-ਖੁਦ ਆ ਜਾਣਗੀਆਂ।’ ਜ਼ਮੀਨ ਹੈ, ਪਾਣੀ ਦਿਓ, ਕਿਸਾਨ ਖੁਦ-ਬ-ਖੁਦ ਆ ਜਾਣਗੇ।` ਦੁਆਬੇ ਵਿਚ ਜ਼ਮੀਨਾਂ ਥੋੜ੍ਹੀਆਂ ਸਨ, ਇਥੋਂ ਪਿੰਡਾਂ ਦੇ ਪਿੰਡ ਬਾਰ ਵਿਚ ਜਾ ਵਸੇ। ਪਿੰਡ ਬੰਗਾ (ਜ਼ਿਲ੍ਹਾ ਜਲੰਧਰ) ਜਿੱਥੇ ਅਜੀਤ ਸਿੰਘ ਦਾ ਪਰਿਵਾਰ ਰਹਿੰਦਾ ਸੀ, ਦੇ ਕਿਸਾਨ ਵੀ ਬਾਰ ਵਿਚ ਜਾ ਵਸੇ। ਉਨ੍ਹਾਂ ਨੇ ਚੱਕ ਨੰਬਰ 105-ਬੰਗਾ ਨਾਮੀ ਪਿੰਡ ਵਸਾ ਲਿਆ ਜੋ ਤਹਿਸੀਲ ਜੜ੍ਹਾਂਵਾਲਾ (ਜ਼ਿਲ੍ਹਾ ਲਾਇਲਪੁਰ) ਵਿਚ ਸੀ। ਉਨ੍ਹਾਂ ਨੇ ਮਿਹਨਤ ਮੁਸ਼ੱਕਤ ਕਰ ਕੇ ਜ਼ਮੀਨ ਉਪਜਾਊ ਬਣਾ ਲਈ। ਜਦ ਕਾਸ਼ਤਕਾਰੀ ਵਿਚੋਂ ਮੁਨਾਫਾ ਹੋਣ ਲੱਗ ਪਿਆ ਤਾਂ ਬ੍ਰਿਟਿਸ਼ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖਲ ਕਰਨ ਦੀ ਚਾਲ ਚੱਲੀ ਅਤੇ ਮਾਮਲਾ ਵਧਾ ਦਿੱਤਾ। 1891 ਵਿਚ ਕਾਸ਼ਤਕਾਰੀ ਦੇ ਕਾਬਿਲ ਬਣ ਚੁਕੀ ਜ਼ਮੀਨ ਦਾ ਮਾਮਲਾ 15 ਲੱਖ ਪੌਂਡ ਸੀ, 1905 ਵਿਚ ਉਹ 25 ਲੱਖ ਪੌਂਡ ਤੋਂ ਵੀ ਵੱਧ ਹੋ ਗਿਆ। ਸਰਕਾਰ ਨੂੰ ਫਿਰ ਵੀ ਸਬਰ ਨਾ ਅਇਆ ਤਾਂ ਆਬਾਦਕਾਰੀ ਬਿਲ (ਕਲੋਨਾਈਜੇਸ਼ਨ ਬਿੱਲ) ਪਾਸ ਕਰ ਦਿੱਤਾ ਜਿਸ ਤਹਿਤ ਕਿਸਾਨਾਂ ਤੋਂ ਮਾਲਕੀ ਖੋਹ ਕੇ ਮੁਜਾਰੇ ਬਣਾਇਆ ਜਾਣ ਲੱਗਾ। ਕਿਸਾਨ ਤੋਂ ਜ਼ਮੀਨ ਨੂੰ ਵਸੀਅਤ ਕਰਨ ਜਾਂ ਵੇਚਣ ਦਾ ਹੱਕ ਵੀ ਖੋਹ ਲਿਆ। ਇਸ ਬਿੱਲ ਖਿਲਾਫ ਆਵਾਜ਼ ਬੁਲੰਦ ਹੋਈ ਜਿਸ ਦੀ ਵਾਗਡੋਰ ਭਾਰਤ ਮਾਤਾ ਸੁਸਾਇਟੀ, ਲਾਹੌਰ ਨੇ ਆਪਣੇ ਹੱਥਾਂ ਵਿਚ ਲੈ ਲਈ। ਅੰਦੋਲਨ ਸ਼ੁਰੂ ਹੋ ਗਿਆ ਜਿਸ ਵਿਚ ਅਜੀਤ ਸਿੰਘ ਦੇ ਟੱਬਰ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਰਦਾਾਰ ਅਜੀਤ ਸਿੰਘ ਬਗਾਵਤ ਕਰਨ ਵਾਲਿਆਂ ਦਾ ਮੋਹਰੀ ਸੀ।
ਉਨ੍ਹਾਂ ਦਿਨਾਂ ਵਿਚ ਲਾਲਾ ਲਾਜਪਤ ਰਾਏ ਜੋ ਵਕੀਲ ਸਨ, ਬਹੁਤ ਵੱਡੇ ਬੁਲਾਰੇ ਗਿਣੇ ਜਾਂਦੇ ਸਨ। ਉਨ੍ਹਾਂ ਨੂੰ ਪ੍ਰੇਰ ਕੇ ਜਲਸਿਆਂ ਵਿਚ ਭਾਸ਼ਣ ਦੇਣ ਲਈ ਲਿਆਉਣ ਦੀ ਡਿਊਟੀ ਅਜੀਤ ਸਿੰਘ ਦੇ ਸਿਰ ਸੀ। ਇਕ ਜਲਸਾ 3 ਮਾਰਚ 1907 ਵਿਚ ਲਾਇਲਪੁਰ ਵਿਚ ਹੋਇਆ ਜਿਸ ਵਿਚ ਲਾਲਾ ਜੀ ਨੇ ਭਖਵਾਂ ਭਾਸ਼ਣ ਦਿੱਤਾ। ਉਹ ਖੁਦ ਬਗਾਵਤ ਦੇ ਖਿਲਾਫ ਸਨ ਪਰ ਅਜੀਤ ਸਿੰਘ ਧੜੱਲੇਦਾਰ ਬਗਾਵਤੀ ਰੌਅ ਵਿਚ ਬੋਲਿਆ। ਬਾਂਕੇ ਦਿਆਲ ਨੇ ਨਜ਼ਮ ‘ਪਗੜੀ ਸੰਭਾਲ ਜੱਟਾ` ਪੜ੍ਹੀ । ਉਸ ਵੇਲੇ ਉਹ ‘ਝੰਗ ਸਿਆਲ` ਪਰਚਾ ਕਢਦਾ ਸੀ ਜਿਸ ਵਿਚ ਇਹ ਨਜ਼ਮ ਪਹਿਲੀ ਵਾਰ ਛਪੀ।
ਪਗੜੀ ਸੰਭਾਲ ਜੱਟਾ
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਏ
ਹਿੰਦ ਹੈ ਤੇਰਾ ਮੰਦਰ, ਇਸ ਦਾ ਪੁਜਾਰੀ ਤੂੰ
ਝੱਲੇਂਗਾ ਕਦੋਂ ਤੀਕਣ ਆਪਣੀ ਖੁਆਰੀ ਤੂੰ
ਲੜਨੇ ਤੇ ਮਰਨੇ ਦੀ ਹੁਣ ਕਰ ਲੈ ਤਿਆਰੀ ਤੂੰ
ਮਰਨੇ ਤੋਂ ਜੀਣਾ ਭੈੜਾ, ਹੋ ਕੇ ਬੇਹਾਲ ਓਏ।
ਪਗੜੀ ਸੰਭਾਲ…

ਮੰਨਦੀ ਨਾ ਗੱਲ ਅਸਾਡੀ, ਭੈੜੀ ਸਰਕਾਰ ਓਏ
ਅਸੀਂ ਕਿਉਂ ਦੇਂਦੇ ਵੀਰੋ, ਕਾਰੋਂ ਬੇਕਾਰ ਓਏ
ਤੁਸੀਂ ਕਿਉਂ ਦਬਦੇ ਵੀਰੋ, ਉਠਦੀ ਪੁਕਾਰ ਓਏ
ਹੋ ਕੇ ਇਕੱਠੇ ਸਾਰੇ, ਮਾਰੋ ਲਲਕਾਰ ਓਏ
ਤਾੜੀ ਦੋ ਹੱਥੀਂ ਵੱਜੇ, ਛਾਤੀ ਨੂੰ ਤਾਣ ਓਏ।
ਪਗੜੀ ਸੰਭਾਲ…

ਫਸਲਾਂ ਨੂੰ ਖਾ ਗਏ ਕੀੜੇ, ਤਨ `ਤੇ ਨਹੀਂ ਤੇਰੇ ਲੀੜੇ
ਭੁੱਖਾਂ ਨੇ ਖੂਨ ਨਿਚੋੜੇ, ਰੋਂਦੇ ਨੇ ਬਾਲ ਓਏ।
ਪਗੜੀ ਸੰਭਾਲ…

ਸੀਨੇ ਤੇ ਖਾਵੇਂ ਤੀਰ, ਰਾਂਝਾ ਤੂੰ ਦੇਸ਼ ਏ ਹੀਰ
ਸੰਭਲ ਕੇ ਚੱਲ ਤੂੰ ਵੀਰ, ਰਸਤੇ ਵਿਚ ਖਾਲ ਓਏ।
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ।
ਇਹ ਕਵਿਤਾ ਹਿੰਦੋਸਤਾਨ ਦੀ ਆਜ਼ਾਦੀ ਦੇ ਅੰਦੋਲਨ ਦਾ ਨਾਅਰਾ ਬਣ ਗਈ। ਲੋਕਾਂ ਵਿਚ ਐਨਾ ਜੋਸ਼ ਭਰ ਗਿਆ ਕਿ ਥਾਂ-ਥਾਂ ਦੰਗੇ ਸ਼ੁਰੂ ਹੋ ਗਏ। ਜਾਨ-ਮਾਲ ਦਾ ਨੁਕਸਾਨ ਹੋਇਆ; ਫਲਸਰੂਪ, ਬ੍ਰਿਟਿਸ਼ ਸਰਕਾਰ ਨੂੰ ਭੁਮੀ ਕਾਨੂੰਨ ਵਾਪਸ ਲੈਣੇ ਪਏ। ਸਰਕਾਰ ਨੇ ਇਹ ਨਜ਼ਮ ਅਜੀਤ ਸਿੰਘ ਦੀ ਲਿਖੀ ਸਮਝ ਕੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਫੜੋ-ਫੜਾਈ ਸ਼ੁਰੂ ਕਰ ਦਿੱਤੀ। ਅਜੀਤ ਸਿੰਘ ਦੇ ਵੱਡੇ ਭਰਾ ਕਿਸ਼ਨ ਸਿੰਘ (ਪਿਤਾ ਸ਼ਹੀਦ ਭਗਤ ਸਿੰਘ) ਅਤੇ ਛੋਟੇ ਭਰਾ ਸਵਰਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਮਾਂਡਲੇ ਦੀ ਜੇਲ੍ਹ ਵਿਚ ਕੈਦ ਕਰ ਦਿੱਤਾ। ਜਨਤਾ ਰੋਹ ਵਿਚ ਆ ਗਈ ਤੇ ਦੰਗੇ ਹੋਰ ਵਧ ਗਏ; ਫਲਸਰੂਪ, ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਰਿਹਾਅ ਕਰਨਾ ਪਿਆ।
ਜਲਾਵਤਨੀ
1907 ਵਿਚ ਸਰਦਾਰ ਅਜੀਤ ਸਿੰਘ ਦੀ ਜਲਵਤਨੀ ਸ਼ੁਰੂ ਹੋਈ ਅਤੇ ਉਸੇ ਸਾਲ ਭਗਤ ਸਿੰਘ ਦਾ ਜਨਮ ਹੋਇਆ। ਜਲਾਵਤਨੀ ਦੌਰਾਨ ਉਹ ਦੁਨੀਆ ਦੇ ਅਨੇਕਾਂ ਮੁਲਕਾਂ ਵਿਚ ਗਿਆ। ਵੱਡੇ-ਵੱਡੇ ਕ੍ਰਾਂਤੀਕਾਰੀਆਂ ਨੂੰ ਮਿਲਿਆ ਤੇ ਕਈ ਕ੍ਰਾਂਤੀਕਾਰੀ ਸੰਸਥਾਵਾਂ ਕਾਇਮ ਕੀਤੀਆਂ। ਉਸ ਦੀਆਂ ਵਿਦੇਸ਼ੀ ਗਤੀਵਿਧੀਆਂ ਦਾ ਸੰਖੇਪ ਜਿਹਾ ਵੇਰਵਾ ਇਉਂ ਹੈ:
ਅਜੀਤ ਸਿੰਘ ਮਾਂਡਲੇ ਤੋਂ ਇਰਾਨ ਗਿਆ ਤੇ ਉਥੋਂ ਦੇ ਕ੍ਰਾਂਤੀਕਾਰੀ ਸੱਯਦ ਜ਼ਿਆ-ਉਦ-ਦੀਨ ਨੂੰ ਮਿਲਿਆ ਜੋ ਬਾਅਦ ਵਿਚ ਇਰਾਨ ਦਾ ਪ੍ਰਧਾਨ ਮੰਤਰੀ ਬਣਿਆ। ਅਜੀਤ ਸਿੰਘ ਨਾਲ ਉਸ ਦੀ ਚੰਗੀ ਦੋਸਤੀ ਹੋ ਗਈ। ਮਗਰੋਂ ਉਸ ਨੇ ਯੂਰਪ ਦੇ ਕਈ ਮੁਲਕਾਂ ਦੀ ਯਾਤਰਾ ਕੀਤੀ।
ਸਵਿਟਜ਼ਰਲੈਂਡ
ਉਸ ਵੇਲੇ ਸਵਿਟਜ਼ਰਲੈਂਡ ਦਾ ਪ੍ਰਧਾਨ ਮੰਤਰੀ ਗਿਊਸੈਪੇ ਮੋਟਾ ਸੀ ਜੋ ਕ੍ਰਾਂਤੀਕਾਰੀਆਂ ਦੀ ਮਦਦ ਕਰਦਾ ਸੀ। ਜਿਨ੍ਹਾਂ ਦੇਸ਼ਾਂ ਵਿਚ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ, ਉਨ੍ਹਾਂ ਦੇ ਬਹੁਤੇ ਕ੍ਰਾਂਤੀਕਾਰੀ ਇਥੇ ਪਨਾਹ ਲੈਂਦੇ ਸਨ। ਅਜੀਤ ਸਿੰਘ ਸਵਿਟਜ਼ਰਲੈਂਡ ਪਹੁੰਚ ਗਿਆ ਅਤੇ ਕਈ ਦੇਸ਼ਾਂ ਦੇ ਕ੍ਰਾਂਤੀਕਾਰੀਆਂ ਨੂੰ ਮਿਲਿਆ, ਜਿਵੇਂ:
1. ਸਦਾਰੇ ਅਸਦ (ਇਰਾਨ ਦਾ ਗ੍ਰਹਿਮੰਤਰੀ)।
2. ਗੋਪਾਲ ਕ੍ਰਿਸ਼ਨ ਗੋਖਲੇ (ਜਿਸ ਨੇ ਅਜੀਤ ਸਿੰਘ ਨੂੰ ਹਿੰਦੋਸਤਾਨ ਮੁੜਨ ਲਿਆ ਕਿਹਾ ਪਰ ਉਹ ਆਜ਼ਾਦ ਭਾਰਤ ਵਿਚ ਮੁੜਨਾ ਚਾਹੁੰਦਾ ਸੀ)।
3. ਵਲਾਦੀਮੀਰ ਲੈਨਿਨ ਜੋ ਰੂਸੀ ਇਨਕਲਾਬੀਆਂ ਨੂੰ ਜਥੇਬੰਦ ਕਰਨ ਲਈ ਆਇਆ ਸੀ। ਬਾਅਦ ਵਿਚ ਸੋਵੀਅਤ ਰੂਸ (ਯੂ.ਐਸ.ਐਸ.ਆਰ) ਦਾ ਪਹਿਲਾ ਪ੍ਰਧਾਨ ਬਣਿਆ।
4. ਲਿਓਨ ਟਰਾਟਸਕੀ ਜੋ ਰੂਸ ਦਾ ਮਹਾਨ ਮਾਰਕਸਵਾਦੀ ਇਨਕਲਾਬੀ ਸੀ ਅਤੇ ਲੈਨਿਨ ਦਾ ਡਟ ਕੇ ਦਮ ਭਰਦਾ ਸੀ।
5. ਬੇਨੀਤੋ ਮਸੋਲਿਨੀ ਨੂੰ ਇਕ ਲਾਇਬਰੇਰੀ ਵਿਚ ਮਿਲਿਆ। ਉਸ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਬਾਅਦ ਵਿਚ ਉਹ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਫਾਸਿਸਟ ਵਿਚਾਰਧਾਰਾ (ਫਾਸ਼ੀਵਾਦ) ਦੀ ਸਰਕਾਰ ਕਾਇਮ ਕੀਤੀ।
6. ਲਾਲਾ ਹਰਦਿਆਲ ਜੋ ਅਮਰੀਕਾ ਵਿਚ ਗਦਰ ਲਹਿਰ ਦੀ ਨੀਂਹ ਰੱਖ ਕੇ ਆਇਆ ਸੀ। ਅੰਗਰੇਜ਼ ਸਰਕਾਰ ਚਾਹੁੰਦੀ ਸੀ ਕਿ ਅਮਰੀਕਨ ਗੌਰਮਿੰਟ ਹਰਦਿਆਲ ਨੂੰ ਫੜ ਕੇ ਉਨ੍ਹਾਂ ਦੇ ਹਵਾਲੇ ਕਰ ਦੇਵੇ। ਇਸ ਤੋਂ ਬਚਣ ਲਈ ਉਹ ਸਵਿਟਜ਼ਰਲੈਂਡ ਆ ਗਿਆ ਸੀ।
ਜਰਮਨੀ ਵਿਚ ਹਿਟਲਰ ਨਾਲ ਮੁਲਾਕਾਤ
ਦੂਜੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸਰਦਾਰ ਅਜੀਤ ਸਿੰਘ ਜਰਮਨੀ ਪਹੁੰਚ ਗਏ। ਉਥੇ ਪਹਿਲਾਂ ਹੀ ਹਿੰਦੋਸਤਾਨ ਦੀ ਆਜ਼ਾਦੀ ਲਈ ਬਰਲਿਨ ਕਮੇਟੀ ਬਣਾਈ ਹੋਈ ਸੀ ਜਿਸ ਵਿਚ ਉਹ ਸ਼ਾਮਿਲ ਹੋ ਗਿਆ। ਉਸ ਕਮੇਟੀ ਵਿਚ ਲਾਲਾ ਹਰਦਿਆਲ, ਬਰਕਤ ਉਲ੍ਹਾ, ਮੈਡਮ ਕਾਮਾ, ਵੀਰੇਂਦਰ ਨਾਥ ਚਟੋਪਾਧਿਆਏ ਆਦਿ ਇਨਕਲਾਬੀ ਸ਼ਾਮਿਲ ਸਨ। ਉਸ ਵੇਲੇ ਹਿੰਦੋਸਤਾਨੀ ਫੌਜੀ ਦੇ ਭਗੌੜੇ ਜਰਮਨ ਦੇ ਕੰਸਟਰੇਸ਼ਨ ਕੈਂਪ ਵਿਚ ਸਨ। ਉਨ੍ਹਾਂ ਨੇ ਇੰਡੀਅਨ ਨੈਸ਼ਨਲ ਆਰਮੀ (ਆਈ.ਐਨ.ਏ.) ਬਣਾਈ ਜਿਸ ਦੇ ਮੋਹਰੀ ਸੁਭਾਸ਼ ਚੰਦਰ ਬੋਸ ਸਨ। ਅਜੀਤ ਸਿੰਘ, ਬੋਸ ਨੂੰ ਬਰਲਿਨ ਵਿਚ ਮਿਲਿਆ। ਉਨ੍ਹਾਂ ਦਿਨਾਂ ਵਿਚ ਬੜਾ ਪ੍ਰਾਪੇਗੰਡਾ ਸੀ ਕਿ ਜਰਮਨੀ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਵਿਚ ਮਦਦ ਕਰੇਗਾ। ਅਜੀਤ ਸਿੰਘ ਨੇ ਹਿਟਲਰ ਅਤੇ ਉਸ ਦੇ ਸਾਥੀਆਂ ਨੂੰ ਮਿਲ ਕੇ ਕਿਹਾ ਕਿ ਜੰਗ ਵੇਲੇ ਭਾਰਤੀ ਫੌਜੀਆਂ ਨੂੰ ਲੜਨ ਖਾਤਰ ਕੇਵਲ ਹਿੰਦੋਸਤਾਨ ਦੀ ਹੱਦ ‘ਤੇ ਹੀ ਭੇਜਿਆ ਜਾਵੇ। ਹਿਟਲਰ ਨੇ ਇਨਕਾਰ ਕਰ ਦਿੱਤਾ ਅਤੇ ਰੋਹ ਵਿਚ ਅਜੀਤ ਸਿੰਘ ਨੇ ਹਿਟਲਰ ਨੂੰ ਕਿਹਾ ਕਿ ‘ਆਪਣੀ ਕਿਤਾਬ ‘ਮਾਈਨ ਕੈਂਪ` ਵਿਚੋਂ ਉਹ ਫਿਕਰਾ ਕੱਢ ਦੇਣ ਜਿਸ ਵਿਚ ਹਿੰਦੋਸਤਾਨੀਆਂ ਨੂੰ ਘਟੀਆ ਦਰਜੇ ਦੇ ਇਨਸਾਨ ਤੇ ਚਿੱਟੀਆਂ ਕੌਮਾਂ ਦੇ ਗੁਲਾਮ ਕਿਹਾ ਗਿਆ ਹੈ।` ਹਿਟਲਰ ਨੇ ਅਜਿਹਾ ਕਰਨ ਤੋਂ ਵੀ ਨਾਂਹ ਕਰ ਦਿੱਤੀ। ਇਸ ਗੱਲ ‘ਤੇ ਝਗੜਾ ਹੋ ਗਿਆ ਅਤੇ ਅਜੀਤ ਸਿੰਘ ਜਰਮਨੀ ਛੱਡ ਕੇ ਇਟਲੀ ਚਲਾ ਗਿਆ। ਉਸ ਵੇਲੇ ਇਟਲੀ ਦਾ ਪ੍ਰਧਾਨ ਮੰਤਰੀ ਮਸੋਲਿਨੀ ਸੀ ਜਿਸ ਨੂੰ ਉਹ ਪਹਿਲਾਂ ਮਿਲ ਚੁਕਿਆ ਸੀ। ਮਸੋਲਿਨੀ ਨੇ ਅਜੀਤ ਸਿੰਘ ਨੂੰ ਰੋਮ ਤੋਂ ਰੇਡੀਓ ਰਾਹੀਂ ਅੰਗਰੇਜ਼ੀ ਸਰਕਾਰ ਵਿਰੁਧ ਪ੍ਰਚਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਦੂਜੀ ਸੰਸਾਰ ਜੰਗ ਸ਼ੁਰੂ ਹੋ ਗਈ ਤੇ ਇਟਲੀ ਨੇ ਜਰਮਨੀ ਦਾ ਸਾਥ ਦਿੱਤਾ ਅਤੇ ਰੂਸ ਉਤੇ ਹਮਲਾ ਕਰ ਦਿੱਤਾ। ਰੂਸ ਨੂੰ ਹਿੰਦੋਸਤਾਨ ਦਾ ਹਮਾਇਤੀ ਸਮਝਿਆ ਜਾਂਦਾ ਸੀ। ਅਜੀਤ ਸਿੰਘ ਨੇ ਮਸੋਲਿਨੀ ਨੂੰ ਕਿਹਾ ਕਿ ਇੰਡੀਅਨ ਨੈਸ਼ਨਲ ਆਰਮੀ ਨੂੰ ਰੂਸ ਦੀ ਸਰਹੱਦ ਉਤੇ ਨਾ ਭੇਜਿਆ ਜਾਵੇ। ਉਸ ਨੇ ਅਜੀਤ ਸਿੰਘ ਦੀ ਇਹ ਗੱਲ ਮੰਨੀ ਜਾਂ ਨਹੀਂ, ਇਸ ਬਾਰੇ ਕੋਈ ਉਘ-ਸੁੱਘ ਨਹੀਂ ਮਿਲਦੀ। ਮਸੋਲਿਨੀ ਹਾਰ ਗਿਆ ਤੇ ਅਗਲੇ ਹੁਕਮਰਾਨ ਨੇ ਅਜੀਤ ਸਿੰਘ ਨੂੰ ਕਿਹਾ ਕਿ ਉਹ ਰੇਡੀਉ ਤੋਂ ਮਸੋਲਿਨੀ ਖਿਲਾਫ ਪ੍ਰਚਾਰ ਕਰੇ। ਅਜੀਤ ਸਿੰਘ ਨੇ ਕਿਹਾ, ‘ਮੈਂ ਉਸ ਦੇ ਵਿਰੁਧ ਨਹੀਂ, ਉਸ ਦੀ ਫਾਸਿਸਟ ਵਿਚਾਰਧਾਰਾ ਦੇ ਖਿਲਾਫ ਬੋਲ ਸਕਦਾ ਹਾਂ।`
ਬਰਾਜ਼ੀਲ
ਸਰਦਾਰ ਅਜੀਤ ਸਿੰਘ ਦੀ ਸਿਹਤ ਖਰਾਬ ਰਹਿੰਦੀ ਸੀ, ਗਦਰੀ ਬਾਬਾ ਰਤਨ ਸਿੰਘ ਦੇ ਕਹਿਣ ‘ਤੇ ਉਹ ਬਰਾਜ਼ੀਲ ਚਲਾ ਗਿਆ ਅਤੇ ਉਥੇ ਕ੍ਰਾਂਤੀਕਾਰੀ ਸੰਸਥਾ ਬਣਾਈ। ਕਈ ਸਾਲ ਪੰਜਾਬੀਆਂ ਨੂੰ ਵਸਾਉਣ ਦੇ ਉੁਪਰਾਲੇ ਕਰਦਾ ਰਿਹਾ। ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਪੁਲਿਸ ਸੁਪਰਡੈਂਟ ਜੇ.ਪੀ. ਸਾਂਡਰਸ ਦਾ ਕਤਲ (17 ਸਤੰਬਰ, 1928) ਹੋ ਗਿਆ। ਇਹ ਕਤਲ ਭਗਤ ਸਿੰਘ ਅਤੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਸੀ (ਯਾਦ ਰਹੇ, ਸਾਂਡਰਸ ਦੇ ਕਤਲ ਬਾਰੇ ਲਾਹੌਰ ਪੁਲਿਸ ਸਟੇਸ਼ਨ ਦੀ ਰਿਪੋਰਟ ਵਿਚ ਭਗਤ ਸਿੰਘ ਦਾ ਨਾਂ ਨਹੀਂ)। ਭਗਤ ਸਿੰਘ ਨੇ ਆਪਣੇ ਚਾਚੇ ਨਾਲ ਸੰਪਰਕ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਭਗਤ ਸਿੰਘ ਦੇ ਸਕੂਲ ਵੇਲੇ ਦੇ ਇਕ ਦੋਸਤ ਦਾ ਪਿਤਾ ਗਦਰ ਪਾਰਟੀ ਦਾ ਹਮਾਇਤੀ ਸੀ। ਉਸ ਨੂੰ ਅਜੀਤ ਸਿੰਘ ਦੇ ਟਿਕਾਣੇ ਬਾਰੇ ਪਤਾ ਸੀ। ਉਸ ਨੇ ਕਿਹਾ ਕਿ ਭਗਤ ਸਿੰਘ ਆਪਣੇ ਖਤ ਸੈਨ ਫਰਾਂਸਿਸਕੋ ਦੇ ਗੁਪਤ ਪਤੇ ‘ਤੇ ਭੇਜੇ ਜਿਨ੍ਹਾਂ ਨੂੰ ਅਜੀਤ ਸਿੰਘ ਤਕ ਪਹੁੰਚਾ ਦਿੱਤਾ ਜਾਵੇਗਾ। ਇਸ ਤਰ੍ਹਾਂ ਅਜੀਤ ਸਿੰਘ ਨਾਲ ਭਗਤ ਸਿੰਘ ਦਾ ਖਤ ਰਾਹੀਂ ਸੰਪਰਕ ਹੋਇਆ। ਖਤਾਂ ਵਿਚ ਭਗਤ ਸਿੰਘ ਨੇ ਲਿਖਿਆ ਕਿ ਚਾਚਾ ਅਜੀਤ ਸਿੰਘ ਵਾਪਸ ਆ ਕੇ ਆਜ਼ਾਦੀ ਦੀ ਜੰਗ ਜਾਰੀ ਰੱਖੇ। ਜਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਅਜੀਤ ਸਿੰਘ ‘ਤੇ ਇਸ ਦਾ ਗਹਿਰਾ ਅਸਰ ਹੋਇਆ। ਉਸ ਦਾ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਦਾ ਇਰਾਦਾ ਹੋਰ ਵੀ ਦ੍ਰਿੜ ਹੋ ਗਿਆ।
ਅਰਜਨਟੀਨਾ
ਸਿਹਤ ਖਰਾਬ ਰਹਿਣ ਕਰ ਕੇ ਡਾਕਟਰਾਂ ਨੇ ਕਿਹਾ ਕਿ ਅਜੀਤ ਸਿੰਘ ਨੂੰ ਕਿਸੇ ਠੰਢੀ ਥਾਂ ਭੇਜਿਆ ਜਾਵੇ। ਬਾਬਾ ਰਤਨ ਸਿੰਘ ਦੀ ਕੋਸ਼ਿਸ਼ ਨਾਲ ਉਹ ਅਰਜਨਟੀਨਾ ਪਹੁੰਚ ਗਿਆ। ਰਤਨ ਸਿੰਘ ਉਥੇ ਦੀ ਗਦਰ ਪਾਰਟੀ ਦਾ ਜਨਰਲ ਸੈਕਟਰੀ ਸੀ। ਦੂਜੀ ਸੰਸਾਰ ਜੰਗ ਖਤਮ ਹੋ ਗਈ ਤੇ ਜਰਮਨ ਹਾਰ ਗਿਆ। ਅਜੀਤ ਸਿੰਘ ਮੁੜ ਕੇ ਜਰਮਨ ਚਲਾ ਗਿਆ। ਬ੍ਰਿਟਿਸ਼ ਸਰਕਾਰ ਨੇ ਉਥੋਂ ਗ੍ਰਿਫਤਾਰ ਕਰ ਕੇ ਇੰਗਲੈਂਡ ਭੇਜ ਦਿੱਤਾ।
ਹਿੰਦੋਸਤਾਨ ਵਾਪਸੀ
ਹਿੰਦੋਸਤਾਨ ਆਜ਼ਾਦ ਹੋ ਗਿਆ। 1946 ਵਿਚ ਰਾਜਭਾਗ ਭਾਰਤੀਆਂ ਦੇ ਹਵਾਲੇ ਕੀਤਾ ਜਾਣਾ ਸੀ। ਅਜੀਤ ਸਿੰਘ ਨੂੰ ਜਰਮਨੀ ਦੀ ਜੇਲ੍ਹ ਤੋਂ ਲੰਡਨ ਲਿਆਂਦਾ ਗਿਆ ਤਾਂ ਕਿ ਉਸ ਨੂੰ ਹਿੰਦੋਸਤਾਨ ਭੇਜਿਆ ਜਾ ਸਕੇ। ਅਜੀਤ ਸਿੰਘ ਲਈ ਲੰਡਨ ਵਿਚ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨੇ ਗੁਰਦੁਆਰੇ ਵਿਚ ਸਵਾਗਤੀ ਮੀਟਿੰਗ ਰੱਖੀ। ਇੰਡੀਅਨ ਕੌਂਸਲ ਜਨਰਲ ਨੇ ਕਿਹਾ ਕਿ ਗੁਰਦੁਆਰੇ ਵਿਚ ਮੀਟਿੰਗ ਨਹੀਂ ਹੋ ਸਕਦੀ, ਕਿਉਂਕਿ ਦੇਸ਼ ਭਗਤਾਂ ਵਿਚ ਮੁਸਲਮਾਨ ਅਤੇ ਹਿੰਦੂ ਵੀ ਹਨ। ਉਹ ਖੁਦ ਮੁਸਲਮਾਨ ਸੀ। ਅਜੀਤ ਸਿੰਘ ਅਤੇ ਗੁਰਦੁਆਰੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ। ਕੌਂਸਲ ਜਨਰਲ ਨੇ ਬਹਾਨਾ ਲਾਇਆ, ‘ਪੰਡਤ ਨਹਿਰੂ ਨਹੀਂ ਚਾਹੁੰਦੇ ਕਿ ਅਜੀਤ ਸਿੰਘ ਕੋਈ ਭਾਸ਼ਣ ਦੇਵੇ। ਪਤਾ ਲੱਗਿਆ ਕਿ ਪੰਡਤ ਜੀ ਦਾ ਅਜਿਹਾ ਕੋਈ ਸੰਦੇਸ਼ ਨਹੀਂ ਸੀ ਮਿਲਿਆ। ਅਜੀਤ ਸਿੰਘ ਨੇ ਗੁਰਦੁਆਰੇ ਵਿਚ ਭਾਸ਼ਣ ਦਿੱਤਾ। 7 ਅਗਸਤ, 1947 ਨੂੰ ਹਵਾਈ ਜਹਾਜ਼ ਰਾਹੀਂ ਉਹ ਕਰਾਚੀ ਅੱਪੜ ਗਏ ਜਿੱਥੇ ਹਿੰਦੋਸਤਾਨ ਦੀਆਂ ਸਾਰੀਆਂ ਪਾਰਟੀਆਂ ਨੇ ਭਰਵਾਂ ਸਵਾਗਤ ਕੀਤਾ। ਪੰਡਤ ਨਹਿਰੂ ਨੇ ਉਨ੍ਹਾਂ ਦੇ ਰਹਿਣ ਦਾ ਖਾਸ ਇੰਤਜ਼ਾਮ ਕੀਤਾ ਅਤੇ ਛੇਤੀ ਦਿੱਲੀ ਆ ਕੇ ਮਿਲਣ ਲਈ ਕਿਹਾ।
ਪਤਨੀ ਨਾਲ 38 ਸਾਲਾਂ ਬਾਅਦ ਮੁਲਾਕਾਤ
ਅਜੀਤ ਸਿੰਘ 1903 ਵਿਚ ਬਾਬਾ ਧਨਪਤ ਰਾਏ ਪਾਸ ਕੋਈ ਸਲਾਹ ਲੈਣ ਕਸੂਰ ਗਿਆ ਸੀ। ਬਾਬਾ ਜੀ ਸੂਫੀਵਾਦ ਵਿਚ ਯਕੀਨ ਰੱਖਦੇ ਸਨ। ਉਨ੍ਹਾਂ ਨੇ ਲੜਕੀ ਜਿਸ ਦਾ ਨਾਂ ਨਾਮੋ ਸੀ, ਗੋਦ ਲਈ ਹੋਈ ਸੀ। ਜਦ ਅਜੀਤ ਸਿੰਘ ਬਾਬਾ ਜੀ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ ਤਾਂ ਨਾਮੋ ਬੁੱਲ੍ਹੇ ਸ਼ਾਹ ਦੇ ਮੇਲੇ ‘ਤੇ ਜਾਣ ਲਈ ਇਜਾਜ਼ਤ ਲੈਣ ਆਈ। ਜਦ ਇਜਾਜ਼ਤ ਲੈ ਕੇ ਉਹ ਮੇਲੇ ਚਲੀ ਗਈ ਤਾਂ ਬਾਬਾ ਜੀ ਨੇ ਅਜੀਤ ਸਿੰਘ ਨੂੰ ਵਿਆਹ ਬਾਰੇ ਪੁੱਛਿਆ। ਅਜੀਤ ਸਿੰਘ ਨੇ ਕਿਹਾ, ‘ਕਾਹਲੀ ਕਾਹਦੀ ਹੈ`! ਬਾਬਾ ਜੀ ਨੇ ਕਿਹਾ, ‘ਕੁਦਰਤ ਦਾ ਅਸੂਲ ਹੈ ਕਿ ਇਨਸਾਨੀਅਤ ਦੇ ਵਿਕਾਸ ਲਈ ਮਰਦ-ਔਰਤ ਦਾ ਸਾਥ ਹੋਣਾ ਚਾਹੀਦਾ ਹੈ। ਨਾਮੋ ਤੇਰੇ ਸਾਥ ਲਈ ਯੋਗ ਹੈ`। ਅਜੀਤ ਸਿੰਘ ਮੰਨ ਗਏ ਤਾਂ ਉਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਹ 1907 ਵਿਚ ਜਲਾਵਤਨ ਹੋ ਗਏ। ਹੁਣ ਉਹ 38 ਸਾਲਾਂ ਬਾਅਦ ਆਪਣੀ ਪਤਨੀ ਹਰਨਾਮ ਕੌਰ ਨੂੰ ਮਿਲ ਰਹੇ ਸਨ।
ਮੰਦੇ ਭਾਗਾਂ ਨੂੰ ਪੰਜਾਬ ਦੀ ਵੰਡ ਸ਼ੁਰੂ ਹੋ ਗਈ ਜਿਸ ਦਾ ਉਨ੍ਹਾਂ ਦੀ ਸਿਹਤ ‘ਤੇ ਹੋਰ ਵੀ ਗਹਿਰਾ ਅਸਰ ਪਿਆ। ਉਸ ਮੁਲਕ ਦੀ ਵੰਡ ਉਹ ਕਿਵੇਂ ਜਰ ਸਕਦੇ ਸਨ ਜਿਸ ਦੀ ਆਜ਼ਾਦੀ ਲਈ ਸਾਰਾ ਜੀਵਨ ਅਰਪਣ ਕਰ ਦਿੱਤਾ। ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਾ ਸੌਰਿਆ। ਸਖਤ ਬਿਮਾਰ ਪੈ ਗਏ ਤੇ ਡਾਕਟਰਾਂ ਦੇ ਕਹਿਣ ‘ਤੇ ਡਲਹੌਜ਼ੀ ਭੇਜ ਦਿੱਤਾ ਗਿਆ। ਮੁਲਕ ਦੀ ਵੰਡ ਦਾ ਦੁੱਖ ਉਨ੍ਹਾਂ ਨੂੰ ਘੁਣ ਵਾਂਗ ਖਾ ਰਿਹਾ ਸੀ। ਜਦ 15 ਅਗਸਤ, 1947 ਨੂੰ ਲਾਲ ਕਿਲ੍ਹੇ ‘ਤੇ ਕੌਮੀ ਤਰੰਗਾ ਝੁਲਾਇਆ ਜਾ ਰਿਹਾ ਸੀ ਤਾਂ ਅਜੀਤ ਸਿੰਘ ਆਖਰੀ ਸਾਹ ਲੈ ਰਿਹਾ ਸੀ। ਸਵੇਰੇ 4 ਵਜੇ ਪਤਨੀ ਨੂੰ ਜਗਾਇਆ, ਹੱਥ ਜੋੜ ਕੇ ਕਿਹਾ, ‘ਮੈਂ ਭਾਰਤ ਮਾਤਾ ਦੀ ਸੇਵਾ ਕਰਦਾ ਰਿਹਾ, ਤੁਹਾਡੇ ਪ੍ਰਤੀ ਬਣਦਾ ਰਿਣ ਨਾ ਚੁਕਾ ਸਕਿਆ, ਮੈਨੂੰ ਮੁਆਫ ਕਰਨਾ।` ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਅਨੁਸਾਰ, ‘ਇਹ ਕਹਿੰਦਿਆਂ ਉਨ੍ਹਾਂ ਦੇ ਦੋਵੇਂ ਹੱਥ ਹਰਨਾਮ ਕੌਰ ਦੇ ਪੈਰਾਂ ਨੂੰ ਛੂਹ ਗਏ। ਉਹ ਚੌਂਕ ਕੇ ਪਿੱਛੇ ਹਟ ਗਈ ਤੇ ਤਕੀਏ ਦੀ ਢੋਹ ਠੀਕ ਕਰਦਿਆਂ ਕਿਹਾ, ‘ਸਰਦਾਰ ਜੀ ਇਹ ਕੀ`। ਉਨ੍ਹਾਂ ਕਿਹਾ, `ਜੈ ਹਿੰਦ` ਤੇ ਜੀਵਨ ਤੋਂ ਮੁਕਤ ਹੋ ਗਏ।`
ਅਜੀਤ ਸਿੰਘ ਕੱਟੜ ਨੈਸ਼ਨਲਿਸਟ ਵਿਚਾਰਾਂ ਦੀ ਹਾਮੀ ਭਰਦੇ ਸਨ ਜਦ ਕਿ ਰਤਨ ਸਿੰਘ ਕੱਟੜ ਕਮਿਊਨਿਜ਼ਮ ਵਿਚ ਵਿਸ਼ਵਾਸ ਰਖਦੇ ਸਨ। ਬਾਬਾ ਭਗਤ ਸਿੰਘ ਬਿਲਗਾ (ਸੰਨ 2000) ਲਿਖਦੇ ਹਨ, ‘ਦੋਹਾਂ ਵਿਚ ਬਹਿਸ ਹੁੰਦੀ ਰਹਿੰਦੀ ਅਤੇ ਕਈ ਵਾਰੀ ਤਲਖੀ ਤੱਕ ਵੀ ਅੱਪੜ ਜਾਂਦੀ ਪਰ ਦੁਪਹਿਰ ਦੀ ਰੋਟੀ ਵੇਲੇ ਇਕ ਦੂਜੇ ਨੂੰ ਕਹਿੰਦੇ, ‘ਚੱਲ ਭਾਈ ਹੁਣ ਖਾਣਾ ਖਾਈਏ`। ਦਿਨਾਂ ਬੱਧੀ ਬਹਿਸ ਤੋਂ ਬਾਅਦ ਸਹਿਮਤ ਨਾ ਹੁੰਦੇ ਪਰ ਪਾਰਟੀ ਦੀ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਇਨਕਲਾਬੀ ਮੁਹਿੰਮ ਬਾਰੇ ਜ਼ਰੂਰ ਸਹਿਮਤ ਹੋ ਜਾਂਦੇ। ਬਾਬਾ ਰਤਨ ਸਿੰਘ ਦਰਅਸਲ ਸਰਦਾਰ ਅਜੀਤ ਸਿੰਘ ਦੀ ਸਿਹਤ ਬਾਰੇ ਫਿਕਰਮੰਦ ਸਨ। ਇਸੇ ਮਕਸਦ ਲਈ ਗਦਰ ਪਾਰਟੀ ਨੇ ਉਨ੍ਹਾਂ ਨੂੰ ਬਰਾਜ਼ੀਲ ਭੇਜਿਆ ਸੀ। ਡਾਕਟਰਾਂ ਦੀ ਰਿਪੋਰਟ ਸੀ ਕਿ ਸਰਦਾਰ ਅਜੀਤ ਸਿੰਘ ਨੂੰ ਜਲਦੀ ਤੋਂ ਜਲਦੀ ਕਿਸੇ ਠੰਢੀ ਜਗ੍ਹਾ ‘ਤੇ ਅਪੜਾ ਦੇਣਾ ਚਾਹੀਦਾ ਹੈ, ਬਰਾਜ਼ੀਲ ਦੀ ਸਖਤ ਗਰਮੀ ਵਿਚ ਰਹਿੰਦਿਆਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਮਹੀਨੇ ਤੋਂ ਬਾਅਦ ਬਾਬਾ ਰਤਨ ਸਿੰਘ ਅਰਜਨਟੀਨਾ ਪੁੱਜ ਗਏ ਅਤੇ ਭਗਤ ਸਿੰਘ ਬਿਲਗਾ (ਜਨਰਲ ਸੈਕਟਰੀ, ਗਦਰ ਪਾਰਟੀ, ਅਰਜਨਟੀਨਾ) ਨੂੰ ਅਜੀਤ ਸਿੰਘ ਦੀ ਸਿਹਤ ਬਾਰੇ ਰਿਪੋਰਟ ਦਿੱਤੀ। ਇਸ ਬ੍ਰਾਂਚ ਨੇ ਫੈਸਲਾ ਕੀਤਾ ਕਿ ਸਰਦਾਰ ਅਜੀਤ ਸਿੰਘ ਨੂੰ ਫੌਰਨ ਅਰਜਨਟੀਨਾ ਸੱਦਿਆ ਜਾਵੇ ਅਤੇ ਸ਼ਿਮਲੇ ਵਰਗੀ ਠੰਢੀ ਜਗ੍ਹਾ ‘ਤੇ ਇਲਾਜ ਲਈ ਭੇਜਿਆ ਜਾਵੇ। ਸਰਦਾਰ ਅਜੀਤ ਸਿੰਘ ਨੇ ਆਪਣਾ ਸਾਰਾ ਸਮਾਨ ਪੈਕ ਕਰ ਕੇ ਆਪਣੀ ਵੱਡਮੁਲੀ ਲਾਇਬ੍ਰੇਰੀ, ਟਾਈਪਰਾਈਟਰ ਆਦਿ ਸਮੁੰਦਰੀ ਜਹਾਜ਼ ਰਾਹੀਂ ਅਰਜਨਟੀਨਾ ਗਦਰ ਬ੍ਰਾਂਚ ਨੂੰ ਭੇਜ ਦਿੱਤਾ ਅਤੇ ਕੁਝ ਅਰਸੇ ਬਾਅਦ ਖੁਦ ਵੀ ਅਰਜਨਟੀਨਾ ਪਹੁੰਚ ਗਏ।
ਰਤਨ ਸਿੰਘ ਅਰਜਨਟੀਨਾ ਵਿਚ ਹਿੰਦੋਸਤਾਨੀਆਂ ਨੂੰ ਜਥੇਬੰਦ ਕਰ ਕੇ ਗਦਰ ਪਾਰਟੀ ਦੀ ਸ਼ਾਖਾ ਖੋਲ੍ਹਣੀ ਚਾਹੁੰਦੇ ਸਨ। ਭਗਤ ਸਿੰਘ ਬਿਲਗਾ ਬਾਰੇ ਉਨ੍ਹਾਂ ਨੂੰ ਪਤਾ ਸੀ ਜੋ ਰੋਸਾਰੀਓ ਸ਼ਹਿਰ ਵਿਚ ਕੰਮ ਕਰਦਾ ਸੀ। ਉਥੇ ਕੁਝ ਹੋਰ ਹਿੰਦੋਸਤਾਨੀ ਵੀ ਵੱਖ-ਵੱਖ ਇਲਾਕਿਆਂ ਵਿਚ ਕੰਮ ਕਰਦੇ ਸਨ ਜਿਨ੍ਹਾਂ ਵਿਚੋਂ ਇਕ ਬਚਨ ਸਿੰਘ ਘੋਲੀਆ ਸੀ। ਬਿਲਗੇ ਨੇ ਰਤਨ ਸਿੰਘ ਨੂੰ ਬਚਨ ਸਿੰਘ ਘੋਲੀਆ ਕੋਲ ਭੇਜਿਆ ਅਤੇ ਉਸ ਨੇ ਗਦਰ ਪਾਰਟੀ ਬਣਾਉਣ ਦਾ ਸੁਝਾਅ ਦਿੱਤਾ। ਘੋਲੀਆ ਨੇ 7-8 ਬੰਦੇ ਮਿਲਾਏ ਅਤੇ ਹੋਰ ਮਿਲਾਉਣ ਲਈ ਅਗਲੇ ਸਟੇਸ਼ਨ ਵਲ ਚਾਲੇ ਪਏ। ਗੱਡੀ ਦਾ ਕੋਈ ਵੇਲਾ ਨਹੀਂ ਸੀ, ਇਸ ਲਈ ਉਹ ਪੈਦਲ ਹੀ 14-15 ਮੀਲ ਤੁਰ ਕੇ ਅਗਲੇ ਸਟੇਸ਼ਨ ‘ਤੇ ਪਹੁੰਚ ਗਏ। ਉਥੇ ਵੀ 10 ਕੁ ਹਿੰਦੋਸਤਾਨੀ ਸਨ ਜਿਨ੍ਹਾਂ ਨਾਲ ਸ਼ਾਮ ਨੂੰ ਮੀਟਿੰਗ ਕੀਤੀ। ਇਥੋਂ ਅਗਲਾ ਸਟੇਸ਼ਨ 15 ਕੁ ਕਿਲੋਮੀਟਰ ‘ਤੇ ਸੀ ਅਤੇ ਉਥੇ ਵੀ 30-35 ਹਿੰਦੋਸਤਾਨੀ ਕੰਮ ਕਰਦੇ ਸਨ। ਬਚਨ ਸਿੰਘ ਨੇ ਇਨ੍ਹਾਂ ਸਾਰਿਆਂ ਨੂੰ ਗਦਰ ਲਹਿਰ ਬਾਰੇ ਗੱਲ ਸਮਝਾ ਕੇ ਫੰਡ ਦੇਣ ਲਈ ਅਰਜ਼ ਕੀਤੀ। ਸਾਰਿਆਂ ਨੇ ਪੰਜ, ਦਸ ਜਾਂ ਜਿੰਨੇ ਵੀ ਕਿਸੇ ਤੋਂ ਸਰੇ, ਪੈਸੇ ਦਿੱਤੇ। ਬਚਨ ਸਿੰਘ ਨੇ 18 ਡਾਲਰ ਦੀ ਸਹਾਇਤਾ ਕੀਤੀ। ਰਤਨ ਸਿੰਘ ਨੇ ਵਾਪਸ ਆ ਕੇ ਸਾਰੀ ਰਿਪੋਰਟ ਬਾਬਾ ਬਿਲਗਾ ਨੂੰ ਦਿੱਤੀ। ਉਸ ਨੇ ਕੈਲੀਫੋਰਨੀਆ ਵਿਚ ਤੇਜਾ ਸਿੰਘ ਸੁਤੰਤਰ ਨੂੰ ਪਹੁੰਚਾ ਦਿੱਤੀ ਜਿਸ ਵਿਚ ਬਚਨ ਸਿੰਘ ਘੋਲੀਆ ਦੇ ਸਹਿਯੋਗ ਦਾ ਖਾਸ ਜ਼ਿਕਰ ਕੀਤਾ ਅਤੇ ਤਸੱਲੀ ਦਿੱਤੀ ਕਿ ਅਰਜਨਟੀਨਾ ਵਿਚ ਗਦਰ ਪਾਰਟੀ ਬਣ ਸਕਦੀ ਹੈ। ਸੁਤੰਤਰ ਨੇ ਬਚਨ ਸਿੰਘ ਨੂੰ ‘ਗਦਰ ਗੂੰਜ` ਅਖਬਾਰ ਲਗਾਤਾਰ ਭੇਜਣਾ ਸ਼ੁਰੂ ਕਰ ਦਿੱਤਾ। ਉਹ ਅਖਬਾਰ ਨੂੰ ਅਰਜਨਟੀਨਾ ਦੇ ਸਾਰੇ ਮੈਂਬਰਾਂ ਨੂੰ ਪੜ੍ਹਾਉਂਦਾ। ਇਸ ਵਿਚ ਬਹੁਤ ਜੋਸ਼ੀਲੀਆਂ ਕਵਿਤਾਵਾਂ ਹੁੰਦੀਆਂ ਜਿਨ੍ਹਾਂ ਨੂੰ ਪੜ੍ਹ ਕੇ ਸਾਰਿਆਂ ਦਾ ਖੂਨ ਖੌਲਣ ਲੱਗ ਪੈਂਦਾ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਜ਼ਬਾ ਠਾਠਾਂ ਮਾਰਦਾ। (ਪੁਸਤਕ ‘ਹਿੰਦੋਸਤਾਨ ਦਾ ਆਜ਼ਾਦੀ ਸੰਗਰਾਮ: ਗਦਰੀ ਲਹਿਰਾਂ ਦੀ ਹਿੱਸੇਦਾਰੀ’ ਵਿਚੋਂ)