ਬੈਚ ਫੁੱਲ ਸਿਰਾਟੋ-ਸਵੈ ਅਵਿਸ਼ਵਾਸ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਬੈਚ-ਫੁੱਲ ਦਵਾਈਆਂ ਨਿਰਸੰਦੇਹ ਡਾਕਟਰਾਂ ਤੇ ਸਿਹਤ ਕਰਮੀਆਂ ਲਈ ਵਰਦਾਨ ਹਨ। ਉਹ ਇਨ੍ਹਾਂ ਨੂੰ ਆਪਣੀਆਂ ਮੁੱਖ ਪੱਧਤੀਆਂ ਦੀਆਂ ਦਵਾਈਆਂ ਦੇ ਨਾਲ ਨਾਲ ਵਰਤ ਸਕਦੇ ਹਨ। ਹੋਮਿਓਪੈਥੀ, ਐਲੋਪੈਥੀ ਤੇ ਆਯੁਰਵੈਦਿਕ ਦਵਾਈਆਂ ਨਾਲ ਇਨ੍ਹਾਂ ਦਵਾਈਆਂ ਦੀ ਕੋਈ ਵਿਰੋਧਤਾਈ ਨਹੀਂ ਹੈ ਤੇ ਨਾ ਹੀ ਇਨ੍ਹਾਂ ਦਾ ਆਪਸ ਵਿਚ ਕੋਈ ਟਕਰਾਓ ਹੈ। ਜੇ ਇਹ ਵੱਧ ਘੱਟ ਜਾਂ ਸਮੇਂ ਤੋਂ ਅੱਗੇ ਪਿੱਛੇ ਵੀ ਦਿੱਤੀਆਂ ਜਾਣ ਤਾਂ ਵੀ ਕੋਈ ਹਰਜ਼ ਨਹੀਂ। ਇਨ੍ਹਾਂ ਦੀ ਸੀਮਤ ਗਿਣਤੀ, ਸਪਸ਼ਟ ਵਰਣਨ ਤੇ ਸੰਖੇਪ ਮੈਟੀਰੀਆ ਮੈਡੀਕਾ (ੰਅਟੲਰਅਿ ੰੲਦਚਿਅ) ਹੋਣ ਕਾਰਨ ਇਨ੍ਹਾਂ ਨੂੰ ਵਰਤਣ ਲਈ ਕਿਸੇ ਵਿਸ਼ੇਸ਼ ਸਿਖਿਆ ਟ੍ਰੇਨਿੰਗ ਦੀ ਲੋੜ ਵੀ ਨਹੀਂ।

ਪਰ ਜੇ ਬੈਚ ਪ੍ਰਣਾਲੀ ਇੰਨੀ ਹੀ ਸੁਖਾਲੀ ਤੇ ਲਾਭਦਾਇਕ ਹੈ ਤਾਂ ਇਹ ਡਾਕਟਰਾਂ ਹਕੀਮਾਂ ਦੀ ਥਾਂ ਸਿੱਧੀ ਆਮ ਵਿਅਕਤੀਆਂ ਲਈ ਵਰਦਾਨ ਸਾਬਤ ਕਿਉਂ ਨਹੀਂ ਹੋ ਸਕਦੀ? ਆਮ ਆਦਮੀ, ਜੋ ਅਕਸਰ ਬੀਮਾਰ ਹੁੰਦੇ ਰਹਿੰਦੇ ਹਨ, ਦਿਨ ਰਾਤ ਡਾਕਟਰਾਂ ਕੋਲ ਉਹ ਭੱਜੇ ਫਿਰਦੇ ਹਨ, ਪੈਸਾ ਲੁਟਾਉਂਦੇ ਹਨ, ਮਹਿੰਗੇ ਇਲਾਜਾਂ ਤੋ ਬਚਣ ਲਈ ਘਰੇਲੂ ਦਵਾਈਆਂ ਲੱਭਦੇ ਹਨ ਤੇ ਗੂਗਲ ਤੋਂ ਨੁਸਖੇ ਖੋਜਦੇ ਹਨ, ਉਹ ਇਸ ਤੋਂ ਸਿੱਧਾ ਫਾਇਦਾ ਕਿਉਂ ਨਹੀਂ ਉਠਾ ਸਕਦੇ? ਹਾਂ, ਇਹ ਉਨ੍ਹਾਂ ਲਈ ਵੀ ਬਰਾਬਰ ਦਾ ਵਰਦਾਨ ਸਾਬਤ ਹੋ ਸਕਦੀ ਹੈ, ਜੇ ਉਹ ਇਸ ਪਾਸੇ ਉੱਦਮ ਕਰਨ ਤਾਂ, ਭਾਵ ਜੇ ਉਹ ਆਪ ਇਸ ਪ੍ਰਣਾਲੀ ਦੀਆਂ 39 ਦਵਾਈਆਂ ਵਰਤਣਾ ਸਿੱਖ ਲੈਣ। ਇਹ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਕੋਈ ਆਪਣੇ ਦਿਮਾਗ ਵਿਚ ਕਿਸ ਦੇ ਵਿਚਾਰ ਲਈ ਫਿਰਦਾ ਹੈ ਤੇ ਕਿਸ ਦੀ ਭਾਸ਼ਾ ਵਿਚ ਗੱਲ ਕਰਦਾ ਹੈ। ਕਈ ਆ ਕੇ ਕਹਿਣਗੇ ਪੈਰ ਦੀ ਹੱਡੀ ਵਧੀ ਹੋਈ ਹੈ ਤੇ ਕਈ ਕਹਿਣਗੇ ਕੋਲੈਸਟ੍ਰੋਲ (ਛਹੋਲੲਸਟੲਰੋਲ) ਵਧਿਆ ਹੋਇਆ ਹੈ; ਪਰ ਜੇ ਪੁੱਛੋ ਕਿ ਕੀ ਤੁਸੀਂ ਇਨ੍ਹਾਂ ਵਿਚੋਂ ਕਦੇ ਕਿਸੇ ਨੂੰ ਦੇਖਿਆ ਹੈ ਤਾਂ ਕਹਿਣਗੇ, ‘ਨਾ ਮੈਂ ਤਾਂ ਨੀ ਦੇਖਿਆ, ਡਾਕਟਰ ਕਹਿੰਦਾ ਸੀ।’ ਸਪਸ਼ਟ ਹੈ, ਉਹ ਡਾਕਟਰ ਦੀ ਭਾਸ਼ਾ ਬੋਲ ਰਹੇ ਹੁੰਦੇ ਹਨ, ਆਪਣੀ ਨਹੀਂ। ਜੇ ਉਹ ਆਪਣੀ ਭਾਸ਼ਾ ਬੋਲਦੇ ਹੁੰਦੇ ਤਾਂ ਆਪਣੀ ਤਕਲੀਫ ਦੱਸਦੇ, ਜੋ ਸਿਰਫ ਉਨ੍ਹਾਂ ਨੂੰ ਹੋ ਰਹੀ ਹੁੰਦੀ ਹੈ। ਜੇ ਉਨ੍ਹਾਂ ਨੇ ਬੈਚ-ਫੁੱਲ ਦਵਾਈਆਂ ਦੀ ਵਰਤੋਂ ਕੀਤੀ ਹੁੰਦੀ ਤਾਂ ਉਹ ਹਮੇਸ਼ਾ ਆਪਣੀ ਹੀ ਭਾਸ਼ਾ ਵਿਚ ਸੋਚਦੇ ਤੇ ਇਸੇ ਵਿਚ ਬੋਲਦੇ। ਇਨ੍ਹਾਂ ਦੇ ਲੈਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਉਨ੍ਹਾਂ ਨੇ ਉਂਜ ਹੀ ਬਚੇ ਰਹਿਣਾ ਸੀ। ਇਸ ਲਈ ਇਹ ਇਕ ਵੱਡਾ ਕਲਿਆਣਕਾਰੀ ਕਦਮ ਹੋਵੇ, ਜੇ ਸਕੂਲ ਪੱਧਰ `ਤੇ ਹੀ ਬੈਚ ਫੁੱਲ ਚਿਕਿਤਸਾ ਦਾ ਸੰਖੇਪ ਕੋਰਸ ਸਭ ਵਿਦਿਆਰਥੀਆਂ ਲਈ ਲਾਜ਼ਮੀ ਕਰ ਦਿੱਤਾ ਜਾਵੇ। ਕੋਈ ਅਣਜਾਣ ਹੀ ਇਸ ਵਿਚਾਰ ਦਾ ਵਿਰੋਧ ਕਰੇਗਾ।
ਕਾਰਨ ਇਹ ਕਿ ਇਸ ਪ੍ਰਣਾਲੀ ਦੀ ਹਰ ਇਕ ਦਵਾ ਅਲੌਕਿਕ ਗੁਣਾਂ ਨਾਲ ਭਰਪੂਰ ਹੈ। ਜਰਾ ਬੈਚ ਫੁੱਲ ਦਵਾਈ ਸਿਰਾਟੋ (ਛੲਰਅਟੋ) ਨੂੰ ਈ ਲਵੋ। ਇਹ ਕਿਸੇ ਲੋਕਤੰਤਰ ਲਈ ਚੰਗਾ ਪ੍ਰਧਾਨ ਮੰਤਰੀ ਤਰਾਸ਼ ਸਕਦੀ ਹੈ ਤੇ ਉਸ ਦੀਆਂ ਫੌਜਾਂ ਲਈ ਨਿਪੋਲੀਅਨ ਜਿਹੇ ਫੌਲਾਦੀ ਇਰਾਦੇ ਵਾਲਾ ਜਰਨੈਲ; ਜਾਂ ਉਸ ਨੂੰ ਵੀ ਹਰਾਉਣ ਵਾਲੇ ਡਿਊਕ ਆਫ ਵਾਲਿੰਗਟਨ ਜਿਹਾ ਚੱਟਾਨੀ ਮਨਸੂਬਿਆਂ ਵਾਲਾ ਯੋਧਾ ਦੇ ਸਕਦੀ ਹੈ। ਇਹ ਮਨੁੱਖ ਵਿਚ ਸਵੈ-ਨਿਰਣੇ ਦੀ ਘਾਟ ਖਤਮ ਕਰਕੇ ਲੀਡਰਸ਼ਿਪ ਦੇ ਗੁਣ ਪੈਦਾ ਕਰ ਸਕਦੀ ਹੈ। ਕੀ ਕਿਸੇ ਨੇ ਅਜਿਹੀ ਦਵਾਈ ਬਾਰੇ ਕਦੇ ਸੁਣਿਆ ਹੈ?
ਡਾ. ਬੈਚ ਅਨੁਸਾਰ ਸਿਰਾਟੋ ਦੇ ਮਰੀਜ਼ਾਂ ਵਿਚ ਆਤਮ-ਵਿਸ਼ਵਾਸ ਦੀ ਘਾਟ ਹੁੰਦੀ ਹੈ। ਉਂਜ ਉਹ ਸਮਝਦਾਰ ਤੇ ਗਿਆਨਵਾਨ ਹੁੰਦੇ ਹਨ, ਪਰ ਉਹ ਆਪਣੇ ਗਿਆਨ ਦਾ ਸਹੀ ਇਸਤੇਮਾਲ ਨਹੀਂ ਕਰ ਸਕਦੇ। ਉਹ ਆਪਣਾ ਲਿਆ ਫੈਸਲਾ ਠੀਕ ਨਹੀਂ ਸਮਝਦੇ, ਇਸ ਲਈ ਆਪਣੇ ਬਲਬੂਤੇ ’ਤੇ ਕੋਈ ਨਿਰਣਾ ਲੈ ਹੀ ਨਹੀਂ ਸਕਦੇ। ਉਨ੍ਹਾਂ ਵਿਚ ਆਤਮ-ਵਿਸ਼ਵਾਸ ਦੀ ਕਮੀ ਹੁੰਦੀ ਹੈ, ਇਸ ਲਈ ਉਹ ਦੂਜਿਆਂ ਤੋਂ ਸਲਾਹ ਲਏ ਬਿਨਾ ਅੱਗੇ ਨਹੀਂ ਚਲ ਸਕਦੇ। ਉਹ ਆਪਣੇ ਫੈਸਲੇ ਦੀ ਪ੍ਰੌੜਤਾ ਲਈ ਦੂਜਿਆਂ ਦੀ ਮਨਜੂਰੀ ਚਾਹੁੰਦੇ ਹਨ। ਉਹ ਚੰਗੇ ਕਲਰਕ ਜਾਂ ਚੰਗੇ ਸਿਪਾਹੀ ਤਾਂ ਹੋ ਸਕਦੇ ਹਨ, ਪਰ ਚੰਗੇ ਅਫਸਰ ਤੇ ਚੰਗੇ ਸਰਦਾਰ ਨਹੀਂ ਹੋ ਸਕਦੇ। ਸੋਚ ਸਮਝ ਦੇ ਬਾਵਜੂਦ ਉਨ੍ਹਾਂ ਵਿਚ ਪਹਿਲ-ਕਦਮੀ ਦੀ ਘਾਟ ਹੁੰਦੀ ਹੈ। ਉਹ ਉਦੋਂ ਤੀਕ ਕੋਈ ਕੰਮ ਸ਼ੁਰੂ ਨਹੀਂ ਕਰਦੇ, ਜਦੋਂ ਤੀਕ ਕਿ ਕੋਈ ਦੂਜਾ ਆ ਕੇ ਸ਼ੁਰੂ ਨਾ ਕਰਵਾ ਦੇਵੇ। ਅਫਸਰ ਤੇ ਇੰਜੀਨੀਅਰ ਕਿਸੇ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਹਰੀ ਝੰਡੀ ਵਾਲੇ ਨੂੰ ਉਡੀਕਦੇ ਹਨ। ਪ੍ਰਾਜੈਕਟ ਖਤਮ ਹੋਣ ਤੋਂ ਬਾਅਦ ਉਹ ਫੀਤਾ ਕੱਟ ਕੇ ਉਦਘਾਟਨ ਕਰਨ ਵਾਲਿਆਂ ਦਾ ਇੰਤਜਾਰ ਕਰਦੇ ਹਨ। ਹਸਪਤਾਲ ਵਾਲੇ ਕਿਸੇ ਨਵੀਂ ਮਸ਼ੀਨ ਜਾਂ ਲੈਬ ਨੂੰ ਵਰਤਣ ਤੋਂ ਪਹਿਲਾਂ ਕਿਸੇ ਉੱਘੇ ਨੇਤਾ ਤੋਂ ਬਟਨ ਦਬਵਾਉਂਦੇ ਹਨ। ਸੈਮੀਨਾਰਾਂ ਵਿਚ ਬੈਠੇ ਵਿਦਵਾਨ ਸਭ ਦੇ ਵਿਚਾਰ ਸੁਣਦੇ ਰਹਿੰਦੇ ਹਨ, ਪਰ ਆਪਣਾ ਵਿਚਾਰ ਪੇਸ਼ ਕਰਨ ਤੋਂ ਝਿਜਕਦੇ ਹਨ। ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਕੋਈ ਉਨ੍ਹਾਂ ਦੀ ਗੱਲ ਨੂੰ ਕੱਟ ਕੇ ਉਨ੍ਹਾਂ ਦੀ ਖਿੱਲ੍ਹੀ ਹੀ ਨਾ ਉੱਡਾ ਦੇਵੇ। ਉਹ ਇਸ ਨੂੰ ਉਦੋਂ ਤੀਕ ਆਪਣੇ ਅੰਦਰ ਸਾਂਭੀ ਰੱਖਦੇ ਹਨ, ਜਦੋਂ ਤੀਕ ਕਿ ਕੋਈ ਪਹਿਲਾ ਉਨ੍ਹਾਂ ਜਿਹਾ ਵਿਚਾਰ ਪ੍ਰਸਤੁਤ ਨਹੀਂ ਕਰ ਦਿੰਦਾ। ਉਹ ਦੂਜਿਆਂ ਦੇ ਵਿਚਾਰਾਂ ਦੇ ਪਿੱਛੇ ਚਲਦੇ ਹਨ ਤੇ ਉਨ੍ਹਾਂ ਦੀ ਤਾਈਦ ਕਰਦੇ ਹਨ।
ਸਿਰਾਟੋ ਦੇ ਮਰੀਜ਼ ਸਕੂਲ, ਕਾਲਜ, ਦਫਤਰ, ਸਟੋਰ, ਘਰ ਆਦਿ ਹਰ ਥਾਂ ਮਿਲ ਜਾਣਗੇ। ਉਨ੍ਹਾਂ ਦੀ ਨਿਸ਼ਾਨੀ ਹੈ ਕਿ ਜੇ ਉਨ੍ਹਾਂ ਨੂੰ ਕੁਝ ਪੁੱਛੋ ਤਾਂ ਉਹ ਉਸ ਦਾ ਆਪ ਜਵਾਬ ਨਹੀਂ ਦੇਣਗੇ। ਉਹ ਨਵ-ਸਿੱਖਿਆਂ ਵਾਂਗ ਕਿਸੇ ਦੂਜੇ ਨੂੰ ਜਵਾਬ ਦੇਣ ਲਈ ਕਹਿਣਗੇ। ਉਨ੍ਹਾਂ ਦਾ ਉੱਤਰ ਹੁੰਦਾ ਹੈ, “ਪਤਾ ਨਹੀਂ, ਪੁੱਛ ਕੇ ਦੱਸਦਾ ਹਾਂ।” ਮਾਂ ਕਹੇਗੀ, “ਤੇਰੇ ਪਾਪਾ ਆਉਂਦੇ ਨੇ, ਉਨ੍ਹਾਂ ਨੂੰ ਪਤਾ ਹੋਣਾ ਐ।” ਅਧਿਆਪਕ ਕਹੇਗਾ, “ਕਹਿ ਨਹੀਂ ਸਕਦਾ, ਗੂਗਲ `ਤੇ ਦੇਖ ਲੌ।” ਜੱਜ ਬਹਿਸ ਸੁਣ ਕੇ ਫੈਸਲਾ ਰਾਖਵਾਂ ਰੱਖ ਲਵੇਗਾ ਤੇ ਦੂਜੀਆਂ ਉੱਚ ਅਦਾਲਤਾਂ ਦੇ ਫੈਸਲੇ ਵੇਖ ਕੇ ਨਿਰਣਾ ਕਰੇਗਾ। ਕਿਸੇ ਬੱਸ ਸਟੈਂਡ `ਤੇ ਖੜ੍ਹੇ ਵਿਅਕਤੀ ਨੂੰ ਕਿਤੇ ਜਾਣ ਵਾਲੀ ਬੱਸ ਦਾ ਨੰਬਰ ਪੁੱਛੋ, ਕੰਨ ਜਿਹਾ ਖੁਰਚ ਕੇ ਨਾਲ ਖੜ੍ਹੇ ਵਿਅਕਤੀ ਨੂੰ ਪੁੱਛਣ ਲੱਗੇਗਾ, “ਭਈਆ! ਸ਼ਾਂਤੀ ਨਗਰ ਕੋ ਕੌਨ ਸਾ ਨੰਬਰ ਜਾਤੀ ਹੈ? ਬਤਾਨਾ ਇਨ ਕੋ।”
ਸਿਰਾਟੋ ਦੇ ਮਰੀਜ਼ ਆਪਣਾ ਕੁਝ ਕਹਿਣ ਦੀ ਥਾਂ ਦੂਜਿਆਂ ਦੀ ਨਕਲ ਕਰਦੇ ਹਨ। ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ ਹਮੇਸ਼ਾ ਦੂਜਿਆਂ ਦੇ ਨੋਟ ਕਾਪੀ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਬਣਾਏ ਨੋਟਾਂ `ਤੇ ਭਰੋਸਾ ਨਹੀਂ ਹੁੰਦਾ। ਇਮਤਿਹਾਨ ਵਿਚ ਬੈਠੇ ਵੀ ਉਹ ਨਕਲ ਮਾਰਨ ਦੀ ਕੋਸਿ਼ਸ਼ ਕਰਦੇ ਹਨ। ਉਹੀ ਪ੍ਰਸ਼ਨ ਪਹਿਲਾਂ ਹੱਲ ਕਰਨਗੇ, ਜੋ ਦੂਜੇ ਕਰਨਗੇ। ਆਪਣਾ ਠੀਕ ਲਿਖਿਆ ਉੱਤਰ ਕੱਟ ਦਿੰਦੇ ਹਨ ਤੇ ਦੂਜੇ ਦੇ ਉੱਤਰ ਨੂੰ ਵਧੇਰੇ ਠੀਕ ਸਮਝ ਕੇ ਕਾਪੀ ਕਰਨਾ ਚਾਹੁੰਦੇ ਹਨ। ਨਵੀਂ ਕਲਾਸ ਵਿਚ ਦਾਖਲੇ ਵੇਲੇ ਸਬਜੈਕਟ ਬਦਲਦੇ ਰਹਿਣਗੇ ਤੇ ਖੋਜ ਕਰਦਿਆਂ ਲੋਕਾਂ ਤੋਂ ਪੁੱਛ ਪੁੱਛ ਖੋਜ-ਵਿਸ਼ਾ ਤੇ ਗਾਈਡ ਬਦਲਦੇ ਰਹਿਣਗੇ। ਬੀਮਾਰ ਪੁੱਛਣਗੇ ਦਵਾਈ ਖਾਣੇ ਤੋਂ ਪਹਿਲਾਂ ਲੈਣੀ ਐਂ ਕਿ ਬਾਅਦ ਵਿਚ। ਔਰਤਾਂ ਤੇ ਮਰਦ ਆਪਣੇ ਕੱਪੜੇ, ਗਹਿਣੇ, ਜੁੱਤੇ ਆਦਿ ਖਰੀਦਣ ਲਈ ਦੂਜਿਆਂ ਦੀ ਪਸੰਦ `ਤੇ ਨਿਰਭਰ ਕਰਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਉਨ੍ਹਾਂ ਲਈ ਕਿਹੜੀ ਚੀਜ਼ ਠੀਕ ਹੈ, ਕਿਹੜੀ ਗਲਤ। ਇਹੀ ਨਹੀਂ, ਪਹਿਲਾਂ ਤਾਂ ਇਹ ਆਤਮ-ਨਿਰਭਰਤਾ ਦੀ ਘਾਟ ਵਾਲੇ ਵਿਅਕਤੀ ਆਪਣੇ ਫੈਸਲੇ ਦੂਜਿਆਂ ਤੋਂ ਪੁੱਛ ਕੇ ਕਰਦੇ ਹਨ ਤੇ ਫਿਰ ਕਿਸੇ ਹੋਰ ਸਲਾਹਕਾਰ ਦੇ ਕਹਿਣ `ਤੇ ਇਨ੍ਹਾਂ ਨੂੰ ਬਦਲ ਦਿੰਦੇ ਹਨ। ਠੇਠ ਪੰਜਾਬੀ ਭਾਸ਼ਾ ਵਿਚ ਇਨ੍ਹਾਂ ਨੂੰ ਵਹਿਮੀ ਕਹਿੰਦੇ ਹਨ।
ਡਾ. ਬੈਚ ਅਨੁਸਾਰ ਸਿਰਾਟੋ ਵਿਅਕਤਿਤਵ ਦੇ ਮਰੀਜ਼ ਆਪਣਾ ਡਾਕਟਰ ਬਦਲਦੇ ਰਹਿੰਦੇ ਹਨ। ਇਸ ਹਿਸਾਬ ਆਪਣੇ ਵਕੀਲ, ਕੋਚ, ਅਧਿਆਪਕ, ਦੋਸਤ ਤੇ ਜੀਵਨ ਸਾਥੀ ਬਦਲਣ ਵਾਲੇ ਸਾਰੇ ਲੋਕ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਹਨ, ਜੋ ਲੋਕ ਆਪਣਾ ਕੰਮ ਜਾਂ ਕਿੱਤਾ ਵਾਰ ਵਾਰ ਬਦਲਦੇ ਰਹਿੰਦੇ ਹਨ, ਉਨ੍ਹਾਂ ਨੂੰ ਤਾਂ ਪੱਕੇ ਤੌਰ `ਤੇ ਇਸ ਦਵਾਈ ਦੀ ਲੋੜ ਹੁੰਦੀ ਹੈ, ਪਰ ਇੱਥੇ ਨਾਲ ਇਹ ਵੀ ਸ਼ਰਤ ਹੈ ਕਿ ਉਹ ਆਪਣਾ ਕੰਮ ਆਪਣੇ ਮੁੱਖ ਪੇਸ਼ੇ ਦੇ ਅੰਦਰ ਹੀ ਬਦਲਦੇ ਹੋਣ, ਬਾਹਰ ਨਹੀਂ। ਅਰਥਾਤ ਡਾਕਟਰੀ ਪੇਸ਼ੇ ਵਾਲੇ ਵਕੀਲ ਨਾ ਬਣਦੇ ਹੋਣ, ਸਗੋਂ ਡਾਕਟਰੀ ਕਿੱਤੇ ਵਿਚ ਹੀ ਕਦੇ ਸਰਜਨ, ਕਦੇ ਅਧਿਆਪਕ, ਕਦੇ ਖੋਜੀ ਤੇ ਕਦੇ ਮੈਡੀਕਲ ਪੁਸਤਕਾਂ ਲਿਖਣ ਦਾ ਕੰਮ ਕਰਨ ਲੱਗ ਪੈਂਦੇ ਹੋਣ। ਫਿਲਮ ਇੰਡਸਟਰੀ ਦੇ ਲੋਕ ਜਿਹੜੇ ਕਦੇ ਅਦਾਕਾਰ, ਕਦੇ ਸੰਵਾਦ-ਲੇਖਕ, ਕਦੇ ਫਿਲਮ ਪੱਤਰਕਾਰ, ਕਦੇ ਉਤਪਾਦਕ ਤੇ ਕਦੇ ਨਿਰਦੇਸ਼ਕ ਬਣ ਜਾਂਦੇ ਹਨ, ਉਹ ਇਸ ਦਵਾ ਨੂੰ ਲੈ ਕੇ ਇਕ ਥਾਂ ਟਿਕ ਕੇ ਕੰਮ ਕਰਨ ਵਿਚ ਸਫਲ ਹੋ ਸਕਦੇ ਹਨ ਤੇ ਆਪਣੇ ਪੇਸ਼ੇ ਦੀ ਟੀਸੀ `ਤੇ ਪਹੁੰਚ ਸਕਦੇ ਹਨ।
ਸਿਰਾਟੋ ਦੇ ਮਰੀਜ਼ ਪਰੰਪਰਾਵਾਦੀ ਹੁੰਦੇ ਹਨ। ਪਰੰਪਰਾਵਾਂ ਨੂੰ ਮੰਨਣ ਵਿਚ ਉਨ੍ਹਾਂ ਨੂੰ ਆਪਣਾ ਫੈਸਲਾ ਨਹੀਂ ਲੈਣਾ ਪੈਂਦਾ। ਉਹ ਪੁਰਾਣੇ ਅਖਾਣਾਂ ਮੁਹਾਵਰਿਆਂ ਦੀ ਵਧੇਰੀ ਵਰਤੋਂ ਕਰਦੇ ਹਨ। “ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ” ਦਾ ਉਚਾਰਨ ਕਰ ਕੇ ਮਹਿੰਗੀ ਚੀਜ਼ ਹੀ ਲੈਣਗੇ, ਭਾਵੇਂ ਸਸਤੀ ਚੀਜ਼ ਚੰਗੀ ਮਿਲਦੀ ਹੋਵੇ। ਉਹ ਮਕਾਨ ਉਸਾਰੀ ਵਸਤੂ-ਸਾਸ਼ਤਰ ਅਨੁਸਾਰ ਕਰਨਗੇ ਤੇ ਯੋਜਨਾ ਦੀ ਸ਼ੁਰੂਆਤ ਮਹੂਰਤ ਨਾਲ। ਉਨ੍ਹਾਂ ਦੀ ਦਿਨ-ਚਰਿਆ ਦਾ ਅਰੰਭ ਹੁਕਮਨਾਮੇ ਮੁਤਾਬਿਕ ਹੁੰਦਾ ਹੈ ਤੇ ਬੱਚਿਆਂ ਦੇ ਕੋਰਸਾਂ ਦੀ ਚੋਣ ਗਵਾਂਢੀਆਂ ਦੇ ਬੱਚਿਆਂ ਅਨੁਸਾਰ। ਅਜਿਹੇ ਲੋਕ ਆਪ ਕੋਈ ਨਵੀਂ ਪਿਰਤ ਪਾਉਣ ਦੇ ਸਮਰੱਥ ਨਹੀਂ ਹੁੰਦੇ। ਉਹ ਆਪ ਪਹਿਲ ਕਰਨ ਦੀ ਥਾਂ ਦੂਜਿਆਂ ਦੀ ਰੀਸ ਕਰਨ ਦੇ ਆਦੀ ਹੁੰਦੇ ਹਨ। ਇਸੇ ਲਈ ਉਹ ਮੌਲਿਕ ਲੇਖਕ, ਉੱਘੇ ਡਿਜ਼ਾਈਨਰ ਤੇ ਅਵਿਸ਼ਕਾਰੀ ਵਿਗਿਆਨਕ ਨਹੀਂ ਹੋ ਸਕਦੇ। ਉਹ ਮਕੈਨਿਕ ਹੋ ਸਕਦੇ ਹਨ, ਇੰਜੀਨੀਅਰ ਨਹੀਂ ਅਤੇ ਆਲੋਚਕ ਹੋ ਸਕਦੇ ਹਨ, ਰਚਨਾਕਾਰ ਨਹੀਂ। ਉਹ ਚੰਦਰਮਾ ਵਾਂਗ ਹੁੰਦੇ ਹਨ, ਸੂਰਜ ਵਾਂਗ ਨਹੀਂ।
ਕਿਉਂਕਿ ਸਿਰਾਟੋ ਦੇ ਮਰੀਜ਼ ਪੁੱਛ-ਪੁੱਛ ਚਲਦੇ ਹਨ, ਇਸ ਲਈ ਉਹ ਦੂਜਿਆਂ ਦੀ ਓਟ ਵਿਚ ਪਲਦੇ ਹਨ। ਅਜਿਹੇ ਲੋਕ ਦੂਜਿਆਂ ਦੇ ਵਿਚਾਰਾਂ ਨੂੰ ਰਟ ਕੇ ਆਪਣੀ ਵਿਦਵਤਾ ਚਮਕਾਉਣ ਦਾ ਯਤਨ ਕਰਦੇ ਹਨ, ਪਰ ਉਹ ਪਰਾਏ ਵਿਚਾਰਾਂ ਨੂੰ ਤਬਦੀਲ ਕਰਨ ਦੀ ਥਾਂ ਇਨ੍ਹਾਂ ਨੂੰ ਇੰਨ ਬਿੰਨ ਵਰਤਦੇ ਹਨ। ਇੱਦਾਂ ਕਰਨਾ ਉਨ੍ਹਾਂ ਦੇ ਸੁਭਾਅ, ਚਰਿਤਰ ਤੇ ਮਾਨਸਿਕ ਬਣਤਰ ਦਾ ਭਾਗ ਹੁੰਦਾ ਹੈ। ਉਹ ਮੁੱਖ ਤੌਰ `ਤੇ ਅੰਧ-ਭਗਤ ਹੁੰਦੇ ਹਨ। ਅਜਿਹੇ ਅੰਧ-ਭਗਤ ਧਰਮ, ਫਿਲਾਸਫੀ, ਰਾਜਨੀਤੀ, ਸਾਹਿਤ ਜਿਹੇ ਹਰ ਖੇਤਰ ਵਿਚ ਹੁੰਦੇ ਹਨ। ਧਰਮ ਵਿਚ ਉਹ ਰੂੜੀਵਾਦੀ ਤੇ ਕਰਮ-ਕਾਂਡੀ ਹੁੰਦੇ ਹਨ। ਉਹ ਪਹਿਲਾਂ ਤੋਂ ਪਈਆਂ ਪਿਰਤਾਂ ਤੇ ਰਹਿਤ-ਨਾਮਿਆਂ `ਤੇ ਚਲਦੇ ਹਨ। ਉਹ ਆਪਣੇ ਗੁਰੂ ਪੀਰਾਂ ਦੇ ਹੁਕਮਾਂ, ਲਿਖਤਾਂ ਤੇ ਐਲਾਨ-ਨਾਮਿਆਂ ਦੇ ਪਾਬੰਦ ਹੁੰਦੇ ਹਨ। ਉਹ ਇਨ੍ਹਾਂ ਬਾਰੇ ਕੋਈ ਪ੍ਰਸ਼ਨ ਨਹੀਂ ਕਰਦੇ। ਉਹ ਸ਼ਰਧਾਵਾਨ ਹੁੰਦੇ ਹਨ, ਕਿਸੇ ਕਿੰਤੂ ਪ੍ਰੰਤੂ ਵਿਚ ਨਹੀਂ ਪੈਂਦੇ। ਉਹ ਪ੍ਰਚਾਰਕ ਰੁਚੀ ਦੇ ਮਾਲਕ ਹੁੰਦੇ ਹਨ, ਸੁਧਾਰਕ ਰੁਚੀ ਦੇ ਨਹੀਂ।
ਫਿਲਾਸਫੀ ਦੇ ਅੰਧ-ਭਗਤ ਕਿਸੇ ਵੱਡੇ ਫਿਲਾਸਫਰ ਦੇ ਵਿਚਾਰਾਂ ਦੇ ਕਾਇਲ ਹੋਏ ਹੁੰਦੇ ਹਨ। ਉਹ ਇਨ੍ਹਾਂ ਦਾ ਗੁਣ ਗਾਣ ਹੀ ਕਰਦੇ ਹਨ, ਮੁਲੰਕਣ ਨਹੀਂ। ਕਿੰਨੇ ਹੀ ਲੋਕ ਫਰਾਇਡ, ਮਾਰਕਸ, ਕੇਇੰਨਜ਼, ਗਾਂਧੀ ਤੇ ਮਾਓ ਦੀਆਂ ਵਿਚਾਰਧਾਰਾਵਾਂ ਦੇ ਅਨੁਆਈ ਹਨ, ਪਰ ਉਹ ਇਸ ਤੋਂ ਅੱਗੇ ਕੁਝ ਨਹੀਂ ਹਨ। ਉਹ ਉਨ੍ਹਾਂ ਦੇ ਵਿਚਾਰਾਂ ਨੂੰ ਇੰਨ-ਬਿੰਨ ਲਾਗੂ ਕਰਨਾ ਚਾਹੁੰਦੇ ਹਨ। ਉਹ ਉਨ੍ਹਾਂ ਫਿਲਾਸਫਰਾਂ ਦੀਆਂ ਫਿਲਾਸਫੀਆਂ ਦੇ ਕਾਇਲ ਹੁੰਦੇ, ਪਰ ਆਪਣੀ ਜਮੀਨੀ ਹਕੀਕਤ ਅਨੁਸਾਰ ਉਨ੍ਹਾਂ ਦੀ ਉਚਿੱਤਤਾ ਨਹੀਂ ਪਰਖ ਸਕਦੇ। ਸਾਹਿਤ ਪੜ੍ਹਨ ਵਾਲੇ ਸਾਹਿਤ ਪੜ੍ਹਦੇ ਚਲੇ ਜਾਂਦੇ ਹਨ, ਪਰ ਸਾਹਿਤ ਰਚਨਾ ਨਹੀਂ ਕਰ ਸਕਦੇ। ਆਪਣੇ ਵਿਚਾਰਾਂ ਨੂੰ ਵਿਅਕਤ ਕਰਨ ਦਾ ਨਾ ਉਨ੍ਹਾਂ ਕੋਲ ਵੱਲ ਹੁੰਦਾ ਹੈ, ਨਾ ਜੁਰਅਤ। ਇਹ ਦੂਜਿਆਂ ਦੇ ਬਲਬੂਤੇ `ਤੇ ਚਲਦੇ ਹਨ। ਅਜਿਹੇ ਲੋਕਾਂ ਦੀ ਹੋਂਦ ਦਾ ਸਭ ਤੋਂ ਵੱਧ ਪਰਦਰਸ਼ਨ ਰਾਜਨੀਤੀ ਵਿਚ ਹੁੰਦਾ ਹੈ। ਇੱਥੇ ਪਾਰਟੀਆਂ, ਲੀਡਰਾਂ, ਮੀਡੀਆ ਤੇ ਸਿਸਟਮੀ ਅੰਧ-ਭਗਤਾਂ ਦੇ ਇੱਕਠੇ ਦਰਸ਼ਨ ਹੋ ਜਾਂਦੇ ਹਨ; ਕਿਉਂਕਿ ਇਹ ਅੰਧ-ਭਗਤ ਦੂਜਿਆਂ ਦੀ ਅਗਵਾਈ ਵਿਚ ਚਲਦੇ ਹਨ, ਇਸ ਲਈ ਇਹ ਫਾਸੀਵਾਦ ਜਿਹੀ ਵਿਵਸਥਾ ਵਲ ਨਿਘਰ ਪੈਂਦੇ ਹਨ। ਲੋਕਤੰਤਰਾਂ ਵਿਚ ਹਵਾ ਦੇਖ ਕੇ ਵੋਟ ਪਾਉਂਦੇ ਹਨ, ਨੇਤਾਵਾਂ `ਤੇ ਇਤਬਾਰ ਕਰਦੇ ਰਹਿੰਦੇ ਹਨ ਤੇ ਅੱਖ ਚੁੱਕ ਕੇ ਨਹੀਂ ਦੇਖਦੇ। ਸਿਰਾਟੋ ਅਜਿਹੇ ਅੰਧ-ਭਗਤਾਂ ਵਿਚ ਸਵੈ-ਨਿਰਣੇ ਤੇ ਪੜਚੋਲ ਦੀ ਭਾਵਨਾ ਨੂੰ ਬਲਵਾਨ ਕਰ ਕੇ ਉਨ੍ਹਾਂ ਨੂੰ ਜਿ਼ੰਮੇਵਾਰ ਸ਼ਹਿਰੀ ਬਣਾਉਂਦੀ ਹੈ। ਇਹ ਲੋਟੂ ਤੇ ਤਾਨਾਸ਼ਾਹੀ ਦਲਾਂ ਦੀਆਂ ਚਾਲਾਂ ਨੂੰ ਪੁੱਠਾ ਪਾ ਕੇ ਜਨਤਕ ਕਲਿਆਣ ਦੀ ਵਿਵਸਥਾ ਪੈਦਾ ਕਰਦੀ ਹੈ।
ਇੰਡੀਆ ਵਿਚ ਰਹਿੰਦਾ ਮੇਰਾ ਇਕ ਮਿੱਤਰ ਕਈ ਸਾਲ ਕਾਂਗਰਸ ਦਾ ਸਮਰਥਕ ਰਿਹਾ, ਫਿਰ ਇਸ ਨੂੰ ਛੱਡ ਕੇ ਅਕਾਲੀ ਦਲ ਵਿਚ ਚਲਾ ਗਿਆ। 1999 ਵਿਚ ਜਦੋਂ ਅਕਾਲੀ ਦਲ ਵਿਚ ਪਰਿਵਾਰਵਾਦ ਕਾਰਨ ਖਿਚੋਤਾਣ ਵਧੀ, ਉਹ ਇਸ ਨੂੰ ਵੀ ਛੱਡ ਗਿਆ। ਫਿਰ ਉਹ ਕਈ ਸਾਲ ਕਿਸੇ ਪਾਸੇ ਨਾ ਜੁੜਿਆ। ਇਮਾਨਦਾਰ ਤੇ ਭਲਾਮਾਣਸ ਹੋਣ ਕਰ ਕੇ ਉਸ ਨੂੰ ਕੋਈ ਰਾਜਸੀ ਧੜਾ ਨਾ ਭਾਇਆ। 2016 ਵਿਚ ਇੰਡੀਆ ਗਏ ਨੂੰ ਮਿਲਣ ਆਇਆ ਤਾਂ ਦੇਸ਼ ਦੀ ਰਾਜਨੀਤੀ ਬਾਰੇ ਗੱਲਬਾਤ ਕਰਨ ਲੱਗਾ। ਉਸ ਨੇ ਦੱਸਿਆ ਕਿ ਉਸ ਦਾ ਤਾਂ ਕਿਸੇ ਪਾਰਟੀ ਨਾਲ ਕੋਈ ਸਰੋਕਾਰ ਨਹੀਂ, ਕਿਉਂਕਿ ‘ਸਭ ਚੋਰ’ ਹਨ। ਉਸ ਨੇ ਇਹ ਵੀ ਦੱਸਿਆ ਕਿ ਉਹ ਤਾਂ ਹੁਣ ਕਿਸੇ ਨੂੰ ਵੋਟ ਵੀ ਨਹੀਂ ਪਾਉਂਦਾ, ਹਰ ਵਾਰ ‘ਨੋਟਾ’ ਦੇ ਬਟਨ ਦਾ ਇਸਤੇਮਾਲ ਕਰ ਕੇ ਆਉਂਦਾ ਹੈ। ਮੈਂ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਉਹ ਆਪਣੇ ਕੀਮਤੀ ਵੋਟ ਨੂੰ ਇਵੇਂ ਬਰਬਾਦ ਨਾ ਕਰੇ, ਕੋਈ ਚੰਗੀ ਪਾਰਟੀ ਦੇਖ ਕੇ ਵੋਟ ਜਰੂਰ ਪਾ ਦਿਆ ਕਰੇ। ਉਹ ਬੋਲਿਆ, “ਪ੍ਰੋਫੈਸਰ ਸਾਹਿਬ, ਮੇਰੇ ਵਰਗੇ “ਲੱਖਾਂ ਕੀਮਤੀ ਵੋਟ” ਹਰ ਵਾਰ ‘ਨੋਟਾ’ ਨੂੰ ਜਾਂਦੇ ਹਨ। ਕੋਈ ਇਨ੍ਹਾਂ ਦਾ ਹੱਕਦਾਰ ਹੀ ਨਹੀਂ ਬਣਦਾ। ਤੁਸੀਂ ਦੱਸੋ ਕਿਸ ਨੂੰ ਪਾਈਏ?” “ਮੈਂ ਤਾਂ ਤੈਨੂੰ ਹਫਤੇ ਤੀਕ ਦੱਸ ਸਕਦਾ ਹਾਂ।” ਮੈਂ ਮਜ਼ਾਕ ਨਾਲ ਕਿਹਾ। ਉਹਨੇ ਪੁੱਛਿਆ, “ਹਫਤੇ ਤੀਕ ਕਿਸੇ ਤੋਂ ਪੁੱਛ ਕੇ ਦਸੋਗੇ?” ਮੈਂ ਕਿਹਾ, “ਦਵਾਈ ਖਾਵਾਂਗਾ, ਉਹ ਦੱਸੇਗੀ।” ਉਹ ਬੋਲਿਆ, “ਜੇ ਇਸ ਦੀ ਕੋਈ ਦਵਾਈ ਐ, ਤਾਂ ਮੈਨੂੰ ਈ ਦੇ ਦੇ।” ਮੈਂ ਉਸ ਨੂੰ ਖਾਣ ਦਾ ਢੰਗ ਦੱਸਦਿਆਂ ਸਿਰਾਟੋ ਦੀ ਇਕ ਛੋਟੀ ਸ਼ੀਸ਼ੀ ਦਿੱਤੀ ਤੇ ਕਿਹਾ, “ਖਾ ਲਈਂ ਹੁਣ।” ਜਵਾਬ ਵਿਚ, “ਫਿਕਰ ਨਾ ਕਰ”, ਕਹਿ ਕੇ ਉਹ ਚਲਾ ਗਿਆ।”
ਜਦੋਂ ਮੈਂ ਆਉਣਾ ਸੀ, ਉਹ ਇਕ ਦਿਨ ਪਹਿਲਾਂ ਮਿਲਣ ਆਇਆ। ਕਹਿਣ ਲੱਗਾ, “ਪਾਰਟੀ ਉਮੀਦਵਾਰਾਂ ਦੀ ਥਾਂ ਆਜ਼ਾਦ ਉਮੀਦਵਾਰਾਂ ਨੂੰ ਚੁਣਨਾ ਚਾਹੀਦਾ ਹੈ।” ਮੈਂ ਪੁਛਿਆ, “ਕਿਉਂ?” ਉਹ ਬੋਲਿਆ, “ਆਜ਼ਾਦ ਉਮੀਦਵਾਰ ਕਿਰਦਾਰ ਦੇ ਜੋਰ `ਤੇ ਲੜਦੇ ਹਨ। ਉਨ੍ਹਾਂ ਨੂੰ ਪੈਸੇ ਤੇ ਅਹੁਦੇ ਦਾ ਲਾਲਚ ਨਹੀਂ ਹੁੰਦਾ।” ਅਗਲੇ ਸਾਲ ਗਿਆ ਤਾਂ ਪਤਾ ਲੱਗਾ, ਉਹ ਪਟਿਆਲੇ ਦੇ ਇਕ ਡਾਕਟਰ ਰਹੇ ਆਜ਼ਾਦ ਉਮੀਦਵਾਰ ਦਾ ਸਮਰਥਨ ਕਰ ਰਿਹਾ ਸੀ।
ਇਕ ਮਾਂ-ਪਿਓ ਦਸ ਸਾਲ ਦੀ ਇਕ ਬੱਚੀ ਨੂੰ ਸਿਹਤ ਨਾ ਬਣਨ ਦੀ ਸ਼ਿਕਾਇਤ ਨਾਲ ਲੈ ਕੇ ਆਏ। ਉਹ ਦੇਖਣ ਨੂੰ ਠੀਕ ਲਗਦੀ ਸੀ, ਪਰ ਉਸ ਦੇ ਮਾਪੇ ਉਸ ਦੇ ਖਾਣ ਪੀਣ ਦੇ ਢੰਗ ਨਾਲ ਸੰਤੁਸ਼ਟ ਨਹੀਂ ਸਨ। ਉਨ੍ਹਾਂ ਅਨੁਸਾਰ ਉਸ ਨੂੰ ਭੁੱਖ ਨਹੀਂ ਲਗਦੀ ਸੀ, ਪਰ ਭੁੱਖ ਦੀ ਥਾਂ ਢਿੱਡ ਵਿਚ ਕਮਜ਼ੋਰੀ ਜਿਹੀ ਮਹਿਸੂਸ ਹੁੰਦੀ ਸੀ। ਆਪਣੇ ਚਿੱਤ ਨਾਲ ਕਦੇ ਖਾਣ ਨੂੰ ਨਹੀਂ ਸੀ ਮੰਗਦੀ, ਪਰ ਦੂਜਿਆਂ ਦੀ ਦੇਖਾ-ਦੇਖੀ ਕੁਝ ਖਾ ਪੀ ਲੈਂਦੀ ਸੀ। ਉਸ ਨੂੰ ਖੇਡ ਦਾ ਬਹੁਤਾ ਚਾਅ ਨਹੀਂ ਸੀ ਤੇ ਨਾ ਹੀ ਉਹ ਪੜ੍ਹਾਈ ਲਿਖਾਈ ਵਿਚ ਬਹੁਤੀ ਤੇਜ ਸੀ। ਉਂਜ ਸਕੂਲ ਵਿਚੋਂ ਜਿੰਨਾ ਕੰਮ ਮਿਲੇ, ਉਸ ਨੂੰ ਕਰ ਲੈਂਦੀ ਸੀ ਤੇ ਰੱਟੇ ਨਾਲ ਯਾਦ ਕਰ ਲੈਂਦੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਸੁਸਤ ਤਬੀਅਤ ਸੀ ਤੇ ਉਸ ਤੋਂ ਹਰ ਗੱਲ ਕਹਿ ਕੇ ਕਰਵਾਈ ਜਾਂਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਗੱਲ ਇਸ ਦੇ ਹਾਣ ਦੇ ਬੱਚੇ ਆਪੇ ਸਿੱਖ ਜਾਂਦੇ ਹਨ, ਇਹ ਦੱਸਿਆਂ ਵੀ ਨਹੀਂ ਕਰ ਸਕਦੀ। ਉਨ੍ਹਾਂ ਮਿਸਾਲ ਦਿੱਤੀ ਕਿ ਇਹ ਐਸਕੇਲੇਟਰ ਤੇ ਵੀ ਬਿਨਾ ਹੱਥ ਫੜ੍ਹੇ ਇਕਲੀ ਨਹੀਂ ਚੜ੍ਹ ਸਕਦੀ। ਹੇਠ ਖੜ੍ਹੀ ਸੋਚਦੀ ਰਹਿੰਦੀ ਹੈ ਕਿ ਕਿਹੜਾ ਪੈਰ ਕਦੋਂ ਚੁੱਕੇ ਤੇ ਕਦੋਂ ਉੱਤੇ ਰੱਖੇ। ਬਿਨਾ ਸਹਾਰੇ ਆਪ ਚੜ੍ਹਨ ਦਾ ਜੇਰਾ ਨਹੀਂ ਕਰ ਸਕਦੀ।
ਮੈਂ ਹੋਮਿਓਪੈਥੀ ਦੀਆਂ ਕਈ ਦਵਾਈਆਂ `ਤੇ ਅੰਤਰਝਾਤ ਮਾਰੀ, ਪਰ ਮੈਨੂੰ ਕੋਈ ਇੰਨੀ ਢੁਕਵੀਂ ਨਾ ਲੱਗੀ, ਜਿੰਨੀ ਬੈਚ ਦਵਾ ਸਿਰਾਟੋ। ਉਸ ਨੂੰ ਖਾਣ, ਪੜ੍ਹਨ, ਖੇਡਣ ਤੇ ਹੋਰ ਕੰਮਾਂ ਵਿਚ ਆਪ ਫੈਸਲਾ ਲੈਣ ਵਿਚ ਕਠਿਨਾਈ ਆਉਂਦੀ ਸੀ। ਉਹ ਦੂਜਿਆਂ ਦੇ ਪੂਰਨਿਆਂ `ਤੇ ਚਲ ਕੇ ਵਧੇਰੇ ਖੁਸ਼ ਸੀ ਤੇ ਆਪਣੇ ਵਲੋਂ ਕੋਈ ਪਹਿਲ ਕਦਮੀ ਨਹੀਂ ਸੀ ਕਰਦੀ; ਇਹ ਸਿਰਾਟੋ ਤੋਂ ਵਧ ਕਿਸੇ ਹੋਰ ਦੇ ਸੰਕੇਤ ਨਹੀਂ ਸਨ। ਇਕ ਮਹੀਨਾ ਸਿਰਾਟੋ ਖਾਣ ਤੋਂ ਬਾਅਦ ਨਾ ਸਿਰਫ ਉਸ ਦੀ ਭੁੱਖ ਚਮਕ ਆਈ, ਸਗੋਂ ਉਹ ਐਸਕੇਲੇਟਰ ਦੀਆਂ ਪੌੜੀਆਂ `ਤੇ ਵੀ ਆਪੇ ਚੜ੍ਹਨ ਲਗ ਪਈ। ਅਗਲੀ ਵਾਰ ਉਸ ਦੀ ਮਾਂ ਨੇ ਇਕ ਹੋਰ ਗੱਲ ਦੱਸੀ ਕਿ ਉਸ ਨੇ ਸਕੂਲ ਵਿਚ ਹੁਣ ਐਕਸੈਲਰੇਟਿਡ ਬੁੱਕ ਰੀਡਿੰਗ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ, ਜਿਸ ਲਈ ਉਸ ਨੂੰ ਹਰ ਹਫਤੇ ਲਾਇਬਰੇਰੀ ਲੈ ਕੇ ਜਾਣਾ ਪੈਂਦਾ ਸੀ। ਦੋ ਮਹੀਨੇ ਸਿਰਾਟੋ ਨਾਲ ਇਕ ਹੋਰ ਬੈਚ ਫੁੱਲ-ਦਵਾ ਖਾ ਕੇ ਉਹ ਦੂਜੇ ਬੱਚਿਆਂ ਦੇ ਬਰਾਬਰ ਚੱਲਣ ਲੱਗੀ।
ਡਾ. ਵੀ ਕ੍ਰਿਸ਼ਨਾਮੂਰਤੀ ਸਿਰਾਟੋ ਬਾਰੇ ਲਿਖਦੇ ਹਨ, “ਇਹ ਉਨ੍ਹਾਂ ਬੱਚਿਆਂ ਲਈ ਉੱਤਮ ਦਵਾ ਹੈ, ਜੋ ਦੂਜਿਆਂ ਦੇ ਤੌਰ ਤਰੀਕਿਆਂ ਦੀ ਨਕਲ ਕਰਦੇ ਹਨ। ਇਹ ਉਨ੍ਹਾਂ ਬੱਚਿਆਂ ਲਈ ਲਾਭਦਾਇਕ ਹੈ, ਜੋ ਮਾਂ-ਪਿਓ ਦੇ ਰੀਸ ਕਰਦੇ ਹਨ। ਇਹ ਉਨ੍ਹਾਂ ਔਰਤਾਂ ਲਈ ਹੈ, ਜੋ ਦੂਜਿਆਂ ਦੀ ਦੇਖਾ-ਦੇਖੀ ਆਪਣੇ ਘਰ ਦੇ ਰੰਗ ਤੇ ਪਰਦੇ ਬਦਲ ਦਿੰਦੀਆਂ ਹਨ। ਇਹ ਉਨ੍ਹਾਂ ਲਈ ਇਕ ਅਤਿ-ਉੱਤਮ ਟਾਨਿਕ ਹੈ, ਜੋ ਸਪੇਅਰ ਪਾਰਟਸ ਜਾਂ ਡਿਪਾਰਟਮੈਂਟਲ ਸਟੋਰਾਂ ਵਿਚ ਕੰਮ ਕਰਦੇ ਹਨ।”
ਡਾ. ਕ੍ਰਿਸ਼ਨਾਮੂਰਤੀ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਆਪਣਾ ਕੰਮ ਕਰਨ ਲਈ ਨਵੀਨਤਮ ਜਾਣਕਾਰੀ ਦੀ ਲੋੜ ਪੈਂਦੀ ਹੈ, ਜਿਵੇਂ ਲੋਕ ਸੰਪਰਕ ਅਫਸਰ, ਪੁੱਛ-ਗਿੱਛ ਕਲਰਕ, ਕਿੱਤਾ-ਨਿਰਦੇਸ਼ਕ, ਐਕਟਰ, ਅਧਿਆਪਕ, ਡਾਕਟਰ, ਲੇਖਕ, ਐਨਸਾਈਕਲੋਪੀਡੀਆ ਲਿਖਾਰੀ ਆਦਿ, ਉਨ੍ਹਾਂ ਦਾ ਸਿਰਾਟੋ ਬਿਨਾ ਕੋਈ ਗੁਜ਼ਾਰਾ ਨਹੀਂ। ਜੇ ਇਸ ਨੂੰ ਨਾ ਲੈਣਗੇ ਤਾਂ ਉਹ ਇੱਧਰੋਂ ਉੱਧਰੋਂ ਪੁੱਛ ਕੇ ਹੀ ਡੰਗ ਸਾਰਨਗੇ। ਜੇ ਦੋ ਤਿੰਨ ਮਹੀਨੇ ਲਗਾਤਾਰ ਦੋ ਵਾਰ ਖਾ ਲੈਣਗੇ ਤਾਂ ਉਸ ਵਿਸ਼ੇ `ਤੇ ਰਾਤੋ ਰਾਤ ‘ਦਸ ਹਜ਼ਾਰ’ ਕਾਪੀਆਂ ਵਿਕਣ ਵਾਲਾ ਆਪਣਾ ਐਨਸਾਈਕਲੋਪੀਡੀਆ ਲਿਖ ਦੇਣਗੇ। ਉਹ ਤਾਂ ਇਥੋਂ ਤੀਕ ਲਿਖਦਾ ਹੈ, “ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਕਿਸੇ ਜਾਣਕਾਰੀ ਦੀ ਲੋੜ ਹੈ, ਇਸ ਬਾਰੇ ਆਪਣੇ ਗਵਾਂਢੀਆਂ ਤੇ ਸਹਿ-ਕਰਮੀਆਂ ਤੋਂ ਨਾ ਪੁੱਛੋ। ਦਿਨ ਵਿਚ ਤਿੰਨ ਵਾਰ ਸਿਰਾਟੋ ਲੈਣੀ ਅਰੰਭ ਕਰ ਦਿਓ। ਚੌਵੀ ਘੰਟਿਆਂ ਦੇ ਅੰਦਰ ਤੁਸੀਂ ਉਸ ਜਾਣਕਾਰੀ ਦੇ ਸਹੀ ਸੋਮੇ ਕੋਲ ਪਹੁੰਚ ਜਾਵੋਗੇ, ਨਹੀਂ ਤਾਂ 48 ਘੰਟਿਆਂ ਵਿਚ ਉਸ ਜਾਣਕਾਰੀ ਦਾ ਕੋਈ ਵਿਸ਼ੇਸ਼ਗ ਉਸ ਨੂੰ ਲੈ ਕੇ ਆਪ ਜਾਣਕਾਰੀ ਲੈ ਕੇ ਤੁਹਾਡੇ ਕੋਲ ਆਵੇਗਾ।” ਇਸ ਫੁੱਲ-ਦਵਾਈ ਬਾਰੇ ਇਸ ਲੇਖਕ ਦੇ ਦਾਅਵੇ ਦਿਲਚਸਪ ਤੇ ਪਰਖਣਯੋਗ ਹਨ।
ਇਸ ਫੁੱਲ-ਦਵਾਈ ਨੂੰ ਸਮਝਣ ਲਈ ਜਿਨ੍ਹਾਂ ਕੁੰਜੀਵਤ ਸ਼ਬਦਾਂ ਨੂੰ ਯਾਦ ਰੱਖਣ ਦੀ ਲੋੜ ਹੈ, ਉਹ ਹਨ, ਆਪਣੀ ਰਾਏ `ਤੇ ਇਤਬਾਰ ਨਾ ਕਰਨਾ, ਸੁਤੰਤਰਤਾ ਨਾਲ ਆਪਣੇ ਨਿਰਣੇ ਨਾ ਲੈ ਸਕਣਾ, ਦੂਜਿਆਂ ਤੋਂ ਸਲਾਹਾਂ ਲੈਂਦੇ ਫਿਰਨਾ, ਦੂਜਿਆਂ ਦੀਆਂ ਨਕਲਾਂ ਤੇ ਰੀਸਾਂ ਕਰਨਾ, ਰੂੜੀਵਾਦੀ ਹੋਣਾ, ਅਖਾਣ ਮੁਹਾਵਰਿਆਂ ਅਨੁਸਾਰ ਚਲਣਾ, ਤਬਦੀਲੀ, ਸੁਧਾਰ ਤੇ ਵਿਕਾਸ ਨੂੰ ਸਵੀਕਾਰ ਨਾ ਕਰਨਾ, ਪਿਰਤ ਤੋਂ ਬਾਹਰ ਨਾ ਨਿਕਲ ਸਕਣਾ, ਦੂਜੀ ਭਾਸ਼ਾ ਨਾ ਸਿੱਖ ਸਕਣਾ, ਪਹਿਲ ਕਦਮੀ ਦੀ ਘਾਟ ਹੋਣਾ, ਮੌਲਿਕਤਾ ਦਾ ਅਭਾਵ ਹੋਣਾ ਤੇ ਦੂਜਿਆਂ ਦੇ ਫੈਨ ਜਾਂ ਅੰਧ-ਭਗਤ ਬਣੇ ਰਹਿਣ ਦੀ ਆਦਤ ਹੋਣਾ ਆਦਿ। ਇਨ੍ਹਾਂ ਅਲਾਮਤਾਂ ਦੇ ਹੁੰਦਿਆਂ ਕੋਈ ਵਿਅਕਤੀ ਕੋਈ ਨਵੀਨ ਜਾਂ ਪ੍ਰਸਿੱਧੀ ਵਾਲਾ ਕਾਰਜ ਨਹੀਂ ਕਰ ਸਕਦਾ ਤੇ ਨਾ ਹੀ ਪ੍ਰਤਿਭਾਸ਼ਾਲੀ ਬਣ ਸਕਦਾ ਹੈ। ਇਸ ਨੂੰ ਮੰਦਬੁੱਧੀ ਦੀ ਹਾਲਤ ਤਾਂ ਨਹੀਂ ਕਿਹਾ ਜਾ ਸਕਦਾ, ਪਰ ਹੈ ਇਹ ‘ਸਾਧਾਰਣ’ ਜਾਂ ਬੌਣੀ ਬੁੱਧੀ ਦੀ ਗੱਲ ਜਰੂਰ ਹੈ। ਇਸ ਦਾ ਇਲਾਜ ਸਿਰਾਟੋ ਹੈ। ਇਨ੍ਹਾਂ ਅਲਾਮਤਾਂ ਨਾਲ ਕੋਈ ਵੀ ਹੋਰ ਤਕਲੀਫ ਹੋਵੇ, ਉਹ ਵੀ ਇਸ ਨਾਲ ਚਲੀ ਜਾਵੇਗੀ।
ਮੋਟੀ ਗੱਲ, ਸਿਰਾਟੋ ਦੇ ਸੇਵਨ ਨਾਲ ਬਹੁਤ ਸਾਰੇ ਬੱਚੇ ਤੇ ਨੌਜਵਾਨ ਆਪਣਾ ਪੇਸ਼ਾ ਠੀਕ ਢੰਗ ਨਾਲ ਚੁਣ ਸਕਣਗੇ। ਉਹ ਹੋਣਹਾਰ ਸਾਹਿਤਕਾਰ, ਇੰਜੀਨੀਅਰ ਤੇ ਵਿਗਿਆਨੀ ਬਣ ਸਕਣਗੇ। ਇਸ ਨੂੰ ਲੈ ਕੇ ਉਹ ਸਹੀ ਤੋਂ ਸਹੀ ਜਾਣਕਾਰੀ ਨੂੰ ਆਪਣੇ ਅੰਦਰ ਸਮੇਟ ਸਕਣਗੇ ਤੇ ਆਪਣੀ ਕਲਾ ਤੇ ਗਿਆਨ ਨੂੰ ਨਵੀਨ ਢੰਗ ਨਾਲ ਪੇਸ਼ ਕਰ ਸਕਣਗੇ। ਇਸ ਫੁੱਲ ਦਵਾਈ ਦੀ ਦੇਖ-ਰੇਖ ਵਿਚ ਉਹ ਆਪਣੇ ਫੈਸਲੇ ਆਪ ਲੈਣ ਦੇ ਕਾਬਲ ਹੋ ਜਾਣਗੇ। ਫਿਰ ਉਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਉਨ੍ਹਾਂ ਸਰਕਾਰੀ ਮੰਤਰੀਆਂ ਤੇ ਨੁਮਾਇੰਦਿਆਂ ਵਰਗੇ ਕਦਾਚਿਤ ਨਾ ਹੋਣਗੇ, ਜਿਨ੍ਹਾਂ ਨੂੰ ਮੀਟਿੰਗ ਛੱਡ ਕੇ ਘੜੀ ਮੁੜੀ ਅੰਦਰ ਜਾਣਾ ਪੈਦਾ ਹੈ!