ਕੇਰਲਾ ਵਿਚ ਔਰਤ ‘ਤੇ ਜ਼ੁਲਮ ਦੀ ਗਾਥਾ: ਮੁੱਲਾਂਕਰਮ ਟੈਕਸ

ਹਰਪ੍ਰੀਤ ਕੌਰ ਦੁੱਗਰੀ
ਫੋਨ: 91-94782-38443
ਸਮਾਜ ਵਿਚ ਬਦਲਾਅ ਲਿਆਉਣ ਲਈ ਅਤੇ ਗਰੀਬ ਵਰਗ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਦਿੱਤੇ ਗਏ ਬਲੀਦਾਨ ਦੀਆਂ ਕਈ ਘਟਨਾਵਾਂ ਇਤਿਹਾਸ ਵਿਚ ਦਰਜ ਹਨ। ਇੱਦਾਂ ਦੀ ਇੱਕ ਘਟਨਾ ਕੇਰਲਾ ਰਾਜ ਦੀ 19ਵੀਂ ਸਦੀ ਵਿਚ ਤਰਾਵਨਕੋਰ ਦੇ ਰਾਜੇ ਦੁਆਰਾ ਔਰਤਾਂ ‘ਤੇ ਲਾਇਆ ਜਾਣ ਵਾਲਾ ਮੁੱਲਾਂਕਰਮ ਟੈਕਸ (ਬ੍ਰੈਸਟ ਟੈਕਸ) ਸੀ, ਜਿਸ ਨੇ ਨਾ ਸਿਰਫ ਇਨ੍ਹਾਂ ਔਰਤਾਂ ਦਾ ਅਪਮਾਨ ਕੀਤਾ, ਸਗੋਂ ਇਨ੍ਹਾਂ ਤੋਂ ਜਿਊਣ ਦਾ ਹੱਕ ਵੀ ਖੋਹ ਲਿਆ ਗਿਆ। ਇਸ ਖਿਲਾਫ ਉਥੋਂ ਦੀ ਇੱਕ ਔਰਤ ਨੇ ਇਸ ਟੈਕਸ ਦਾ ਸਖਤ ਵਿਰੋਧ ਕੀਤਾ ਅਤੇ ਉਸ ਦਾ ਇਹ ਸਾਹਸੀ ਕਦਮ ਇਸ ਟੈਕਸ ਦੇ ਖਾਤਮੇ ਦੀ ਵਜ੍ਹਾ ਬਣ ਗਿਆ। ਉਸ ਦਾ ਬਲੀਦਾਨ ਨਿਮਨ ਵਰਗ ਦੇ ਲੋਕਾਂ ਵਿਚ ਜਾਗ੍ਰਿਤੀ ਲਿਆਉਣ ਵਿਚ ਇੱਕ ਮੀਲ ਪੱਥਰ ਸਾਬਤ ਹੋਇਆ।

ਤਰਾਵਨਕੋਰ ਰਿਆਸਤ ਵਿਚ ਇੱਕ ਪਰੰਪਰਾ ਸੀ, ਜਿਸ ਵਿਚ ਆਪਣੇ ਤੋਂ ਉੱਚੀ ਜਾਤ ਵਾਲੇ ਲੋਕਾਂ ਨੂੰ ਸਨਮਾਨ ਦੇਣ ਲਈ ਨੀਵੀਂ ਜਾਤ ਦੇ ਲੋਕਾਂ ਨੂੰ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਢਕਣ ਦੀ ਸਖਤ ਮਨਾਹੀ ਸੀ। ਜੇ ਕੋਈ ਔਰਤ ਆਪਣੀ ਛਾਤੀ ਢਕਦੀ ਤਾਂ ਟੈਕਸ ਅਧਿਕਾਰੀ ਉਸ ਦੀ ਛਾਤੀ ਦੇ ਸਾਇਜ਼ ਮੁਤਾਬਕ ਤੁਲਨਾ ਕਰਕੇ ਉਸ ਤੋਂ ਟੈਕਸ ਵਸੂਲ ਕਰਦੇ ਸਨ। ਇਹ ਟੈਕਸ ਸਮਾਜ ਦੀਆਂ ਸਾਰੀਆਂ ਔਰਤਾਂ ਅਤੇ ਮਰਦਾਂ ‘ਤੇ ਲਾਗੂ ਸੀ, ਪਰ ਸਭ ਤੋਂ ਜਿ਼ਆਦਾ ਸ਼ਿਕਾਰ ਨੀਵੀਂ ਜਾਤ ਦੀਆਂ ਔਰਤਾਂ ਹੋਈਆਂ। ਔਰਤ ਨੂੰ ਗੰਦੀ ਨਜ਼ਰ ਨਾਲ ਦੇਖਣਾ ਅਤੇ ਉਸ ਦਾ ਅਪਮਾਨ ਕਰਨਾ ਬਹੁਤ ਹੀ ਸ਼ਰਮਨਾਕ ਸੀ। ਇਸ ਤੋਂ ਇਲਾਵਾ ਨੀਵੇਂ ਵਰਗ ਦੇ ਲੋਕਾਂ ਨੂੰ ਮੰਦਿਰ ਨੂੰ ਜਾਣ ਵਾਲੀ ਸੜਕ ‘ਤੇ ਚੱਲਣ ‘ਤੇ ਵੀ ਪਾਬੰਦੀ ਸੀ। ਅੱਜ ਅਸੀਂ ਜਿਸ ਪ੍ਰਗਤੀਵਾਦੀ ਅਤੇ ਸਿੱਖਿਆ ਦੇ ਪਸਾਰ ਕਰ ਕੇ ਕੇਰਲਾ ਰਾਜ ਨੂੰ ਜਾਣਦੇ ਹਾਂ, ਖਾਸ ਕਰਕੇ ਮਹਿਲਾਵਾਂ ਦੀ ਸਿੱਖਿਆ ਦੇ ਖੇਤਰ ਵਿਚ ਕਾਫੀ ਤਾਰੀਫ ਕੀਤੀ ਜਾਂਦੀ ਹੈ, ਉੱਥੇ ਹਮੇਸ਼ਾ ਹੀ ਔਰਤਾਂ ਦੇ ਇੰਨੇ ਚੰਗੇ ਹਾਲਾਤ ਨਹੀਂ ਸਨ, ਜਿੰਨੇ ਕਿ ਅੱਜ ਸਾਨੂੰ ਦੇਖਣ ਨੂੰ ਮਿਲਦੇ ਹਨ।
ਆਜ਼ਾਦੀ ਤੋਂ ਕੁਝ ਸਮਾਂ ਪਹਿਲਾਂ ਕੇਰਲਾ ਰਾਜ ਵਿਚ ਨੀਵੀਂ ਜਾਤ ਦੀਆਂ ਔਰਤਾਂ ਦੀ ਤਰਸਯੋਗ ਹਾਲਤ ਸੀ। ਇਥੇ ਵੀ ਸਮਾਜਕ ਪੱਧਰ ‘ਤੇ ਅਨੇਕਾਂ ਬੁਰਾਈਆਂ ਪ੍ਰਚਲਿਤ ਸਨ। ਇੱਥੇ ਕਰੂਰ ਪ੍ਰਥਾ ਅਤੇ ਵਰਣ-ਵਿਵਸਥਾ ਦਾ ਕੋਹੜ ਆਪਣੀਆਂ ਜੜ੍ਹਾਂ ਮਜ਼ਬੂਤ ਕਰੀ ਬੈਠਾ ਸੀ, ਪਰ ਸਮੇਂ-ਸਮੇਂ ਇਨ੍ਹਾਂ ਬੁਰਾਈਆਂ ਤੋਂ ਤੰਗ ਆ ਕੇ ਕਿਸੇ ਨਾ ਕਿਸੇ ਨੇ ਜਾਬਰ-ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ। ਕੇਰਲਾ ਰਾਜ ਦੇ ਤਰਾਵਨਕੋਰ ਜਿਲੇ ਦੇ ਨੇੜਲੇ ਖੇਤਰ ਵਿਚ ਨੀਵੇਂ ਵਰਗ ਦੀਆਂ ਔਰਤਾਂ ਨੂੰ ਆਪਣੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਢਕਣ ਦੀ ਆਗਿਆ ਨਹੀਂ ਸੀ। ਇੱਥੇ ਮੰਦਿਰ ਵਿਚ ਪ੍ਰੋਹਿਤ ਕੋਲ ਇੱਕ ਲਾਠੀ ਰੱਖੀ ਹੁੰਦੀ ਸੀ ਅਤੇ ਉਸ ਦੇ ਉੱਪਰ ਇੱਕ ਚਾਕੂ ਬੰਨਿਆ ਹੁੰਦਿਆ ਸੀ, ਜਦੋਂ ਕੋਈ ਔਰਤ ਆਪਣੀ ਛਾਤੀ ਢਕ ਕੇ ਆਉਂਦੀ ਤਾਂ ਮੰਦਿਰ ਦੇ ਪ੍ਰੋਹਿਤ ਵੱਲੋਂ ਉਸ ਦੇ ਕੱਪੜੇ ਪਾੜ ਕੇ ਦਰੱਖਤ ਉੱਤੇ ਲਟਕਾ ਦਿੱਤੇ ਜਾਂਦੇ ਸਨ ਕਿ ਅੱਗੇ ਤੋਂ ਕੋਈ ਵੀ ਔਰਤ ਇੱਦਾਂ ਦੀ ਗਲਤੀ ਨਾ ਦੁਹਰਾਏ।
ਇੱਥੇ ਇੱਕ ਹੋਰ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਉੱਚ ਵਰਗ ਦੀਆਂ ਬ੍ਰਾਹਮਣ, ਕਸ਼ੱਤਰੀ ਔਰਤਾਂ ਨੂੰ ਘਰ ਤੋਂ ਬਾਹਰ ਜਾਂਦੇ ਸਮੇਂ ਸਰਵਜਨਿਕ ਥਾਂਵਾਂ ‘ਤੇ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਢਕਣ ਦੀ ਇਜਾਜ਼ਤ ਸੀ, ਪਰ ਇਸ ਦੇ ਉਲਟ ਦਲਿਤ ਵਰਗ ਨੂੰ ਨਹੀਂ ਸੀ ਜਾਂ ਫਿਰ ਉਨ੍ਹਾਂ ਨੂੰ ਇਸ ਦੇ ਬਦਲੇ ਟੈਕਸ ਭਰਨਾ ਪੈਂਦਾ ਸੀ। ਇਹ ਉਸ ਸਮੇਂ ਫੈਲਿਆ ਹੋਇਆ ਘਿਨੌਣਾ ਜਾਤੀਗਤ ਭੇਦਭਾਵ ਸੀ। ਗਰੀਬ ਲੋਕਾਂ ਨੂੰ ਦਬਾ ਕੇ ਰੱਖਣਾ ਅਤੇ ਜਾਤ-ਪਾਤ ਨੂੰ ਹਮੇਸ਼ਾ ਕਾਇਮ ਰੱਖਣਾ ਇਨ੍ਹਾਂ ਦਾ ਮੁੱਖ ਮਕਸਦ ਸੀ। ਹਰ ਵਰਗ ਦੀਆਂ ਔਰਤਾਂ ਲਈ ਅਲੱਗ-ਅਲੱਗ ਨਿਯਮ ਬਣਾਏ ਹੋਏ ਸਨ। ਇੱਕ ਬ੍ਰਾਹਮਣ ਸ਼ਖਸ ਦੇ ਸਾਹਮਣੇ ਇੱਕ ਕਸ਼ੱਤਰੀ ਵਰਗ ਦੀ ਮਹਿਲਾ ਨੂੰ ਜ਼ਬਰਦਸਤੀ ਤਨ ਦਾ ਉੱਪਰਲਾ ਹਿੱਸਾ ਨੰਗਾ ਕਰਨ ਲਈ ਮਜ਼ਬੂਰ ਕੀਤਾ ਜਾ ਸਕਦਾ ਸੀ। ਇਹ ਕਿੱਸਾ ਬਹੁਤ ਹੀ ਦਿਲ ਦਿਹਲਾਉਣ ਵਾਲਾ ਹੈ।
ਇੱਕ ਵਾਰ ਮਹੱਲ ਦੀ ਰਾਣੀ ਦੇ ਸਾਹਮਣੇ ਇੱਕ ਨੀਵੇਂ ਵਰਗ ਦੀ ਔਰਤ ਆਪਣੀ ਛਾਤੀ ਢਕ ਕੇ ਚਲੀ ਗਈ ਤਾਂ ਰਾਣੀ ਨੇ ਉਸ ਦੀ ਛਾਤੀ ਨੂੰ ਕਟਵਾਉਣ ਦਾ ਫਰਮਾਨ ਦੇ ਦਿੱਤਾ। ਇੱਥੋਂ ਤੱਕ ਕਿ ਜਦੋਂ ਰਾਜੇ ਦੀ ਸਵਾਰੀ ਸਰਵਜਨਿਕ ਰੂਪ ਤੋਂ ਸ਼ਹਿਰ ਤੋਂ ਬਾਹਰ ਨਿਕਲਦੀ ਤਾਂ ਉੱਚ ਵਰਗ ਦੀਆਂ ਔਰਤਾਂ ਨੂੰ ਉਸ ਦੇ ਸਨਮਾਨ ਲਈ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਨੰਗਾ ਕਰਕੇ ਰਾਜੇ ਦੇ ਉੱਪਰ ਫੁੱਲ ਬਰਸਾਉਣੇ ਪੈਂਦੇ ਸਨ ਅਤੇ ਉਸ ਵਿਚ ਕੁਆਰੀਆਂ ਕੁੜੀਆਂ ਵੀ ਸ਼ਾਮਿਲ ਸਨ।
19ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿਚ ਇਸ ਪ੍ਰਥਾ ਵਿਚ ਕੁਝ ਬਦਲਾਅ ਆਉਣਾ ਸ਼ੁਰੂ ਹੋਇਆ, ਜਦੋਂ ਲੋਕ ਰੋਜ਼ਗਾਰ ਦੀ ਤਲਾਸ਼ ਵਿਚ ਬਾਹਰ ਸ੍ਰੀ ਲੰਕਾ ਵਰਗੇ ਖੇਤਰਾਂ ਵਿਚ ਵਿਚਰਦੇ ਤਾਂ ਉਨ੍ਹਾਂ ਨੂੰ ਨਵੀਆਂ-ਨਵੀਆਂ ਸਮਾਜਿਕ ਪ੍ਰਣਾਲੀਆਂ ਅਤੇ ਢਾਂਚੇ ਦੇਖਣ ਨੂੰ ਮਿਲੇ। ਫਲਸਰੂਪ ਉਨ੍ਹਾਂ ਵਿਚ ਜਾਗਰੂਕਤਾ ਆਉਣੀ ਸ਼ੁਰੂ ਹੋਈ। ਇਸ ਦੇ ਨਾਲ ਹੀ ਔਰਤਾਂ ਘਰ ਦੇ ਅੰਦਰ ਅਤੇ ਬਾਹਰ ਆਪਣੇ ਸਰੀਰ ਨੂੰ ਢਕਣ ਲੱਗੀਆਂ, ਪਰ ਇਸ ਇਤਿਹਾਸਕ ਬਦਲਾਅ ਨੂੰ ਮਰਦ ਪ੍ਰਧਾਨ ਸਮਾਜ ਨੇ ਇੰਨੀ ਜਲਦੀ ਸਵੀਕਾਰ ਨਹੀਂ ਕੀਤਾ। 1800-1829 ਈ. ਤੱਕ ਅੰਗਰੇਜ਼ੀ ਰਾਜ ਦੇ ਦਖਲ ਵਧਣ ਕਾਰਨ ਇਹ ਨਾਦਰ ਸਮੁਦਾਇ ਨੀਵੀਂ ਜਾਤ ਦੀਆਂ ਔਰਤਾਂ ਨੇ ਈਸਾਈ ਧਰਮ ਅਪਨਾ ਲਿਆ। 1855 ਈ. ਵਿਚ ਦਾਸ ਪ੍ਰਥਾ ਦਾ ਅੰਤ ਹੋਣ ਨਾਲ ਸਵਰਣ ਪ੍ਰਥਾ ਵਿਚ ਗੁੱਸਾ ਭਰ ਆਇਆ ਅਤੇ ਅਕਤੂਬਰ 1859 ਈ. ਵਿਚ ਦੰਗੇ ਹੋਏ। ਇਸ ਵਿਚ ਨਾਦਰ ਸਮੁਦਾਇ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਦੀ ਬੇਪਤੀ ਕੀਤੀ ਗਈ।
ਇਹ ਸੰਘਰਸ਼ ਲੰਮਾ ਸਮਾਂ ਚੱਲਦਾ ਰਿਹਾ ਅਤੇ ਇਸ ਦੀ ਪਹਿਲੀ ਸ਼ਹੀਦ ਔਰਤ ਨੰਗੇਲੀ ਸੀ, ਜਿਸ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਇਸ ਦਾ ਸਾਥ ਉਸ ਦੇ ਪਤੀ ਚਿਰਕੁੰਡਨ ਨੇ ਦਿੱਤਾ। ਨੰਗੇਲੀ ਨੇ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਢਕਣਾ ਸ਼ੁਰੂ ਕਰ ਦਿੱਤਾ ਅਤੇ ਟੈਕਸ ਨਾ ਦਿੱਤਾ। ਜਦੋਂ ਸਮਾਜ ਦੇ ਟੈਕਸ ਅਧਿਕਾਰੀ ਟੈਕਸ ਲੈਣ ਲਈ ਉਸ ਦੇ ਘਰ ਆਏ ਤਾਂ ਉਸ ਨੇ ਆਪਣੀਆਂ ਛਾਤੀਆਂ ਨੂੰ ਦਾਤਰੀ ਨਾਲ ਕੱਟ ਕੇ ਕੇਲੇ ਦੇ ਪੱਤਿਆਂ ਉਪਰ ਰੱਖ ਕੇ ਟੈਕਸ ਅਧਿਕਾਰੀ ਦੇ ਸਾਹਮਣੇ ਜਾ ਖੜ੍ਹੀ ਹੋਈ। ਇਹ ਦੇਖ ਕੇ ਟੈਕਸ ਅਧਿਕਾਰੀ ਉੱਥੋਂ ਭੱਜ ਗਏ ਅਤੇ ਖੂਨ ਨਾਲ ਲੱਥ-ਪੱਥ ਖੜ੍ਹੀ ਨੰਗੇਲੀ ਨੇ ਵੀ ਉਸੇ ਸਮੇਂ ਦਮ ਤੋੜ ਦਿੱਤਾ। ਉਸ ਦੀ ਮੌਤ ਦੀ ਖਬਰ ਜੰਗਲ ਵਿਚ ਲੱਗੀ ਅੱਗ ਵਾਂਗ ਫੈਲ ਗਈ। ਅੱਗ ਦੀ ਚਿਖਾਂ ਵਿਚ ਨੰਗੇਲੀ ਦੇ ਪਤੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ।
ਇਤਿਹਾਸ ਵਿਚ ਇਹ ਪਹਿਲੀ ਘਟਨਾ ਸੀ, ਜਿਸ ਵਿਚ ਔਰਤ ਦੀ ਜਲਦੀ ਚਿਖਾ ਵਿਚ ਉਸ ਦਾ ਪਤੀ ਸਤੀ ਹੋਇਆ ਹੋਵੇ। ਚੇਰਥਾਲਾ ਨਾਮੀ ਇਸ ਜਗ੍ਹਾ ‘ਤੇ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗੇ ਸਨ। ਇਸ ਜਗ੍ਹਾ ਨੂੰ ਉਨ੍ਹਾਂ ਦੇ ਪ੍ਰਤੀ ਸ਼ਰਧਾਂਜਲੀ ਪ੍ਰਗਟ ਕਰਨ ਲਈ ਮੁਲਾੱਚੀਪਰਾਮਬੂ ਭਾਵ (ਮਹਿਲਾਵਾਂ ਦੇ ਸਤਮ ਦੀ ਭੂਮੀ) ਦੇ ਨਾਮ ਨਾਲ ਜਾਣਿਆ ਜਾਂਦਾ ਹੈ; ਪਰ ਅੱਜ-ਕੱਲ ਇਸ ਨੂੰ ਸਥਾਨਕ ਲੋਕ ਮਨੋਰਮਾ ਕਵਾਲਾ ਦੇ ਨਾਂ ਨਾਲ ਜਾਣਦੇ ਹਨ।
ਅਖੀਰ 26 ਜੁਲਾਈ 1859 ਈ. ਨੂੰ ਔਰਤਾਂ ਨੂੰ ਪੂਰਨ ਰੂਪ ਤੋਂ ਆਪਣੇ ਸਰੀਰ ਨੂੰ ਢਕਣ ਦਾ ਅਧਿਕਾਰ ਮਿਲ ਗਿਆ, ਪਰ ਸਰਕਾਰ ਦੇ ਆਦੇਸ਼ ਅਨੁਸਾਰ ਨੀਵੇਂ ਵਰਗ ਦੀ ਪੁਸ਼ਾਕ ਉੱਚ ਵਰਗ ਨਾਲੋਂ ਵੱਖਰੀ ਕਿਸਮ ਦੀ ਹੋਵੇਗੀ। ਇਸ ਕਰੂਰ ਪਰੰਪਰਾ ਨੂੰ ਅੱਗੇ ਚਲਾਉਣ ਵਿਚ ਰਾਜਸੀ ਘਰਾਣੇ, ਪ੍ਰੋਹਿਤ, ਸਵਰਣ ਵਰਗ ਦੇ ਲੋਕਾਂ ਤੋਂ ਇਲਾਵਾ ਉੱਚ ਵਰਗ ਦੀਆਂ ਰਾਜਸੀ ਔਰਤਾਂ ਵੀ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਇਸ ਪ੍ਰਥਾ ਨੂੰ ਕਾਇਮ ਰੱਖਿਆ। ਸਿੰਧੂ ਘਾਟੀ ਦੀ ਸੱਭਿਅਤਾ ਦੇ ਸਮੇਂ ਭਾਰਤ ਮਾਤਾ ਪ੍ਰਧਾਨ ਦੇਸ਼ ਸੀ, ਪਰ ਆਰੀਆ ਲੋਕਾਂ ਦੇ ਭਾਰਤ ਆਉਣ ਕਰਕੇ ਇੱਦਾਂ ਦੀਆਂ ਕਰੂਰ ਪ੍ਰਥਾਵਾਂ ਦਾ ਜਨਮ ਹੋਇਆ। ਸਾਡਾ ਸਮਾਜ ਨਿਰੰਤਰ ਭੇਦ-ਭਾਵ, ਅਛੂਤ ਵਰਗੇ ਭੇਦਭਾਵਾਂ ਦੇ ਦੌਰ ਤੋਂ ਗੁਜ਼ਰ ਰਿਹਾ ਹੈ, ਪਰ ਸਮੇਂ ਦੇ ਪਹੀਏ ‘ਤੇ ਸਵਾਰ ਲੋਕਾਂ ਦੇ ਹੌਸਲਿਆਂ ਅਤੇ ਦ੍ਰਿੜ ਵਿਸ਼ਵਾਸ ਨੇ ਇਸ ਘਿਨੌਣੀ ਪ੍ਰਥਾ ਦਾ ਖਾਤਮਾ ਕਰ ਦਿੱਤਾ। ਅੱਜ ਵੀ ਸਾਡੇ ਸਮਾਜ ਵਿਚ ਔਰਤਾਂ ਨਾਲ ਇਨਸਾਨਾਂ ਵਰਗਾ ਸਲੂਕ ਨਹੀਂ ਕੀਤਾ ਜਾਂਦਾ। ਇਸ ਲਈ ਔਰਤਾਂ ਨੂੰ ਪ੍ਰਗਤੀ ਦੇ ਰਾਹ ‘ਤੇ ਚੱਲਦਿਆਂ ਹਮੇਸ਼ਾ ਬੁਰਾਈਆਂ ਦੇ ਖਿਲਾਫ ਇਕਜੁੱਟ ਹੋ ਕੇ ਸੰਘਰਸ਼ਸ਼ੀਲ ਬਣਿਆ ਰਹਿਣਾ ਪਵੇਗਾ। ਫਿਰ ਹੀ ਅੱਜ ਦੀ ਔਰਤ ਆਪਣੇ ਹੱਕ ਲੈਣ ਵਿਚ ਸਫਲ ਸਿੱਧ ਹੋਵੇਗੀ। ਇਸ ਲਈ ਉਸ ਦੇ ਕੋਲ ਸਿੱਖਿਆ ਤੇ ਤਰਕਸ਼ੀਲ ਵਿਚਾਰ ਅਤੇ ਆਰਥਿਕ ਰੂਪ ਤੋਂ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਉਸ ਦੀ ਮਦਦ ਲਈ ਸਭ ਤੋਂ ਜ਼ਿਆਦਾ ਸਹਾਈ ਹਨ।