ਕਿਸਾਨ-ਮਜ਼ਦੂਰ ਸੰਘਰਸ਼

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਕਿਸਾਨ ਮਜ਼ਦੂਰ ਸੰਘਰਸ਼ ਹੁੰਦਾ ਹੀ ਚਲਿਆ ਆਇਆ ਹੈ, ਕਿਸਾਨ ਮਜ਼ਦੂਰ ਦੀ ਜਿ਼ੰਦਗੀ ਆਪਣੇ ਆਪ ‘ਚ ਇੱਕ ਸੰਘਰਸ਼ ਹੈ: ਇਸ ਦੇ ਕਈ ਰੂਪ ਤੇ ਸੁਭਾਅ ਹਨ। ਕਿਸਾਨ ਮਜ਼ਦੂਰ ਦਾ ਆਪਸੀ ਰਿਸ਼ਤਾ ਅਟੁੱਟ ਹੈ। ਦੋਹਾਂ ਦੀ ਹੋਂਦ ਇੱਕ ਦੂਸਰੇ ਨਾਲ ਜੁੜੀ ਹੋਈ ਹੈ। ਇ੍ਹਨਾਂ ਦਾ ਆਪਸੀ ਸਬੰਧ ਇੱਕ ਦੂਜੇ ਲਈ ਸਾਹ ਰਗ ਦਾ ਕੰਮ ਕਰਦਾ ਹੈ। ਅੱਜ ਦੇ ਮਸ਼ੀਨੀ ਯੁੱਗ ਨੇ ਭਾਵੇਂ ਕੁੱਝ ਨਵਾਂ ਮੋੜਾ ਲਿਆ ਹੈ ਪਰ ਇਹ ਰਿਸ਼ਤਾ ਸੰਪੂਰਨ ਬਰਕਰਾਰ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਨੇ ਇਸ ਰਿਸ਼ਤੇ ਨੂੰ ਖੁੱਲ ਕੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ।

ਹਰ ਇੱਕ ਕਿਸਾਨ, ਚਾਹੇ ਵੱਡਾ ਹੈ ਜਾਂ ਛੋਟਾ ਇਹ ਇੱਕ ਇੱਕ ਇਕਾਈ ਹੈ; ਇਹਨਾਂ ਦਾ ਆਪੋ ਆਪਣਾ ਅੱਡੋ-ਅੱਡ ਫਸਲ ਦੀ ਪੈਦਾਵਾਰ ਦਾ ਵੱਖੋ-ਵੱਖਰਾ ਜੁਗਾੜ ਹੈ। ਖੇਤੀ ਦੇ ਮਸ਼ੀਨੀਕਰਨ ਹੋਣ ਤੋਂ ਪਹਿਲਾਂ ਕਿਸਾਨ ਦਾ ਸਾਰਾ ਟੱਬਰ ਖੇਤੀ ਕੰਮ ਵਿਚ ਆਪੋ ਆਪਣਾ ਯੋਗਦਾਨ ਪਾਉਂਦਾ ਸੀ, ਨਿੱਕੇ ਨਿਆਣਿਆਂ ਤੋਂ ਲੈ ਕੇ ਬਿਰਧ ਹੋ ਗਏ ਬਜ਼ੁਰਗਾਂ ਤੱਕ। ਤਿੰਨ ਕੁ ਸਾਲ ਦੇ ਬੱਚੇ ਨੂੰ ਖੂਹ ਨੂੰ ਚਾਹ ਦਾ ਡੋਲੂ ਲੈ ਕੇ ਤੋਰ ਦਈਦਾ ਸੀ ਤੇ ਨਾਲ ਕਹਿ ਦੇਣਾ ਕਿ ਮੁੜਦਾ ਇਸੇ ਡੋਲੂ ‘ਚ ਦੁੱਧ ਪੁਆ ਕੇ ਲੈ ਆਈਂ। ਸਿਆਣੇ ਬਜੁ਼ਰਗ ਹੱਡ ਪੈਰ ਚਲਦੇ ਰੱਖਣ ਲਈ, ਅਤੇ ਘਰ ਦੇ ਕੰਮ ਕਾਜ ‘ਚ ਸਹਾਈ ਹੁੰਦੇ ਰਹਿਣ ਲਈ, ਪਸ਼ੂਆਂ ਨੂੰ ਪਾਣੀ ਪਿਆ ਦੇਣਾ, ਖੋਲ੍ਹ ਕੇ ਏਧਰੋਂ-ਓਧਰ ਬੰਨ੍ਹ ਦੇਣਾ ਅਤੇ ਰਾਖੀ ਆਦਿ ਦਾ ਕੰਮ ਬਿਨ ਦੱਸਿਆਂ-ਪੁੱਛਿਆਂ ਹੀ ਕਰੀ ਜਾਇਆ ਕਰਦੇ ਸਨ ਤੇ ਇੰਜ ਖੇਤੀ ਦੇ ਕਾਰਖਾਨੇ ਦੀ ਮਸ਼ੀਨ ਆਪੇ ਹੀ ਆਟੋ ਮੋਡ ‘ਚ ਲੱਗੀ ਚੱਲੀ ਜਾਂਦੀ ਸੀ। ਜੇ ਕੋਈ ਘਰ ਦਾ ਜੀਅ ਕੰਮ-ਚੋਟਾ ਹੋਵੇ ਤਾਂ ਉਸ ਨੂੰ ਵਾਂਢੇ ਜਾਣ ਆਉਣ ਦਾ ਜੁੰਮਾ ਸੌਂਪ ਦਿੱਤਾ ਜਾਂਦਾ ਸੀ ਅਤੇ ਸ਼ਹਿਰੋਂ, ਘਰ ਤੇ ਖੇਤੀ ਦੀਆਂ ਲੋੜੀਂਦੀਆਂ ਚੀਜ਼ਾਂ-ਵਸਤਾਂ ਲਿਆਉਣ ਦਾ ਜੁੰਮਾ ਲਾ, ਕੰਮ ਉਸ ਤੋਂ ਵੀ ਉਤਨਾ ਹੀ ਲੈ ਲਿਆ ਜਾਂਦਾ ਸੀ।
ਹਰੇ ਇਨਕਲਾਬ ਤੋਂ ਪਹਿਲਾਂ ਪੁਸ਼ਤਾਂ ਤੋਂ ਹੀ ਇੱਕ ਰੁਝਾਨ ਬਣਿਆਂ ਚਲਿਆ ਆ ਰਿਹਾ ਸੀ ਕਿ ਖੇਤੀ ‘ਚ ਹੱਥ ਵਟਾਉਣ ਲਈ ਇੱਕ ਸਾਂਝੀ ਕਾਮਾ ਸਾਰਾ ਸਾਲ, ਉਸ ਕਿਸਾਨ ਪਰਿਵਾਰ ਨਾਲ ਰੋਟੀ ‘ਤੇ ਹੀ ਕੰਮ ਕਰਵਾਉਂਦਾ ਰਹਿੰਦਾ ਸੀ ਤੇ ਅਖੀਰ ਫਸਲ ਆਉਣ ‘ਤੇ ਉਸ ਨੂੰ ਕੰਮ ਕਰਾਉਣ ਦੇ ਇਵਜ਼ ਵਜੋਂ ਫਸਲ ਦਾ ਕੁੱਝ ਹਿੱਸਾ ਦੇ ਦਿੱਤਾ ਜਾਂਦਾ ਸੀ, ਪਰ ਕਈਆਂ ਨਾਲ ਫਸਲ ਦੀ ਮਿਕਦਾਰ ਮਿਥੀ ਹੁੰਦੀ ਸੀ ਜਿਸ ਨੂੰ ਪੰਜ-ਦੁਪੰਜੀ ਕਹਿੰਦੇ ਸਨ, ਪੰਜਾਂ ਹਿੱਸਿਆਂ ‘ਚੋਂ ਦੋ ਹਿੱਸੇ ਮਜ਼ਦੂਰ ਦੇ ਤੇ ਤਿੰਨ ਕਿਸਾਨ ਦੇ: ਜਾਂ ਇੰਜ ਕਹਿ ਲਈਏ ਕਿ ਚਾਲੀ ਪ੍ਰਤੀਸ਼ਤ ਕੰਮ ਕਰਨ ਵਾਲੇ ਦਾ ਤੇ ਸੱਠ ਪ੍ਰਤੀਸ਼ੱਤ ਕਿਸਾਨ ਦਾ ਹਿੱਸਾ। ਇੰਜ ਹਿੱਸੇ ਤੇ ਕੰਮ ਕਰਵਾਉਣ ਵਾਲੇ ਨੂੰ ਸੀਰੀ ਕਹਿੰਦੇ ਸਨ, ਜੋ ਸਾਰਾ ਸਾਲ ਕਿਸਾਨ ਪਰਿਵਾਰ ਨਾਲ ਘਰ ਦੇ ਜੀਆਂ ਵਾਂਗ ਹੀ ਹਰ ਖੇਤੀ ਦੇ ਕੰਮ ਕਾਜ ਨੂੰ ਸਿਰੇ ਚਾੜ੍ਹਨ ਲਈ ਤਤਪਰ ਤੇ ਹਾਜ਼ਰ ਰਹਿੰਦਾ ਸੀ। ਇਸ ਤਰ੍ਹਾਂ ਬਹੁਤੇ ਕਿਸਾਨ ਪਰਿਵਾਰਾਂ ਦਾ, ਵਿੱਤ ਮੁਤਾਬਕ ਇੱਕ ਇੱਕ ਸੀਰੀ ਪਰਿਵਾਰ ਅੱਗੇ ਤੋਂ ਅੱਗੇ ਪੁਸ਼ਤ ਦਰ ਪੁਸ਼ਤ ਚਲਿਆ ਆਉਂਦਾ ਸੀ। ਸੱਠਵਿਆਂ ਦੇ ਹਰੇ ਇਨਕਲਾਬ ਵੇਲੇ ਤਬਦੀਲੀ ਦਾ ਰੁਖ਼ ਆਇਆ ਤਾਂ ਨਕਦ ਪੈਸਿਆਂ ਤੇ ਜੋਤੇ ਅਤੇ ਦਿਹਾੜੀਆਂ ਕਰਨ ਦਾ ਰਿਵਾਜ਼ ਪ੍ਰਚੱਲਤ ਹੋ ਗਿਆ। ਹਰ ਕੰਮ ਪੈਸੇ ਦੇ ਕੇ ਕਰਵਾਇਆ ਜਾਣ ਲੱਗਾ; ਕਿਸਾਨ ਨਾਲ ਕੰਮ ਕਰਵਾਉਣ ਵਾਲੇ ਹੁਣ ਫਸਲ ਦੇ ਹਿੱਸੇ ਦੀ ਥਾਂ ਨਕਦ ਪੈਸਿਆਂ ਤੇ ਕੰੰਮ ਕਰਨ ਲੱਗੇ: ਚਾਹੇ ਉਹ ਪੈਸੇ ਦਿਹਾੜੀ ਦੇ ਹੋਣ, ਮਹੀਨੇ ਦੇ ਜਾਂ ਪ੍ਰਤੀ ਸਾਲ ਦੀ ਮਿਥੀ ਤਨਖਾਹ। ਸਮੇਂ ਦੇ ਬਦਲਾ ਨਾਲ ਕਿਸਾਨ ਮਜ਼ਦੂਰ ਦੇ ਰਿਸ਼ਤੇ ਦੀ ਸਾਂਝ, ਕੰਮ ਬਦਲੇ ਫਸਲ ਦਾ ਹਿੱਸਾ ਦੇਣ ਦੀ ਥਾਂ ਪੈਸਿਆਂ ਨੇ ਲੈ ਲਈ। ਜਦ ਗੱਲ ਪੈਸਿਆਂ ਦੀ ਆ ਗਈ ਤਾਂ ਇੱਕੋ ਪਰਿਵਾਰ ਨਾਲ ਕੰਮ ਕਰਦੇ ਰਹਿਣ ਦੀ ਪ੍ਰਤੀਬੱਧਤਾ ਵੀ ਖਤਮ ਹੋ ਗਈ। ਵੱਧ ਪੈਸੇ ਲੈ ਕੇ ਕਿਸੇ ਵੀ ਕਿਸਾਨ ਨਾਲ ਕੰਮ ਕਰਨ ਦਾ ਰਾਹ ਪੱਧਰਾ ਹੋ ਗਿਆ ਤੇ ਪੁਸ਼ਤਾਂ ਤੋਂ ਚਲੀ ਆ ਰਹੀ ਸਾਂਝ ਨੂੰ ਸਮੇਂ ਦੀ ਰਫ਼ਤਾਰ ਨੇ ਨਕਦ ਪੈਸਿਆਂ ਨਾਲ ਬੰਨ ਦਿੱਤਾ।
ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਇੱਕ ਦੋ ਘਟਨਾਵਾਂ ਜਿਹੜੀਆਂ ਮੇਰੇ ਆਪਣੇ ਜੀਵਨ ਦਾ ਹਿੱਸਾ ਹਨ, ਮੈਂ ਜਿ਼ਕਰ ਕਰਦਾਂ। ਇੱਕ ਸਾਲ ਸਾਡੀ ਕਣਕ ਦੇ ਦੋ ਖੇਤ ਅਗੇਤੇ ਪੱਕ ਗਏ, ਤੇ ਅਗੇਤੀ ਹੀ ਵਾਢੀ ਕਰਵਾਉਣੀ ਪਈ। ਵਾਢੇ ਕਣਕ ਵੱਢ ਕੇ ਭਰੀਆਂ ਤਾਂ ਬੰਨ ਗਏ ਪਰ ਭਰੀਆਂ ਚੁੱਕ ਕੇ ਖਲ਼ੀ ਲਾਉਣ ਤੋਂ ਇਨਕਾਰੀ ਹੋ ਗਏ। ਸਾਡੇ ਖੂਹ ਦੇ ਪਿੜ ਤੋਂ ਇੱਕ ਖੇਤ ਦੇ ਫਾਸਲੇ ਨਾਲ, ਸਾਡੀ ਉਹ ਦੋ ਖੇਤਾਂ ਦੀ ਕਣਕ ਸੀ। ਵਾਢੀ ਦੀਆਂ ਬਣਦੀਆਂ ਕਣਕ ਦੀਆਂ ਭਰੀਆਂ ਉਹ ਪਹਿਲਾਂ ਹੀ ਲੈ ਗਏ ਤੇ ਹੁਣ ਖਲ਼ੀ ਲਾਉਣ ਦੀਆਂ ਉਤਨੀਆਂ ਹੀ ਹੋਰ ਮੰਗਦੇ ਸਨ, ਜਿਹੜੀਆਂ ਉੱਕਾ ਹੀ ਨਾ ਮੁਮਕਨ ਤੇ ਸਾਡੇ ਹਿਸਾਬ ਨਾਲ ਨਾਜਾਇਜ਼ ਸਨ। ਉਨ੍ਹਾਂ ਨੂੰ ਇਹ ਪਤਾ ਸੀ ਕਿ ਮੈਂ ਤਾਂ ਕਾਲਜ ਪੜ੍ਹਨ ਜਾਂਦਾ ਹਾਂ; ਬਾਪੂ ਜੀ ਇਕੱਲੇ ਦੋ ਖੇਤਾਂ ਦੀਆਂ ਭਰੀਆਂ ਚੁੱਕ ਕੇ ਖਲ਼ੀ ਲਾ ਨਹੀਂ ਸਕਦੇ ਤੇ ਹਰ ਹਾਲਤ ਜਿਨ੍ਹਾਂ ਕਣਕ ਵੱਢੀ ਉਨ੍ਹਾਂ ਤੋਂ ਹੀ ਖਲ਼ੀ ਲਗਵਾਉਣਗੇ! ਸੋ ਕਿਉਂ ਨਾ ਇਸ ਮਜ਼ਬੂਰੀ ਤਹਿਤ ਦੂਹਰੀ ਮਿਹਨਤ ਲੈਣ ਦਾ ਮਾਂਜਾ ਲਾਇਆ ਜਾਏ। ਮੇਰੇ ਮਨ ਨੂੰ ਉਨ੍ਹਾਂ ਦੀ ਇਹ ਖੇਡ ਹੋ ਰਹੀ ਚਤੁਰਾਈ, ਉੱਕਾ ਹੀ ਨਾ ਭਾਈ ਤੇ ਮੈਂ ਕੋਰਾ ਕਹਿ ਦਿੱਤਾ ਕਿ ਤੁਹਾਨੂੰ ਬਣਦੀ ਮਿਹਨਤ ਦੇ ਦਿੱਤੀ ਹੈ ਤੇ ਤੁਸੀਂ ਕੰਮ ਅਧੂਰਾ ਛੱਡ ਕੇ ਆਪਣੀ ਜੁੰਮੇਵਾਰੀ ਨਿਭਾਉਣ ਤੋਂ ਇਨਕਾਰੀ ਹੋ ਰਹੇ ਹੋ। ਤਿੰਨ ਚਾਰ ਦਿਨ ਇਹ ਘਸ ਘਸ ਚਲਦੀ ਰਹੀ।
ਇਸੇ ਦੌਰਾਨ ਸਾਨੂੰ ਇਹ ਸੁਨੇਹੇ ਮਿਲਣ ਲੱਗੇ ਕਿ ਵਾਧੂ ਹੋਰ ਕਣਕ ਦੀਆਂ ਭਰੀਆਂ ਉਨ੍ਹਾਂ ਨੂੰ ਦੇਵਾਂਗੇ ਤਾਂ ਉਹ ਖਲ਼ੀ ਲਾਉਣਗੇ, ਅੱਗੋਂ ਉਨ੍ਹਾਂ ਇਹ ਵੀ ਠੋਕ ਕੇ ਕਹਿ ਦਿੱਤਾ ਕਿ ਤੁਸੀਂ ਕਿਹੜਾ ਆਪ ਚੁੱਕ ਕੇ ਖਲ਼ੀ ਲਾ ਲੈਣੀ ਹੈ? ਕੰਮ ਤਾਂ ਸਾਥੋਂ ਹੀ ਕਰਵਾਉਣਾ ਪਊ। ਇਹ ਮੈਨੂੰ ੳੱਕਾ ਹੀ ਬਲੈਕ ਮੇਲ ਲੱਗਿਆ ਤੇ ਮਨ ਦੁਭਿਦਾ ‘ਚ ਪੈ ਗਿਆ ਕਿ ਹੁਣ ਕੀਤਾ ਕੀ ਜਾਏ? ਇੱਕ ਪਾਸੇ ਮਜ਼ਬੂਰੀ ਹੈ ਤੇ ਦੂਜੇ ਪਾਸੇ ਗੱਲ ਅਸੂਲ ਦੀ ਹੈ।-ਉਨ੍ਹਾਂ ਦਿਨਾਂ ‘ਚ ਸਾਡੇ ਖੂਹ ਤੇ ਇੱਕ ਰਾਜ ਮਿਸਤਰੀ, ਜਿਸ ਦਾ ਨਾਂ ਭਜਨ ਸਿੰਘ ਸੀ, ਉਹ ਦਿਨੇ ਪਿੰਡ ‘ਚ ਰਾਜਗਿਰੀ ਕਰਕੇ ਰਾਤ ਨੂੰ ਸਾਡੇ ਖੂਹ ਤੇ ਬਾਪੂ ਜੀ ਦੇ ਕੋਲ ਹੀ ਸੌਂ ਜਾਇਆ ਕਰਦਾ ਸੀ। ਉਹ ਕੁੱਪ-ਰੋਹੀੜੇ ਦਾ ਸੀ, ਜਿੱਥੇ ਵੱਡੇ ਘੱਲੂਘਾਰੇ ਦਾ ਸਾਕਾ ਵਾਪਰਿਆ ਸੀ ਤੇ ਹਜ਼ਾਰਾਂ ਹੀ ਸਿੰਘ ਸ਼ਹੀਦ ਹੋਏ ਸਨ। ਮੈਂ ਇਹ ਵੀ ਦੱਸ ਦਿਆਂ ਕਿ ਸਾਡੇ ਨਾਲ ਉਸ ਦਾ ਸਬੰਧ ਕਿਵੇਂ ਪੈ ਗਿਆ?-ਜਦੋਂ ਅਸੀਂ ਲੁਧਿਆਣੇ ਤੋਂ ‘ਜਿੰਦਲ ਐਂਡ ਕੰਪਨੀ’ ਤੋਂ ਨਵਾਂ ਪੇਟੀ ਬੰਦ ਕਿਰਲੋਸਕਰ ਇੰਜਨ ਖ੍ਰੀਦਿਆ ਤਾਂ ਜਿੰਦਲਾਂ ਨੂੰ ਹੀ ਪੁੱਛ ਲਿਆ ਕਿ ਜੇ ਤੁਹਾਡੇ ਕੋਲ ਕੋਈ ਕਾਰੀਗਰ ਹੈਗਾ ਤਾਂ ਉਹ ਸਾਡੇ ਖੂਹ ‘ਤੇ ਜਾ ਕੇ ਇਹ ਇੰਜਨ ਚਲਦਾ ਕਰ ਖੂਹ ‘ਚੋਂ ਟਿਊਬਵੈਲ ਨਾਲ ਪਾਣੀ ਨਿਕਲਦਾ ਕਰ ਆਏ; ਤਾਂ ਉਨ੍ਹਾਂ ਝੱਟ ਹੀ ਮਿਸਤਰੀ ਬਚਨ ਸਿੰਘ ਦੀ ਦੱਸ ਪਾਈ ਤੇ ਉਸ ਨੂੰ ਉੱਥੇ ਬੁਲਾ ਲਿਆ: ਉਸ ਵਾਅਦਾ ਕੀਤਾ ਕਿ ਚੌਥੇ ਦਿਨ ਨੂੰ ਉਹ ਰਾਜ ਮਿਸਤਰੀ ਵੀ ਆਪਣੇ ਨਾਲ ਲੈ ਸਵੇਰੇ ਦਸ ਵਜੇ ਸਾਡੇ ਖੂਹ ਤੇ ਪੁੱਜ ਜਾਏਗਾ। ਵਾਅਦੇ ਮੁਤਾਬਕ ਬਚਨ ਸਿੰਘ ਆਪਣੇ ਹੀ ਮੋਟਰ ਸਾਈਕਲ ਤੇ ਰਾਜ ਮਿਸਤਰੀ ਭਜਨ ਸਿੰਘ ਨੂੰ ਨਾਲ ਲੈ ਆਇਆ।
ਬਚਨ ਸਿੰਘ ਤਾਂ ਪਾਈਪ ਖੂਹ ‘ਚ ਵਰਾ ਕੇ ਪੱਖੇ ਨਾਲ ਕੱਸ ਇੰਜਨ ਦੀ ਸੇਧ ਵੇਧ ਕਰਕੇ ਤੇ ਫੱਟੇ ‘ਤੇ ਇੰਜਨ ਕੱਸ ਟਿਊਬਵੈਲ ਚਲਦਾ ਕਰ ਆਇਆ ਪਰ ਭਜਨ ਸਿੰਘ ਨੂੰ ਸਾਡੇ ਖੂਹ ਤੇ ਹੀ ਛੱਡ ਆਇਆ ਕਿ ਉਹ ਇੰਜਨ ਵਾਲੀ ਥੜੀ ਤੇ ਇੰਜਨ ਵਾਲੀ ਕੋਠੀ ਦਾ ਕੰਮ ਪੂਰਾ ਕਰਕੇ ਹਫਤੇ ਦਸਾਂ ਦਿਨਾਂ ਮਗਰੋਂ ਲੁਧਿਆਣੇ ਪਰਤ ਆਏ। ਹੋਇਆ ਇਹ ਕਿ ਸਾਡਾ ਤਾਂ ਕੰਮ ਹਫਤੇ ‘ਚ ਮੁੱਕ ਗਿਆ ਪਰ ਲਗਦੇ ਹੀ ਹੱਥ ਭਜਨ ਸਿੰਘ ਨੂੰ ਸਾਡੇ ਪਿੰਡ ‘ਚ ਹੀ ਮਕਾਨਾਂ ਦੀ ਉਸਾਰੀ ਦਾ ਕੰਮ ਐਸਾ ਲੜੀ ਦਰ ਲੜੀ ਮਿਲਦਾ ਗਿਆ ਕਿ ਉਹ ਤਾਂ ਸਾਲ ਭਰ ਹੀ ਸਾਡੇ ਖੂਹ ਤੇ ਰਿਹਾ। ਦਿਨੇ ਪਿੰਡ ‘ਚ ਰਾਜਗਿਰੀ ਦੀ ਦਿਹਾੜੀ ਕਰ ਤੇ ਉੱਥੇ ਹੀ ਰੋਟੀ ਪਾਣੀ ਛਕ ਰਾਤ ਨੂੰ ਸਾਡੇ ਖੂਹ ਤੇ ਆ ਕੇ ਸੌਂ ਜਾਇਆ ਕਰੇ।-ਹਾਂ ਵੱਢੀ ਕਣਕ ਦੀ ਖਲ਼ੀ ਲਾਉਣ ਦੀ ਰੋਜ਼ ਹੁੰਦੀ ਘੁਸਰ-ਮੁਸਰ ਉਹ ਵੀ ਸੁਣਦਾ ਰਿਹਾ; ਤੇ ਇੱਕ ਦਿਨ ਮੈਨੂੰ ਕਹਿੰਦਾ ਕਿ ਜੇ ਮੈਂ ਹਿੰਮਤ ਕਰਾਂ, ਤਾਂ ਉਹ ਮੈਨੂੰ ਖੇਤ ‘ਚ ਪਈਆਂ ਭਰੀਆਂ ਚੁਕਾ ਦਏਗਾ ਤੇ ਮੈਂ ਆਪ ਸਿਰ ਤੇ ਚੁੱਕ ਖਲ਼ੀ ਲਾ ਲਵਾਂ, ਉਸ ਦੀ ਇਹ ਪੇਸ਼ਕਸ਼ ਮੈਨੂੰ ਬੜੀ ਚੰਗੀ ਲੱਗੀ, ਕਹਾਵਤ ਹੈ ‘ਅੰਨਾ ਕੀ ਭਾਲੇ ਦੋ ਅੱਖਾਂ’ ਅਗਲੀ ਰਾਤ ਉਹ ਕੰਮ ਤੋਂ ਆ ਕੇ ਮੈਨੂੰ ਭਰੀਆਂ ਚੁਕਾਉਂਦਾ ਰਿਹਾ ਤੇ ਮੈਂ ਸਿਰ ਤੇ ਚੁੱਕ ਚੁੱਕ ਲਿਆਉਂਦਾ ਰਿਹਾ, ਚੰਦ ਦੀ ਚਾਨਣੀ ਸੀ, ਸੂਰਜ ਚੜ੍ਹਨ ਤੋਂ ਪਹਿਲਾਂ ਦੋ ਖੇਤਾਂ ਦੀ ਵੱਢੀ ਕਣਕ ਦੀਆਂ ਭਰੀਆਂ ਦੀ ਖਲ਼ੀ ਲਾ ਦਿੱਤੀ। ਜਿਨ੍ਹਾਂ ਕਣਕ ਵੱਢੀ ਸੀ ਉਹ ਵੀ ਹੈਰਾਨ ਤੇ ਆਂਢ ਗੁਆਂਢ ਦੇ ਖੂਹਾਂ ਵਾਲੇ ਵੀ ਕਿ ਕੱਲ ਸ਼ਾਮ ਤਾਂ ਭਰੀਆਂ ਖੇਤ ‘ਚ ਪਈਆਂ ਸਨ ਤੇ ਸਵੇਰੇ ਦੇਖਿਆ ਤਾਂ ਖੇਤ ਦੇ ਫਾਸਲੇ ਤੇ ਪਿੜ ‘ਚ ਖਲ਼ੀ ਲੱਗੀ ਹੋਈ ਸੀ। ਸਾਰੀ ਰਾਤ ਭਰੀਆਂ ਚੁਕਾਉਂਦਾ ਭਜਨ ਸਿੰਘ ਨਹਾ ਧੋ ਕੇ ਪਿੰਡ ਆਪਣੀ ਰਾਜਗਿਰੀ ਕਰਨ ਚਲਾ ਗਿਆ ਤੇ ਮੈਂ ਤਿਆਰ ਹੋ ਡੀ ਏ ਵੀ ਕਾਲਜ ਜਲੰਧਰ ਪੜ੍ਹਨ ਚਲਾ ਗਿਆ।
ਮੇਰੇ ਲਈ ਇਹ ਗੱਲ ਇੱਕ ਬਹੁਤ ਵੱਡਾ ਸੰਘਰਸ਼ ਜਿੱਤਣ ਵਾਂਗ ਸੀ: ਮੈਨੂੰ ਇਹ ਆਪਣੇ ਅਸੂਲ ਦੀ ਜਿੱਤ ਲੱਗੀ।-ਹਾਂ! ਮੈਂ ਇਹ ਵੀ ਦੱਸ ਦਿਆਂ ਕਿ ਪਿੰਡੋਂ ਡੀ ਏ ਵੀ ਕਾਲਜ ਜਲੰਧਰ ਪਹੁੰਚਣ ਨੂੰ ਘੱਟੋ ਘੱਟ ਦੋ ਘੰਟੇ ਦਾ ਸਮਾਂ ਲਗਦਾ ਸੀ, ਘਰੋਂ ਗੁਰਾਇਆ ਤੱਕ ਸਾਈਕਲ ਤੇ ਜਾਣਾ, ਸਾਈਕਲ ਉੱਥੇ ਛੱਡ, ਜਲੰਧਰ ਤੱਕ ਬੱਸ ‘ਚ ਤੇ ਅੱਗੇ ਬੱਸ ਅੱਡੇ ਤੋਂ ਸਦਰ ਬਜ਼ਾਰ ਛਾਉਣੀ ਤੋਂ ਚਲਦੀ ਤਿੰਨ ਨੰਬਰ ਲੋਕਲ ਬੱਸ ਫੜ ਕਾਲਜ ਪਹੁੰਚੀਦਾ ਸੀ, ਸਵੇਰੇ ਨੌਂ ਵਜੇ ਮੇਰੀ ਪਹਿਲੀ ਕਲਾਸ ਸੁ਼ਰੂ ਹੁੰਦੀ ਸੀ। ਇਸੇ ਤ੍ਹਰਾਂ ਸਾਰਾ ਦਿਨ ਕਲਜ ਪੜ੍ਹਨ ਉਪਰੰਤ ਕਿਤੇ ਰਾਤ ਨੂੰ ਘਰ ਪਹੁੰਚ ਹੁੰਦਾ ਸੀ। ਮੇਰੇ ਲਈ ਇਹ ਇੱਕ ਸੰਘਰਸ਼ ਸੀ, ਕਿਸਾਨੀ ਕਰਨ ਦੇ ਨਾਲ ਨਾਲ ਮੈਂ ਵਿਦਿਆਰਥੀ ਵੀ ਸੀ। ਖੇਤ ਮਜ਼ਦੂਰਾਂ ਨੂੰ ਬਣਦੀ ਮਿਹਨਤ ਮਜ਼ਦੂਰੀ ਦੇਣ ਨੂੰ ਤਾਂ ਕੋਈ ਝਿਜਕ ਨਹੀਂ ਸੀ ਪਰ ਮਜਬੂਰੀ ਬੱਸ ਉਹ ਜੋ ਡੇਢੀ-ਦੁਗਣੀ ਮਿਹਨਤ ਮੰਗਦੇ ਸਨ, ਉਹ ਗਲਤ ਲਗਦਾ ਸੀ। ਬਹੁਤਾ ਕੰਮ ਖੇਤੀ ਦਾ ਆਪ ਹੀ ਕਰੀਦਾ ਸੀ, ਅਤਿ ਲੋੜ ਹੋਣ ਤੇ ਹੀ ਕਾਮਿਆਂ ਤੋ ਕਰਵਾਉਣਾ ਪੈਦਾ ਸੀ, ਇਤਨੀ ਸਰੱਗੀ ਨਹੀਂ ਸੀ ਆਈ ਕਿ ਆਪ ਵਿਹਲੇ ਰਹਿ ਸਾਰਾ ਕੰਮ ਕਾਮਿਆਂ ਤੋ ਹੀ ਕਰਵਾਈਏ; ਭਾਵੇ ਹੁਣ ਸਾਰੀ ਜ਼ਮੀਨ ਸੇਂਜੂ ਹੋਣ ਕਾਰਨ ਫਸਲਾਂ ਚੰਗੀ ਪੈਦਾਵਾਰ ਦੇਣ ਲੱਗੀਆਂ ਸਨ ਅਤੇ ਪੈਸੇ ਵੀ ਵੱਟੇ ਜਾਣ ਲੱਗੇ ਸਨ ਪਰ ਫਿਰ ਵੀ ਕਾਮਿਆਂ ਦੇ ਬਰਾਬਰ ਨਾਲ ਡਟ ਕੇ ਕੰਮ ਕਰਨੋ ਕਦੇ ਵੀ ਨੱਕ ਨੀ ਸੀ ਵੱਟਿਆ।
ਇਸੇ ਵਰਗੀ ਇੱਕ ਹੋਰ ਘਟਨਾ ਵੀ ਦੱਸਦਾਂ, ਜਿਹੜੇ ਕਾਮੇ ਪਿੰਡੋਂ ਸਾਡੀ ਕਣਕ ਵੱਢਦੇ ਸਨ ਤੇ ਮਸ਼ੀਨ ਨਾਲ ਕੁਤਰਾਈ/ਗਹਾਈ ਕਰ ਕਰਾ ਕਣਕ ਦੀ ਸਾਂਭ ਸੰਭਾਲ ਅਤੇ ਤੂੜੀ ਦੇ ਕੁੱਪ ਵੀ ਬੰਨਾਉਂਦੇ ਸਨ, ਉਹ ਇੱਕ ਸਾਲ ਅੜ ਗਏ ਕਿ ਜੋ ਉਨ੍ਹਾਂ ਨੂੰ ਕਣਕ ਗਹਾਈ ਅਤੇ ਕੁੱਪ ਬੰਨ੍ਹਾਈ ਦਾ ਭਾਅ {ਭਾਵ ਕਣਕ} ਦਿੰਦੇ ਸੀ ਉਹ ਉਸ ਤੋਂ ਵੱਧ ਮੰਗ ਕਰਨ ਲੱਗੇ ਕਿਉਂਕਿ ਉਨ੍ਹਾਂ ਨੂੰ ਪੱਕਾ ਇਲਮ ਸੀ ਕਿ ਮੈਂ ਤਾਂ ਕਾਲਜ ਪੜ੍ਹਦਾ ਹਾਂ, ਤੇ ਆਪ ਇਕੱਲਿਆਂ ਕਣਕ ਦੀ ਗਹਾਈ ਕਰ ਨਹੀਂ ਸਕਦੇ ਤੇ ਇੰਜ ਇਹਨਾਂ ਤੋਂ ਠੋਕ ਕੇ ਵੱਧ ਮਿਹਨਤ ਲਵੋ। ਮੈਨੂੰ ਲੱਗਿਆ ਕਿ ਇਹ ਮਜ਼ਬੂਰੀ ਦਾ ਫਾਇਦਾ ਉਠਾ ਨਿਰਾ ਬਲੈਕ ਮੇਲ ਕਰ ਰਹੇ ਹਨ, ਤੇ ਇਸ ਹਾਲਾਤ ਤਹਿਤ ਮਨ ਬਣਾ ਲਿਆ ਕਿ ਇਸ ਸਾਲ ਕਣਕ ਦੀ ਗਹਾਈ/ਕਤਰਾਈ ਆਪ ਹੀ ਕਰਨੀ ਹੈ ਤੇ ਕੁੱਪ ਵੀ ਆਪ ਹੀ ਬੰਨਾਂਗੇ। ਕਣਕ ਦੀ ਗਹਾਈ ਵੇਲੇ ਕੁੱਪਾਂ ਵਾਸਤੇ ਨਾਲੀ ਕੱਢਣਾ ਅਤੇ ਕੁੱਪਾਂ ਅਤੇ ਉਨ੍ਹਾਂ ਦੇ ਐਰੇਆਂ ‘ਚ ਤੰਗੜਾਂ ਨਾਲ ਤੂੜੀ ਭਰਨਾ ਔਖਾ ਕੰਮ ਹੁੰਦੈ।- ਉਸ ਸਾਲ ਸਾਡੇ ਨਾਲ ਇੱਕ ਪੱਕਾ ਕਾਮਾ ਸੀ, ਜੋ ਮੇਰੇ ਮਾਮਾ ਜੀ ਯੂ ਪੀ ਤੋਂ ਲਿਆ ਸਾਡੇ ਨਾਲ ਲਾ ਗਏ ਸਨ। ਉਹ ਸੀ ਬੜਾ ਤਕੜਾ ਪਰ ਅੜਬ ਵੀ ਸੀ। ਉਸ ਦਾ ਨਾਂ ਸੀ ਭਗਵਾਨ ਦਾਸ, ਜੋ ਮਗਰੋਂ ਅਮ੍ਰਿਤ ਛਕ ਕੇ ਭਗਵਾਨ ਸਿੰਘ ਬਣ ਗਿਆ।
ਇੱਕ ਦਿਨ ਤੂੜੀ ਦੇ ਕੁੱਪਾਂ ਲਈ ਨਾਲੀ ਕੱਢਣ ਲੱਗੇ ਤਾਂ ਹੱਥਾਂ ਦੀਆਂ ਉਂਗਲੀਆਂ ‘ਚ ਚੀਰੇ ਆ ਗਏ; ਮੈਂ, ਮੇਰੇ ਦੋਵੇਂ ਭਤੀਜੇ, ਮੇਰੇ ਵੱਡੇ ਭਰਾ ਦੇ ਮੁੰਡੇ ਜਿਸ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ; ਉਹ ਦਸ ਤੇ ਬਾਰਾਂ ਸਾਲਾਂ ਦੇ ਸਨ ਸਕੂਲ ਪੜ੍ਹਦੇ, ਤੇ ਇੱਕ ਮੇਰਾ ਭਾਣਜਾ ਉਹ ਵੀ ਨਾਨਕੇ ਆਇਆ ਹੋਇਆ ਸੀ, ਉਹ ਸੋਲਾਂ ਸਾਲ ਦਾ ਸੀ। ਸੋਚੀਂ ਪੈ ਗਏ ਕਿ ਛੇ ਸੱਤ ਕੁੱਪਾਂ ਦੀ ਨਾਲੀ ਕਿਵੇਂ ਕੱਢਾਂਗੇ? ਹੱਥਾਂ ਵਿਚ ਤਾਂ ਪਹਿਲੇ ਦਿਨ ਹੀ ਚੀਰੇ ਆ ਗਏ, ਹਾਲੇ ਮਸ਼ੀਨ ‘ਚ ਗਾਲ਼ੇ ਲਾਉਣੇ ਹਨ, ਕੁੱਪ ਬੰਨਣੇ ਹਨ। ਨਾਲੀ ਕੱਢਣ ਦਾ ਕੰਮ ਕਿਵੇਂ ਕੀਤਾ ਜਾਏ ਸਮਝ ਨਾ ਆਵੇ! ਸੋਚਦਿਆਂ ਸੋਚਦਿਆਂ ਤਰਕੀਬ ਸੁੱਝੀ ਕਿ ਨਾਲੀ ਕੱਢਣ ਲਈ ਦਰੀਆਂ ਬੁਣਨ ਵਾਲੇ ਪੰਜੇ ਵਰਤੇ ਜਾਣ। ਹੱਥਾਂ ਦੇ ਪੰਜਿਆਂ ਦੀ ਥਾਂ ਜਦੋਂ ਦਰੀਆਂ ਦੇ ਪੰਜਿਆਂ ਦੀ ਵਰਤੋਂ ਕਰਨ ਲੱਗੇ ਤਾਂ ਸਾਰੇ ਕੁੱਪਾਂ ਦੀ ਨਾਲੀ ਸਹਿਜੇ ਹੀ ਅਸਾਨੀ ਨਾਲ ਕੱਢ ਲਈ। ਬੜਾ ਹੌਸਲਾ ਹੋਇਆ ਕਿ ਬਹੁਤ ਔਖਾ ਲਗਦਾ ਕੰਮ ਹੱਲ ਕਰ ਲਿਆ। ਉਪਰੰਤ ਸਾਰੀ ਕਣਕ ਪੰਜ ਹਾਰਸ ਪਾਵਰ ਦੇ ਕਿਰਲੋਸਕਰ ਇੰਜਨ ਨਾਲ ਥਰੈਸ਼ਰ ਤੇ ਪਟਾ ਚਾ੍ਹੜ ਆਪ ਹੀ ਗਾਲ਼ੇ ਲਾ ਗਾਹ ਲਈ ਤੇ ਸਾਰੇ ਹੀ ਤੂੜੀ ਦੇ ਕੁੱਪ ਵੀ ਆਪ ਹੀ ਬੰਨ ਲਏ। ਭਗਵਾਨ ਦਾਸ ਤੰਗੜਾਂ ‘ਚ ਬੰਨੀ ਤੂੜੀ ਕੁੱਪਾਂ ‘ਚ ਸੁੱਟਦਾ ਰਿਹਾ, ਅਸੀਂ ਤੰਗੜਾਂ ‘ਚ ਤੂੜੀ ਭਰ ਭਰ ਤੰਗੜ ਬੰਨਦੇ ਅਤੇ ਚੁਕਾਈ ਗਏ। ਇੱਕ ਜਣਾ ਕੁੱਪ ਦੁਆਲੇ ਲਿਪਟ ਰਹੀ ਬੇੜ ਮੋਢੇ ਤੇ ਧਰ ਖਿਚ ਪਾ ਕੇ ਹੌਲੀ ਹੌਲੀ ਅੱਗੇ ਅੱਗੇ ਤੁਰੀ ਗਿਆ ਤੇ ਸਵਰਨਾ, ਜੋ ਕੁੱਪ ਬੰਨਣ ਦਾ ਕਾਰੀਗਰ ਸੀ, ਇੱਕ ਪੀਪਾ ਦਾਣਿਆਂ ਦਾ ਪ੍ਰਤੀ ਕੁੱਪ ਬੰਨਣ ਦਾ ਲੈਂਦਾ ਸੀ, ਤੇ ਸੀ ਵੀ ਵੜਾ ਲੰਬਾ ਜੁਆਨ, ਤੀਸਰਾ ਹਿੱਸਾ ਕੁੱਪ ਦੀਆਂ ਬੇੜਾਂ ਤਾਂ ਰੱਸੀਆਂ ਨਾਲ ਥੱਲੇ ਖੜਾ ਹੀ ਬਿਨਾ ਪੌੜੀਉਂ ਬੰਨ ਦਿੰਦਾ ਸੀ। ਉਸ ਸਾਡੇ ਛੇ ਕੁੱਪ ਤੂੜੀ ਦੇ ਬੰਨੇ ਤੇ ਛੇ ਪੀਪੇ ਕਣਕ ਦੇ ਉਸ ਨੂੰ ਦਿੱਤੇ, ਇੱਕ ਪੀਪੇ ‘ਚ ਪੰਦਰਾਂ ਕੁ ਕਿੱਲੋ ਕਣਕ ਪੈਂਦੀ ਸੀ। ਸਾਰੀ ਕਣਕ ਦੀ ਗਹਾਈ ਦਾ ਕੰਮ ਮੀਂਹ ਕਿਣੀ ਤੋ ਪਹਿਲਾਂ ਸੁੱਕ ਪਕੇ ਹੀ ਨਜਿੱਠ ਲਿਆ।
ਇਸ ਤੋਂ ਬਾਅਦ ਸਾਡੇ ਨਾਲ ਕੰਮ ਕਰਵਉਣ ਵਾਲਿਆਂ ਮੁੜ ਕਦੇ ਅਜਿਹਾ ਮਜ਼ਬੂਰੀ ਦਾ ਫਾਇਦਾ ਉਠਾਉਣ ਦਾ ਵਤੀਰਾ ਨਹੀਂ ਅਪਣਾਇਆ। ਬਣਦੀ ਯੋਗ ਮਿਹਨਤ ਲੈਣ ਦੀ ਮੰਗ ਤਾਂ ਹੁੰਦੀ ਰਹੀ ਜੋ ਪੂਰੀ ਵੀ ਕਰਦੇ ਰਹੇ: ਉਸ ਕਾਮੇ ਟੱਬਰ ਦੇ ਪਰਿਵਾਰ ‘ਚੋਂ ਉਨ੍ਹਾਂ ਦੀਆਂ ਅਗਲੀਆਂ ਪੀੜੀਆਂ ਹਾਲੇ ਵੀ ਸਾਡੇ ਨਾਲ ਅੜਦੇ-ਥੁੜਦੇ ਕੰਮ ਕਰਵਾ ਦਿੰਦੇ ਹਨ। ਮੈਂ ਜਦੋਂ ਵੀ ਪੰਜਾਬ ਦਾ ਗੇੜਾ ਲਾਉਨਾ, ਉਨ੍ਹਾਂ ਨਾਲ ਪੁਸ਼ਤਾਂ ਦੇ ਬਣੇ ਸਬੰਧ ਸਨਮੁੱਖ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਕਰਕੇ ਆਉਨਾ। ਹੁਣ ਸਥਾਨਕ ਕਾਮਿਆਂ ਦਾ ਥਾਂ ਯੂ ਪੀ ਅਤੇ ਬਿਹਾਰ ਤੋਂ ਆਏ ਕਾਮਿਆਂ ਨੇ ਲੈ ਲਿਆ ਹੈ। ਹੁਣ ਸਾਡੇ ਦੋ ਬਿਹਾਰ ਤੋਂ ਪੱਕੇ ਕਾਮੇ ਰਾਮੂੰ ਤੇ ਚਰੰਜੀ ਤਕਰੀਬਨ ਪਿਛਲੇ ਵੀਹ ਸਾਲ ਤੋਂ ਸਾਲਾਨਾ ਤਨਖਾਹ ਤੇ ਖੇਤੀ ਕਰਵਾਉਂਦੇ ਹਨ। ਪੰਜਾਬ ‘ਚ ਸਾਡੀ ਜੱਦੀ ਜ਼ਮੀਨ ‘ਚ ਮੇਰਾ ਭਤੀਜਾ ਖੇਤੀ ਕਰਦਾ ਹੈ, ਉਹ ਵੀ ਹੁਣ ਪੁੱਤਾਂ ਪੋਤਿਆਂ ਵਾਲਾ ਹੈ; ਉਸ ਦਾ ਪੋਤਾ ਚੌਧਵੀਂ ਪੀੜੀ ਹੈ। ਮੇਰੇ ਬਾਪੁ ਜੀ ਨੂੰ ਆਪਣੇ ਨੌਂ ਪੀੜੀਆਂ ਦੇ ਵਡੇਰਿਆਂ ਦੇ ਨਾਵਾਂ ਦਾ ਪਤਾ ਸੀ ਤੇ ਦਸਵੀ ਪੀੜ੍ਹੀ ਉਹ ਸਨ। ਜੱਦੀ ਜ਼ਮੀਨ ਦੀ ਮਾਲਕੀ ਪੁਸ਼ਤ ਦਰ ਪੁਸ਼ਤ ਬਰਕਰਾਰ ਹੈ, ਅੱਜ ਤੱਕ ਅਸੀਂ ਵਾਹੀ ਯੋਗ ਜ਼ਮੀਨ ਦਾ ਇੱਕ ਮਰਲਾ ਤੱਕ ਨਹੀਂ ਵੇਚਿਆ ਅਤੇ ਨਾ ਹੀ ਵੰਡਿਆ।-ਹਾਂ! ਉਹ ਛੇ ਦਹਾਕੇ ਪੁਰਾਣਾ ਪੰਜ ਹਾਰਸ ਪਾਵਰ ਦਾ ਕਿਰਲੋਸਕਰ ਇੰਜਨ ਹਾਲੇ ਵੀ ਦੁਧਾਰੂ ਪਸ਼ੂਆਂ ਦੇ ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਚਲਾਉਣ ਲਈ ਕੰਮ ਦਿੰਦਾ ਹੈ।
ਹੁਣ ਤੱਕ ਇਸ ਲੇਖ ਵਿਚ, ਸਮੇਤ ਉੱਪਰ ਦੱਸੀਆਂ ਹੱਡ ਬੀਤੀਆਂ ਸਣੇ, ਆਮ ਰੋਜ਼ ਹੰੁਦੇ ਕਿਸਾਨ ਮਜ਼ਦੂਰ ਦੇ ਸੰਘਰਸ਼ ਦੀ ਦਾਸਤਾਨ ਹੀ ਬਿਆਨ ਹੰੁਦੀ ਹੈ: ਅੱਜ ਨਾ ਕਿਸਾਨ ਸੁਖੀ ਹੈ ਅਤੇ ਨਾ ਹੀ ਮਜ਼ਦੂਰ, ਖੇਤੀ ਦੇ ਖਰਚੇ ਇਤਨੇ ਅਸਮਾਨੀ ਚੜ੍ਹ ਗਏ ਹਨ ਕਿ ਫਸਲ ਆਉਣ ਤੇ ਕਿਸ਼ਤ ਹੀ ਮਸਾਂ ਮੁੜਦੀ ਹੈ, ਤੇ ਅਗਲੀ ਫਸਲ ਲਈ ਮੁੜ ਬੈਂਕਾਂ ਤੋਂ ਕਰਜੇ਼ ਚੁੱਕਣੇ ਪੈਂਦੇ ਹਨ। ਜਦ ਤੋਂ ਬੈਂਕਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਮ ਅਤੇ ਸਹਿਜੇ ਹੀ ਕਰਜੇ਼ ਮੁਹੱਈਆ ਕਰਵਾਉਣ ਦੀ ਪਿਰਤ ਪਾਈ ਹੈ ਤਦ ਤੋਂ ਹੀ ਕਿਸਾਨ ਮਜ਼ਦੂਰ ਕਰਜਿ਼ਆਂ ਦੀ ਦਲਦਲ ‘ਚ ਧਸਦੇ ਗਏ ਹਨ। ਇਸ ਦਾ ਖੁੱਲ ਕੇ ਫ਼ਾਇਦਾ ਤੇ ਮੁਨਾਫਾ ਬੈਂਕਾਂ ਨੇ ਹੀ ਖੱਟਿਆ ਹੈ; ਕਿਸਾਨ ਮਜ਼ਦੂਰ ਦੇ ਹਿੱਸੇ ਤਾਂ ਕਰਜ਼ੇ ਨਾ ਮੋੜ ਸਕਣ ਦੇ ਸਨਮੁਖ ਖੁਦਕਸ਼ੀਆਂ ਹੀ ਪੱਲੇ ਪਈਆਂ ਹਨ। ਇਹ ਹਾਲਾਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਮੋਦੀ ਸਰਕਾਰ ਨੇ ਕਿਸਾਨਾਂ ਨੂੰ ਜੜ੍ਹੋਂ ਹਿਲਾ ਦੇਣ ਵਾਲੇ ਜਿਹੜੇ ਨਵੇਂ ਕਿਸਾਨ ਮਾਰੂ ਕਾਨੂੰਨ ਪਾਸ ਕੀਤੇ ਹਨ, ਇਸ ਨੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਓਵਰ ਡਰਾਈਵ ‘ਚ ਪਾ ਦਿੱਤਾ ਹੈ, ਇਹ ਕਿਸਾਨੀ ਦੀ ਹੋਂਦ ਦਾ ਮਸਲਾ ਹੈ, ਇਸੇ ਕਰਕੇ ਸਾਰੇ ਭਾਰਤ ਵਿਚ ਇਹ ਸੰਘਰਸ਼ ਦਿਨੋ-ਦਿਨ ਜ਼ੋਰ ਫੜ ਰਿਹਾ ਹੈ। ਜੇ ਕਿਸਾਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾੳਣ ‘ਚ ਸਫਲ ਹੁੰਦੇ ਹਨ, ਤਦ ਤਾਂ ਛੋਟੇ ਤੇ ਦਰਮਿਆਨੇ ਕਿਸਾਨ ਬਚ ਜਾਣਗੇ ਨਹੀਂ ਤਾਂ ਥੋਕ ਦੇ ਭਾਅ ਪੁਸ਼ਤ ਦਰ ਪੁਸ਼ਤ ਖੇਤੀ ਦੇ ਕਿੱਤੇ ਨੂੰ ਅੱਗੇ ਤੋਂ ਅੱਗੇ ਤੋਰੀ ਆ ਰਹੇ ਕਿਸਾਨ, ਕਾਰਪੋਰੇਟ ਖੇਤੀ ਕਾਰਖਾਨਿਆਂ ‘ਚ ਮਜ਼ਦੂਰ ਬਣ ਕੇ ਹੀ ਰਹਿ ਜਾਣਗੇ।