ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਖਿਲਾਫ ਮੋਰਚਾਬੰਦੀ ਦਾ ਐਲਾਨ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਨੇ ਹੁਣ ਭਾਜਪਾ ਨੂੰ ਸਿਆਸੀ ਤੌਰ ਉਤੇ ਪੈਰੋਂ ਕੱਢਣ ਦਾ ਮਨ ਬਣਾ ਲਿਆ ਹੈ। ਜਥੇਬੰਦੀਆਂ ਨੇ ਸਾਫ ਕਰ ਦਿੱਤਾ ਹੈ ਕਿ ਭਾਜਪਾ ਨੂੰ ਸਿਆਸੀ ਸੇਕ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਨੇ ਸਖਤ ਫੈਸਲੇ ਲੈ ਲਏ ਹਨ। ਮੋਰਚੇ ਨੇ ਐਲਾਨ ਕੀਤਾ ਹੈ ਕਿ ਸੱਤਾਧਾਰੀਆਂ ਨੂੰ ‘ਵੋਟ ਦੀ ਚੋਟ` ਦੇਣ ਲਈ ਮੋਰਚੇ ਦੇ ਆਗੂ ਚੋਣਾਂ ਵਾਲੇ ਰਾਜਾਂ ਵਿਚ ਜਾਣਗੇ ਕਿਉਂਕਿ ਸੱਤਾਧਾਰੀ ਸਿਰਫ ਵੋਟ, ਸੀਟ, ਚੋਣ, ਕੁਰਸੀ ਦੀ ਭਾਸ਼ਾ ਹੀ ਸਮਝਦੇ ਹਨ।

ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਨੂੰ ਅੱਗੇ ਲਿਜਾਣ ਬਾਬਤ ਅਗਲੇ 15 ਦਿਨਾਂ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਵਿਉਂਤੀ ਹੈ। ਇਸ ਵਿਚ ਮੁੱਖ ਰਣਨੀਤੀ ਭਾਜਪਾ ਦੀ ਸਿਆਸੀ ਘੇਰਾਬੰਦੀ ਦੀ ਹੈ। ਐਲਾਨ ਮੁਤਾਬਕ ਜਿਨ੍ਹਾਂ 5 ਰਾਜਾਂ ਵਿਚ ਅਗਲੇ ਮਹੀਨੇ ਵੋਟਾਂ ਪੈਣੀਆਂ ਹਨ, ਉਥੇ ਮੋਰਚੇ ਦੇ ਆਗੂ ਵੋਟਰਾਂ ਨੂੰ ਭਾਜਪਾ ਤੇ ਐਨ.ਡੀ.ਏ. ਭਾਈਵਾਲਾਂ ਦੇ ਉਮੀਦਵਾਰਾਂ ਖਿਲਾਫ ਵੋਟਾਂ ਪਾਉਣ ਦਾ ਸੱਦਾ ਦੇਣਗੇ। 12 ਮਾਰਚ ਤੋਂ ਕੋਲਕਾਤਾ ਵਿਚ ਵੱਡੇ ਸਮਾਗਮ ਦੌਰਾਨ ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਭਾਜਪਾ ਖਿਲਾਫ ਵੋਟ ਪਾਉਣ ਲਈ ਅਪੀਲ ਕੀਤੀ ਜਾਵੇਗੀ, ਨਾਲ ਹੀ ਉਨ੍ਹਾਂ ਸਾਫ ਕੀਤਾ ਕਿ 5 ਰਾਜਾਂ ਵਿਚ ਕਿਸੇ ਵੀ ਸਿਆਸੀ ਧਿਰ ਦਾ ਸਮਰਥਨ ਮੋਰਚੇ ਵੱਲੋਂ ਨਹੀਂ ਕੀਤਾ ਜਾਵੇਗਾ।
15 ਮਾਰਚ ਨੂੰ ਹਰਿਆਣਾ ਦੇ ਮੇਵਾਤ ਵਿਚ ਮਹਾਪੰਚਾਇਤ ਕਰ ਕੇ ਆਰ.ਐਸ.ਐਸ. ਤੇ ਭਾਜਪਾ ਦੀ ਲੋਕਾਂ ਵਿਚ ‘ਫੁੱਟਪਾਊੁ ਨੀਤੀ` ਦਾ ਵਿਰੋਧ ਕੀਤਾ ਜਾਵੇਗਾ। ਇਹੀ ਨਹੀਂ, ਜਥੇਬੰਦੀਆਂ ਨੇ ਜੀ.ਐਸ.ਟੀ. ਸਣੇ ਹੋਰ ਮੁੱਦਿਆਂ ਉਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਲਈ ਨਿੱਤਰੀਆਂ ਟਰੇਡ ਯੂਨੀਅਨਾਂ ਦਾ ਸਾਥ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ। 15 ਮਾਰਚ ਨੂੰ ਟਰੇਡ ਯੂਨੀਅਨਾਂ ਵੱਲੋਂ ‘ਕਾਰਪੋਰੇਟੀਕਰਨ ਤੇ ਨਿੱਜੀਕਰਨ ਵਿਰੋਧੀ ਦਿਵਸ` ਕੌਮੀ ਪੱਧਰ ਦਾ ਵਿਰੋਧ ਮਨਾਇਆ ਜਾਵੇਗਾ ਤੇ ਮਜ਼ਦੂਰ ਦਾ ਸਾਥ ਕਿਸਾਨ ਦੇਣਗੇ।
ਦੇਸ਼ ਵਿਚ ‘ਐਮ.ਐਸ.ਪੀ. ਦਿਵਾਓ ਮੁਹਿੰਮ` ਦੀ ਸ਼ੁਰੂਆਤ 5 ਮਾਰਚ ਨੂੰ ਕਰਨਾਟਕ ਦੇ ਕੁਲਬਰਗਾ ਤੇ ਚਿੱਤਰ ਦੁਰਗਾ ਦੀਆਂ ਵੱਡੀਆਂ ਮੰਡੀਆਂ ਤੋਂ ਕਰ ਕੇ ਪ੍ਰਧਾਨ ਮੰਤਰੀ ਦੇ ਬਿਆਨ ‘ਐਮ.ਐਸ.ਪੀ. ਸੀ, ਹੈ ਤੇ ਰਹੇਗੀ` ਦੀ ਜ਼ਮੀਨੀ ਹਕੀਕਤ ਲੋਕਾਂ ਨੂੰ ਦੱਸੀ ਜਾਵੇਗੀ। ਜਥੇਬੰਦੀਆਂ ਨੇ ਇਸ ਰਣਨੀਤੀ ਦਾ ਐਲਾਨ ਕਰ ਕੇ ਸਾਫ ਕਰ ਦਿੱਤਾ ਹੈ ਕਿ ਹੁਣ ਸੰਘਰਸ਼ ਦਾ ਅਗਲਾ ਪੜਾਅ ਭਾਜਪਾ ਨੂੰ ਪੂਰੇ ਮੁਲਕ ਵਿਚ ਸਿਆਸੀ ਖੋਰਾ ਲਾਉਣ ਦਾ ਹੈ। ਇਥੋਂ ਤੱਕ ਕਿ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਨੂੰ ਵੀ ਖਿੱਚ ਪਾਉਣ ਦੀ ਤਿਆਰੀ ਹੈ। ਅਜਿਹੇ ਹਾਲਾਤ ਵਿਚ ਹਰਿਆਣਾ ਵਿਚ ਭਾਜਪਾ ਸਰਕਾਰ ਲਈ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ।
ਹਰਿਆਣਾ ਵਿਚ ਭਾਜਪਾ ਅਤੇ ਜੇ.ਜੇ.ਪੀ. ਦੀ ਭਾਈਵਾਲੀ ਵਾਲੀ ਸਰਕਾਰ ਹੈ। ਇਸੇ ਕੜੀ `ਚ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਦਾਖਲਿਆਂ `ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਨ੍ਹਾਂ ਦੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ `ਚ ਵਧਦੇ ਰੋਹ ਕਰ ਕੇ ਸੂਬੇ ਵਿਚ ਕਈ ਸਿਆਸੀ ਆਗੂਆਂ ਦਾ ਭਵਿੱਖ ਦਾਅ `ਤੇ ਲੱਗਾ ਹੋਇਆ ਹੈ। ਹਰਿਆਣਾ ਤੋਂ ਬਾਅਦ ਉਤਰ ਪ੍ਰਦੇਸ਼ ਭਾਜਪਾ ਸੱਤਾ ਵਾਲਾ ਸੂਬਾ ਹੈ ਜਿਥੇ ਭਗਵਾ ਧਿਰ ਨੂੰ ਹੋਂਦ ਦਾ ਫਿਕਰ ਪਿਆ ਹੋਇਆ ਹੈ। ਉਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਦੀ ਤਿਆਰੀ ਚੱਲ ਰਹੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਜਾਟਾਂ ਵਿਚ ਵਧਦਾ ਪ੍ਰਭਾਵ ਭਾਜਪਾ ਨੂੰ ਖੂੰਜੇ ਲਾ ਸਕਦਾ ਹੈ। ਕੁੱਲ ਮਿਲਾ ਕੇ ਕਿਸਾਨਾਂ ਦੀ ਤਾਜ਼ਾ ਰਣਨੀਤੀ ਭਾਜਪਾ ਲਈ ਵੱਡਾ ਸਿਆਸੀ ਸੰਕਟ ਖੜ੍ਹਾ ਕਰਨ ਵਾਲੀ ਹੈ। ਇਹ ਪਹਿਲੀ ਵਾਰ ਹੈ ਜਦੋਂ ਜਥੇਬੰਦੀਆਂ ਨੇ ਭਾਜਪਾ ਦੀ ਸਿਆਸੀ ਤੌਰ ਉਤੇ ਘੇਰਾਬੰਦੀ ਦਾ ਖੁੱਲ੍ਹ ਕੇ ਐਲਾਨ ਕੀਤਾ ਹੈ, ਤੈਅ ਹੈ ਕਿ ਆਉਂਦੇ ਦਿਨ ਭਾਜਪਾ ਲਈ ਵੱਡੀ ਚੁਣੌਤੀ ਵਾਲੇ ਹੋਣਗੇ।