ਸ਼ਾਂਤਮਈ ਸੰਘਰਸ਼ ਨਾਲ ਵੰਡ ਪਾਊ ਨੀਤੀਆਂ ਨੂੰ ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ: ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਆਪਣੀਆਂ ਮੰਗਾਂ ਨੂੰ ਸਰਕਾਰ, ਮੀਡੀਆ, ਅਦਾਲਤਾਂ ਤੇ ਲੋਕਾਂ ਸਾਹਮਣੇ ਸਹੀ ਤਰੀਕੇ ਨਾਲ ਰੱਖਣ ਅਤੇ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾ ਕੇ ਵੱਖ-ਵੱਖ ਵਰਗਾਂ ਦਾ ਵਿਸ਼ਵਾਸ ਜਿੱਤਣ ਦਾ ਨਵਾਂ ਸੱਭਿਆਚਾਰ ਸਿਰਜਿਆ ਹੈ। ਅੰਦੋਲਨ ਨੇ ਇਹ ਦਿਖਾਇਆ ਹੈ ਕਿ ਆਰਥਿਕ ਅਤੇ ਸਮਾਜਿਕ ਨਿਆਂ ਦੀ ਮੰਗ ਕਰਦਿਆਂ ਭਾਈਚਾਰਕ ਸਾਂਝ ਮਜ਼ਬੂਤ ਹੋ ਸਕਦੀ ਹੈ ਅਤੇ ਲੋਕਾਂ ਵਿਚਕਾਰ ਪਾਈਆਂ ਗਈਆਂ ਵੰਡੀਆਂ ਮਿਟਾਈਆਂ ਜਾ ਸਕਦੀਆਂ ਹਨ।

ਤਿੰਨ ਮਹੀਨੇ ਤੋਂ ਔਰਤਾਂ, ਬੱਚੇ, ਬਜ਼ੁਰਗਾਂ ਸਮੇਤ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਬਰੂੰਹਾਂ ਉਤੇ ਬੈਠੇ ਹਨ। ਲੱਖਾਂ ਲੋਕਾਂ ਨੇ ਇਸ ਅੰਦੋਲਨ ਵਿਚ ਹਿੱਸਾ ਲਿਆ ਹੈ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ 11 ਵਾਰੀ ਗੱਲਬਾਤ ਹੋ ਚੁੱਕੀ ਹੈ। 22 ਜਨਵਰੀ ਨੂੰ ਹੋਈ ਗੱਲਬਾਤ ਵਿਚ ਰੁਕਾਵਟ ਆ ਗਈ ਹੈ। ਸਰਕਾਰ ਨੇ ਉਸ ਵਕਤ ਤਜਵੀਜ਼ ਰੱਖੀ ਸੀ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਤੱਕ ਮੁਅੱਤਲ ਕਰਨ ਅਤੇ ਕਾਨੂੰਨਾਂ ਸਮੇਤ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ਉਤੇ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਰਿਪੋਰਟ ਮੁਤਾਬਕ ਅੰਤਿਮ ਫੈਸਲਾ ਲੈਣ ਬਾਰੇ ਸਹਿਮਤੀ ਬਣਾ ਲਈ ਜਾਵੇ। ਕਿਸਾਨ ਜਥੇਬੰਦੀਆਂ ਨੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਦੀਆਂ ਮੰਗਾਂ ਵਿਚ ਕਾਨੂੰਨ ਵਾਪਸੀ ਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਖਰੀਦ ਸਮੇਤ ਕਾਨੂੰਨੀ ਗਰੰਟੀ ਦੇਣਾ ਸ਼ਾਮਲ ਹੈ। ਖੇਤੀ ਮੰਤਰੀ ਨਰੇਂਦਰ ਤੋਮਰ ਦਾ ਇਹ ਬਿਆਨ ਕਿ ਜੇਕਰ ਕਿਸਾਨ ਜਥੇਬੰਦੀਆਂ ਸਰਕਾਰ ਦੀ ਪੁਰਾਣੀ ਤਜਵੀਜ਼ ਨਾਲ ਸਹਿਮਤ ਹਨ ਤਾਂ ਗੱਲਬਾਤ ਕੀਤੀ ਜਾ ਸਕਦੀ ਹੈ, ਕੋਈ ਵਧੀਆ ਸੰਕੇਤ ਨਹੀਂ ਹੈ।
ਕਿਸਾਨ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਹਨ ਕਿ ਸਰਕਾਰ ਨਵੀਂ ਤਜਵੀਜ਼ ਨਾਲ ਸਾਹਮਣੇ ਆਵੇ। ਇਸੇ ਦੌਰਾਨ 26 ਜਨਵਰੀ ਦੀ ਘਟਨਾ ਵਾਪਰੀ ਜਿਸ ਕਾਰਨ ਕਿਸਾਨ ਵਿਰੋਧੀ ਤਾਕਤਾਂ ਨੇ ਨਵਾਂ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ। ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਸਮੇਤ ਬਹੁਤ ਸਾਰੇ ਲੋਕਾਂ ਉਤੇ ਮੁਕੱਦਮੇ ਦਰਜ ਕਰ ਦਿੱਤੇ ਗਏ। 122 ਦੇ ਕਰੀਬ ਲੋਕ ਜੇਲ੍ਹਾਂ ਵਿਚ ਬੰਦ ਹਨ ਜਿਨ੍ਹਾਂ ਵਿਚੋਂ ਪੰਜਾਹ ਦੇ ਲਗਭਗ ਜ਼ਮਾਨਤ ਉਤੇ ਰਿਹਾਅ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਆਪਣੇ ਮੰਤਰੀਆਂ ਅਤੇ ਆਗੂਆਂ ਨੂੰ ਜਾਟ ਇਲਾਕਿਆਂ ਖਾਸ ਤੌਰ ਉਤੇ ਉਤਰ ਪ੍ਰਦੇਸ਼ ਵਿਚ ਅੰਦੋਲਨ ਦੇ ਪੱਖ ਵਿਚ ਆਈਆਂ ਖਾਪ ਪੰਚਾਇਤਾਂ ਨੂੰ ਮਨਾਉਣ ਲਈ ਭੇਜਿਆ ਪਰ ਉਨ੍ਹਾਂ ਨੂੰ ਕੋਈ ਜਿਆਦਾ ਸਫਲਤਾ ਨਹੀਂ ਮਿਲੀ।
ਅੰਦੋਲਨ ਦੇਸ਼ ਦੇ ਹੋਰਾਂ ਸੂਬਿਆਂ ਅਤੇ ਵਿਦੇਸ਼ਾਂ ਤੱਕ ਆਪਣਾ ਪ੍ਰਭਾਵ ਵਧਾ ਰਿਹਾ ਹੈ। ਮਹਾਪੰਚਾਇਤਾਂ ਵਿਚ ਹੋ ਰਹੇ ਇਕੱਠ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਲੋਕ ਅੰਦੋਲਨ ਦਾ ਰੂਪ ਧਾਰ ਰਹੇ ਇਹ ਅੰਦੋਲਨ ਲੰਮਾ ਚੱਲਣ ਦੇ ਆਸਾਰ ਹਨ। ਸਰਕਾਰੀ ਪੱਖ ਇਸ ਅੰਦੋਲਨ ਨੂੰ ਅਜੇ ਵੀ ਪੰਜਾਬ ਦਾ ਅੰਦੋਲਨ ਸਾਬਤ ਕਰਨ ਲਈ ਬਿਆਨਬਾਜ਼ੀ ਕਰ ਰਿਹਾ ਹੈ।
____________________________________
ਕਿਸਾਨ ਮੋਰਚਾ ਇਤਿਹਾਸਕ ਤੇ ਬੇਮਿਸਾਲ: ਬਾਦਲ
ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਹਫਤਿਆਂ ਮਗਰੋਂ ਘਰੋਂ ਬਾਹਰ ਆਏ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਦੇਸ਼ ‘ਚ ‘ਉਲਟੀ ਗੰਗਾ‘ ਵਗ ਰਹੀ ਹੈ। ਉਨ੍ਹਾਂ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਆਖਿਆ ਕਿ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਲੋਕਾਂ ਲਈ ਕਾਨੂੰਨ ਬਣਾਏ ਹਨ, ਉਹ ਹੀ ਕਾਨੂੰਨਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਸਾਨ ਸੰਘਰਸ਼ ਨੂੰ ਸੰਸਾਰ ਪੱਧਰ ‘ਤੇ ਇਤਿਹਾਸਕ ਅਤੇ ਬੇਮਿਸਾਲ ਦੱਸਦਿਆਂ ਆਖਿਆ ਕਿ ਉਨ੍ਹਾਂ ਆਪਣੇ ਜੀਵਨ ‘ਚ ਇੰਨੇ ਵਿਸ਼ਾਲ ਦਾਇਰੇ ਵਾਲਾ ਜ਼ਮੀਨ ਨਾਲ ਜੁੜਿਆ ਸੰਘਰਸ਼ ਨਹੀਂ ਵੇਖਿਆ।