ਕਿਸਾਨਾਂ ਨੇ ਆਪਣੇ ਹੱਕਾਂ ਲਈ ਡਟੇ ਰਹਿਣ ਦਾ ਅਹਿਦ ਕੀਤਾ

ਨਵੀਂ ਦਿੱਲੀ: ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਡਟੇ ਹੋਏ ਕਿਸਾਨਾਂ ਦਾ ਉਤਸ਼ਾਹ ਬਰਕਰਾਰ ਹੈ। ਕਿਸਾਨ ਨੇਤਾਵਾਂ ਨੇ ਇਕ ਵਾਰ ਫਿਰ ਸਟੇਜ ਤੋਂ ਐਲਾਨ ਕੀਤਾ ਹੈ ਕਿ ਉਹ ਪਿੱਛੇ ਨਹੀਂ ਹਟਣਗੇ। ਸਰਕਾਰ ਗੱਲਬਾਤ ਲਈ ਕੋਈ ਸਮਾਂ ਲੈ ਸਕਦੀ ਹੈ ਪਰ ਉਹ ਆਪਣੇ ਅਧਿਕਾਰ ਲੈਣ ਤੋਂ ਬਾਅਦ ਹੀ ਵਾਪਸ ਜਾਣਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਹੈ, ਬਲਕਿ ਗਰੀਬ, ਮਜ਼ਦੂਰ, ਵਕੀਲ ਤੇ ਕਲਾਕਾਰ ਵੀ ਕਿਸਾਨਾਂ ਦੇ ਨਾਲ ਹਨ। ਟੀ.ਵੀ. ਕਲਾਕਾਰ ਕਾਜਲ ਨਿਸਾਦ ਕਿਸਾਨਾਂ ਦੀ ਹਮਾਇਤ ਵਿਚ ਮੁੰਬਈ ਤੋਂ ਇਥੇ ਪਹੁੰਚੀ। ਉਨ੍ਹਾਂ ਮੰਚ ਤੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਓ। ਨਿਸਾਦ ਨੇ ਕਿਹਾ ਕਿ ਕੁਝ ਚੈਨਲ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿਚ ਲੱਗੇ ਹੋਏ ਹਨ ਪਰ ਕਿਸਾਨੀ ਲਹਿਰ ਕਮਜ਼ੋਰ ਨਹੀਂ ਹੋ ਰਹੀ। ਇਹ ਕਈ ਵਾਰ ਸਿੱਧ ਹੋ ਚੁੱਕਾ ਹੈ ਤੇ ਕਿਸਾਨ ਇਸ ਨੂੰ ਹੋਰ ਵੀ ਮਜ਼ਬੂਤ ਸਾਬਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਤੇ ਅੱਜ ਤੱਕ ਸਰਕਾਰ ਇਹ ਨਹੀਂ ਦੱਸ ਸਕੀ ਕਿ ਇਨ੍ਹਾਂ ਕਾਨੂੰਨਾਂ ਵਿਚ ਕੀ ਹੈ ਜਿਸ ਨੂੰ ਲਾਗੂ ਕਰਨਾ ਇੰਨਾ ਮਹੱਤਵਪੂਰਨ ਹੋ ਗਿਆ ਹੈ।
ਮੁੱਖ ਸਟੇਜ ਤੋਂ ਨਿਸਾਦ ਤੇ ਹੋਰ ਕਲਾਕਾਰਾਂ ਨੇ ਸਨੀ ਦਿਓਲ ‘ਤੇ ਵਿਅੰਗ ਕਸਦਿਆਂ ਕਿਹਾ ਕਿ ਕੁਝ ਲੋਕ ਸਿਰਫ ਪਾਕਿਸਤਾਨ ‘ਚ ਜਾ ਕੇ ਹੈਂਡਪੰਪ ਪੁੱਟਣ ਦੀ ਅਦਾਕਾਰੀ ਕਰਕੇ ਪ੍ਰਸੰਸਾ ਬਟੋਰਦੇ ਹਨ ਤੇ ਅਸਲ ‘ਚ ਉਹ ‘ਜਾਅਲੀ‘ ਹੀਰੋ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜੇ ਦੇਵਗਨ, ਅਕਸ਼ੈ ਕੁਮਾਰ ਤੇ ਅਮਿਤਾਭ ਬੱਚਨ ਜਾਅਲੀ ਹੀਰੋ ਸਾਬਤ ਹੋਏ ਹਨ। ਇਹ ਲੋਕ ਪਿਛਲੀਆਂ ਸਰਕਾਰਾਂ ਸਮੇਂ ਮਹਿੰਗਾਈ ਬਾਰੇ ਬੋਲਦੇ ਸਨ ਪਰ ਹੁਣ ਚੁੱਪ ਵੱਟੀ ਬੈਠੇ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਸ਼ੁਰੂ ਕੀਤੇ ਗਏ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਜਥੇਬੰਦਕ ਸੂਝ-ਬੂਝ, ਸਬਰ ਅਤੇ ਇਨਕਲਾਬੀ ਵਿਚਾਰਾਂ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੱਕ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੈ। ਉਨ੍ਹਾਂ ਅੰਦੋਲਨ ਨੂੰ ਤਾਰਪੀਡੋ ਕਰਨ ਲਈ 26 ਜਨਵਰੀ ਦੀ ਆੜ ਹੇਠ ਕੇਸ ਦਰਜ ਕਰਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ, ਕਿਸਾਨਾਂ ਦੀ ਹਮਾਇਤ ਕਰਨ ਵਾਲੇ ਸਮਾਜ ਸੇਵੀਆਂ, ਪੱਤਰਕਾਰਾਂ, ਵਿਚਾਰਵਾਨਾਂ ਆਦਿ ਨੂੰ ਐਨ.ਆਈ.ਏ. ਦੇ ਨੋਟਿਸ ਭੇਜਣ ਆਦਿ ਜਿਹੀਆਂ ਕਾਰਵਾਈਆਂ ਨਾਲ ਦਮਨਕਾਰੀ ਚਾਲਾਂ ਚੱਲਣ ਦਾ ਵਿਰੋਧ ਕੀਤਾ। ਰੈਲੀ ਦੌਰਾਨ ਪਾਸ ਕੀਤੇ ਗਏ ਮਤਿਆਂ ਵਿਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ, 29 ਜਨਵਰੀ ਦੇ ਦੰਗਾਕਾਰੀਆਂ ਖਿਲਾਫ ਕੇਸ ਦਰਜ ਕਰਨ ਅਤੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ, ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਨ, ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਆਦਿ ‘ਤੇ ਵੀ ਜੋਰ ਦਿੱਤਾ ਗਿਆ। ਉਨ੍ਹਾਂ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਆਮ ਜਨਤਾ ਨੂੰ ਫੰਡ ਇਕੱਠਾ ਕਰਕੇ 30-30 ਦਿਨ ਤੱਕ ਦਿੱਲੀ ਰਹਿਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ 5 ਅਤੇ 20 ਮਾਰਚ ਨੂੰ ਅੰਮ੍ਰਿਤਸਰ ਤੋਂ ਦਿੱਲੀ ਵੱਲ ਟਰੈਕਟਰਾਂ ਦੇ ਕਾਫਲੇ ਰਵਾਨਾ ਕੀਤੇ ਜਾਣਗੇ। ਜਥੇਬੰਦੀ ਵਲੋਂ ਇਥੇ ਸ੍ਰੀ ਨਨਕਾਣਾ ਸਾਹਿਬ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੰਘਰਸ਼ ਨੂੰ ਅਸਫਲ ਬਣਾਉਣ ਲਈ ਚਲੀਆਂ ਜਾ ਰਹੀਆਂ ਚਾਲਾਂ ਲਈ ਕੇਂਦਰ ਸਰਕਾਰ ਨੂੰ ਤਿੱਖੀ ਚਿਤਾਵਨੀ ਵੀ ਦਿੱਤੀ। ਸੂਬਾ ਪੱਧਰ ਦੀ ਇਸ ਭਰਵੀਂ ਰੈਲੀ ਵਿਚ ਔਰਤਾਂ, ਮਜ਼ਦੂਰਾਂ, ਨੌਜਵਾਨਾਂ, ਦੁਕਾਨਦਾਰਾਂ ਆਦਿ ਨੇ ਵੀ ਬਹੁਤ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਨੇ ਇਸ ਘੋਲ ਨੂੰ 1947 ਤੋਂ ਬਾਅਦ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਮਹਾਨ ਅੰਦੋਲਨ ਕਰਾਰ ਦਿੱਤਾ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਕਰੋਨਾ ਕਾਲ ਦੌਰਾਨ ਲਿਆਉਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਕਾਰਪੋਰੇਟ ਜੋਟੀਦਾਰਾਂ ਨੂੰ ਲਾਹਾ ਦੇਣ ਲਈ ਹੀ ਇਹ ਕਾਨੂੰਨ ਲਿਆਂਦੇ ਗਏ ਹਨ।
________________________________________
‘ਕਾਰਪੋਰੇਟਾਂ ਨਾਲ ਵਫਾਦਾਰੀ ਸਦਕਾ ਅੜੀ ਸਰਕਾਰ`
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦਿਨੋਂ-ਦਿਨ ਵਧ ਤੇ ਫੈਲ ਰਹੇ ਸੰਘਰਸ਼ ਦੇ ਬਾਵਜੂਦ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨਾ ਮੋਦੀ ਹਕੂਮਤ ਦੀ ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਨਾਲ ਗੂੜ੍ਹੀ ਸਾਂਝ ਤੇ ਵਫਾਦਾਰੀ ਦਾ ਮੂੰਹ ਬੋਲਦਾ ਸਬੂਤ ਹੈ। ਇਸ ਸਾਂਝ ਨੂੰ ਪੁਗਾਉਣ ਲਈ ਹੀ ਭਾਜਪਾ ਸਰਕਾਰ ਸੰਸਦ ਵਿਚ ਮਿਲੇ ਬਹੁਮਤ ਦਾ ਦੁਰਉਪਯੋਗ ਕਰ ਰਹੀ ਹੈ। ਟਿਕਰੀ ਬਾਰਡਰ ‘ਤੇ ਸੰਬੋਧਨ ਕਰਦਿਆਂ ਸ੍ਰੀ ਉਗਰਾਹਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਵਾਲੇ ਕਈ ਰਾਜਾਂ ਵਿਚ ਵੀ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਸਦਕਾ ਜਨਤਕ ਰੈਲੀਆਂ ‘ਚੋਂ ਬਿਨਾ ਬੋਲੇ ਵਾਪਸ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਇਹ ਰੋਸ ਹੋਰ ਵਿਸਾਲ ਹੋਵੇਗਾ ਜੋ ਅਖੀਰ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ।