ਪੰਜ ਰਾਜਾਂ ਵਿਚ ਵਿਧਾਨ ਸਭਾ ਲਈ ਚੋਣਾਂ ਦਾ ਬਿਗਲ ਵੱਜਿਆ

ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ, ਅਸਾਮ, ਤਾਮਿਲ ਨਾਡੂ, ਕੇਰਲਾ ਅਤੇ ਪੁੱਡੂਚੇਰੀ ਲਈ ਚੋਣ ਪ੍ਰੋਗਰਾਮ ਐਲਾਨ ਦਿੱਤਾ ਹੈ। ਪੰਜ ਅਸੈਂਬਲੀਆਂ ਲਈ ਵੋਟਿੰਗ ਦਾ ਅਮਲ 27 ਮਾਰਚ ਤੋਂ ਸ਼ੁਰੂ ਹੋ ਕੇ 29 ਅਪਰੈਲ ਤੱਕ ਚੱਲੇਗਾ। ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। ਪੱਛਮੀ ਬੰਗਾਲ ‘ਚ ਚੋਣਾਂ ਅੱਠ ਪੜਾਵਾਂ ‘ਚ ਹੋਣਗੀਆਂ ਜਦੋਂਕਿ ਅਸਾਮ ‘ਚ ਤਿੰਨ ਅਤੇ ਤਾਮਿਲ ਨਾਡੂ, ਕੇਰਲਾ ਤੇ ਪੁੱਡੂਚੇਰੀ ‘ਚ ਇਕੋ ਗੇੜ ‘ਚ ਵੋਟਾਂ ਪੈਣਗੀਆਂ।

ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਇਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਦੌਰਾਨ ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਚੋਣਾਂ ਲਈ ਕੁਝ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ, ਜਿਸ ਤਹਿਤ ਚੋਣ ਅਮਲ ‘ਚ ਸ਼ਾਮਲ ਸਾਰੇ ਅਧਿਕਾਰੀਆਂ ਲਈ ਟੀਕਾਕਰਨ ਲਾਜ਼ਮੀ ਹੋਵੇਗਾ। ਵੋਟਰਾਂ ਨੂੰ ਪੋਲਿੰਗ ਲਈ ਇਕ ਘੰਟੇ ਦਾ ਵਾਧੂ ਸਮਾਂ ਮਿਲੇਗਾ ਤੇ ਘਰ ਘਰ ਪ੍ਰਚਾਰ ਕਰਨ ਮੌਕੇ ਪੰਜ ਤੋਂ ਵੱਧ ਵਿਅਕਤੀ ਨਹੀਂ ਹੋਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਅਸਾਮ ਅਸੈਂਬਲੀ ਲਈ ਤਿੰਨ ਗੇੜਾਂ ‘ਚ 27 ਮਾਰਚ, 1 ਅਪਰੈਲ ਤੇ 6 ਅਪਰੈਲ ਨੂੰ ਵੋਟਾਂ ਪੈਣਗੀਆਂ ਜਦੋਂਕਿ ਕੇਰਲਾ, ਤਾਮਿਲ ਨਾਡੂ ਤੇ ਪੁੱਡੂਚੇਰੀ ‘ਚ 6 ਅਪਰੈਲ ਨੂੰ ਇਕੋ ਗੇੜ ‘ਚ ਵੋਟਾਂ ਦਾ ਅਮਲ ਸਿਰੇ ਚੜ੍ਹੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਪੱਛਮੀ ਬੰਗਾਲ ਅਸੈਂਬਲੀ ਲਈ ਵੋਟਾਂ ਦਾ ਅਮਲ ਅੱਠ ਗੇੜਾਂ ਵਿਚ ਸਿਰੇ ਚੜ੍ਹੇਗਾ। ਪਹਿਲੇ ਗੇੜ ਲਈ ਵੋਟਾਂ 27 ਮਾਰਚ ਨੂੰ ਪੈਣਗੀਆਂ। ਦੂਜੇ ਪੜਾਅ ਤਹਿਤ 30 ਹਲਕਿਆਂ ਲਈ 1 ਅਪਰੈਲ ਨੂੰ ਪੋਲਿੰਗ ਹੋਵੇਗੀ। 6 ਅਪਰੈਲ ਨੂੰ ਤੀਜੇ ਗੇੜ ‘ਚ 31 ਸੀਟਾਂ, 10 ਅਪਰੈਲ ਨੂੰ ਚੌਥੇ ਗੇੜ ‘ਚ 44 ਸੀਟਾਂ, 17 ਅਪਰੈਲ ਨੂੰ ਪੰਜਵੇਂ ਗੇੜ ਲਈ 45 ਸੀਟਾਂ, 22 ਅਪਰੈਲ ਨੂੰ ਛੇਵੇਂ ਗੇੜ ‘ਚ 43, 26 ਅਪਰੈਲ ਨੂੰ ਸੱਤਵੇਂ ਗੇੜ ਲਈ 36 ਅਤੇ 29 ਅਪਰੈਲ ਨੂੰ ਆਖਰੀ ਤੇ ਅੱਠਵੇਂ ਗੇੜ ਲਈ 35 ਸੀਟਾਂ ‘ਤੇ ਪੋਲਿੰਗ ਹੋਵੇਗੀ।
ਸ੍ਰੀ ਅਰੋੜਾ ਨੇ ਕਿਹਾ ਕਿ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੌਰਾਨ ਬਿਹਾਰ ਅਸੈਂਬਲੀ ਚੋਣਾਂ ਕਰਵਾਉਣੀਆਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਉਨ੍ਹਾਂ ਕਿਹਾ ਕਿ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 824 ਅਸੈਂਬਲੀ ਸੀਟਾਂ ਲਈ 18.86 ਕਰੋੜ ਵੋਟਰ ਮਤਦਾਨ ਦੇ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪੂਰੇ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ 2.7 ਲੱਖ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਕੋਵਿਡ-19 ਮਹਾਮਾਰੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਚੋਣ ਅਮਲ ਵਿਚ ਸ਼ਾਮਲ ਹੋਣ ਵਾਲੇ ਸਾਰੇ ਅਧਿਕਾਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਕੋਵਿਡ-19 ਦੇ ਮੱਦੇਨਜਰ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਵੇਲੇ ਪੰਜ ਲੋਕਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆ ਦੇ ਲਿਹਾਜ਼ ਨਾਲ ਚਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ‘ਚ ਸੀ.ਆਰ.ਪੀ.ਐਫ. ਦੀ ਢੁਕਵੀਆਂ ਟੁਕੜੀਆਂ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ, ‘ਚੋਣਾਂ ਦੌਰਾਨ ਕੇਂਦਰੀ ਹਥਿਆਰਬੰਦ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਜਾਵੇਗੀ। ਸਾਰੇ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਕੇ ਉਥੇ ਕੇਂਦਰੀ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣਗੇ।‘ ਉਨ੍ਹਾਂ ਕਿਹਾ ਕਿ ਚੋਣ ਜਲਸਿਆਂ ‘ਚ ਪੰਜ ਵਾਹਨ ਹੀ ਲਿਜਾਣ ਦੀ ਇਜਾਜ਼ਤ ਹੋਵੇਗੀ। ਪੰਜਾਂ ਅਸੈਂਬਲੀ ਹਲਕਿਆਂ ‘ਚ ਉਮੀਦਵਾਰਾਂ ਲਈ ਆਨਲਾਈਨ ਨਾਮਜਦਗੀਆਂ ਭਰਨ ਦੇ ਪ੍ਰਬੰਧ ਕੀਤੇ ਜਾਣਗੇ। ਕੋਵਿਡ-19 ਸੁਰੱਖਿਆ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦਿਆਂ ਵੋਟਿੰਗ ਲਈ ਇਕ ਘੰਟੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਸੰਵੇਦਨਸ਼ੀਲ ਤੇ ਨਾਜੁਕ ਖੇਤਰਾਂ ਵਿਚ ਪੈਂਦੇ ਪੋਲਿੰਗ ਸਟੇਸ਼ਨਾਂ ਵਿਚ ਵੈੱਬਕਾਸਟਿੰਗ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਸ੍ਰੀ ਅਰੋੜਾ ਨੇ ਕਿਹਾ ਕਿ ਸਾਰੇ ਨਾਜੁਕ ਤੇ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ ਥਾਵਾਂ ‘ਤੇ ਕੇਂਦਰੀ ਨੀਮ ਫੌਜੀ ਬਲਾਂ ਦੀ ਤਾਇਨਾਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਦੇ ਵੱਖੋ ਵੱਖਰੇ ਨਾਜੁਕ ਹਾਲਾਤ ਦੇ ਮੱਦੇਨਜਰ ਕਮਿਸ਼ਨ ਨੇ ਪੱਛਮੀ ਬੰਗਾਲ ‘ਚ ਦੋ ਵਿਸ਼ੇਸ਼ ਪੁਲਿਸ ਨਿਗਰਾਨ ਅਤੇ ਤਾਮਿਲ ਨਾਡੂ ‘ਚ ਚੋਣ ਖਰਚਿਆਂ ‘ਤੇੇ ਬਾਜ ਅੱਖ ਰੱਖਣ ਲਈ ਦੋ ਨਿਗਰਾਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਚੋਣ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਇਨ੍ਹਾਂ ਚਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ। ਅਸਾਮ ‘ਚ 126, ਤਾਮਿਲ ਨਾਡੂ ‘ਚ 234, ਪੱਛਮੀ ਬੰਗਾਲ 294, ਕੇਰਲਾ 140 ਤੇ ਪੁੱਡੂਚੇਰੀ ‘ਚ 30 ਅਸੈਂਬਲੀ ਸੀਟਾਂ ਹਨ। ਅਸਾਮ ਤੇ ਪੱਛਮੀ ਬੰਗਾਲ ਅਸੈਂਬਲੀਆਂ ਦੀ ਮੌਜੂਦਾ ਮਿਆਦ 31 ਮਈ ਨੂੰ ਜਦੋਂਕਿ ਤਾਮਿਲ ਨਾਡੂ ਦੀ 4 ਮਈ, ਕੇਰਲਾ ਦੀ ਪਹਿਲੀ ਜੂਨ ਤੇ ਪੁੱਡੂਚੇਰੀ ਦੀ 8 ਜੂਨ ਨੂੰ ਖਤਮ ਹੋਵੇਗੀ।