ਕੈਪਟਨ ਅਮਰਿੰਦਰ ਸਿੰਘ ਦੀ ‘ਕਪਤਾਨੀ` ਖਿਲਾਫ ਉਠੀਆਂ ਬਾਗੀ ਸੁਰਾਂ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੂੰ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਉਤੇ ਕਾਂਗਰਸ ਵਿਚ ਅੰਦਰੂਨੀ ਵਿਵਾਦ ਭਖ ਗਿਆ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੈਪਟਨ ਨੂੰ ਇਸ ਵਾਰ ਵੀ ਮੁੱਖ ਮੰਤਰੀ ਚਿਹਰੇ ਵਜੋਂ ਅੱਗੇ ਕਰਨ ਉਤੇ ਇਤਰਾਜ਼ ਉਠੇ ਹਨ।

ਕੈਪਟਨ ਦੀ ਲੀਡਰਸ਼ਿਪ ‘ਤੇ ਵਿਧਾਇਕ ਪਰਗਟ ਸਿੰਘ ਸਿੱਧੂ ਵੱਲੋਂ ਸੁਆਲ ਚੁੱਕੇ ਜਾਣ ਮਗਰੋਂ ਕਾਂਗਰਸ ਸਰਕਾਰ ‘ਚ ਇਕ ਨਵਾਂ ਵਿਵਾਦ ਛਿੜ ਗਿਆ ਹੈ। ਪਰਗਟ ਸਿੰਘ ਨੇ ਠੀਕ ਉਸ ਵਕਤ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ‘ਤੇ ਉਂਗਲ ਧਰੀ ਹੈ ਜਦੋਂ ਪੰਜਾਬ ਵਜ਼ਾਰਤ ‘ਚ ਨਵਜੋਤ ਸਿੱਧੂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਅਖੀਰਲੇ ਦੌਰ ‘ਚ ਹੈ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਚੰਡੀਗੜ੍ਹ ਵਿਚ ਮੌਜੂਦਗੀ ਹੈ। ਠੀਕ ਇਕ ਵਰ੍ਹਾ ਪਹਿਲਾਂ ਵੀ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਾਰਗੁਜ਼ਾਰੀ ‘ਤੇ ਉਂਗਲ ਉਠਾਈ ਸੀ। ਚੇਤੇ ਰਹੇ ਕਿ ਪਰਗਟ ਸਿੰਘ ਦੀ ਨਵਜੋਤ ਸਿੱਧੂ ਨਾਲ ਬਹੁਤ ਨੇੜਤਾ ਹੈ। ਦੇਖਿਆ ਜਾਵੇ ਤਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ‘ਕੈਪਟਨ ਫਾਰ 2022‘ ਮੁਹਿੰਮ ਸ਼ੁਰੂ ਕਰਨ ਮਗਰੋਂ ਨਵੀਂ ਹਿਲਜੁਲ ਸ਼ੁਰੂ ਹੋਈ ਹੈ। ਵਿਧਾਇਕ ਪਰਗਟ ਸਿੰਘ ਨੇ ਇਕ ਇੰਟਰਵਿਊ ਦੌਰਾਨ ਆਖਿਆ ਕਿ ਸਾਲ 2022 ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਹਾਈ ਕਮਾਨ ਕਰੇਗੀ। ਉਨ੍ਹਾਂ ਕਿਹਾ ਕਿ ਜਾਖੜ ਦੀ ਨਿੱਜੀ ਰਾਇ ਹੋ ਸਕਦੀ ਹੈ ਪਰ ਚਿਹਰੇ ਦਾ ਫੈਸਲਾ ਹਾਈ ਕਮਾਨ ਦੇ ਹੱਥ ਹੈ।
ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ ‘ਚ ਕਾਂਗਰਸ ਨੂੰ ਮਿਲੀ ਸਫਲਤਾ ਤੋਂ ਬਾਅਦ ਪ੍ਰਦੇਸ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਉਂਦੀਆਂ 2022 ਦੀਆਂ ਚੋਣਾਂ ਲਈ ਵੀ ਮੁੱਖ ਮੰਤਰੀ ਦਾ ਚਿਹਰਾ ਦੱਸਿਆ ਗਿਆ ਸੀ, ਜਿਸ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਇਸ ਤਰ੍ਹਾਂ ਉਨ੍ਹਾਂ ਇਕ ਤੀਰ ਨਾਲ ਕਈ ਨਿਸ਼ਾਨੇ ਕਰਦੇ ਹੋਏ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਉਥੇ ਉਨ੍ਹਾਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇਕ ਤਰ੍ਹਾਂ ਨਾਲ ਚੁਣੌਤੀ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਲੀਡਰਸ਼ਿੱਪ ਤੋਂ ਭਰੋਸਾ ਉਠਿਆ ਹੈ ਅਤੇ ਮਾਫੀਆ ਰਾਜ ਦੇ ਖਾਤਮੇ ਲਈ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਚਾਰ ਵਰ੍ਹਿਆਂ ਦੀ ਕਾਰਗੁਜ਼ਾਰੀ ਉੱਨੀ ਵਧੀਆ ਨਹੀਂ ਰਹੀ, ਜਿੰਨੀ ਅਮਰਿੰਦਰ ਦੀ ਸਮਰੱਥਾ ਹੈ। ਚਰਚੇ ਚੱਲੇ ਹਨ ਕਿ ਕਿਸਾਨ ਅੰਦੋਲਨ ਦੌਰਾਨ ਹੀ ਸਿਆਸੀ ਲੋਕਾਂ ਵੱਲੋਂ ਨਵੀਂ ਜੰਗ ਛੇੜ ਲਈ ਗਈ ਹੈ। ਬੇਸ਼ੱਕ ਸਰਕਾਰ ਦੀ ਕਾਰਗੁਜ਼ਾਰੀ ਕਿਸੇ ਤੋਂ ਛੁਪੀ ਨਹੀਂ ਹੈ ਪਰ ਪਰਗਟ ਸਿੰਘ ਦੇ ਬਿਆਨਾਂ ਨੇ ਬਲਦੀ ‘ਤੇ ਤੇਲ ਪਾ ਦਿੱਤਾ ਹੈ। ਦੂਸਰੀ ਤਰਫ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਮੁੱਚੀ ਕਿਸਾਨੀ ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡੀ ਜੰਗ ਲੜ ਰਹੀ ਹੈ ਅਤੇ ਇਹ ਮੌਕਾ ਸਿਆਸੀ ਗੱਲਾਂ ਕਰਨ ਲਈ ਢੁਕਵਾਂ ਨਹੀਂ ਹੈ। ਮੌਕਾ ਛੋਟੀਆਂ ਗੱਲਾਂ ਨੂੰ ਛੱਡ ਕੇ ਵਡੇਰੇ ਹਿੱਤਾਂ ਲਈ ਲੜਨ ਦਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ‘ਚ ਸਭਨਾਂ ਨੂੰ ਇਕਜੁਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਅਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਦਾ ਫਾਇਦਾ ਵਿਰੋਧੀਆਂ ਨੂੰ ਮਿਲਦਾ ਹੋਵੇ। ਕਿਸਾਨ ਤਾਂ ਪੂਰੇ ਦੇਸ ਦੀ ਲੜਾਈ ਲੜ ਰਹੇ ਹਨ ਅਤੇ ਪੰਜਾਬ ਦੇ ਭਵਿੱਖ ਦਾ ਸੁਆਲ ਹੈ। ਉਨ੍ਹਾਂ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਦਾ ਫੈਸਲਾ ਹਾਈ ਕਮਾਨ ਨੇ ਕਰਨਾ ਹੈ ਪਰ ਸਰਕਾਰ ਬਣਾਉਣ ਲਈ ਚੋਣਾਂ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਹੇਠ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਤਾਂ ਸਾਰੇ ਵਿਧਾਇਕਾਂ ਦੀ ਰਾਇ ਮਗਰੋਂ ਹਾਈ ਕਮਾਨ ਨੇ ਹੀ ਕਰਨਾ ਹੁੰਦਾ ਹੈ।
ਦੱਸ ਦਈਏ ਕਿ ਪ੍ਰਗਟ ਸਿੰਘ ਨੇ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਉਤੇ ਨਾਖੁਸ਼ੀ ਪ੍ਰਗਟ ਕਰਦੇ ਹੋਏ ਇਥੋਂ ਤੱਕ ਆਖ ਦਿੱਤਾ ਕਿ ਕਾਂਗਰਸ ਲਈ ਆਉਂਦੀਆਂ 2022 ਚੋਣਾਂ ਦੌਰਾਨ ਲੋਕਾਂ ਕੋਲੋਂ ਵੋਟਾਂ ਮੰਗਣੀਆਂ ਕਾਫੀ ਔਖੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ਉਤੇ ਖਰੀ ਨਹੀਂ ਉਤਰੀ ਅਤੇ ਪਿਛਲੇ 4 ਸਾਲ ਦੇ ਅਰਸੇ ਦੌਰਾਨ ਕਾਂਗਰਸ ਵੱਲੋਂ ਕੋਈ ਵੀ ਲੋਕ ਪੱਖੀ ਕੰਮ ਨਾ ਕੀਤੇ ਜਾਣ ਕਾਰਨ ਕਾਂਗਰਸੀ ਆਗੂ ਲੋਕਾਂ ‘ਚ ਜਾਣ ਤੋਂ ਕਤਰਾ ਰਹੇ ਹਨ। ਅਜਿਹੇ ‘ਚ ਜੇਕਰ ਸੂਬੇ ਵਿਚ ਮੁੜ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉਤੇ ਵੋਟਾਂ ਮੰਗੀਆਂ ਗਈਆਂ ਤਾਂ ਰਾਜ ਦੇ ਲੋਕ ਸੋਚਣ ਲਈ ਮਜਬੂਰ ਹੋਣਗੇ।
________________________________________________
ਚੋਣਾਂ ਦੀ ਅਗਵਾਈ ਕੈਪਟਨ ਨੂੰ ਦੇਣ ਦੀ ਗੱਲ ਕਹੀ ਸੀ: ਜਾਖੜ
ਚੰਡੀਗੜ੍ਹ: ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਗਰਲੇ ਕੁਝ ਦਿਨਾਂ ਤੋਂ ਪਾਰਟੀ ਅੰਦਰ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਸਪਸ਼ਟ ਕੀਤਾ ਕਿ ਉਨ੍ਹਾਂ ਕਦੀ ਵੀ ਇਹ ਨਹੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 2022-2027 ਲਈ ਮੁੱਖ ਮੰਤਰੀ ਉਮੀਦਵਾਰ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ 2022 ਵਿਧਾਨ ਸਭਾ ਚੋਣਾਂ ਲਈ ਪਾਰਟੀ ਚੋਣ ਮੁਹਿੰਮ ਦੀ ਅਗਵਾਈ ਕਰਨਗੇ, ਜਿਸ ਲਈ ਇਕ ਤਰ੍ਹਾਂ ਨਾਲ ਚੋਣ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਤੇ ਇਸ ਚੋਣ ਮੁਹਿੰਮ ਦੀ ਅਗਵਾਈ ਵੀ ਕਿਸੇ ਵਲੋਂ ਕੀਤੀ ਹੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਮੁੱਦਾ ਆਉਂਦੀਆਂ ਚੋਣਾਂ ਜਿੱਤਣਾ ਹੈ, ਜਦੋਂ ਕਿ ਅਗਲੇ ਮੁੱਖ ਮੰਤਰੀ ਉਮੀਦਵਾਰ ਸਬੰਧੀ ਫੈਸਲਾ ਤਾਂ ਚੋਣ ਜਿੱਤਣ ਤੋਂ ਬਾਅਦ ਵਿਧਾਇਕਾਂ ਅਤੇ ਪਾਰਟੀ ਹਾਈਕਮਾਂਡ ਵਲੋਂ ਹੀ ਲਿਆ ਜਾਵੇਗਾ।
___________________________________________
ਕਾਂਗਰਸੀਆਂ ਨੇ ਮੰਨਿਆ ਕਿ ਕੈਪਟਨ ਸਰਕਾਰ ਨਿਕੰਮੀ: ਆਪ
ਚੰਡੀਗੜ੍ਹ: ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ‘ਤੇ ਕੰਮ ਨਾ ਕਰਨ ਦੇ ਚੁੱਕੇ ਸਵਾਲਾਂ ਨੇ ਕੈਪਟਨ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ। ‘ਆਪ‘ ਆਗੂ ਨੇ ਕਿਹਾ ਕਿ ਪੰਜਾਬ ਦਾ ਹਰ ਤਬਕਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਅਹਿਮ ਜ਼ਿੰਮੇਵਾਰੀ ਕੁਰਸੀ ‘ਤੇ ਬੈਠ ਕੇ ਵਰਤੀ ਜਾ ਰਹੀ ਅਣਗਹਿਲੀ ਤੋਂ ਦੁਖੀ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਦੇ ਕਈ ਵਿਧਾਇਕ ਤੇ ਆਗੂ ਨੱਥੂ ਰਾਮ, ਸ਼ਮਸ਼ੇਰ ਸਿੰਘ ਦੂੱਲੋ, ਪ੍ਰਤਾਪ ਸਿੰਘ ਬਾਜਵਾ ਵਰਗੇ ਰੌਲਾ ਪਾਉਂਦੇ ਰਹੇ ਪਰ ਕੈਪਟਨ ਨੇ ਉਨ੍ਹਾਂ ਦੀ ਵੀ ਨਾ ਸੁਣੀ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਧਾਨ ਸਭਾ ਵਿਚ ਮਸਲਾ ਚੁੱਕਣ ਦੇ ਬਾਵਜੂਦ ਕੈਪਟਨ ਨੇ ਲੋਕਾਂ ਲਈ ਕੁਝ ਨਹੀਂ ਕੀਤਾ।