ਖੇਤੀ ਕਾਨੂੰਨਾਂ ਖਿਲਾਫ ਰੋਹ ਵਧਿਆ, ਕਿਸਾਨ ਖੜ੍ਹੀਆਂ ਫਸਲਾਂ ਵਾਹੁਣ ਲੱਗੇ

ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇਸ ਗੁੱਸੇ ਵਜੋਂ ਜਿਥੇ ਕਿਸਾਨ ਆਗੂਆਂ ਵੱਲੋਂ ਹਰਿਆਣਾ ਵਿਚ ਭਾਜਪਾ ਅਤੇ ਜੇ.ਜੇ.ਪੀ. ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮਹਾਪੰਚਾਇਤਾਂ ਵਿਚ ਵੱਡੇ ਇਕੱਠ ਕੀਤੇ ਜਾ ਰਹੇ ਹਨ।

ਜੀਂਦ ਦੇ ਕੁਝ ਪਿੰਡਾਂ ਵਿਚ ਕਿਸਾਨਾਂ ਨੇ ਆਪਣੀ ਖੜੀ ਫਸਲ ਵਾਹ ਦਿੱਤੀ ਹੈ, ਜਿਨ੍ਹਾਂ ਨੂੰ ਕਿਸਾਨ ਆਗੂਆਂ ਵੱਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ। ਫਸਲ ‘ਤੇ ਟਰੈਕਟਰ ਚਲਾਉਣ ਦੀਆਂ ਘਟਨਾਵਾਂ ਜੀਂਦ ਇਲਾਕੇ ਵਿਚ ਵਾਪਰੀਆਂ ਹਨ। ਕਿਸਾਨ ਆਗੂਆਂ ਦੇ ਨਾਲ-ਨਾਲ ਔਰਤਾਂ ਨੇ ਵੀ ਖੁਦ ਟਰੈਕਟਰ ਚਲਾ ਕੇ ਕਣਕ ਵਾਹ ਦਿੱਤੀ। ਜ਼ਿਲ੍ਹਾ ਜੀਂਦ ਦੇ ਪਿੰਡ ਕੰਡੇਲਾ ਵਿਚ ਕਿਸਾਨ ਨੇ ਆਪਣੀ 5 ਏਕੜ ਥਾਂ ਵਿਚੋਂ ਤਿੰਨ ਕਿੱਲੇ ਕਣਕ ਵਾਹ ਦਿੱਤੀ ਹੈ, ਜਦਕਿ ਸਿਰਫ ਦੋ ਏਕੜ ਫਸਲ ਹੀ ਰੱਖੀ ਹੈ। ਇਸ ਬਾਰੇ ਸੁਦੇਸ਼ ਰਾਣੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ। ਇਸੇ ਦੇ ਗੁੱਸੇ ਵਜੋਂ ਉਨ੍ਹਾਂ ਨੇ ਆਪਣੀ ਤਿੰਨ ਏਕੜ ਫਸਲ ਵਾਹ ਦਿੱਤੀ ਹੈ, ਘਰ ਦੇ ਗੁਜ਼ਾਰੇ ਜੋਗੀ ਦੋ ਏਕੜ ਫਸਲ ਰੱਖੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
ਇਸੇ ਤਰ੍ਹਾਂ ਜ਼ਿਲ੍ਹਾ ਜੀਂਦ ਵਿਚ ਹੋਰ ਵੀ ਕਈ ਥਾਵਾਂ ‘ਤੇ ਕਿਸਾਨਾਂ ਨੇ ਫਸਲ ਵਾਹੁਣ ਦੀ ਕੋਸ਼ਿਸ਼ ਕੀਤੀ। ਇਕ ਵਿਅਕਤੀ ਆਪਣੀ 40/50 ਏਕੜ ਥਾਂ ‘ਤੇ ਟਰੈਕਟਰ ਚਲਾਉਣ ਲੱਗਾ ਤਾਂ ਕਿਸਾਨ ਆਗੂਆਂ ਨੇ ਰੋਕਿਆ। ਇਸ ਤੋਂ ਪਹਿਲਾਂ ਵੀ ਸੂਬੇ ਵਿਚ ਇਕ ਦਰਜਨ ਦੇ ਕਰੀਬ ਕਿਸਾਨਾਂ ਵੱਲੋਂ ਆਪਣੀ ਫਸਲ ਵਾਹੀ ਜਾ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਤਬਾਹ ਹੋ ਗਿਆ ਤਾਂ ਆਨਾਜ ਵੀ ਕੋਈ ਨਹੀਂ ਉਗਾਵੇਗਾ। ਸਰਵਜਾਤੀ ਕੰਡੇਲਾ ਖਾਪ ਦੇ ਪ੍ਰਧਾਨ ਟੇਕ ਰਾਮ ਕੰਡੇਲਾ ਨੇ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੇ ਕਾਨੂੰਨ ਰੱਦ ਕਰ ਕੇ ਐਮ.ਐਸ.ਪੀ. ‘ਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਵਿਚ ਕਿਸਾਨਾਂ ਨੂੰ ਖੜ੍ਹੀਆਂ ਫਸਲਾਂ ਤਬਾਹ ਨਾ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਦਾ ਕਿਸਾਨ ਭਾਵੁਕ ਹੋ ਕੇ ਆਪਣੇ ਆਪ ਨੂੰ ਆਰਥਿਕ ਨੁਕਸਾਨ ਨਹੀਂ ਪਹੁੰਚਾਵੇਗਾ। ਚੜੂੂਨੀ ਨੇ ਕਿਸਾਨਾਂ ਨੂੰ ਫਸਲ ਵਾਹੁਣ ਦੀ ਥਾਂ ਪਰਿਵਾਰ ਸਣੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
_____________________________________
ਕੈਪਟਨ ਸੰਘਰਸ਼ ਬਾਰੇ ਸਟੈਂਡ ਸਪੱਸ਼ਟ ਕਰਨ: ਮਜੀਠੀਆ
ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੀ ਅਗਵਾਈ ਕਰਕੇ ਇਸ ਮਾਮਲੇ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ। ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨ ਵਾਸਤੇ ਸੂਬੇ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ, ਅਜਿਹਾ ਕਰਕੇ ਉਹ ਕੇਂਦਰ ਦੇ ਹੱਥਾਂ ਵਿਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆ ਰਹੇ ਵਿਧਾਨ ਸਭਾ ਸੈਸ਼ਨ ਵਿਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਉਲੀਕੀ ਯੋਜਨਾ ਦੇ ਖਾਕੇ ਦਾ ਖੁਲਾਸਾ ਕਰਨਾ ਚਾਹੀਦਾ ਹੈ। ਉਨ੍ਹਾਂ ਰਾਕੇਸ਼ ਟਿਕੈਤ ਸਮੇਤ ਹੋਰ ਕਿਸਾਨ ਆਗੂਆਂ ਦੀ ਸ਼ਲਾਘਾ ਕੀਤੀ।