ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਕੰਟਰੋਲ ਰੇਖਾ (ਐਲ.ਓ.ਸੀ.) ਤੇ ਹੋਰ ਸੈਕਟਰਾਂ ‘ਚ ਗੋਲੀਬੰਦੀ ਨਾਲ ਸਬੰਧਤ ਕੀਤੇ ਗਏ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਲਈ ਸਹਿਮਤ ਹੋ ਗਏ ਹਨ। ਇਹ ਫੈਸਲਾ ਦੋਵੇਂ ਮੁਲਕਾਂ ਦੇ ਫੌਜੀ ਅਪਰੇਸ਼ਨਾਂ ਬਾਰੇ ਡਾਇਰੈਕਟਰ ਜਨਰਲਾਂ (ਡੀ.ਜੀ.ਐਮ.ਓਜ.) ਵਿਚਕਾਰ ਹੋਈ ਬੈਠਕ ਮਗਰੋਂ ਲਿਆ ਗਿਆ। ਭਾਰਤ ਅਤੇ ਪਾਕਿਸਤਾਨ ਨੇ 2003 ‘ਚ ਗੋਲੀਬੰਦੀ ਦੇ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ ਪਰ ਪਿਛਲੇ ਕਈ ਸਾਲਾਂ ਤੋਂ ਇਹ ਮੁਸ਼ਕਲ ਨਾਲ ਹੀ ਹਕੀਕੀ ਰੂਪ ‘ਚ ਲਾਗੂ ਹੋ ਸਕਿਆ ਸੀ ਅਤੇ ਬਹੁਤੀ ਵਾਰ ਸਮਝੌਤੇ ਦੀ ਉਲੰਘਣਾ ਹੁੰਦੀ ਰਹੀ ਸੀ।

ਡੀ.ਜੀ.ਐਮ.ਓਜ. ਨੇ ਹੌਟਲਾਈਨ ਸੰਪਰਕ ਦੇ ਬਣੇ ਢਾਂਚੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਕੰਟਰੋਲ ਰੇਖਾ ਤੇ ਹੋਰ ਸਾਰੇ ਸੈਕਟਰਾਂ ਦੇ ਹਾਲਾਤ ਦੀ ਆਜਾਦਾਨਾ, ਖੁੱਲ੍ਹੇ ਅਤੇ ਸੁਖਾਵੇਂ ਮਾਹੌਲ ‘ਚ ਨਜ਼ਰਸਾਨੀ ਕੀਤੀ।
ਸੰਸਦ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਚੀਨ ਦਰਮਿਆਨ ਵੀ ਲੰਮੇ ਸਮੇਂ ਤੋਂ ਚੱਲ ਰਹੇ ਟਕਰਾਅ ਦੇ ਹੱਲ ਦੀ ਸ਼ੁਰੂਆਤ ਦੀ ਸੂਚਨਾ ਦਿੱਤੀ ਸੀ। ਭਾਵੇਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਲੰਮੇ ਸਮੇਂ ਤੋਂ ਗੱਲਬਾਤ ਬੰਦ ਹੈ ਪਰ ਪਰਦੇ ਪਿਛਲੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਦੇਸ਼ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਆਪਣੇ ਪਾਕਿਸਤਾਨੀ ਹਮਰੁਤਬਾ ਮੋਈਦ ਯੂਸਫ਼ ਨਾਲ ਹੋਈ ਮੁਲਾਕਾਤ ਸਮੇਂ ਗੋਲਬੰਦੀ ਦੇ ਸਮਝੌਤੇ ਉੱਤੇ ਅਮਲ ਕਰਨ ਦੀ ਦਿਸ਼ਾ ਵੱਲ ਸਹਿਮਤੀ ਹੋ ਗਈ ਸੀ। ਲੰਘੇ ਦਿਨੀਂ ਸਾਰਕ ਦੀ ਮੀਟਿੰਗ ਦੌਰਾਨ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਨਹੀਂ ਉਠਾਇਆ ਅਤੇ ਭਾਰਤ ਨੇ ਸ੍ਰੀ ਲੰਕਾ ਜਾਣ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਹਾਜ਼ ਨੂੰ ਹਵਾਈ ਲਾਂਘਾ ਦੇਣ ਦੀ ਇਜਾਜ਼ਤ ਰਿਸ਼ਤਿਆਂ ਟਕਰਾਅ ਦੀ ਕਮੀ ਵੱਲ ਸੰਕੇਤ ਕਰਨ ਵਾਲੀ ਸੀ।
1999 ਵਿਚ ਕਾਰਗਿਲ ਲੜਾਈ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਗੋਲੀਬੰਦੀ ਬੰਦ ਕਰਨ ਵਾਲਾ ਸਮਝੌਤਾ ਹੋਣ ਵਿਚ ਚਾਰ ਸਾਲ ਲੱਗ ਗਏ ਸਨ। 2003 ਤੋਂ 2006 ਤੱਕ ਦੋਵਾਂ ਪਾਸਿਉਂ ਇਕ ਵੀ ਗੋਲੀ ਨਹੀਂ ਚੱਲੀ ਸੀ ਪਰ ਇਸ ਤੋਂ ਬਾਅਦ ਸਮਝੌਤੇ ਦੀਆਂ ਉਲੰਘਣਾਵਾਂ ਹੁੰਦੀਆਂ ਰਹੀਆਂ। 2018 ਵਿਚ ਦੋ ਹਜ਼ਾਰ ਵਾਰ ਉਲੰਘਣਾ ਹੋਈ। ਇਸ ਤੋਂ ਪਿੱਛੋਂ 2019 ਵਿਚ 3400 ਵਾਰ ਅਤੇ 2020 ਵਿਚ ਪੰਜ ਹਜ਼ਾਰ ਦਫ਼ਾ ਸਮਝੌਤੇ ਦੀ ਉਲੰਘਣਾ ਹੋਈ। ਦੋਵੇਂ ਪਾਸਿਉਂ ਮੂੰਹ ਤੋੜ ਜਵਾਬ ਦੇਣ ਦੀ ਬਿਆਨਬਾਜ਼ੀ ਵੀ ਜਾਰੀ ਰਹੀ।
ਦੋਵਾਂ ਦੇਸ਼ਾਂ ਉਤੇ ਇਕ ਗੱਲ ਦਾ ਦਬਾਅ ਲਗਾਤਾਰ ਬਣ ਰਿਹਾ ਹੈ ਕਿ ਦੋਵੇਂ ਬੇਰੁਜ਼ਗਾਰੀ, ਗਰੀਬੀ, ਵਿੱਦਿਆ, ਸਿਹਤ ਸਹੂਲਤਾਂ ਦੀ ਕਮੀ ਅਤੇ ਮਹਿੰਗਾਈ ਵਰਗੇ ਵੱਡੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਆਪਸੀ ਟਕਰਾਅ ਕਰ ਕੇ ਹਥਿਆਰਾਂ ਦੀ ਖਰੀਦ ਵਿਚ ਭਾਰਤ ਦੁਨੀਆਂ ਭਰ ਵਿਚ ਪਹਿਲੇ ਨੰਬਰ ‘ਤੇ ਹੈ। ਕੋਵਿਡ-19 ਕਰ ਕੇ ਕੀਤੀ ਤਾਲਾਬੰਦੀ ਨੇ ਰੁਜ਼ਗਾਰ ਦੀ ਹਾਲਤ ਹੋਰ ਵੀ ਖਰਾਬ ਕਰ ਦਿੱਤੀ ਹੈ। ਚੀਨ ਨਾਲ ਟਕਰਾਅ ਨੇ ਵੀ ਇਹ ਗੱਲ ਸਾਬਤ ਕੀਤਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਤੇ ਮਸਲੇ ਆਪਸੀ ਗੱਲਬਾਤ ਰਾਹੀਂ ਸੁਲਝਾਏ ਜਾਣੇ ਚਾਹੀਦੇ ਹਨ। ਸੰਯੁਕਤ ਰਾਸ਼ਟਰ ਸੰਘ, ਅਮਰੀਕਾ, ਜੰਮੂ ਕਸ਼ਮੀਰ ਦੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਸਮੇਤ ਬਹੁਤ ਸਾਰੇ ਹਲਕਿਆਂ ਨੇ ਗੋਲਬੰਦੀ ਦੇ ਸਮਝੌਤੇ ਉੱਤੇ ਅਮਲ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
____________________________________
ਭਾਰਤ ਚੀਨ ਵਿਚਾਲੇ ਹੌਟਲਾਈਨ ਦੀ ਸਹਿਮਤੀ ਬਣੀ
ਪੇਈਚਿੰਗ: ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਵਿਕਸਤ ਕਰਨ ਲਈ ਸਰਹੱਦ ‘ਤੇ ਅਮਨ ਤੇ ਸ਼ਾਂਤੀ ਕਾਇਮ ਰੱਖਣੀ ਜਰੂਰੀ ਕਰਾਰ ਦਿੰਦਿਆਂ ਭਾਰਤ ਨੇ ਚੀਨ ਨੂੰ ਕਿਹਾ ਹੈ ਕਿ ਫੌਜਾਂ ਦੀ ਪੂਰਨ ਵਾਪਸੀ ਦੀ ਯੋਜਨਾ ‘ਤੇ ਅਮਲ ਲਈ ਇਹ ਜਰੂਰੀ ਹੈ ਕਿ ਟਕਰਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਸੈਨਿਕਾਂ ਨੂੰ ਹਟਾਇਆ ਜਾਵੇ। ਦੋਹਾਂ ਦੇਸ਼ਾਂ ਨੇ ਸਮੇਂ-ਸਮੇਂ ‘ਤੇ ਆਪਣਾ ਨਜ਼ਰੀਆ ਸਾਂਝਾ ਕਰਨ ਲਈ ਇਕ ਹੌਟਲਾਈਨ ਸਥਾਪਤ ਕਰਨ ‘ਤੇ ਵੀ ਸਹਿਮਤੀ ਜਤਾਈ ਹੈ। ਪਿਛਲੇ ਹਫਤੇ, ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਤੋਂ ਸੈਨਿਕ ਤੇ ਹਥਿਆਰ ਹਟਾਉਣ ਦੀ ਕਾਰਵਾਈ ਪੂਰੀ ਕੀਤੀ ਹੈ। ਦੋਹਾਂ ਦੇਸ਼ਾਂ ਦੇ ਮੰਤਰੀਆਂ ਨੇ ਸੰਪਰਕ ਵਿਚ ਰਹਿਣ ਅਤੇ ਇਕ ਹੌਟਲਾਈਨ ਕਾਇਮ ਕਰਨ ਦੀ ਹਾਮੀ ਭਰੀ ਹੈ।
________________________________________
ਭਾਰਤ-ਪਾਕਿ ਗੋਲੀਬੰਦੀ ਦਾ ਇਮਰਾਨ ਨੇ ਕੀਤਾ ਸਵਾਗਤ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਗੋਲੀਬੰਦੀ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸਲਾਮਾਬਾਦ ਗੱਲਬਾਤ ਨਾਲ ‘ਸਾਰੇ ਲਟਕਦੇ ਮਸਲਿਆਂ` ਨੂੰ ਹੱਲ ਕਰਨ ਲਈ ਅੱਗੇ ਵਧਣ ਲਈ ਤਿਆਰ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਸਮਝੌਤੇ ਬਾਰੇ ਸਾਂਝੇ ਤੌਰ `ਤੇ ਐਲਾਨ ਤੋਂ ਬਾਅਦ ਜਨਾਬ ਇਮਰਾਨ ਖਾਨ ਨੇ ਕਿਹਾ, ‘’ਮੈਂ ਐਲ.ਓ.ਸੀ. `ਤੇ ਗੋਲੀਬੰਦੀ ਦਾ ਸਵਾਗਤ ਕਰਦਾ ਹਾਂ। ਅਸੀਂ ਹਮੇਸ਼ਾਂ ਸ਼ਾਂਤੀ ਲਈ ਖੜ੍ਹੇ ਹਾਂ ਅਤੇ ਸਾਰੇ ਬਕਾਇਆ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਅੱਗੇ ਵਧਣ ਲਈ ਤਿਆਰ ਰਹਿੰਦੇ ਹਾਂ।`