ਕਿਸਾਨੀ ਸੰਘਰਸ਼ ਦੇ ਬਿਰਤਾਂਤਕ ਬਾਗ ਦਾ ਮਾਲੀ

ਜਿਉਂ-ਜਿਉਂ ਕਿਸਾਨ ਅੰਦੋਲਨ ਅਗਾਂਹ ਵਧ ਰਿਹਾ ਹੈ, ਇਸ ਅੰਦਰ ਨਵੇਂ ਪੱਖ ਵੀ ਜੁੜ ਰਹੇ ਹਨ। ਕੇਂਦਰ ਸਰਕਾਰ ਦੀ ਇਹ ਕੋਸਿ਼ਸ਼ ਹੈ ਕਿ ਇਸ ਅੰਦੋਲਨ ਨੂੰ ਲਮਕਾ ਕੇ ਕਿਸੇ ਨਾ ਕਿਸੇ ਢੰਗ-ਤਰੀਕੇ ਲੀਹ ਤੋਂ ਲਾਹ ਦਿੱਤਾ ਜਾਵੇ ਪਰ ਕਿਸਾਨ ਲੀਡਰਸਿ਼ਪ ਡਟੀ ਹੋਈ ਹੈ। ਇਸ ਦੌਰਾਨ ਕੁਝ ਅਜਿਹੀਆਂ ਧਿਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਜੋ ਲੀਡਰਸਿ਼ਪ ਉਤੇ ਸਵਾਲਾਂ ਦੀ ਵਾਛੜ ਕਰ ਕੇ ਆਪਣੀ ਸਿਆਸਤ ਲਈ ਕੋਈ ਰਾਹ ਬਣਾਉਣਾ ਚਾਹ ਰਹੀਆਂ ਹਨ। ਹਜ਼ਾਰਾ ਸਿੰਘ ਨੇ ਇਸ ਪੱਖ ਤੋਂ ਪੰਜਾਬ ਦੀ ਸਿਆਸਤ ਵਿਚ ਸਰਗਰਮ ਰਹੇ ਮਾਲਵਿੰਦਰ ਸਿੰਘ ਮਾਲੀ ਵਲੋਂ ਇਨ੍ਹਾਂ ਧਿਰਾਂ ਦੀਆਂ ਕਾਰਵਾਈਆਂ ਬਾਰੇ ਲੋਕਾਂ ਨੂੰ ਸੁਚੇਤ ਕੀਤੇ ਜਾਣ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)
ਫੋਨ: 905-795-3428

ਮਲਵਿੰਦਰ ਸਿੰਘ ਮਾਲੀ ਬਾਰੇ ਬਹੁਤ ਸਾਰੇ ਲੋਕ ਮੇਰੇ ਨਾਲੋਂ ਕਿਤੇ ਵੱਧ ਜਾਣਦੇ ਹਨ, ਇਹ ਮੇਰਾ ਯਕੀਨ ਹੈ। ਇਸ ਲਈ ਹਥਲੇ ਲੇਖ ਦਾ ਮਕਸਦ ਮਾਲੀ ਬਾਰੇ ਜਾਣਕਾਰੀ ਦੇਣਾ ਨਹੀਂ ਹੈ। ਇਹ ਲੇਖ ਮਾਲੀ ਦੇ ਉਸ ਯੋਗਦਾਨ ਦਾ ਮਾੜਾ ਮੋਟਾ ਚਰਚਾ ਕਰਨ ਦਾ ਯਤਨ ਹੈ ਜੋ ਉਸ ਨੇ ਮੌਜੂਦਾ ਕਿਸਾਨੀ ਸੰਘਰਸ਼ ਦੇ ਪ੍ਰਵਚਨ (ਬਿਰਤਾਂਤ) ਅਤੇ ਜੁੱਸੇ ਉਤੇ ਹੋ ਰਹੇ ਗੰਭੀਰ ਹਮਲਿਆਂ ਨੂੰ ਪਛਾੜਨ ਲਈ ਬਿਨ ਤਨਖਾਹੋਂ ਪਾਇਆ ਹੈ।
ਬੜੀ ਮਜ਼ਬੂਤੀ ਨਾਲ ਚੱਲ ਰਹੇ ਕਿਸਾਨ ਮੋਰਚੇ ਦੌਰਾਨ 26 ਜਨਵਰੀ ਦੀਆਂ ਘਟਨਾਵਾਂ ਇੱਕ ਅਹਿਮ ਪੜਾਅ ਸੀ। ਇਨ੍ਹਾਂ ਘਟਨਾਵਾਂ ਨੇ ਮੋਰਚੇ ਹੋਂਦ ਹੀ ਖਤਰੇ ਵਿਚ ਪਾ ਦਿੱਤੀ ਸੀ। ਆਮ ਲੋਕ ਹੈਰਾਨ ਸਨ ਕਿ ਅਚਾਨਕ ਐਸਾ ਕਿਵੇਂ ਹੋ ਗਿਆ? ਆਮ ਬੰਦੇ ਵਾਸਤੇ ਇਸ ਦਾ ਵਿਸ਼ਲੇਸ਼ਣ ਕਰਨਾ ਵੀ ਸੁਖਾਲਾ ਨਹੀ ਸੀ। ਕੋਈ ਇਸ ਨੂੰ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਝੁਲਾਉਣ ਵਾਲੀ ਘਟਨਾ ਨੂੰ ਲੈ ਕੇ ਗੋਦੀ ਮੀਡੀਏ ਵਿਚ ਉਠਾਲੇ ਤੂਫਾਨ ਦੇ ਸ਼ੀਸ਼ੇ ਵਿਚ ਦੀ ਦੇਖਦਾ ਸੀ, ਕੋਈ ਇਸ ਨੂੰ ਸਰਕਾਰ ਦੀ ਚਾਲ ਵਜੋਂ ਦੇਖਦਾ, ਕੋਈ ਇਸ ਨੂੰ ਕਿਸਾਨ ਜਥੇਬੰਦੀਆਂ ਦੀ ਕਮਜ਼ੋਰੀ ਵਜੋਂ ਦੇਖ ਰਿਹਾ ਸੀ, ਕੋਈ ਇਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਮੋਰਚੇ ਨੂੰ ਬਦਨਾਮ ਕਰਵਾ ਕੇ ਫੇਲ੍ਹ ਕਰਵਾਉਣ ਦਾ ਯਤਨ ਕਹਿ ਰਿਹਾ ਸੀ। ਦੁਨੀਆ ਦੇ ਕੋਨੇ-ਕੋਨੇ ਵਿਚ ਬੈਠੇ ਪੰਜਾਬੀ/ਸਿੱਖ ਆਪਣੇ ਆਪ ਨੂੰ ਉਸ ਦਿਨ ਕਿਸੇ ਅਣਕਿਆਸੇ/ਅਸਹਿ ਸਦਮੇ ਵਿਚ ਡੁਬੇ ਅਜਿਹੇ ਹੀ ਪ੍ਰਸ਼ਨ ਇਕ-ਦੂਜੇ ਨੂੰ ਕਰ ਰਹੇ ਸਨ। ਮੁੱਕਦੀ ਗੱਲ, ਇਨ੍ਹਾਂ ਵੱਡੇ ਅਸਰ ਵਾਲੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਸੀ।
ਅਸਲ ਵਿਚ 26 ਜਨਵਰੀ ਦੀਆਂ ਘਟਨਾਵਾਂ ਪ੍ਰਵਚਨ ਦੀ ਸਰਦਾਰੀ ਅਤੇ ਪੰਜਾਬ ਵਿਚੋਂ ਉਠਣ ਵਾਲੇ ਲੋਕ ਸੰਘਰਸ਼ ਦੀ ਅਗਵਾਈ ਦੀ ਦਾਅਵੇਦਾਰੀ ਨੂੰ ਲੈ ਕੇ ਚੱਲੇ ਆ ਰਹੇ ਭੇੜ ਦੀ ਇੱਕ ਕੜੀ ਸੀ। ਇਹ ਹੁਣ ਦੇ ਕਿਸਾਨ ਸੰਘਰਸ਼ ਦੇ ਪ੍ਰਵਚਨ ਨੂੰ ਬਦਲਣ ਅਤੇ ਸੰਘਰਸ਼ ਦੇ ਆਗੂਆਂ ਦੀ ਅਗਵਾਈ ਨੂੰ ਨਕਾਰਨ ਲਈ ਵਿਧੀਵਤ/ਸੁਚੇਤ ਹਮਲਾ ਸੀ। ਕਿਸਾਨੀ ਸੰਘਰਸ਼ ਉਪਰ ਹੋਏ ਇਸ ਹਮਲੇ ਦਾ ਵਿਸ਼ਲੇਸ਼ਣ ਤਾਂ ਕਈਆਂ ਵੱਲੋਂ ਕੀਤਾ ਗਿਆ ਪਰ ਜਿਸ ਬੇਬਾਕੀ ਅਤੇ ਹੌਸਲੇ ਨਾਲ ਇਸ ਵਰਤਾਰੇ ‘ਤੇ ਰੌਸ਼ਨੀ ਮਾਲੀ ਨੇ ਪਾਈ ਉਹ ਬੇਮਿਸਾਲ ਹੈ। ਕਿਸਾਨੀ ਬਾਗ ਉਪਰ ਝੁੱਲੀ ਹਨੇਰੀ ਦਾ ਤਾਂ ਸਭ ਨੂੰ ਪਤਾ ਹੈ ਪਰ ਮਾਲੀ ਨੇ ਉਨ੍ਹਾਂ ਟਿੱਬਿਆਂ ਦੀ ਪਛਾਣ ਵੀ ਜੱਗ ਜ਼ਾਹਿਰ ਕੀਤੀ ਜਿਨ੍ਹਾਂ ਤੋਂ ਇਹ ਹਨੇਰੀ ਉਠੀ। ਆਪਣੀ ਸੂਝ-ਬੂਝ, ਜਾਣਕਾਰੀ ਅਤੇ ਦਲੇਰੀ ਨਾਲ ਮਾਲੀ ਨੇ ਕਿਸਾਨੀ ਬਾਗ ਦੇ ਫੱੁਲਾਂ ‘ਤੇ ਮੰਡਰਾਉਂਦੇ ਭੂੰਡਾਂ ਅਤੇ ਭੌਰਿਆਂ ਦੀ ਸ਼ਨਾਖਤ ਕਰ ਕੇ ਕਿਸਾਨਾਂ ਨੂੰ ਲਗਾਤਾਰ ਸਾਵਧਾਨ ਕੀਤਾ। ਕਿਸਾਨੀ ਸੰਘਰਸ਼ ਦੇ ਬਾਗ ਵਿਚਲੇ ਫਲਾਂ ਨੂੰ ਟੁੱਕਣ ਦੀ ਨੀਤ ਨਾਲ ਉਲਰ-ਉਲਰ ਆਉਂਦੇ ਤੋਤਿਆਂ ਨੂੰ ਗੜ੍ਹਕਵੀਂ ਆਵਾਜ਼ ਵਿਚ ਹੋਕਰਾ ਮਾਰ ਕੇ ਮਾਲੀ ਸੱਚੀ-ਮੁੱਚੀ ਕਿਸਾਨ ਸੰਘਰਸ਼ ਦੇ ਬਾਗ ਦਾ ਮਾਲੀ ਹੀ ਤਾਂ ਹੋ ਨਿਬੜਿਆ ਹੈ।
ਮਾਲੀ ਨੇ ਆਪਣੀਆਂ ਲਿਖਤਾਂ ਅਤੇ ਟੀ.ਵੀ. ਮੁਲਾਕਾਤਾਂ ਵਿਚ ਬੇਬਾਕੀ ਨਾਲ ਸਪੱਸ਼ਟ ਕੀਤਾ ਕਿ ਕਿਸਾਨੀ ਸੰਘਰਸ਼ ਦੇ ਪ੍ਰਵਚਨ ਤੋਂ ਵੱਖਰਾ ਪ੍ਰਵਚਨ ਪ੍ਰਚਲਿਤ ਕਰਨ ਦੇ ਯਤਨ ਸ਼ੰਭੂ ਮੋਰਚੇ ਤੋਂ ਹੀ ਸ਼ੁਰੂ ਹੋ ਗਏ ਸਨ। ਕਿਸਾਨੀ ਸੰਘਰਸ਼ ਵਿਚ ਵਿਚ ਆਪਣਾ ਪ੍ਰਵਚਨ ਜੋੜਨ ਲਈ ‘ਸਾਡੀ ਹੋਂਦ’ ਦਾ ਸੰਘਰਸ਼ ਕਹਿ ਕੇ ਘਚੋਲੇ ਦੀ ਸ਼ੁਰੂਆਤ ਕੀਤੀ ਗਈ। ਇਹੋ ਘਚੋਲਾ ਦਿੱਲੀ ਆਣ ਕੇ ਵੀ ਜਾਰੀ ਰੱਖਿਆ ਗਿਆ। ਜਦ ‘ਸੰਤ’ ਅਜਮੇਰ ਸਿੰਘ ਨੇ ਦਿੱਲੀ ਆਣ ਕੇ ਮੋਰਚੇ ਨੂੰ ‘ਵਾਹਿਗੁਰੂ ਵੱਲੋਂ ਵਰਤੀ ਕਲਾ’ ਕਿਹਾ ਤਾਂ ਮਾਲੀ ਦੀ ਤਿੱਖੀ ਸੂਝ ਨੇ ਬੁੱਝ ਲਿਆ ਕਿ ਇਹ ਕਲਾਕਾਰੀ ਸੰਘਰਸ਼ ਦਾ ਸਿਹਰਾ ਕਿਸਾਨ ਆਗੂਆਂ ਸਿਰ ਬੱਝਣ ਤੋਂ ਰੋਕਣ ਦੀ ਕਵਾਇਦ ਦਾ ਹੀ ਹਿੱਸਾ ਹੈ। ਮਾਲੀ ਨੇ ਇਹ ਗੱਲ ਵੀ ਬੜੀ ਬਾਰੀਕੀ ਨਾਲ ਪਛਾਣੀ ਕਿ ਅਜਮੇਰ ਸਿੰਘ ਕਿਸਾਨ ਲੀਡਰਸਿ਼ਪ ਨੂੰ ਕਮਜ਼ੋਰ ਅਤੇ ਸੌਦਾ ਕਰਨ ਵਾਲੇ ਸ਼ੱਕੀ ਪ੍ਰਚਾਰ ਕੇ ਨਕਾਰ ਕਿਉਂ ਰਹੇ ਹਨ। ਕਿਸਾਨ ਲੀਡਰਸਿ਼ਪ ਦੀ ਮਜ਼ਬੂਤੀ ਅਸਲ ਵਿਚ ਉਸ ਧਿਰ ਦੀ ਹੋਂਦ ਨੂੰ ਖਤਰਾ ਖੜ੍ਹਾ ਕਰਦੀ ਹੈ ਜਿਹੜੀ ਪੰਥ ਦਾ ਨਾਂ ਲੈ ਕੇ ਸਜੀ ਰਹਿਣ ਦੀ ਆਦੀ ਹੋ ਚੁੱਕੀ ਹੈ। ਮਾਲੀ ਨੇ ਬੜੀ ਦਲੇਰੀ ਨਾਲ ਪੰਨੂ-ਪੰਧੇਰ ਦੀ ਕਿਸਾਨ ਜਥੇਬੰਦੀ ਵੱਲੋਂ ਵੱਖਰੇ ਪ੍ਰੋਗਰਾਮ ਦੇਣ ਦੀ ਵਾਦੀ ਨੂੰ ਕਿਸਾਨ ਸੰਘਰਸ਼ ਵਾਸਤੇ ਸਮੱਸਿਆਵਾਂ ਖੜ੍ਹੀਆਂ ਕਰਨ ਵਾਲੀ ਸਾਬਿਤ ਕਰ ਕੇ ਸਪੱਸ਼ਟ ਕੀਤਾ ਕਿ ਬਿਨ ਸੋਚੇ ਮਾਅਰਕੇਬਾਜ਼ੀ ਵਾਲੀ ਗੱਲ ਮੂਰਖਤਾ ਤੋਂ ਵੱਧ ਕੁਝ ਨਹੀਂ ਹੁੰਦੀ। ਪੰਨੂ-ਪੰਧੇਰ ਹੁਰਾਂ ਵੱਲੋਂ ਰਿੰਗ ਰੋਡ ‘ਤੇ ਜਾਣ ਵਾਲੀ ਗੱਲ ਨੂੰ ਸ਼ਰਾਰਤੀ ਤੂਲ ਦੇਣ ਲਈ ‘ਸਾਡਾ ਰੂਟ ਰਿੰਗ ਰੋਡ’ ਦੀ ਤਖਤੀ ਨਾਲ ਫੋਟੋ ਪਾਉਣ ਵਾਲਾ ਸੁਖਪ੍ਰੀਤ ਸਿੰਘ ਉਦੋਕੇ ਵੀ ਆਪਣੀਆਂ ਸਾਜਿ਼ਸ਼ਾਂ ਮਾਲੀ ਦੀ ਸੂਝ ਵਾਲੀ ਅੱਖ ਤੋਂ ਬਚਾ ਨਾ ਸਕਿਆ। ਕਿਸਾਨ ਆਗੂਆਂ ਤੇ ਹਮਲੇ ਵਿੱਢੀ ਰੱਖਣ ਵਾਲੇ ਇਸ ਵਿਦਵਾਨ ਵੱਲੋਂ ਹਟਾਈਆਂ ਗਈਆਂ ਭੜਕਾਊ ਪੋਸਟਾਂ ਦਾ ਜਿਵੇਂ ਮਾਲੀ ਨੇ ਪਰਦਾਫਾਸ਼ ਕੀਤਾ, ਉਸ ਨੇ ਉਸ ਦੀ ਹਾਲਤ ਪਾਣੀਓਂ ਪਤਲੀ ਕਰ ਕੇ ਰੱਖ ਦਿੱਤੀ ਹੈ।
ਇਸ ਬਹੁਪਰਤੀ ਵਰਤਾਰੇ ਦੀਆਂ ਪਰਤਾਂ ਦੇ ਆਰ ਪਾਰ ਦੇਖ ਸਕਣ ਦੀ ਸਮਰੱਥਾ ਰੱਖਣ ਵਾਲਾ ਮਾਲੀ ਜਿੱਥੇ ਅਜਮੇਰ ਸਿੰਘ ਵੱਲੋਂ ਕਿਸਾਨ ਸੰਘਰਸ਼ ਦੇ ਪ੍ਰਵਚਨ ਬਦਲਨ ਅਤੇ ਸੰਘਰਸ਼ ਦੀ ਅਗਵਾਈ ਉਧਾਲਣ ਦੇ ਯਤਨਾਂ ਦੀ ਦੱਸ ਪਾਉਂਦਾ ਹੈ, ਉਥੇ ਉਹ ਨਿਹੰਗ ਜਥੇਬੰਦੀਆਂ ਕਾਰਨ ਕਿਸਾਨ ਸੰਘਰਸ਼ ਨੂੰ ਵੱਜਣ ਵਾਲੀ ਸੰਭਾਵੀ ਸੱਟ ਬਾਰੇ ਵੀ ਵਾਰ-ਵਾਰ ਖਬਰਦਾਰ ਕਰਦਾ ਹੈ। ਨਿਹੰਗਾਂ ਦੇ ਰੋਲ ਬਾਰੇ ਜਾਣਦੇ ਹੋਏ ਵੀ ਕੋਈ ਬੁੱਧੀਜੀਵੀ ਇਨ੍ਹਾਂ ਨਾਲ ਉਲਝਣ ਦਾ ਹੀਆ ਨਹੀ ਕਰਦਾ। ਨਿਹੰਗਾਂ ਦੇ ਰੋਲ ਬਾਰੇ ਬੁੱਧੀਜਵੀਆਂ ਦੀ ਹਾਲਤ ‘ਦੇਖ ਕੇ ਮਰਦ ਨੇ ਚੁੱਪ ਰਹਿੰਦੇ, ਭਾਵੇਂ ਚੋਰ ਹੀ ਝੁੱਗੜਾ ਲੁੱਟ ਜਾਏ’ ਵਰਗੀ ਰਹੀ ਹੈ ਪਰ ਮਾਲੀ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਸ ਕੋਲ ਇਨ੍ਹਾਂ ਨਾਲ ਨਜਿੱਠਣ ਲਈ ਲੋੜੀਂਦੇ ਅਲਜਬਰੇ ਦੀ ਸਮਝ ਦੇ ਨਾਲ-ਨਾਲ ਦਿਲ ਗੁਰਦਾ ਵੀ ਹੈ। ਮਾਲੀ ਨਿਹੰਗਾਂ ਦੇ ਆਮ ਵਤੀਰੇ ਅਤੇ 84 ਤੋਂ ਬਾਅਦ ਨਿਭਾਏ ਰੋਲ ਬਾਰੇ ਗੱਲ ਕਰ ਕੇ ਸਭ ਦੀਆਂ ਅੱਖਾਂ ਖੋਲ੍ਹਦਾ ਹੋਇਆ ਕਿਸਾਨਾਂ ਨੂੰ ਨਿਹੰਗਾਂ ਵੱਲੋਂ ਪੈਦਾ ਕੀਤੇ ਜਾਣ ਵਾਲੀ ਆਪਹੁਦਰੀ ਭੜਕਾਹਟ ਕਾਰਨ ਪੈਦਾ ਹੋਣ ਵਾਲੀ ਮੁਸ਼ਕਿਲ ਤੋਂ ਵੀ ਸੁਚੇਤ ਕਰਦਾ ਹੈ। ਸਰਕਾਰ ਖਿਲਾਫ ਬਹਾਦਰੀ ਨਾਲ ਲੜ ਰਹੇ ਕਿਸਾਨ ਆਗੂ ਜਿਵੇਂ ਨਿਹੰਗ ਚੋਲੇ ਵਿਚਲੇ ਵਿਅਕਤੀਆਂ ਦੇ ਬੜਬੋਲੇ ਬੋਲਾਂ ਅੱਗੇ ਡਰਪੋਕ ਬਣ ਰਹੇ ਹਨ, ਮਾਲੀ ਨੇ ਇਸ ਕਾਰਨ ਪੈਦਾ ਹੋਣ ਵਾਲੀਆਂ ਉਲਝਣਾਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਉਣ ਦਾ ਕੰਮ ਵੀ ਢੋਲ ਦੇ ਡਗੇ ਤੇ ਨਿਝੱਕ ਹੋ ਕੇ ਕੀਤਾ ਹੈ।
ਮਾਲੀ ਕਿਸਾਨੀ ਸੰਘਰਸ਼ ਦੇ ਬਾਗ ਦੀ ਨਿਗਾਹਬਾਨੀ ਵੀ ਬਾਗ ਦੇ ਉਸ ਮਾਲੀ ਵਜੋਂ ਹੀ ਕਰਦਾ ਜਾਪਦਾ ਹੈ ਜੋ ਹਰ ਵਕਤ ਬਾਗ ਉਪਰ ਹਮਲਾ ਕਰਨ ਵਾਲੇ ਹਰ ਮੱਛੀ, ਮੱਛਰ ‘ਤੇ ਨਜ਼ਰ ਰੱਖ ਕੇ ਮਿੱਤਰ ਅਤੇ ਦੁਸ਼ਮਣ ਕੀੜਿਆਂ ਦੀ ਪਛਾਣ ਕਰਨ ਦੇ ਆਹਰ ਦਿਨ ਰਾਤ ਲੱਗਾ ਰਹਿੰਦਾ ਹੈ। ਕਿਸੇ ਵਿਅਕਤੀ ਜਾਂ ਧਿਰ ਦੇ ਬੋਲਾਂ ਅਤੇ ਸਰਗਰਮੀਆਂ ਨੂੰ ਜਦ ਮਾਲੀ ਕਿਸਾਨ ਸੰਘਰਸ਼ ਦੇ ਪ੍ਰਵਚਨ ਅਤੇ ਹਮਾਇਤ ਦੀ ਕਸਵੱਟੀ ‘ਤੇ ਪਰਖਦਾ ਹੈ ਤਾਂ ਐਸ. ਐਫ. ਐਸ. ਵਾਲੇ ਕਿਸਾਨੀ ਸੰਘਰਸ਼ ਦੇ ਪ੍ਰਵਚਨ ‘ਤੇ ਹਮਲਾ ਕਰਨ ਵਾਲਿਆਂ ਦੀ ਹੀ ਇੱਕ ਕਿਸਮ ਨਿੱਕਲਦੇ ਹਨ ਅਤੇ ਮਾਲੀ ਬਿਨਾਂ ਝਿਜਕ ਉਨ੍ਹਾਂ ਨੂੰ ਖੌਰੂ ਪਾਊ ਟੋਲੇ ਵਿਚ ਸ਼ੁਮਾਰ ਕਰਨ ਦੀ ਦਲੇਰੀ ਦਿਖਾਉਂਦਾ ਹੈ। ਕਿਸਾਨੀ ਸੰਘਰਸ਼ ਦੇ ਬਾਗ ‘ਤੇ ਹੋਣ ਵਾਲੇ ਹਮਲਿਆਂ ਦੀ ਸਾਰੇ ਪਾਸਿਆਂ ਤੋਂ ਚੌਕਸ ਨਿਗਰਾਨੀ ਕਰਦਾ ਮਾਲੀ ਜਦ ਪੱਤਰਕਾਰ ਕਰਮਜੀਤ ਸਿੰਘ ਨੂੰ ਕਿਸਾਨ ਲੀਡਰਸਿ਼ਪ ਨੂੰ ਛੁਟਿਆਉਂਦਾ ਦੇਖਦਾ ਹੈ ਤਾਂ ਉਹ ਪੁਰਾਣਾ ਭੇਤੀ ਹੋਣ ਕਰ ਕੇ ਕਰਮਜੀਤ ਨੂੰ ਪਿਛਲੇ ਵਕਤ ਦੀ ਤਰ੍ਹਾਂ ਪਖੰਡ ਕਰਨ ਤੋਂ ਵੀ ਵਰਜਦਾ ਹੈ। ਵਿਅਕਤੀ ਅਤੇ ਧਿਰਾਂ ਤੋਂ ਬਗੈਰ ਅਖਬਾਰਾਂ ਦੀਆਂ ਖਬਰਾਂ ਅਤੇ ਸੰਪਾਦਕੀਆਂ ‘ਤੇ ਉਸ ਦੀ ਤਿੱਖੀ ਨਜ਼ਰ ਰਹਿੰਦੀ ਹੈ। ਉਹ ਸ਼ਬਦਾਂ ਦੇ ਅੰਤਰੀਵ ਭਾਵ ਸਮਝਦਾ ਹੋਣ ਕਾਰਨ ਪਹਿਰੇਦਾਰ ਦੀ ਸੰਪਾਦਕੀ ਦੇ ਲਫਜ਼ ਕਿ ਕਿਸਾਨਾਂ ਨੇ ਤਾਂ ਜੰਗ ਹਿੰਦ ਪੰਜਾਬ ਨੂੰ ਕਿਸਾਨਾਂ ਦੀ ਜੰਗ ਬਣਾ ਦਿੱਤਾ ਹੈ, ਵਿਚੋਂ ਕਿਸਾਨੀ ਸੰਘਰਸ਼ ਵਿਰੋਧੀ ਸੁਰ ਦੀ ਸ਼ਰਾਰਤ ਨੂੰ ਪਕੜ ਲੈਂਦਾ ਹੈ ਜੋ ਸ਼ੰਭੂ ਮੋਰਚੇ ਤੋਂ ਲੈ ਕੇ ਹੁਣ ਤੱਕ ਕਿਸਾਨੀ ਪ੍ਰਵਚਨ ਅਤੇ ਸੰਘਰਸ਼ ‘ਤੇ ਹਮਲੇ ਕਰਨ ਵਾਲੀ ਧਿਰ ਕਰਦੀ ਆ ਰਹੀ ਹੈ।
ਕੇਸਰੀ ਨਿਸ਼ਾਨ ਨੂੰ ਢਾਲ ਬਣਾ ਕੇ ਕਿਸਾਨ ਆਗੂਆਂ ਨੂੰ ਨਕਾਰਨ ਅਤੇ ਤ੍ਰਿਸਕਾਰਨ ਵਾਲੀ ਧਿਰ ਨੂੰ ਆਖਿਰ ਹੇਰਵਾ ਕਿਸ ਗੱਲ ਦਾ ਹੈ? ਇਸ ਦੇ ਉਤਰ ਵਜੋਂ ਮਾਲੀ ਸਮਝਦਾ ਹੈ ਕਿ ਖਾਲਿਸਤਾਨ ਦੀ ਲੜਾਈ ਹਾਰ ਚੁੱਕੀਆਂ ਧਿਰਾਂ ਕਿਸਾਨ ਸੰਘਰਸ਼ ਦੀ ਕਾਮਯਾਬੀ ਨੂੰ ਆਪਣੀ ਹੋਂਦ ਲਈ ਖਤਰਾ ਸਮਝਦੀਆਂ ਹਨ। ਕਿਸਾਨ ਲੀਡਰਸਿ਼ਪ ਦੀ ਮਜ਼ਬੂਤੀ ਕਾਰਨ ‘ਪੰਥਕ’ ਧਿਰ ਦੀ ਸਿਆਸੀ ਜ਼ਮੀਨ ਖਤਰੇ ਵਿਚ ਹੈ। ਇਨ੍ਹਾਂ ਧਿਰਾਂ ਨੂੰ ਇਸ ਗੱਲ ਦਾ ਹੇਰਵਾ ਹੈ ਕਿ ਉਹ ਕਿਸਾਨ ਲੀਡਰਸਿ਼ਪ ਨੂੰ ਪਛਾੜ ਕੇ ਸੰਘਰਸ਼ ਤੇ ਕਬਜ਼ਾ ਕਿਉਂ ਨਹੀ ਕਰ ਸਕੇ।
ਕਿਸਾਨੀ ਸੰਘਰਸ਼ ‘ਤੇ ਕੀਤੇ ਹਮਲਿਆਂ ਦੌਰਾਨ ਉਸਾਰੇ ਜਾ ਰਹੇ ਨਵੇਂ ਪ੍ਰਵਚਨਾਂ ਨੂੰ ਵੀ ਮਾਲੀ ਨੇ ਨੀਝ ਲਾ ਕੇ ਦੇਖਿਆ, ਪਰਖਿਆ ਅਤੇ ਨਿੱਸਲ ਕੀਤਾ ਹੈ; ਜਿਵੇਂ ਨੌਜੁਆਨਾਂ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਵਚਨ। ਨੌਜੁਆਨ ਕੋਈ ਵੱਖਰੀ ਧਿਰ ਨਹੀਂ ਪਰ ਇਹ ਪ੍ਰਵਚਨ ਉਸਾਰਨ ਵਾਲੇ ਨੌਜੁਆਨਾਂ ਦੇ ਨਾਂ ‘ਤੇ ਆਪ ਧਿਰ ਬਣ ਕੇ ਕਿਸਾਨੀ ਸੰਘਰਸ਼ ਵਿਚ ਘੁਸ ਕੇ ਆਪਣਾ ਪ੍ਰਵਚਨ ਉਭਾਰਨ ਲਈ ਉਤਾਵਲੇ ਸਨ। ਮਾਲੀ ਨੇ ਠੀਕ ਬੁੱਝਿਆ ਕਿ ਜੇ ਇਹ ਲੋਕ ਨੌਜੁਆਨਾਂ ਦੇ ਨਾਂ ਹੇਠ ਦੁਬਾਰਾ ਮੋਰਚੇ ਵਿਚ ਜਾ ਵੜੇ ਤਾਂ ਉਹੋ ਕੰਮ ‘ਖੇਤ ਵਿਗਾੜਿਆ ਖੜਤੂਆਂ, ਸਭਾ ਵਿਗਾੜੀ ਕੂੜ’ ਕਰਨਗੇ ਜੋ ਇਹ 25 ਅਤੇ 26 ਜਨਵਰੀ ਨੂੰ ਚਿੱਟੇ ਦਿਨ ਦਨਦਨਾਉਂਦੇ ਹੋਏ ਕਰ ਹਟੇ ਹਨ ਤੇ ਹੁਣ ਆਪਣੀ ਉਸ ਗੁਸਤਾਖੀ ਨੂੰ ਸਾਰਾ ਭਾਂਡਾ ਕਿਸਾਨ ਆਗੂਆਂ ਸਿਰ ਭੰਨ ਕੇ ਜਾਇਜ਼ ਠਹਿਰਾ ਰਹੇ ਹਨ। ਮਾਨੋ, ਕਿਸਾਨ ਆਗੂਆਂ ਨੂੰ ਕਮਲੇ ਕਰ ਕੇ ਛਡਣ ਦਾ ਅਜਿਹੇ ਅਨਸਰਾਂ ਨੇ ਤਹੱਈਆ ਕਰ ਰਖਿਆ ਹੈ।
ਬਾਗ ਦੇ ਮਾਲੀ ਨੂੰ ਦੂਰ ਦੁਰੇਡਿਓਂ ਪੈਣ ਵਾਲੀ ਆਹਣ ਦਾ ਵੀ ਖਿਆਲ ਰੱਖਣਾ ਪੈਂਦਾ ਹੈ। ‘ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜਿ਼ਰ , ਸਦਾ ਰੱਖੀਏ ਵਿਚ ਧਿਆਨ ਦੇ ਜੀ’ ਅਨੁਸਾਰ ਮਾਲੀ ਕਿਸਾਨੀ ਸੰਘਰਸ਼ ਦੀ ‘ਘੇਰਾਬੰਦੀ’ ਕਰਨ ਵਾਲੀਆਂ ਧਿਰਾਂ ਦੀ ਅਮਰੀਕਾ ਤੱਕ ਬਿੜਕ ਰੱਖਦਾ ਹੈ। ਜਦ ਅਜਮੇਰ ਸਿੰਘ ਦੇ ਵਿਦੇਸ਼ੀ ਸ਼ਰਧਾਲੂਆਂ ਨੇ ਕੈਲੀਫੋਰਨੀਆਂ ਵਿਚ ਕਿਸਾਨ ਪੰਚਾਇਤ ਦੇ ਪਰਪੰਚ ਵਿਚ ਰਕੇਸ਼ ਟਿਕੈਤ ਦੀ ਸ਼ਮੂਲੀਅਤ ਦਾ ਐਲਾਨ ਕੀਤਾ ਤਾਂ ਮਾਲੀ ਝੱਟ ਸਮਝ ਗਿਆ ਕਿ ਟਿਕੈਤ ਨੂੰ ਕਿਸ ਜਾਲ ਵਿਚ ਫਸਾਇਆ ਜਾ ਰਿਹਾ ਹੈ। ਸਮਂੇ ਸਿਰ ਕੀਤੀ ਹਿਲਜੁਲ ਕਾਰਨ ਟਿਕੈਤ ਨੂੰ ਇਸ ਸਾਜਿ਼ਸ਼ ਦਾ ਪਤਾ ਲੱਗ ਗਿਆ ਅਤੇ ਉਸ ਨੇ ਖਾਲਿਸਤਾਨੀ ਰੰਗ ਦੀ ਮਹਾ ਪੰਚਾਇਤ ਵਿਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ। ਜੇ ਟਿਕੈਤ ਇਸ ਮੀਟਿੰਗ ਵਿਚ ਚਾਰ ਸ਼ਬਦ ਬੋਲ ਬੈਠਦਾ ਤਾਂ ਦਿੱਲੀ ਦਰਬਾਰ ਵਲੋਂ ਅਗਲੇ ਹੀ ਪਲ ਰਵੀ ਦਿਸ਼ਾ ਵਾਂਗ ਖਾਲਿਸਤਾਨੀਆਂ ਨਾਲ ਨੱਥੀ ਕਰ ਦਿੱਤਾ ਗਿਆ ਹੁੰਦਾ ਜਿਸ ਦੀ ਸਭ ਤੋਂ ਖੁਸ਼ੀ ‘ਘੇਰਾਬੰਦੀ’ ਕਰਨ ਵਾਲੇ ਜਥੇ ਨੂੰ ਹੁੰਦੀ।
ਮਾਲੀ ਵੱਡੇ ਸੰਘਰਸ਼ ਵਿਚ ਛੋਟੀਆਂ-ਛੋਟੀਆਂ ਗੱਲਾਂ ਅਤੇ ਅਢੁਕਵੇਂ ਸ਼ਬਦਾਂ ਦੀ ਵਰਤੋਂ ਕਾਰਨ ਪੈਦਾ ਹੋਣ ਵਾਲੀਆਂ ਮੁਸੀਬਤਾਂ ਨੂੰ ਵੀ ਭਲੀਭਾਂਤ ਸਮਝਦਾ ਹੈ। ਇਸੇ ਕਰ ਕੇ ਹੀ ਪ੍ਰਚਾਰਕ ਹਰਪ੍ਰੀਤ ਸਿੰਘ ਮਖੂ ਵੱਲੋਂ ਕਿਸਾਨਾਂ ਦੀ ਸਟੇਜ ਤੋਂ ਹੀ ਖੌਰੂ ਪਾਊ ਟੋਲਿਆਂ ਨਾਲ ਏਕਤਾ ਅਤੇ ਕਿਸਾਨਾਂ ਦੀ ਆਲੋਚਨਾ ਕਰਨ ਵਾਲੀਆਂ ਗੱਲਾਂ ਨੂੰ ਉਹ ਠੀਕ ਨਹੀਂ ਸਮਝਦਾ। ਜਦ ਇਹ ਪ੍ਰਚਾਰਕ ਆਪਣੀਆਂ ਸੁਝਾਅ ਵਾਲੀਆਂ ਹੱਦਾਂ ਟੱਪ ਕੇ ਕਿਸੇ ਮੁੱਦੇ ‘ਤੇ ਜੈਕਾਰੇ ਲਵਾਉਂਦਾ ਹੈ ਤਾਂ ਮਾਲੀ ਝੱਟ ਸਮਝ ਜਾਂਦਾ ਹੈ ਕਿ ਇੱਥੇ ਵੀ ਕਿਸਾਨ ਘੇਰੇ ਜਾ ਰਹੇ ਹਨ ਜਿਸ ਵਿਚੋਂ ਨਿਕਲਣ ਲਈ ਫਿਰ ਸਫਾਈਆਂ ਦੇਣੀਆਂ ਪੈਣਗੀਆਂ। ਇਸੇ ਦਿਨ ਮਾਲੀ ਆਪਣੇ ਫੇਸਬੁਕ ਪੇਜ ‘ਤੇ ਰਵੀ ਸਿੰਘ ਖਾਲਸਾ ਦੀ ਪੰਜਾਬ ਖਾਲਸਾ ਨਿਊਜ ਚੈਨਲ ‘ਤੇ 26 ਜਨਵਰੀ ਵਾਲੀ ਇੰਟਰਵਿਊ ਪਾਉਂਦਾ ਹੈ ਅਤੇ ਖਾਲਸਾ ਜੀ ਨੂੰ ਕਿਸਾਨ ਨੇਤਾਵਾਂ ਨੂੰ ਬੇਲੋੜੀਆਂ ਸਲਾਹਾਂ ਦੇਣ ਤੋਂ ਵਰਜਦਾ ਹੈ। ਇਸੇ ਦਿਨ ਮਾਲੀ ‘ਸੁਰਖਾਬ ਟੀ.ਵੀ.’ ਚੈਨਲ ਉਪਰ ਮਨਵਿੰਦਰ ਸਿੰਘ ਸੰਧੂ ਨਾਂ ਦੇ ਨੌਜਵਾਨ ਆਗੂ ਦੀ ਇੰਟਰਵਿਊ ਪਾਉਂਦਾ ਹੈ। ਉਹ ਸਵਾਲ ਕਰਦਾ ਹੈ ਕਿ ਤੇ ਵਿਦੇਸ਼ਾਂ ਅੰਦਰ ਤਾਂ ਕਿਸਾਨ ਅੰਦੋਲਨ ਤੇ ਲੀਡਰਸਿ਼ਪ ਦੀ ਪ੍ਰਸ਼ੰਸਾ ਹੋ ਰਹੀ ਹੈ ਪਰ ਆਹ ਪੰਜਾਬ ਅੰਦਰ ‘ਕਦੇ ਕਲਾ ਵਰਤ ਗਈ’, ‘ਕਦੇ ਫੈਸਲੇ ਸੰਗਤ ਕਰੂ’ ਤੇ ਹੁਣ ਨੌਜਵਾਨੀ ਦੇ ਨਾਮ ‘ਤੇ ਮੁਠੀ ਭਰ ਲੋਕਾਂ ਵਲੋਂ ਮੁੜ ਪਹਿਲਾਂ ਵਰਗਾ ਹੀ ਉਧਮੂਲ ਖੜ੍ਹਾ ਕਰਨ ਦੀ ਚਾਲ ਚਲੀ ਜਾ ਰਹੀ ਹੈ। ਉਹ ਸਵਾਲ ਕਰਦਾ ਹੈ ਕਿ ਯਾਰੋ ਸਟੇਜ ਕੋਈ ਖੁਲ੍ਹਾ ਕਬੱਡੀ ਦਾ ਮੈਚ ਹੈ ਕਿ ਜਿਹੜਾ ਮਰਜ਼ੀ ਆਵੇ ਤੇ ਕਬੱਡੀਆਂ ਪਾ ਕੇ ਚਲਾ ਜਾਵੇ। ਸਿੰਘੂ ਬਾਰਡਰ ਧਰਨੇ ਵਿਚ ਨਵਰੀਤ ਦੀ ਸ਼ਰਧਾਂਜਲੀ ਦੌਰਾਨ ਐਸ.ਐਫ.ਐਸ. ਨਾਂ ਦੇ ਮਾਓਵਾਦੀ ਧੜੇ ਦੇ ਨੌਜਵਾਨ ਆਗੂ ਰਮਨਪ੍ਰੀਤ ਸਿੰਘ ਦੀ ਕਿਸਾਨ ਆਗੂਆਂ ਵਿਰੁਧ ਅੱਗ ਉਗਲਦੀ ਤਕਰੀਰ ਵੀ ਉਹਨੇ ਆਪਣੀ ਫੇਸਬੁਕ ‘ਤੇ ਪਾਈ ਹੋਈ ਹੈ।
ਜੇ ਕਿਸਾਨ ਜਥੇਬੰਦੀਆਂ ਸਰਦਾਰ ਮਾਲੀ ਵੱਲੋਂ ਪਛਾਣੇ ਗਏ ‘ਖੌਰੂ ਪਾਊ ਅਤੇ ਭੜਕਾਊ ਯੰਤਰਾਂ’ ਬਾਰੇ ਸਾਵਧਾਨ ਹੋ ਜਾਣ ਤਾਂ ਕਈ ਸਮੱਸਿਆਵਾਂ ਤੋਂ ਬਚਾ ਹੋ ਸਕਦਾ ਹੈ। ਕੋਈ ਸੌ ਆਖੀ ਜਾਵੇ, ਅਜਮੇਰ ਸਿੰਘ ਦੇ ਪ੍ਰਵਚਨਾਂ/ਪੁਸਤਕਾਂ ਤੋਂ ਪੇ੍ਰਰਿਤ ਧਿਰ ਨੇ 26 ਜਨਵਰੀ ਨੂੰ ਪੰਜਾਬ ਦੇ ਕਿਸਾਨ ਨੇਤਾਵਾਂ ਲਈ ਜੋ ਕੰਢੇ ਬੀਜੇ ਹਨ, ਉਹ ਅਜੇ ਚੁਗੇ ਨਹੀਂ ਗਏ ਅਤੇ ਉਹ ਸ਼ਾਇਦ ਪੂਰੀ ਤਰ੍ਹਾਂ ਚੁਗੇ ਜਾਣੇ ਵੀ ਨਹੀਂ ਹਨ ਪਰ ਸੰਘਰਸ਼ ਦਾ ਪ੍ਰਵਚਨ ਬਦਲਣ ਦੀ ਜਿ਼ਦ ਕਰਨ ਵਾਲੀਆਂ ਜਿਨ੍ਹਾਂ ਧਿਰਾਂ ਦੀ ਮਾਲੀ ਵਲੋਂ ਨਿਸ਼ਾਨਦੇਹੀ ਕੀਤੀ ਗਈ ਹੈ, ਉਨ੍ਹਾਂ ਤੋਂ ਵੀ ਸਾਵਧਾਨ ਰਹਿਣਾ ਕਿਸਾਨੀ ਨੇਤਾਵਾਂ ਦਾ ਫਰਜ਼ ਵੀ ਹੈ ਅਤੇ ਸੰਘਰਸ਼ ਦੀ ਸਫਲਤਾ ਲਈ ਅਜਿਹਾ ਕਰਨ ਦੀ ਲੋੜ ਵੀ ਹੈ।
ਅੰਤ ਵਿਚ ਇਹ ਹੀ ਕਹਿਣਾ ਚਾਹਵਾਂਗਾ ਕਿ ਸਰਦਾਰ ਮਲਵਿੰਦਰ ਸਿੰਘ ਮਾਲੀ ਨੇ ਕਿਸਾਨੀ ਸੰਘਰਸ਼ ‘ਤੇ ਹੋ ਰਹੇ ਹਮਲਿਆਂ ਬਾਰੇ ਜਿਸ ਸਪੱਸ਼ਟਤਾ, ਬੇਬਾਕੀ, ਦਲੇਰੀ, ਡੂੰਘੀ ਘੋਖ ਅਤੇ ਨਿਰਪੱਖਤਾ ਨਾਲ ਬੋਲਿਆ ਤੇ ਲਿਖਿਆ ਹੈ, ਉਹ ਸ਼ਲਾਘਾਯੋਗ ਹੈ। ਇਤਿਹਾਸਕ ਮੋਰਚੇ ਵਿਚ ਇਹ ਨਿਵੇਕਲਾ ਵਿਸ਼ਲੇਸ਼ਣ ਵੀ ਇਤਿਹਾਸਕ ਹੈ। ਇਹ ਕਿਸਾਨ ਮੋਰਚੇ ਦਾ ਇੱਕ ਪਾਸਾ ਸੰਭਾਲਣ ਬਰਾਬਰ ਹੈ। ਇਹ ਉਨ੍ਹਾਂ ਦੇ ਗਿਆਨ, ਜਿ਼ੰਦਗੀ ਦੇ ਤਜਰਬੇ, ਲੋਕ ਸੰਘਰਸ਼ਾਂ ਨੂੰ ਸਮਰਪਿਤ ਭਾਵਨਾ ਅਤੇ ਅਸੂਲਪ੍ਰਸਤ ਇਨਸਾਨ ਹੋਣ ਦੀ ਜੱਦੋਜਹਿਦ ਦਾ ਹਾਸਿਲ ਹੈ।